ਜਤਿੰਦਰ ਸਿੰਘ
ਫੋਨ: +91-94174-78446
ਅਮਾਨਉਲ੍ਹਾ ਖਾਨ ਦਾ ਨਾਮ ਲੈਂਦਿਆਂ ਹੀ ਚਿਹਰੇ ਖੁਸ਼ੀ ਨਾਲ ਖਿੜ ਜਾਂਦੇ ਹਨ। ਲੋਕਾਂ ਦੇ ਚਿਹਰੇ ‘ਤੇ ਖੁਸ਼ੀ ਲਿਆਉਣ ‘ਤੇ ਢਿੱਡੀਂ ਪੀੜਾਂ ਪਾਉਣ ਵਾਲੀ ਇਹ ਅਜ਼ੀਮ ਸ਼ਖਸੀਅਤ 7 ਮਾਰਚ 2020 ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਈ। ਉਸਤਾਦ ਅਮਾਨਉਲ੍ਹਾ ਖਾਨ ਦੀ ਪੈਦਾਇਸ਼ 1950 ਵਿਚ ਲਾਹੌਰ ਵਿਖੇ ਹੋਈ। ਲਾਹੌਰ ਵਾਸੀ ਹੋਣ ਕਾਰਨ ਉਨ੍ਹਾਂ ਦੇ ਲਹਿਜੇ ‘ਤੇ ਮਾਝੀ ਜ਼ਬਾਨ ਭਾਰੂ ਸੀ ਤੇ ਉਨ੍ਹਾਂ ਦੇ ਮੂੰਹੋਂ ਫੱਬਦੀ ਵੀ ਬਹੁਤ ਸੀ ਖਾਸ ਤੌਰ ‘ਤੇ ਜਦੋਂ ਉਹ ਸਟੇਜ ਉਪਰ ਪੇਸ਼ਕਾਰੀ ਕਰ ਰਹੇ ਹੋਣ।
ਅਮਾਨਉਲ੍ਹਾ ਖਾਨ ਸਟੇਜ ਕਲਾਕਾਰ ਦੇ ਨਾਲ ਨਾਲ ਚੰਗੇ ਗਾਇਕ ਤੇ ਫਿਲਮ ਅਦਾਕਾਰ ਵੀ ਸਨ। ਉਨ੍ਹਾਂ ਨੇ ਪਾਕਿਸਤਾਨੀ ਟੀ.ਵੀ. ਸ਼ੋਅ ਖਬਰਨਾਕ, ਖਬਰਦਾਰ, ਹਸ-ਬੇ-ਹਾਲ, ਮਜ਼ਾਕ ਰਾਤ ਵਿਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਉਨ੍ਹਾਂ ਨੂੰ ਇਸ ਅਦਾਕਾਰੀ ਸਦਕਾ ਪਾਕਿਸਤਾਨ ਸਰਕਾਰ ਵਲੋਂ 2018 ਵਿਚ ‘ਪ੍ਰਾਈਡ ਆਫ ਪ੍ਰਫਾਰਮੈਂਸ ਐਵਾਰਡ’ ਨਾਲ ਨਿਵਾਜਿਆ ਗਿਆ।
ਉਨ੍ਹਾਂ ਨੇ ਸਟੇਜ ਸ਼ੋਅ ਤੇ ਥੀਏਟਰ ਨੂੰ ਹਾਸ ਵਿਅੰਗ ਰਾਹੀਂ ਨਵਾਂ ਮੁਹਾਂਦਰਾ ਬਖਸ਼ਿਆ। ਪੰਜਾਬੀ ਜੁਗਤਾਂ ਤੇ ਜੁਮਲਿਆਂ ਦੀ ਬਦੌਲਤ ਸਟੇਜ ਦੇ ਡਰਾਮਿਆਂ ਵਿਚ ਨਵੀਂ ਰੂਹ ਫੂਕੀ। ਖਾਸ ਤੌਰ ‘ਤੇ ਲੱਚਰ ਤੇ ਅਸ਼ਲੀਲ ਕਿਸਮ ਦੇ ਥੀਏਟਰ ਤੋ ਹਟ ਕੇ। ਅਮਾਨਉਲ੍ਹਾ ਦੀ ਖਾਸੀਅਤ ਉਨ੍ਹਾਂ ਦੀ ਲੋਕ ਹਿਤੈਸ਼ੀ ਪਹੁੰਚ ਸੀ। ਉਹ ਹਮੇਸ਼ਾਂ ਹੀ ਹਾਸ ਵਿਅੰਗ ਰਾਹੀਂ ਲੋਕ ਚੇਤਨਾ ਵਾਲੀ ਅਤੇ ਅਮੀਰ ਗਰੀਬ ਵਿਚਲੀ ਵਿੱਥ ਬਾਰੇ ਗੱਲ ਕਰਦੇ। ਮਿਸਾਲ ਦੇ ਤੌਰ ‘ਤੇ ਇਕ ਟੀ.ਵੀ. ਸ਼ੋਅ ਵਿਚ ਐਂਕਰ ਨੂੰ ਕਹਿਣ ਲੱਗੇ, “ਤੁਹਾਨੂੰ ਹਮੇਸ਼ਾਂ ਆਲਮੀ ਤਪਸ਼ (ਗਲੋਬਲ ਵਾਰਮਿੰਗ) ਕਰਕੇ ਗਲੇਸ਼ੀਅਰ ਦੀ ਬਰਫ ਖੁਰਨ ਦਾ ਤਾਂ ਫਿਕਰ ਹੈ ਪਰ ਜੋ ਗਰੀਬ ਬੰਦਾ ਫੱਟੇ ‘ਤੇ ਬਰਫ ਵੇਚਣ ਡਿਆ, ਉਹਦੀ ਬਰਫ ਖੁਰਨ ਦਾ ਕੋਈ ਫਿਕਰ ਨਹੀਂ।” ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਉਨ੍ਹਾਂ ਦੀ ਅਦਾਕਾਰੀ ਵਿਚੋਂ ਆਮ ਹੀ ਮਿਲਦੀਆਂ ਹਨ।
ਕਾਮੇਡੀ ਦਾ ਆਪਣਾ ਜਗਤ ਹੈ। ਇਹ ਸਿਰਫ ਲਫਜ਼ਾਂ ਦੀ ਗੰਢ-ਤੁੱਪ ਨਹੀਂ ਸਗੋਂ ਅਦਾਕਾਰਾਂ ਦੇ ਹਾਵ-ਭਾਵ, ਉਸ ਦੀ ਪੇਸ਼ਕਾਰੀ, ਸਥਿਤੀ, ਪ੍ਰਤੀਕਰਮ ਤੇ ਪ੍ਰਤੀਕਿਰਿਆ, ਹਾਜ਼ਰ-ਜਵਾਬੀ ਤੇ ਹੋਰ ਕਈ ਕੁਝ ਹੁੰਦਾ ਹੈ। ਕਾਮੇਡੀ ਸਿਰਫ ਸਮਾਜਿਕ ਨਹੀਂ ਸਗੋਂ ਮਨੋਵਿਗਿਆਨਕ ਕਾਰਜ ਵੀ ਹੈ। ਮਜ਼ਾਹੀਆ ਕਲਾਕਾਰ ਦੀ ਭੂਮਿਕਾ ਨਿਭਾਉਣ ਵੇਲੇ ਕਾਮੇਡੀਅਨ ਕੋਲ ਸਮਾਜਿਕ, ਸਿਆਸੀ ਅਤੇ ਇਤਿਹਾਸਕ ਪਿਛੋਕੜ ਦੀ ਸਮਝ ਅਤੇ ਉਸ ‘ਤੇ ਵਿਅੰਗ ਕੱਸਣ ਦੀ ਮੁਹਾਰਤ, ਕਿਰਦਾਰ ਦੀ ਨਿਰਖ ਤੇ ਸਮੇਂ ‘ਤੇ ਕੰਟਰੋਲ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਇਸ ਸਭ ਵਿਚ ਅਮਾਨਉਲ੍ਹਾ ਮਾਹਿਰ ਸਨ। ਹੋਰ ਤਾਂ ਹੋਰ ਉਨ੍ਹਾਂ ਨੇ ਪਾਕਿਸਤਾਨੀ ਜਨਰਲ ਜ਼ਿਆ-ਉਲ-ਹੱਕ ਸਾਹਮਣੇ ਪੇਸ਼ਕਾਰੀ ਸਮੇਂ ਵੀ ਆਪਣੇ ਜੁਮਲੇ ਤੇ ਜੁਗਤਾਂ ਨਾਲ ਸਿਆਸੀ ਪ੍ਰਤੀਕਰਮ ਦਿੱਤਾ। ਅਮਾਨਉਲ੍ਹਾ ਨੇ ਪਹਿਲੇ ਫਿਕਰੇ ਵਿਚ ਕਿਹਾ, “ਉਏ ਯਾਰ! ਜ਼ਰਾ ਬੱਤੀਆਂ ਤਾਂ ਬਾਲੋ, ਮੈਂ ਜਰਨਲ ਸਾਹਿਬ ਨੂੰ ਕਲੀਅਰ ਦੇਖਣਾ ਚਾਹੁੰਦਾਂ।” ਇਸ ਜੁਮਲੇ ਵਿਚ ਉਸ ਸਮੇਂ ਦੇ ਪਾਕਿਸਤਾਨੀ ਸਿਆਸੀ ਮਾਹੌਲ ਦੀ ਪੇਸ਼ਕਾਰੀ ਕਰਨਾ ਕਿਸੇ ਸਾਧਾਰਨ ਕਲਾਕਾਰ ਦੇ ਵੱਸ ਦੀ ਗੱਲ ਨਹੀਂ ਲੱਗਦੀ।
ਅਮਾਨਉਲ੍ਹਾ ਹਮੇਸ਼ਾਂ ਇਸ ਗੱਲ ਨੂੰ ਮਹਿਸੂਸ ਕਰਦਾ ਕਿ ਉਹ ਬਹੁਤਾ ਪੜ੍ਹਿਆ-ਲਿਖਿਆ ਨਹੀਂ ਪਰ ਉਹ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਸੀ ਕਿ ਤਾਲੀਮ ਦਾ ਅਕਲ ਨਾਲ ਬਹੁਤਾ ਤਾਅਲੁਕ ਨਹੀਂ ਹੁੰਦਾ ਸਗੋਂ ਅਨਪੜ੍ਹ ਬੰਦੇ ਦੀ ਸਾਧਾਰਨਤਾ ਵਧੇਰੇ ਸੂਝ-ਬੂਝ ਵਾਲੀ ਹੁੰਦੀ ਹੈ। ਜਾਹਲ ਨਾਲੋਂ ਅਨਪੜ੍ਹ ਲੋਕ ਵਧੇਰੇ ਸਪਸ਼ਟ ਹੁੰਦੇ ਹਨ।
ਅਮਾਨਉਲ੍ਹਾ ਮਜ਼ਾਕ ਵਿਚ ਬੀਵੀ ਅਤੇ ਖਾਵੰਦ ਦੇ ਝਗੜੇ ਨੂੰ ਲੈ ਕੇ ਅਮੀਰ ਤੇ ਗਰੀਬ ਦੇ ਸਮਾਜਿਕ ਤੇ ਆਰਥਿਕ ਹਾਲਾਤ ਬਿਆਨ ਕਰ ਦਿੰਦਾ। ਗੱਲਾਂ-ਗੱਲਾਂ ਵਿਚ ਹੀ ਉਹ ਇਤਿਹਾਸ, ਸਿਆਸਤ ਅਤੇ ਆਰਥਿਕਤਾ ਦੇ ਪਾਠ ਪੜ੍ਹਾ ਦਿੰਦਾ, ਜਿਵੇਂ ਕੋਈ ਅਧਿਆਪਕ ਵਿਦਿਆਰਥੀਆਂ ਨੂੰ ਜਮਾਤ ਦੇ ਕਮਰੇ ਵਿਚ ਕੋਈ ਸਬਕ ਦੇ ਰਿਹਾ ਹੋਵੇ।
ਹਿੰਦੋਸਤਾਨ ਦੇ ਲੋਕ ਤੇ ਕਲਾਕਾਰ ਉਨ੍ਹਾਂ ਦੇ ਦੀਵਾਨੇ ਹਨ। ਖਾਸ ਤੌਰ ‘ਤੇ ਕਪਿਲ ਸ਼ਰਮਾ ਦੇ ਸ਼ੋਅ ਦੇ ਬਹੁਤੇ ਜੁਮਲੇ ਤੇ ਜੁਗਤਾਂ ਤਾਂ ਅਮਾਨਉਲ੍ਹਾ ਤੋਂ ਉਧਾਰੇ ਲਏ ਹਨ। ਭਗਵੰਤ ਮਾਨ ਦੀ ਗਰੀਬ ਅਤੇ ਅਮੀਰ ਬੱਚਿਆਂ ਵਾਲੀ ਜੁਗਤ ਵੀ ਉਨ੍ਹਾਂ ਤੋਂ ਪ੍ਰਭਾਵਿਤ ਹੈ ਜਾਂ ਉਨ੍ਹਾਂ ਦੀ ਨਕਲ ਵੀ ਕਹੀ ਜਾ ਸਕਦੀ ਹੈ। ਪਾਕਿਸਤਾਨੀ ਟੀ.ਵੀ. ਸ਼ੋਅ ਅਤੇ ਹਿੰਦੋਸਤਾਨੀ ਕਾਮੇਡੀ ਟੀ.ਵੀ. ਸ਼ੋਅ ਵਿਚਲਾ ਵੱਡਾ ਫਰਕ ਸਿਰਫ ਇੰਨਾ ਹੈ ਕਿ ਪਾਕਿਸਤਾਨੀ ਟੀ.ਵੀ. ਸ਼ੋਅ ਅਵਾਮ ਦੇ ਹਿੱਤਾਂ ਦੀ ਗੱਲ ਕਰਦਾ ਹੈ ਤੇ ਹਿੰਦੋਸਤਾਨੀ ਸ਼ੋਅ ਮੁਨਾਫਾਖੋਰਾਂ ਦੇ ਢਿੱਡ ਭਰਦੇ ਹਨ। ਅਮਾਨਉਲ੍ਹਾ ਨੇ ਹਮੇਸ਼ਾਂ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਨਾ ਕਿ ਦੌਲਤ ਤੇ ਸ਼ੋਹਰਤ ਨੂੰ।