ਗੁਰਬਚਨ ਸਿੰਘ
ਫੋਨ: 91-98156-98451
ਰਾਣਾ ਆਯੂਬ, ਰਵੀਸ਼ ਕੁਮਾਰ, ਪ੍ਰਸ਼ਾਂਤ ਭੂਸ਼ਣ, ਸਿਧਾਰਥ ਵਰਦਰਾਜਨ, ਵਿਨੋਦ ਦੂਆ, ਹਰਸ਼ ਮੰਡੇਰ, ਚੰਦਰ ਸ਼ੇਖਰ ਆਜਾਦ ਜਿਹੇ ਕੁਝ ਕੁ ਵੱਡੇ ਬੰਦਿਆਂ ਵਿਚੋਂ ਇਕ ਹੈ, ਅਰੁੰਧਤੀ ਰਾਏ ਜਿਸ ਦੇ ਹੌਸਲੇ, ਦਲੇਰੀ, ਜੁਰਅਤ ਤੇ ਸਿਦਕਦਿਲੀ ਅੱਗੇ ਸਿਰ ਝੁਕਦਾ ਹੈ। ਉਸ ਨੇ ਮੋਦੀ-ਸ਼ਾਹ ਜਿਹੇ ਜਾਬਰਾਂ ਨੂੰ ਉਨ੍ਹਾਂ ਦੇ ਮੂੰਹ ਉਤੇ ਨਾ ਸਿਰਫ ਜਾਬਰ ਕਹਿਣ ਦੀ ਹਿੰਮਤ ਕੀਤੀ ਹੈ, ਸਗੋਂ ਉਨ੍ਹਾਂ ਦੇ ਫਾਸ਼ੀਵਾਦੀ ਰਾਜ ਵਿਰੁਧ ਲੋਕਾਂ ਨੂੰ ਲਾਮਬੰਦ ਕਰਨ ਦੇ ਯਤਨ ਵੀ ਕੀਤੇ ਹਨ। ਅਰੁੰਧਤੀ ਰਾਏ ਜਿਹੇ ਕਿਸੇ ਕਲਾਕਾਰ, ਸਾਹਿਤਕਾਰ, ਦਾਨਸ਼ਵਰ ਦੀ ਸੋਚ ਉਤੇ ਟਿੱਪਣੀ ਕਰਨਾ ਬੜਾ ਜੋਖਮ ਭਰਿਆ ਕੰਮ ਹੈ, ਕਿਉਂਕਿ ਇਹ ਕੰਮ ਕਰਨ ਲਈ ਆਪਣੀ ਆਤਮਾ ‘ਤੇ ਬੋਝ ਪਾਉਣਾ ਪੈਂਦਾ ਹੈ ਕਿ
ਕਿਤੇ ਸੰਵੇਦਨਸ਼ੀਲ ਸਾਹਿਤਕਾਰ ਦੇ ਮਨ ਨੂੰ ਅਜਿਹੀ ਟਿੱਪਣੀ ਨਾਲ ਠੇਸ ਨਾ ਲੱਗ ਜਾਏ। ਕਈ ਵਾਰ ਇਹ ਪੜਚੋਲ ਇਕ ਸੁਹਿਰਦ ਮਜਬੂਰੀ ਬਣ ਜਾਂਦੀ ਹੈ, ਕਿਉਂਕਿ ਬੌਧਿਕ ਵਰਗ ਨੂੰ ਪ੍ਰਭਾਵਿਤ ਕਰਨ ਵਾਲੇ ਅਜਿਹੇ ਵੱਡੇ ਬੁੱਧੀਮਾਨਾਂ ਦੀ ਸੋਚ ਵਿਚਲੀ ਇਕ ਛੋਟੀ ਜਿਹੀ ਗਲਤੀ ਵੀ ਅਗਾਂਹਵਧੂ ਲਹਿਰਾਂ ਨੂੰ ਕੁਰਾਹੇ ਪਾਉਣ ਦਾ ਸਾਧਨ ਬਣ ਸਕਦੀ ਹੈ।
ਮੁਸਲਿਮ ਕਤਲੇਆਮ ਤੋਂ ਫੌਰੀ ਪਿਛੋਂ ਪਹਿਲੀ ਮਾਰਚ 2020 ਨੂੰ ਦਿੱਲੀ ‘ਚ ਸਾਹਿਤਕਾਰਾਂ, ਲੇਖਕਾਂ, ਕਲਾਕਾਰਾਂ ਨੂੰ ਮੁਖਾਤਿਬ ਹੁੰਦਿਆਂ ਅਰੁੰਧਤੀ ਰਾਏ ਨੇ ਕਿਹਾ ਹੈ, “ਇਕ ਅਜਿਹੀ ਜਮਹੂਰੀਅਤ, ਜੋ ਸੰਵਿਧਾਨ ਰਾਹੀਂ ਸੰਚਾਲਿਤ ਨਾ ਕੀਤੀ ਜਾ ਰਹੀ ਹੋਵੇ ਅਤੇ ਜਿਸ ਦੀਆਂ ਤਮਾਮ ਸੰਸਥਾਵਾਂ ਨੂੰ ਖੋਖਲਾ ਕਰ ਦਿਤਾ ਗਿਆ ਹੋਵੇ, ਸਿਰਫ ਬਹੁਗਿਣਤੀਵਾਦੀ ਰਾਜ ਹੀ ਬਣ ਸਕਦਾ ਹੈ। ਤੁਸੀਂ ਪੂਰੀ ਤਰ੍ਹਾਂ ਸੰਵਿਧਾਨ ਦੇ ਹੱਕ ਵਿਚ ਜਾਂ ਵਿਰੋਧ ਵਿਚ ਹੋ ਸਕਦੇ ਹੋ ਜਾਂ ਇਸ ਦੇ ਕੁਝ ਹਿਸਿਆਂ ਨਾਲ ਸਹਿਮਤ ਜਾਂ ਅਸਹਿਮਤ ਹੋ ਸਕਦੇ ਹੋ, ਪਰ ਇੰਜ ਵਿਹਾਰ ਕਰਨਾ ਜਿਵੇਂ ਉਸ ਦੀ ਕੋਈ ਹੋਂਦ ਹੀ ਨਹੀਂ, ਜਿਵੇਂ ਇਹ ਸਰਕਾਰ ਕਰ ਰਹੀ ਹੈ, ਜਮਹੂਰੀਅਤ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਨ ਦੇ ਬਰਾਬਰ ਹੈ। ਸ਼ਾਇਦ ਉਨ੍ਹਾਂ ਦਾ ਮਨੋਰਥ ਵੀ ਇਹੀ ਹੈ। ਇਹ ਸਾਡਾ ਆਪਣਾ ਕਰੋਨਾ ਵਾਇਰਸ ਹੈ। ਅਸੀਂ ਬਿਮਾਰ ਹਾਂ।”
ਅਰੁੰਧਤੀ ਰਾਏ ਵਲੋਂ ਭਾਰਤੀ ਰਾਜ ਦੀ ਕੀਤੀ ਗਈ ਇਹ ਨਿਸ਼ਾਨਦੇਹੀ ਠੀਕ ਨਹੀਂ ਹੈ। ਇਸ ਤਰ੍ਹਾਂ ਦੀ ਸੋਚ ਨਾਲ ਬਹੁਗਿਣਤੀ ਲੋਕਾਂ ਤੇ ਖਾਸ ਕਰ ਉਦਾਰਵਾਦੀ ਬੁੱਧੀਜੀਵੀਆਂ ਦੇ ਗੁੰਮਰਾਹ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਉਸ ਦਾ ਇਹ ਕਹਿਣਾ ਠੀਕ ਨਹੀਂ ਕਿ ਮੋਦੀ-ਸ਼ਾਹ ਵਲੋਂ ‘ਸੰਵਿਧਾਨ ਰਾਹੀਂ ਸੰਚਾਲਿਤ ਨਾ ਕੀਤੀ ਜਾ ਰਹੀ ਜਮਹੂਰੀਅਤ ਸਿਰਫ ਬਹੁਗਿਣਤੀਵਾਦੀ ਰਾਜ ਹੀ ਬਣ ਸਕਦਾ ਹੈ।’ ਨਾ ਉਸ ਦਾ ਇਹ ਕਹਿਣਾ ਠੀਕ ਹੈ ਕਿ ਇਹ ‘ਸਾਡਾ ਆਪਣਾ ਕਰੋਨਾ ਵਾਇਰਸ ਹੈ’ ਅਤੇ ਨਾ ਹੀ ‘ਅਸੀਂ ਬਿਮਾਰ ਹਾਂ।’
ਕਰੋਨਾ ਵਾਇਰਸ ਨਾਲ ਇਸ ਦੀ ਤੁਲਨਾ ਕਰਨ ਤੋਂ ਇਉਂ ਜਾਪਦਾ ਹੈ, ਜਿਵੇਂ ਇਹ ਕੋਈ ਕੁਦਰਤੀ ਆਫਤ ਹੋਵੇ, ਪਰ ਇਹ ਕੋਈ ਕੁਦਰਤੀ ਆਫਤ ਨਹੀਂ, ਸਗੋਂ ਬ੍ਰਾਹਮਣੀ ਸਾਮਰਾਜ ਦੇ ਵਜੂਦ ਵਿਚੋਂ ਪ੍ਰਗਟ ਹੋ ਰਹੀ ਤਬਾਹੀ ਦੇ ਲੱਛਣ ਹਨ। ਅਸੀਂ (ਲੋਕ) ਬਿਮਾਰ ਨਹੀਂ, ਸਗੋਂ ਬਿਮਾਰ ਇਹ ਬ੍ਰਾਹਮਣੀ ਸੋਚ ਦੇ ਮਾਲਕ ਮੋਦੀ-ਸ਼ਾਹ ਜਿਹੇ ਲੋਕ ਹਨ, ਜੋ ਸਾਮਰਾਜੀ ਢਾਂਚੇ ਦੇ ਸੰਦ ਬਣੇ ਹੋਏ ਹਨ, ਜੋ ਸਾਮਰਾਜੀ ਢਾਂਚਾ ਲੋਕਾਂ ਨੂੰ ਨਿਤ ਦਿਨ ਤਬਾਹੀ ਵੱਲ ਧੱਕਦਾ ਜਾ ਰਿਹਾ ਹੈ। ਮੌਜੂਦਾ ਰਾਜ ਨਾ ਬਹੁਗਿਣਤੀਵਾਦੀ ਰਾਜ ਹੈ ਅਤੇ ਨਾ ਹੀ ਇਹ ਬਹੁਗਿਣਤੀਵਾਦੀ ਰਾਜ ਬਣ ਸਕਦਾ ਹੈ। ਇਹ ਸਾਮਰਾਜੀ ਪੂੰਜੀਵਾਦੀ ਰਾਜ ਹੈ, ਜਿਸ ਨੂੰ ਬ੍ਰਾਹਮਣੀ ਸੋਚ ਅਗਵਾਈ ਦੇ ਰਹੀ ਹੈ। ਫਾਸ਼ੀਵਾਦ ਇਸ ਦੇ ਵਜੂਦ ਵਿਚ ਸਮੋਇਆ ਲੱਛਣ ਹੈ। ਹੁਣ ਤਕ ਇਹ ਆਪਣੇ ਫਾਸ਼ੀਵਾਦੀ ਲੱਛਣ ਕੁਝ ਖਾਸ ਮੌਕਿਆਂ ‘ਤੇ ਪ੍ਰਗਟ ਕਰਦਾ ਰਿਹਾ ਹੈ। ਹੁਣ ਜਦੋਂ ਇਹ ਆਪਣੇ ਫਾਸ਼ੀਵਾਦੀ ਲੱਛਣ ਸ਼ੱਰੇਆਮ ਪ੍ਰਗਟਾ ਰਿਹਾ ਹੈ ਤਾਂ ਇਸ ਦੇ ਕੁਝ ਖਾਸ ਕਾਰਨ ਹਨ, ਜੋ 2008 ਵਿਚ ਅਰੰਭ ਹੋਏ ਸੰਸਾਰ ਵਿਆਪੀ ਆਰਥਕ ਮੰਦੇ ਵਿਚ ਪਏ ਹਨ।
ਪੰਜਾਬ ਮਹਾਰਾਸ਼ਟਰ ਬੈਂਕ ਤੇ ਯੈਸ ਬੈਂਕ ਦਾ ਨਿਕਲਿਆ ਦੀਵਾਲਾ ਜਾਂ ਸਟੇਟ ਬੈਂਕ ਜਿਹੇ ਬਂੈਕਾਂ ਦੀ ਮੰਦੀ ਹਾਲਤ ਇਸੇ ਮੰਦੇ ਨੂੰ ਨਸ਼ਰ ਕਰ ਰਹੇ ਹਨ। ਮੋਦੀ ਰਾਜ ਦੀ ਆਮਦ ਵੇਲੇ 2014 ਵਿਚ ਇਸ ਬੈਂਕ ਨੇ ਮੰਡੀ ਵਿਚ 55,000 ਕਰੋੜ ਰੁਪਏ ਦਾ ਕਰਜਾ ਵੰਡਿਆ ਹੋਇਆ ਸੀ, ਜੋ ਹੁਣ 14 ਲੱਖ ਕਰੋੜ ਰੁਪਏ ਦਾ ਹੈ। ਇਹ ਸਾਰਾ ਕਰਜਾ ਅਨਿਲ ਅੰਬਾਨੀ ਤੇ ਜੀ ਨਿਊਜ਼ ਦੇ ਮਾਲਕ ਸੁਭਾਸ਼ ਕੁਮਾਰ ਜਿਹੇ ਧਨਾਢਾਂ ਨੂੰ ਮੋਦੀ ਰਾਜ ਵੇਲੇ ਦਿਤਾ ਗਿਆ ਹੈ। ਕੋਈ ਕਿਸਾਨ ਜੇ ਕੁਝ ਲੱਖ ਰੁਪਿਆ ਬੈਂਕ ਤੋਂ ਕਰਜਾ ਲੈ ਕੇ ਨਾ ਮੋੜੇ ਤਾਂ ਉਸ ਨੂੰ ਹਰ ਤਰ੍ਹਾਂ ਜਲੀਲ ਕੀਤਾ ਜਾਂਦਾ ਹੈ ਅਤੇ ਅਖੀਰ ਇਸ ਜਲਾਲਤ ਤੋਂ ਅੱਕ ਕੇ ਉਹ ਖੁਦਕੁਸ਼ੀ ਕਰ ਲੈਂਦਾ ਹੈ। ਸਿਰਫ ਮੋਦੀ ਰਾਜ ਵੇਲੇ ਹੀ ਦੇਸ਼ ਭਰ ਵਿਚ ਲੱਖਾਂ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਜਿਸ ਵਿਚ ਪੰਜਾਬ ਦੇ ਹਜਾਰਾਂ ਕਿਸਾਨ ਵੀ ਸ਼ਾਮਿਲ ਹਨ; ਪਰ ਉਸੇ ਸਰਕਾਰ ਦੇ ਦੌਰ ਵਿਚ ਵੱਡੇ ਵੱਡੇ ਧਨਾਢਾਂ ਭਾਵ ਸਾਮਰਾਜੀ ਪੂੰਜੀਪਤੀਆਂ ਦੇ ਖਰਬਾਂ ਰੁਪਏ ਦੇ ਕਰਜੇ ਉਤੇ ਚੁਪ ਚਪੀਤੇ ਲੀਕ ਫੇਰ ਦਿਤੀ ਗਈ ਹੈ। ਕਿਉਂ? ਕਿਉਂਕਿ ਇਹ ਸਾਮਰਾਜੀ ਧਨਾਢਾਂ ਦੀ ਆਪਣੀ ਸਰਕਾਰ ਹੈ। ਅੰਬਾਨੀ-ਅਡਾਨੀ ਦੇ ਹਜਾਰਾਂ ਕਰੋੜ ਰੁਪਏ ਖਰਚ ਕੇ ਇਹ ਹੋਂਦ ਵਿਚ ਆਈ ਹੈ।
ਕਮਿਊਨਿਸਟ ਮੈਨੀਫੈਸਟੋ ਵਿਚ ਦਰਜ ਹੈ, “ਅਜੋਕਾ ਜਮਹੂਰੀ ਗਣਰਾਜ-ਇਕ ਕੰਮਕਾਜੀ ਅਦਾਰੇ ਦੇ ਰੂਪ ਵਿਚ-ਸਮੁੱਚੇ (ਸਾਮਰਾਜੀ) ਪੂੰਜੀਵਾਦ ਦੇ ਸਾਂਝੇ ਮਸਲਿਆਂ ਦਾ ਪ੍ਰਬੰਧ ਕਰਨ ਵਾਲੀ ਇਕ ਕਮੇਟੀ ਤੋਂ ਵੱਧ ਹੋਰ ਕੋਈ ਅਹਿਮੀਅਤ ਨਹੀਂ ਰਖਦਾ।”
ਮੋਦੀ ਰਾਜ ਵਿਚ ਇਨ੍ਹਾਂ ਧਨਾਢਾਂ ਦਾ ਅਰਬਾਂ ਰੁਪਏ ਦੇ ਟੈਕਸ ਤੇ ਖਰਬਾਂ ਰੁਪਏ ਦਾ ਕਰਜਾ ਮਾਫ ਕਰਨ ਦੇ ਬਾਵਜੂਦ ਜੇ ਇਨ੍ਹਾਂ ਬੈਂਕਾਂ ਦਾ ਦੀਵਾਲਾ ਨਿਕਲ ਰਿਹਾ ਹੈ, ਤਾਂ ਫਿਰ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਮੌਜੂਦਾ ਰਾਜ ਵਿਚ ਗਰੀਬ ਕਿਰਤੀ-ਕਿਸਾਨ ਤੇ ਆਮ ਮੱਧ ਵਰਗ ਦੀ ਆਰਥਕ ਲੁੱਟ ਕਿਸ ਪੱਧਰ ‘ਤੇ ਹੋ ਰਹੀ ਹੈ। ਹੁਣ ਇਹ ਸਮਝ ਆਉਂਦੀ ਹੈ ਕਿ ਭਾਰਤੀ ਧਨਾਢਾਂ ਨੇ ਸੁਚੇਤ ਰੂਪ ਵਿਚ ਮੋਦੀ-ਸ਼ਾਹ ਜਿਹਿਆਂ ਨੂੰ ਦੇਸ਼ ਦੀ ਵਾਗਡੋਰ ਕਿਉਂ ਫੜਾਈ ਹੈ, ਜਿਨ੍ਹਾਂ ਉਤੇ 2002 ਵਿਚ ਗੁਜਰਾਤ ‘ਚ ਹੋਏ ਮੁਸਲਿਮ ਕਤਲੇਆਮ ਦੇ ਅਦਾਲਤੀ ਦੋਸ਼ ਅਜੇ ਬਰਕਰਾਰ ਹਨ, ਕਿਉਂਕਿ ਉਨ੍ਹਾਂ ਨੂੰ ਇਲਮ ਸੀ ਕਿ ਭਾਵੇਂ ਇਕ ਸੀਮਤ ਹੱਦ ਤਕ ਹੀ ਸਹੀ, ਪਰ ਡਾ. ਮਨਮੋਹਨ ਸਿੰਘ ਜਿਹਾ ਕੋਈ ਸ਼ਰੀਫ ਆਦਮੀ ਉਨ੍ਹਾਂ ਦੀ ਇਸ ਬੇਹਿਸਾਬੀ ਲੁੱਟ ਵਿਚ ਰੁਕਾਵਟ ਵੀ ਪਾ ਸਕਦਾ ਹੈ। ਖੁਦ ਮੁਜਰਿਮਾਂ ਦੇ ਕਟਹਿਰੇ ਵਿਚ ਖੜੇ ਮੋਦੀ-ਸ਼ਾਹ ਦੀ ਇਹ ਹਿੰਮਤ ਨਹੀਂ ਪੈ ਸਕਦੀ ਕਿ ਉਹ ਇਨ੍ਹਾਂ ਸਾਮਰਾਜੀ ਲੁਟੇਰਿਆਂ ਦੀ ਮਨਮਾਨੀ ਨੂੰ ਰੋਕ ਸਕੇ। ਇਹ ਬਦਨਾਮੀ ਹੀ ਇਨ੍ਹਾਂ ਦੀ ਰਾਜਸੀ ਨੇਕਨਾਮੀ ਬਣ ਗਈ ਹੈ।
ਮਾਰਕਸ ਵੇਲੇ ਦੇ ਪੂੰਜੀਵਾਦ ਵਿਚ ਫਿਰ ਵੀ ਕੁਝ ਜਮਹੂਰੀ ਲੱਛਣ ਸਨ, ਪਰ ਸਾਮਰਾਜੀ ਦੌਰ ਵਿਚ ਆ ਕੇ ਤਾਂ ਇਹ ਆਪਣੇ ਸਾਰੇ ਜਮਹੂਰੀ ਲੱਛਣ ਗੁਆ ਚੁਕਾ ਹੈ। ਇਹ ਸਿਰਫ ਸ਼ਹਿਰੀ ਮੱਧ ਵਰਗ ਦੀਆਂ ਬੇਲੋੜੀਆਂ ਤੇ ਗੈਰ-ਕੁਦਰਤੀ ਖਪਤਕਾਰੀ ਇੱਛਾਵਾਂ ਦੀ ਪੂਰਤੀ ਕਰਨ ਦਾ ਸੰਦ ਮਾਤਰ ਬਣ ਕੇ ਰਹਿ ਗਿਆ ਹੈ। ਹੁਣ ਮਸਲਾ ਇਹ ਬਣ ਗਿਆ ਹੈ ਕਿ ਸੰਸਾਰ ਪੱਧਰ ‘ਤੇ ਮੰਡੀ ਦੇ ਸੁੰਗੜਨ ਨਾਲ ਸਾਮਰਾਜੀ ਪੂੰਜੀਵਾਦ ਦਾ ਪਸਾਰਾ ਰੁਕ ਗਿਆ ਹੈ ਤੇ ਉਹ ਮੰਦੇ ਦਾ ਸ਼ਿਕਾਰ ਹੋ ਗਿਆ ਹੈ।
‘ਕਮਿਊਨਿਸਟ ਮੈਨੀਫੈਸਟੋ’ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੂੰਜੀਵਾਦੀ ਪ੍ਰਬੰਧ ਅਧੀਨ ਅਜੋਕੇ ਸ਼ਹਿਰੀ (ਬੁਰਜੂਆ) ਸਮਾਜ ਨੇ ਪੈਦਾਵਾਰ ਅਤੇ ਵਟਾਂਦਰੇ ਦੇ ਏਨੇ ਧੜਵੈਲ ਸਾਧਨ ਪੈਦਾ ਕਰ ਲਏ ਹਨ ਕਿ ਹੁਣ ਇਹ ਅਕਸਰ ਇਨ੍ਹਾਂ ਦੇ ਕਾਬੂ ਤੋਂ ਬਾਹਰ ਹੋ ਜਾਂਦੇ ਹਨ। (ਸਾਮਰਾਜੀ) ਪੂੰਜੀਵਾਦੀ ਰਿਸ਼ਤਿਆਂ ਵਿਚ ਨਰੜੇ ਹੋਣ ਕਾਰਨ ਇਹ ਧੜਵੈਲ ਸਾਧਨ ਉਸ ਜਾਦੂਗਰ ਵਾਂਗ ਹਨ, ਜੋ ਆਪਣੀਆਂ ਹੀ ਜਗਾਈਆਂ ਜਾਦੂਈ ਸ਼ਕਤੀਆਂ ਨੂੰ ਆਪਣੇ ਕਾਬੂ ਵਿਚ ਨਹੀਂ ਰਖ ਸਕਦਾ। ਕੁਝ ਕੁ ਨਿਸ਼ਚਿਤ ਸਮੇਂ ਬਾਅਦ ਮੁੜ-ਮੁੜ ਪ੍ਰਗਟ ਹੁੰਦੇ ਵਪਾਰਕ ਸੰਕਟ ਹਰ ਵਾਰ ਸਮੁੱਚੇ ਪੂੰਜੀਵਾਦੀ ਸਮਾਜ ਦੀ ਹੋਂਦ ਨੂੰ ਪਹਿਲਾਂ ਤੋਂ ਵੀ ਵੱਡਾ ਖਤਰਾ ਖੜਾ ਕਰ ਦਿੰਦੇ ਹਨ। ਇਨ੍ਹਾਂ ਸੰਕਟਾਂ ਵਿਚ ਨਾ ਸਿਰਫ ਮੌਜੂਦਾ ਪੈਦਾਵਾਰ, ਸਗੋਂ ਪਹਿਲਾਂ ਸਿਰਜੇ ਪੈਦਾਵਾਰੀ ਸਾਧਨ ਵੀ ਤਬਾਹ ਕਰ ਦਿਤੇ ਜਾਂਦੇ ਹਨ। ਅਚਨਚੇਤ ਸਾਰਾ ਸਮਾਜ ਕੁਝ ਚਿਰ ਲਈ ਆਪਣੇ ਆਪ ਨੂੰ ਵਹਿਸ਼ੀ (ਜਾਂਗਲੀ) ਹਾਲਤ ਵਿਚ ਪਹੁੰਚਿਆ ਮਹਿਸੂਸ ਕਰਦਾ ਹੈ। ਜਿਵੇਂ ਕਿਸੇ ਸਰਬਵਿਆਪੀ ਤਬਾਹੀ ਨੇ ਮਨੁੱਖੀ ਹੋਂਦ ਲਈ ਲੋੜੀਂਦੇ ਸਨਅਤ ਤੇ ਵਪਾਰ ਨੂੰ ਬੰਨ ਮਾਰ ਦਿਤਾ ਹੋਵੇ। ਪੂੰਜੀਵਾਦੀ ਸਮਾਜ ਦੀਆਂ ਵਲਗਣਾਂ ਏਨੀਆਂ ਤੰਗ ਹੋ ਜਾਂਦੀਆਂ ਹਨ ਕਿ ਉਹ ਆਪਣੀ ਹੀ ਪੈਦਾ ਕੀਤੀ ਪੂੰਜੀ ਨੂੰ ਵੀ ਆਪਣੇ ਵਿਚ ਨਹੀਂ ਸਮੋਅ ਸਕਦੀਆਂ। ਪੂੰਜੀਵਾਦ ਇਸ ਸੰਕਟ ਦਾ ਹੱਲ ਕਿਵੇਂ ਕਰਦਾ ਹੈ? ਇਕ ਪਾਸੇ ਪੈਦਾਵਾਰੀ ਸ਼ਕਤੀਆਂ ਦੀ ਭਾਰੀ ਤਬਾਹੀ ਕਰਕੇ ਅਤੇ ਦੂਜੇ ਪਾਸੇ ਨਵੀਆਂ ਮੰਡੀਆਂ ਕਾਬੂ ਕਰਕੇ ਤੇ ਪੁਰਾਣੀਆਂ ਮੰਡੀਆਂ ਦੀ ਹੋਰ ਵੱਧ ਲੁਟ ਕਰਕੇ।
2008 ਤੋਂ ਸੰਸਾਰ ਭਰ ਵਿਚ ਫੈਲਿਆ ਮੌਜੂਦਾ ਆਰਥਕ ਮੰਦਵਾੜਾ ਇਸੇ ਹੀ ਪੱਧਰ ਦਾ ਹੈ। ਇਸੇ ਕਰਕੇ ਸਾਮਰਾਜੀਆਂ ਵਿਚਾਲੇ ਨਵੀਆਂ ਮੰਡੀਆਂ ਖੋਹਣ ਦੀ ਦੌੜ ਤੇ ਪੁਰਾਣੀਆਂ ਮੰਡੀਆਂ ਦੀ ਲੁਟ ਹੋਰ ਤੇਜ ਹੋ ਗਈ ਹੈ। ਟਰੰਪ ਤੇ ਮੋਦੀ ਆਦਿ ਜਿਹੇ ਰਾਜਸੀ ਆਗੂ ਇਸੇ ਹੀ ਵਰਤਾਰੇ ਦੀ ਦੇਣ ਹਨ। 20ਵੀਂ ਸਦੀ ਦੇ ਇਤਿਹਾਸ ਵਿਚ ਇਸ ਤੋਂ ਪਹਿਲਾਂ ਇਸੇ ਪੱਧਰ ਦੇ ਦੋ ਆਰਥਕ ਮੰਦਵਾੜੇ ਆ ਚੁਕੇ ਹਨ। ਪਹਿਲਾ ਵਿਸ਼ਵ ਆਰਥਕ ਮੰਦਵਾੜਾ 1911-14 ਵਿਚ ਆਇਆ ਸੀ, ਜਿਸ ਦਾ ਸਿੱਟਾ ਪਹਿਲੀ ਵਿਸ਼ਵ ਸਾਮਰਾਜੀ ਜੰਗ ਵਿਚ ਨਿਕਲਿਆ ਅਤੇ ਦੂਜਾ ਵਿਸ਼ਵ ਆਰਥਕ ਮੰਦਵਾੜਾ 1928-38 ਵਿਚ ਆਇਆ ਸੀ, ਜਿਸ ਦਾ ਸਿੱਟਾ ਦੂਜੀ ਵਿਸ਼ਵ ਸਾਮਰਾਜੀ ਜੰਗ ਵਿਚ ਨਿਕਲਿਆ ਸੀ। 2008 ਵਿਚ ਫੈਲਿਆ ਮੌਜੂਦਾ ਆਰਥਕ ਮੰਦਵਾੜਾ ਤੀਜੀ ਵਿਸ਼ਵ ਸਾਮਰਾਜੀ ਜੰਗ ਦਾ ਮੁਢ ਬੰਨ ਰਿਹਾ ਹੈ, ਜਿਸ ਬਾਰੇ ਚਰਚਾ ਅਸੀਂ ਹਰ ਰੋਜ ਅਖਬਾਰਾਂ ਵਿਚ ਪੜ੍ਹ ਰਹੇ ਹਾਂ।
ਮਾਰਕਸ ਅਨੁਸਾਰ ਪੂੰਜੀ ਇਕੱਠੀ ਹੋਈ (ਮੁਰਦਾ) ਕਿਰਤ ਹੈ। ਪੂੰਜੀ ਦੀ ਤਾਕਤ ਨਿਜੀ ਜਾਇਦਾਦ ਦੇ ਰੂਪ ਵਿਚ ਕਿਰਤੀਆਂ ਦੀ ਸਮੁਚੀ ਪੈਦਾਵਾਰ ਉਤੇ ਪੂੰਜੀਪਤੀਆਂ ਦੀ ਮਾਲਕੀ ਹੈ। ਪੂੰਜੀਪਤੀ ਪੂੰਜੀ ਦੇ ਇਸ ਹਥਿਆਰ ਨਾਲ ਆਪਣੀ ਹੁਕਮੀਆ ਸ਼ਕਤੀ ਦੀ ਵਰਤੋਂ ਪਹਿਲਾਂ ਕਿਰਤੀਆਂ ਉਤੇ ਕਰਦਾ ਹੈ, ਪਰ ਪਿਛੋਂ ਪੂੰਜੀ ਦੀ ਇਹੀ ਹੁਕਮੀਆ ਸ਼ਕਤੀ ਖੁਦ ਪੂੰਜੀ ਮਾਲਕ ਦੀ ਮਾਨਸਿਕਤਾ ਨੂੰ ਵੀ ਆਪਣੀ ਜਕੜ ਵਿਚ ਲੈ ਲੈਂਦੀ ਹੈ। ਪੂੰਜੀਪਤੀ ਖੁਦ ਵੀ ਇਸ ਮੁਰਦਾ ਪੂੰਜੀ ਦਾ ਮਾਨਸਿਕ ਗੁਲਾਮ ਬਣ ਜਾਂਦਾ ਹੈ। ਪੂੰਜੀ ਦੀ ਮੰਗ ਅਨੁਸਾਰ ਮੁਨਾਫਾ ਅਤੇ ਹੋਰ ਮੁਨਾਫਾ ਕਮਾਉਣਾ ਉਸ ਦੀ ਸੋਚ ਨੂੰ ਜਕੜ ਲੈਂਦਾ ਹੈ। ਇੰਜ ਮੁਰਦਾ ਪੂੰਜੀ, ਪੂੰਜੀਪਤੀਆਂ ਰਾਹੀਂ ਸਮੁੱਚੇ ਸਮਾਜ ਨੂੰ ਚਲਾਉਂਦੀ ਹੈ। ਇਸੇ ਆਪ ਮੁਹਾਰੀ ਬਿਰਤੀ ਨਾਲ ਅੱਜ ਇਹ ਸਮੁੱਚੇ ਵਿਸ਼ਵ ਨੂੰ ਤਬਾਹੀ ਦੇ ਦਹਾਨੇ ਉਤੇ ਲੈ ਆਈ ਹੈ।
ਗੁਰਮਤਿ ਨੇ ਪੂੰਜੀਪਤੀਆਂ ਦੀ ਇਸ ਗੁਲਾਮ ਮਾਨਸਿਕਤਾ ਨੂੰ ਬੜੀ ਖੂਬਸੂਰਤੀ ਨਾਲ ਫੜਿਆ ਹੈ। ਇਥੇ ਮਾਇਆ ਤੋਂ ਭਾਵ ਧਨ-ਦੌਲਤ ਹੈ,
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥ (ਗੁਰੂ ਗ੍ਰੰਥ ਸਾਹਿਬ, ਪੰਨਾ 510)
ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥ (ਪੰਨਾ 643)
ਮਾਇਆ ਧਾਰੀ ਅਤਿ ਅੰਨਾ ਬੋਲਾ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ॥ (ਪੰਨਾ 313)
ਪੈਦਾਵਾਰ ਤੇ ਕਿਰਤ ਵਿਚਾਲੇ ਸਿਧੇ ਰਿਸ਼ਤੇ ਨੂੰ ਅਣਗੌਲਿਆ ਕਰਕੇ ਪੂੰਜੀਵਾਦੀ ਰਾਜਸੀ ਅਰਥਚਾਰਾ ਕਿਰਤ ਦੇ ਵਜੂਦ ਵਿਚ ਸਮੋਏ ਤੱਤ ਸਮੁੱਚੀ ਪੈਦਾਵਾਰ ਦੇ ਮਨੁੱਖਤਾ ਦੀਆਂ ਅਸਲੀ ਲੋੜਾਂ ਤੋਂ ਟੁੱਟੇ ਹੋਣ ਨੂੰ ਛੁਪਾ ਕੇ ਰਖਦਾ ਹੈ। ਪੂੰਜੀ ਤੇ ਮੁਨਾਫੇ ਦੀ ਹਾਬੜ, ਮੁਕਾਬਲਾ ਤੇ ਅਰਾਜਕਤਾ ਇਨ੍ਹਾਂ ਦੇ ਰਾਜ ਦੀ ਦਿਸ਼ਾ ਤੈਅ ਕਰਦੀ ਹੈ। ਲੋਕਾਂ ਦੀ ਮੁਢਲੀ ਲੋੜ ਸੰਤੁਲਿਤ ਭੋਜਨ ਦੀ ਹੈ, ਇਹ ਉਨ੍ਹਾਂ ਨੂੰ ਰਸਾਇਣੀ ਜ਼ਹਿਰਾਂ ਖੁਆ ਰਿਹਾ ਹੈ। ਲੋਕਾਂ ਦੀ ਮੁਢਲੀ ਲੋੜ ਕੁਦਰਤੀ ਵਾਤਾਵਰਣ ਨਾਲ ਸੁਮੇਲ ਕਰਕੇ ਬਣੇ ਛੋਟੇ ਛੋਟੇ ਸਾਫ-ਸੁਥਰੇ ਘਰਾਂ ਦੀ ਹੈ, ਇਹ ਝੁਗੀਆਂ-ਝੌਪੜੀਆਂ ਵਿਚ ਰਹਿ ਰਹੇ ਕਰੋੜਾਂ ਲੋਕਾਂ ਦੀ ਲੁੱਟ ਨਾਲ ਬਣੇ ਨਵੇਂ ਧਨਾਢਾਂ ਨੂੰ ਕਰੋੜਾਂ ਰੁਪਏ ਦੇ ਬਣੇ ਮਹਿਲਾਂ ਦੇ ਸੁਪਨੇ ਵਿਖਾ ਰਿਹਾ ਹੈ। 8 ਮਾਰਚ ਦੀ ‘ਟਾਈਮਜ਼ ਆਫ ਇੰਡੀਆ’ ਅਖਬਾਰ ਦੇ ਪਹਿਲੇ ਸਫੇ ਉਤੇ ਲੱਖਾਂ ਰੁਪਏ ਦੇ ਦਿਤੇ ਇਸ਼ਤਿਹਾਰ ਵਿਚ ‘ਟਰੰਪ ਟਾਵਰ’ ਵਿਚ ਮਕਾਨ ਖਰੀਦਣ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਦੀ ਘੱਟੋਘਟ ਕੀਮਤ 5 ਕਰੋੜ ਰੁਪਏ ਹੈ। ਇਹ ‘ਟਾਵਰ’ ਟਰੰਪ ਤੇ ਮੋਦੀ ਦੀ ਲੁਟੇਰੀ ਸਾਂਝ ਦਾ ਪ੍ਰਤੀਕ ਹੈ।
ਅੱਜ ਟਰੰਪ ਤੇ ਮੋਦੀ ਜਿਹਿਆਂ ਨੂੰ ਕੁਦਰਤੀ ਵਾਤਾਵਰਣ ਦੀ ਹੋ ਰਹੀ ਤਬਾਹੀ ਅਤੇ ਮਨੁੱਖ ਜਾਤੀ ਦੀ ਦਾਅ ‘ਤੇ ਲੱਗੀ ਹੋਂਦ ਦੀ ਕੋਈ ਪ੍ਰਵਾਹ ਨਹੀਂ। ਦੁਨੀਆਂ ਭਰ ਦੇ ਸਾਇੰਸਦਾਨਾਂ ਤੇ ਆਮ ਲੋਕਾਂ ਵਲੋਂ ਵੱਡੀ ਪੱਧਰ ‘ਤੇ ਮੁਜਾਹਰੇ ਕਰ ਕੇ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਉਹ ਆਪਣੇ ਇਸ ਸਾਮਰਾਜੀ ਅਡੰਬਰ ਵਿਚ ਕੁਦਰਤ ਤੇ ਮਨੁੱਖ ਪੱਖੀ ਵੱਡੇ ਸੁਧਾਰ ਕਰਨ ਦੀ ਥਾਂ ਇਸ ਮੰਦਵਾੜੇ ਦਾ ਸਾਰਾ ਬੋਝ ਗਰੀਬ ਕਿਰਤੀ-ਕਿਸਾਨਾਂ ‘ਤੇ ਪਾਉਣ ਦਾ ਯਤਨ ਕਰ ਰਹੇ ਹਨ। ਆਪਣੀਆਂ ਇਨ੍ਹਾਂ ਲੋਟੂ ਨੀਤੀਆਂ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਕੁਚਲਣ ਲਈ ਫਾਸ਼ੀਵਾਦ ਇਨ੍ਹਾਂ ਦੀ ਲੋੜ ਬਣਦਾ ਜਾ ਰਿਹਾ ਹੈ।
ਹਾਲ ਦੀ ਘੜੀ ਆਪਣੀ ਫੌਰੀ ਰਾਜਸੀ ਲੋੜ ਵਿਚੋਂ ਭਾਵੇਂ ਇਸ ਫਾਸ਼ੀਵਾਦ ਦਾ ਨਿਸ਼ਾਨਾ ਮੁਸਲਮਾਨ ਹਨ, ਪਰ ਜਿਵੇਂ ਅਦਾਲਤਾਂ ਤੇ ਅਫਸਰਸ਼ਾਹੀ ਨੂੰ ਦਹਿਸ਼ਤਜ਼ਦਾ ਕਰ ਕੇ ਆਪਣੇ ਅਧੀਨ ਕਰਨ ਦੇ ਯਤਨ ਹੋ ਰਹੇ ਹਨ, ਉਨ੍ਹਾਂ ਤੋਂ ਸਪਸ਼ਟ ਹੈ ਕਿ ਇਸ ਫਾਸ਼ੀਵਾਦ ਦਾ ਨਿਸ਼ਾਨਾ ਸਭ ਧਾਰਮਿਕ ਘੱਟ ਗਿਣਤੀਆਂ, ਕਮਿਊਨਿਸਟ ਅਤੇ ਸਾਰੇ ਅਗਾਂਹਵਧੂ ਲੋਕ ਬਣਨਗੇ।
ਏਂਗਲਜ ਨੇ ਲਿਖਿਆ ਹੈ, “ਬੇਲਗਾਮ ਪੂੰਜੀਵਾਦੀ ਅਰਥਚਾਰੇ ਉਤੇ ਆਧਾਰਤ ਅੰਨ੍ਹੀ ਮੰਡੀ ਨੇ ਆਪਣਾ ਸਭ ਤੋਂ ਚੰਗਾ ਕੰਮ ਇਹ ਕੀਤਾ ਹੈ ਕਿ ਇਸ ਨੇ ਦੁਸ਼ਮਣੀ ਨੂੰ ਸਰਬ ਸੰਸਾਰੀ ਬਣਾ ਦਿਤਾ ਹੈ। ਇਸ ਨੇ ਮਨੁੱਖ ਜਾਤੀ ਨੂੰ ਬਘਿਆੜਾਂ ਦੇ ਇਕ ਝੁੰਡ ਵਿਚ ਬਦਲ ਦਿਤਾ ਹੈ, ਜੋ ਇਕ-ਦੂਜੇ ਨੂੰ ਡੱਕਾਰ ਜਾਣਾ ਚਾਹੁੰਦੇ ਹਨ, ਕਿਉਂਕਿ ਹਰੇਕ ਦੇ ਹਿੱਤ ਇਕ-ਦੂਜੇ ਨਾਲ ਟਕਰਾਵੇਂ ਹਨ। ਖੁੱਲ੍ਹੇ ਮੁਕਾਬਲੇ ਦਾ ਇਹੀ ਤੱਤ ਹੈ। ਪੂੰਜੀਵਾਦੀ ਅਰਥ ਸ਼ਾਸਤਰੀ ਖੁੱਲ੍ਹੇ ਮੁਕਾਬਲੇ ਨੂੰ ਮਨੁੱਖ ਜਾਤੀ ਦੀ ਉਚਤਮ ਇਤਿਹਾਸਕ ਪ੍ਰਾਪਤੀ ਕਹਿ ਕੇ ਵਡਿਆਉਂਦੇ ਹਨ ਅਤੇ ਇਸ ਲਈ ਉਹ ਡਾਰਵਿਨ ਦੀ ਮਿਸਾਲ ਦਿੰਦੇ ਹਨ ਕਿ ਉਸ ਨੇ ਇਹ ਸਾਬਤ ਕੀਤਾ ਹੈ ਕਿ ਖੁੱਲ੍ਹਾ ਮੁਕਾਬਲਾ ਕੁਦਰਤੀ ਹੋਂਦ ਲਈ ਸੰਘਰਸ਼ ਹੈ; ਪਰ ਇਹ ਮੂਰਖ ਅਰਥ ਸ਼ਾਸਤਰੀ ਇਹ ਨਹੀਂ ਜਾਣਦੇ ਕਿ ਇਹ ਸਾਬਤ ਕਰਕੇ ਡਾਰਵਿਨ ਨੇ ਮਨੁੱਖ ਜਾਤੀ ਤੇ ਆਪਣੇ ਦੇਸ਼ ਵਾਸੀਆਂ ਉਤੇ ਕਿੰਨਾ ਕਰੂਰ ਵਿਅੰਗ ਕੀਤਾ ਹੈ। ਇਹ ਪਸੂ ਜਗਤ (ਜੰਗਲ ਰਾਜ) ਦਾ ਆਮ ਦਸਤੂਰ ਹੈ, ਪਰ ਸਮਾਜੀ ਪੈਦਾਵਾਰ ਤੇ ਵੰਡ ਦੀ ਯੋਜਨਾਬੱਧ ਢੰਗ ਨਾਲ ਕੀਤੀ ਸੁਚੇਤ ਜਥੇਬੰਦੀ ਹੀ ਮਨੁੱਖ ਜਾਤੀ ਨੂੰ ਬਾਕੀ ਦੇ ਪਸੂ ਜਗਤ ਤੋਂ ਉਚਾ ਚੁੱਕ ਸਕਦੀ ਹੈ।…ਉਦੋਂ ਹੀ ਇਤਿਹਾਸ ਦਾ ਇਕ ਨਵਾਂ ਯੁਗ ਅਰੰਭ ਹੋਵੇਗਾ, ਜਦੋਂ ਮਨੁੱਖ ਜਾਤੀ ਖੁਦ ਆਪਣੇ ਸਾਰੇ ਅਮਲਾਂ ਵਿਚ ਯੋਜਨਾਬੰਦੀ ਨੂੰ ਲਾਗੂ ਕਰੇਗੀ।”
ਇਸ ਲਈ ਅਜੋਕੇ ਸਾਮਰਾਜੀ ਦੌਰ ਦੀ ਬੇਲਗਾਮ ਮੰਡੀ ਦੀਆਂ ਸਭ ਅਲਾਮਤਾਂ ਦਾ ਇਕੋ-ਇਕ ਹੱਲ ਯੋਜਨਾਬੱਧ ਵਿਕਾਸ ਹੈ। ਇਸ ਦਿਸ਼ਾਹੀਣ ਮੰਡੀ ਦੀ ਥਾਂ ਮਨੁੱਖ ਜਾਤੀ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕੀਤੀ ਗਈ ਸੁਚੇਤ ਯੋਜਨਾਬੰਦੀ ਹੀ ਅੱਜ ਮਨੁੱਖੀ ਵਿਕਾਸ ਨੂੰ ਸਹੀ ਦਿਸ਼ਾ ਦੇ ਸਕਦੀ ਹੈ। ਪੂੰਜੀਵਾਦੀ ਰਾਜਸੀ-ਅਰਥਚਾਰੇ ਦੇ ਇਸ ਵਜੂਦ ‘ਚ ਸਮੋਏ ਲੱਛਣਾਂ ਕਾਰਨ ਹੀ ਸੋਚਿਆ ਕੁਝ ਹੋਰ ਜਾਂਦਾ ਹੈ, ਪਰ ਇਸ ਦੇ ਸਿੱਟੇ ਕੁਝ ਹੋਰ ਨਿਕਲਦੇ ਹਨ। ਪੂੰਜੀਵਾਦ ਦੀਆਂ ਸਭ ਧਾਰਨਾਵਾਂ ਨਿਜੀ ਜਾਇਦਾਦ ਦੀ ਹੋਂਦ ਨੂੰ ਅਟਲ ਮੰਨ ਕੇ ਚਲਦੀਆਂ ਹਨ। ਨਿਜੀ ਜਾਇਦਾਦ ਆਧਾਰਤ ਰਿਸ਼ਤਿਆਂ ਨੂੰ ਮਨੁੱਖੀ ਤੇ ਤਰਕਸੰਗਤ ਮੰਨ ਕੇ ਪੂੰਜੀਵਾਦ ਆਪਣੇ ਬੁਨਿਆਦੀ ਆਧਾਰ ਨਿਜੀ ਜਾਇਦਾਦ ਨਾਲ ਸਦੀਵੀ ਟਕਰਾਓ ਵਿਚ ਕ੍ਰਿਆਸ਼ੀਲ ਰਹਿੰਦਾ ਹੈ। ਐਨ ਉਸੇ ਤਰ੍ਹਾਂ, ਜਿਵੇਂ ਇਕ ਧਰਮ ਪ੍ਰਚਾਰਕ ਧਾਰਮਿਕ ਸੰਕਲਪਾਂ ਦੀ ਲਗਾਤਾਰ ਮਨੁੱਖੀ ਵਿਆਖਿਆ ਕਰਦਿਆਂ ਵੀ ਧਰਮ ਦੇ ਪਰਾਲੌਕਿਕ (ਕਲਪਿਤ) ਆਧਾਰ ਨਾਲ ਨਿਰੰਤਰ ਟਕਰਾਓ ਵਿਚ ਰਹਿੰਦਾ ਹੈ। ਉਸ ਦੀ ਧਰਮ ਦੀ ਕੀਤੀ ਗਈ ਸਾਰੀ ਮਨੁੱਖੀ ਵਿਆਖਿਆ ਅਮਲ ਵਿਚ ਅਸਰਹੀਣ ਹੋ ਜਾਂਦੀ ਹੈ ਕਿਉਂਕਿ ਸਮਾਜੀ ਅਤੇ ਆਰਥਕ ਪੱਖੋਂ ਉਹ ਆਪਣੀ ਅਸਲੀ ਜ਼ਿੰਦਗੀ ਵਿਚ ਪੂੰਜੀਵਾਦੀ ਰਿਸ਼ਤਿਆਂ ਦਾ ਗੁਲਾਮ ਹੁੰਦਾ ਹੈ। ਇਸੇ ਲਈ ਕਮਿਊਨਿਸਟ ਮੈਨੀਫੈਸਟੋ ਵਿਚ ਨਿਜੀ ਜਾਇਦਾਦ ਨੂੰ ਖਤਮ ਕਰਕੇ ਪੂੰਜੀ ਰਹਿਤ ਸਮਾਜਵਾਦੀ ਸਮਾਜ ਦੀ ਸਿਰਜਣਾ ਦਾ ਸੱਦਾ ਦਿਤਾ ਗਿਆ ਹੈ। “ਕਮਿਊਨਿਸਟਾਂ ਦੇ ਸਿਧਾਂਤ ਦਾ ਇਕ ਵਾਕ ਵਿਚ ਨਿਚੋੜ, ਨਿਜੀ ਜਾਇਦਾਦ ਦਾ ਖਾਤਮਾ ਕਰਨਾ ਹੈ।”
ਇਹੀ ਨਿਸ਼ਾਨਾ ਡਾ. ਭੀਮ ਰਾਉ ਅੰਬੇਡਕਰ ਦਾ ਸੀ। 1949 ਵਿਚ ਡਾ. ਅੰਬੇਡਕਰ ਨੇ ਸੰਵਿਧਾਨ ਜਾਰੀ ਕਰਦਿਆਂ ਆਪਣੀ ਤਕਰੀਰ ਵਿਚ ਕਿਹਾ ਸੀ, “ਭਾਰਤ ਜਿਹੇ ਮੁਲਕ ਵਿਚ ਖਤਰਾ ਹੈ ਕਿ ਜਮਹੂਰੀਅਤ ਦੀ ਥਾਂ ਤਾਨਾਸ਼ਾਹੀ ਲੈ ਲਵੇ। ਇਸ ਦੀ ਪੂਰੀ ਸੰਭਾਵਨਾ ਹੈ ਕਿ ਨਵੀਂ ਬਣੀ ਇਹ ਜਮਹੂਰੀਅਤ ਆਪਣੇ ਰੂਪ ਨੂੰ ਬਰਕਰਾਰ ਰਖਦਿਆਂ ਅਸਲ ਵਿਚ ਤਾਨਾਸ਼ਾਹੀ ਬਣ ਜਾਵੇ। ਜੇ ਕਿਸੇ ਪਾਰਟੀ ਨੂੰ ਭਾਰੀ ਬਹੁਗਿਣਤੀ ਮਿਲਦੀ ਹੈ ਤਾਂ ਇਸ ਦੇ ਤਾਨਾਸ਼ਾਹੀ ਬਣਨ ਦੀ ਸੰਭਾਵਨਾ ਹੋਰ ਵੀ ਵੱਧ ਹੈ।”
ਡਾ. ਅੰਬੇਡਕਰ ਦੀ ਇਹ ਭਵਿਖਵਾਣੀ ਅੱਜ ਸੱਚ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਭਾਰਤੀ ਲੋਕਾਂ ਦੇ ਦੋ ਦੁਸ਼ਮਣ ਮਿਥੇ ਹਨ-ਬ੍ਰਾਹਮਣਵਾਦ ਅਤੇ ਪੂੰਜੀਵਾਦ। ਪੂੰਜੀਵਾਦ ਦਾ ਅਜੋਕਾ ਰੂਪ ਸਾਮਰਾਜੀ ਪੂੰਜੀਵਾਦ ਹੈ, ਜਿਸ ਨੇ ਆਪਣੇ ਮੁਨਾਫੇ ਵਧਾਉਣ ਦੀ ਹੋੜ ਵਿਚ ਕੁਦਰਤੀ ਚੌਗਿਰਦੇ ਦੀ ਐਸੀ ਬਰਬਾਦੀ ਕੀਤੀ ਹੈ ਕਿ ਅੱਜ ਸਮੁੱਚੀ ਮਨੁੱਖ ਜਾਤੀ ਤਬਾਹੀ ਦੇ ਕੰਢੇ ‘ਤੇ ਆਣ ਖੜੀ ਹੋਈ ਹੈ। ਇਸ ਨੇ ਪੂੰਜੀ ਅਤੇ ਖਤਰਨਾਕ ਹਥਿਆਰ ਇਕੱਠੇ ਕਰਨ ਦੀ ਹੋੜ ਵਿਚ ਦੁਨੀਆਂ ਭਰ ‘ਚ ਐਸੀ ਉਥਲ-ਪੁਥਲ ਮਚਾਈ ਹੋਈ ਹੈ ਕਿ ਬਹੁਗਿਣਤੀ ਲੋਕਾਂ ਨੂੰ ਇਧਰ-ਉਧਰ ਪਰਵਾਸ ਕਰਨ ਲਈ ਮਜਬੂਰ ਕਰਕੇ ਉਨ੍ਹਾਂ ਨੂੰ ਆਪਣੇ ਵਸੇਬਿਆਂ ਤੇ ਸਭਿਆਚਾਰਾਂ ਤੋਂ ਉਖੇੜ ਦਿਤਾ ਹੈ।
ਸਾਹਿਬ ਕਾਂਸ਼ੀ ਰਾਮ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਬਣਾ ਕੇ ਡਾ. ਅੰਬੇਡਕਰ ਦੇ ਮਿਸ਼ਨ ਨੂੰ ਅੱਗੇ ਤੋਰਨ ਦੇ ਯਤਨ ਕੀਤੇ ਸਨ, ਪਰ ਉਨ੍ਹਾਂ ਦੇ ਅਕਾਲ ਚਲਾਣੇ ਪਿਛੋਂ ਪਾਰਟੀ ਉਨ੍ਹਾਂ ਦੇ ਮਿਸ਼ਨ ਨੂੰ ਭੁੱਲ ਗਈ ਹੈ। ਮਨੂਵਾਦ ਤੇ ਸਾਮਰਾਜੀ ਅਡੰਬਰ ਤੋਂ ਕਿਵੇਂ ਮੁਕਤ ਹੋਣਾ ਹੈ, ਇਸ ਦਾ ਰਾਹ ਉਨ੍ਹਾਂ ਨੇ ਦੱਸਿਆ ਸੀ। ਇਹ ਰਾਹ ਹੁਣ ਵੀ ਸਾਡੀ ਅਗਵਾਈ ਕਰ ਸਕਦਾ ਹੈ।
ਮੋਦੀ-ਸ਼ਾਹ ਦਾ ਫਾਸ਼ੀਵਾਦ ਦੇਸ਼ ਨੂੰ ਕਿਧਰ ਲਿਜਾ ਰਿਹਾ ਹੈ, ਇਸ ਦੀ ਕੁਝ ਕੁ ਜਾਣਕਾਰੀ ਬਹੁ-ਚਰਚਿਤ ਪੁਸਤਕ ‘ਮੈਲਵੋਲੈਂਟ ਰਿਪਬਲਿਕ’ ਦੇ ਲੇਖਕ ਕਪਿਲ ਕੋਮੀਰੇਡੀ ਦੀ ਇਕ ਲਿਖਤ ਵਿਚ ਦਿਤੀ ਗਈ ਹੈ। ਉਸ ਦੀ ਇਹ ਲਿਖਤ ਅਮਰੀਕਾ ਤੋਂ ਨਿਕਲਦੇ ਵਿਚਾਰਧਾਰਕ ਪਰਚੇ ‘ਬਿਦੇਸ ਨੀਤੀ’ (ਫੌਰਇਨ ਪਾਲਿਸੀ) ਦੇ ਤਾਜਾ ਅੰਕ ਵਿਚ ਛਪੀ ਹੈ। ਲੇਖਕ ਇਸ ਲਿਖਤ ਦੇ ਅਖੀਰ ਵਿਚ ਲਿਖਦਾ ਹੈ, “ਕੁਝ ਦਰਸ਼ਕ ਹਿੰਸਾ ਦੀ ਪੱਧਰ ਨੂੰ ਵੇਖ ਕੇ ਕਹਿ ਰਹੇ ਹਨ ਕਿ ਭਾਰਤ ਨਾਜੀ ਜਰਮਨੀ ਦੇ ਇਤਿਹਾਸ ਨੂੰ ਦੁਹਰਾ ਰਿਹਾ ਹੈ, ਪਰ ਇਹ ਵਰਤਾਰਾ 1980 ਵਿਆਂ ਦੇ ਮਗਰਲੇ ਸਾਲਾਂ ਦੇ ਯੂਗੋਸਲਾਵੀਆ ਦੇ ਤਜਰਬੇ ਨਾਲ ਵੱਧ ਮਿਲਦਾ ਹੈ। ਮੋਦੀ ਤੋਂ ਪਹਿਲਾਂ ਭਾਰਤ ਦੀ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਕਸਰ ਇਹ ਕਿਹਾ ਕਰਦੀ ਸੀ ਕਿ ਭਿੰਨਤਾ ਪੱਖੋਂ ਭਾਰਤ ਵਿਸ਼ਵ ਵਿਚ ਸਭ ਤੋਂ ਵੱਧ ਯੂਗੋਸਲਾਵੀਆ ਨਾਲ ਮਿਲਦਾ ਹੈ। ਉਸ ਵੰਨ-ਸੁਵੰਨੀ ਫੈਡਰੇਸ਼ਨ ਦਾ ਖਾਤਮਾ ਇਸੇ ਕਰਕੇ ਹੋਇਆ ਸੀ ਕਿ ਇਕ ਭੜਕਾਊ ਨੇਤਾ ਨੇ ਉਭਾਰ ਵਿਚ ਆ ਕੇ ਦੇਸ਼ ‘ਤੇ ਆਪਣੀ ਜਕੜ ਮਜਬੂਤ ਕਰਨ ਲਈ ਕੌਮੀਅਤ-ਧਾਰਮਿਕ ਭਾਈਚਾਰਿਆਂ ਦੀਆਂ ਭਾਵਨਾਵਾਂ ਨੂੰ ਇਕ-ਦੂਜੇ ਵਲੋਂ ਲੱਗੇ ਇਤਿਹਾਸਕ ਜਖਮਾਂ ਨੂੰ ਭੁੰਨਾਉਣ ਦਾ ਯਤਨ ਕੀਤਾ ਸੀ। ਯੂਗੋਸਲਾਵੀਆ ਦੇ ਸਲੋਬੋਦਨ ਮਿਲੋਸਵਿਕ ਨੇ ਕਸੋਵੋ ਅਤੇ ਵੋਜਵੋਦੀਨਾ ਦੀ ਖੁਦਮੁਖਤਿਆਰੀ ਖਤਮ ਕਰਨ ਲੱਗਿਆਂ ਇਹ ਦਾਅਵਾ ਕੀਤਾ ਸੀ ਕਿ ਕੌਮੀ ਇਤਿਹਾਸ ਦੇ ਸਫਰ ਵਿਚ ਇਹ ਮਹਾਨਤਾ ਦੇ ਇਕ ਨਵੇਂ ਪੜਾਅ ਦੀ ਸ਼ੁਰੂਆਤ ਹੈ। (ਐਨ ਉਸੇ ਤਰ੍ਹਾਂ ਜਿਵੇਂ ਮੋਦੀ ਨੇ ਕਸ਼ਮੀਰ ਦੀ ਖੁਦਮੁਖਤਿਆਰੀ ਖਤਮ ਕਰਨ ਲੱਗਿਆਂ ਕੀਤਾ ਹੈ) ਪਰ ਸਰਬੀਆ ਦੇ ਕੌਮਵਾਦ ਨੇ ਯੂਗੋਸਲਾਵੀਆ ਨੂੰ ਤਬਾਹ ਕਰ ਦਿਤਾ। ਭਾਰਤੀ ਸੋਚਦੇ ਨੇ ਕਿ ਉਨ੍ਹਾਂ ਦੀ ਏਕਤਾ ਕੋਈ ਦੈਵੀ ਵਰਦਾਨ ਹੈ। ਆਪਣੇ ਆਪ ਨੂੰ ਗੁੰਮਰਾਹ ਕਰਨ ਲਈ ਇਹ ਸਭ ਤੋਂ ਵੱਡਾ ਭਰਮ ਹੈ। ਭਾਰਤ ਦਾ ਸਭਿਆਚਾਰ ਪੁਰਾਣਾ ਹੈ, ਪਰ ਇਸ ਦੀ ਏਕਤਾ ਵਿਰਲੀ-ਟਾਵੀਂ ਅਤੇ ਨਵੀਂ ਹੈ।
ਗਣਰਾਜ ਦੇ ਧਰਮ ਨਿਰਪੱਖ ਬਾਨੀਆਂ ਵਲੋਂ ਕਿਆਸਿਆ ਸਾਂਝਾ ਭਾਰਤੀ ਕੌਮਵਾਦ ਸਿਰਫ ਇਸ ਕਰਕੇ ਸਫਲ ਹੋਇਆ, ਕਿਉਂਕਿ ਉਨ੍ਹਾਂ ਨੇ ਇਕ ਬੁਨਿਆਦੀ ਸੱਚ ਦੀ ਪਛਾਣ ਕਰ ਲਈ ਸੀ ਕਿ ਮਨੁੱਖੀ ਹੋਂਦ ਬਹੁ-ਪਛਾਣ ਦੀ ਧਾਰਕ ਹੈ। ਭਾਰਤੀ ਪਛਾਣ ਦੀ ਖਿੱਚ ਹਮੇਸ਼ਾ ਇਸ ਕਰਕੇ ਰਹੀ ਹੈ ਕਿ ਇਹ ਇਕੋ ਵੇਲੇ ਕਿਸੇ ਵਿਅਕਤੀ ਨੂੰ ਕਈ-ਕੁਝ ਹੋਣ ਦੀ ਆਗਿਆ ਦਿੰਦੀ ਹੈ। ਮੋਦੀ ਉਹ ਵਿਚਾਰਧਾਰਾ ਠੋਸ ਰਿਹਾ ਹੈ, ਜੋ ਲੋਕਾਂ ਨੂੰ ਇਕ ਪਛਾਣ ਤਕ ਸੀਮਤ ਕਰਦੀ ਹੈ। ਇਹ ਵਿਚਾਰਧਾਰਾ ਸੰਸਾਰ ਦੇ ਸਭ ਤੋਂ ਵੱਧ ਵੰਨ-ਸੁਵੰਨੇ ਜਮਹੂਰੀ ਸੰਘ ਨੂੰ ਤੋੜਨ ਦੇ ਬੀਜ ਬੋ ਰਹੀ ਹੈ। ਭਾਰਤ ਨੂੰ ਜੋੜਨ ਵਾਲੀਆਂ ਤੰਦਾਂ ਏਨੀਆਂ ਮਜਬੂਤ ਨਹੀਂ, ਜਿੰਨੀਆਂ ਦਾ ਕੁਝ ਲੋਕ ਯਕੀਨ ਕਰਦੇ ਹਨ। ਲੋਕ ਸਦਾ ਲਈ ਇਸ ਅੰਨ੍ਹੇ ਰਾਸ਼ਟਰਵਾਦ ਦਾ ਬੋਝ ਨਹੀਂ ਝੱਲ ਸਕਦੇ, ਜੋ ਉਨ੍ਹਾਂ ਉਤੇ ਠੋਸਿਆ ਜਾ ਰਿਹਾ ਹੈ। ਭਾਰਤ ਇਕ ਉਸ ਮੋੜ ਨੁਕਤੇ ਵੱਲ ਵਧ ਰਿਹਾ ਹੈ, ਜਿਸ ਤੋਂ ਫਿਰ ਪਿਛੇ ਨਹੀਂ ਮੁੜਿਆ ਜਾਣਾ।”
ਇਸ ਹਕੀਕਤ ਦਾ ਜ਼ਿਕਰ ਅਖਬਾਰ ‘ਟਾਈਮਜ਼ ਆਫ ਇੰਡੀਆ’ ਦੇ ਸੀਨੀਅਰ ਕਾਲਮ ਨਵੀਸ ਸਵਾਮੀਨਾਥਨ ਐਸ਼ ਅੰਕਲੇਸਰੀਆ ਅਈਅਰ ਨੇ ਵੀ ਆਪਣੇ 8 ਮਾਰਚ ਦੇ ਕਾਲਮ ਵਿਚ ਕੀਤਾ ਹੈ। ਹਾਲਾਂਕਿ ਨਰੇਂਦਰ ਮੋਦੀ ਦੇ ਨਾਂ ਲਿਖੀ ਆਪਣੀ ਚਿੱਠੀ ਵਿਚ ਉਸ ਨੇ ਮੋਦੀ ਦੀਆਂ ਅਨੇਕ (ਨਾ ਹੋਣ ਵਾਲੀਆਂ) ਸਿਫਤਾਂ ਕੀਤੀਆਂ ਹਨ। ਬੇਸ਼ੱਕ ਇਸ ਚਿੱਠੀ ਵਿਚ ਉਸ ਨੇ ਲਿਖਿਆ ਹੈ, “ਭਾਜਪਾ ਰਾਜ ਵਿਚ ਫਿਰਕੂ ਨਫਰਤ ਉਭਾਰ ਉਤੇ ਹੈ, ਪਰ ਇਹ ਚੋਣਾਂ ਜਿਤਣ ਲਈ ਅਸਫਲ ਸਾਬਤ ਹੋਈ ਹੈ। ਭਾਜਪਾ ਨੇ ਲਗਾਤਾਰ 10 ਸੂਬਿਆਂ ਦੀਆਂ ਚੋਣਾਂ ਹਾਰੀਆਂ ਹਨ।…ਫਿਰਕੂ ਪਾਲਾਬੰਦੀ ਅਰਥਚਾਰੇ ਤੇ ਵਿਦੇਸ਼ ਨੀਤੀ ਨੂੰ ਵੀ ਹਰਜਾ ਪਹੁੰਚਾ ਰਹੀ ਹੈ। 11 ਸੂਬਿਆਂ ਨੇ ਐਨ. ਆਰ. ਸੀ. ਲਾਗੂ ਕਰਨ ਤੋਂ ਨਾਂਹ ਕਰ ਦਿੱਤੀ ਹੈ। ਕਈਆਂ ਨੇ ਸੀ. ਏ. ਏ. ਵੀ ਲਾਗੂ ਨਾ ਕਰਨ ਦਾ ਫੈਸਲਾ ਕੀਤਾ ਹੈ। ਸੂਬਿਆਂ ਦੇ ਸਹਿਯੋਗ ਬਿਨਾ ਇਨ੍ਹਾਂ ਨੂੰ ਲਾਗੂ ਕਰਨ ਦੇ ਯਤਨ ਅਸਫਲ ਹੋਣਗੇ। ਸੂਬਿਆਂ ਦੀ ਬਗਾਵਤ ਤੈਨੂੰ ਨਾਲਾਇਕ ਅਤੇ ਨਿਕੰਮਾ ਸਾਬਤ ਕਰੇਗੀ।”
“ਦੁਮੇਲ ‘ਤੇ ਮਦਦ ਦਾ ਕੋਈ ਨਾਂ ਨਿਸ਼ਾਨ ਨਜ਼ਰ ਨਹੀਂ ਆ ਰਿਹਾ। ਕੋਈ ਐਸਾ ਮੁਲਕ ਨਹੀਂ, ਜੋ ਕੋਈ ਵੁਕਤ ਰੱਖਦਾ ਹੋਵੇ। ਸੰਯੁਕਤ ਰਾਸ਼ਟਰ ਸੰਘ ਵੀ ਨਹੀਂ। ਤੇ ਚੋਣਾਂ ਜਿੱਤਣ ਵਾਲੀ ਇਕ ਵੀ ਐਸੀ ਸਿਆਸੀ ਪਾਰਟੀ ਨਹੀਂ ਹੈ, ਜੋ ਨੈਤਿਕ ਪੁਜੀਸ਼ਨ ਲੈ ਸਕੇ, ਕਿਉਂਕਿ ਅੱਗ ਪਾਈਪਾਂ ਵਿਚ ਵੜ ਚੁਕੀ ਹੈ। ਵਿਵਸਥਾ ਢਹਿ ਢੇਰੀ ਹੋ ਰਹੀ ਹੈ।”
ਅਰੁੰਧਤੀ ਰਾਏ ਦਾ ਉਕਤ ਕਥਨ ਮੌਜੂਦਾ ਵਿਸ਼ਵ ਹਕੀਕਤ ਨੂੰ ਸਹੀ ਰੂਪ ਵਿਚ ਪ੍ਰਗਟ ਕਰਦਾ ਹੈ, ਪਰ ਇਹ ਹਕੀਕਤ ਦਾ ਇਕ ਪਾਸਾ ਹੈ। ਸੰਯੁਕਤ ਰਾਸ਼ਟਰ ਸੰਘ ਸਮੇਤ ਦੁਨੀਆਂ ਭਰ ਵਿਚ ਪਿਛਲੇ 70-75 ਸਾਲਾਂ ਵਿਚ ਬਣੇ ਸਾਰੇ ਆਲਮੀ ਅਦਾਰੇ ਆਪਣੀ ਵੁਕਤ ਗੁਆ ਚੁਕੇ ਹਨ, ਕਿਉਂਕਿ ਇਨ੍ਹਾਂ ਨੇ ਆਪਣੀਆਂ ਨਿਸ਼ਚਿਤ ਜਿੰਮੇਵਾਰੀਆਂ ਨਿਭਾਉਣ ਤੋਂ ਟਾਲਾ ਵੱਟ ਲਿਆ ਹੈ ਜਾਂ ਤਾਕਤਵਰ ਸਾਮਰਾਜੀ ਮੁਲਕ ਆਪੋ-ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਇਨ੍ਹਾਂ ਦੇ ਕਿਸੇ ਵੀ ਆਦੇਸ਼ ਨੂੰ ਮੰਨਣ ਤੋਂ ਇਨਕਾਰੀ ਹਨ। ਇਸ ਲਈ ਇਹ ਅਦਾਰੇ ਆਪਣੀ ਨੈਤਿਕ ਹੋਂਦ ਗੁਆ ਚੁਕੇ ਹਨ। ਚੋਣਾਂ ਜਿਤਣ ਵਾਲੀ ਇਕ ਵੀ ਪਾਰਟੀ ਨੈਤਿਕ ਪੁਜੀਸ਼ਨ ਲੈਣ ਦੀ ਹਾਲਤ ਵਿਚ ਇਸੇ ਕਰਕੇ ਨਹੀਂ ਹੈ, ਕਿਉਂਕਿ ਇਨ੍ਹਾਂ ਨੇ ਖਤਰਨਾਕ ਹਾਲਤਾਂ ਵਿਚ ਲੋਕਾਂ ਨੂੰ ਧੋਖਾ ਦਿਤਾ ਹੈ। ਦਿੱਲੀ ਵਿਚ ਹੋਏ ਮੁਸਲਿਮ ਕਤਲੇਆਮ ਸਮੇਂ ਕੇਜਰੀਵਾਲ ਦੀ ਮੌਕਾਪ੍ਰਸਤੀ ਸਭ ਦੇ ਸਾਹਮਣੇ ਹੈ। ਕਾਂਗਰਸ ਦਾ ਹਿੰਦੂਤਵੀ ਆਧਾਰ, ਜੋ ਇੰਦਰਾ ਗਾਂਧੀ ਦੀਆਂ ਸਿੱਖ ਵਿਰੋਧੀ ਨੀਤੀਆਂ ਕਾਰਨ ਬਣਿਆ ਸੀ, ਮੋਦੀ ਨੇ ਖੋਹ ਲਿਆ ਹੈ। ਇਸ ਹਾਲਤ ਵਿਚ ਅਰੁੰਧਤੀ ਰਾਏ ਦਾ ਇਹ ਕਥਨ ਬਿਲਕੁਲ ਦਰੁਸਤ ਹੈ ਕਿ ਵਿਵਸਥਾ ਢਹਿ ਢੇਰੀ ਹੋ ਰਹੀ ਹੈ, ਭਾਵ ਨਾ ਸਿਰਫ ਆਰਥਕ ਪ੍ਰਬੰਧ ਸਗੋਂ ਰਾਜਸੀ ਪ੍ਰਬੰਧ ਵੀ ਢਹਿ ਢੇਰੀ ਹੋ ਰਿਹਾ ਹੈ।
ਪਰ ਇਸ ਹਕੀਕਤ ਦਾ ਇਕ ਦੂਜਾ ਪਾਸਾ ਹੋਰ ਵੀ ਹੈ। ਲੋਕਾਂ ਦੇ ਪੱਖ ਤੋਂ ਇਹ ਹਾਲਤ ਜਿਥੇ ਖਤਰਨਾਕ ਹੈ, ਉਥੇ ਸੰਭਾਵਨਾਵਾਂ ਨਾਲ ਭਰਪੂਰ ਵੀ ਹੈ। ਇਸੇ ਹਾਲਤ ਨੂੰ ਲੈਨਿਨ ਨੇ ਇਨਕਲਾਬੀ ਮੌਕਾ ਮੇਲ ਕਿਹਾ ਹੈ। ਜਦੋਂ ਲੋਕ ਉਹ ਗੱਲ ਮਹੀਨਿਆਂ ਵਿਚ ਸਮਝ ਲੈਂਦੇ ਹਨ, ਜੋ ਉਨ੍ਹਾਂ ਨੇ ਸਾਲਾਂ ਵਿਚ ਸਮਝਣੀ ਹੁੰਦੀ ਹੈ। ਉਹ ਗੱਲ ਦਿਨਾਂ ਵਿਚ ਸਮਝ ਲੈਂਦੇ ਹਨ, ਜੋ ਉਨ੍ਹਾਂ ਨੇ ਮਹੀਨਿਆਂ ਵਿਚ ਸਮਝਣੀ ਹੁੰਦੀ ਹੈ ਅਤੇ ਉਹ ਗੱਲ ਪਲਾਂ ਵਿਚ ਸਮਝ ਲੈਂਦੇ ਹਨ, ਜੋ ਉਨ੍ਹਾਂ ਨੇ ਦਿਨਾਂ ਵਿਚ ਸਮਝਣੀ ਹੁੰਦੀ ਹੈ। ਦੁਨੀਆਂ ਭਰ ਵਿਚ ਚਲ ਰਹੇ ਲੋਕਾਂ ਦੇ ਸੰਘਰਸ਼ ਨਵੀਆਂ ਉਚਾਈਆਂ ਛੋਹ ਰਹੇ ਹਨ।
ਅਮਰੀਕਾ ਜਿਹੇ ਮੁਲਕ ‘ਚ ਜਿਥੇ ਕਮਿਊਨਿਜ਼ਮ ਤੇ ਸਮਾਜਵਾਦ ਦੇ ਸ਼ਬਦ ਦੂਜੀ ਵਿਸ਼ਵ ਸਾਮਰਾਜੀ ਜੰਗ ਪਿਛੋਂ ਨਫਰਤ ਦੇ ਪਾਤਰ ਰਹੇ ਹਨ, ਉਥੇ ਅੱਜ ਸਮਾਜਵਾਦੀ ਸਮਾਜ ਇਕ ਮੁਖ ਧਿਰ ਦਾ ਏਜੰਡਾ ਬਣ ਗਿਆ ਹੈ। ਭਾਵੇਂ ਇਹ ਧਿਰ ਵਿਗਿਆਨਕ ਸਮਾਜਵਾਦ ਪ੍ਰਤੀ ਸੁਹਿਰਦ ਨਹੀਂ, ਪਰ ਘੱਟੋ ਘੱਟ ਇਸ ਦਾ ਖਿਆਲੀ ਸਮਾਜਵਾਦ ਦਾ ਏਜੰਡਾ ਸਮਾਜਵਾਦੀ ਸਮਾਜ ਦੀ ਲੋੜ ਨੂੰ ਬਹਿਸ ਦੇ ਕੇਂਦਰ ਵਿਚ ਲਿਆਉਣ ਦਾ ਸਬੱਬ ਤਾਂ ਬਣ ਹੀ ਰਿਹਾ ਹੈ। ਜਦੋਂ ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ‘ਤੇ ਆਧਾਰਤ ਵਿਗਿਆਨਕ ਸਮਾਜਵਾਦ ਦੀ ਗੱਲ ਤੁਰੇਗੀ ਤਾਂ ਸਾਰੇ ਧਰਮਾਂ ਵਿਚਲੀ ਫਿਲਾਸਫੀ ਨਾਲ ਸੰਵਾਦ ਕਰਨ ਦੀ ਲੋੜ ਮਹਿਸੂਸ ਹੋਵੇਗੀ। ਉਦੋਂ ਹੀ ਸਾਰੇ ਧਰਮਾਂ ਦੇ ਲੋਕਾਂ ਨੂੰ ਸਰਬਸਾਂਝੀਵਾਲਤਾ ਤੇ ਸਰਬਤ ਦੇ ਭਲੇ ਦੇ ਸਮਾਜ ਦੀ ਲੋੜ ਮਹਿਸੂਸ ਕਰਾਈ ਜਾ ਸਕੇਗੀ।
‘ਜਿੱਤਣ ਲਈ ਸੰਸਾਰ ਪਿਆ ਹੈ’ ਮਾਰਕਸ-ਏਂਗਲਜ ਨੇ ਕਮਿਊਨਿਸਟ ਮੈਨੀਫੈਸਟੋ ਵਿਚ ਸੰਸਾਰ ਭਰ ਦੀ ਕਿਰਤੀ ਜਮਾਤ ਦਾ ਇਹੀ ਨਿਸ਼ਾਨਾ ਮਿਥਿਆ ਹੈ। ਇਸ ਨਿਸ਼ਾਨੇ ਨੂੰ ਉਸੇ ਰੂਪ ਵਿਚ ਹੀ ਪੂਰਾ ਕੀਤਾ ਜਾ ਸਕਦਾ ਹੈ। ਮਾਰਕਸ ਦੀ ਵਿਕਸਿਤ ਕੀਤੀ ਭੌਤਿਕਵਾਦੀ ਫਿਲਾਸਫੀ ਤੋਂ ਅੱਗੇ ਤੁਰ ਕੇ ਲੈਨਿਨ ਦੇ ਰੂਸੀ ਇਨਕਲਾਬ ਤੇ ਮਾਓ-ਜੇ-ਤੁੰਗ ਦੇ ਸਭਿਆਚਾਰਕ ਇਨਕਲਾਬ ਦੇ ਤਜਰਬੇ ਨੂੰ ਆਤਮਸਾਤ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਇਸੇ ਆਧਾਰ ਉਤੇ ਸਾਡੇ ਦੇਸ਼ ਵਿਚ ਡਾ. ਅੰਬੇਡਕਰ ਤੇ ਸਾਹਿਬ ਕਾਂਸ਼ੀ ਰਾਮ ਦੀ ਮਨੂਵਾਦ ਤੇ ਸਾਮਰਾਜੀ ਅਡੰਬਰ ਵਿਰੋਧੀ ਲਹਿਰ ਨੂੰ ਅੱਗੇ ਤੋਰਨ ਦੀ ਲੋੜ ਹੈ।