ਟ੍ਰਿੱਪਲ ਏਜੰਟ ਹਮਾਮ ਬਲਾਵੀ-2
ਦਹਿਸ਼ਤਪਸੰਦੀ ਨੇ ਸੰਸਾਰ ਦੇ ਬਹੁਤ ਸਾਰੇ ਮੁਲਕ ਆਪਣੀ ਲਪੇਟ ਵਿਚ ਲਏ ਹੋਏ ਹਨ। ਕੌੜਾ ਸੱਚ ਇਹ ਹੈ ਕਿ ਇਸ ਮਸਲੇ ਦਾ ਸਿੱਧਾ ਜਾਂ ਅਸਿੱਧਾ ਸਬੰਧ ਅਮਰੀਕਾ ਨਾਲ ਜੁੜਦਾ ਰਿਹਾ ਹੈ। ‘ਆਫੀਆ ਸਿਦੀਕੀ ਦਾ ਜਹਾਦ’ ਵਰਗਾ ਇਤਿਹਾਸਕ ਨਾਵਲ ਲਿਖਣ ਵਾਲੇ ਉਮਦਾ ਲਿਖਾਰੀ ਹਰਮਹਿੰਦਰ ਚਹਿਲ ਨੇ ਇਸ ਲੇਖ ਵਿਚ ਇਕ ਅਜਿਹੇ ਸ਼ਖਸ ਦਾ ਜੀਵਨ ਸਾਡੇ ਨਾਲ ਸਾਂਝਾ ਕੀਤਾ ਹੈ, ਜਿਸ ਦੀਆਂ ਲੜੀਆਂ ਦਹਿਸ਼ਤ ਦੀਆਂ ਖੂੰਖਾਰ ਕੜੀਆਂ ਨਾਲ ਜੁੜੀਆਂ ਹੋਈਆਂ ਹਨ। ਇਸ ਲਿਖਤ ਤੋਂ ਇਹ ਕਨਸੋਅ ਵੀ ਮਿਲਦੀ ਹੈ ਕਿ ਦਹਿਸ਼ਤਪਸੰਦੀ ਦੀ ਦੁਨੀਆਂ ਦੀਆਂ ਕਿੰਨੀਆਂ ਅਣਫੋਲੀਆਂ ਪਰਤਾਂ ਹਨ, ਜੋ ਆਮ ਲੋਕਾਂ ਦੇ ਸਾਹਮਣੇ ਕਦੀ ਆਉਂਦੀਆਂ ਹੀ ਨਹੀਂ। ਇਸ ਲੰਮੇ ਲੇਖ ਦੀ ਦੂਜੀ ਕੜੀ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। ਪਿਛਲੇ ਅੰਕ ਵਿਚ ਛਪੀ ਪਹਿਲੀ ਕੜੀ ਵਿਚ ਹਮਾਮ ਬਲਾਵੀ ਦੇ ਪਿਛੋਕੜ ਅਤੇ ਸ਼ੁਰੂਆਤੀ ਦੌਰ ਬਾਰੇ ਵੇਰਵੇ ਸਨ।
-ਸੰਪਦਕ
ਹਰਮਹਿੰਦਰ ਚਹਿਲ
ਫੋਨ: 703-362-3239
ਸਾਲ 2009 ਦੀਆਂ ਗਰਮੀਆਂ ਦੇ ਦਿਨੀਂ ਅਮਰੀਕਾ ਨੇ ਆਪਣਾ ਸਾਰਾ ਜ਼ੋਰ ਪਾਕਿਸਤਾਨ ਦੇ ਉਤਰ-ਪੱਛਮੀ ਕੋਨੇ ‘ਤੇ ਲਾਇਆ ਹੋਇਆ ਸੀ। ਫੌਜ ਦੀ ਗੁਪਤ ਤਾਕਤਵਰ ਸੂਹੀਆ ਸੈਟੇਲਾਈਟ ਨੇ ਇਹ ਇਲਾਕਾ ਆਪਣੇ ਘੇਰੇ ‘ਚ ਲਿਆ ਹੋਇਆ ਸੀ। ਹਰ ਤਰ੍ਹਾਂ ਦਾ ਸੂਹੀਆ ਯੰਤਰ ਇਸ ਇਲਾਕੇ ‘ਚ ਫਿੱਟ ਕੀਤਾ ਹੋਇਆ ਸੀ। ਹਰ ਤਰ੍ਹਾਂ ਦੇ ਕੈਮਰੇ ਉਪਰ ਡਰੋਨਾਂ ਵਿਚ ਫਿੱਟ ਸਨ। ਧਰਤੀ ‘ਤੇ ਵੀ ਉਨ੍ਹਾਂ ਦੇ ਮੁਖਬਰ ਚੱਪੇ-ਚੱਪੇ ਦੀ ਨਿਗਰਾਨੀ ਕਰ ਰਹੇ ਸਨ। ਇਸ ਸਭ ਦਾ ਕਾਰਨ ਸੀ ਕਿ ਸਾਊਥ ਏਸ਼ੀਆ ਦਾ ਸਭ ਤੋਂ ਤਾਕਤਵਰ ਅਤਿਵਾਦੀ ਬੈਤੁੱਲਾ ਮਸੂਦ ਇਸ ਇਲਾਕੇ ‘ਚ ਰਹਿ ਰਿਹਾ ਸੀ। ਬੈਤੁੱਲਾ ਮਸੂਦ ਤੋਂ ਉਸ ਦੀ ਆਪਣੀ ਪਾਕਿਸਤਾਨ ਸਰਕਾਰ ਵੀ ਥਰ-ਥਰ ਕੰਬਦੀ ਸੀ। ਅਮਰੀਕਾ ਪੂਰੀ ਤਾਕਤ ਨਾਲ ਉਸ ਪਿੱਛੇ ਲੱਗਾ ਹੋਇਆ ਸੀ। ਹੁਣ ਤੱਕ ਡਰੋਨਜ਼ ਰਾਹੀਂ ਕਿੰਨੇ ਹੀ ਅਤਿਵਾਦੀ ਢੇਰ ਕੀਤੇ ਜਾ ਚੁਕੇ ਸਨ ਪਰ ਮਸੂਦ ਦਾ ਕੋਈ ਥਹੁ-ਪਤਾ ਨਹੀਂ ਸੀ ਲੱਗ ਰਿਹਾ।
ਇਨ੍ਹੀਂ ਦਿਨੀਂ ਇਕ ਟੇਪ ਦੀ ਰਿਕਾਰਡਿੰਗ ਮਿਲੀ, ਜੋ ਕਿਸੇ ਡਰੋਨ ਵਲੋਂ ਰਿਕਾਰਡ ਕੀਤੀ ਗਈ ਸੀ। ਇਹ ਦੱਖਣੀ ਵਜ਼ੀਰਿਸਤਾਨ ਦੇ ਇਲਾਕੇ ਦੀ ਸੀ। ਦੋ ਅਤਿਵਾਦੀ ਗੱਲਾਂ ਕਰ ਰਹੇ ਸਨ। ਭਾਸ਼ਾ ਭਾਵੇਂ ਪਸ਼ਤੋ ਸੀ, ਪਰ ਜਦੋਂ ਵਿਚ ਲਫਜ਼ ‘ਐਤਮੀ’ ਆਇਆ ਤਾਂ ਸੁਣਨ ਵਾਲੇ ਦੇ ਕੰਨ ਖੜ੍ਹੇ ਹੋ ਗਏ। ਉਹ ਸਮਝ ਗਿਆ ਕਿ ਲੋਕਲ ਭਾਸ਼ਾ ਮੁਤਾਬਕ ਐਤਮੀ ਦਾ ਮਤਲਬ ਐਟਮ ਹੈ। ਗੱਲ ਅਮਰੀਕੀ ਸੀ. ਆਈ. ਏ. ਦੇ ਮੁਖੀ ਲਿਓਨ ਪੈਨੇਟਾ ਤੱਕ ਜਾ ਪਹੁੰਚੀ। ਇਹ ਬੜੀ ਫਿਕਰ ਵਾਲੀ ਗੱਲ ਸੀ। ਪੂਰੀ ਟੇਪ ਸੁਣ ਕੇ ਉਸ ਦਾ ਤਰਜਮਾ ਕੀਤਾ ਗਿਆ। ਇਹ ਮਸੂਦ ਦੇ ਮਜ਼ਹਬੀ ਸ਼ੱਰਾ ਦੀ ਮੀਟਿੰਗ ‘ਚੋਂ ਰਿਕਾਰਡ ਹੋਏ ਲਫਜ਼ ਸਨ। ਪੂਰੀ ਗੱਲ ਇਹ ਸੀ ਕਿ ਸ਼ੱਰਾ ਇਸ ਗੱਲ ‘ਤੇ ਬਹਿਸ ਕਰ ਰਿਹਾ ਸੀ ਕਿ ਮਸੂਦ ਵਲੋਂ ਐਟਮੀ ਤਾਕਤ ਵਰਤਣੀ ਇਸਲਾਮਿਕ ਲਾਅ ਮੁਤਾਬਕ ਸਹੀ ਹੈ ਜਾਂ ਨਹੀਂ। ਇਹ ਸਭ ਸੁਣਦਿਆਂ ਹਰ ਪਾਸੇ ਤਹਿਲਕਾ ਮੱਚ ਗਿਆ। ਮਤਲਬ ਸਾਫ ਸੀ ਕਿ ਮਸੂਦ ਕੋਲ ਐਟਮੀ ਬੰਬ ਹੈ। ਅਮਰੀਕਾ ਦਾ ਟਾਪ ਡਿਪਲੋਮੈਟ ਉਸੇ ਵੇਲੇ ਪਾਕਿਸਤਾਨ ਸਰਕਾਰ ਕੋਲ ਜਾ ਪਹੁੰਚਾ। ਉਸ ਵੇਲੇ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਸੀ। ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਅਮਰੀਕਨਾਂ ਨਾਲੋਂ ਵੀ ਵੱਧ ਫਿਕਰਮੰਦ ਹੋ ਗਿਆ। ਉਸ ਦੇ ਬੋਲ ਸਨ, “ਮਸੂਦ ਜਿੰਨੀ ਛੇਤੀ ਹੋ ਸਕਿਆ, ਇਹ ਐਟਮੀ ਬੰਬ ਸਾਡੇ ਖਿਲਾਫ ਹੀ ਵਰਤੇਗਾ। ਇਸ ਕਰਕੇ ਉਸ ਦਾ ਖਾਤਮਾ ਬਹੁਤ ਜ਼ਰੂਰੀ ਹੈ।”
ਇਸ ਐਟਮੀ ਹਥਿਆਰ ਦੀ ਗੱਲ ਨੇ ਸਾਰੀ ਦੁਨੀਆਂ ਨੂੰ ਹੀ ਸੋਚ ਵਿਚ ਪਾ ਦਿੱਤਾ। ਵੱਡੇ-ਵੱਡੇ ਵਿਗਿਆਨੀ ਅਤੇ ਇਸ ਹਥਿਆਰ ਦੇ ਮਾਹਰ ਮਿਲ ਬੈਠੇ। ਸਭ ਤੋਂ ਪਹਿਲਾਂ ਪਾਕਿਸਤਾਨ ਦਾ ਐਟਮੀ ਹਥਿਆਰਾਂ ਦਾ ਜਖੀਰਾ ਚੈੱਕ ਕੀਤਾ ਗਿਆ। ਉਹ ਪੂਰਾ ਸੀ, ਭਾਵ ਉਥੋਂ ਕੁਝ ਚੋਰੀ ਨਹੀਂ ਸੀ ਹੋਇਆ। ਫਿਰ ਹੋਰ ਸੰਭਾਵੀ ਥਾਂਵਾਂ ਦਾ ਨਿਰੀਖਣ ਕੀਤਾ ਗਿਆ। ਨਤੀਜਾ ਇਹ ਨਿਕਲਿਆ ਕਿ ਬੈਤੁੱਲਾ ਮਸੂਦ ਕੋਲ ਕੋਈ ਐਟਮੀ ਹਥਿਆਰ ਨਹੀਂ ਹੈ। ਜਾਂ ਤਾਂ ਉਹ ਗੱਪ ਮਾਰ ਰਿਹਾ ਹੈ, ਜਾਂ ਕੋਈ ਹੋਰ ਗੱਲ ਹੈ। ਇਸ ਬਾਰੇ ਪੜਤਾਲ ਹੁੰਦੀ ਰਹੀ। ਆਖਰ ਨਤੀਜਾ ਇਹ ਨਿਕਲਿਆ ਕਿ ਉਸ ਕੋਲ ਐਟਮੀ ਹਥਿਆਰ ਨਹੀਂ ਹੈ ਸਗੋਂ ਉਹ ਕਿਸੇ ਹੋਰ ਹਥਿਆਰ ਨੂੰ ਐਟਮੀ ਹਥਿਆਰ ਕਹਿ ਰਿਹਾ ਹੈ। ਇਸ ਦਾ ਨਿਚੋੜ ਵੀ ਨਿੱਕਲ ਆਇਆ ਕਿ ਹੋ ਸਕਦਾ ਹੈ, ਉਸ ਕੋਲ ਡਰਟੀ ਬੰਬ ਹੋਵੇ। ਡਰਟੀ ਬੰਬ ਤੱਕ ਮਸੂਦ ਦੀ ਪਹੁੰਚ ਸੁਖਾਲੀ ਸੀ ਪਰ ਡਰਟੀ ਬੰਬ ਕਿਹੜਾ ਘੱਟ ਖਤਰਨਾਕ ਸੀ। ਇਸ ਵਿਚ ਗੈਸ ਭਰੀ ਹੁੰਦੀ ਹੈ। ਜਿੱਥੇ ਜਾ ਡਿੱਗਾ, ਗੈਸ ਨਾਲ ਹੀ ਹਜ਼ਾਰਾਂ ਜਾਨਾਂ ਲੈ ਸਕਦਾ ਹੈ।
ਪਾਕਿਸਤਾਨੀ ਸਦਰ ਜ਼ਰਦਾਰੀ ਬਹੁਤ ਫਿਕਰਮੰਦ ਸੀ। ਉਨ੍ਹੀਂ ਦਿਨੀਂ ਉਸ ਦੀ ਮਸੂਦ ਨਾਲ ਸਿੱਧੀ ਲੜਾਈ ਚੱਲ ਰਹੀ ਸੀ। ਮਸੂਦ ਨੇ ਉਸ ਨੂੰ ਧਮਕੀ ਵੀ ਦਿੱਤੀ ਸੀ ਕਿ ਉਹ ਪਾਕਿਸਤਾਨ ਦਾ ਕੋਈ ਪੂਰਾ ਸ਼ਹਿਰ ਹੀ ਉਡਾ ਦੇਵੇਗਾ। ਜ਼ਰਦਾਰੀ ਨੇ ਅਮਰੀਕਨਾਂ ਨੂੰ ਨਿਜੀ ਬੇਨਤੀ ਕੀਤੀ ਕਿ ਜਿਵੇਂ ਵੀ ਹੋ ਸਕਦਾ ਹੈ, ਮਸੂਦ ਦਾ ਕੰਡਾ ਛੇਤੀ ਕੱਢੋ। ਸੋ, ਮੀਟਿੰਗਾਂ ਵਗੈਰਾ ਖਤਮ ਹੋਈਆਂ ਤਾਂ ਅਮਰੀਕਾ ਨੇ ਵਾਕਿਆ ਹੀ ਉਸ ਇਲਾਕੇ ਦੀ ਘੇਰਾਬੰਦੀ ਹੋਰ ਤੰਗ ਕਰ ਦਿੱਤੀ। ਹੁਣ ਅਮਰੀਕਨ ਉਸ ਇਲਾਕੇ ਦੇ ਇਕੱਲੇ-ਇਕੱਲੇ ਘਰ ਦੀ ਨਿਗਰਾਨੀ ਕਰ ਰਹੇ ਸਨ। ਕੱਚੇ ਘਰ, ਟੁੱਟੇ-ਫੁੱਟੇ ਕੋਠੜੇ, ਇਥੋਂ ਤੱਕ ਕਿ ਭੇਡਾਂ ਦੇ ਵਾੜੇ ਵੀ ਅਮਰੀਕਾ ਦੇ ਰਾਡਾਰ ‘ਤੇ ਸਨ। ਕਿਧਰੇ ਪੰਛੀ ਵੀ ਪਰ ਮਾਰਦਾ ਤਾਂ ਏਜੰਸੀ ਦੇ ਦਫਤਰ ‘ਚ ਬੈਠੇ ਕਾਮਿਆਂ ਨੂੰ ਪਤਾ ਲੱਗ ਜਾਂਦਾ ਸੀ।
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜੋ ਵੀ ਡਰੋਨ ਉਸ ਇਲਾਕੇ ‘ਚ ਘੁੰਮ ਰਹੇ ਸਨ, ਉਂਜ ਭਾਵੇਂ ਉਨ੍ਹਾਂ ‘ਚ ਕੋਈ ਪਾਇਲਟ ਨਹੀਂ ਸੀ, ਪਰ ਉਨ੍ਹਾਂ ਦੇ ਅਸਲੀ ਪਾਇਲਟ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਦੇ ਬਾਹਰ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਕਿਸੇ ਕਮਰੇ ‘ਚ ਬੈਠੇ ਸਨ। ਇਕ ਕਮਰੇ ਵਿਚ ਦੋ ਪਾਇਲਟ ਬਹਿੰਦੇ ਸਨ। ਜੋ ਅੱਠ ਘੰਟੇ ਦੀ ਸ਼ਿਫਟ ਲਾ ਕੇ ਯੰਤਰ ਅਗਲੀ ਟੀਮ ਦੇ ਹਵਾਲੇ ਕਰ ਜਾਂਦੇ ਸਨ। ਉਨ੍ਹਾਂ ਕੋਲ ਕੋਈ ਵੀ ਡਾਟਾ ਆਉਂਦਾ ਤਾਂ ਉਹ ਝੱਟ ਸੀ. ਆਈ. ਏ. ਦੀ ਟੀਮ ਨਾਲ ਰਾਬਤਾ ਕਰਦੇ। ਸਕਰੀਨ ਸਭ ਦੇ ਸਾਂਝੇ ਸਨ। ਜਦੋਂ ਡਰੋਨ ਕਿਸੇ ਟਾਰਗੈਟ ਨੂੰ ਘੇਰ ਲੈਂਦਾ ਤਾਂ ਕਈ ਜਣੇ ਉਸ ਦੀ ਪੂਰੀ ਪਛਾਣ ਕਰਦੇ। ਆਪਣੀ ਤਸੱਲੀ ਕਰਨ ਪਿਛੋਂ ਹੀ ਉਹ ਅਗਲੀ ਟੀਮ ਤੱਕ ਪਹੁੰਚ ਕਰਦੇ। ਅਗਲੀ ਟੀਮ ਆਪਣੀ ਤਸੱਲੀ ਪਿਛੋਂ ਸਿੱਧਾ ਸੀ. ਆਈ. ਏ. ਦੇ ਮੁਖੀ ਪੈਨੇਟਾ ਨਾਲ ਰਾਬਤਾ ਕਾਇਮ ਕਰਦੀ। ਮਿਸਟਰ ਪੈਨੇਟਾ ਉਨ੍ਹਾਂ ਸਭ ਦੀ ਜਾਣਕਾਰੀ ਮੁਤਾਬਕ ਫੈਸਲਾ ਕਰਦਿਆਂ ਕਹਿੰਦਾ ਸੀ, “ਗੋ।” ਬਸ ਇਸ ਇਕ ਲਫਜ਼ ਦੀ ਉਡੀਕ ਕਮਰੇ ‘ਚ ਬੈਠੇ ਪਾਇਲਟ ਕਰ ਰਹੇ ਹੁੰਦੇ। ਪਲਾਂ ‘ਚ ਬਟਨ ਦੱਬਿਆ ਤੇ ਅੱਗੇ ਸਭ ਕੁਝ ਤਬਾਹ। ਡਰੋਨ ਵਲੋਂ ਛੱਡੀ ਮਿਜ਼ਾਇਲ ਇੰਨੀ ਸੂਖਮ ਹੁੰਦੀ ਸੀ ਕਿ ਕੱਚੀਆਂ ਕੰਧਾਂ ਵਿਚੋਂ ਸੂਈ ਵਾਂਗ ਲੰਘ ਜਾਂਦੀ। ਕੋਈ ਖੜਕਾ ਨਹੀਂ ਸੀ ਹੁੰਦਾ। ਬੱਸ ਉਦੋਂ ਹੀ ਪਤਾ ਲੱਗਦਾ, ਜਦੋਂ ਕੋਈ ਘਰ ਢਹਿ-ਢੇਰੀ ਹੋ ਜਾਂਦਾ ਤੇ ਅੰਦਰ ਬੈਠੇ ਅਤਿਵਾਦੀ ਢੇਰ ਹੋ ਜਾਂਦੇ। ਇਸ ਇਲਾਕੇ ‘ਚ ਡਰੋਨਾਂ ਨੇ ਕਹਿਰ ਮਚਾਇਆ ਹੋਇਆ ਸੀ। ਸਾਰਾ ਦਿਨ ਅਸਮਾਨ ‘ਚ ਕੁਝ ਨਾ ਕੁਝ ਘੁੰਮਦਾ ਰਹਿੰਦਾ। ਇਸ ਕਰਕੇ ਅਤਿਵਾਦੀ ਬੜੀ ਸਾਵਧਾਨੀ ਵਰਤਦੇ ਸਨ, ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਡਰੋਨ ਤਾਂ ਇਹ ਵੀ ਪਤਾ ਲਾ ਲੈਂਦਾ ਸੀ ਕਿ ਟਾਰਗੈਟ ਦੇ ਪੈਰੀਂ ਜੁੱਤੀ ਕਿਸ ਰੰਗ ਦੀ ਹੈ।
ਏਜੰਸੀ ਟੀਮ ਨੇ ਚੌਵੀ ਘੰਟੇ ਦੀ ਸਕਰੀਨਿੰਗ ਦੌਰਾਨ ਰਿਪੋਰਟ ਬਣਾ ਲਈ ਕਿ ਦੱਖਣੀ ਵਜ਼ੀਰਿਸਤਾਨ ਦੇ ਛੋਟੇ ਜਿਹੇ ਸ਼ਹਿਰ ਮਾਕੀਨ ਵਿਚ ਬੈਤੁੱਲਾ ਮਸੂਦ, ਸਰਾਜੂਦੀਨ ਹਕਾਨੀ ਅਤੇ ਅਬੂ ਅਲ-ਲੀਬੀ ਜਿਹੇ ਉਚ ਕੋਟੀ ਦੇ ਅਤਿਵਾਦੀਆਂ ਦੀ ਮੀਟਿੰਗ ਹੋਈ ਹੈ। ਇਸ ਤੋਂ ਅਗਲੇ ਦਿਨ ਹੀ ਪਤਾ ਲੱਗਾ ਕਿ ਡਰੋਨ ਨੇ ਇਕ ਹੋਰ ਅਤਿਵਾਦੀ ਢੇਰ ਕਰ ਲਿਆ ਹੈ, ਜੋ ਮਸੂਦ ਦਾ ਬਹੁਤ ਨੇੜਲਾ ਹੈ। ਹੁਣ ਏਜੰਸੀ ਨੂੰ ਪੂਰਾ ਯਕੀਨ ਸੀ ਕਿ ਮਸੂਦ ਉਸ ਦੇ ਜਨਾਜ਼ੇ ਨਾਲ ਜਾਵੇਗਾ ਅਤੇ ਉਥੇ ਹੀ ਉਸ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਮਸੂਦ ਜਨਾਜ਼ੇ ਨਾਲ ਜਾਣ ਦੀ ਥਾਂ ਪਹਿਲਾਂ ਹੀ ਅਫਸੋਸ ਕਰਕੇ ਛੁਪ ਗਿਆ ਪਰ ਉਸ ਦੀ ਥਾਂ ਇਕ ਹੋਰ ਅਤਿਵਾਦੀ ਖਵਾਜਾ ਵਲੀ ਮਸੂਦ, ਵਾਨਾ ਸ਼ਹਿਰ ਦੇ ਨੇੜੇ ਇਕ ਘਰ ਵਿਚ ਡਰੋਨ ਦਾ ਨਿਸ਼ਾਨਾ ਬਣ ਗਿਆ ਅਤੇ ਸਦਾ ਲਈ ਅਲਵਿਦਾ ਕਹਿ ਗਿਆ। ਨਾਲ ਚੋਟੀ ਦੇ ਚਾਰ ਹੋਰ ਅਤਿਵਾਦੀ ਡਰੋਨ ਦੀ ਭੇਟ ਚੜ੍ਹ ਗਏ। ਹੁਣ ਜਦੋਂ ਇਨ੍ਹਾਂ ਅਤਿਵਾਦੀਆਂ ਦੇ ਜਨਾਜ਼ੇ ਨਿਕਲੇ ਤਾਂ ਡਰੋਨ ਫਿਰ ਹਰਕਤ ‘ਚ ਆ ਗਿਆ। ਜਨਾਜ਼ੇ ਤੋਂ ਮੁੜਦੇ ਲੋਕਾਂ ‘ਚੋਂ ਪਛਾਣ ਕੇ ਤਿੰਨ ਮਿਜ਼ਾਇਲਾਂ ਛੱਡੀਆਂ ਗਈਆਂ। ਦੋ ਅਤਿਵਾਦੀ ਹੋਰ ਮਾਰੇ ਗਏ। ਏਜੰਸੀ ਦੋ ਦਿਨ ਉਡੀਕਦੀ ਰਹੀ; ਅਖੀਰ ਖਬਰ ਮਿਲੀ ਕਿ ਬੈਤੁੱਲਾ ਮਸੂਦ ਇਥੇ ਵੀ ਨਹੀਂ ਸੀ ਆਇਆ। ਹੁਣ ਅਮਰੀਕਨਾਂ ਦਾ ਮੁੱਖ ਨਿਸ਼ਾਨਾ ਮਸੂਦ ਸੀ, ਪਰ ਉਹ ਧੱਕੇ ਨਹੀਂ ਸੀ ਚੜ੍ਹ ਰਿਹਾ।
ਉਧਰ ਹਮਾਮ ਬਲਾਵੀ ਇਸਲਾਮਾਬਾਦ ਏਅਰਪੋਰਟ ਉਤਰਿਆ ਅਤੇ ਆਪੇ ਹੀ ਪੁੱਛ-ਪੁਛਾ ਕੇ ਉਤਰ-ਪੱਛਮੀ ਪਾਕਿਸਤਾਨੀ ਇਲਾਕੇ ‘ਚ ਪਹੁੰਚ ਗਿਆ। ਸੀ. ਆਈ. ਏ. ਦੇ ਜ਼ਮੀਨੀ ਮੁਖਬਰ ਉਸ ਦੀ ਹਰ ਗਤੀਵਿਧੀ ਦੇਖ ਰਹੇ ਸਨ। ਉਸ ਨੇ ਆਪਣੇ ਵੱਡੇ ਟੁੱਟੇ ਜਿਹੇ ਅਟੈਚੀਆਂ ਨਾਲ ਪਿਸ਼ਾਵਰ ਦਾ ਬਾਰਡਰ ਪਾਰ ਕੀਤਾ ਅਤੇ ਉਸ ਪਿਛੋਂ ਬਸ ਅੱਡੇ ਜਾ ਪੁੱਜਾ। ਉਥੋਂ ਉਹ ਬਾਨੂੰ ਲਈ ਬਸ ਚੜ੍ਹਿਆ ਪਰ ਇਸ ਤੋਂ ਅੱਗੇ ਉਹ ਸੀ. ਆਈ. ਏ. ਦੇ ਜ਼ਮੀਨੀ ਮੁਖਬਰਾਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ। ਕਿਸੇ ਨੂੰ ਕੋਈ ਪਤਾ ਨਾ ਲੱਗਾ ਕਿ ਉਹ ਕਿਧਰ ਨੂੰ ਨਿਕਲ ਗਿਆ। ਉਹ ਦੁਨੀਆਂ ਦੇ ਬਹੁਤ ਹੀ ਖਤਰਨਾਕ ਇਲਾਕੇ ‘ਚ ਆ ਪੁੱਜਾ ਸੀ, ਜਿੱਥੇ ਅਤਿਵਾਦੀਆਂ ਤੋਂ ਬਿਨਾ ਕਿਸੇ ਦਾ ਰਾਜ ਨਹੀਂ ਸੀ ਚੱਲਦਾ, ਪਰ ਉਹ ਸਭ ਏਜੰਸੀਆਂ ਦੇ ਰਾਡਾਰ ਤੋਂ ਪਾਸੇ ਹੋ ਚੁਕਾ ਸੀ।
ਉਧਰ ਜਾਰਡਨ ਦਾ ਮੁਖਾਬਰਤ ਦਾ ਅਫਸਰ ਬਿਨ ਜ਼ਈਦ ਬੜਾ ਪ੍ਰੇਸ਼ਾਨ ਸੀ। ਕਿੰਨੇ ਹੀ ਦਿਨ ਲੰਘ ਚੁਕੇ ਸਨ, ਪਰ ਬਲਾਵੀ ਦਾ ਕੋਈ ਥਹੁ-ਪਤਾ ਨਹੀਂ ਸੀ ਲੱਗ ਰਿਹਾ। ਉਸ ਨੂੰ ਡਰ ਸੀ ਕਿ ਅਣਸਿਖਿਅਤ ਸ਼ਰਮਾਕਲ ਜਿਹਾ ਡਾਕਟਰ ਅਲ-ਕਾਇਦਾ, ਤਾਲਿਬਾਨ, ਤਹਿਰੀਕੇ-ਤਾਲਿਬਾਨ ਅਤੇ ਹਕਾਨੀ ਨੈੱਟਵਰਕ ਦੇ ਬਿਲਕੁਲ ਵਿਚਾਲੇ ਜਾ ਕੇ ਕਿਵੇਂ ਅਡਜਸਟ ਕਰੇਗਾ? ਜਦੋਂ ਉਸ ਨੂੰ ਭੇਜਣ ਦੀ ਤਿਆਰੀ ਹੋ ਰਹੀ ਸੀ ਤਾਂ ਬਿਨ ਜ਼ਈਦ ਦੇ ਅਮਰੀਕਨ ਭਾਈਵਾਲ ਇਸ ਵਾਸਤੇ ਬਿਲਕੁਲ ਤਿਆਰ ਨਹੀਂ ਸਨ। ਉਨ੍ਹਾਂ ਮੁਤਾਬਕ ਅਣਸਿਖਿਅਤ ਏਜੰਟ ਨੂੰ ਦੁਸ਼ਮਣ ਦੇ ਘਰ ਭੇਜਣਾ ਵੱਡੇ ਖਤਰੇ ਦੀ ਗੱਲ ਹੈ, ਪਰ ਬਿਨ ਜ਼ਈਦ ਨੂੰ ਕਾਹਲੀ ਸੀ। ਉਸ ਅੰਦਰ ਕਿਧਰੇ ਇਹ ਵੀ ਸੀ ਕਿ ਚਲੋ, ਮੁੱਖ ਅਤਿਵਾਦੀਆਂ ਨੂੰ ਮਰਵਾ ਕੇ ਬਲਾਵੀ ਆਪਣਾ ਇਨਾਮ ਲੈ ਜਾਵੇਗਾ, ਇਧਰ ਮੁਖਾਬਰਤ ‘ਚ ਉਸ ਦੀ ਚੜ੍ਹਾਈ ਹੋ ਜਾਵੇਗੀ ਤੇ ਫਿਰ ਮੁਖੀ ਦੀ ਪੋਸਟ ‘ਤੇ ਪਹੁੰਚਣਾ ਉਸ ਲਈ ਬਹੁਤ ਸੁਖਾਲਾ ਹੋ ਜਾਵੇਗਾ; ਪਰ ਹੁਣ ਉਹ ਸਿਰ ਫੜੀ ਬੈਠਾ ਸੀ। ਉਸ ਨੇ ਬਲਾਵੀ ਲਈ ਵੱਖਰੀ ਸੀਕਰਟ ਈਮੇਲ ਸਥਾਪਤ ਕੀਤੀ ਸੀ, ਜਿਸ ਨੂੰ ਬਲਾਵੀ ਜਾਂ ਬਿਨ ਜ਼ਈਦ ਤੋਂ ਬਿਨਾ ਕੋਈ ਕਿਸੇ ਵੀ ਤਰ੍ਹਾਂ ਖੋਲ੍ਹ ਹੀ ਨਹੀਂ ਸੀ ਸਕਦਾ। ਉਹ ਹਰ ਰੋਜ਼ ਸਵੇਰੇ ਹੀ ਉਸ ਈਮੇਲ ਵਲ ਝਾਤੀ ਮਾਰਦਾ, ਪਰ ਉਸ ‘ਤੇ ਕੋਈ ਸਰਗਰਮੀ ਨਾ ਹੋਈ ਹੁੰਦੀ। ਕਈ ਵਾਰੀ ਤਾਂ ਉਸ ਨੂੰ ਰਾਤੀਂ ਜਾਗ ਆ ਜਾਂਦੀ ਤਾਂ ਉਹ ਉਸ ਈਮੇਲ ਵਲ ਜ਼ਰੂਰ ਝਾਤੀ ਮਾਰਦਾ ਪਰ ਕਈ ਮਹੀਨੇ ਗੁਜ਼ਰ ਗਏ, ਬਲਾਵੀ ਦੀ ਕੋਈ ਖਬਰ ਨਹੀਂ ਸੀ। ਆਖਰ ਉਸ ਨੂੰ ਲੱਗਣ ਲੱਗਾ ਕਿ ਬਲਾਵੀ ਦੁਸ਼ਮਣਾਂ ਹੱਥੋਂ ਮਾਰਿਆ ਜਾ ਚੁਕਾ ਹੈ। ਉਸ ਦੇ ਦਿਲ ‘ਚ ਕਿਧਰੇ ਪਛਤਾਵਾ ਜ਼ਰੂਰ ਸੀ। ਹੁਣ ਉਹ ਉਸ ਈਮੇਲ ਵਲੋਂ ਧਿਆਨ ਹਟਾਉਣ ਲੱਗ ਪਿਆ।
ਫਿਰ ਮਾਰਚ ਮਹੀਨੇ ਉਸ ਨੇ ਅਚਾਨਕ ਹੀ ਉਸ ਈਮੇਲ ਵਲ ਝਾਤੀ ਮਾਰੀ ਤਾਂ ਉਸ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਕੋਡ ਭਾਸ਼ਾ ‘ਚ ਈਮੇਲ ਲਿਖੀ ਹੋਈ ਸੀ, ਜਿਸ ਦਾ ਮਤਲਬ ਸੀ, “ਮੈਂ ਬਲਾਵੀ ਹਾਂ। ਜਿੱਥੇ ਪਹੁੰਚਣਾ ਸੀ, ਪਹੁੰਚ ਗਿਆਂ।” ਅੱਗੇ ਉਸ ਨੇ ਲਿਖਿਆ ਸੀ ਕਿ ਮੈਂ ਇਥੇ ਛੋਟੇ ਜਿਹੇ ਸ਼ਹਿਰ ਵਾਨਾ ‘ਚ ਰਹਿ ਰਿਹਾ ਹਾਂ। ਮੈਂ ਆਪਣੀ ਜਾਸੂਸ ਦੀ ਜਾਬ ਹੌਲੀ-ਹੌਲੀ ਰਾਹ ‘ਤੇ ਲੈ ਆਂਦੀ ਹੈ। ਇਥੇ ਵੱਡੇ ਸ਼ਹਿਰਾਂ ਵਾਂਗ ਮਾਰਕਿਟ ਵਿਚ ਫੋਨ ਦੀ ਸਹੂਲਤ ਹੈ। ਇਸ ਤੋਂ ਇਲਾਵਾ ਕੰਪਿਊਟਰ ਵਗੈਰਾ ਵੀ ਹੈ। ਮੈਂ ਇਥੋਂ ਹੀ ਕੰਪਿਊਟਰ ਵਰਤਦਾ ਰਹਾਂਗਾ। ਉਸ ਨੇ ਅੱਗੇ ਲਿਖਿਆ ਸੀ ਕਿ ਉਹ ਹੌਲੀ-ਹੌਲੀ ਤਹਿਰੀਕੇ-ਤਾਲਿਬਾਨ ਨਾਲ ਸਬੰਧ ਬਣਾ ਰਿਹਾ ਹੈ। ਉਹ ਉਨ੍ਹਾਂ ਨੂੰ ਕਹਿ ਰਿਹਾ ਹੈ ਕਿ ਉਹ ਜਾਰਡਨ ‘ਚ ਚੰਗੀ ਭਲੀ ਨੌਕਰੀ ਛੱਡ ਕੇ ਇਥੇ ਜਹਾਦ ‘ਚ ਹਿੱਸਾ ਲੈਣ ਆਇਆ ਹੈ। ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਡਾਕਟਰ ਹੈ, ਇਸ ਕਰਕੇ ਡਾਕਟਰੀ ਕਿੱਤੇ ਨੂੰ ਜਹਾਦ ਦੇ ਲੇਖੇ ਲਾਵੇਗਾ। ਉਸ ਮੁਤਾਬਕ ਇਸ ਗੱਲ ‘ਚ ਉਸ ਨੂੰ ਕਾਮਯਾਬੀ ਵੀ ਮਿਲ ਜਾਵੇਗੀ, ਕਿਉਂਕਿ ਤਾਲਿਬਾਨ ਨੂੰ ਡਾਕਟਰੀ ਸਹੂਲਤਾਂ ਦੀ ਲੋੜ ਪੈਂਦੀ ਹੈ ਤਾਂ ਬੜੀ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਦੀ ਇਸੇ ਮੁਸ਼ਕਿਲ ਨੂੰ ਉਹ ਆਪਣੇ ਹੱਕ ‘ਚ ਵਰਤੇਗਾ। ਉਸ ਮੁਤਾਬਕ ਉਸ ਨੇ ਹੇਠਲੀ ਪੱਧਰ ਦੇ ਤਾਲਿਬਾਨ ਨਾਲ ਸਬੰਧ ਬਣਾ ਲਏ ਹਨ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਇਥੇ ਉਸ ਦਾ ਜਹਾਦੀ ਹਸਪਤਾਲ ਖੋਲ੍ਹਣ ‘ਚ ਮਦਦ ਕਰਨ। ਉਹ ਇਕ ਵਾਰ ਗਰੁੱਪ ਦੇ ਅੰਦਰ ਵੜ ਗਿਆ ਤਾਂ ਸਭ ਨਾਲ ਸਬੰਧ ਬਣਾ ਲਵੇਗਾ।
ਬਲਾਵੀ ਦੀ ਇਸ ਲਾਈਨ ਨੇ ਤਾਂ ਬਿਨ ਜ਼ਈਦ ਨੂੰ ਖੁਸ਼ੀ ‘ਚ ਉਛਲਣ ਹੀ ਲਾ ਦਿੱਤਾ ਕਿ ਆਈਮਨ ਅਲ-ਜਵਾਹਰੀ ਇਸੇ ਇਲਾਕੇ ‘ਚ ਕਿਧਰੇ ਹੈ। ਅਖੀਰ ‘ਚ ਉਸ ਨੇ ਬੇਨਤੀ ਕੀਤੀ ਸੀ ਕਿ ਉਸ ਦੇ ਬੱਚਿਆਂ ਦਾ ਖਿਆਲ ਰੱਖਿਆ ਜਾਵੇ, ਤੇ ਜਦੋਂ ਹੀ ਕੋਈ ਕਾਮਯਾਬੀ ਮਿਲੀ ਤਾਂ ਉਹ ਫਿਰ ਈਮੇਲ ਭੇਜੇਗਾ। ਫਿਰ ਹਰ ਹਫਤੇ, ਦੋ ਹਫਤੇ ਪਿਛੋਂ ਉਹ ਬਿਨ ਜ਼ਈਦ ਨੂੰ ਈਮੇਲ ਭੇਜ ਕੇ ਅੱਪਡੇਟ ਦਿੰਦਾ ਰਹਿੰਦਾ। ਅੱਗੇ ਜੂਨ ਮਹੀਨੇ ਜਾ ਕੇ ਉਸ ਨੇ ਖੁਸ਼ੀ ਵਾਲੀ ਈਮੇਲ ਭੇਜੀ। ਉਸ ਨੇ ਬਿਨ ਜ਼ਈਦ ਨੂੰ ਲਿਖਿਆ ਕਿ ਇਸ ਇਲਾਕੇ ਦੇ ਸਭ ਤੋਂ ਵੱਡੇ ਅਤਿਵਾਦੀ ਗਰੁੱਪ ‘ਤਹਿਰੀਕੇ-ਤਾਲਿਬਾਨ’ ਨੇ ਉਸ ਨੂੰ ਆਪਣੇ ਗਰੁੱਪ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਹੁਣ ਅਗਲੇ ਕਈ ਹਫਤੇ ਟਰੇਨਿੰਗ ਚੱਲੇਗੀ, ਇਸ ਕਰਕੇ ਉਹ ਬਿਨ ਜ਼ਈਦ ਨਾਲ ਸੰਪਰਕ ਨਹੀਂ ਕਰ ਸਕੇਗਾ।
ਬਿਨ ਜ਼ਈਦ ਨੇ ਇਹੋ ਗੱਲਾਂ ਆਪਣੇ ਅਮਰੀਕਨ ਸਾਥੀ ਡੈਰਨ ਨਾਲ ਸਾਂਝੀਆਂ ਕੀਤੀਆਂ ਤਾਂ ਉਹ ਵੀ ਡਾਢਾ ਖੁਸ਼ ਹੋਇਆ। ਇਕ ਨਵੇਂ ਬੰਦੇ ਦਾ ਇੰਨੀ ਜਲਦੀ ਇੰਨਾ ਅੱਗੇ ਪਹੁੰਚਣਾ ਚੰਗਾ ਸ਼ਗਨ ਸੀ। ਫਿਰ ਬਲਾਵੀ ਦੀ ਈਮੇਲ ਆਉਣੀ ਬੰਦ ਹੋ ਗਈ। ਡੈਰਨ ਮੁਤਾਬਕ, ਇਹ ਚੰਗਾ ਨਹੀਂ ਸੀ। ਉਸ ਮੁਤਾਬਕ ਜਾਂ ਤਾਂ ਬਲਾਵੀ ਕਾਹਲੀ ਕਰ ਗਿਆ ਤੇ ਮਾਰਿਆ ਗਿਆ ਜਾਂ ਇਹ ਵੀ ਹੋ ਸਕਦਾ ਹੈ ਕਿ ਉਹ ਦੂਜੇ ਪਾਸੇ, ਭਾਵ ਤਾਲਿਬਾਨ ਨਾਲ ਜਾ ਰਲਿਆ ਹੋਵੇ।
ਉਧਰ, ਬਲਾਵੀ ਨੂੰ ਗਰੁੱਪ ‘ਚ ਰਲਣ ਦਾ ਸੱਦਾ ਦੇ ਕੇ ਸਭ ਤੋਂ ਪਹਿਲਾਂ ਉਸ ਨੂੰ ਤਹਿਰੀਕੇ-ਤਾਲਿਬਾਨ ਦੇ ਹੈੱਡਕੁਆਰਟਰ ‘ਤੇ ਲਿਜਾਇਆ ਗਿਆ। ਉਨ੍ਹਾਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਸੀ ਕਿ ਇਹ ਬੰਦਾ ਕੌਣ ਹੋਇਆ ਜੋ ਕਿੱਥੇ ਜਾਰਡਨ ਅਤੇ ਉਥੋਂ ਚੱਲ ਕੇ ਇਥੇ ਪਹੁੰਚਿਆ। ਇਸ ਦੇ ਇਰਾਦੇ ਕੀ ਹਨ? ਕੀ ਇਹ ਵਾਕਿਆ ਹੀ ਜਹਾਦ ‘ਚ ਹਿੱਸਾ ਲੈਣ ਆਇਆ ਹੈ ਜਾਂ ਕੋਈ ਹੋਰ ਹੈ? ਉਸ ਦਾ ਸਭ ਤੋਂ ਵੱਡਾ ਸਬੂਤ ਸੀ, ਉਸ ਦਾ ਅਬੂ ਦੁਜਾਨਾ ਅਲ ਖੁਰਸਾਨੀ ਹੋਣਾ। ਅਬੂ ਦੁਜਾਨਾ ਨੂੰ ਸਭ ਨੇ ਪੜ੍ਹਿਆ ਸੀ। ਹੁਣ ਤਾਂ ਸਿਰਫ ਇਹ ਦੇਖਣਾ ਸੀ ਕਿ ਵਾਕਿਆ ਹੀ ਇਹ ਉਹੀ ਬੰਦਾ ਹੈ, ਜੋ ਅਬੂ ਦੁਜਾਨਾ ਬਣ ਕੇ ਲਿਖਦਾ ਹੁੰਦਾ ਸੀ। ਜੇ ਇਹ ਸਾਬਤ ਹੋ ਜਾਂਦਾ ਹੈ ਤਾਂ ਉਸ ‘ਤੇ ਸ਼ੱਕ ਹੋਣਾ ਬੰਦ ਹੋ ਜਾਵੇਗਾ। ਵੈੱਬਸਾਈਟ ਚਲਾਉਣ ਵਾਲੇ ਅਤੇ ਹੋਰ ਕਾਲਮ ਲਿਖਣ ਵਾਲੇ ਇਕੱਠੇ ਹੋ ਗਏ ਤੇ ਲੱਗੇ ਉਸ ਨੂੰ ਸੁਆਲ ਕਰਨ। ਕਿਹੜੇ ਵੇਲੇ ਕੀ ਲਿਖਿਆ। ਕਿਸ ਘਟਨਾ ਪਿੱਛੋਂ ਕਾਲਮ ‘ਚ ਕੀ ਦੱਸਿਆ ਗਿਆ ਸੀ। ਬਲਾਵੀ ਨੇ ਸਭ ਕੁਝ ਹੱਥੀਂ ਲਿਖਿਆ ਸੀ, ਇਸ ਕਰਕੇ ਉਹ ਫਟਾ-ਫਟ ਦੱਸੀ ਗਿਆ।
ਆਖਰ ਇੰਟਰਵਿਊ ਲੈਣ ਵਾਲਿਆਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ। ਤਹਿਰੀਕੇ-ਤਾਲਿਬਾਨ ਦਾ ਮੁਖੀ ਬੈਤੁੱਲਾ ਮਸੂਦ ਬਿਲਕੁਲ ਅਨਪੜ੍ਹ ਸੀ। ਉਹ ਤਾਂ ਸਿਰਫ ਉਨ੍ਹਾਂ ਦੀਆਂ ਗੱਲਾਂ ਹੀ ਸੁਣ ਸਕਦਾ ਸੀ। ਉਸ ਨੇ ਕੀ-ਕੀ ਲਿਖਿਆ, ਇਹ ਜਾਣ ਕੇ ਉਸ ਨੂੰ ਬਹੁਤ ਖੁਸ਼ੀ ਹੋਈ। ਦੂਜੀ ਗੱਲ ਅਨਪੜ੍ਹ ਹੋਣ ਕਾਰਨ ਬੈਤੁੱਲਾ ਮਸੂਦ ਬੰਦੇ ਨੂੰ ਜਾਚਣ ਦਾ ਜੋ ਢੰਗ ਵਰਤਦਾ ਸੀ, ਉਹ ਸੀ ਉਸ ਦਾ ਮਨ। ਉਹ ਸੋਚਦਾ ਕਿ ਉਸ ਦਾ ਮਨ ਕੀ ਕਹਿੰਦਾ ਹੈ। ਜੋ ਮਨ ਕਹਿੰਦਾ, ਉਹ ਉਹੀ ਮੰਨਦਾ। ਉਸ ਨੂੰ ਸ਼ੁਰੂ ਤੋਂ ਹੀ ਇਹ ਸ਼ਰੀਫ ਜਿਹਾ ਬੰਦਾ ਸਹੀ ਲੱਗਾ ਸੀ। ਬੈਤੁੱਲਾ ਮਸੂਦ ਦੀ ਇਕ ਹੋਰ ਸਮੱਸਿਆ ਸੀ। ਉਸ ਨੂੰ ਡਾਇਬਿਟੀਜ਼ ਸੀ, ਜੋ ਬਹੁਤ ਜ਼ਿਆਦਾ ਸੀ। ਜਦੋਂ ਇਸ ਦਾ ਦੌਰਾ ਪੈਂਦਾ ਤਾਂ ਉਹ ਮਰਨ ਵਾਲਾ ਹੋ ਜਾਂਦਾ। ਉਸ ਦੀ ਇਕ ਲੱਤ ‘ਤੇ ਜ਼ਖਮ ਸੀ ਜੋ ਡਾਇਬਿਟੀਜ਼ ਕਾਰਨ ਠੀਕ ਨਹੀਂ ਸੀ ਹੋ ਰਿਹਾ। ਦੂਜਾ, ਪੰਜ ਚਾਰ ਘੰਟਿਆਂ ਪਿਛੋਂ ਉਸ ਦੇ ਸਾਰੇ ਸਰੀਰ ‘ਤੇ ਖੁਰਕ ਸ਼ੁਰੂ ਹੋ ਜਾਂਦੀ। ਸਰੀਰ ਫੁੱਲ ਜਾਂਦਾ। ਉਸ ਵੇਲੇ ਉਹ ਬਹੁਤ ਤੰਗ ਹੁੰਦਾ ਸੀ। ਕੁਦਰਤੋਂ ਬਲਾਵੀ ਦੀ ਇੰਟਰਵਿਊ ਚੱਲ ਹੀ ਰਹੀ ਸੀ ਕਿ ਮਸੂਦ ਨੂੰ ਡਾਇਬਿਟੀਜ਼ ਦਾ ਦੌਰਾ ਪੈ ਗਿਆ। ਇਕ ਦਮ ਖੁਰਕ ਸ਼ੁਰੂ ਹੋ ਗਈ। ਸਰੀਰ ਫੁੱਲਣ ਲੱਗਾ। ਬਲਾਵੀ ਨੇ ਫਟਾ-ਫਟ ਆਪਣਾ ਬੈਗ ਖੋਲ੍ਹਿਆ ਅਤੇ ਇਲਾਜ ਸ਼ੁਰੂ ਕਰ ਦਿੱਤਾ। ਕੁਝ ਹੀ ਮਿੰਟ ਵਿਚ ਉਸ ਨੇ ਖੁਰਕ ‘ਤੇ ਕੰਟਰੋਲ ਪਾ ਲਿਆ। ਸਰੀਰ ਦੀ ਫੁਲਾਵਟ ਵੀ ਸਹੀ ਹੋ ਗਈ। ਬੈਤੁੱਲਾ ਮਸੂਦ ਉਠ ਕੇ ਬੈਠ ਗਿਆ ਤੇ ਉਸ ਨੇ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ ਬਲਾਵੀ ਵੱਲ ਤੱਕਿਆ, “ਭਰਾ ਤੂੰ ਮੇਰੇ ਵਲੋਂ ਪਾਸ ਐਂ। ਤੂੰ ਸਾਡੀ ਟੀਮ ਦਾ ਹਿੱਸਾ ਐਂ। ਜਿਥੇ ਮਰਜ਼ੀ ਹਸਪਤਾਲ ਖੋਲ੍ਹ, ਤੈਨੂੰ ਖੁੱਲ੍ਹ ਐ।”
“ਮਸੂਦ ਸਾਹਬ, ਹਸਪਤਾਲ ਵੀ ਖੋਲ੍ਹ ਲਵਾਂਗਾ ਪਰ ਇਸ ਵੇਲੇ ਤੁਹਾਨੂੰ ਮੇਰੀ ਲੋੜ ਐ। ਤੁਹਾਨੂੰ ਇਹ ਦੌਰਾ ਕਿਤੇ ਵੀ ਪੈ ਸਕਦਾ ਐ। ਮੈਂ ਤੁਹਾਡੇ ਨਾਲ ਰਹਾਂਗਾ। ਇਸੇ ਦੌਰਾਨ ਦੂਸਰੇ ਭਰਾਵਾਂ ਦਾ ਵੀ ਲੋੜ ਮੁਤਾਬਕ ਇਲਾਜ ਕਰਦਾ ਰਹਾਂਗਾ।”
ਸਭ ਖੁਸ਼ ਹੋ ਗਏ ਪਰ ਬੈਤੁੱਲਾ ਮਸੂਦ ਦਾ ਚਚੇਰਾ ਭਰਾ ਕਾਰੀ ਮਸੂਦ ਉਸ ਨਾਲ ਸਹਿਮਤ ਨਹੀਂ ਸੀ, “ਇਸ ਵਿਚ ਬਾਹਰਲੇ ਕੁਝ ਨਹੀਂ ਕਰ ਸਕਦੇ।” ਕਾਰੀ ਦੀ ਗੱਲ ਸੁਣ ਕੇ ਬੈਤੁੱਲਾ ਚੁੱਪ ਹੀ ਰਿਹਾ। ਮਸਲਾ ਸੁਲਝ ਗਿਆ ਅਤੇ ਬਲਾਵੀ ਬੈਤੁੱਲਾ ਮਸੂਦ ਤੱਕ ਜਾ ਪਹੁੰਚਾ। ਬੈਤੁੱਲਾ ਦੇ ਸਿਰ ‘ਤੇ ਪੰਜ ਮਿਲੀਅਨ ਡਾਲਰ (ਪੰਜਾਹ ਲੱਖ ਡਾਲਰ) ਦਾ ਇਨਾਮ ਸੀ ਪਰ ਨਾਲ ਹੀ ਬਲਾਵੀ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਜਦੋਂ ਕਦੇ ਉਸ ਨੇ ਬੈਤੁੱਲਾ ਦੀ ਮੁਖਬਰੀ ਕੀਤੀ ਅਤੇ ਡਰੋਨ ਨੇ ਉਸ ਨੂੰ ਮਾਰ ਮੁਕਾਇਆ ਤਾਂ ਬਾਕੀ ਅਤਿਵਾਦੀ ਇਸ ਲਈ ਉਸੇ ਨੂੰ ਜ਼ਿੰਮੇਵਾਰ ਮੰਨਣਗੇ ਤੇ ਉਸ ਨੂੰ ਮਾਰ ਮੁਕਾਉਣਗੇ। ਦੂਜੀ ਗੱਲ, ਜੇ ਕਦੇ ਉਹ ਬੈਤੁੱਲਾ ਕੋਲ ਹੋਇਆ ਤੇ ਉਧਰੋਂ ਡਰੋਨ ਨੇ ਹਮਲਾ ਕਰ ਦਿੱਤਾ ਤਾਂ ਉਹ ਵੀ ਨਾਲ ਹੀ ਮਾਰਿਆ ਜਾਵੇਗਾ। ਇਹ ਗੱਲਾਂ ਸੋਚ-ਸੋਚ ਉਸ ਦਾ ਬੁਰਾ ਹਾਲ ਹੋ ਗਿਆ। ਉਹ ਲਗਾਤਾਰ ਤਣਾਅ ‘ਚ ਰਹਿਣ ਲੱਗਾ। ਉਸ ਨੂੰ ਨੀਂਦ ਆਉਣੋਂ ਹਟ ਗਈ। ਇਕੱਲਾ ਬੈਠਾ ਕਿਸਮਤ ਨੂੰ ਰੋਂਦਾ ਰਹਿੰਦਾ ਕਿ ਕਿਥੇ ਆ ਫਸਿਆ!
ਇਕ ਦਿਨ ਜਦੋਂ ਦੇਰ ਰਾਤ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਤਾਂ ਉਸ ਨੇ ਹਾਲਾਤ ‘ਤੇ ਧਿਆਨ ਮਾਰਿਆ। ਉਸ ਨੂੰ ਖਿਆਲ ਆਇਆ ਕਿ ਬਹੁਤੇ ਪੁਆੜੇ ਤਾਂ ਉਸ ਦੇ ਆਪਣੇ ਹੀ ਪਾਏ ਹੋਏ ਹਨ। ਉਸ ਨੂੰ ਆਪਣੇ ਆਪ ‘ਤੇ ਗੁੱਸਾ ਆਇਆ। ਕੀ ਲੋੜ ਸੀ ਉਸ ਨੂੰ ਅਬੂ ਦੁਜਾਨਾ ਬਣ ਕੇ ਲੇਖ ਲਿਖਣ ਦੀ। ਉਸ ਦੇ ਇਸ ਸ਼ੌਕ ਨੇ ਉਸ ਨੂੰ ਮੁਖਾਬਰਤ ਦੇ ਬਦਨਾਮ ਹੈੱਡਕੁਆਰਟਰ ਵਿਚ ਜਾ ਸੁੱਟਿਆ। ਫਿਰ ਜਦੋਂ ਉਸ ਦੀ ਬਿਨ ਜ਼ਈਦ ਨਾਲ ਨੇੜਤਾ ਬਣਨ ਲੱਗੀ ਤਾਂ ਉਥੇ ਵੀ ਉਸ ਨੇ ਆਪ ਹੀ ਪਾਕਿਸਤਾਨ ਦੇ ‘ਫਾਟਾ’ ਇਲਾਕੇ ‘ਚ ਜਾਣ ਦੀ ਇਛਾ ਪ੍ਰਗਟ ਕੀਤੀ ਸੀ। ਅੱਜ ਉਹ ਸੋਚਦਾ ਸੀ ਕਿ ਜੇ ਉਹ ਚੁੱਪ ਰਹਿੰਦਾ ਤਾਂ ਸ਼ਾਇਦ ਬਿਨ ਜ਼ਈਦ ਉਸ ਨੂੰ ਕੋਈ ਅਜਿਹਾ ਕੰਮ ਦਿੰਦਾ ਜੋ ਇੰਨਾ ਖਤਰਨਾਕ ਨਾ ਹੁੰਦਾ। ਫਿਰ ਉਸ ਦੀ ਇੰਟਰਵਿਊ ਹੋਈ ਤਾਂ ਚਲੋ ਉਹ ਪਾਸ ਹੋ ਗਿਆ। ਉਥੇ ਵੀ ਉਸ ਨੂੰ ਬਿਨਾ ਮਤਲਬ ਤੋਂ ਬੋਲਣ ਕਰਕੇ ਕਈ ਪੁਆੜਿਆਂ ਦਾ ਸਾਹਮਣਾ ਕਰਨਾ ਪਿਆ।
ਕਈ ਦਿਨ ਪਿਛੋਂ ਜਦੋਂ ਬੈਤੁੱਲਾ ਮਸੂਦ ਕਿਧਰੇ ਗਿਆ ਹੋਇਆ ਸੀ ਤਾਂ ਕਾਰੀ ਮਸੂਦ, ਹਕਾਨੀ ਗਰੁੱਪ ਅਤੇ ਅਲ-ਕਾਇਦਾ ਵਾਲਿਆਂ ਨੇ ਉਸ ਨੂੰ ਫਿਰ ਘੇਰ ਲਿਆ। ਉਹ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਉਸ ‘ਤੇ ਸ਼ੱਕ ਹੈ। ਉਹ ਉਸ ਨੂੰ ਆਪਣੇ ਨੇੜੇ ਨਹੀਂ ਰੱਖਣਗੇ। ਇਥੇ ਉਸ ਨੇ ਉਹ ਗਲਤੀ ਕੀਤੀ ਜਿਸ ਦੀ ਸਜ਼ਾ ਉਸ ਨੂੰ ਪਤਾ ਨਹੀਂ ਕਿਸ ਰੂਪ ‘ਚ ਮਿਲਣੀ ਸੀ। ਜਦੋਂ ਸਾਰੇ ਉਸ ਦੀ ਬੇਇੱਜਤੀ ਕਰਨੋਂ ਨਾ ਹਟੇ ਤਾਂ ਉਹ ਬੋਲਿਆ, “ਸੁਣੋ ਫਿਰ ਸੱਚ ਕੀ ਐ?”
ਇਕ ਦਮ ਸੰਨਾਟਾ ਛਾ ਗਿਆ। ਸਭ ਉਸ ਦੇ ਮੂੰਹ ਵੱਲ ਦੇਖਣ ਲੱਗੇ। ਲੰਮਾ ਸਾਹ ਭਰਦਿਆਂ ਉਸ ਨੇ ਕਿਹਾ, “ਮੈਨੂੰ ਮੁਖਾਬਰਤ ਅਤੇ ਸੀ. ਆਈ. ਏ. ਨੇ ਭੇਜਿਐ।”
“ਹੈਂ!” ਸਭ ਦੇ ਮੂੰਹੋਂ ਨਿਕਲਿਆ।
ਉਹ ਫਿਰ ਬੋਲਣ ਲੱਗਾ, “ਮੈਂ ਮੁਖਾਬਰਤ ਦਾ ਏਜੰਟ ਆਂ। ਮੈਨੂੰ ਇਥੇ ਭੇਜਿਆ ਗਿਆ ਸੀ, ਤੁਹਾਡੇ ਸਭ ਦੇ ਖਾਤਮੇ ਲਈ ਪਰ ਇਥੇ ਆ ਕੇ ਜੋ ਮੈਂ ਦੇਖਿਆ, ਉਸ ਨੇ ਮੇਰਾ ਮਨ ਹੀ ਬਦਲ ਦਿੱਤਾ।”
“ਕੀ ਦੇਖਿਆ ਤੂੰ?”
“ਮੈਂ ਦੇਖਿਆ ਕਿ ਤੁਸੀਂ ਲੋਕ ਘਰ-ਬਾਰ ਛੱਡ ਕੇ ਇਥੇ ਜਹਾਦ ਲੜ ਰਹੇ ਹੋ ਅਤੇ ਮੈਂ ਇਸਲਾਮ ਦੇ ਦੁਸ਼ਮਣਾਂ ਦਾ ਸਾਥ ਦੇ ਰਿਹਾਂ। ਮੈਂ ਵਿਚਾਰ ਬਦਲ ਲਿਆ ਅਤੇ ਤੁਹਾਡੇ ਨਾਲ ਰਲ ਕੇ ਜਹਾਦ ਦੇ ਰਾਹ ਪੈ ਗਿਆ।”
“ਨਹੀਂ ਫਿਰ ਤੂੰ ਕੀ ਕਰ ਸਕਦਾ ਸੀ?”
“ਤੁਸੀਂ ਇਹ ਪੁੱਛੋ ਕਿ ਕੀ ਨਹੀਂ ਕਰ ਸਕਦਾ ਸੀ। ਸਭ ਨੂੰ ‘ਕੱਠੇ ਕਰਕੇ ਹਮਲਾ ਕਰਵਾ ਦਿੰਦਾ। ਸਭ ਕੁਛ ਖਤਮ ਹੋ ਜਾਣਾ ਸੀ ਪਰ ਮੇਰੀ ਜ਼ਮੀਰ ਜਾਗ ਪਈ। ਮੈਂ ਹੁਣ ਤੁਹਾਡੇ ਨਾਲ ਜਹਾਦ ਲੜਾਂਗਾ।”
ਉਸ ਵੱਲ ਦੇਖ ਕੇ ਅਲ-ਕਾਇਦਾ ਵਾਲੇ ਨੇ ਮਖੌਲ ‘ਚ ਕਿਹਾ ਕਿ ਜਾਪਦਾ ਨ੍ਹੀਂ ਤੇਰੇ ਪੱਲੇ ਕੁਝ ਹੈ! ਜੇ ਤੂੰ ਕਹਿੰਦੈਂ ਕਿ ਤੈਨੂੰ ਮੁਖਾਬਰਤ ਅਤੇ ਸੀ. ਆਈ. ਏ. ਨੇ ਭੇਜਿਆ ਸੀ ਤਾਂ ਕੋਈ ਸਬੂਤ ਦਿਖਾ। ਤੂੰ ਕੁਝ ਕਰ ਕੇ ਦਿਖਾ, ਫਿਰ ਅਸੀਂ ਮੰਨ ਜਾਵਾਂਗੇ।
“ਦਿਖਾ ਤਾਂ ਦਿੰਦਾਂ ਪਰ ਇਸ ‘ਚ ਨੁਕਸਾਨ ਹੋਵੇਗਾ। ਕੋਈ ਬੰਦਾ ਮਾਰਿਆ ਜਾ ਸਕਦਾ ਐ।”
ਉਸ ਦੇ ਇੰਨਾ ਕਹਿਣ ‘ਤੇ ਬੈਤੁੱਲਾ ਮਸੂਦ ਦਾ ਬੜਾ ਨੇੜਲਾ ਸਾਥੀ ਅੱਗੇ ਆਇਆ ਤੇ ਬੋਲਿਆ, “ਮੈਂ ਤਿਆਰ ਆਂ। ਜੇ ਮੇਰੀ ਜਾਨ ਵੀ ਜਾਂਦੀ ਐ ਤਾਂ ਮੈਂ ਇਸ ਨੂੰ ਜਹਾਦ ਦੇ ਲੇਖੇ ਮੰਨੂਗਾ। ਦੱਸ ਮੈਨੂੰ, ਮੈਂ ਕੀ ਕਰਨੈਂ?”
“ਠੀਕ ਐ ਫਿਰ ਇਵੇਂ ਕਰੋ, ਬੈਤੁੱਲਾ ਮਸੂਦ ਦੀ ਕਾਰ ਬਾਹਰ ਕੱਢੋ। ਇਹ ਬੰਦਾ ਮਸੂਦ ਜਿਹੇ ਕੱਪੜੇ ਪਾ ਕੇ ਇਕੱਲਾ ਕਾਰ ਸੜਕ ‘ਤੇ ਪਾ ਲਵੇ।”
ਉਸ ਦੇ ਇੰਨਾ ਕਹਿਣ ‘ਤੇ ਕੁਝ ਹੀ ਦੇਰ ਬਾਅਦ ਮਸੂਦ ਦਾ ਨੇੜਲਾ ਸਾਥੀ ਉਸ ਦੀ ਕਾਰ ਲੈ ਕੇ ਪਿੰਡੋਂ ਬਾਹਰ ਨਿਕਲਿਆ ਅਤੇ ਸੜਕ ਵਲ ਚੱਲ ਪਿਆ। ਬਾਕੀ ਸਭ ਕਿਧਰੇ ਲੁਕ ਕੇ ਦੇਖ ਰਹੇ ਸਨ। ਇਧਰੋਂ ਬਲਾਵੀ ਨੇ ਆਪਣਾ ਸੀਕਰੇਟ ਫੋਨ ਕੱਢਿਆ ਤੇ ਕੋਈ ਕੋਡਿਡ ਇਨਫਰਮੇਸ਼ਨ ਭੇਜੀ ਕਿ ਬੈਤੁੱਲਾ ਮਸੂਦ ਕਾਰ ‘ਚ ਜਾ ਰਿਹਾ ਹੈ। ਅਗਲੇ ਅੱਧੇ ਮਿੰਟ ‘ਚ ਹੀ ਅਸਮਾਨ ‘ਚੋਂ ਮਿਜ਼ਾਇਲ ਆਈ ਅਤੇ ਉਸ ਨੇ ਕਾਰ ਦੇ ਪਰਖਚੇ ਉਡਾ ਦਿੱਤੇ। ਸਭ ਦੇ ਮੂੰਹ ਟੱਡੇ ਰਹਿ ਗਏ। ਸਭ ਨੂੰ ਇਹ ਗੱਲ ਵੀ ਜਚ ਗਈ ਕਿ ਇਸ ਨੇ ਆਪਣਾ ਭੇਤ ਖੋਲ੍ਹ ਦਿੱਤਾ ਹੈ, ਇਸ ਕਰਕੇ ਇਹ ਅਸਲੀ ਜਹਾਦੀ ਹੈ। ਕਈ ਤਾਂ ਉਸ ਨੂੰ ਆਪਣਾ ਲੀਡਰ ਮੰਨਣ ਲੱਗੇ।
ਇਹ ਕਾਰਵਾਈ ਸਾਰੇ ਅਤਿਵਾਦੀ ਗਰੁੱਪਾਂ ਦੇ ਉਪਰਲੀ ਲੀਡਰਸ਼ਿਪ ਤੱਕ ਪਹੁੰਚ ਗਈ ਕਿ ਮੁਖਾਬਰਤ ਅਤੇ ਸੀ. ਆਈ. ਏ. ਨੇ ਆਪਣਾ ਜਾਸੂਸ ਸਾਡੇ ਖਿਲਾਫ ਭੇਜਿਆ ਸੀ ਜੋ ਸਾਡੇ ਨਾਲ ਆ ਰਲਿਆ ਹੈ। ਬਲਾਵੀ ਨੇ ਤਾਂ ਸੋਚਿਆ ਸੀ ਕਿ ਇਸ ਗੱਲ ਨਾਲ ਉਸ ਦਾ ਜਿਉਣਾ ਸੁਖਾਲਾ ਹੋ ਜਾਵੇਗਾ ਪਰ ਉਹ ਆਪੇ ਪੁੱਟੇ ਟੋਏ ‘ਚ ਡੂੰਘਾ ਜਾ ਡਿੱਗਾ। ਹੁਣ ਸਾਰੇ ਅਤਿਵਾਦੀ ਗਰੁੱਪਾਂ ਦੀ ਟਾਪ ਲੀਡਰਸ਼ਿਪ ਸੋਚਣ ਲੱਗੀ ਕਿ ਇਸ ਬੰਦੇ ‘ਤੇ ਸੀ. ਆਈ. ਏ. ਜਾਂ ਮੁਖਾਬਰਤ ਇਤਬਾਰ ਕਰਦੀ ਹੈ, ਇਸ ਕਰਕੇ ਆਪਾਂ ਇਸ ਨੂੰ ਕਿਸੇ ਵੱਡੇ ਕੰਮ ਲਈ ਵਰਤ ਸਕਦੇ ਹਾਂ। ਉਧਰ ਮੁਖਾਬਰਤ ਅਤੇ ਸੀ. ਆਈ. ਏ. ਤਾਂ ਪਹਿਲਾਂ ਹੀ ਉਸ ਨੂੰ ਅਤਿਵਾਦੀਆਂ ਖਿਲਾਫ ਵਰਤਣ ਦੀਆਂ ਸਕੀਮਾਂ ਘੜੀ ਬੈਠੇ ਸਨ।
ਉਧਰ ਇਕ ਨਹੀਂ, ਦੋ ਨਹੀਂ, ਸਗੋਂ ਪੰਜ-ਸੱਤ ਡਰੋਨ ਲਗਾਤਾਰ ਬੈਤੁੱਲਾ ਮਸੂਦ ਦੀ ਨਿਗਰਾਨੀ ਕਰ ਰਹੇ ਸਨ। ਪੰਜ ਅਗਸਤ ਨੂੰ ਜਿਉਂ ਹੀ ਹਨੇਰਾ ਹੋਇਆ ਤਾਂ ਮਸੂਦ ਅਤੇ ਉਸ ਦੇ ਅੰਦਰੂਨੀ ਗਰੁੱਪ ਦੇ ਨੇੜਲੇ ਪੰਜ-ਸੱਤ ਸਾਥੀ ਹਨੇਰੇ ਦਾ ਲਾਭ ਉਠਾ ਕੇ ਆਪਣਾ ਨਿਜੀ ਇਲਾਕਾ ਮਕੀਨ ਛੱਡਦਿਆਂ, ਥੋੜ੍ਹੀ ਦੂਰ ਨਿੱਕੇ ਜਿਹੇ ਸ਼ਹਿਰ ਜੰਘਾੜਾ ਵਲ ਹੋ ਤੁਰੇ। ਇਹ ਸ਼ਹਿਰ ਉਸ ਦੀ ਦੂਜੀ ਬੀਵੀ ਦਾ ਪੇਕਾ ਘਰ ਵੀ ਸੀ। ਪੈਂਤੀ ਕੁ ਸਾਲ ਦੇ ਬੈਤੁੱਲਾ ਮਸੂਦ ਦੇ ਭਾਵੇਂ ਚਾਰ ਲੜਕੀਆਂ ਸਨ ਪਰ ਪੁੱਤਰ ਦੀ ਚਾਹਤ ‘ਚ ਉਸ ਨੇ ਇਹ ਦੂਜੀ ਸ਼ਾਦੀ ਕੀਤੀ ਸੀ। ਉਹ ਆਪਣੀ ਜਾਣੇ ਹਨੇਰੇ ‘ਚ ਤੁਰਿਆ ਜਾ ਰਿਹਾ ਸੀ ਤੇ ਉਸ ਨੂੰ ਡਰੋਨ ਦੇਖ ਨਹੀਂ ਸਕਦਾ ਸੀ ਪਰ ਇਹ ਉਸ ਦਾ ਭੁਲੇਖਾ ਸੀ। ਇਕ ਛੋਟਾ ਜਿਹਾ ਡਰੋਨ ਜੋ ਦਿਸਦਾ ਨਹੀਂ ਸੀ, ਉਸ ਦੇ ਘਰ ਛੱਡਣ ਵੇਲੇ ਹੀ ਉਸ ਦੇ ਪਿੱਛੇ ਲੱਗ ਗਿਆ ਸੀ। ਉਥੇ ਪਹੁੰਚਦਿਆਂ, ਮਸੂਦ ਇਕ ਵੱਡੇ ਕੱਚੇ ਘਰ ‘ਚ ਬੋਚ ਕੇ ਜਿਹੇ ਜਾ ਵੜਿਆ। ਉਧਰ ਡਰੋਨ ਵੀ ਉਸ ਘਰ ਦੇ ਉਪਰ ਗੇੜੇ ਕੱਢਣ ਲੱਗਾ। ਡਰੋਨ ਨੇ ਮਸੂਦ ਦਾ ਬੜਾ ਸਾਫ ਅਕਸ ਭੇਜਿਆ, ਜਿਥੇ ਉਹ ਦੂਜੀ ਮੰਜ਼ਿਲ ਦੇ ਕਿਸੇ ਕਮਰੇ ‘ਚ ਲੇਟਿਆ ਹੋਇਆ ਸੀ।
ਡਰੋਨ ਨੇ ਸੁਨੇਹਾ ਭੇਜਿਆ ਕਿ ਟਾਰਗੈਟ ਬੜਾ ਸਾਫ ਹੈ ਅਤੇ ਬਹੁਤ ਹੀ ਕਲੀਨ ਸ਼ਾਟ ਹੈ ਪਰ ਉਦੋਂ ਹੀ ਮਸੂਦ ਉਠਿਆ ਤੇ ਘਰ ਦੀ ਛੱਤ ‘ਤੇ ਜਾ ਕੇ ਟਹਿਲਣ ਲੱਗਾ। ਅਸਲ ‘ਚ ਬੈਤੁੱਲਾ ਮਸੂਦ ਕਿਸੇ ਇਕ ਥਾਂ ਨਹੀਂ ਖੜ੍ਹੋ ਰਿਹਾ ਸੀ। ਬੜੀ ਗਰਮ ਰਾਤ ਸੀ ਅਤੇ ਉਸ ਨੂੰ ਡਾਇਬਿਟੀਜ਼ ਦਾ ਦੌਰਾ ਉਠਿਆ ਹੋਇਆ ਸੀ। ਉਸ ਦਾ ਸਾਰਾ ਸਰੀਰ ਸੁੱਜਣ ਲੱਗਾ ਤੇ ਖੁਰਕ ਨੇ ਬੁਰਾ ਹਾਲ ਕੀਤਾ ਹੋਇਆ ਸੀ। ਛੱਤ ‘ਤੇ ਜਾ ਕੇ ਉਹ ਮੂਧਾ ਪੈ ਗਿਆ ਅਤੇ ਉਸ ਦੇ ਡਰਿਪ ਲੱਗਾ ਹੋਇਆ ਸੀ। ਲਗਾਤਾਰ ਦਵਾਈ ਦਿੱਤੀ ਜਾ ਰਹੀ ਸੀ। ਮੂਧੇ ਪਏ ਦੇ ਉਸ ਦੇ ਕੋਈ ਪੈਰ ਝੱਸਣ ਲੱਗਾ। ਏਜੰਸੀ ‘ਚ ਬੈਠੇ ਡਰੋਨ ਪਾਇਲਟਾਂ ਨੇ ਨਤੀਜਾ ਕੱਢਿਆ ਕਿ ਇਹ ਸ਼ਾਇਦ ਡਾਕਟਰ ਬਲਾਵੀ ਹੈ ਪਰ ਉਨ੍ਹਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਸੀ। ਉਨ੍ਹਾਂ ਨੂੰ ਬੈਤੁੱਲਾ ਮਸੂਦ ਬੜੀ ਮੁਸ਼ਕਿਲ ਨਾਲ ਮਿਲਿਆ ਸੀ।
ਪੈਡੇਟਰ ਟੀਮ ਨੇ ਆਪਣਾ ਹੈੱਲਫਾਇਰ ਮਸੂਦ ‘ਤੇ ਸੈੱਟ ਕਰ ਲਿਆ। ਹੁਣ ਉਨ੍ਹਾਂ ਨੂੰ ਸਿਰਫ ਸੀ. ਆਈ. ਏ. ਦੇ ਮੁਖੀ ਲਿਓਨ ਪੈਨੇਟਾ ਦੀ ਮਨਜ਼ੂਰੀ ਚਾਹੀਦੀ ਸੀ। ਪੈਨੇਟਾ ਨੇ ਕੁਝ ਮਿੰਟ ਪਹਿਲਾਂ ਹੀ ਕੱਚੇ ਘਰ ਦੀ ਦੂਜੀ ਮੰਜ਼ਿਲ ਦੇ ਕਮਰੇ ‘ਚ ਹਮਲਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਮਸੂਦ ਦੇ ਛੱਤ ‘ਤੇ ਜਾਣ ਨਾਲ ਸਥਿਤੀ ਬਦਲ ਗਈ। ਹੁਣ ਪੈਡੇਟਰ ਟੀਮ ਨੂੰ ਮੁੜ ਮਨਜ਼ੂਰੀ ਚਾਹੀਦੀ ਸੀ। ਸਰਕਾਰ ਦਾ ਸਖਤ ਹੁਕਮ ਸੀ ਕਿ ਕਿਸੇ ਵੀ ਡਰੋਨ ਹਮਲੇ ‘ਚ ਆਮ ਨਿਰਦੋਸ਼ ਸ਼ਹਿਰੀ, ਔਰਤਾਂ ਅਤੇ ਬੱਚਿਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਹਰ ਹਮਲੇ ਲਈ ਸੀ. ਆਈ. ਏ. ਮੁਖੀ ਦੀ ਮਨਜ਼ੂਰੀ ਚਾਹੀਦੀ ਸੀ।
ਹੁਣ ਖਤਰਾ ਇਹ ਸੀ ਕਿ ਮਸੂਦ ਬਿਲਕੁਲ ਛੱਤ ‘ਤੇ ਹੈ ਤੇ ਕਿਧਰੇ ਹਮਲੇ ਦੌਰਾਨ ਸਾਰੀ ਬਿਲਡਿੰਗ ਹੀ ਨਾ ਡਿੱਗ ਪਵੇ ਤੇ ਆਲੇ-ਦੁਆਲੇ ਵਾਧੂ ਨੁਕਸਾਨ ਹੋ ਜਾਵੇ। ਇਸੇ ਲਈ ਉਹ ਬਦਲੀ ਹੋਈ ਸਥਿਤੀ ਕਾਰਨ ਨਵਾਂ ਆਰਡਰ ਮੰਗ ਰਹੇ ਸਨ। ਇੰਨੇ ਨੂੰ ਪੈਨੇਟਾ ਸੀ. ਆਈ. ਏ. ਦਫਤਰ ‘ਚੋਂ ਨਿਕਲ ਕੇ ਡਾਊਨਟਾਊਨ ਡੀ. ਸੀ. ਵਲ ਚੱਲ ਪਿਆ। ਸ਼ਾਮ ਦੇ ਚਾਰ ਵਜੇ ਉਸ ਨੂੰ ਸੁਨੇਹਾ ਆਇਆ ਕਿ ਜ਼ਰੂਰੀ ਕਾਲ ਹੈ। ਉਹ ਕਿਸੇ ਜਗ੍ਹਾ ਮੀਟਿੰਗ ‘ਚ ਪਹੁੰਚ ਚੁਕਾ ਸੀ। ਉਸ ਨੇ ਮੁਆਫੀ ਮੰਗਦਿਆਂ ਕਮਰੇ ‘ਚੋਂ ਬਾਹਰ ਆ ਕੇ ਫੋਨ ਮਿਲਾਇਆ। ਉਧਰ ਉਸ ਦਾ ਡਿਪਟੀ ਲਾਈਨ ‘ਤੇ ਸੀ। ਉਸ ਨੇ ਸਾਰੀ ਸਥਿਤੀ ਸਮਝਾਈ। ਪੈਨੇਟਾ ਨੇ ਕਿੰਨੇ ਹੀ ਜ਼ਰੂਰੀ ਸੁਆਲ ਪੁੱਛੇ। ਡਿਪਟੀ ਨੇ ਕਿਹਾ ਕਿ ਇਸ ਤੋਂ ਚੰਗਾ ਸ਼ਾਟ ਨਹੀਂ ਮਿਲ ਸਕਦਾ। ਨਾਲ ਹੀ ਉਸ ਨੇ ਕਿਹਾ ਕਿ ਅਸੀਂ ਛੋਟੀ ਤੋਂ ਛੋਟੀ ਮਿਜ਼ਾਇਲ ਵਰਤਾਂਗੇ ਜੋ ਸਿਰਫ ਮਸੂਦ ‘ਤੇ ਡਿੱਗੇਗੀ। ਪੈਨੇਟਾ ਫਿਕਰਮੰਦ ਸੀ ਕਿਉਂਕਿ ਮਿਜ਼ਾਇਲ ਨੇ ਉਪਰੋਂ ਅਸਮਾਨ ‘ਚੋਂ ਤੇਈ ਹਜ਼ਾਰ ਫੁੱਟ ਦੀ ਉਚਾਈ ਤੋਂ ਆਉਣਾ ਸੀ। ਆਖਰ ਉਸ ਨੇ ਕਿਹਾ, “ਗੋ।”
ਉਧਰ ਛੱਤ ‘ਤੇ ਜਾ ਕੇ ਮਸੂਦ ਨੂੰ ਕੁਝ ਰਾਹਤ ਮਹਿਸੂਸ ਹੋਈ। ਇਕ ਤਾਂ ਦਵਾਈ ਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ ਸੀ। ਦੂਜਾ ਉਪਰ ਖੁੱਲ੍ਹੀ ਹਵਾ ਆ ਰਹੀ ਸੀ। ਛੇਤੀ ਹੀ ਮਸੂਦ ਚੰਗਾ ਮਹਿਸੂਸ ਕਰਨ ਲੱਗਾ। ਉਸ ਨੇ ਬਲਾਵੀ ਨੂੰ ਹੇਠਾਂ ਦੂਜਿਆਂ ਕੋਲ ਭੇਜ ਦਿੱਤਾ ਅਤੇ ਆਪਣੀ ਪਤਨੀ ਨੂੰ ਉਪਰ ਬੁਲਾ ਲਿਆ। ਬਲਾਵੀ ਬਿਲਡਿੰਗ ਦੇ ਦੂਜੇ ਪਾਸੇ ਪੰਜ-ਸੱਤ ਜਣਿਆਂ ਨਾਲ ਮੰਜੇ ‘ਤੇ ਜਾ ਪਿਆ। ਮਸੂਦ ਦੀ ਪਤਨੀ ਆ ਕੇ ਉਸ ਦੇ ਪੈਰਾਂ ਦੀ ਮਾਲਿਸ਼ ਕਰਨ ਲੱਗੀ। ਫਿਰ ਪਤਾ ਉਦੋਂ ਹੀ ਲੱਗਾ ਜਦੋਂ ਅਸਮਾਨ ‘ਚੋਂ ਅੱਗ ਦਾ ਗੋਲਾ ਡਿੱਗਿਆ ਜਿਸ ਨੇ ਮਸੂਦ ਨੂੰ ਵਿਚਕਾਰੋਂ ਪਾੜ ਦਿੱਤਾ।
ਅਗਲੇ ਦਿਨ ਸਾਰੀ ਦੁਨੀਆਂ ‘ਚ ਖਬਰ ਫੈਲ ਗਈ ਕਿ ਤਹਿਰੀਕੇ-ਤਾਲਿਬਾਨ ਦਾ ਮੁਖੀ ਪਤਨੀ ਸਮੇਤ ਡਰੋਨ ਹਮਲੇ ‘ਚ ਮਾਰਿਆ ਗਿਆ। ਇਸ ਹਮਲੇ ‘ਚ ਹਮਾਮ ਬਲਾਵੀ ਤਾਂ ਬਚ ਰਿਹਾ, ਕਿਉਂਕਿ ਕੁਝ ਮਿੰਟ ਪਹਿਲਾਂ ਹੀ ਉਹ ਕੋਠੇ ਤੋਂ ਉਤਰਿਆ ਸੀ। ਜੇ ਰਤਾ ਦੇਰ ਹੋ ਜਾਂਦੀ ਤਾਂ ਉਹ ਵੀ ਮਾਰਿਆ ਜਾਂਦਾ ਪਰ ਇਸ ਗੱਲ ਨੇ ਬਲਾਵੀ ਨੂੰ ਅੰਦਰ ਤੱਕ ਹਿਲਾ ਦਿੱਤਾ।
ਬਲਾਵੀ ਨੇ ਸੋਚਿਆ ਕਿ ਜਿਨ੍ਹਾਂ ਲਈ ਉਹ ਕੰਮ ਕਰ ਰਿਹਾ ਹੈ, ਉਨ੍ਹਾਂ ਨੂੰ ਉਸ ਦੀ ਜਾਨ ਦੀ ਭੋਰਾ ਵੀ ਪ੍ਰਵਾਹ ਨਹੀਂ। ਉਨ੍ਹਾਂ ਸੋਚਿਆ ਹੀ ਨਹੀਂ ਕਿ ਬੈਤੁੱਲਾ ਮਸੂਦ ਦੇ ਕੋਲ ਡਾ. ਬਲਾਵੀ ਵੀ ਹੋ ਸਕਦਾ ਹੈ। ਉਸ ਦੇ ਮਨ ‘ਚ ਬਿਨ ਜ਼ਈਦ ਅਤੇ ਸੀ. ਆਈ. ਏ. ਖਿਲਾਫ ਅੰਤਾਂ ਦੀ ਘ੍ਰਿਣਾ ਉਪਜੀ। ਇਸ ਘਟਨਾ ਬਾਰੇ ਹਮਾਮ ਬਲਾਵੀ ‘ਤੇ ਸ਼ੱਕ ਕੀਤਾ ਜਾਣਾ ਬਣਦਾ ਸੀ, ਕਿਉਂਕਿ ਸਾਰੇ ਹਾਲਾਤ ਉਸ ਦੇ ਉਲਟ ਜਾਂਦੇ ਸਨ, ਪਰ ਇਸ ਤਰ੍ਹਾਂ ਦੀ ਗੱਲ ਚੱਲਣ ਤੋਂ ਪਹਿਲਾਂ ਹੀ ਅਗਲੇ ਦਿਨ ਬੈਤੁੱਲਾ ਮਸੂਦ ਨੂੰ ਦਫਨਾਉਂਦਿਆਂ ਹੀ ਉਸ ਦੇ ਪਰਿਵਾਰ ਦੇ ਦੋ ਗਰੁੱਪਾਂ ‘ਚ ਅਗਲੀ ਲੀਡਰਸ਼ਿਪ ਨੂੰ ਲੈ ਕੇ ਫਸਾਦ ਖੜ੍ਹਾ ਹੋ ਗਿਆ। ਇਥੋਂ ਤੱਕ ਕਿ ਗੋਲਾਬਾਰੀ ਸ਼ੁਰੂ ਹੋ ਗਈ। ਆਖਰ ਹਕੀਮਉਲਾ ਮਸੂਦ ਦੇ ਗਰੁੱਪ ਨੇ ਦੂਜੇ ਧੜੇ ਨੂੰ ਖਦੇੜ ਦਿੱਤਾ।
ਹਕੀਮਉਲਾ ਮਸੂਦ ਤਹਿਰੀਕੇ-ਤਾਲਿਬਾਨ ਦਾ ਅਗਲਾ ਮੁਖੀ ਬਣ ਗਿਆ, ਪਰ ਇਸ ਲੜਾਈ ‘ਚ ਉਸ ਦੀ ਲੱਤ ਵਿਚ ਗੋਲੀਆਂ ਲੱਗੀਆਂ। ਲੜਾਈ ਖਤਮ ਹੁੰਦਿਆਂ ਹੀ ਡਾਕਟਰ ਦੀ ਲੋੜ ਪਈ ਤਾਂ ਸਭ ਦਾ ਧਿਆਨ ਹਮਾਮ ਬਲਾਵੀ ਵਲ ਗਿਆ। ਉਸ ਨੇ ਆਉਂਦਿਆਂ ਹੀ ਹਕੀਮਉਲਾ ਦਾ ਇਲਾਜ ਸ਼ੁਰੂ ਕਰ ਦਿੱਤਾ। ਪੂਰੀ ਤਰ੍ਹਾਂ ਠੀਕ ਹੁੰਦੇ ਨੂੰ ਉਸ ਨੂੰ ਦੋ ਹਫਤੇ ਲੱਗ ਗਏ। ਇਹ ਸਾਰਾ ਸਮਾਂ ਬਲਾਵੀ ਅਤੇ ਹਕਮੀਉਲਾ ਇਕੱਠੇ ਰਹੇ। ਹੁਣ ਉਸ ‘ਤੇ ਸ਼ੱਕ ਤਾਂ ਕੀ ਹੋਣਾ ਸੀ ਸਗੋਂ ਉਹ ਹਕੀਮਉਲਾ ਦਾ ਨੇੜਲਾ ਸਾਥੀ ਬਣ ਗਿਆ।
(ਚਲਦਾ)