ਬੇਅਦਬੀ ਕਾਂਡ: ਸਿੱਖ ਜਥੇਬੰਦੀਆਂ ਨੇ ਮੁੜ ਮੋਰਚਾ ਸੰਭਾਲਿਆ

ਅੰਮ੍ਰਿਤਸਰ: ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਿੱਖ ਜਥੇਬੰਦੀਆਂ ਨੇ ਮੁੜ ਮੋਰਚਾ ਸੰਭਾਲ ਲਿਆ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਗੱਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਨੇ ਬਰਗਾੜੀ ਬੇਅਦਬੀ ਮਾਮਲੇ ਵਿਚ ਨਿਆਂ ਪ੍ਰਾਪਤੀ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੇ ਸੰਘਰਸ਼ ਦੇ ਦੂਜੇ ਪੜਾਅ ਵਿਚ ਪੱਟੀ ਤੋਂ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਘਰ ਦੇ ਬਾਹਰ ਰੋਸ ਧਰਨਾ ਦਿੱਤਾ।

ਸਥਾਨਕ ਰਣਜੀਤ ਐਵੀਨਿਊ ਵਿਖੇ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ ਫਗਵਾੜਾ ਨੇ ਆਖਿਆ ਕਿ ਬਰਗਾੜੀ ਇਨਸਾਫ ਲਈ ਸ਼ੁਰੂ ਕੀਤੇ ਸੰਘਰਸ਼ ਦੇ ਪਹਿਲੇ ਪੜਾਅ ਤੋਂ ਬਾਅਦ ਦੂਜੇ ਪੜਾਅ ਵਿਚ ਸਰਕਾਰ ਦੇ ਕਈ ਆਗੂਆਂ ਦੀ ਜਵਾਬ-ਤਲਬੀ ਕੀਤੀ ਜਾਵੇਗੀ, ਜਿਨ੍ਹਾਂ ਨੇ ਉਸ ਵੇਲੇ ਵੱਡੇ ਵੱਡੇ ਭਾਸ਼ਨ ਦਿੱਤੇ ਸਨ। ਇਸੇ ਤਹਿਤ ਸ੍ਰੀ ਹਰਮਿੰਦਰ ਸਿੰਘ ਗਿੱਲ ਦੇ ਘਰ ਬਾਹਰ ਧਰਨਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸ੍ਰੀ ਗਿੱਲ ਨੇ ਇਸ ਮਾਮਲੇ ਵਿਚ ਸੀ.ਬੀ.ਆਈ. ਨੂੰ ਕਸੂਰਵਾਰ ਠਹਿਰਾਇਆ ਪਰ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਹਨ। ਇਸ ਮੌਕੇ 1986 ਦੇ ਨਕੋਦਰ ਗੋਲੀ ਕਾਂਡ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਹੋਣ ਦਾ ਮਾਮਲਾ ਵੀ ਉਭਾਰਿਆ। ਸਿੱਖ ਆਗੂਆਂ ਨੇ ਐਲਾਨ ਕੀਤਾ ਕਿ 22 ਮਾਰਚ ਨੂੰ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ , 29 ਮਾਰਚ ਨੂੰ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ 5 ਅਪਰੈਲ ਨੂੰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਬਾਹਰ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਜਵਾਬ-ਤਲਬੀ ਕੀਤੀ ਜਾਵੇਗੀ। ਸ੍ਰੀ ਗਿੱਲ ਨੇ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੋਲ ਰੱਖਣਗੇ।
ਦੱਸ ਦਈਏ ਕਿ ਪੰਜਾਬ ਸਰਕਾਰ ਅਤੇ ਪੁਲਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 2015 ਦੌਰਾਨ ਲਗਾਤਾਰ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਕਿੰਨੀ ਕੁ ਸੰਜੀਦਾ ਹੈ, ਉਸ ਦਾ ਪਤਾ ਮਲਿਕੇ (ਮੋਗਾ) ਵਿਖੇ 4 ਨਵੰਬਰ 2015 ਨੂੰ ਬੇਅਦਬੀ ਦੀ ਵਾਪਰੀ ਘਟਨਾ ਤੋਂ ਚਲਦਾ ਹੈ ਜਿਸ ਦਾ ਕੇਸ ਇਸ ਵੇਲੇ ਮੋਗਾ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਚੱਲ ਰਿਹਾ ਹੈ। ਇਸ ਘਟਨਾ ਲਈ ਦੋਸ਼ੀਆਂ ਵਿਰੁੱਧ ਮੁੱਖ ਗਵਾਹ ਸੇਵਕ ਸਿੰਘ ਫੌਜੀ ਦਾ ਕਹਿਣਾ ਹੈ ਕਿ ਉਸ ਨੂੰ ਗਵਾਹੀ ਤੋਂ ਮੁੱਕਰਨ ਲਈ ਲਗਾਤਾਰ ਧਮਕੀਆਂ ਅਤੇ ਲਾਲਚ ਮਿਲ ਰਹੇ ਹਨ ਅਤੇ ਉਨ੍ਹਾਂ ਵਲੋਂ ਇਸ ਸਾਰੇ ਘਟਨਾਕ੍ਰਮ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੂਬੇ ਦੇ ਡੀ.ਜੀ.ਪੀ. ਅਤੇ ਰਾਜ ਦੇ ਮੁੱਖ ਮੰਤਰੀ ਸਮੇਤ ਦੂਜੇ ਸੀਨੀਅਰ ਅਧਿਕਾਰੀਆਂ ਨੂੰ ਮਗਰਲੇ 6 ਮਹੀਨਿਆਂ ਦੌਰਾਨ ਲਗਾਤਾਰ ਲਿਖਤੀ ਤੌਰ ਉਤੇ ਸ਼ਿਕਾਇਤਾਂ ਭੇਜੀਆਂ ਹਨ ਪਰ ਕਿਸੇ ਵਲੋਂ ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ ਗਿਆ, ਜਿਨ੍ਹਾਂ ਨੰਬਰਾਂ ਤੋਂ ਮੈਨੂੰ ਧਮਕੀ ਦੇ ਟੈਲੀਫੋਨ ਆ ਰਹੇ ਹਨ ਮੈਂ ਉਹ ਵੀ ਸੀਨੀਅਰ ਸਥਾਨਕ ਅਧਿਕਾਰੀਆਂ ਨੂੰ ਦਿੱਤੇ ਹਨ ਅਤੇ ਸ਼ਿਕਾਇਤਾਂ ਵੀ ਦਿੱਤੀਆਂ ਹਨ ਪਰ ਕਿਸੇ ਵਲੋਂ ਅੱਜ ਤੱਕ ਉਨ੍ਹਾਂ ਉਤੇ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਸਮਰਥਕ ਮੇਰੇ ਘਰ 15 ਸਤੰਬਰ 2019 ਨੂੰ 2 ਲੱਖ ਰੁਪਏ ਦਾ ਚੈੱਕ ਅਤੇ ਬਾਕੀ 3 ਲੱਖ ਬਿਆਨ ਤੋਂ ਮੁੱਕਰਨ ਮੌਕੇ ਅਦਾਲਤ ਵਿਚ ਦੇਣ ਦੀ ਗੱਲ ਕਹਿ ਕੇ ਅਤੇ ਮੈਨੂੰ ਕਾਫੀ ਧਮਕਾ ਕੇ ਗਏ ਜਦੋਂਕਿ ਮੈਂ ਅਦਾਲਤ ਨੂੰ ਇਹ ਘਟਨਾਕ੍ਰਮ ਦੱਸਦਿਆਂ ਚੈੱਕ ਵੀ ਪੇਸ਼ ਕਰ ਦਿੱਤਾ ਅਤੇ ਅਦਾਲਤ ਵਲੋਂ ਸਖਤੀ ਕਰਨ ਉਤੇ ਪੁਲਿਸ ਨੇ ਇਸ ਮਾਮਲੇ ਵਿਚ ਕੇਸ ਵੀ ਦਰਜ ਕੀਤਾ ਪਰ ਹੁਣ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।