ਪਲ ਪਲ ਦੀ ਪਰਿਕਰਮਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਇਸ ਲੇਖ ਲੜੀ ਦੇ ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪਹਾੜਾਂ ਤੋਂ ਧਰਤੀ ਵੱਲ ਆਉਂਦੇ ਦਰਿਆਵਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਉਹ ਪਿਛੇ ਨਹੀਂ ਮੁੜਦੇ, ਪਰ ਮਨੁੱਖ ਲਈ ਬੇਸ਼ਕ ਬਹੁਤ ਔਖਾ ਹੁੰਦਾ ਪਿੰਡ ਤੋਂ ਨਗਰ, ਨਗਰ ਤੋਂ ਮਹਾਂਨਗਰ ਅਤੇ ਫਿਰ ਵਿਦੇਸ਼ ਵੰਨੀਂ ਉਡਾਣ ਭਰਨਾ।…ਪਿਛਾਂਹ ਨਾ ਮੁੜੋ, ਪਰ ਘੜੀ ਪਲ ਖਲੋ ਕੇ ਪਾਸਾ ਤਾਂ ਪਰਤਿਆ ਜਾ ਸਕਦਾ। ਬੀਤੇ ਨੂੰ ਵਿਚਾਰਿਆ ਜਾ ਸਕਦਾ।

ਹੋਈਆਂ ਗਲਤੀਆਂ, ਕਮੀਆਂ ਤੇ ਕੁਤਾਹੀਆਂ ਨੂੰ ਦੂਰ ਕਰ ਕੇ, ਨਵੀਆਂ ਤਰਜ਼ੀਹਾਂ ਅਤੇ ਤਮੰਨਾਵਾਂ ਨੂੰ ਨਵੀਂ ਤਰਤੀਬ ਤਾਂ ਦਿਤੀ ਜਾ ਸਕਦੀ, ਜੋ ਤੁਹਾਡੀ ਤਕਦੀਰ ਨੂੰ ਨਵੀਂ ਤਹਿਜ਼ੀਬ ਅਤੇ ਦੂਰ-ਦਰਸ਼ੀ ਪੈੜ ਦਾ ਪਤਾ ਦੱਸੇ। ਹਥਲੇ ਲੇਖ ਵਿਚ ਉਨ੍ਹਾਂ ਪਲ ਛਿਣ ਦੀ ਗੱਲ ਕਰਦਿਆਂ ਕਿਹਾ ਹੈ, “ਪਲ ‘ਚ ਨਿੱਕੀ ਜਿਹੀ ਕੁਤਾਹੀ ਮਨੁੱਖੀ ਬਰਬਾਦੀ ਦਾ ਕਾਰਨ ਵੀ ਹੁੰਦੀ ਅਤੇ ਕਈ ਵਾਰ ਮਨੁੱਖੀ ਸਦੀਵਤਾ ਦਾ ਹਾਸਲ ਵੀ ਬਣਦੀ।” ਉਨ੍ਹਾਂ ਦਾ ਨਿਰਣਾ ਹੈ ਕਿ ਪਲ ਨੂੰ ਪਲ ਵਾਂਗ ਵਰਤੀਏ ਤਾਂ ਇਸ ਦੀਆਂ ਨਿਆਮਤਾਂ ਨਾਲ ਲਬਰੇਜ਼ ਮਨੁੱਖੀ ਕਾਰਗੁਜ਼ਾਰੀ ਵਿਚ ਸੁੱਖਦ ਅਹਿਸਾਸਾਂ ਦੀ ਬਾਰਿਸ਼ ਹੁੰਦੀ, ਜਿਸ ‘ਚ ਭਿੱਜੀ ਮਨੁੱਖਤਾ ਉਮਰਾਂ ਦੀ ਖੈਰ ਮੰਗਦੀ ਹੈ। ਉਨ੍ਹਾਂ ਦੀ ਨਸੀਹਤ ਹੈ, “ਬੀਤੇ ਪਲ ਦਾ ਸ਼ੁਕਰਗੁਜ਼ਾਰ ਤੇ ਆਉਣ ਵਾਲੇ ਪਲ ਲਈ ਆਸਵੰਦ ਰਹੋ। ਅਗਲੇ ਪਲ ਸਾਹ ਆਵੇ, ਨਾ ਆਵੇ, ਇਸ ਦੀ ਕੀ ਗਾਰੰਟੀ!” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਪਲ, ਸਮੇਂ ਦੀ ਸਭ ਤੋਂ ਛੋਟੀ ਇਕਾਈ, ਪਰ ਸਭ ਤੋਂ ਅਹਿਮ। ਸਮੇਂ ਦਾ ਸਭ ਤੋਂ ਅਹਿਮ ਹਿੱਸਾ ਅਤੇ ਇਸ ਵਿਚੋਂ ਹੁੰਦਾ, ਵਕਤ ਦਾ ਉਭਾਰ ਜਾਂ ਨਿਘਾਰ। ਪਲ ‘ਚ ਕੁਝ ਦਾ ਕੁਝ ਹੋ ਜਾਂਦਾ, ਕਿਉਂਕਿ ਪਲ ਦੀ ਕੁੱਖ ਵਿਚ ਬਹੁਤ ਕੁਝ ਅਣ-ਹੋਇਆ, ਅਣ-ਜਾਣਿਆ, ਅਣ-ਸੋਚਿਆ ਅਤੇ ਅਣ-ਕਿਆਸਿਆ ਪਿਆ ਹੁੰਦਾ, ਜਿਸ ਦਾ ਪਤਾ ਸਿਰਫ ਇਸ ਦੇ ਵਾਪਰਨ ਪਿਛੋਂ ਹੀ ਲੱਗਦਾ।
ਪਲ ‘ਚ ਹੀ ਸੁਪਨਿਆਂ ਦੀ ਨਗਰੀ ਵੱਸਦੀ ਅਤੇ ਕਦੇ ਕਿਸੇ ਅਣਹੋਏ ਪਲ ਵਿਚ ਇਹ ਨਗਰੀ ਰਾਖ ਦੀ ਢੇਰੀ ਬਣ ਕੇ ਉਡਦੀ ਅਤੇ ਨੈਣਾਂ ਦੇ ਕੁੱਕਰੇ ਬਣ ਸਾਰੀ ਉਮਰ ਰੜਕਦੀ ਰਹਿੰਦੀ।
ਪਲ ‘ਚ ਨਿੱਕੀ ਜਿਹੀ ਕੁਤਾਹੀ ਮਨੁੱਖੀ ਬਰਬਾਦੀ ਦਾ ਕਾਰਨ ਵੀ ਹੁੰਦੀ ਅਤੇ ਕਈ ਵਾਰ ਮਨੁੱਖੀ ਸਦੀਵਤਾ ਦਾ ਹਾਸਲ ਵੀ ਬਣਦੀ। ਫਰਕ ਸਿਰਫ ਇਹੀ ਹੁੰਦਾ ਕਿ ਕੌਣ ਉਸ ਪਲ ਨੂੰ ਕਿਸ ਰੂਪ ਵਿਚ ਵਰਤਦਾ ਅਤੇ ਇਸ ਦੀ ਅਹਿਮੀਅਤ ਨੂੰ ਕਿਹੜੇ ਅਰਥਾਂ ਵਿਚ ਲੈਂਦਾ?
ਖੁਦਕੁਸ਼ੀਆਂ, ਹਾਦਸੇ, ਅੱਗਜ਼ਨੀ ਜਾਂ ਤਬਾਹੀ ਦੀਆਂ ਘਟਨਾਵਾਂ ਪਲ ਭਰ ਵਿਚ ਹੀ ਵਾਪਰਦੇ। ਪਲ ਕੁ ਦੀ ਬੇਧਿਆਨੀ, ਗੁੱਸੇ ਦਾ ਉਬਾਲ ਜਾਂ ਮਨ ਵਿਚ ਆਇਆ ਕਰੋਧ ਬਹੁਤ ਕੁਝ ਅਜਿਹਾ ਕਰ ਜਾਂਦਾ, ਜਿਸ ਦਾ ਪਛਤਾਵਾ ਮਨੁੱਖ ਸਾਰੀ ਉਮਰ ਹੀ ਕਰਦਾ ਰਹਿੰਦਾ।
ਬਹੁਤ ਸਾਰੇ ਝਗੜੇ, ਦੁਸ਼ਮਣੀਆਂ ਜਾਂ ਸਬੰਧਾਂ ਵਿਚ ਉਪਜੇ ਵਿਗਾੜ ਪਿੱਛੇ ਵੀ ਇਕ ਪਲ ਵਿਚ ਬੋਲਿਆ ਕੁਸੈਲਾ ਬੋਲ, ਮੰਗ ਦੀ ਅਪੂਰਤੀ ਜਾਂ ਆਸ/ਵਿਸ਼ਵਾਸ ਦੀ ਤਿੜਕਣ ਹੁੰਦੀ।
ਪਲ ਲਈ ਮਨੁੱਖੀ ਮਨ ਵਿਚ ਪੈਦਾ ਹੋਈ ਕੁੜਿੱਤਣ, ਰੰਜਿਸ਼ ਜਾਂ ਬਦਲੇ ਦੀ ਭਾਵਨਾ, ਕਈ ਵਾਰ ਕਤਲਾਂ ਦਾ ਕਾਰਨ ਬਣਦੀ। ਇਕ ਕਤਲ ਹੋਣ ਪਿਛੋਂ ਕਾਤਲ ਹਰ ਰੋਜ਼ ਕਤਲ ਹੁੰਦਾ ਅਤੇ ਫਿਰ ਤਿੱਲ ਤਿੱਲ ਕਰਕੇ ਮਰਨ ਵਿਚੋਂ ਜ਼ਿੰਦਗੀ ਭਾਲਣਾ ਬਹੁਤ ਮੁਹਾਲ ਹੁੰਦਾ।
ਪਲ, ਬਹੁਤ ਹੀ ਸੂਖਮ, ਸੰਵੇਦਨਸ਼ੀਲ, ਸੰਭਾਵਨਾ ਭਰਪੂਰ, ਸਮਝਦਾਰੀ ਵਾਲੇ, ਸਾਰਥਕ ਅਤੇ ਸਮਿਆਂ ਦੀ ਵਾਗ ਮੋੜਨ ਵਾਲੇ। ਇਸ ‘ਚ ਕੁਚੱਜ ਜਾਂ ਸੁਚੱਜ, ਦੁੱਖ ਜਾਂ ਸੁੱਖ ਵੀ, ਆਪਸੀ ਮਿਲਵਰਤਣ ਜਾਂ ਤਰੇੜ ਵੀ, ਹਾਸਿਆਂ ਦੀਆਂ ਫੁਲਝੜੀਆਂ ਜਾਂ ਗੁੱਸੇ ‘ਚ ਗਾਲ੍ਹਾਂ ਵੀ, ਇਕ ਦੂਜੇ ਦੀ ਜਾਨ ਦੇ ਪਿਆਸੇ ਹੋਣਾ ਜਾਂ ਇਕ ਦੂਜੇ ਤੋਂ ਜਾਨ ਵਾਰ ਦੇਣਾ ਅਤੇ ਦੀਦਿਆਂ ਵਿਚ ਸੁਪਨੇ ਧਰਨਾ ਜਾਂ ਨੈਣਾਂ ਦਾ ਸੁਪਨਾ ਖੋਹਿਆ ਵੀ ਜਾ ਸਕਦਾ। ਇਹ ਸਿਰਫ ਪਲ ਦੀ ਸੁਵਰਤੋਂ ਜਾਂ ਕੁਵਰਤੋਂ ‘ਤੇ ਨਿਰਭਰ। ਸੂਝਵਾਨ ਲੋਕ ਪਲ ਦੀ ਅਹਿਮੀਅਤ ਤੋਂ ਜਾਣੂ। ਜੀਵਨ ਦੇ ਹਰੇਕ ਪਲ ਨੂੰ ਬਹੁਤ ਹੀ ਸਿਆਣਪ ਅਤੇ ਸਾਰਥਕ ਤਰੀਕੇ ਨਾਲ ਬਤੀਤ ਕਰ, ਇਸ ਦੀ ਸਾਰਥਕਤਾ ਨੂੰ ਸਮਿਆਂ ਦੀ ਤਹਿਜ਼ੀਬ ਦੇ ਨਾਮ ਲਾਉਂਦੇ।
ਉਹ ਪਲ ਕੇਹਾ ਮਨਹੂਸ ਸੀ, ਜਦ ਜਪਾਨ ‘ਤੇ ਸੁੱਟੇ ਐਟਮ ਬੰਬ ਮਨੁੱਖੀ ਤਬਾਹੀ ਦਾ ਅਜਿਹਾ ਮੰਜ਼ਰ ਸਿਰਜ ਗਏ, ਜਿਨ੍ਹਾਂ ਨੂੰ ਦੇਖ ਕੇ ਹੁਣ ਤੀਕ ਵੀ ਨੈਣ ਸਿੱਲੇ ਹੋ ਜਾਂਦੇ। ਅਜਿਹੀ ਤ੍ਰਾਸਦੀ ਵਾਪਰਨ ਦਾ ਭੈਅ ਹੀ ਜੰਗਾਂ ਨੂੰ ਰੋਕਣ ਵਿਚ ਕੁਝ ਹੱਦ ਤੀਕ ਸਫਲ ਹੈ, ਪਰ ਜੋ ਲੋਕ ਕਿਸੇ ਦੀ ਮੌਤ ਵਿਚੋਂ ਆਪਣੀ ਹੋਂਦ ਭਾਲਦੇ, ਕਿਸੇ ਦੇ ਮਰਸੀਏ ‘ਚੋਂ ਖੁਸ਼ੀਆਂ ਨੂੰ ਖਿਆਲਦੇ ਅਤੇ ਕਿਸੇ ਦੀ ਬਰਬਾਦੀ ਵਿਚੋਂ ਹੀ ਆਪਣੇ ਵਿਹੜਿਆਂ ਦੀ ਰੌਣਕ ਨੂੰ ਸੋਚ-ਪੈਮਾਨਾ ਬਣਾਉਂਦੇ, ਉਨ੍ਹਾਂ ਦੇ ਹੱਥਾਂ ਵਿਚ ਆਇਆ ਕੋਈ ਵੀ ਪਲ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਦੇ ਸਕਦਾ। ਇਸ ਕਰਕੇ ਹੀ ਜ਼ਾਹਲਾਂ, ਗੰਵਾਰਾਂ ਅਤੇ ਪਾਗਲਾਂ ਦੇ ਹੱਥ ਆਈ ਤਾਕਤ, ਬਾਂਦਰ ਦੇ ਹੱਥਾਂ ਵਿਚ ਤੀਲੀ ਦੇ ਆਉਣ ਵਾਂਗ, ਜੋ ਕਦੇ ਵੀ ਵੱਸਦੇ ਘਰਾਂ ਨੂੰ ਉਜਾੜ ਬਣਾ ਸਕਦੀ।
ਪਲ ਬਹੁਤ ਹੀ ਮੁੱਲਵਾਨ, ਪ੍ਰੇਰਕ ਅਤੇ ਉਤਪਾਦਕ। ਪਲ ਵਿਚ ਹੀ ਕੋਈ ਖਿਆਲ ਕਿਸੇ ਨਵੀਂ ਖੋਜ ਦਾ ਆਧਾਰ ਹੁੰਦਾ, ਕੋਈ ਵਿਚਾਰ ਸਹਿਚਾਰੀ ਸਬੰਧ ਸਿਰਜਣ ਵਿਚ ਪਹਿਲ ਕਰਦਾ ਜਾਂ ਕੋਈ ਚਾਨਣ ਦੀ ਕਾਤਰ, ਕਲਾ-ਕ੍ਰਿਤ ਵਿਚ ਰੌਸ਼ਨੀ ਦਾ ਫੈਲਾਅ ਬਣਦੀ। ਪਲ ਵਿਚ ਉਪਜੇ ਖਿਆਲਾਂ ਦਾ ਪ੍ਰਗਟਾਅ ਹੀ ਕਲਾ ਹੁੰਦੀ। ਭਾਵੇਂ ਉਹ ਕੋਈ ਕਾਵਿ-ਕ੍ਰਿਤ, ਪੇਂਟਿੰਗ, ਗੀਤ ਦੀ ਧੁਨ ਹੋਵੇ ਜਾਂ ਕਿਸੇ ਅਣਪੂਰਨ ਆਸ ਨੂੰ ਪੂਰਨਤਾ ਦਾ ਵਰਦਾਨ ਹੋਵੇ। ਪਲ ਬੋਲਦਾ ਹੈ,
ਪਲ ਪਲ ਕਰਕੇ ਸਰਘੀ ਉਤਰੇ
ਤੇ ਪਲ ‘ਚ ਢਲਦੀਆਂ ਸ਼ਾਮਾਂ
ਪਲ ਪਲ ਕਰਕੇ ਰੁਤਬਾ ਵਧਦਾ
ਤੇ ਪਲ ‘ਚ ਗੁੰਮ ਸਲਾਮਾਂ
ਪਲ ਪਲ ਕਰਕੇ ਰਾਤ ਉਤਰਦੀ
ਤੇ ਪਲ ‘ਚ ਚਮਕਣ ਤਾਰੇ
ਪਲ ਪਲ ਕਰਕੇ ਚੁੱਪ ਪਸਰਦੀ
ਤੇ ਪਲ ‘ਚ ਬੋਲ-ਫੁਹਾਰੇ
ਪਲ ਪਲ ਕਰਕੇ ਚੰਨ ਚੜ੍ਹਦਾ ਏ
ਤੇ ਪਲ ‘ਚ ਮੱਸਿਆ ਆਵੇ
ਪਲ ਪਲ ਕਰਕੇ ਜਖਮ ਰਿਸੇਂਦਾ
ਤੇ ਪਲੀਂ ਖਰੀਂਢ ਬਣ ਜਾਵੇ
ਪਲ ਪਲ ਕਰਕੇ ਵਧਦੀਆਂ ਛਾਂਵਾਂ
ਪਲ ਪਲ ਕਰਕੇ ਢਲਦਾ ਪਰਛਾਵਾਂ
ਪਲ ਪਲ ਕਰਕੇ ਬਿਰਖ ਪਲਮਦਾ
ਤੇ ਪਲ ‘ਚ ਜੰਗਲ ਹੋ ਜਾਵਾਂ
ਪਲ ਪਲ ਕਰਕੇ ਸਾਂਝਾਂ ਬਣਦੀਆਂ
ਤੇ ਪਲ ‘ਚ ਟੁੱਟਦੀ ਯਾਰੀ
ਪਲ ਪਲ ਕਰਕੇ ਰੁੱਤ ਮੌਲਦੀ
ਪਲ ‘ਚ ਚਲਦੀ ਆਰੀ।

ਪਲ ‘ਚ ਖੁਸ਼ੀ ਤੇ ਪਲ ‘ਚ ਖੇੜੇ
ਪਲ ‘ਚ ਠੱਠੇ, ਪਲ ‘ਚ ਝੇੜੇ
ਪਲ ‘ਚ ਮਿਲਣੀ ਤੇ ਪਲੀਂ ਬਖੇੜੇ
ਪਲ ‘ਚ ਦੂਰੀ ਤੇ ਪਲ ‘ਚ ਨੇੜੇ
ਪਲ ਨੂੰ ਪਲ ਵਾਂਗ ਮਨਾ
ਪਲ ਦਾ ਨਹੀਂ ਕੋਈ ਵਸਾਹ
ਪਲ ਦਾ ਕਾਹਦਾ ਕਰਨਾ ਭਾਅ
ਕਦੇ ਕੋਲ, ਕਦੇ ਜਾਂਦੀ ਜਾਹ
ਪਲ ਨੂੰ ਸਕਿਆ ਕੌਣ ਭਰਮਾ
ਪਲ ਦੇ ਸਦਾ ਬਦਲਦੇ ਰਾਹ
ਪਲ ਦੀ ਮਹਿਮਾ ਬੜੀ ਨਿਰਾਲੀ
ਕਦੇ ਨਾ ਪਾਵੇ ਸਦਾ ਭਿਆਲੀ
ਪਲ ਲਈ ਉਤਰੋ ਵਿਚ ਖਿਆਲੀ
ਫਿਰ ਨਾ ਕਦੇ ਦਏ ਦਿਖਾਲੀ।
ਸੁਪਨੇ ਜਿਹੇ ਪਲ ਬਹੁਤ ਕੁਝ ਮਨੁੱਖੀ ਚੇਤਨਾ ਵਿਚ ਧਰ ਜਾਂਦੇ, ਜਿਨ੍ਹਾਂ ਦੀ ਪੂਰਤੀ ਮਨੁੱਖੀ ਜਦੋ-ਜਹਿਦ ਦਾ ਨਾਮ ਹੁੰਦਾ। ਇਹ ਪਲ ਦਾ ਕ੍ਰਿਸ਼ਮਾ ਹੀ ਹੁੰਦਾ ਕਿ ਅਜਿਹੇ ਸੁਪਨਿਆਂ ਦੀ ਪੂਰਤੀ ਲਈ ਮਾਇਕ ਸਾਧਨ, ਹਾਲਾਤ ਜਾਂ ਅਣਸੁਖਾਂਵੀਆਂ ਸਥਿਤੀਆਂ ਵੀ ਮਨੁੱਖੀ ਦਲੇਰੀ ਅਤੇ ਸਿਰੜ-ਸਾਧਨਾ ਸਾਹਵੇਂ ਨਿਗੁਣੀਆਂ ਹੋ ਜਾਂਦੀਆਂ। ਫਿਰ ਇਕ ਮੰਜ਼ਿਲ-ਮਾਰਗ ਉਸ ਦੇ ਪੈਰਾਂ ਵਿਚ ਵਿੱਛਦਾ, ਜੋ ਉਸ ਦੇ ਸੁਪਨ-ਸਿਰਨਾਵੇਂ ਨੂੰ ਮਸਤਕ ‘ਤੇ ਉਕਰਦਾ।
ਪਲ ਕਦੇ ਵੀ ਅਸਾਵਾਂ, ਅਵੈੜਾ ਜਾਂ ਅੜਬੰਗ ਨਾ ਹੋਵੇ, ਸਗੋਂ ਇਸ ਵਿਚ ਸੰਤੁਲਿਤ ਸੋਚ, ਸਰਬ-ਸਾਂਝੀਵਾਲਤਾ ਅਤੇ ਸਰਬ-ਸੁਖਨ ਦਾ ਸੰਦੇਸ਼ ਰਮਿਆ ਹੋਵੇ। ਅਜਿਹੇ ਪਲ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ।
ਕਦੇ ਉਨ੍ਹਾਂ ਪਲਾਂ ਨੂੰ ਕਿਆਸਣਾ ਜਦ ਕੋਈ ਸ਼ਹੀਦ ਫਾਂਸੀ ‘ਤੇ ਲਟਕਣ ਲਈ ਫਾਂਸੀ ਦੇ ਰੱਸੇ ਨੂੰ ਚੁੰਮਦਾ, ਜਦ ਕੋਈ ਯੋਧਾ ਦੁਸ਼ਮਣਾਂ ਦੀ ਲਲਕਾਰ ਸਾਹਵੇਂ ਹਿੱਕ ਡਾਹ, ਸੀਨੇ ‘ਚ ਬਰਛੀਆਂ ਦੀ ਫਸਲ ਉਗਾਉਣ ਲਈ ਕਾਹਲਾ ਹੋਵੇ, ਨਿੱਕੇ ਨਿੱਕੇ ਸਾਹਿਬਜ਼ਾਦੇ ਸਿਰ ਤੀਕ ਆਈ ਕੰਧ ਵਿਚੋਂ ਆਪਣੀ ਸ਼ਹਾਦਤ ਦੇ ਉਗਮ ਰਹੇ ਸੂਰਜ ਦੀਆਂ ਕਿਰਨਾਂ ਨਾਲ ਧਰਤ ਨੂੰ ਰੌਸ਼ਨ ਹੁੰਦਿਆਂ ਦੇਖਦੇ ਹੋਣਗੇ ਜਾਂ ਕੋਈ ਬਦਲੇ ਦੀ ਅੱਗ ਨੂੰ ਸ਼ਾਂਤ ਕਰਨ ਲਈ ਦੁਸ਼ਮਣ ਨੂੰ ਗੋਲੀਆਂ ਨਾਲ ਛਲਣੀ ਕਰਦਾ ਹੋਵੇਗਾ। ਅਜਿਹੇ ਪਲ ਹੀ ਤਵਾਰੀਖ ਨੂੰ ਨਵੀਂ ਦਿੱਖ ਅਤੇ ਦਿਸ਼ਾ ਪ੍ਰਦਾਨ ਕਰਦੇ। ਆਉਣ ਵਾਲੀਆਂ ਸਦੀਆਂ ਅਜਿਹੇ ਪਲਾਂ ਵਿਚੋਂ ਹੀ ਆਪਣੇ ਆਪ ਨੂੰ ਪਛਾਣਦੀਆਂ।
ਕਦੇ ਉਸ ਪਲ ਨੂੰ ਕਿਆਸਣਾ, ਜਦ ਮਾਤਾ ਗੁਜਰੀ ਨੇ ਹੱਥੀਂ ਤਿਆਰ ਕਰਕੇ ਪੋਤਿਆਂ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇਗਾ, ਗੁਰੂ ਗੋਬਿੰਦ ਸਿੰਘ ਨੇ ਆਪਣੇ ਲਾਡਲਿਆਂ ਨੂੰ ਤਲਵਾਰ ਪਹਿਨਾ ਕੇ ਕੌਮ ਤੋਂ ਕੁਰਬਾਨ ਹੋਣ ਲਈ ਮੌਤ ਦਾ ਸਿਹਰਾ ਬੰਨਿਆ ਹੋਵੇਗਾ, ਕੋਈ ਬੱਚਾ ਤੋਪ ਦੇ ਗੋਲੇ ਨਾਲ ਉਡਾਏ ਜਾਣ ਲਈ, ਇੱਟ ‘ਤੇ ਖੜਾ ਹੋ ਕੇ ਤੋਪ ਦੇ ਬਰਾਬਰ ਹੋਇਆ ਹੋਵੇਗਾ ਜਾਂ ਗੁਰੂ ਗੋਬਿੰਦ ਸਿੰਘ ਨੇ ਬਾਪ ਦੇ ਸੀਸ ਨੂੰ ਝੋਲੀ ਵਿਚ ਪਵਾਇਆ ਹੋਵੇਗਾ। ਅਜਿਹੇ ਪਲਾਂ ਦੌਰਾਨ ਮਨ ਵਿਚ ਆਈਆਂ ਤਬਦੀਲੀਆਂ ਕਾਰਨ ਪਲ ਭਰ ਵਿਚ ਕੀਤੇ ਫੈਸਲੇ ਹੀ ਮਨੁੱਖੀ ਕੀਰਤੀ ਦੇ ਜਾਮਨ ਬਣਦੇ।
ਪਲ ਵਿਚ ਬਹੁਤ ਕੁਝ ਵਾਪਰਦਾ ਤਾਂ ਪਲ ਬਹੁਤ ਕੁਝ ਨੂੰ ਆਪੇ ਵਿਚ ਸਮੇਟ ਲੈਂਦਾ। ਖੁਦਕੁਸ਼ੀ, ਮਰਨ ਵਾਲੇ ਲਈ ਪਲ ‘ਚ ਮੁੱਕ ਗਏ ਝੰਜਟ ਦਾ ਨਾਮ ਹੋ ਸਕਦਾ, ਪਰ ਪਿੱਛੇ ਰਹਿ ਗਿਆਂ ਦੀ ਹੋਣੀ ਨੂੰ ਕਿਆਸ ਕੇ ਅਤੇ ਉਨ੍ਹਾਂ ‘ਤੇ ਟੁੱਟੇ ਮੁਸੀਬਤਾਂ ਦੇ ਪਹਾੜ, ਸਦਾ ਲਈ ਤੁਰ ਜਾਵਣ ਵਾਲੇ ਦੀ ਰੂਹ ਨੂੰ ਲਾਹਣਤਾਂ ਜਰੂਰ ਪਾਉਂਦੇ ਹੋਣਗੇ। ਪਲ ਦੀ ਕਾਇਰਤਾ, ਮਨੁੱਖੀ ਤਾਕਤ ਨੂੰ ਜ਼ਲੀਲ ਕਰ ਜਾਂਦੀ। ਲੋੜ ਹੈ, ਹਾਲਾਤ ਨਾਲ ਟੱਕਰ ਲੈ ਕੇ ਆਪਣੀ ਜਿੱਤ ਦਾ ਪਰਚਮ ਲਹਿਰਾਇਆ ਜਾਵੇ, ਨਾ ਕਿ ਹਾਲਾਤ ਤੋਂ ਹਾਰ ਹੀ ਮੰਨ ਲਈ ਜਾਵੇ।
ਪਲ ਨੂੰ ਅਣਮੋਲ ਸਮਝਣ ਵਾਲੇ ਹੀ ਇਸ ਦੀ ਵਰਤੋਂ ਕਰਨ ਲੱਗਿਆਂ, ਭਵਿੱਖ-ਮੁਖੀ ਸੋਚ ਨੂੰ ਕਿਆਸਦੇ। ਇਸੇ ਲਈ ਤਾਂ ਕਹਿੰਦੇ ਨੇ ਕਿ ਕਦੇ ਵੀ ਕਾਹਲੀ ਵਿਚ ਕੋਈ ਫੈਸਲਾ ਨਾ ਲਓ, ਸਗੋਂ ਠਰੰਮੇ ਨਾਲ ਸੋਚੋ। ਸਾਰੀਆਂ ਸੰਭਾਵਨਾਵਾਂ, ਚੰਗੇਰੇ ਅਤੇ ਮਾੜੇ ਪੱਖਾਂ ਨੂੰ ਵਿਚਾਰੋ। ਹਾਂ-ਪੱਖੀ ਤੇ ਨਾਂਹ-ਪੱਖੀ ਪ੍ਰਭਾਵਾਂ ਨੂੰ ਸੋਚ ਕੇ ਹੀ ਫੈਸਲਾ ਲਿਆ ਜਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਪਲ ਦੀਆਂ ਸ਼ੁਕਰਗੁਜ਼ਾਰ ਹੁੰਦੀਆਂ।
ਪਲ ਵਿਚ ਗੁਣ ਵੀ ਤੇ ਔਗੁਣ ਵੀ, ਆਸਾ ਵੀ ਤੇ ਨਿਰਾਸ਼ਾ ਵੀ, ਉਦਾਸੀ ਵੀ ਤੇ ਹਾਸੀ ਵੀ, ਭਟਕਣਾ ਵੀ ਤੇ ਠਹਿਰਾਓ ਵੀ, ਪਾਉਣਾ ਵੀ ਤੇ ਖੋਹਣਾ ਵੀ, ਹਾਸਲ ਵੀ ਤੇ ਗਵਾਉਣਾ ਵੀ, ਪੀੜਾ ਵੀ ਤੇ ਪ੍ਰਸੰਨਤਾ ਵੀ, ਮੱਸਿਆ ਵੀ ਤੇ ਪੁੰਨਿਆ ਵੀ ਅਤੇ ਉਗਦੀ ਸਰਘੀ ਤੇ ਲਹਿੰਦੀ ਸ਼ਾਮ ਵੀ। ਬਹੁਤ ਕੁਝ ਹੁੰਦਾ ਏ ਇਕ ਪਲ ਵਿਚ। ਪਲ ਨੂੰ ਪਲ ਵਾਂਗ ਵਰਤੀਏ ਤਾਂ ਇਸ ਦੀਆਂ ਨਿਆਮਤਾਂ ਨਾਲ ਲਬਰੇਜ਼ ਮਨੁੱਖੀ ਕਾਰਗੁਜ਼ਾਰੀ ਵਿਚ ਸੁੱਖਦ ਅਹਿਸਾਸਾਂ ਦੀ ਬਾਰਿਸ਼ ਹੁੰਦੀ, ਜਿਸ ‘ਚ ਭਿੱਜੀ ਮਨੁੱਖਤਾ ਉਮਰਾਂ ਦੀ ਖੈਰ ਮੰਗਦੀ ਹੈ।
ਪਲ ਪ੍ਰਾਹੁਣੇ ਜਿਹੇ। ਪਲ ਭਰ ਬਹਿਣਾ, ਕੁਝ ਕਹਿਣਾ ਅਤੇ ਆਪਣੇ ਰਾਹ ਪੈਣਾ। ਇਸ ਪਲ ਵਿਚ ਹੀ ਸਮੇਂ ਨੇ ਸੰਦਲੀ ਕਰਵਟ ਬਦਲਣੀ ਜਾਂ ਧੁਆਂਖੇ ਵਕਤ ਨੇ ਕਰੂਪ ਚਿਹਰਾ ਦਿਖਾਉਣਾ, ਇਹ ਮਨੁੱਖ ਵਲੋਂ ਉਸ ਪਲ ਦੀ ਵਰਤੋਂ ‘ਤੇ ਨਿਰਭਰ।
ਜੀਵਨ-ਸਫਰ ਦੌਰਾਨ ਬਹੁਤ ਸਾਰੀਆਂ ਸੰਭਾਵਨਾਵਾਂ ਅਤੇ ਮੌਕੇ ਪਲ ਭਰ ਲਈ ਦਰੀਂ ਦਸਤਕ ਦਿੰਦੇ। ਇਹ ਤਾਂ ਮਨੁੱਖ ‘ਤੇ ਨਿਰਭਰ ਕਿ ਉਸ ਨੇ ਉਸ ਪਲ ਵਿਚ ਕੀ ਫੈਸਲਾ ਕੀਤਾ, ਹੱਥ ‘ਚ ਆਏ ਮੌਕਿਆਂ ਨੂੰ ਸੁਚੱਜੇ ਰੂਪ ਵਿਚ ਕਿਵੇਂ ਵਰਤਿਆ? ਇਹ ਮਨੁੱਖੀ ਜ਼ਿੰਦਗੀ ਦਾ ਆਉਣ ਵਾਲਾ ਕੱਲ, ਜਿਸ ਦੀ ਡੋਰ ਅੱਜ ਦੇ ਹੱਥ।
ਪਲ ‘ਚ ਕਿਸੇ ਨਾਲ ਨਫਰਤ ਅਤੇ ਪਲ ‘ਚ ਕਿਸੇ ਨਾਲ ਪਿਆਰ ਹੋ ਜਾਂਦਾ। ਪਲ ‘ਚ ਕਿਸੇ ਨਾਲ ਉਮਰ ਭਰ ਦੀ ਸਾਂਝ ਦੀ ਨੀਂਹ ਰੱਖੀ ਜਾਂਦੀ। ਪਲ ‘ਚ ਮਨ ਦੇ ਵਿਹੜੇ ਫੁੱਲਾਂ ਦੀ ਖੇਤੀ, ਜਿਸ ਦੀ ਫਸਲ ਮਨੁੱਖ ਸਾਰੀ ਉਮਰ ਹੀ ਵੱਢਦਾ। ਤੁਸੀਂ ਕਿਹੜੇ ਸੋਚ-ਬੀਜ ਨੂੰ ਕਿਸ ਧਰਾਤਲ ‘ਤੇ, ਕਿਸ ਰੂਪ ਵਿਚ ਉਗਾਉਣਾ, ਇਹ ਮਨੁੱਖੀ ਨਸਲ ਅਤੇ ਇਸ ਦੀ ਸਦੀਵਤਾ ਨੂੰ ਸਥਾਪਤ ਕਰਨ ਵਿਚ ਅਹਿਮ।
ਪਲ ਨੂੰ ਮਾਣੋ। ਪਲਾਂ ਨੇ ਜੀਵਨ ‘ਚੋਂ ਕਿਰ ਜਾਣਾ ਹੈ ਰੇਤ ਵਾਂਗ। ਪਲ ਨਹੀਂ ਕਿਸੇ ਦੇ ਮਿੱਤ। ਇਸ ਤੋਂ ਪਹਿਲਾਂ ਕਿ ਪਲਾਂ ਦੇ ਤੁਰ ਜਾਣ ਦਾ ਪਛਤਾਵਾ, ਸੋਚ-ਘੁਣ ਬਣ ਜਾਵੇ, ਹਰ ਪਲ ਦੀ ਤਲੀ ‘ਤੇ ਸੰਤੁਸ਼ਟੀ, ਸੁਖਨ ਅਤੇ ਸਹਿਜ ਦੀ ਮਹਿੰਦੀ ਲਾਓ। ਪਲ ਦੀ ਝੋਲੀ ਵਿਚ ਸ਼ਗਨ-ਸਗੂਫਿਆਂ ਦੀ ਇਨਾਇਤ ਪਾਓ। ਪਲ ਨੂੰ ਆਪਣਾ ਯਾਰ ਬਣਾਓ। ਦੁੱਖ-ਸੁੱਖ ਸੁਣਾਓ। ਮਨ ਦੀ ਵੇਦਨਾ ਇਸ ਦੇ ਨਾਮ ਲਾਓ ਤਾਂ ਇਹ ਪਲ ਤੁਹਾਡੇ ਮਨ ਵਿਚ ਭਲਿਆਈ ਅਤੇ ਬੰਦਿਆਈ ਵਾਲੇ ਅਜਿਹੇ ਭਾਵ ਪੈਦਾ ਕਰਨਗੇ, ਜੋ ਜੀਵਨ ਨੂੰ ਨਵੀਂ ਬੁਲੰਦੀ ਬਣਨ ਵਿਚ ਪਹਿਲ ਕਰਨਗੇ।
ਪਲ ਪਲ ਕਰਕੇ ਜਿੰ.ਦਗੀ ਬੀਤਦੀ ਜਾਵੇ, ਜੋ ਇਸ ਦੀ ਝੋਲੀ ਸੁਗੰਧਤ ਪਲਾਂ ਦਾ ਸੰਧਾਰਾ ਪਾਵੇ, ਉਹ ਜੀਵਨ-ਸਾਰਥਕਤਾ ਨੂੰ ਸਮਿਆਂ ਦੇ ਨਾਮ ਲਾਵੇ। ਸੁਖਨ ਰਾਗ ਗਾਵੇ ਅਤੇ ਸਾਹ-ਬੀਹੀ ਵਿਚ ਰੂਹ-ਰੰਗਤਾ ਨਾਲ ਲਬਰੇਜ਼ੀ ਸੱਦ ਲਾਵੇ। ਕਦੇ ਇਸ ਸੱਦ ਨੂੰ ਆਪਣੇ ਅੰਤਰੀਵ ਵਿਚ ਗੁਣਗੁਣਾਉਣਾ, ਜੀਵਨ-ਅਨੰਦਤਾ ਦਾ ਅਭਾਵ ਜਰੂਰ ਹੋਵੇਗਾ।
ਪਲ ਨੂੰ ਬਹੁਤ ਹੀ ਨਿਗੁਣਾ ਸਮਝਣ ਵਾਲੇ ਸਮੇਂ ਦੀ ਕਦਰ ਨਹੀਂ ਜਾਣਦੇ। ਜਦ ਜੀਵਨ ਜੁਗਤੀਆਂ ਵਾਲਾ ਸਮਾਂ ਬਹੁਤ ਦੂਰ ਤਿਲਕ ਜਾਂਦਾ ਤਾਂ ਪਲ-ਨਿਆਮਤ ਦੇ ਗਵਾਚਣ ਦਾ ਝੋਰਾ ਮਨ ਨੂੰ ਕੁਰੇਦਦਾ ਅਤੇ ਮਨੁੱਖ ਨੂੰ ਗਰਕਣੀ ਵੱਲ ਧਕੇਲਦਾ। ਪਲ ਨੂੰ ਕਦੇ ਨਾ ਗਵਾਓ। ਇਸ ‘ਚ ਹੁੰਦੇ ਅਮੋਲ ਖਜਾਨੇ, ਜਿਨ੍ਹਾਂ ਨੇ ਤੁਹਾਨੂੰ ਅਮੀਰੀ ਬਖਸ਼ਣੀ ਹੁੰਦੀ। ਸਾਹ-ਸੁਰੰਗੀ ਦੀ ਧੁਨ ਪੈਦਾ ਕਰਨੀ ਹੁੰਦੀ ਅਤੇ ਸੰਵੇਦਨਾਵਾਂ ਨੂੰ ਸੰਭਾਵਨਾਵਾਂ ਤੇ ਸੁਪਨਿਆਂ ਦੀ ਜੂਹ ਵੰਨੀਂ ਤੋਰਨਾ ਹੁੰਦਾ। ਸੁਪਨੇ ਹੀ ਹੁੰਦੇ, ਜਿਨ੍ਹਾਂ ਕਰਕੇ ਮਨੁੱਖ ਜਿਉਂਦਾ ਅਤੇ ਸੁਪਨ-ਪ੍ਰਾਪਤੀ ਨੂੰ ਜੀਵਨ-ਲਕਸ਼ ਬਣਾਉਂਦਾ।
ਪਲ, ਬਦਾਮ ਦੀ ਗਿਰੀ। ਬਹੁਤ ਕੁਝ ਖੋਲ ਵਿਚ ਲੁਕਾਈ ਰੱਖਦੀ। ਲੋੜ ਹੈ, ਇਸ ਨੂੰ ਤੋੜ ਕੇ ਇਸ ਵਿਚ ਛੁਪੀਆਂ ਗਿਰੀ-ਰੂਪੀ ਪ੍ਰਾਪਤੀਆਂ ਨੂੰ ਆਪਣਾ ਬਣਾਇਆ ਜਾਵੇ।
ਪਲ, ਸਮੇਂ ਦਾ ਇਕ ਕੂਹਣੀ ਮੋੜ। ਇਸ ਤੋਂ ਪਹਿਲਾਂ ਵਾਲੀ ਅਤੇ ਬਾਅਦ ਵਾਲੀ ਜ਼ਿੰਦਗੀ ਸਦਾ ਵੱਖਰੀ। ਕਦੇ ਵੀ ਉਹੀ ਨਹੀਂ ਰਹਿੰਦੀ, ਕਿਉਂਕਿ ਪਲ ਤਾਂ ਤਬਦੀਲੀ ਦਾ ਨਾਮ ਹੈ।
ਪਲ ਵਿਚ ਟੁੱਟੇ ਦੁੱਖਾਂ ਅਤੇ ਪੀੜਾਂ ਦੇ ਪਹਾੜ, ਮਨੁੱਖ ਨੂੰ ਅੰਦਰੋਂ ਮਜਬੂਤ ਕਰਦੇ। ਇਨ੍ਹਾਂ ਵਿਚ ਆਪਣੇ-ਪਰਾਏ ਦੀ ਪਛਾਣ ਹੁੰਦੀ ਕਿ ਕੌਣ ਤੁਹਾਡੀ ਪੀੜ ਨੂੰ ਆਪਣਾ ਹੁਲਾਸ ਬਣਾਉਂਦੇ ਅਤੇ ਕੌਣ ਤੁਹਾਡੀ ਪੀੜ ਵਿਚ ਪੀੜ ਪੀੜ ਹੁੰਦੇ। ਪਲ, ਦਰਅਸਲ ਮਨੁੱਖੀ ਇਮਤਿਹਾਨ ਜਦ ਮਨੁੱਖ ਦੀ ਪਰਖ ਹੁੰਦੀ ਕਿ ਉਹ ਇਨ੍ਹਾਂ ਪਲਾਂ ‘ਚ ਤਿੱੜਕ ਜਾਂਦਾ ਜਾਂ ਸਬੂਤਾ ਰਹਿੰਦਾ।
ਇਕ ਹੀ ਪਲ ‘ਚ ਜਿਉਂਦਾ, ਜਾਗਦਾ, ਹੱਸਦਾ, ਖੇਡਦਾ ਅਤੇ ਜੀਵਨ ਦੇ ਰੰਗ ਤਮਾਸ਼ਿਆਂ ‘ਚ ਵਰਚਿਆ ਮਨੁੱਖ ਮਿੱਟੀ ਦੀ ਢੇਰੀ ਬਣ ਜਾਂਦਾ, ਜਦ ਪਲ ਵਿਚ ਦਿਲ ਦੀ ਧੜਕਣ ਬੰਦ ਹੋ ਜਾਂਦੀ। ਮਨੁੱਖੀ ਜੀਵਨ ਪਲ ਪਲ ਦਾ ਹੀ ਨਾਮ। ਬੀਤੇ ਪਲ ਦਾ ਸ਼ੁਕਰਗੁਜ਼ਾਰ ਤੇ ਆਉਣ ਵਾਲੇ ਪਲ ਲਈ ਆਸਵੰਦ ਰਹੋ। ਅਗਲੇ ਪਲ ਸਾਹ ਆਵੇ, ਨਾ ਆਵੇ, ਇਸ ਦੀ ਕੀ ਗਾਰੰਟੀ!
ਕਈ ਵਾਰ ਕੁਝ ਪਲ ਅਜਿਹੇ ਵੀ ਹੁੰਦੇ, ਜਦ ਲੱਗਦਾ ਕਿ ਧੜਕਣ ਬੰਦ ਹੋ ਗਈ, ਹੁਣ ਕੁਝ ਨਹੀਂ ਬਚਿਆ, ਸਭ ਖਤਮ; ਪਰ ਅਜਿਹਾ ਕੁਝ ਨਹੀਂ ਹੁੰਦਾ। ਜੀਵਨ ਦਾ ਸਫਰ ਜਾਰੀ ਰਹਿੰਦਾ। ਪਲ ਭਰ ਲਈ ਜੀਵਨ-ਤੋਰ ‘ਚ ਆਏ ਅਣਚਾਹੇ ਮੋੜ, ਘਟਨਾਵਾਂ ਜਾਂ ਦੁਰ-ਘਟਨਾਵਾਂ ਹੀ ਅਸਲ ਜੀਵਨ-ਯਾਤਰਾ। ਇਸ ਨੂੰ ਜਾਰੀ ਰੱਖਣਾ ਹੀ ਜੀਵਨ।
ਪਲ ‘ਚ ਲਏ ਕੁਝ ਅਜਿਹੇ ਫੈਸਲੇ ਹੁੰਦੇ, ਜੋ ਮਸਤਕ-ਲਕੀਰਾਂ ਦੀ ਕਲਾ-ਨਕਾਸ਼ੀ ਕਰਦੇ ਅਤੇ ਪੈਰਾਂ ਨੂੰ ਪੈੜਾਂ ਬਖਸ਼ਦੇ।
ਕਦੇ ਕਦੇ ਉਨ੍ਹਾਂ ਪਲਾਂ ਨੂੰ ਵਾਰ ਵਾਰ ਜਿਉਣ ਦੀ ਜਾਚ ਸਿੱਖੋ, ਜਦ ਤੁਸੀਂ ਬਹੁਤ ਖੁਸ਼ ਸਉ, ਪ੍ਰਾਪਤੀਆਂ ਨਾਲ ਲਬਰੇਜ਼ ਸਉ, ਰਾਂਗਲੇ ਸਾਥ ਵਿਚ ਇਲਾਹੀ ਅਤੇ ਅਕਹਿ ਅਨੰਦ ‘ਚ ਜੀਵੇ, ਮਾਂ ਦੀ ਅਸੀਸ ਮਿਲੀ, ਬਾਪ ਦੀ ਛਾਂ ‘ਚ ਤੁਰੇ, ਖਾਲੀ ਬਸਤੇ ਵਿਚ ਕਿਤਾਬਾਂ-ਕਾਪੀਆਂ ਨੇ ਰੌਣਕ ਲਾਈ ਜਾਂ ਰੇਤ ਦੇ ਘਰ ਬਣਾਉਂਦਿਆਂ ਸਾਰੀ ਦੁਪਹਿਰ ਸੁਪਨਸਾਜ਼ੀ ਵਿਚ ਖੁਦ ਤੋਂ ਬੇਖਬਰ ਸਉ। ਉਨ੍ਹਾਂ ਝਿੜਕਾਂ ਨੂੰ ਵੀ ਯਾਦ ਕਰਨਾ, ਜਦ ਚਰਦੀਆਂ ਮੱਝਾਂ ਨੇ ਬਿਗਾਨੇ ਖੇਤਾਂ ਨੂੰ ਉਜਾੜ ਦਿਤਾ ਸੀ ਅਤੇ ਇਸ ਕੁਤਾਹੀ ਦੇ ਭੁਗਤੇ ਖਮਿਆਜ਼ੇ ਨੇ ਸੁਹੰਢਣੇ ਰਾਹ ਅਰਪੇ।
ਮਿੱਤਰ, ਪਿਆਰਿਆਂ, ਮਾਪਿਆਂ, ਪਰਿਵਾਰ ਅਤੇ ਸਹਿਕਰਮੀਆਂ ਨਾਲ ਬਿਤਾਏ ਬਹੁਤ ਹੀ ਪਿਆਰੇ ਪਲਾਂ ਨੂੰ ਚੇਤਿਆਂ ਵਿਚ ਜਰੂਰ ਵਸਾਈ ਰੱਖਣਾ। ਮਨ ਦੀ ਕਿਸੇ ਨੁੱਕਰੇ ਉਨ੍ਹਾਂ ਪਲਾਂ ਨੂੰ ਜਰੂਰ ਥਾਂ ਦੇਣੀ, ਜੋ ਅਤੀਤ ਨੂੰ ਸਦਾ ਯਾਦ ਕਰਵਾਉਂਦੇ ਰਹਿੰਦੇ ਕਿਉਂਕਿ ਮੂਲ ਨਾਲ ਜੁੜਿਆ ਬੰਦਾ ਹੀ ਵਿਕਾਸ ਕਰ ਸਕਦਾ।