ਧਰਮ ਦਾ ਆਧਾਰ ਤਰਕ ਜਾਂ ਸ਼ਰਧਾ

ਸੰਪੂਰਨ ਸਿੰਘ
ਮੁੱਖ ਸੇਵਾਦਾਰ, ਸਿੱਖ ਨੈਸ਼ਨਲ ਸੈਂਟਰ, ਹਿਊਸਟਨ
ਫੋਨ: 281-635-7466
ਸਿੱਖ ਧਰਮ ‘ਚ ਅੱਜ ਕੱਲ੍ਹ ਇਕ ਬਹੁਤ ਸੰਵੇਦਨਸ਼ੀਲ ਮੁੱਦਾ ਭਖਿਆ ਹੋਇਆ ਹੈ ਕਿ ਧਰਮ ਦੀ ਪਰਿਭਾਸ਼ਾ ਦਾ ਸਹੀ ਮਾਪਦੰਡ ਤਰਕ ਹੈ ਜਾਂ ਸ਼ਰਧਾ? ਵਿਚਾਰਾਂ ਦੀ ਭਿੰਨਤਾ ਦਾ ਇਹ ਵਿਵਾਦ ਸਿਰਫ ਸਿੱਖ ਧਰਮ ਨਾਲ ਹੀ ਸਬੰਧਿਤ ਨਹੀਂ ਅਤੇ ਨਵਾਂ ਵੀ ਨਹੀਂ। ਅਸੀਂ ਸਿੱਖ ਧਰਮ ਦੇ ਅਨੁਯਾਈ ਹਾਂ, ਇਸ ਲਈ ਇਸ ਵਿਚਾਰਧਾਰਾ ਦਾ ਕੇਂਦਰ ਬਿੰਦੂ ਤਾਂ ਸਿੱਖ ਧਰਮ ਹੀ ਕਰੇਗਾ, ਪਰ ਵਿਚਾਰਾਂ ਵਿਚ ਵੱਧ ਸਪਸ਼ਟਤਾ ਲਈ ਇਸ ਮੁੱਦੇ ਨੂੰ ਦੂਜੇ ਧਰਮਾਂ ਦੇ ਪ੍ਰਸੰਗ ਵਿਚ ਰੱਖ ਕੇ ਵਾਚਣਾ ਅਯੋਗ ਨਹੀਂ ਹੋਵੇਗਾ।

ਜਦੋਂ ਵੀ ਅਸੀਂ ਧਰਮ ਦੀ ਗੱਲ ਕਰਦੇ ਹਾਂ, ਸਹਿਜੇ ਹੀ ਸਾਡੀ ਸੋਚ ਸਰੀਰ ਨਾਲੋਂ ਵੱਧ ਆਤਮਾ ਵਲ ਅਤੇ ਦ੍ਰਿਸ਼ਟਮਾਨ ਸੰਸਾਰ ਨਾਲੋਂ ਵੱਧ ਅਦ੍ਰਿਸ਼ਟ-ਲੋਕ ਵਲ ਕੇਂਦ੍ਰਿਤ ਹੁੰਦੀ ਹੈ। ਅਦ੍ਰਿਸ਼ਟ-ਲੋਕ ਕੀ ਹੈ? ਇਹ ਜਗਿਆਸਾ ਵੀ ਮਨੁੱਖ ਦੇ ਅੰਦਰ ਹੈ ਕਿ ਜਾਣਿਆ ਜਾਵੇ ਕਿ ਇਹ ਕੀ ਹੈ; ਕਿਉਂਕਿ ਉਹ ਮਾਰਗ ਵੀ ਨਜ਼ਰ ਨਹੀਂ ਆਉਂਦਾ ਤੇ ਉਸ ਮੰਜ਼ਿਲ ਦੀ ਸਹੀ ਤਸਵੀਰ ਜਾਂ ਸਪਸ਼ਟ ਰਸਤਾ ਨਹੀਂ ਹੁੰਦਾ ਕਿ ਮਨ ਦੀ ਇਸ ਉਮੰਗ ਨੂੰ ਤ੍ਰਿਪਤ ਕੀਤਾ ਜਾਵੇ। ਉਥੋਂ ਹੀ ਸਭ ਸਮੱਸਿਆਵਾਂ ਜਨਮ ਲੈਂਦੀਆਂ ਹਨ। ਜਦੋਂ ਬੰਦੇ ਦੀ ਇਸ ਭੁੱਖ ਨੂੰ ਸਮਝ ਕੇ ਉਸ ਜਮਾਤ ਦਾ ਜਨਮ ਹੁੰਦਾ ਹੈ, ਜਿਸ ਨੂੰ ਪਤਾ ਤਾਂ ਨਹੀਂ ਹੁੰਦਾ, ਪਰ ਪਤਾ ਹੋਣ ਦੇ ਭਰਮ ਜਾਲ ਨੂੰ ਖਿਲਾਰ ਕੇ ਅਭੋਲ ਜਗਿਆਸੂ ਨੂੰ ਫਸਾਉਣਾ ਉਨ੍ਹਾਂ ਦੀ ਕਲਾ ਹੁੰਦੀ ਹੈ, ਜਿਥੋਂ ਫਿਰ ਸਹੀ ਸ਼ਰਧਾ ਅਤੇ ਸਹੀ ਤਰਕ ਦਾ ਟਕਰਾਉ ਸਾਹਮਣੇ ਆਉਂਦਾ ਹੈ।
ਇਕ ਅਨੁਭਵੀ ਮਹਾਂਪੁਰਸ਼ ਦੀ ਬੜੀ ਰੌਚਕ ਅਤੇ ਅਰਥ ਭਰਪੂਰ ਗਾਥਾ ਦਾ ਜ਼ਿਕਰ ਕਰਨਾ ਚਾਹਾਂਗਾ, ਜੋ ਇਸ ਮੁੱਦੇ ਨੂੰ ਸਰਲ ਕਰਨ ਵਿਚ ਸਹਾਈ ਹੋ ਸਕਦੀ ਹੈ। ਆਮ ਦੁਨਿਆਵੀ ਧਾਰਨਾ ਹੈ ਕਿ ਕਿਸੇ ਵੀ ਮੰਜ਼ਿਲ ਤਕ ਪਹੁੰਚਣ ਲਈ ਉਹੀ ਮਾਰਗ-ਦਰਸ਼ਕ ਸਹੀ ਜਾਣਕਾਰੀ ਦੇ ਸਕਦਾ ਹੈ, ਜਿਸ ਨੇ ਆਪ ਉਸ ਰਾਹ ‘ਤੇ ਚਲਣ ਦਾ ਤਜਰਬਾ ਕੀਤਾ ਹੋਵੇ। ਅਜਿਹਾ ਹੀ ਵਰਤਾਰਾ ਵਾਪਰਦਾ ਹੈ, ਜਦ ਰੱਬੀ ਦਰਗਾਹ ਤੱਕ ਪਹੁੰਚਣ ਲਈ ਖੁਦ ਉਸ ਰਸਤੇ ਦਾ ਪਾਂਧੀ ਬਣ ਕੇ ਆਪ ਚਲਿਆ ਜਾਂਦਾ ਹੈ, ਪਰ ਜਦੋਂ ਅਜਿਹੀਆਂ ਆਤਮਾਵਾਂ ਆਪਣਾ ਦੁਨਿਆਵੀ ਪੰਧ ਮੁਕੰਮਲ ਕਰਨ ਪਿਛੋਂ ਰੱਬੀ ਘਰ ਵਿਚ ਜਾਂਦੀਆਂ ਹਨ ਤਾਂ ਉਥੇ ਉਹ ਇੰਨੀਆਂ ਸਤਿਕਾਰਤ ਅਤੇ ਅਨੰਦਤ ਮਹਿਸੂਸ ਕਰਦੀਆਂ ਹਨ ਕਿ ਮੁੜ ਦੁਨਿਆਵੀ ਲੋਕ ਵਿਚ ਆਉਣਾ ਨਹੀਂ ਚਾਹੁੰਦੀਆਂ। ਉਂਜ, ਕੁਝ ਰੱਬੀ ਰੂਪ ਵਿਸ਼ੇਸ਼ ਰੂਹਾਂ ਵੀ ਹੁੰਦੀਆਂ ਹਨ, ਜੋ ਜਾਂ ਤਾਂ ਆਪਣੀ ਇੱਛਾ ਮੁਤਾਬਕ ਜਾਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਫਿਰ ਮਾਤਲੋਕ ਵਿਚ ਆਉਂਦੀਆਂ ਜਾਂ ਭੇਜੀਆਂ ਜਾਂਦੀਆਂ ਹਨ ਤਾਂ ਜੋ ਲੋਕਾਈ ਨੂੰ ਉਸ ਧਰਮ ਅਨੰਦ ਦੀਆਂ ਝਲਕਾਂ ਦਿਖਾ ਸਕਣ, ਜਾਂ ਉਨ੍ਹਾਂ ਦਾ ਅਹਿਸਾਸ ਕਰਵਾ ਸਕਣ। ਅਜਿਹੀਆਂ ਆਤਮਾਵਾਂ ਲੋਕ ਅਤੇ ਪਰਲੋਕ ਵਿਚ ਉਚੇਚਾ ਸਤਿਕਾਰ ਪ੍ਰਾਪਤ ਕਰਦੀਆਂ ਹਨ ਤੇ ਬਹੁਤ ਹੀ ਸਤਿਕਾਰਯੋਗ ਸ਼ਬਦਾਂ ਜਿਵੇਂ ਅਵਤਾਰ, ਪੈਗੰਬਰ, ਗੁਰੂ, ਰੱਬ ਦਾ ਪੁੱਤਰ, ਤੀਰਥੰਕਰ ਆਦਿ ਨਾਲ ਚੇਤੇ ਰੱਖੀਆਂ ਜਾਂਦੀਆਂ ਹਨ।
ਇਹ ਅਨੁਭਵ ਕਿਸੇ ਗੈਰ ਸਿੱਖ ਮਹਾਂਪੁਰਸ਼ ਦਾ ਹੈ, ਪਰ ਇਸ ਦੀਆਂ ਸਾਖਸ਼ਾਤ ਮਿਸਾਲਾਂ ਬਾਕੀ ਮਹਾਂਪੁਰਸ਼ਾਂ ‘ਚ ਵੀ ਦੇਖੀਆਂ ਜਾ ਸਕਦੀਆਂ ਹਨ। ਉਸ ਲੋਕ ਦੇ ਉਸ ਅਗੰਮੀ ਅਨੰਦ ਦੀ ਗੱਲ ਕਰਦਿਆਂ ਕਲਗੀਧਰ ਪਾਤਸ਼ਾਹ ਨੇ ਵੀ ਆਪਣੇ ਅਨੁਭਵ ਦਾ ਜ਼ਿਕਰ ਬਚਿਤਰ ਨਾਟਕ ਵਿਚ ਕੀਤਾ ਹੈ, ‘ਜੀਅ ਨਾ ਭਯੋ ਹਮਰੋ ਆਵਨ ਕੋ, ਖੁਬੀ ਰਹੀ ਪ੍ਰੀਤ ਪ੍ਰਭ ਚਰਨਨ ਮੇਂ॥’ ਜਦੋਂ ਗੁਰੂ ਸਾਹਿਬ ਦਾ ਅਵਤਰਨ ਹੁੰਦਾ ਹੈ, ਉਦੋਂ ਪੀਰ ਭੀਖਣ ਸ਼ਾਹ ਨੂੰ ਇਹ ਰੱਬੀ ਇਲਹਾਮ ਹੁੰਦਾ ਹੈ ਕਿ ਪਟਨੇ ਦੀ ਧਰਤੀ ‘ਤੇ ਕਿਸੇ ਰੱਬੀ ਰੂਹ ਦਾ ਪ੍ਰਕਾਸ਼ ਹੋਇਆ ਹੈ। ਅਜਿਹੀ ਘਟਨਾ ਵਾਪਰੀ ਜਦ ਸਿਧਾਰਥ (ਗੌਤਮ ਬੁੱਧ) ਦਾ ਜਨਮ ਹੋਇਆ। ਕਥਾ ਹੈ ਕਿ ‘ਅਸੀਧਾ’ ਨਾਂ ਦਾ ਮਹਾਂਰਿਸ਼ੀ, ਜੋ ਖੁਦ ਵੀ ਮੁਕਤ ਹੋਈ ਰੂਹ ਸੀ, ਹਿਮਾਲਿਆ ਦੀਆਂ ਗੁਫਾਵਾਂ ਵਿਚ ਚਲ ਕੇ ਸਿਧਾਰਥ ਦੇ ਦਰਸ਼ਨਾਂ ਨੂੰ ਪਹੁੰਚਿਆ ਅਤੇ ਮਹਾਂ-ਅਨੰਦਤ ਅਵਸਥਾ ਵਿਚ ਬੋਲਿਆ ਕਿ ਮੈਂ ਧੰਨ ਹੋਇਆ ਮਹਿਸੂਸ ਕਰ ਰਿਹਾ ਹਾਂ, ਇਸ ਅਵਤਾਰੀ ਕਲੀ ਦੇ ਦਰਸ਼ਨ ਕਰਕੇ ਜਿਸ ਨੇ ਆਉਣ ਵਾਲੇ ਸਮੇਂ ਵਿਚ ਬਹੁਤ ਵੱਡਾ ਫੁਲ ਬਣ ਕੇ ਇਸ ਦੀ ਮਹਿਕ ਨਾਲ ਲੋਕਾਈ ਨੂੰ ਪ੍ਰਭਾਵਿਤ ਵੀ ਕਰਨਾ ਹੈ ਤੇ ਅਨੰਦਤ ਵੀ। ਕਿਹੜਾ ਤਰਕ ਹੈ, ਜਿਸ ਦੀ ਤੱਕੜੀ ‘ਤੇ ਅਸੀਂ ਇਸ ਰੱਬੀ ਰਹਿਮਤ ਦੀਆਂ ਝਲਕੀਆਂ ਨੂੰ ਤੋਲ ਸਕਾਂਗੇ। ਨਾਸਤਿਕ ਵਿਚਾਰਧਾਰਾ ਨੇ ਆਸਤਿਕ ਅਨੁਭਵਾਂ ਦੀਆਂ ਗੱਲਾਂ ਦਾ ਹਮੇਸ਼ਾ ਖੰਡਨ ਕੀਤਾ ਹੈ ਅਤੇ ਮਖੌਲ ਵੀ ਉਡਾਇਆ ਹੈ, ਪਰ ਗਵਾਹੀਆਂ ਇੰਨੀਆਂ ਪ੍ਰਬਲ, ਪ੍ਰਮਾਣਤ ਤੇ ਪ੍ਰਵਾਣਤ ਹਨ ਕਿ ਇਨਕਾਰੀ ਹੋਣ ਦੀ ਗੁਜਾਇੰਸ਼ ਵੀ ਨਹੀਂ ਬਚਦੀ।
ਮੈਂ ਸੰਸਾਰ ਦੇ ਉਨ੍ਹਾਂ ਧਰਮਾਂ ਦੀਆਂ ਵੀ ਅਜਿਹੀਆਂ ਮਾਨਤਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ, ਜਿਨ੍ਹਾਂ ਦਾ ਤਾਰਕਿਕ ਆਧਾਰ ਸ਼ਾਇਦ ਕੋਈ ਵੀ ਨਾ ਹੋਵੇ। ਇਸਾਈ ਧਰਮ ਦੇ ਦੁਨੀਆਂ ‘ਚ ਸਭ ਤੋਂ ਵੱਧ ਪੈਰੋਕਾਰ ਹਨ। ਉਨ੍ਹਾਂ ਦੇ ਪੈਗੰਬਰ ਜੀਸਸ ਦਾ ਜਨਮ ਦਿਨ ਕ੍ਰਿਸਮਸ ਦੇ ਰੂਪ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਜੀਸਸ ਨਾਲ ਦੋ ਵੱਡੀਆਂ ਘਟਨਾਵਾਂ ਜੁੜੀਆਂ ਹਨ, ਜੋ ਤਰਕ ਦੇ ਕਿਸੇ ਵੀ ਪੈਮਾਨੇ ‘ਚ ਫਿਟ ਨਹੀਂ ਹੁੰਦੀਆਂ। ਜੀਸਸ ਦੀ ਮਾਂ ਮਰੀਅਮ ਕੁਆਰੀ ਸੀ, ਜਦ ਉਸ ਨੇ ਇਸ ਰੱਬੀ ਪੁਰਸ਼ ਨੂੰ ਗਰਭ ਵਿਚ ਧਾਰਨ ਕੀਤਾ। ਦੂਜੀ ਘਟਨਾ ਸੂਲੀ ‘ਤੇ ਚੜ੍ਹਾਏ ਜਾਣ ਦੀ ਹੈ, ਜਦੋਂ ਉਸ ਨੂੰ ਕਬਰ ਵਿਚ ਦਫਨਾਉਣ ਦੇ ਤੀਜੇ ਦਿਨ ਜੀਸਸ ਫਿਰ ਜੀਵਤ ਨਜ਼ਰੀਂ ਆਇਆ। ਇਸਾਈਆਂ ਦਾ ਵਿਸ਼ਵਾਸ ਹੈ ਕਿ ਜੀਸਸ ਨੇ ਆਪਣੇ ਪੈਰੋਕਾਰਾਂ ਦੇ ਪਾਪਾਂ ਨੂੰ ਆਪਣੇ ਉਪਰ ਲੈਂਦਿਆਂ ਇਹ ਸ਼ਹਾਦਤ ਦਿੱਤੀ ਤੇ ਕਬਰ ਵਿਚੋਂ ਜੀਵਤ ਬਾਹਰ ਨਿਕਲ ਕੇ ਮੌਤ ‘ਤੇ ਆਪਣੀ ਜਿਤ ਦਾ ਪ੍ਰਗਟਾਵਾ ਕੀਤਾ।
ਦੁਨੀਆਂ ਦੇ ਸਭ ਤੋਂ ਵੱਧ ਨੋਬੇਲ ਇਨਾਮ ਜੇਤੂ ਇਸਾਈਅਤ ਨੂੰ ਮੰਨਣ ਵਾਲੇ ਹਨ ਅਤੇ ਦੁਨੀਆਂ ਦੇ ਵੱਡੇ ਹਿੱਸੇ ‘ਚ ਉਨ੍ਹਾਂ ਦਾ ਰਾਜ-ਭਾਗ ਹੈ। ਦੁਨੀਆਂ ਦੀ ਅਸਲ ਤਾਕਤ ਦੇ ਮਾਲਕ ਇਸਾਈ ਲੋਕ ਹਨ। ਉਨ੍ਹਾਂ ਸਭ ਨੇ ਇਨ੍ਹਾਂ ਘਟਨਾਵਾਂ ਨੂੰ ਬੇਝਿਜਕ ਪ੍ਰਵਾਨ ਕੀਤਾ ਹੈ। ਸਾਡੇ ਧਾਰਮਿਕ ਵਿਦਵਾਨ ਪ੍ਰਚਾਰਕਾਂ ਕੋਲੋਂ ਆਪਣੇ ਘਰ ਸਾਂਭ ਨਹੀਂ ਹੁੰਦੇ, ਪਰ ਅਸੀਂ ਕਦੀ ਇਸਾਈਆਂ, ਕਦੇ ਮੁਸਲਮਾਨਾਂ ਤੇ ਕਦੇ ਬ੍ਰਾਹਮਣਾਂ ਦੇ ਵਿਹੜੇ ਜਾ ਵੜਦੇ ਹਾਂ। ਉਨ੍ਹਾਂ ਦੀਆਂ ਮਾਨਤਾਵਾਂ ਦੇ ਖੰਡਨ ਦਾ ਬੇਮਤਲਬ ਝਮੇਲਾ ਸਹੇੜ ਬੈਠਦੇ ਹਨ।
ਬੁੱਧ ਧਰਮ, ਜਿਸ ਨੂੰ ਆਪਣੀ ਜਨਮ ਭੂਮੀ ਤੋਂ ਬਾਹਰ ਕੱਢਿਆ ਗਿਆ, ਪਰ ਉਹ ਚੀਨ ਤੇ ਜਪਾਨ ਵਰਗੇ ਵਿਕਸਿਤ ਅਨੇਕਾਂ ਦੇਸ਼ਾਂ ਵਿਚ ਸਤਿਕਾਰਤ ਹੈ। ਮਹਾਤਮਾ ਬੁੱਧ ਬਾਰੇ ਗਾਥਾ ਹੈ ਕਿ ਬੁੱਧ ਦੀ ਮਾਂ ਬਿਰਖ ਥੱਲੇ ਖੜ੍ਹੀ ਸੀ, ਜਦ ਬੁੱਧ ਦਾ ਜਨਮ ਹੋਇਆ ਤੇ ਉਹ ਜ਼ਮੀਨ ‘ਤੇ ਪੈਰਾਂ ਭਾਰ ਡਿਗਿਆ ਅਤੇ ਸੱਤ ਕਦਮ ਤੁਰਿਆ, ਅੱਠਵੇਂ ਕਦਮ ‘ਤੇ ਉਸ ਨੇ ‘ਜੀਵਨ ਦੁੱਖ ਹੈ’ ਨਾਲ ਸਬੰਧਿਤ ਚਾਰ ਸੱਚਾਈਆਂ ਦਾ ਐਲਾਨ ਕੀਤਾ।
ਜੈਨੀਆਂ ਦੇ 24ਵੇਂ ਤੀਰਥੰਕਰ ਮਹਾਂਵੀਰ ਨਾਲ ਸਬੰਧਿਤ ਘਟਨਾ ਹੈ ਕਿ ਮਹਾਂਵੀਰ ਗਰਭ ਦੇ ਪਹਿਲੇ ਤਿੰਨ ਮਹੀਨੇ ਬ੍ਰਾਹਮਣੀ ਦੇ ਗਰਭ ਵਿਚ ਰਿਹਾ। ਪਹਿਲੇ 23 ਤੀਰਥੰਕਰ ਕਿਉਂਕਿ ਰਾਜ ਪੁੱਤਰ ਸਨ, ਕਸ਼ੱਤਰੀ ਸਨ, ਇਸ ਲਈ ਦੇਵਤਿਆਂ ਨੇ ਫੈਸਲਾ ਕੀਤਾ ਕਿ ਇਹ ਆਤਮਾ ਜੋ ਬਹੁਤ ਪ੍ਰਤਾਪੀ ਤੀਰਥੰਕਰ ਹੋਵੇਗੀ, ਦੀ ਜੋ ਸ਼ਖਸੀਅਤ ਚਾਹੀਦੀ ਹੈ, ਉਹ ਬ੍ਰਾਹਮਣੀ ਦੇ ਗਰਭ ਵਿਚ ਵਿਕਸਿਤ ਨਹੀਂ ਹੋਵੇਗੀ। ਇਸ ਲਈ ਇਹ ਬਾਲਕ ਤਿੰਨ ਮਹੀਨੇ ਦੇ ਗਰਭ ਪਿਛੋਂ ਗਰਭ ਬਦਲ ਕੇ ਖਤਰਾਣੀ ਦੇ ਪੇਟ ਵਿਚ ਰੱਖ ਦਿੱਤਾ ਅਤੇ ਖਤਰਾਣੀ ਦੇ ਪੇਟ ਵਿਚੋਂ ਲੜਕੀ ਦਾ ਗਰਭ ਬ੍ਰਾਹਮਣੀ ਦੇ ਪੇਟ ਵਿਚ ਤਬਦੀਲ ਕਰ ਦਿੱਤਾ। ਇਹ ਗਾਥਾ ਜੈਨ ਧਰਮ ‘ਚ ਸਤਿਕਾਰਤ ਮਾਨਤਾ ਨਾਲ ਪ੍ਰਵਾਨਤ ਹੈ।
ਚੀਨੀ ਮਹਾਂਪੁਰਸ਼ ਲਾਉਤਸੇ ਪੁਰਾਤਨ ਚੀਨ ‘ਚ ਸਭ ਤੋਂ ਵੱਧ ਸਤਿਕਾਰਤ ਮਹਾਂਪੁਰਸ਼ ਤੇ ਫਿਲਾਸਫਰ ਹੋਇਆ ਹੈ। ਉਸ ਬਾਰੇ ਮੰਨਣਾ ਹੈ ਕਿ ਜਦ ਉਸ ਦਾ ਜਨਮ ਹੋਇਆ, ਉਹ 80 ਸਾਲਾਂ ਦਾ ਸੀ, ਉਸ ਦੇ ਵਾਲ ਸਫੈਦ ਸਨ।
ਪੁਰਾਤਨ ਰਾਜਿਆਂ ਵਿਚੋਂ ਰਾਜਾ ਜਨਕ ਦਾ ਨਾਮ ਰਾਜੇ ਦੇ ਨਾਲ-ਨਾਲ ਅਵਤਾਰੀ ਮਹਾਂਪੁਰਸ਼ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਦਾ ਜ਼ਿਕਰ ਗੁਰਬਾਣੀ ਵਿਚ ਵੀ ਹੈ। ਉਸ ਦਾ ਗੁਰੂ ਅਸ਼ਟਾਵਕਰ, ਬਾਰਾਂ ਸਾਲ ਦਾ ਲੜਕਾ ਸੀ, ਜਿਸ ਪਾਸੋਂ ਜਨਕ ਨੇ ਉਸ ਦੇ ਪੈਰਾਂ ‘ਤੇ ਸਿਰ ਰੱਖ ਕੇ ਪ੍ਰਾਰਥਨਾ ਕੀਤੀ ਸੀ ਕਿ ਹੇ ਪ੍ਰਭੂ, ਮੇਰੇ ਮਨ ਦੀ ਜਗਿਆਸਾ ਪੂਰੀ ਕਰੋ, ਮੇਰੇ ਮਨ ਦੇ ਸਵਾਲਾਂ ਨੂੰ ਸੁਲਝਾਓ ਤੇ ਮੇਰਾ ਮਾਰਗ ਦਰਸ਼ਨ ਕਰੋ। ਉਹ ਬਾਰਾਂ ਸਾਲਾ ਬਾਲਕ ਅੱਠ ਅੰਗਾਂ ਤੋਂ ਟੇਢਾ ਸੀ, ਜਿਸ ਦਾ ਉਸ ਨੂੰ ਗਰਭ ਸਮੇਂ ਉਸ ਦੇ ਪਾਪ ਵਜੋਂ ਸਰਾਪ ਮਿਲਿਆ ਸੀ, ਜਦ ਉਸ ਨੇ ਗਰਭ ਵਿਚੋਂ ਹੀ ਵੇਦਾਂ ਦਾ ਪਾਠ ਕਰ ਰਹੇ ਆਪਣੇ ਬਾਪ ਨੂੰ ਟੋਕਿਆ ਸੀ।
ਤਰਕ ਦੇ ਕਿਸੇ ਵੀ ਇਮਤਿਹਾਨ ਵਿਚ ਇਹ ਗਾਥਾਵਾਂ ਪ੍ਰਵਾਨ ਨਹੀਂ ਹੋ ਸਕਦੀਆਂ, ਫਿਰ ਵੀ ਸਬੰਧਿਤ ਧਰਮਾਂ ਦੇ ਸ਼ਰਧਾਲੂਆਂ ‘ਚ ਪ੍ਰਵਾਨਤ ਹਨ। ਇਹ ਤਾਂ ਮੰਨਣਾ ਪਵੇਗਾ ਕਿ ਇਹ ਗਾਥਾਵਾਂ ਭਾਵੇਂ ਸੱਚ ਦੀ ਗਵਾਹੀ ਨਹੀਂ ਭਰਦੀਆਂ, ਪਰ ਇਹ ਕਹਾਣੀਆਂ ਸਬੰਧਿਤ ਮਹਾਂਪੁਰਸ਼ਾਂ ਦੀ ਜ਼ਿੰਦਗੀ ‘ਚ ਵਾਪਰੀਆਂ ਅਲੌਕਿਕ ਮਾਨਤਾਵਾਂ ਦੀ ਕਿਸੇ ਨਾ ਕਿਸੇ ਰੂਪ ਵਿਚ ਤਰਜਮਾਨੀ ਜ਼ਰੂਰ ਕਰਦੀਆਂ ਹਨ।
ਤਰਕ ਦੀ ਆਪਣੀ ਸੀਮਾ ਹੈ, ਪਰ ਧਰਮ ਅਸੀਮ ਹੈ। ਤਰਕ ਅਤੇ ਗਣਿਤ ਦੀ ਭਾਸ਼ਾ ‘ਚ 2+2=4 ਹੀ ਹੁੰਦੇ ਹਨ, ਪਰ ਧਰਮ ਦੀ ਦੁਨੀਆਂ ਵਿਚ 2+2=5 ਵੀ ਹੋ ਸਕਦੇ ਹਨ ਤੇ 2+2=3 ਵੀ।
ਗੁਰਬਾਣੀ ਵਿਚ ਦਰਜ ਹੈ, ‘ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥’ ਤੇ ਉਥੇ ਹੀ ਦਰਜ ਹੈ, ‘ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ॥’ ਅਰਦਾਸ ‘ਚ ਦਸਮ ਪਾਤਸ਼ਾਹ ਨੇ ਗੁਰੂ ਹਰਕ੍ਰਿਸ਼ਨ ਜੀ ਸਬੰਧੀ ਖੁਦ ਲਿਖਿਆ ਹੈ, ‘ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਇ!’ ਸਾਡੇ ਗੁਰੂ ਇਤਿਹਾਸ ਦਾ ਸਭ ਤੋਂ ਵੱਡਾ ਲਿਖਤੀ ਸਰੋਤ ਤਾਂ ਸਾਖੀਆਂ ਹੀ ਹਨ। ਇਨ੍ਹਾਂ ਅੰਦਰ ਗੁਰੂ ਸਾਹਿਬਾਨ ਨਾਲ ਸਬੰਧਿਤ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਕਰਾਮਾਤ ਵੀ ਕਹਿ ਸਕਦੇ ਹਾਂ, ਬਖਸ਼ਿਸ਼ ਵੀ ਕਹਿ ਸਕਦੇ ਹਾਂ, ਜੋ ਮਹਾਪੁਰਸ਼ਾਂ ਵਲੋਂ ਸਹਿਜੇ ਹੀ ਘਟਦੀਆਂ ਹਨ। ਜੇ ਆਪਾਂ ਉਨ੍ਹਾਂ ‘ਤੇ ਇਤਬਾਰ ਨਹੀਂ ਕਰਾਂਗੇ ਤਾਂ ਫਿਰ ਉਨ੍ਹਾਂ ਸਾਰੇ ਧਾਰਮਿਕ ਸਥਾਨਾਂ ਦਾ ਕੀ ਕਰਾਂਗੇ, ਜੋ ਉਨ੍ਹਾਂ ਧਾਰਮਿਕ ਘਟਨਾਵਾਂ ਨਾਲ ਜੁੜੇ ਹਨ? ਅਵਤਾਰੀ ਪੁਰਸ਼ਾਂ ਦੇ ਬਚਨ ਹਨ ਕਿ ਅਜਿਹੀਆਂ ਆਤਮਾਵਾਂ ਜਦੋਂ ਮਨੁੱਖੀ ਜਾਮੇ ‘ਚ ਆਉਂਦੀਆਂ ਹਨ, ‘ਕਲਿ ਤਾਰਣ ਗੁਰੁ ਨਾਨਕ ਆਇਆ॥’ ਤਾਂ ਉਹ ਕਰਾਮਾਤਾਂ ਕਰਦੀਆਂ ਨਹੀਂ, ਸਗੋਂ ਜੋ ਕੁਝ ਉਹ ਸਹਿਵਨ ਹੀ ਕਹਿੰਦੇ ਜਾਂ ਕਰਦੇ ਹਨ, ਉਹ ਕਰਾਮਾਤੀ ਜਾਂ ਕਰਾਮਾਤ ਹੋ ਨਿਬੜਦੇ ਹਨ। ਇਸੇ ਹੀ ਤਰ੍ਹਾਂ ਮਹਾਪੁਰਸ਼ ਜਾਂ ਰੱਬੀ ਰੂਹਾਂ ਤੀਰਥਾਂ ‘ਤੇ ਨਹੀਂ ਜਾਂਦੀਆਂ, ਸਗੋਂ ਉਹ ਜਿਥੇ ਵੀ ਕਿਸੇ ਪਰਉਪਕਾਰੀ ਕਰਮ ਨੂੰ ਕਰਦੇ ਹਨ, ਉਹੀ ਸਥਾਨ ਪੂਜਣਯੋਗ ਤੀਰਥ ਬਣ ਜਾਂਦੇ ਹਨ। ‘ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਹੋਅ’, ‘ਜਿਥੇ ਜਾਇ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ।’
ਤਰਕ ਸਚਮੁੱਚ ਦੋ ਧਾਰੀ ਤਲਵਾਰ ਹੈ। ਇਸ ਨਾਲ ਸਿਰ ਵੱਢਿਆ ਵੀ ਜਾ ਸਕਦਾ ਹੈ ਤੇ ਸਿਰ ਬਖਸ਼ਿਆ ਵੀ ਜਾ ਸਕਦਾ ਹੈ। ਨਿਰਭਰ ਕਰਦਾ ਹੈ ਕਿ ਉਹ ਤਲਵਾਰ ਕਿਸ ਦੇ ਹੱਥ ਵਿਚ ਹੈ। ਇਹ ਕਦੀ ਵੀ ਨਾ ਖਤਮ ਹੋਣ ਵਾਲੀ ਲੜਾਈ ਹੈ। ਮੈਂ ਇਕ ਬੜੇ ਅਚੰਭਿਤ ਤਰਕ ‘ਤੇ ਆਧਾਰਤ ਚਰਚਾ ਦਾ ਜ਼ਿਕਰ ਸੁਣਿਆ ਹੈ ਕਿ ਇਕ ਵਾਰੀ ਬਹੁਤ ਹੀ ਵਿਖਿਆਤ ਤਰਕ ਦੇ ਦੋ ਵਿਦਵਾਨਾਂ ਦੀ ਚਰਚਾ ਹੋਈ। ਉਨ੍ਹਾਂ ਵਿਚੋਂ ਇਕ ਕੱਟੜ ਨਾਸਤਕ ਸੀ ਤੇ ਦੂਜਾ ਆਸਤਕ। ਦੋਹਾਂ ਨੇ ਆਪੋ-ਆਪਣੇ ਪੱਖਾਂ ਬਾਰੇ ਏਨੇ ਸੂਖਮ ਤੇ ਪ੍ਰਬਲ ਤਰਕ ਦੇ ਬਾਣਾਂ ਦੇ ਵਾਰ ਕੀਤੇ ਕਿ ਚਰਚਾ ਸੁਣ ਰਹੇ ਲੋਕ ਵੀ ਅਚੰਭਿਤ ਹੋ ਗਏ। ਅਖੀਰ ਜੋ ਨਤੀਜਾ ਸਾਹਮਣੇ ਆਇਆ, ਉਹ ਬੇਹਦ ਹੈਰਾਨ ਕਰ ਦੇਣ ਵਾਲਾ ਸੀ, ਕਿਉਂਕਿ ਜੋ ਆਸਤਕ ਸੀ, ਉਹ ਨਾਸਤਕ ਬਣ ਕੇ ਰੱਬ ਦੀ ਹੋਂਦ ਤੋਂ ਇਨਕਾਰੀ ਹੋ ਗਿਆ ਸੀ ਅਤੇ ਜੋ ਨਾਸਤਕ ਸੀ, ਉਹ ਆਸਤਕ ਬਣ ਗਿਆ ਸੀ। ਤਰਕ ਦੀ ਲੜਾਈ ਫਿਰ ਉਥੇ ਦੀ ਉਥੇ ਹੀ ਰਹੀ।
ਤਰਕ ਅਤੇ ਸ਼ਰਧਾ ਬੁਨਿਆਦੀ ਵਖਰੇਵੇਂ ਵਾਲੀਆਂ ਦੋ ਦਿਸ਼ਾਵਾਂ ਹਨ। ਤਰਕ ਇਨਕਾਰੀ ਬਿਰਤੀ ਨੂੰ ਜਨਮ ਦਿੰਦਾ ਹੈ ਅਤੇ ਸ਼ਰਧਾ ਦਾ ਆਧਾਰ ਮੰਨਣ ਵਿਚ ਹੈ। ਧਰਮ ਤੇ ਸ਼ਰਧਾ ਸਹਿਜ ਤੇ ਟਿਕਾਊ ਉਪਰ ਅਤੇ ਤਰਕ ਦੌੜ-ਭੱਜ ਤੇ ਵਿਸਥਾਰ ਦੀ ਵਕਾਲਤ ਕਰਦਾ ਹੈ। ਸਾਡੇ ਪ੍ਰਚਾਰਕਾਂ ਦਾ ਤਰਕ ਪੂਰਬੀ ਮਾਨਸਿਕਤਾ ਦੀ ਹੀਣ ਭਾਵਨਾ ਵਿਚੋਂ ਜਨਮਦਾ ਨਜ਼ਰ ਆਉਂਦਾ ਹੈ। ਇਹ ਪ੍ਰਚਾਰਕ ਧਰਮ ਨੂੰ ਆਤਮਾ ਦੇ ਵਿਕਸਿਤ ਹੋਣ ਜਾਂ ਕਰਨ ਨਾਲ ਜੋੜਨ ਦੀ ਥਾਂਵੇਂ ਪੱਛਮ ਦੇ ਦੁਨਿਆਵੀ ਇਖਲਾਕੀ ਤੇ ਆਰਥਕ ਪੱਖ ਨੂੰ ਵੱਧ ਮਹੱਤਵ ਦਿੰਦੇ ਹਨ, ਪਰ ਉਹ ਅਜਿਹੇ ਵਿਕਸਿਤ ਸਮਾਜ ਵਿਚੋਂ ਉਤਪੰਨ ਮਾਨਸਿਕ ਪੀੜਾ ਨੂੰ ਭੁੱਲ ਜਾਂਦੇ ਹਨ।
ਅਮਰੀਕਾ ਦੁਨੀਆਂ ਦਾ ਸਭ ਤੋਂ ਵੱਧ ਵਿਕਸਿਤ ਅਤੇ ਤਾਕਤਵਰ ਦੇਸ਼ ਹੈ। ਇਸ ਦੁਨਿਆਵੀ ਵਿਕਾਸ ਦਾ ਨਤੀਜਾ ਹੈ ਕਿ ਬਹੁਤ ਸਾਰੀਆਂ ਪ੍ਰਾਪਤੀਆਂ ਦੇ ਨਾਲ-ਨਾਲ ਬਹੁਤ ਸਾਰੀਆਂ ਅਲਾਮਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸਾਰੀ ਦੁਨੀਆਂ ਦੇ ਮੁਕਾਬਲੇ ਮਾਨਸਿਕ ਰੋਗਾਂ ਨਾਲ ਪੀੜਤ ਲੋਕਾਂ ਦੀ ਫੀਸਦ ਦਰ ਅਮਰੀਕਾ ਵਿਚ ਸਭ ਤੋਂ ਵੱਧ, ਭਾਵ 26 ਫੀਸਦ ਹੈ। ਹਰ ਚੌਥਾ ਵਿਅਕਤੀ ਮਾਨਸਿਕ ਰੋਗੀ ਹੈ ਤੇ ਹਰ ਦਸਵਾਂ ਵਿਅਕਤੀ ਦਿਲ ਦੇ ਰੋਗ ਦਾ ਮਰੀਜ਼ ਹੈ। ਦੇਸ਼ ਦੇ ਵਾਸੀਆਂ ਨੇ ਭਾਵੇਂ ਹਮੇਸ਼ਾ ਰੱਬ ਦੀ ਹੋਂਦ, ਉਸ ਦੀ ਸ਼ਕਤੀ, ਉਸ ਦੀ ਬਖਸ਼ਿਸ਼ ਨੂੰ ਸਵੀਕਾਰਿਆ ਹੈ। ‘ਗੌਡ ਬਲੈੱਸ ਅਮੈਰਿਕਾ’ ਇਨ੍ਹਾਂ ਦੀ ਸਥਾਈ ਪ੍ਰਾਰਥਨਾ ਹੈ। ਹਰ ਵੱਡੇ ਕਾਰਜ ਦੀ ਸ਼ੁਰੂਆਤ ਰੱਬ ਅੱਗੇ ਬੇਨਤੀ ਨਾਲ ਹੁੰਦੀ ਹੈ।
ਗੁਰੂ ਗ੍ਰੰਥ ਸਾਹਿਬ ਸਿੱਖ ਜਗਤ ਲਈ ਜਾਗਦੀ ਜੋਤ ਅਤੇ ਪ੍ਰਤੱਖ ਗੁਰੂ ਦੇ ਰੂਪ ਵਿਚ ਹੈ। ਬਾਣੀ ਅਤੇ ਗੁਰੂ ਦੀ ਇਕਮਿਕਤਾ ਦੀ ਗੱਲ ਕੀਤੀ ਗਈ ਹੈ, ‘ਬਾਣੀ ਗੁਰੂ ਗੁਰੂ ਹੈ ਬਾਣੀ…।’ ਇਹ ਸਭ ਵਿਸ਼ਵਾਸ ਅਤੇ ਭਰੋਸੇ ‘ਤੇ ਆਧਾਰਤ ਹੈ। ਇਹ ਵੀ ਸਾਡੇ ਪੁਰਾਤਨ ਸਰੋਤਾਂ ਦੀ ਹੀ ਦੇਣ ਹੈ। ਕੁਝ ਵੀ ਕਿਸੇ ਉਸ ਵਿਅਕਤੀ ਨੇ ਨਹੀਂ ਲਿਖਿਆ, ਜੋ ਨਾਂਦੇੜ ਸਾਹਿਬ ਦੀ ਧਰਤੀ ‘ਤੇ ਉਸ ਸਮੇਂ ਮੌਜੂਦ ਸੀ। ਸਿੱਖਾਂ ਤੋਂ ਬਿਨਾ ਸਾਰੀ ਦੁਨੀਆਂ ਲਈ ਧਾਰਮਿਕ ਗ੍ਰੰਥ ਤਾਂ ਹੋ ਸਕਦਾ ਹੈ, ਪਰ ਗੁਰੂ ਨਹੀਂ। ਕਿਹੜਾ ਤਰਕ ਹੈ, ਜਿਸ ਦੇ ਆਧਾਰ ‘ਤੇ ਤੁਸੀਂ ਨੌਜਵਾਨ ਪੀੜ੍ਹੀ ਦੀ ਇਸ ਜਗਿਆਸਾ ਨੂੰ ਤ੍ਰਿਪਤ ਕਰੋਗੇ? ਸਿਵਾਏ ਵਿਸ਼ਵਾਸ ਅਤੇ ਭਰੋਸੇ ਦੇ! ਤਰਕ ਦੇ ਕਿਸ ਫਾਰਮੂਲੇ ਨਾਲ ਸਾਬਤ ਕਰੋਗੇ ਕਿ ਰੱਬੀ ਜੋਤ, ਜੋ ਗੁਰੂ ਨਾਨਕ ਰਾਹੀਂ ਇਸ ਸੰਸਾਰ ‘ਚ ਆਈ ਮੰਨੀ ਜਾਂਦੀ ਹੈ ਕਿ 239 ਸਾਲਾਂ ਦੇ ਲੰਮੇ ਸਮੇਂ ‘ਚ ਉਹ ਵੱਖ-ਵੱਖ 10 ਸਰੀਰਾਂ ‘ਚ ਪ੍ਰਕਾਸ਼ਿਤ ਹੋਈ। ਕਿਵੇਂ ਮਿਥ ਸਕੋਗੇ ਕਿ ਉਹ ਜੋਤ ਜਦੋਂ ਸਰੀਰਕ ਯਾਤਰਾ ਕਰਦੀ-ਕਰਦੀ 72 ਸਾਲਾਂ ਦੇ ਬਜੁਰਗ ਬਾਬੇ ਅਮਰਦਾਸ ਨੂੰ ਗੁਰੂ ਬਣਾਉਂਦੀ ਹੈ ਤਾਂ ਉਹੀ ਜੋਤ ਉਹੀ ਰੱਬੀ ਬਖਸ਼ਿਸ਼ਾਂ ਵਾਲੀ ਅਸੀਮ ਸ਼ਕਤੀ ਲੈ ਕੇ ਪੰਜ ਸਾਲਾਂ ਦੇ ਬਾਲਕ ਨੂੰ ਗੁਰੂ ਹਰਕ੍ਰਿਸ਼ਨ ਬਣਾਉਂਦੀ ਹੈ। ਕੀ ਸਿਵਾਏ ਭਰੋਸੇ ਅਤੇ ਵਿਸ਼ਵਾਸ ਦੇ ਉਸ ਨੂੰ ਮੰਨਣ ਦੇ, ਸਾਡੇ ਪਾਸ ਇਨਕਾਰੀ ਹੋਣ ਦੀ ਕੋਈ ਹੋਰ ਵਜ੍ਹਾ ਹੈ? ਕੀ ਇਹ ਸਾਰਾ ਕੁਝ ਸਾਡੀ ਜਾਣਕਾਰੀ ਵਿਚ ਉਨ੍ਹਾਂ ਸਰੋਤਾਂ ਰਾਹੀਂ ਨਹੀਂ ਆਇਆ, ਜਿਨ੍ਹਾਂ ਅੰਦਰਲੀਆਂ ਕਈ ਗੱਲਾਂ ਸਾਡੇ ਮੁਤਾਬਕ ਰਹਿਮਤ ਸਿਧਾਂਤ ਦੀ ਤਰਜਮਾਨੀ ਨਹੀਂ ਕਰਦੀਆਂ?
ਇਹ ਅਜਿਹਾ ਮੁੱਦਾ ਹੈ, ਜੋ ਕਦੀ ਵੀ ਖਤਮ ਹੋਣ ਵਾਲਾ ਨਹੀਂ, ਜਿੰਨੀ ਦੇਰ ਤੱਕ ਇਨ੍ਹਾਂ ਨੂੰ ਦੋਹਾਂ ਦੇ ਪੂਰਕ ਸਮਝ ਕੇ ਨਾ ਦੇਖਿਆ ਜਾਵੇ। ਜਿਵੇਂ ਸਿੱਖੀ ਸਿਧਾਂਤ ਹੈ ਕਿ ਧਰਮ ਤੇ ਸਿਆਸਤ-ਦੋਵੇਂ ਹੀ ਸਿੱਖਾਂ ਲਈ ਜ਼ਰੂਰੀ ਹਨ, ਪਰ ਸਿਆਸਤ, ਸੱਤਾ ਜਾਂ ਸ਼ਕਤੀ, ਜੇ ਧਰਮ ਦੇ ਅਧੀਨ ਰਹਿੰਦੀ ਹੈ ਤਾਂ ਸੰਤੁਲਨ ਰਹਿੰਦਾ ਹੈ। ਇਵੇਂ ਹੀ ਧਰਮ ਦੇ ਸਬੰਧ ਵਿਚ ਬੇਸ਼ਕ ਸ਼ਰਧਾ, ਵਿਸ਼ਵਾਸ ਤੇ ਭਰੋਸੇ ਦੀ ਮਹੱਤਤਾ ਵੱਧ ਹੈ, ਪਰ ਜੇ ਇਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਤਰਕ ਦੇ ਘੇਰੇ ਵਿਚ ਮੁਕੰਮਲ ਆਜ਼ਾਦੀ ਦੀ ਗੱਲ ਕਹੀ ਜਾਵੇ ਤਾਂ ਧਰਮ ਦੇ ਮਹੱਲ ਨੂੰ ਅੰਨ੍ਹੀ ਤੇ ਬੇਵਿਸ਼ਵਾਸੀ ਸ਼ਰਧਾ ਦੀਆਂ ਨੀਂਹਾਂ ‘ਤੇ ਉਸਾਰਨ ਦੀ ਹਿਮਾਕਤ ਕੀਤੀ ਤਾਂ ਧਰਮ ਦੇ ਸਹੀ ਅਰਥਾਂ ਦਾ ਗੁਆਚਣਾ ਨਿਸ਼ਚਿਤ ਹੈ।