ਦਿੱਲੀ ਦੇ ਫਿਰਕੂ ਦੰਗੇ

‘ਪੰਜਾਬ ਟਾਈਮਜ਼’ ਦੇ 14 ਮਾਰਚ 2020 ਵਾਲੇ ਅੰਕ ਵਿਚ ਸ਼ ਦਰਸ਼ਨ ਸਿੰਘ ਸ਼ੰਕਰ ਦਾ ਲੇਖ ‘ਦਿੱਲੀ ਹਿੰਸਾ ਨੇ 1984 ਦਾ ਸਿੱਖ ਕਤਲੇਆਮ ਯਾਦ ਕਰਵਾਇਆ’ ਛਪਿਆ ਹੈ। ਇਸ ਵਿਚ ਇਹ ਵਿਚਾਰ ਸਾਹਮਣੇ ਆਇਆ ਹੈ ਕਿ ਦਿੱਲੀ ਦੰਗਿਆਂ ਦੌਰਾਨ ਹਿੰਦੂਆਂ ਨੇ ਮੁਸਲਮਾਨਾਂ ‘ਤੇ ਹਮਲੇ ਕੀਤੇ, ਪਰ ਇਹ ਅੰਸ਼ਕ ਸੱਚਾਈ ਹੀ ਹੈ। ਇਨ੍ਹਾਂ ਭਿਆਨਕ ਦੰਗਿਆਂ ਵਿਚ ਹਿੰਦੂਆਂ ਅਤੇ ਮੁਸਲਮਾਨਾਂ-ਦੋਹਾਂ ਦਾ ਜਾਨ ਮਾਲ ਦਾ ਨੁਕਸਾਨ ਹੋਇਆ ਹੈ; ਮਸਜਿਦਾਂ ਦੇ ਨਾਲ-ਨਾਲ ਮੰਦਿਰ ਵੀ ਸਾੜੇ ਗਏ ਹਨ।

ਵੱਖ-ਵੱਖ ਟੀ. ਵੀ./ਨਿਊਜ਼ ਚੈਨਲਾਂ (ਜ਼ੀ ਨਿਊਜ਼, ਇੰਡੀਆ ਟੀ. ਵੀ. ਅਤੇ ਕੈਪੀਟਲ ਟੀ. ਵੀ.) ਨੇ ਦਿਖਾਇਆ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਤਾਹਿਰ ਹੁਸੈਨ ਦੇ ਘਰੋਂ ਪੱਥਰ, ਪੈਟਰੋਲ ਬੰਬ, ਐਸਿਡ ਦੇ ਪਾਊਚ, ਤੀਲਾਂ ਦੀਆਂ ਡੱਬੀਆਂ ਅਤੇ ਇਕ ਵੱਡੀ ਗੁਲੇਲ ਬਰਾਮਦ ਹੋਈ ਹੈ (‘ਆਪ’ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਅੱਜ ਕੱਲ੍ਹ ਉਹ ਪੁਲਿਸ ਹਿਰਾਸਤ ਵਿਚ ਹੈ)।
ਮੌਕੇ ਦੇ ਕਈ ਗਵਾਹਾਂ ਅਨੁਸਾਰ ਉਸ ਵਕਤ ਤਾਹਿਰ ਹੁਸੈਨ ਦੇ ਘਰ ਦੀ ਛੱਤ ਉਤੇ ਘੱਟੋ-ਘੱਟ 100 ਜਣੇ ਮੌਜੂਦ ਸਨ ਅਤੇ ਉਹ ਪਥਰਾਓ ਕਰ ਰਹੇ ਸਨ, ਗੋਲੀਆਂ ਚਲਾ ਰਹੇ ਸਨ ਤੇ ਪੈਟਰੋਲ ਬੰਬ ਵੀ ਸੁੱਟ ਰਹੇ ਸਨ। ਇਨ੍ਹਾਂ ਨੇ ਹਿੰਦੂਆਂ ਦੀਆਂ ਕਈ ਕਾਰਾਂ ਅਤੇ ਦੁਕਾਨਾਂ ਵੀ ਸਾੜ ਦਿੱਤੀਆਂ, ਜਦਕਿ ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ, ਜਿਨ੍ਹਾਂ ‘ਤੇ ‘ਨੋ ਸੀ. ਏ. ਏ.’, ‘ਨੋ ਐਨ. ਪੀ. ਆਰ.’ ਲਿਖਿਆ ਹੋਇਆ ਸੀ।
ਆਈ. ਬੀ. ਅਫਸਰ ਅੰਕਿਤ ਸ਼ਰਮਾ ਨੂੰ ਮਾਰ ਦਿੱਤਾ ਗਿਆ। ਉਸ ਦੇ ਸਰੀਰ ‘ਤੇ ਤਸ਼ੱਦਦ ਦੇ ਨਿਸ਼ਾਨ ਸਨ ਅਤੇ ਉਸ ਦੀ ਦੇਹ ਤਾਹਿਰ ਹੁਸੈਨ ਦੇ ਘਰ ਨੇੜਿਓਂ ਗਟਰ ਵਿਚੋਂ ਮਿਲੀ। ਪੁਲਿਸ ਨੇ ਇਸ ਸਬੰਧੀ ਸਲਮਾਨ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। 22 ਵਰ੍ਹਿਆਂ ਦੇ ਦਿਲਬਰ ਸਿੰਘ ਨੇਗੀ ਦੇ ਦੋਵੇਂ ਹੱਥ ਚਿੱਥ ਦਿੱਤੇ ਗਏ ਅਤੇ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ। ਇਕ ਕੁੜੀ ਦੀ ਨਗਨ ਦੇਹ ਗਟਰ ਵਿਚੋਂ ਮਿਲੀ ਹੈ। ਉਸ ਦੇ ਸੜੇ ਹੋਏ ਛੋਟੇ ਕੱਪੜੇ ਤਾਹਿਰ ਹੁਸੈਨ ਦੇ ਘਰ ਦੀ ਬੇਸਮੈਂਟ ਵਿਚੋਂ ਮਿਲੇ।
-ਸੰਤੋਖ ਸਿੰਘ ਬੈਂਸ, ਸ਼ਿਕਾਗੋ