ਸੁਣਿਐ ਸਿਧ ਪੀਰ ਸੁਰਿ ਨਾਥ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਵਿਦਵਾਨ ਅਕਸਰ ਸੋਚਦੇ ਹਨ ਕਿ ਜਪੁਜੀ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਨੇ ਰੱਬ ਨੂੰ ਮਿਲਣ ਦੀ ਵਿਧੀ ਦਿੱਤੀ ਹੋਈ ਹੈ, ਪਰ ਅਸਲ ਵਿਚ ਉਨ੍ਹਾਂ ਨੇ ਇਸ ਵਿਚ ਗੁਮਰਾਹ ਹੋਈ ਖਲਕਤ ਨੂੰ ਸਤਿ ਅਰਥਾਤ ਸੱਚ ਪ੍ਰਾਪਤੀ ਦੀ ਵਿਧੀ ਦੱਸੀ ਹੈ। ਉਨ੍ਹਾਂ ਨੇ ਇਸ ਗੱਲ ਦਾ ਉਲੇਖ ਮੂਲਮੰਤਰ ਦੇ ਮੁੱਢ ਵਿਚ ਹੀ ਕੀਤਾ ਹੋਇਆ ਹੈ। ਵਿਦਵਾਨਾਂ ਦਾ ਇਹ ਕਹਿਣਾ ਵੀ ਨਿਰਮੂਲ ਹੈ ਕਿ ੴ ਰੱਬ ਦਾ ਸੂਚਕ ਹੈ। ਜੇ ਗੁਰੂ ਸਾਹਿਬ ਨੇ ਅਜਿਹਾ ਕੁਝ ਕਹਿਣਾ ਹੁੰਦਾ ਤਾਂ ਉਹ ਸਪਸ਼ਟ ਲਿਖ ਦਿੰਦੇ।

ਉਨ੍ਹਾਂ ਦੇ ਅਜਿਹਾ ਨਾ ਲਿਖਣ ਦਾ ਵੀ ਕਾਰਨ ਹੈ। ਗੁਰੂ ਸਾਹਿਬ ਰੱਬ ਦੇ ਪ੍ਰਚਲਿਤ ਸੰਕਲਪਾਂ ਨੂੰ ਅਗਿਆਨ ਤੇ ਹਉਮੈ ਤੋਂ ਪੈਦਾ ਹੋਇਆ ਸਮਝਦੇ ਹਨ। ਉਹ ਮੂਲ ਤੌਰ ‘ਤੇ ਕੁਦਰਤ ਅਤੇ ਕੁਦਰਤ ਦੇ ਵਿਧਾਨ ਨੂੰ ਆਪਣੇ ਸਾਹਮਣੇ ਵਾਪਰਦਾ ਦੇਖਦੇ ਹਨ, ਪਰ ਇਹ ਕਿਸ ਤਰ੍ਹਾਂ ਚਲ ਰਿਹਾ ਹੈ ਤੇ ਕਦੋਂ ਤੋਂ ਚਲ ਰਿਹਾ ਹੈ? ਉਨ੍ਹਾਂ ਲਈ ਇਕ ਖੋਜ ਦਾ ਵਿਸ਼ਾ ਹੈ। ਖੋਜ ਤੋਂ ਬਿਨਾ ਉਹ ਇਸ ਬਾਰੇ ਕੁਝ ਵੀ ਕਹਿਣਾ ਨਹੀਂ ਚਾਹੁੰਦੇ ਕਿਉਂਕਿ ਉਹ ਕਿਸੇ ਵੀ ਪ੍ਰਮਾਣ-ਰਹਿਤ ਕਥਨ ਨੂੰ ਕੂੜ ਮੰਨਦੇ ਹਨ। ਖੋਜ ਦੀਆਂ ਜੋ ਪਰੰਪਰਾਗਤ ਵਿਧੀਆਂ ਹਨ, ਉਹ ਉਨ੍ਹਾਂ ਨੇ ਪਹਿਲੀ ਪਉੜੀ ਵਿਚ ਹੀ ਨਕਾਰ ਦਿੱਤੀਆਂ ਹਨ। ਚਾਹੇ ਸਾਰੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਰਲ ਕੇ ਦਿਨ ਰਾਤ ਕਹਿੰਦੇ ਰਹਿਣ ਕਿ ‘ਸੋਚੈ ਸੋਚਿ ਨਾ ਹੋਵਈ’ ਵਿਚ ਸੁੱਚਮ-ਸਫਾਈ ਦਾ ਸੰਕੇਤ ਹੈ, ਤਾਂ ਵੀ ਉਹ ਇਹ ਨਹੀਂ ਝੁਠਲਾ ਸਕਦੇ ਕਿ ਸੋਚਣਾ, ਚੁਪ ਰਹਿਣਾ, ਪੇਟ ਉਤੇ ਰੋਟੀਆਂ ਬੰਨ ਕੇ ਭੁੱਖ-ਤਪੱਸਿਆ ਕਰਨੀ, ਸਿੱਧ-ਸਿਆਣਪਾਂ, ਟੂਣੇ ਆਦਿ ਵਰਤਣਾ ਉਸ ਵੇਲੇ ਦੀਆਂ ‘ਗਿਆਨ ਪ੍ਰਾਪਤੀ’ ਦੀਆਂ ਵਿਧੀਆਂ ਹਨ। ਗੁਰੂ ਸਾਹਿਬ ਨੇ ਇਨ੍ਹਾਂ ਅਖੌਤੀ ਵਿਧੀਆਂ ਦੀ ਨਿਖੇਧੀ ਕੀਤੀ ਹੈ।
ਗੁਰੂ ਸਾਹਿਬ ਨੇ ਇਹ ਇਸ ਲਈ ਕੀਤਾ ਕਿ ਇਹ ਪਰੰਪਰਾਗਤ ਢੰਗ ਤਰੀਕੇ ਮਨੁੱਖ ਦੇ ਸਚਿਆਰਾ ਬਣਨ ਲਈ ਢੁਕਵੇਂ ਨਹੀਂ ਹਨ। ਉਨ੍ਹਾਂ ਨੇ ਇਸ ਕੰਮ ਲਈ ਗਣਿਤ ਜਿਹੀ ਤਰਕ-ਪੂਰਣ ਤੇ ਹਉਮੈ ਰਹਿਤ ਵਿਧੀ ਚੁਣੀ ਹੈ ਤੇ ਇਸ ਨੂੰ ਗਣਿਤਮਈ ਸੂਤਰ ੴ ਰਾਹੀਂ ਦਰਸਾਇਆ ਹੈ। ਉਨ੍ਹਾਂ ਦਾ ਸੋਚਣਾ ਹੈ ਕਿ ਮਾਯਾ ਅਰਥਾਤ ਪ੍ਰਤੀਤੀ ਸੱਚ (ਅਪਪਅਰeਨਟ ਰeਅਲਟੇ) ਸਿਰਫ ਇਕੋ ਮੂਲ-ਤੱਤ ਭਾਵ ਇਕ ਅੰਤਿਮ ਯਥਾਰਥ (ੁਲਟਮਿਅਟe ਰeਅਲਟੇ) ਅਰਥਾਤ ਪਰਮ-ਸਤਿ (ੁਲਟਮਿਅਟe ਟਰੁਟਹ) ਦੀ ਉਪਜ ਹੈ। ਉਨ੍ਹਾਂ ਦੀ ਧਾਰਨਾ ਹੈ ਕਿ ਇਸ ਅਣਦਿਸਦੀ ‘ਅਸੁਲੂ ਇਕ ਧਾਤ’ ਭਾਵ ਪਰਮ-ਸਤਿ ਦਾ ਸੰਕਲਪ ਘੜ੍ਹਨ ਲਈ ਇਸ ਦੇ ਗੁਣਾਂ ਨੂੰ ਜਾਣਨਾ ਜਰੂਰੀ ਹੈ, ਜੋ ਪ੍ਰਕ੍ਰਿਤੀ ਦੇ ਨਿਯਮਾਂ (ਹੁਕਮਾਂ) ਰਾਹੀਂ ਪ੍ਰਗਟ ਹੋ ਰਹੇ ਹਨ। ਇਸ ਲਈ ਪ੍ਰਕ੍ਰਿਤੀ ਭਾਵ ‘ਜਿਣਸੀ ਮਾਯਾ’ (ਮਅਟeਰਅਿਲ ਅਪਪeਅਰਅਨਚe) ਅਰਥਾਤ ਦੁਆਲੇ ਪਸਰੇ ਅਥਾਹ ਪਦਾਰਥ ਦੇ ਨਿਯਮਾਂ ਦੀ ਵਿਗਿਆਨਕ ਖੋਜ ਜਰੂਰੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਤਿ ਦਾ ਅਸਲ ਨਾਂ ਵੀ ਇਕ ਲੰਮੀ ਖੋਜ ਅਰਥਾਤ ਉਦਮ ਦੀ ‘ਟਕਸਾਲ’ ਵਿਚੋਂ ਹੀ ਬਣ ਕੇ ਨਿਕਲੇਗਾ, ਜਦੋਂ ਇਸ ਦੇ ਸਭ ਗੁਣ ਲੱਭ ਲਏ ਜਾਣਗੇ। ਇਹ ਉਨ੍ਹਾਂ ਦਾ ਇਕ ਵਿਗਿਆਨਕ ਨਿਰਣਾ ਹੈ, ਜਿਸ ਵਿਚ ਪਦਾਰਥ ਦਾ ਸੰਕਲਪ ਤੇ ਵਿਗਿਆਨਕ ਵਿਧੀ-ਦੋਵੇਂ ਘੁਲੇ ਮਿਲੇ ਹਨ।
ਗੁਰੂ ਸਾਹਿਬ ਦੀ ਖੋਜ ਵਿਧੀ ਦਾ ਇਕ ਵੱਡਾ ਅਸੂਲ ਨਿਰਪੱਖਤਾ ਹੈ, ਜਿਸ ਨੂੰ ਉਹ ‘ਨਦਰਿ’ ਕਹਿੰਦੇ ਹਨ। ਅਸਲ ਵਿਚ ਤੱਥਾਂ ਦੀ ਨਿਰਪੱਖ ਜਾਣਕਾਰੀ ਲਈ ਨਦਰਿ ਦਾ ਕਿਸੇ ਵੀ ਖੋਜ ਵਿਧੀ ਵਿਚ ਹੋਣਾ ਅਤਿ ਜਰੂਰੀ ਹੈ ਤੇ ਗੁਰੂ ਸਾਹਿਬ ਨੇ ਵੀ ਇਸ ਦੇ ਮਹੱਤਵ ਨੂੰ ਸਹੀ ਪਛਾਣਿਆ ਹੈ। ਇਸ ਦਾ ਜ਼ਿਕਰ ਗੁਰੂ ਸਾਹਿਬ ਨੇ ਪਿਛਲੀ ਪਉੜੀ ਵਿਚ ਵੀ ਕੀਤਾ ਹੋਇਆ ਹੈ। ਅੱਠਵੀਂ ਤੇ ਇਸ ਤੋਂ ਅਗਲੀਆਂ ਕੁਝ ਪਉੜੀਆਂ ਵਿਚ ‘ਨਦਰਿ’ ਦੇ ਕੁਝ ਹੋਰ ਸਹਾਇਕ ਅੰਸ਼ਾਂ ਦਾ ਜ਼ਿਕਰ ਹੈ, ਜਿਨ੍ਹਾਂ ਦੇ ਤਰਕਪੂਰਣ ਅਧਿਐਨ ਦੀ ਲੋੜ ਹੈ। ਪਹਿਲਾਂ ਅੱਠਵੀਂ ਪਉੜੀ ‘ਤੇ ਇਕ ਸਰਸਰੀ ਝਾਤ ਪਾਉਂਦੇ ਹਾਂ,
ਸੁਣਿਐ ਸਿਧ ਪੀਰ ਸੁਰਿ ਨਾਥ॥
ਸੁਣਿਐ ਧਰਤਿ ਧਵਲ ਆਕਾਸ॥
ਸੁਣਿਐ ਦੀਪ ਲੋਅ ਪਾਤਾਲ॥
ਸੁਣਿਐ ਪੋਹਿ ਨ ਸਕੈ ਕਾਲੁ॥
ਨਾਨਕ ਭਗਤਾ ਸਦਾ ਵਿਗਾਸੁ॥
ਸੁਣਿਐ ਦੂਖ ਪਾਪ ਕਾ ਨਾਸੁ॥੮॥
ਇਹ ਪਉੜੀ ਪੜ੍ਹਿਆਂ ਪਤਾ ਚਲਦਾ ਹੈ ਕਿ ਇਸ ਦੀ ਸਿੱਖੀ ਸਿਧਾਂਤ ਨੂੰ ਸਮਝਣ ਲਈ ਵਿਸ਼ੇਸ਼ ਭੂਮਿਕਾ ਹੈ। ਜੇ ਕੋਈ ਸਿਰਫ ਇਸੇ ਪਉੜੀ ਨੂੰ ਧਿਆਨ ਨਾਲ ਪੜ੍ਹ ਲਵੇ ਤੇ ਇਸ ਦੇ ਸੰਦੇਸ਼ ਨੂੰ ਚੰਗੀ ਤਰ੍ਹਾਂ ਸਮਝ ਕੇ ਜੀਵਨ ਵਿਚ ਉਤਾਰ ਲਵੇ ਤਾਂ ਉਹ ਸਿੱਖੀ ਦੀਆਂ ਕਈ ਪੁਲਾਂਘਾਂ ਭਰ ਲਵੇਗਾ। ਇਸ ਦੇ ਗਿਆਨ ਨਾਲ ਉਹ ਮੌਜੂਦਾ ਵਿਦਵਾਨਾਂ ਦੇ ਬਿਨਾ ਸਿਰ-ਪੈਰ ਵਿਚਾਰਾਂ ‘ਤੇ ਕਦੇ ਵਿਸ਼ਵਾਸ ਨਹੀਂ ਕਰੇਗਾ ਤੇ ਪੁਜਾਰੀ ਵਰਗ ਦੀਆਂ ਮਿੱਥ ਕਥਾਵਾਂ ਨੂੰ ਤਾਂ ਭੁੱਲ ਕੇ ਵੀ ਨਹੀਂ ਸੁਣੇਗਾ। ਫਿਰ ਨਾ ਉਸ ਨੂੰ ਵਿਦਵਾਨਾਂ ਤੇ ਪ੍ਰਚਾਰਕਾਂ ਦੇ ਗੁਮਰਾਹਕੁਨ ਵਾਦ ਵਿਵਾਦ ਭਰਮਾਉਣਗੇ ਤੇ ਨਾ ਹੀ ਉਨ੍ਹਾਂ ਦੇ ਖੜ੍ਹੇ ਕੀਤੇ ਅਧਿਆਤਮਕ ਹਊਏ ਡਰਾਉਣਗੇ। ਇਸ ਦੇ ਸਮਝਣ ਨਾਲ ਉਹ ਕੂੜ ਬਿਰਤਾਂਤ ਦੀਆਂ ਸਾਖੀਆਂ ਤੋਂ ਦੂਰ ਰਹੇਗਾ। ਫਿਰ ਤਾਂ ਉਹ ਬਸ ਗੁਰੂ ਸਾਹਿਬ ਦੀ ਸੋਚ ਦੇ ਨੇੜੇ ਲੱਗ ਕੇ ਉਨ੍ਹਾਂ ਜਿਹੇ ਪ੍ਰਗਤੀਵਾਦੀ ਸਰੋਕਾਰ ਅਪਨਾਵੇਗਾ।
ਪਉੜੀ ਦੇ ਅੰਤ ਵਿਚ ਸ਼ਬਦ ‘ਭਗਤ’ ਆਇਆ ਹੈ, ਜੋ ਸੁਣਨ ਵਾਲੇ ਸ਼ਰਧਾਲੂਆਂ ਲਈ ਵਰਤਿਆ ਗਿਆ ਹੈ। ਇਸ ਲਈ ‘ਸੁਣੀਐ’ ਦਾ ਅਰਥ ਉਹ ਕੁਝ ਹੈ, ਜੋ ਡੇਰੇਦਾਰਾਂ ਤੇ ਪੁਜਾਰੀਆਂ ਰਾਹੀਂ ਸ਼ਰਧਾਲੂਆਂ ਨੂੰ ਧਰਮ ਅਸਥਾਨਾਂ ‘ਤੇ ਸੁਣਾਇਆ ਜਾਂਦਾ ਹੈ। ਇਹ ਪਉੜੀ ਪਿਛਲੀ ਪਉੜੀ ਦੇ ਤਰਕ-ਉਪਦੇਸ਼ ਪਿਛੋਂ ਆਈ ਹੋਣ ਕਾਰਨ ਇਸ ਵਿਚ ਸੁਣੀ ਸੁਣਾਈ ਗੱਲ ਦਾ ਮਹਤੱਵ ਤਰਕ ਦੇ ਸੰਦਰਭ ਵਿਚ ਹੀ ਵਿਚਾਰਿਆ ਗਿਆ ਹੈ। ਇਸ ਪਉੜੀ ਦਾ ਮੋਕਲਾ ਜਿਹਾ, ਪਰ ਸਹੀ ਸਹੀ ਅਨੁਵਾਦ ਕੁਝ ਇਸ ਤਰ੍ਹਾਂ ਹੈ,
“ਧਾਰਮਿਕ ਸੰਸਥਾਨਾਂ ਅਤੇ ਡੇਰਿਆਂ ਵਿਚ ਭਗਤਾਂ ਭਾਵ ਸ਼ਰਧਾਲੂਆਂ ਨੂੰ ਗਿਆਨ ਦੀ ਥਾਂ ਕਈ ਵਿਚਿੱਤਰ ਅਧਿਆਤਮਕ ਗੱਲਾਂ ਤੇ ਕਥਾਵਾਂ ਸੁਣਾਈਆਂ ਜਾਂਦੀਆਂ ਹਨ। ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਦੁਨੀਆਂ ਜਾਂ ਇਸ ਸਮਾਜ ਵਿਚ ਕਈ ਪਹੁੰਚੇ ਹੋਏ ਸਿੱਧ ਪੀਰ ਜਾਂ ਸਾਧੂ ਸੰਤ ਰਹਿੰਦੇ ਹਨ, ਜਿਨ੍ਹਾਂ ਨੇ ਵੱਖ ਵੱਖ ਦੇਵਤਿਆਂ ਨੂੰ ਧਿਆ ਕੇ ਸਿੱਧੀਆਂ ਪ੍ਰਾਪਤ ਕਰ ਰੱਖੀਆਂ ਹਨ। ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਸਿੱਧੀਆਂ ਪ੍ਰਾਪਤ ਕਰ ਚੁਕੇ ਮਹਾਂਪੁਰਖ ਕੁਦਰਤ ਦੀਆਂ ਸ਼ਕਤੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ। ਉਹ ਆਪਣੀਆਂ ਗੈਬੀ ਤਾਕਤਾਂ ਨਾਲ ਸੰਸਾਰ ਵਿਚ ਕੁਝ ਵੀ ਕਰ ਸਕਦੇ ਹਨ ਤੇ ਕਿਸੇ ਨੂੰ ਕੁਝ ਵੀ ਬਖਸ਼ ਜਾਂ ਬਖਸ਼ਵਾ ਸਕਦੇ ਹਨ। ਲੋੜਾਂ ਦੇ ਸਤਾਏ ਸ਼ਰਧਾਲੂ ਜਦੋਂ ਉਨ੍ਹਾਂ ਕੋਲ ਜਾਂਦੇ ਹਨ ਤਾਂ ਉਹ ਧਰਤੀ ਤੇ ਧਵਲੇ ਦੀ ਅਨੋਖੀ ਮਿੱਥ ਕਥਾ ਵੀ ਸੁਣਦੇ ਹਨ। ਇਸ ਮੁਤਾਬਿਕ ਅਸਮਾਨ ਵਿਚ ਅਟਕੀ ਇਹ ਧਰਤੀ ਇਕ ਸ਼ਕਤੀਸ਼ਾਲੀ ਧੌਲੇ ਬਲਦ ਦੇ ਸਿੰਗ ਉਤੇ ਟਿਕੀ ਹੋਈ ਹੈ। ਉਹ ਇਹ ਵੀ ਸੁਣਦੇ ਹਨ ਕਿ ਇਸ ਧਰਤੀ ਦੇ ਅੰਦਰ ਜਾਂ ਹੇਠ ਇਕ ਹੋਰ ਧਰਤੀ ਹੈ, ਜਿਸ ਨੂੰ ਪਤਾਲਦੀਪ ਕਿਹਾ ਜਾਂਦਾ ਹੈ, ਉਥੇ ਕਾਲ ਦੇਵਤਾ ਨਹੀਂ ਪਹੁੰਚ ਸਕਦਾ। ਇਸ ਲਈ ਉਥੋਂ ਦੇ ਵਾਸੀ ਦੂਖ, ਪਾਪ ਅਤੇ ਮ੍ਰਿਤੂ ਕਸ਼ਟ ਤੋਂ ਮੁਕਤ ਹਨ। ਗੁਰੂ ਸਾਹਿਬ ਪਰਿਹਾਸ ਨਾਲ ਕਹਿੰਦੇ ਹਨ ਕਿ ਸ਼ਰਧਾਲੂ ਇਨ੍ਹਾਂ ਕਹਾਣੀਆਂ ਉਤੇ ਇਤਬਾਰ ਕਰ ਕੇ ਆਪਣੀਆਂ ਚਿੰਤਾਵਾਂ ਤੋਂ ਰਾਹਤ ਮਹਿਸੂਸ ਕਰਦੇ ਹਨ ਤੇ ਨਿਹਾਲ ਹੋ ਉਠਦੇ ਹਨ!”
ਇਸ ਪਉੜੀ ਦਾ ਨਿਰਪੱਖ ਉਲਥਾ ਪੜ੍ਹਨ ਪਿਛੋਂ ਸਵਾਲ ਉਠਦਾ ਹੈ ਕਿ ਕੀ ਗੁਰੂ ਸਾਹਿਬ ਅਜਿਹੀਆਂ ਮਿੱਥ-ਕਥਾਵਾਂ ਸੁਣਨ ਦਾ ਸਮਰਥਨ ਕਰਦੇ ਸਨ? ਕੀ ਸੁਣੀਆਂ ਗੱਲਾਂ ਨੂੰ ਮਹੱਤਤਾ ਦੇ ਕੇ ਅਜੋਕੇ ਵਿਦਵਾਨ ਉਨ੍ਹਾਂ ਦੀ ਬਾਣੀ ਨੂੰ ਸਮਝਣ ਵਿਚ ਕੋਈ ਗਲਤੀ ਤਾਂ ਨਹੀਂ ਕਰ ਰਹੇ? ਕੀ ਕਿਸੇ ਨੇ ਅਜਿਹੇ ਸਿੱਧ ਪੀਰ ਦੇਖੇ ਹਨ, ਜੋ ਕੁਦਰਤੀ ਨਿਯਮਾਂ ਨੂੰ ਆਪਣੇ ਵਸ ਵਿਚ ਕਰ ਸਕਦੇ ਹਨ? ਕੀ ਕੋਈ ਕਰਾਮਾਤਾਂ ਰਾਹੀਂ ਪ੍ਰਕ੍ਰਿਤੀ ਦੇ ਨਿਯਮਾਂ ‘ਤੇ ਆਪਣਾ ਹੱਕ ਜਮਾ ਸਕਦਾ ਹੈ? ਕੀ ਕੋਈ ਸਭ ਦੇ ਸਾਹਮਣੇ ਆ ਕੇ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਰ ਸਕਦਾ ਹੈ? ਕੀ ਕਿਸੇ ਸ਼ਰਧਾਲੂ ਨੇ ਇਨ੍ਹਾਂ ਅਫਵਾਹਾਂ ਨੂੰ ਸੁਣ ਕੇ ਦੱਸਣ ਵਾਲਿਆਂ ਤੋਂ ਕੋਈ ਮੋੜਵਾਂ ਸਵਾਲ ਪੁੱਛਿਆ? ਕੀ ਕਿਸੇ ਨੇ ਪੁੱਛਿਆ ਨਹੀਂ ਕਿ ਸਿੰਗ ਉਤੇ ਧਰਤੀ ਉਠਾਉਣ ਵਾਲਾ ਧਵਲਾ ਬਲਦ ਆਪ ਕਿਸ ਆਧਾਰ ‘ਤੇ ਖੜ੍ਹਾ ਹੈ? ਕੀ ਕਿਸੇ ਨੇ ਸ਼ੱਕ ਜਾਹਰ ਨਹੀਂ ਕੀਤਾ ਕਿ ਧਰਤੀ ਹੇਠ ਇਕ ਧਵਲਾ ਹੀ ਹੈ ਜਾਂ ਕੁਝ ਹੋਰ? ਕੀ ਕਿਸੇ ਪੂਰਵੀ ਮਿੱਥ-ਪ੍ਰਚਾਰਕ ਨੇ ਕਦੇ ਪੱਛਮੀ ਮਿੱਥ-ਪ੍ਰਚਾਰਕਾਂ ਨਾਲ ਮੱਥਾ ਨਹੀਂ ਲਾਇਆ, ਜੋ ਬਲਦ ਦੀ ਥਾਂ ਕੱਛੂਕੁੰਮੇ ਨੂੰ ਧਰਤੀ ਦਾ ਸਹਾਰਾ ਮੰਨਦੇ ਹਨ? ਕੀ ਕਿਸੇ ਸਿੱਖ ਸ਼ਰਧਾਲੂ ਨੇ ਸਿੱਖ ਪ੍ਰਚਾਰਕਾਂ ਤੇ ਡੇਰੇਦਾਰ ਸਾਧਾਂ ਸੰਤਾਂ ਤੋਂ ਇਹ ਨਹੀਂ ਪੁੱਛਿਆ ਕਿ ਪਤਾਲਦੀਪ ਦੁਨੀਆਂ ਦੇ ਨਕਸ਼ੇ ‘ਤੇ ਕਿੱਥੇ ਸਥਿਤ ਹੈ? ਕੀ ਕਦੇ ਸਿੱਖ ਸ਼ਰਧਾਲੂਆਂ ਨੇ ਸਿੱਖ ਪੁਜਾਰੀਆਂ ਤੋਂ ਇਹ ਪੁੱਛਿਆ ਕਿ ਉਹ ਵਿਗਿਆਨ ਵਿਰੋਧੀ ਕਿਉਂ ਹਨ? ਜੇ ਅਜਿਹਾ ਕੋਈ ਸਵਾਲ ਕਿਸੇ ਨੇ ਪੁੱਛਿਆ ਹੀ ਨਹੀਂ, ਫਿਰ ਸੱਚ ਦਾ ਚੰਦਰਮਾ ਤਾਂ ਚੜ੍ਹਿਆ ਹੀ ਨਹੀਂ।
ਅੱਜ ਤੀਕ ਕਿਸੇ ਸਾਧ ਸੰਤ ਨੇ ਅਧਿਆਤਮਵਾਦ ਦੀ ਇਕ ਵੀ ਪ੍ਰਾਪਤੀ ਨਹੀਂ ਗਿਣਾਈ ਤੇ ਗੁਰੂ ਸਾਹਿਬ ਦੀ ਸਿੱਖੀ ਵਿਚਾਰਧਾਰਾ ਦੀ ਇਕ ਵੀ ਚੁਣੌਤੀ ਸਵੀਕਾਰ ਨਹੀਂ ਕੀਤੀ। ਉਨ੍ਹਾਂ ਜੇ ਕੁਝ ਵੀ ਕੀਤਾ ਹੈ, ਸ਼ਰਧਾਲੂਆਂ ਨੂੰ ਗੁਮਰਾਹ ਕਰਨ ਲਈ ਕੀਤਾ ਹੈ। ਇਹ ਗੁਰੂ ਨਾਨਕ ਦੀ ਹਿੰਮਤ ਸੀ ਕਿ ਉਹ ਸੁਣੀਆਂ ਸੁਣਾਈਆਂ ਗੱਲਾਂ ਭਾਵ ਅਫਵਾਹਾਂ ਵਿਰੁਧ ਕੰਧ ਵਾਂਗ ਡਟੇ ਤੇ ਤਰਕ ਵਿਗਿਆਨ ਦੇ ਹੱਕ ਵਿਚ ਅੱਗੇ ਆ ਕੇ ਨਿੱਤਰੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਾਰੀ ਦੁਨੀਆਂ ਛਾਣ ਮਾਰੀ, ਪਰ ਕਿਤੇ ਅਜਿਹਾ ਕੁਝ ਨਹੀਂ ਮਿਲਿਆ, ਜੋ ਕਰਮਾਂ ਭਾਵ ਢੁਕਵੇਂ ਕੰਮ ਕੀਤੇ ਬਿਨਾ ਪ੍ਰਾਪਤ ਕੀਤਾ ਗਿਆ ਹੋਵੇ। ਇੱਡਾ ਵੱਡਾ ਬਿਆਨ ਦੇ ਕੇ ਉਹ ਅਤਿਕਥਨੀਆਂ ਵਿਚ ਵਿਸ਼ਵਾਸ ਕਰਨ ਦੀ ਗੱਲ ਕਿਵੇਂ ਕਹਿ ਸਕਦੇ ਸਨ?
ਜਿਨ੍ਹਾਂ ਲੋਕਾਂ ਨੇ ਇਤਿਹਾਸ ਦਾ ਅਧਿਐਨ ਕੀਤਾ ਹੈ, ਉਹ ਇਸ ਤੱਥ ਨੂੰ ਭਲੀ ਭਾਂਤ ਸਮਝਦੇ ਹਨ ਕਿ ਇਤਿਹਾਸ ਜਿਵੇਂ ਕਿਵੇਂ ਆਪਣੇ ਆਪ ਨੂੰ ਦੁਹਰਾਉਂਦਾ ਹੈ। ਦੁਹਰਾਉਣਾ ਤਾਂ ਇਸ ਨੇ ਹੋਇਆ ਹੀ, ਜੇ ਮਨੁੱਖੀ ਫਿਤਰਤ ਵੀ ਉਹੀ ਰਹੇ ਤੇ ਮਨੁੱਖੀ ਹਾਲਾਤ ਵੀ ਨਾ ਬਦਲੇ ਹੋਣ। ਜੋ ਗੁਰੂ ਸਾਹਿਬ ਦੇ ਸਮਿਆਂ ਵਿਚ ਵਾਪਰ ਰਿਹਾ ਸੀ, ਉਹ ਅੱਜ ਫਿਰ ਵਾਪਰ ਰਿਹਾ ਹੈ। ਆਮ ਜਨਤਾ ਉਦੋਂ ਵੀ ਅਨਪੜ੍ਹ ਤੇ ਲਾਈਲੱਗ ਸੀ ਤੇ ਇਹ ਅੱਜ ਵੀ ਪਿਛਲੱਗ ਤੇ ਅਗਿਆਨੀ ਹੈ। ਡੇਰੇਦਾਰ ਸੰਤ ਤੇ ਪੁਜਾਰੀ ਉਦੋਂ ਵੀ ਮਿੱਥ ਕਥਾਵਾਂ ਸੁਣਾ ਕੇ ਲੋਕਾਂ ਨੂੰ ਵਰਗਲਾਉਂਦੇ ਸਨ ਤੇ ਅਜੋਕੇ ਸਾਧ ਸੰਤ ਵੀ ਨਿਰਾਧਾਰ ਗੱਪ ਕਹਾਣੀਆਂ ਸੁਣਾ ਕੇ ਉਨ੍ਹਾਂ ਨੂੰ ਭਟਕਾ ਰਹੇ ਹਨ। ਉਸ ਵੇਲੇ ਦੇ ਕਰਮਕਾਂਡੀ ਬ੍ਰਾਹਮਣ, ਡੇਰੇਦਾਰ, ਨਾਥ ਤੇ ਪੀਰ ਆਪਣੇ ਸ਼ਰਧਾਲੂਆਂ ਨੂੰ ਹਵਾਈ ਗੱਲਾਂ ਨਾਲ ਭਰਮਾਉਂਦੇ ਸਨ ਅਤੇ ਇਹੀ ਭੂਮਿਕਾ ਹੂਬਹੂ ਅੱਜ ਪਰੰਪਰਾਵਾਦੀ ਸਿੱਖ ਡੇਰੇਦਾਰ, ਪੁਜਾਰੀ ਤੇ ਪ੍ਰਚਾਰਕ ਨਿਭਾ ਰਹੇ ਹਨ। ਉਤੋਂ ਚਿੰਤਾਜਨਕ ਗੱਲ ਇਹ ਕਿ ਅਜੋਕੇ ਸਿੱਖ ਸਮਾਜ ਵਿਚ ਪਹਿਲਾਂ ਦੇ ਮੁਕਾਬਲੇ ਭਾਰੀ ਗਿਰਾਵਟ ਦਿਸ ਰਹੀ ਹੈ। ਇਸ ਦਾ ਪੈਮਾਨਾ ਇਹ ਹੈ ਕਿ ਗੁਰੂ ਨਾਨਕ ਨੇ 15ਵੀਂ ਸਦੀ ਵਿਚ ਵਿਗਿਆਨ ਨਾ ਹੋਣ ‘ਤੇ ਵੀ ਵਿਗਿਆਨਕ ਸੋਚ ਦਾ ਪੱਲਾ ਫੜ੍ਹਿਆ ਅਤੇ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਵਿਗਿਆਨ ਦੇ ਸਭ ਸੁਖ ਭੋਗਦਿਆਂ ਵੀ ਅਗਿਆਨ ਦਾ ਪੱਲਾ ਫੜੀ ਬੈਠੇ ਹਨ।
ਗੁਰੂ ਸਾਹਿਬ ਆਪਣੇ ਸੱਚੇ ਗਿਆਨ ਨੂੰ ਜਾ ਜਾ ਕੇ ਵੰਡਦੇ ਸਨ ਤੇ ਸਿੱਖੀ ਦੇ ਅਜੋਕੇ ਪ੍ਰਚਾਰਕ ਸ਼ਰਧਾਲੂਆਂ ਨੂੰ ਮਿੱਥ ਕਥਾਵਾਂ ਸੁਣਾਉਣ ਲਈ ਡੇਰੇ ‘ਚ ਇੱਕਤਰ ਕਰਦੇ ਹਨ ਤੇ ਬਹਾਨੇ ਸਿਰ ਧਨ ਬਟੋਰਦੇ ਹਨ। ਅਸਲ ਵਿਚ ਉਹ ਸ਼ਰਧਾਲੂਆਂ ਨੂੰ ਨਕਲੀ ਕਥਾ ਕਹਾਣੀਆਂ ਸੁਣਾ ਕੇ ਗੁਰੂ ਸਾਹਿਬ ਦੀਆਂ ਅਸਲ ਸਿੱਖਿਆਵਾਂ ਤੋਂ ਦੂਰ ਰੱਖਣਾ ਚਾਹੁੰਦੇ ਹਨ। ਅਜਿਹਾ ਉਹ ਗੁਰਬਾਣੀ ਦੇ ਅਰਥਾਂ ਨੂੰ ਬਦਲ ਕੇ ਵੀ ਕਰਦੇ ਹਨ। ਇਸ ਗੱਲ ਦਾ ਇਕ ਵੱਡਾ ਪ੍ਰਮਾਣ ਉਨ੍ਹਾਂ ਦੀ ਇਸੇ ਪਉੜੀ ਦੀ ਵਿਆਖਿਆ ਹੈ, ਜੋ ਸਭ ਵਿਦਵਾਨਾਂ ਨੇ ਥੋੜੇ ਬਹੁਤੇ ਫਰਕ ਨਾਲ ਇਕੋ ਜਿਹੀ ਕੀਤੀ ਹੈ। ਮਿਸਾਲ ਵਜੋਂ ਉਨ੍ਹਾਂ ਦੇ ਅੱਠਵੀਂ ਪਉੜੀ ਦੇ ਅਰਥ ਜੋ ਇੰਟਰਨੈਟ (ਹਟਟਪ://ੱੱੱ।ਗੁਰੁਗਰਅਨਟਹਦਅਰਪਅਨ।ਨeਟ/0002।ਹਟਮਲ) ‘ਤੇ ਪਏ ਮੰਨੇ ਪ੍ਰਮੰਨੇ ਸਿੱਖ ਵਿਦਵਾਨ ਪ੍ਰੋ. ਸਾਹਿਬ ਸਿੰਘ ਕ੍ਰਿਤ ਸ੍ਰੀ ਗੁਰੂ ਗ੍ਰੰਥ ਦਰਪਣ ‘ਚੋਂ ਲਏ ਗਏ ਹਨ, ਹੇਠ ਦਿੱਤੇ ਹੋਏ ਹਨ,
“ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਉਂਕਿ) ਉਸ ਦੀ ਸਿਫਤਿ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹ ਨਾਮ ਹਿਰਦੇ ਵਿਚ ਟਿਕਣ ਦੀ ਹੀ ਬਰਕਤਿ ਹੈ ਕਿ (ਸਾਧਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ ਤੇ ਉਨ੍ਹਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ, ਜੋ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈ।8।”
ਇਸ ਉਲਥੇ ਦੇ ਜੇ ਕੋਈ ਗੂੜ੍ਹੇ ਅਰਥ ਨਿਕਲਦੇ ਹੋਣ ਤਾਂ ਪ੍ਰੋ. ਸਾਹਿਬ ਆਪ ਹੀ ਜਾਣਦੇ ਹੋਣਗੇ, ਪਰ ਉਨ੍ਹਾਂ ਦੀ ਲਿਖਤ ਤੋਂ ਇੱਦਾਂ ਜਾਪਦਾ ਹੈ, ਜਿਵੇਂ ਉਹ ਜਪੁਜੀ ਦੀ ਪਉੜੀ ਦੇ ਅਰਥ ਨਹੀਂ, ਸਗੋਂ ਕਿਸੇ ਸਿੱਧ ਪੀਰ ਦੀ ਸਮਾਧ ਅੱਗੇ ਆਪਣੀ ਅਰਦਾਸ ਬੰਦਨਾ ਦਾ ਵਰਣਨ ਕਰ ਰਹੇ ਹੋਣ। ਜੇ ਨਹੀਂ, ਤਾਂ ਕੋਈ ਦੱਸੇ ਕਿ ਇਹ ‘ਅਕਾਲ ਪੁਰਖ’ ਜਾਂ ‘ਪ੍ਰਭੂ’ ਵਿਚ ਕਿੱਥੋਂ ਆ ਗਏ, ਜਿਨ੍ਹਾਂ ਦੀ ਸਿਫਤਿ-ਸਾਲਾਹ ਕਰ ਕੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ? ਕੋਈ ਇਹ ਵੀ ਦੱਸੇ ਕਿ ਜੇ ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਨੇ ਨਾਮ ਨੂੰ ਹਿਰਦੇ ਵਿਚ ਵਸਾ ਕੇ ਇਹ ਪਦਵੀਆਂ ਪਾਈਆਂ ਹਨ ਤਾਂ ਕੀ ‘ਸਾਧਾਰਨ ਮਨੁੱਖ’ ਗੁਰੂ ਨਾਨਕ ਦੀ ਸਿੱਖੀ ਛੱਡ ਕੇ ਸਾਧਾਂ ਸੰਤਾਂ ਦੇ ਦਵਾਰੇ ਜਾਣ? ਉਹ ਇਹ ਤਾਂ ਜਰੂਰ ਹੀ ਦੱਸਣ ਕਿ ਜੇ ਸਾਧਾਂ, ਸੰਤਾਂ ਤੇ ਨਾਥਾਂ ਦੀ ਪਦਵੀ ਪਾਉਣ ਨਾਲ ਹੀ ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ‘ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ, ਜੋ ਸਾਰੇ ਦੀਪਾਂ, ਲੋਕਾਂ ਤੇ ਪਾਤਾਲਾਂ ਵਿਚ ਵਿਆਪਕ ਹੈ’, ਤਾਂ ਕੀ ਗੁਰੂ ਨਾਨਕ ਨੇ ‘ਸਭਨਾ ਜੀਆ ਕਾ ਇਕੁ ਦਾਤਾ’ ਵਾਲੀ ਸੋਝੀ ਸਾਧ ਸੰਤ ਤੇ ਨਾਥ ਬਣ ਕੇ ਪਾਈ ਸੀ? ਗੁਰੂ ਸਾਹਿਬ ਨੇ ਜੋ ਤਰਕ ਦੀ ਗੱਲ ਕੀਤੀ ਤੇ ਹਰ ਪਉੜੀ ਵਿਚ ਉਸ ਨੂੰ ਦ੍ਰਿੜਾਇਆ, ਉਹ ਇਸ ਵਿਆਖਿਆ ਵਿਚ ਕਿਤੇ ਨਜ਼ਰ ਕਿਉਂ ਨਹੀਂ ਆਉਂਦੀ?
ਵੱਡਾ ਸਵਾਲ ਇਹ ਹੈ ਕਿ ਉਲਥਾ ਕਰਨ ਵਾਲੇ ਪ੍ਰੋ. ਸਾਹਿਬ ਤਾਂ ਆਪਣੀ ਸਮਝ ਦਿਖਾ ਕੇ ਚਲੇ ਗਏ, ਪਰ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਕਿਸ ਅਗਿਆਨ ਜਾਂ ਲਾਲਸਾ ਵਸ ਮੱਖੀ ‘ਤੇ ਮੱਖੀ ਮਾਰ ਰਹੇ ਹਨ? ਕੀ ਉਨ੍ਹਾਂ ਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਕਿ ਜਿਸ ਦਿਨ ਜਾਗਰੂਕ ਹੋਏ ਸਿੱਖ ਸ਼ਰਧਾਲੂਆਂ ਨੇ ਬਾਣੀ ਨੂੰ ਆਪ ਅੱਗੇ ਹੋ ਕੇ ਪੜ੍ਹ ਲਿਆ ਤਾਂ ਉਹ ਕਿਹੜੇ ਪਾਸੇ ਭੱਜਣਗੇ?
ਜਿਸ ਮੁੱਦੇ ਨੂੰ ਪਕੜਨ ਵਿਚ ਸਭ ਸਿੱਖ ਵਿਦਵਾਨ, ਪੁਜਾਰੀ, ਪ੍ਰਚਾਰਕ ਤੇ ਡੇਰੇਦਾਰ ਸੰਤ ਮਹਾਤਮਾ ਅਸਫਲ ਰਹੇ ਹਨ, ਉਹ ਹੈ ਪਰਮ-ਸਤਿ ਦੀ ਖੋਜ ਵਿਧੀ ਵਿਚ ਸੁਣੀ ਸੁਣਾਈ ਗੱਲ ਦੀ ਭਰੋਸੇਯੋਗਤਾ ‘ਤੇ ਸਵਾਲ। ਅੱਜ ਤੀਕ ਗੁਰਬਾਣੀ ਦਾ ਹਰ ਵਿਆਖਿਆਕਾਰ ਇਹੀ ਦੱਸਦਾ ਆਇਆ ਹੈ ਕਿ ਗੁਰੂ ਸਾਹਿਬ ਅਨੁਸਾਰ ‘ਸੁਣਨ’ ਦੀ ਗਿਆਨ ਪ੍ਰਾਪਤੀ ਵਿਚ ਬੜੀ ਵੱਡੀ ਦੇਣ ਹੈ, ਪਰ ਅਸਲੀਅਤ ਇਹ ਹੈ ਕਿ ਗੁਰੂ ਸਾਹਿਬ ਸੁਣੀ ਸੁਣਾਈ ਗੱਲ ਨੂੰ ਕੂੜ ਤੇ ਨਖਿੱਧ ਸਮਝਦੇ ਸਨ। ਕਹਿਣ ਨੂੰ ਤਾਂ ਕਿਸੇ ਨੂੰ ਭਰਮਾ ਕੇ ਕੋਈ ਵੀ ਮਿੱਥ ਕਥਾ ਸੁਣਾਈ ਜਾ ਸਕਦੀ ਹੈ, ਪਰ ਕੀ ਕੋਈ ਅਜਿਹੀ ਗੱਪ, ਕਹਾਣੀ ਨੂੰ ਸੁਣ ਕੇ ਸੱਚ ਤੀਕ ਪਹੁੰਚਣ ਵਿਚ ਕਾਮਯਾਬ ਹੋ ਜਾਵੇਗਾ? ਜੀ ਨਹੀਂ! ਕਿਉਂਕਿ ਇਸ ਨਾਲ ਸੱਚ ਤੇ ਝੂਠ ਵਿਚਾਲੇ ਕੋਈ ਫਰਕ ਨਹੀਂ ਰਹਿ ਜਾਵੇਗਾ। ਇਸ ਤਰ੍ਹਾਂ ਕਰਨ ਨਾਲ ਸੱਚ ਨੂੰ ਛੁਪਾਇਆ ਜਾਵੇਗਾ ਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕੀਤਾ ਜਾਵੇਗਾ। ਸੁਣਨ ਵਾਲਿਆਂ ਕੋਲ ਝੂਠ ਨੂੰ ਮੰਨਣ ਤੋਂ ਬਿਨਾ ਕੋਈ ਚਾਰਾ ਨਹੀਂ ਰਹਿ ਜਾਵੇਗਾ। ਸਦੀਆਂ ਤੋਂ ਮਹਾਂਪੁਰਖ ਆਪਣੇ ਵਿਖਿਆਨਾਂ ਰਾਹੀਂ ਤਰ੍ਹਾਂ ਤਰ੍ਹਾਂ ਦੇ ਮਨ ਆਏ ਵਿਚਾਰ ਸੁਣਾਉਂਦੇ ਆਏ ਹਨ ਤੇ ਲੋਕ ਨਿਰਸੰਦੇਹ ਮੰਨਦੇ ਆਏ ਹਨ, ਪਰ ਕੀ ਸੁਣਾਉਣ ਵਾਲੇ ਜਾਂ ਸੁਣਨ ਵਾਲੇ ਸੱਚ ਦੇ ਕੁਝ ਨੇੜੇ ਲੱਗੇ? ਜੀ ਨਹੀਂ! ਉਹ ਸਾਰੇ ਸਦੀਆਂ ਤੋਂ ਅਗਿਆਨ ਦੇ ਚੱਕਰਾਂ ਵਿਚ ਉਲਝੇ ਰਹੇ ਹਨ। ਉਨ੍ਹਾਂ ਨੂੰ ਨਾ ਗਿਆਨ, ਨਾ ਸਮਾਨਤਾ, ਨਾ ਇਨਸਾਫ, ਨਾ ਜਾਗਰੂਕਤਾ ਤੇ ਨਾ ਅੱਗੇ ਵਧਣ ਲਈ ਕੋਈ ਹੋਰ ਸੇਧ ਮਿਲੀ। ਬੱਸ ਸਦੀਆਂ ਤੋਂ ਉਹੀ ਝੂਠ, ਉਹੀ ਠੱਗੀ, ਉਹੀ ਸ਼ੋਸ਼ਣ, ਉਹੀ ਅਨਿਆਂ ਤੇ ਉਹੀ ਅਗਿਆਨ ਉਨ੍ਹਾਂ ‘ਤੇ ਭਾਰੂ ਬਣੇ ਰਹੇ।
ਜੋ ਵਿਦਵਾਨ ਸੁਣਨ ਦੀ ਪ੍ਰਸ਼ੰਸਾ ਦੇ ਪੁਲ ਬੰਨਦੇ ਹਨ, ਉਹ ਇਹ ਨਹੀਂ ਦੱਸਦੇ ਕਿ ਕੀ ਸੁਣੀਏ ਤੇ ਕਿਸ ਨੂੰ ਸੁਣੀਏ? ਕੀ ਗੁਰੂ ਨਾਨਕ ਜਨੇਊ ਵਾਲੇ ਪਾਂਧੇ ਨੂੰ ਸੁਣਦੇ, ਹਰਦਵਾਰ ਵਾਲੇ ਪੰਡਿਤਾਂ ਨੂੰ ਸੁਣਦੇ, ਮੱਕੇ ਦੇ ਮੌਲਵੀਆਂ ਨੂੰ ਸੁਣਦੇ ਜਾਂ ਬ੍ਰਾਹਮਣਾਂ ਕੋਲੋਂ ਵੇਦਾਂ ਸ਼ਾਸਤਰਾਂ ਨੂੰ ਸੁਣਦੇ ਤੇ ਇਨ੍ਹਾਂ ਨੂੰ ਸਤਿ ਬਚਨ ਕਹਿ ਕੇ ਆਪਣੀ ਬਾਣੀ ਲਿਖਦੇ? ਜੋ ਵਿਦਵਾਨ ਕਹਿੰਦੇ ਹਨ ਕਿ ਸਿਰਫ ਬਾਣੀ ਨੂੰ ਸੁਣੋ ਤਾਂ ਉਹ ਦੱਸਣ ਕਿ ਉਕਤ ਪਉੜੀ ਦੀ ਪ੍ਰੋ. ਸਾਹਿਬ ਸਿੰਘ ਵਾਲੀ ਅਨੁਵਾਦਿਤ ਵਿਆਖਿਆ ਸੁਣੀਏ ਜਾਂ ਗੁਰੂ ਨਾਨਕ ਵਾਲੀ ਮੂਲ ਵਿਆਖਿਆ? ਇਸ ਤਰ੍ਹਾਂ ਮਨਮਾਨੀਆਂ ਚਲਾਉਣ ਵਾਲੇ ਅਜੋਕੇ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਦੀ ਹਾਲਤ ‘ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨਾ ਸੋਹੈ’ ਜਿਹੀ ਹੋਈ ਪਈ ਹੈ।
ਅੱਜ ਦੇ ਜਮਾਨੇ ਵਿਚ ਵਿਗਿਆਨ ਇਸ ਹੱਦ ਤੀਕ ਤਰੱਕੀ ਕਰ ਗਿਆ ਹੈ ਕਿ ਗੁਰੂ ਸਾਹਿਬ ਦੀ ਇਸ ਪੌੜੀ ਦੇ ਵਿਗਿਆਨਕ ਅਰਥ ਆਪ ਮੁਹਾਰੇ ਉਜਾਗਰ ਹੋ ਜਾਂਦੇ ਹਨ। ਅੱਜ ਕੱਲ ਕਿਸੇ ਕਚਹਿਰੀ ਵਿਚ ਚਸ਼ਮਦੀਦ ਗਵਾਹ ਦੀ ਗਵਾਹੀ ਸਾਹਮਣੇ ਸੁਣੀ ਸੁਣਾਈ ਦੇਣ ਵਾਲੇ ਗਵਾਹ ਦੀ ਗਵਾਹੀ ਦੀ ਕੋਈ ਕੀਮਤ ਨਹੀਂ ਸਮਝੀ ਜਾਂਦੀ। ਇਤਿਹਾਸਕਾਰ ਸੁਣੀਆਂ ਸੁਣਾਈਆਂ ਅਫਵਾਹਾਂ ਆਸਰੇ ਇਤਿਹਾਸ ਨਹੀਂ ਲਿਖਦਾ, ਸਗੋਂ ਠੋਸ ਸਬੂਤਾਂ ਨੂੰ ਲੈ ਕੇ ਇਤਿਹਾਸ ਲਿਖਦਾ ਹੈ। ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ‘ਤੇ ਲਿਖੀਆਂ ਪੁਸਤਕਾਂ ਨੂੰ ਇਤਿਹਾਸਕਾਰੀ ਵਿਚ ਕੋਈ ਢੋਈ ਨਹੀਂ ਮਿਲਦੀ। ਹਰ ਮੁਢਲੀ ਲਿਖਤ ਨੂੰ ਇਸ ਦੇ ਉਲਥੇ ਤੋਂ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈ। ਅਖਬਾਰਾਂ ਨਾਲੋਂ ਕਿਤਾਬਾਂ ਨੂੰ, ਕਿਤਾਬਾਂ ਨਾਲੋਂ ਜੀਵਨੀਆਂ ਨੂੰ, ਜੀਵਨੀਆਂ ਨਾਲੋਂ ਸਵੈ-ਜੀਵਨੀਆਂ ਨੂੰ ਤੇ ਸਵੈ-ਜੀਵਨੀਆਂ ਨਾਲੋਂ ਨਿਜੀ ਡਾਇਰੀਆਂ ਨੂੰ ਸੱਚਾਈ ਦੇ ਪੱਧਰ ‘ਤੇ ਉਤਮ ਮੰਨਿਆ ਜਾਂਦਾ ਹੈ। ਮੌਖਿਕ ਇਤਿਹਾਸ ਨੂੰ ਇੱਕਠਾ ਜਰੂਰ ਕੀਤਾ ਜਾਂਦਾ ਹੈ, ਪਰ ਇਸ ਨੂੰ ਉਦੋਂ ਤੀਕ ਪ੍ਰਵਾਨ ਨਹੀਂ ਕੀਤਾ ਜਾਂਦਾ, ਜਦੋਂ ਤੀਕ ਇਸ ਦੀ ਕਿਸੇ ਸੁਤੰਤਰ ਸੋਮੇ ਵਲੋਂ ਪ੍ਰੋੜ੍ਹਤਾ ਨਹੀਂ ਹੋ ਜਾਂਦੀ। ਜੇ ਸੁਣੀ ਸੁਣਾਈ ਗੱਲ ਦੀ ਕਿਸੇ ਖੇਤਰ ਵਿਚ ਵੀ ਭਰੋਸੇਯੋਗਤਾ ਨਹੀਂ ਤਾਂ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਤਰਕ ਦੇ ਧਨੀ ਗੁਰੂ ਨਾਨਕ ਤੋਂ ਅਜਿਹੀ ਸਿਖਿਆ ਦੀ ਆਸ ਕਿਵੇਂ ਰੱਖਦੇ ਹਨ?
ਨਿਰਸੰਦੇਹ ਇਹ ਇਨ੍ਹਾਂ ਵਿਦਵਾਨਾਂ ਦਾ ਸਵਾਰਥੀ ਹਿੱਤ ਹੈ, ਜਿਸ ਕਾਰਨ ਉਹ ‘ਸੁਣੀਐ’ ਦੇ ਅਰਥ ਨਾਨਕ ਮੱਤ ਅਨੁਸਾਰ ਨਹੀਂ ਕਰਦੇ। ਜੇ ਉਹ ਇਹ ਕਹਿ ਦੇਣ ਕਿ ਗੁਰੂ ਸਾਹਿਬ ਅਨੁਸਾਰ ਸੁਣੀ ਸੁਣਾਈ ਗੱਲ ਸੱਚਾਈ ਦੇ ਅਰਥਾਂ ਵਿਚ ਪ੍ਰਵਾਨ ਨਹੀਂ ਹੁੰਦੀ ਤਾਂ ਉਨ੍ਹਾਂ ਕੋਲ ਮਿਥਿਹਾਸਕ ਕਥਾਵਾਂ ਸੁਣਨ ਲਈ ਕੋਈ ਨਹੀਂ ਆਵੇਗਾ। ਕੋਈ ਉਨ੍ਹਾਂ ਦੇ ਰਹੱਸਵਾਦੀ ਅਧਿਆਤਮਵਾਦ ਵਿਚ ਵਿਸ਼ਵਾਸ ਨਹੀਂ ਕਰੇਗਾ ਤੇ ਨਾ ਹੀ ਕੋਈ ਉਨ੍ਹਾਂ ਦੇ ਫੋਕਟ ਕਰਮ ਕਾਂਡਾਂ ਨੂੰ ਮੰਨੇਗਾ। ਫਿਰ ਉਨ੍ਹਾਂ ਦੀਆਂ ਗੋਲਕਾਂ ਚੜ੍ਹਾਵਿਆਂ ਨਾਲ ਕਿਵੇਂ ਭਰਨਗੀਆਂ? ਉਨ੍ਹਾਂ ਦੇ ਇਸ ਇਕੋ ਸੱਤ-ਕਥਨ ਨਾਲ ਸਭ ਸ਼ਰਧਾਲੂ ਜਾਗਰੂਕ ਹੋ ਜਾਣਗੇ। ਇਹੀ ਉਹ ਹੋਣ ਨਹੀਂ ਦੇਣਾ ਚਾਹੁੰਦੇ।