ਭਗਤ ਸਿੰਘ ਦੀ ਅਮਰੀਕਾ ਵੱਸਦੇ ਆਪਣੇ ਦੋਸਤ ਨੂੰ ਲਿਖੀ ਚਿੱਠੀ

ਸਰਬਜੀਤ ਸਿੰਘ ਵਿਰਕ (ਐਡਵੋਕੇਟ)
ਅਰਬਨ ਅਸਟੇਟ, ਪਟਿਆਲਾ।
ਫੋਨ: 91-94170-72314
“ਸਮਾਚਾਰ ਇਹ ਹੈ ਕਿ ਮਾਤਾ ਜੀ ਦੇ ਅਚਾਨਕ ਬਿਮਾਰ ਹੋ ਜਾਣ ਕਰਕੇ ਮੈਂ ਇਸ ਵਾਰ ਏਧਰ (ਪਿੰਡ ਵੱਲ) ਆਇਆ ਸਾਂ ਅਤੇ ਤੁਹਾਡੇ ਮਾਤਾ ਜੀ ਦੇ ਦਰਸ਼ਨ ਹੋਏ ਸਨ। ਮੈਂ ਤੁਹਾਡੀ ਚਿੱਠੀ ਪੜ੍ਹੀ ਹੈ। ਇਨ੍ਹਾਂ (ਮਾਤਾ ਜੀ) ਵਲੋਂ ਜਵਾਬ ਲਿਖਦਿਆਂ ਮੈਨੂੰ ਵੀ ਦੋ ਚਾਰ ਗੱਲਾਂ ਲਿਖਣ ਦਾ ਮੌਕਾ ਮਿਲਿਆ ਹੈ।…ਭਾਈ ਸਾਹਿਬ, ਮੇਰੀ ਵਿਦੇਸ਼ ਵਿਚ ਜਾ ਕੇ ਪੜ੍ਹਨ ਦੀ ਖਾਹਿਸ਼ ਰੁਲ ਗਈ ਹੈ। ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹਨ। ਜੇ ਤੁਹਾਨੂੰ ਮੌਕਾ ਮਿਲੇ ਤਾਂ ਮੈਨੂੰ ਕੁਝ ਚੰਗੀਆਂ ਕਿਤਾਬਾਂ ਭੇਜਣ ਦੀ ਤਕਲੀਫ ਕਰਨਾ।”

ਇਹ ਸ਼ਬਦ ਭਗਤ ਸਿੰਘ ਵਲੋਂ 1928 ਦੇ ਸ਼ੁਰੂ ਵਿਚ ਆਪਣੇ ਅਮਰੀਕਾ ਵਸਦੇ ਦੋਸਤ ਅਮਰ ਚੰਦ ਨੂੰ ਪਾਈ ਗਈ ਚਿੱਠੀ ਦੇ ਪਹਿਲੇ ਪੈਰੇ ਵਿਚੋਂ ਹਨ। ਇਹ ਚਿੱਠੀ ਮੂਲ ਰੂਪ ਵਿਚ ਭਗਤ ਸਿੰਘ ਵਲੋਂ ਉਰਦੂ ਵਿਚ ਲਿਖੀ ਗਈ ਸੀ। ਅਮਰ ਚੰਦ ਭਗਤ ਸਿੰਘ ਦਾ ਬਚਪਨ ਦਾ ਦੋਸਤ ਸੀ। ਉਸ ਦਾ ਪਿਤਾ ਸ੍ਰੀ ਮਾਧੋ ਰਾਮ ਅਮਰੀਕਾ ‘ਚ ਗਦਰ ਪਾਰਟੀ ਦਾ ਸਰਗਰਮ ਮੈਂਬਰ ਸੀ। ਸ੍ਰੀ ਮਾਧੋ ਰਾਮ ਆਪਣੇ ਪੁੱਤਰ ਅਮਰ ਚੰਦ ਨੂੰ ਉਚ ਸਿੱਖਿਆ ਦਿਵਾਉਣ ਦੇ ਮਕਸਦ ਨਾਲ ਅਮਰੀਕਾ ਲੈ ਗਿਆ ਸੀ। ਇਹ ਚਿੱਠੀ ਲਿਖਣ ਵੇਲੇ ਅਮਰ ਚੰਦ ਨੂੰ ਅਮਰੀਕਾ ਗਏ ਨੂੰ ਕਈ ਸਾਲ ਹੋ ਗਏ ਸਨ।
ਭਗਤ ਸਿੰਘ ਦੀ ਇਸ ਚਿੱਠੀ ਤੋਂ ਪਤਾ ਲਗਦਾ ਹੈ ਕਿ ਉਹ ਆਮ ਜ਼ਿੰਦਗੀ ਵਿਚ ਕਿੰਨਾ ਸੰਜੀਦਾ ਸ਼ਖਸ ਸੀ। ਉਹ ਦਾਦੀ ਮਾਂ (ਸਰਦਾਰਨੀ ਜੈ ਕੌਰ) ਨੂੰ ਬਿਮਾਰ ਹੋਈ ਸੁਣ ਕੇ ਆਪਣੇ ਸਾਰੇ ਕੰਮ ਛੱਡ ਉਸ ਦਾ ਪਤਾ ਲੈਣ ਪਿੰਡ ਪਹੁੰਚਿਆ ਸੀ। ਦਾਦੀ ਵੀ ਹਰ ਦੁਖੀ ਬੰਦੇ ਨਾਲ ਦਿਲੀ ਹਮਦਰਦੀ ਰੱਖਣ ਵਾਲੇ ਆਪਣੇ ਪੋਤਰੇ ‘ਤੇ ਮਾਣ ਕਰਦੀ ਸੀ। ਇਹੀ ਤਾਂ ਭਗਤ ਸਿੰਘ ਦੀ ਸਿਫਤ ਸੀ। ਉਹ ਰਿਸ਼ਤਿਆਂ ਦੀ ਭੋਇੰ ਵਿਚ ਮੋਹ-ਪਿਆਰ ਦੇ ਬੀਅ ਬੀਜ ਕੇ ਵਿਸ਼ਵਾਸ ਦੇ ਪਾਣੀ ਨਾਲ ਸਿੰਜਦਾ ਸੀ। ਬਚਪਨ ਦੇ ਬੇਲੀਆਂ ਦੀਆਂ ਯਾਦਾਂ ਉਸ ਨੂੰ ਭਾਵੁਕ ਕਰਦੀਆਂ ਸਨ ਤੇ ਬੇਲੀਆਂ ਦੀ ਮੌਜੂਦਾ ਜ਼ਿੰਦਗੀ ਦੇ ਫਿਕਰ ਉਸ ਦੇ ਮਨ ਦੀਆਂ ਸੋਚ ਤਰੰਗਾਂ ਵਿਚ ਕੰਬਣੀ ਛੇੜਦੇ ਸਨ। ਉਸ ਨਾਲ ਦੋ ਕੋਹ ਤੁਰਿਆ ਬੰਦਾ ਵੀ ਮੁੜ ਉਸ ਦੇ ਸਾਥ ਲਈ ਤਰਸਦਾ ਸੀ।
ਚਾਰ ਮਾਂਵਾਂ (ਜਣਨੀ ਵਿਦਿਆਵਤੀ, ਦੋ ਚਾਚੀਆਂ-ਹਰਨਾਮ ਕੌਰ ਤੇ ਹੁਕਮ ਕੌਰ ਅਤੇ ਦਾਦੀ ਜੈ ਕੌਰ) ਵਲੋਂ ਲਾਡ ਲਡਾ ਕੇ ਪਾਲੇ ਇਸ ਹੋਣਹਾਰ ਲਈ ਆਪਣੇ ਦੋਸਤ ਅਮਰ ਚੰਦ ਦੀ ਮਾਂ ਅਰੂੜੀ ਹੀ ਨਹੀਂ, ਸਗੋਂ ਸਾਰੇ ਲੋਕਾਂ ਦੀਆਂ ਮਾਂਵਾਂ ਉਸ ਦੀਆਂ ਆਪਣੀਆਂ ਮਾਂਵਾਂ ਸਨ। ਲਾਹੌਰ ਬੈਠਾ ਉਹ ਉਸ ਦੁੱਖ ਨੂੰ ਅਕਸਰ ਮਹਿਸੂਸ ਕਰਦਾ ਸੀ, ਜੋ ਸੱਤ ਸਮੁੰਦਰ ਦੂਰ ਗਏ ਅਮਰਚੰਦ ਦੀ ਮਾਂ ਆਪਣੇ ਸੀਨੇ ਵਿਚ ਇਕੱਲੇਪਣ ਕਰਕੇ ਮਹਿਸੂਸ ਕਰਦੀ ਹੈ। ਇਸੇ ਦੁੱਖ ਦਾ ਖੁਦ ਅਹਿਸਾਸ ਉਸ ਨੂੰ ਖਿੱਚ ਕੇ ਮਾਂ ਅਰੂੜੀ ਕੋਲ ਲੈ ਆਉਂਦਾ ਹੈ ਅਤੇ ਇਹ ਮਾਂ ਵੀ ਇਸ ਪੁੱਤਰ ਨੂੰ ਬੇਗਾਨਾ ਨਹੀਂ ਸਮਝਦੀ ਤੇ ਉਸ ਕੋਲ ਆਪਣਾ ਦਿਲ ਫੋਲ ਦਿੰਦੀ ਹੈ। ਉਹ ਅਮਰ ਚੰਦ ਨੂੰ ਤਾਕੀਦ ਕਰਦੀ ਉਚੇਚਾ ਲਿਖਵਾਉਂਦੀ ਹੈ ਕਿ ਉਹ ਆਪਣੀ ਸੁੱਖ-ਸਾਂਦ ਬਾਰੇ ਲਿਖਦਾ ਰਹੇ ਅਤੇ ਉਸ ਦੀ ਚਿੱਠੀ ਦਾ ਛੇਤੀ ਜਵਾਬ ਦੇਵੇ।
ਮਾਤਾ ਅਰੂੜੀ ਵਲੋਂ ਇਹ ਚਿੱਠੀ ਲਿਖਣ ਦੀ ਜਿੰਮੇਵਾਰੀ ਭਗਤ ਸਿੰਘ ਬੜੇ ਉਤਸ਼ਾਹ ਨਾਲ ਨਿਭਾਉਂਦਾ ਹੈ। ਅਜਿਹਾ ਕਰਦੇ ਸਮੇਂ ਉਸ ਦੇ ਆਪਣੇ ਮਨ ਵਿਚ ਵੀ ਦੋਸਤੀ ਦੇ ਉਹ ਹੁਸੀਨ ਪਲ ਆ ਗਏ, ਜਿਨ੍ਹਾਂ ਵਿਚ ਅਮਰ ਚੰਦ ਤੇ ਕਰਮ ਸਿੰਘ ਉਸ ਦੇ ਸਾਥੀ ਸਨ, ਉਹ ਖਾਸ ਪਲ ਜੋ ਉਨ੍ਹਾਂ ਦੇ ਬਚਪਨ ਦੀਆਂ ਕੌੜੀਆਂ-ਮਿੱਠੀਆਂ ਅਭੁੱਲ ਯਾਦਾਂ ਵਿਚ ਸ਼ੁਮਾਰ ਹੋ ਗਏ ਸਨ ਤੇ ਜੋ ਜਜ਼ਬਾਤੀ ਪਲ ਬਣ ਕੇ ਇਕ ਦੂਜੇ ਦੇ ਦਿਲਾਂ ਦੀ ਧੜਕਣ ਵਿਚ ਰਮ ਗਏ ਸਨ। ਚਿੱਠੀ ਲਿਖਦਾ ਭਗਤ ਸਿੰਘ ਉਨ੍ਹਾਂ ਪਲਾਂ ਨੂੰ ਯਾਦ ਕਰਦਾ ਹੈ, ਜਦੋਂ ਉਹ ਤੇ ਉਸ ਦੇ ਦੋਸਤ ਵਿਦੇਸ਼ਾਂ ਵਿਚ ਜਾ ਕੇ ਉਚੀ ਪੜ੍ਹਾਈ ਦੇ ਸੁਪਨੇ ਸਿਰਜਦੇ ਸਨ। ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਹਾਲਾਤ ਨੇ ਉਸ ਦੀ ਵਿਦੇਸ਼ ਜਾ ਕੇ ਪੜ੍ਹਨ ਦੀ ਖਾਹਿਸ਼ ਨਾਲ ਵਫਾ ਨਹੀਂ ਕੀਤੀ। ਚਿੱਠੀ ਲਿਖਦਿਆਂ ਉਹ ਨਾਲ ਨਾਲ ਆਪਣੇ ਦੋਸਤਾਂ ਦੀਆਂ ਪ੍ਰਾਪਤੀਆਂ ਉਤੇ ਮਾਣ ਵੀ ਕਰ ਰਿਹਾ ਹੈ ਅਤੇ ਦੋਸਤੀਆਂ ਦੇ ਨਿੱਘ ਨਾਲ ਸਰਸ਼ਾਰ ਵੀ ਹੋ ਰਿਹਾ ਹੈ ਭਾਂਵੇਂ ਕਿ ਉਹ ਖੁਦ ਆਪ ਆਪਣੀ ਸੁਪਨਈ ਮੰਜ਼ਿਲ ਉਤੇ ਨਾ ਪਹੁੰਚ ਸਕਣ ਕਰਕੇ ਉਦਾਸ ਵੀ ਹੈ, ਪਰ ਉਹ ਇਹ ਸੋਚ ਕੇ ਆਪਣੇ ਮਨ ਨੂੰ ਤਸੱਲੀ ਦਿੰਦਾ ਹੈ ਕਿ ਉਸ ਦੇ ਦੋਸਤ ਆਪਣੇ ਸੁਪਨੇ ਪੂਰੇ ਕਰਨ ਵਿਦੇਸ਼ ਪਹੁੰਚ ਚੁਕੇ ਹਨ। ਭਗਤ ਸਿੰਘ ਦੀ ਲਿਖੀ ਪੂਰੀ ਚਿੱਠੀ ਇਸ ਤਰ੍ਹਾਂ ਹੈ,
ਪਿਆਰੇ ਭਾਈ ਅਮਰ ਚੰਦ
ਨਮਸਤੇ!
ਸਮਾਚਾਰ ਇਹ ਹੈ ਕਿ ਮਾਤਾ ਜੀ ਦੇ ਅਚਾਨਕ ਬਿਮਾਰ ਹੋ ਜਾਣ ਕਰਕੇ ਮੈਂ ਇਸ ਵਾਰ ਏਧਰ (ਪਿੰਡ ਵੱਲ) ਆਇਆ ਸਾਂ ਅਤੇ ਤੁਹਾਡੇ ਮਾਤਾ ਜੀ ਦੇ ਦਰਸ਼ਨ ਹੋਏ ਸਨ। ਮੈਂ ਤੁਹਾਡੀ ਚਿੱਠੀ ਪੜ੍ਹੀ ਹੈ। ਇਨ੍ਹਾਂ (ਮਾਤਾ ਜੀ) ਵਲੋਂ ਜਵਾਬ ਲਿਖਦਿਆਂ ਮੈਨੂੰ ਵੀ ਦੋ ਚਾਰ ਗੱਲਾਂ ਲਿਖਣ ਦਾ ਮੌਕਾ ਮਿਲਿਆ ਹੈ। ਮੈਂ ਕੀ ਲਿਖਾਂ? ਕਰਮ ਸਿੰਘ ਇੰਗਲੈਂਡ ਚਲਾ ਗਿਆ ਹੈ, ਉਸ ਦਾ ਪਤਾ ਭੇਜ ਰਿਹਾ ਹਾਂ। ਉਸ ਨੇ ਲਿਖਿਆ ਹੈ ਕਿ ਹਾਲੇ ਉਹ ਕਾਨੂੰਨ ਦੀ ਪੜ੍ਹਾਈ ਕਰੇਗਾ, ਪਰ ਉਹ ਕਿਵੇਂ ਚੱਲ ਰਿਹਾ ਹੈ, ਖੁਦਾ ਹੀ ਜਾਣਦਾ ਹੈ, ਪੜ੍ਹਾਈ ਉਤੇ ਬੜਾ ਖਰਚ ਹੋ ਰਿਹਾ ਹੈ।
ਭਾਈ ਸਾਹਿਬ, ਮੇਰੀ ਵਿਦੇਸ਼ ਜਾ ਕੇ ਪੜ੍ਹਨ ਦੀ ਖਾਹਿਸ਼ ਰੁਲ ਗਈ ਹੈ। ਖੈਰ, ਤੁਹਾਡੇ ਲਈ ਮੇਰੀਆਂ ਸ਼ੁਭ ਇਛਾਵਾਂ ਹਾਜ਼ਰ ਹਨ। ਜੇ ਤੁਹਾਨੂੰ ਮੌਕਾ ਮਿਲਿਆ ਤਾਂ ਮੈਨੂੰ ਕੁਝ ਚੰਗੀਆਂ ਕਿਤਾਬਾਂ ਭੇਜਣ ਦੀ ਤਕਲੀਫ ਉਠਾਉਣਾ। ਇਹ ਸੱਚ ਹੈ ਕਿ ਅਮਰੀਕਾ ਵਿਚ ਬਹੁਤ ਸਾਰਾ ਸਾਹਿਤ ਹੈ। ਬੇਸ਼ਕ ਇਸ ਸਮੇਂ ਤੁਸੀਂ ਆਪਣੀ ਪੜ੍ਹਾਈ ਵਿਚ ਮਗਨ ਹੋਵੋਗੇ।
ਸੈਨ ਫਰਾਂਸਿਸਕੋ ਵਗੈਰਾ ਵੱਲ ਸ਼ਾਇਦ ਸਰਦਾਰ ਜੀ (ਸਰਦਾਰ ਅਜੀਤ ਸਿੰਘ) ਬਾਰੇ ਕੋਈ ਜਾਣਕਾਰੀ ਹਾਸਲ ਹੋ ਸਕੇ, ਤੁਸੀਂ ਜ਼ਰੂਰ ਯਤਨ ਕਰਨਾ। ਘੱਟੋ ਘੱਟ ਉਨ੍ਹਾਂ ਦੇ ਜਿਉਂਦੇ ਹੋਣ ਦੀ ਤਸਦੀਕ ਤਾਂ ਹੋ ਜਾਵੇ। ਹੁਣ ਮੈਂ ਲਾਹੌਰ ਜਾ ਰਿਹਾ ਹਾਂ, ਜੇ ਤੁਹਾਨੂੰ ਸਮਾਂ ਮਿਲੇ ਤਾਂ ਮੈਨੂੰ ਚਿੱਠੀ ਲਿਖਣੀ। ਮੇਰਾ ਪਤਾ ਸੂਤਰ ਮੰਡੀ, ਲਾਹੌਰ ਦਾ ਹੈ।
ਹੋਰ ਕੀ ਲਿਖਾਂ? ਕੁਝ ਵੀ ਲਿਖਣ ਲਈ ਨਹੀਂ। ਮੇਰਾ ਹਾਲ ਵੀ ਅਜੀਬ ਹੈ, ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਅੰਤ ਨੂੰ ਮੁਕੱਦਮਾ ਵਾਪਸ ਲੈ ਲਿਆ ਗਿਆ ਸੀ। ਬਾਅਦ ਵਿਚ ਮੈਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਵਿਚ ਸੱਠ ਹਜ਼ਾਰ ਦੀ ਜ਼ਮਾਨਤ ਉਤੇ ਰਿਹਾ ਹੋਇਆ ਹਾਂ। ਅਜੇ ਤੱਕ ਮੇਰੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੋਇਆ ਅਤੇ ਜੇ ਖੁਦਾ ਨੇ ਚਾਹਿਆ ਤਾਂ ਹੋ ਵੀ ਨਹੀਂ ਸਕੇਗਾ। ਭਾਵੇਂ ਇਕ ਵਰ੍ਹਾ ਬੀਤਣ ਦੇ ਨੇੜੇ ਹੈ, ਪਰ ਮੈਂ ਅਜੇ ਤੱਕ ਜ਼ਮਾਨਤ ਵਾਪਸ ਨਹੀਂ ਲਈ। ਚਲੋ, ਜਿਵੇਂ ਰੱਬ ਨੂੰ ਮਨਜ਼ੂਰ। ਖਾਹਮਖਾਹ ਤੰਗ ਕਰਦੇ ਹਨ। ਭਾਈ ਸਾਹਿਬ ਪੂਰਾ ਦਿਲ ਲਾ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣਾ।
ਤੁਹਾਡਾ ਆਗਿਆਕਾਰ
ਭਗਤ ਸਿੰਘ

“ਮੈਨੂੰ ਸਮੇਂ ਸਮੇਂ ਆਪਣੇ ਹਾਲ-ਚਾਲ ਬਾਰੇ ਲਿਖਦੇ ਰਹਿਣਾ, ਨਹੀਂ ਤਾਂ ਫਿਕਰ ਹੋ ਜਾਂਦਾ ਹੈ। ਦੁਆਵਾਂ ਦਿੰਦੀ, ਆਪ ਦੀ ਮਾਤਾ, ਅਰੂੜੀ।”
(ਇਹ ਸ਼ਬਦ ਚਿੱਠੀ ਦੇ ਉਤਲੇ ਪਾਸੇ ਅਮਰ ਚੰਦ ਦੀ ਮਾਤਾ ਜੀ ਵੱਲੋਂ ਲਿਖਵਾਏ ਗਏ ਹਨ)

“ਆਪਣੇ ਬਾਰੇ ਮੈਂ ਹੋਰ ਕੀ ਲਿਖਾਂ, ਸਰਕਾਰ ਵਲੋਂ ਖਾਹਮਖਾਹ ਮੇਰੇ ‘ਤੇ ਸ਼ੱਕ ਕੀਤਾ ਜਾਂਦਾ ਹੈ। ਮੇਰੀਆਂ ਚਿੱਠੀਆਂ ਖੋਲ੍ਹ ਲਈਆਂ ਜਾਂਦੀਆਂ ਹਨ। ਪਤਾ ਨਹੀਂ ਕਿਉਂ ਮੈਂ ਇਸ ਕਦਰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹਾਂ। ਖੈਰ! ਭਰਾ ਮੇਰੇ, ਸੱਚਾਈ ਅੰਤ ਨੂੰ ਬਾਹਰ ਆ ਜਾਏਗੀ ਅਤੇ ਇਸ ਦੀ ਹੀ ਜਿੱਤ ਹੋਵੇਗੀ।”
(ਇਹ ਸ਼ਬਦ ਚਿੱਠੀ ਦੇ ਦੂਜੇ ਕੋਨੇ ਉਤੇ ਲਿਖੇ ਹੋਏ ਹਨ)

ਭਗਤ ਸਿੰਘ ਨੂੰ ਸ਼ਾਇਦ ਆਪਣੇ ਸਰੋਤਾਂ ਤੋਂ ਜਾਣਕਾਰੀ ਹੈ ਕਿ ਅਮਰੀਕਾ ਵਿਚ ਚੰਗਾ ਸਾਹਿਤ ਛਾਪਣ ਵਾਲੇ ਬਹੁਤ ਸਾਰੇ ਪਬਲਿਸ਼ਰ ਹਨ ਅਤੇ ਅਜਿਹੀਆਂ ਕਿਤਾਬਾਂ ਪੜ੍ਹਨ ਵਾਲੇ ਅਣਗਿਣਤ ਪਾਠਕ ਹਨ। ਉਹ ਅਮਰੀਕਾ ਵਿਚ ਛਪੀਆਂ ਕਈ ਕਿਤਾਬਾਂ ਪਹਿਲਾਂ ਹੀ ਨੈਸ਼ਨਲ ਕਾਲਜ, ਲਾਹੌਰ ਦੀ ਲਾਇਬਰੇਰੀ ਵਿਚ ਪੜ੍ਹ ਚੁਕਾ ਹੈ। ਇਸੇ ਕਰਕੇ ਉਹ ਲਿਖਦਾ ਹੈ, “ਅਮਰੀਕਾ ਵਿਚ ਵਧੀਆ ਸਾਹਿਤ ਆਮ ਮਿਲਦਾ ਹੈ।” ਭਾਵੇਂ ਉਸ ਨੂੰ ਇਲਮ ਹੈ ਕਿ ਗਿਆਨ ਦੇ ਅਥਾਹ ਸਮੁੰਦਰ ਨੂੰ ਡੀਕ ਲਾ ਕੇ ਨਹੀਂ ਪੀਤਾ ਜਾ ਸਕਦਾ, ਪਰ ਉਹ ਇਸ ਸਮੁੰਦਰ ਵਿਚ ਲਾਈ ਹਰ ਟੁੱਭੀ ਨੂੰ ਸਮਝ ਤੇ ਸੂਝ ਤਿੱਖੀ ਕਰਨ, ਮਨ-ਮਸਤਕ ਨੂੰ ਤਾਜ਼ਾ ਅਤੇ ਨਰੋਆ ਰੱਖਣ ਅਤੇ ਸਮਾਜ ਵਿਚ ਤਬਦੀਲੀ ਲਿਆਉਣ ਵਿਚ ਸਹਾਈ ਸਿੱਧ ਹੋਣ ਦੇ ਨਜ਼ਰੀਏ ਤੋਂ ਵੇਖਦਾ ਹੈ। ਇਸੇ ਕਰਕੇ ਉਹ ਆਪਣੇ ਵਿਦੇਸ਼ ਵੱਸਦੇ ਮਿੱਤਰ ਤੋਂ ਕਿਸੇ ਵੀ ਹੋਰ ਚੀਜ਼ ਦੀ ਮੰਗ ਨਹੀਂ ਕਰਦਾ, ਸਿਰਫ ਕਿਤਾਬਾਂ ਦੀ ਮੰਗ ਕਰਦਾ ਹੈ। ਉਹ ਇਸ ਉਮਰ ਤੱਕ ਪਹੁੰਚਦਿਆਂ ਖੁਦ ਸਾਹਿਤ ਦੇ ਸਮਾਜਕ ਤੇ ਸਭਿਆਚਾਰਕ ਯੋਗਦਾਨ ਤੋਂ ਚੰਗੀ ਤਰ੍ਹਾਂ ਵਾਕਫ ਹੋ ਚੁਕਾ ਹੈ। ਭਾਸ਼ਾ ਅਤੇ ਸਾਹਿਤ ਛੋਟੀ ਉਮਰ ਤੋਂ ਹੀ ਉਸ ਦੀ ਦਿਲਚਸਪੀ ਦੇ ਵਿਸ਼ੇ ਬਣ ਗਏ ਸਨ। ਇਨ੍ਹਾਂ ਵਿਸ਼ਿਆਂ ਬਾਰੇ ਉਸ ਨੇ ਬਹੁਤ ਕੁਝ ਪੜ੍ਹਿਆ ਸੀ ਅਤੇ ਫਿਰ ਪੰਜਾਬ ਦੀ ਭਾਸ਼ਾ ਸਮੱਸਿਆ ਬਾਰੇ ਇਕ ਲੰਮਾ ਲੇਖ ਲਿਖਿਆ ਸੀ, ਜੋ ਉਸ ਦੀ ਵਿਦਵਤਾ ਦਾ ਪ੍ਰਤੀਕ ਮੰਨਿਆ ਗਿਆ ਸੀ।
ਉਕਤ ਤੱਥ ਹੀ ਸਨ, ਜਿਨ੍ਹਾਂ ਕਰਕੇ ਭਗਤ ਸਿੰਘ ਨੇ ਦੇਸ਼, ਸਮਾਜ ਅਤੇ ਦੁਨੀਆਂ ਬਾਰੇ ਆਪਣੀ ਸਮਝ ਵਿਸ਼ਾਲ ਕਰਨ ਲਈ ਕਿਤਾਬਾਂ ਨੂੰ ਸਾਧਨ ਬਣਾਇਆ। ਉਸ ਦੇ ਦੋਸਤ ਵੀ ਉਹੀ ਬਣੇ, ਜੋ ਉਸ ਨਾਲ ਚੰਗੀਆਂ ਕਿਤਾਬਾਂ ਦਾ ਗਿਆਨ ਵੰਡਾਉਂਦੇ ਸਨ ਅਤੇ ਨਵਾਂ ਗਿਆਨ ਹਾਸਲ ਕਰਨ ਦੇ ਉਤਸੁਕ ਸਨ। ਸਕੂਲ ਅਤੇ ਕਾਲਜ ਦੇ ਸਮੇਂ ਤੋਂ ਪਈ ਗਿਆਨ ਹਾਸਲ ਕਰਨ ਦੀ ਇਹ ਖਬਤ ਉਸ ਦੀ ਸ਼ਖਸੀਅਤ ਦੀ ਪਛਾਣ ਬਣ ਕੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਦਾ ਅਹਿਮ ਰੋਲ ਅਦਾ ਕਰਨ ਲੱਗ ਪਈ ਸੀ।
ਉਹ ਕਿਤਾਬਾਂ ਰਾਹੀਂ ਪੜ੍ਹ ਚੁਕਾ ਸੀ ਕਿ ਸਮਾਜਕ ਤਬਦੀਲੀ ਲਈ ਚੰਗੇ ਸਾਹਿਤ ਦੀ ਕਿੰਨੀ ਲੋੜ ਹੁੰਦੀ ਹੈ। ਇਹ ਗਿਆਨ ਹਾਸਲ ਕਰਨ ਪਿੱਛੋਂ ਹੀ ਉਸ ਨੇ ਲਿਖਿਆ ਸੀ ਕਿ ਇਟਲੀ ਦੇ ਆਗੂ ਗੁਸੇਪ ਮਾਜ਼ਿਨੀ ਵੱਲੋਂ ਉਥੋਂ ਦੇ ਸਭਿਆਚਾਰ ਤੇ ਸਾਹਿਤ ਨੂੰ ਲਗਾਤਾਰ ਤਿੰਨ ਦਹਾਕਿਆਂ ਤੱਕ ਉਤਸ਼ਾਹਿਤ ਕਰਦੇ ਰਹਿਣ ਕਰਕੇ ਹੀ ਪਿਛੋਂ ਜੀ. ਗੈਰੀਬਾਲਡੀ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਸਕਿਆ। ਉਹ ਇਹ ਵੀ ਲਿਖ ਚੁਕਾ ਸੀ ਕਿ ਫਰਾਂਸ ਵਿਚ ਸਮਾਜਕ ਇਨਕਲਾਬ ਲਿਆਉਣਾ ਅਸੰਭਵ ਹੋ ਜਾਂਦਾ, ਜੇ ਰੂਸੋ ਅਤੇ ਵੋਲਟਾਇਰ ਜਿਹੇ ਲੇਖਕਾਂ ਦਾ ਸਾਹਿਤ ਮੁਹੱਈਆ ਨਾ ਹੁੰਦਾ ਅਤੇ ਜੇ ਤਾਲਸਤਾਇ, ਕਾਰਲ ਮਾਰਕਸ ਅਤੇ ਮੈਕਸਿਮ ਗੋਰਕੀ ਹੋਰਾਂ ਨੇ ਆਪਣੀ ਉਮਰ ਦੇ ਬਹੁਤ ਸਾਰੇ ਕੀਮਤੀ ਵਰ੍ਹੇ ਨਵਾਂ ਸਾਹਿਤ ਪੈਦਾ ਕਰਨ ਵਿਚ ਨਾ ਝੋਕੇ ਹੁੰਦੇ ਤਾਂ ਰੂਸ ਵਿਚ ਇਨਕਲਾਬ ਨਾ ਵਾਪਰ ਸਕਦਾ। ਇਸ ਤਰ੍ਹਾਂ ਸਾਹਿਤ ਦੀ ਜ਼ਬਰਦਸਤ ਸ਼ਕਤੀ ਨੂੰ ਸਮਝਦਿਆਂ ਹੀ ਭਗਤ ਸਿੰਘ ਆਪਣੇ ਮਿੱਤਰ ਅਮਰ ਚੰਦ ਨੂੰ ਹਥਲੀ ਚਿੱਠੀ ਵਿਚ ਚੰਗਾ ਸਾਹਿਤ ਭੇਜਣ ਦੀ ਤਾਕੀਦ ਕਰਦਾ ਹੈ।
ਭਗਤ ਸਿੰਘ ਆਪਣੇ ਦੋਸਤਾਂ ਵਲੋਂ ਵਿਦੇਸ਼ ਵਿਚ ਜਾ ਕੇ ਉਚ ਸਿਖਿਆ ਪ੍ਰਾਪਤ ਕਰਨ ਉਤੇ ਖੁਸ਼ ਹੁੰਦਾ ਹੈ, ਪਰ ਨਾਲ ਹੀ ਉਹ ਆਪਣੇ ਦੋਸਤਾਂ ਦੀ ਆਰਥਕ ਹਾਲਤ ਅਤੇ ਵਿਦੇਸ਼ਾਂ ਵਿਚ ਪੜ੍ਹਾਈ ਦੇ ਵੱਡੇ ਖਰਚਿਆਂ ਤੋਂ ਭਲੀਭਾਂਤ ਜਾਣੂ ਹੈ। ਇਸੇ ਕਰਕੇ ਸਾਧਨਾਂ ਤੋਂ ਮੁਥਾਜ ਆਪਣੇ ਦੋਸਤ ਕਰਮ ਸਿੰਘ ਦੀ ਅਗਲੇਰੀ ਪੜ੍ਹਾਈ ਦੀ ਚਿੰਤਾ ਵੀ ਕਰਦਾ ਹੈ। ਫਿਰ ਵੀ ਉਸ ਦੀ ਸੋਚ ਹਾਂ-ਪੱਖੀ ਹੀ ਰਹਿੰਦੀ ਹੈ ਤੇ ਸੋਚਦਾ ਹੈ ਕਿ ਕਰਮ ਸਿੰਘ ਦਾ ਕੋਈ ਹੀਲਾ ਵਸੀਲਾ ਜ਼ਰੂਰ ਬਣ ਜਾਵੇਗਾ। ਇਥੇ ਅਸੀਂ ਉਸ ਦੇ ਅੰਦਰ ਦੂਜਿਆਂ ਬਾਰੇ ਚਿੰਤਾ ਕਰਨ ਅਤੇ ਭਵਿੱਖ ਬਾਰੇ ਆਸਵੰਦ ਰਹਿਣ ਜਿਹੇ ਗੁਣਾਂ ਨੂੰ ਵੀ ਵਿਕਸਿਤ ਹੋਇਆ ਤੱਕਦੇ ਹਾਂ, ਜੋ ਹੌਲੀ ਹੌਲੀ ਉਸ ਦੀ ਸ਼ਖਸੀਅਤ ਵਿਚ ਰਚ-ਮਿਚ ਰਹੇ ਸਨ। ਇਨ੍ਹਾਂ ਗੁਣਾਂ ਦਾ ਵਿਕਾਸ ਕਰਕੇ ਹੀ ਉਹ ਆਪਣੇ ਜੀਵਨ ਦੇ ਬਹੁਤ ਸਾਰੇ ਅਹਿਮ ਫੈਸਲੇ ਲੈਣ ਵਿਚ ਸਫਲ ਹੋ ਸਕਿਆ।
ਇਥੇ ਇਹ ਗੱਲ ਕਰਨੀ ਵਾਜਬ ਰਹੇਗੀ ਕਿ ਜੇ ਭਗਤ ਸਿੰਘ ਆਪਣੇ ਬਚਪਨ ਦੀ, ਵਿਦੇਸ਼ ਵਿਚ ਜਾ ਕੇ ਉਚ ਸਿੱਖਿਆ ਲੈਣ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਖਾਹਿਸ਼ ਪੂਰੀ ਕਰਨ ‘ਤੇ ਤੁਲ ਜਾਂਦਾ ਤਾਂ ਉਹ ਸਹਿਜੇ ਹੀ ਇਸ ਮੁਕਾਮ ਨੂੰ ਹਾਸਲ ਕਰ ਸਕਦਾ ਸੀ, ਕਿਉਂਕਿ ਨਾ ਤਾਂ ਉਸ ਨੂੰ ਆਰਥਕ ਪੱਖੋਂ ਕੋਈ ਤੰਗੀ ਸੀ ਅਤੇ ਨਾ ਹੀ ਕੋਈ ਹੋਰ ਰੁਕਾਵਟ। ਉਹ ਪੜ੍ਹਾਈ ਪੱਖੋਂ ਵੀ ਚੰਗਾ ਸੀ, ਪਰ ਉਸ ਨੇ ਕਰੋੜਾਂ ਦੇਸ਼ ਵਾਸੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਆਪਣੀ ਇਹ ਖਾਹਿਸ਼ ਤਿਆਗ ਦਿੱਤੀ। ਉਸ ਨੇ ਆਪਣੇ ਸੁੱਖ ਆਰਾਮ ਦੀ ਥਾਂ ਆਪਣੇ ਦੇਸ਼ ਦੀ ਜਨਤਾ ਦੇ ਸੁਖ ਆਰਾਮ ਦਾ ਖਿਆਲ ਕਰਦਿਆਂ ਆਪਣੇ ਜੀਵਨ ਵਿਚ ਕੁਰਬਾਨੀ ਦਾ ਜਜ਼ਬਾ ਪਰਪੱਕ ਕਰਨ ਨੂੰ ਪਹਿਲ ਦਿੱਤੀ, ਜੋ ਉਸ ਨੂੰ ਵਿਰਾਸਤ ਵਿਚ ਮਿਲਿਆ ਸੀ।
ਭਗਤ ਸਿੰਘ ਦੇ ਦਾਦਾ ਅਰਜਨ ਸਿੰਘ ਨੇ ਆਰੀਆ ਸਮਾਜ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਹੇਠਾਂ ਚੱਲੀ ਨਾ-ਮਿਲਵਰਤਨ ਲਹਿਰ ਵਿਚ ਹਿੱਸਾ ਲਿਆ ਸੀ। ਫਿਰ ਇਸੇ ਵਿਰਾਸਤ ਤੋਂ ਪ੍ਰਭਾਵਿਤ ਹੋ ਕੇ ਸ਼ ਅਰਜਨ ਸਿੰਘ ਦੇ ਤਿੰਨੇ ਪੁੱਤਰ-ਸ਼ ਕਿਸ਼ਨ ਸਿੰਘ, ਸ਼ ਸਵਰਨ ਸਿੰਘ ਅਤੇ ਸ਼ ਅਜੀਤ ਸਿੰਘ ਅੰਗਰੇਜ਼ ਹਕੂਮਤ ਦੇ ਅਨਿਆਂ ਅਤੇ ਜ਼ੁਲਮਾਂ ਦੇ ਖਿਲਾਫ ਡਟੇ ਸਨ। ਦੂਜੇ ਪਾਸੇ ਭਗਤ ਸਿੰਘ ਸਾਹਮਣੇ ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਵਿਰਾਸਤ ਸੀ, ਜਿਸ ਵਿਚ ਜ਼ੁਲਮ ਸਹਿਣ ਨੂੰ ਕਾਇਰਤਾ ਮੰਨਿਆ ਗਿਆ ਸੀ। ਜਿਸ ਵਿਚ ਬਾਬੇ ਨਾਨਕ ਜਿਹੇ ਸ਼ਾਂਤੀ ਦੇ ਪੁਜਾਰੀ ਨੇ ਵੀ ਬਾਬਰ ਜਿਹੇ ਤਾਕਤਵਰ ਹਮਲਾਵਰ ਦੇ ਜ਼ੁਲਮਾਂ ਦੇ ਕਿੱਸੇ ਬਿਨਾ ਕਿਸੇ ਭੈਅ ਤੋਂ ਪਿੰਡ-ਪਿੰਡ ਜਾ ਕੇ ਸੁਣਾਏ ਸਨ ਤੇ ਭਾਰਤੀਆਂ ਨੂੰ ਵੀ ਬਹਾਦਰ ਬਣ ਕੇ ਜੀਵਨ ਜਿਉਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਸੀ, ‘ਜਉ ਤਉ ਪ੍ਰੇਮ ਖੇਲਨ ਕਾ ਚਾਉ॥ ਸਿਰ ਧਰ ਤਲੀ ਗਲੀ ਮੋਰੀ ਆਉ॥ ਇਤ ਮਾਰਗ ਪੈਰ ਧਰੀਜੈ॥ ਸਿਰ ਦੀਜੈ ਕਾਨ ਨਾ ਕੀਜੈ॥’
ਇਸ ਤੋਂ ਇਲਾਵਾ ਭਗਤ ਸਿੰਘ ਦੇਸ਼ ਦੀ ਆਜ਼ਾਦੀ ਲਈ ਉਠੀਆਂ ਲਹਿਰਾਂ ਬਾਰੇ ਵੀ ਜਾਣ ਚੁਕਾ ਸੀ। ਇਸ ਸਾਰੀ ਵਿਰਾਸਤ ਨੇ ਉਸ ਨੂੰ ਬਲ ਦਿੱਤਾ ਸੀ, ਜਿਸ ਨੇ ਉਸ ਅੰਦਰ ਚੱਟਾਨੀ ਜਜ਼ਬੇ ਅਤੇ ਦੂਰ-ਅੰਦੇਸ਼ ਸੋਚ ਨੂੰ ਵਿਕਸਿਤ ਕੀਤਾ ਸੀ। ਉਸ ਨੇ ਇਸੇ ਵਿਰਾਸਤ ਸਦਕਾ ਉਸ ਵਿਸ਼ਾਲ ਸਾਮਰਾਜ ਨਾਲ ਟਕਰਾਉਣ ਵਾਲਾ ਰਸਤਾ ਚੁਣਨ ਦਾ ਹੌਸਲਾ ਕੀਤਾ, ਜਿਸ ਸਾਮਰਾਜ ਵਿਚ ਕਦੇ ਸੂਰਜ ਨਹੀਂ ਸੀ ਡੁੱਬਦਾ।
ਚਿੱਠੀ ਦੇ ਅਗਲੇ ਪੈਰੇ ਵਿਚ ਭਗਤ ਸਿੰਘ ਆਪਣੇ ਦੋਸਤ ਅਮਰ ਚੰਦ ਦੀ ਤਵੱਜੋ ਉਸ ਗੱਲ ਵੱਲ ਦਿਵਾਉਂਦਾ ਹੈ, ਜੋ ਕਈ ਵਰ੍ਹਿਆਂ ਤੋਂ ਉਸ ਦੇ ਮਨ-ਮਸਤਕ ਦਾ ਹਿੱਸਾ ਬਣ ਕੇ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ। ਉਹ ਸੀ, ਉਸ ਦੇ ਚਾਚਾ ਅਜੀਤ ਸਿੰਘ ਦਾ ਘਰਦਿਆਂ ਨਾਲੋਂ ਸੰਪਰਕ ਟੁੱਟ ਜਾਣਾ। ਉਹ ਆਪਣੇ ਦੋਸਤ ਸਿਰ ਚਾਚਾ ਜੀ ਨੂੰ ਲੱਭਣ ਦੀ ਜਿੰਮੇਵਾਰੀ ਪਾਉਂਦਾ ਹੈ। ਚਿੱਠੀ ਦੇ ਇਨ੍ਹਾਂ ਸ਼ਬਦਾਂ ਦੀ ਗੰਭੀਰਤਾ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਰਾ ਪਰਿਵਾਰ ਕਿਸ ਤਰ੍ਹਾਂ ਸਰਦਾਰ ਅਜੀਤ ਸਿੰਘ ਦਾ ਥਹੁ-ਪਤਾ ਲਾਉਣ ਲਈ ਤਰਲੋ-ਮੱਛੀ ਹੋ ਰਿਹਾ ਸੀ; ‘ਸਾਡੇ ਲਈ ਇਤਨਾ ਹੀ ਕਾਫੀ ਹੈ, ਜੇ ਉਨ੍ਹਾਂ ਦੇ ਜਿਉਂਦੇ ਹੋਣ ਦੀ ਤਸਦੀਕ ਹੋ ਜਾਵੇ।’
ਸ਼ ਅਜੀਤ ਸਿੰਘ ਨੂੰ ਸਰਕਾਰ ਨੇ ਦੇਸ਼ ਨਿਕਾਲਾ ਦੇ ਦਿੱਤਾ ਸੀ ਅਤੇ ਹੁਣ ਕਾਫੀ ਦੇਰ ਤੋਂ ਉਨ੍ਹਾਂ ਦੀ ਕੋਈ ਉਘ-ਸੁੱਘ ਨਹੀਂ ਸੀ ਮਿਲੀ। ਸਾਰਾ ਪਰਿਵਾਰ ਹਮੇਸ਼ਾ ਉਨ੍ਹਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਸੀ। ਉਸ ਨੇ ਆਪਣੀ ਚਾਚੀ ਹੁਕਮ ਕੌਰ ਨੂੰ ਵੀ ਚਾਚਾ ਜੀ ਦੀ ਉਡੀਕ ਵਿਚ ਕਾਂਵਾਂ ਨੂੰ ਚੂਰੀਆਂ ਖੁਆ ਕੇ ਬਨੇਰਿਆਂ ਤੋਂ ਉਡਾਉਂਦਿਆਂ ਤੱਕਿਆ ਸੀ। ਭਗਤ ਸਿੰਘ ਨੂੰ ਆਪਣੇ ਚਾਚਾ ਜੀ ਨਾਲ ਬਿਤਾਏ ਪਲ ਇਕ ਇਕ ਕਰਕੇ ਯਾਦ ਆਉਂਦੇ ਰਹਿੰਦੇ ਤੇ ਉਹ ਹਮੇਸ਼ਾ ਚਾਹੁੰਦਾ ਰਹਿੰਦਾ ਕਿ ਚਾਚਾ ਜੀ ਤੋਂ ਪਾਬੰਦੀਆਂ ਖਤਮ ਹੋ ਜਾਣ ਅਤੇ ਉਹ ਸੁੱਖੀ-ਸਾਂਦੀ ਘਰ ਪਰਤ ਆਉਣ। ਉਹ ਆਪਣੇ ਪਰਿਵਾਰ ਵਿਚ ਆਦਮੀਆਂ ਦੀ ਥੁੜ੍ਹ ਵੀ ਮਹਿਸੂਸ ਕਰਦਾ ਸੀ।
ਸ਼ ਅਜੀਤ ਸਿੰਘ ਤੋਂ ਛੋਟੇ ਸ਼ ਸਵਰਨ ਸਿੰਘ ਕਈ ਸਾਲ ਪਹਿਲਾਂ ਜੇਲ੍ਹ ਵਿਚ ਹੀ ਸ਼ਹੀਦ ਹੋ ਚੁਕੇ ਸਨ। ਸ਼ ਕਿਸ਼ਨ ਸਿੰਘ ਨੂੰ ਰਾਜਸੀ ਸਰਗਰਮੀਆਂ ਵਿਚ ਹਿੱਸਾ ਲੈਣ ਕਰਕੇ ਕਈ ਕਈ ਦਿਨ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ ਅਤੇ ਦਾਦਾ ਸ਼ ਅਰਜਨ ਸਿੰਘ ਉਮਰ ਦੇ ਤਕਾਜ਼ੇ ਕਰਕੇ ਬਹੁਤੀ ਭੱਜ-ਨੱਠ ਨਹੀਂ ਸਨ ਕਰ ਸਕਦੇ। ਇਕ ਭਗਤ ਸਿੰਘ ਹੀ ਸੀ, ਜੋ ਨੌਜਵਾਨ ਹੋਣ ਕਰਕੇ ਘਰ ਦੀਆਂ ਜਿੰਮੇਵਾਰੀਆਂ ਚੁੱਕ ਸਕਦਾ ਸੀ, ਪਰ ਉਹ ਖੁਦ ਪਰਿਵਾਰ ਦੀ ਦੇਸ਼ ਭਗਤਕ ਵਿਰਾਸਤ ਨੂੰ ਨਵੀਂਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਘਰ ਤੋਂ ਬਾਹਰ ਰਹਿਣ ਦਾ ਮਨ ਬਣਾ ਰਿਹਾ ਸੀ।
ਜਲਾਵਤਨੀ ਪਿਛੋਂ ਕਈ ਵਰ੍ਹੇ ਬੀਤ ਜਾਣ ਉਪਰੰਤ ਵੀ ਸ਼ ਅਜੀਤ ਸਿੰਘ ਦੀ ਕੋਈ ਖਬਰ ਸਾਰ ਨਾ ਮਿਲਣ ਕਰਕੇ ਪਰਿਵਾਰ ਦੀ ਉਨ੍ਹਾਂ ਨੂੰ ਮਿਲਣ ਦੀ ਆਸ ਤਾਂ ਕੀ, ਉਨ੍ਹਾਂ ਦੇ ਜ਼ਿੰਦਾ ਹੋਣ ਦੇ ਆਸਾਰ ਵੀ ਮੱਧਮ ਪੈਣ ਲੱਗ ਪਏ ਸਨ। (ਸ਼ਾਇਦ ਉਹ ਇਸ ਕਰਕੇ ਪਿਛਲੇ ਪਰਿਵਾਰ ਨਾਲ ਕੋਈ ਰਾਬਤਾ ਨਹੀਂ ਸਨ ਬਣਾ ਰਹੇ ਕਿ ਕਿਤੇ ਪਰਿਵਾਰ ਹੋਰ ਮੁਸ਼ਕਿਲ ਵਿਚ ਨਾ ਫਸ ਜਾਵੇ)
ਚਿੱਠੀ ਤੋਂ ਜਾਪਦਾ ਹੈ ਕਿ ਭਗਤ ਸਿੰਘ ਉਸ ਵੇਲੇ ਤੱਕ ਗਦਰ ਪਾਰਟੀ ਦਾ ਇਤਿਹਾਸ ਚੰਗੀ ਤਰ੍ਹਾਂ ਪੜ੍ਹ ਚੁਕਾ ਸੀ ਅਤੇ ਇਸ ਗੱਲ ਦੀ ਖੋਜ ਕਰ ਚੁਕਾ ਸੀ ਕਿ ਅਮਰੀਕਾ ਦਾ ਸ਼ਹਿਰ ਸੈਨ ਫਰਾਂਸਿਸਕੋ ਗਦਰ ਲਹਿਰ ਦਾ ਕੇਂਦਰ ਕਿਸ ਤਰ੍ਹਾਂ ਬਣਿਆ? ਉਹ ਇਹ ਵੀ ਪਤਾ ਲਾ ਚੁਕਾ ਸੀ ਕਿ ਇਸ ਸ਼ਹਿਰ ਅਤੇ ਇਸ ਦੇ ਆਸੇ ਪਾਸੇ ਭਾਰਤ ਦੀ ਆਜ਼ਾਦੀ ਦੀ ਤਾਂਘ ਰੱਖਣ ਵਾਲੇ ਬਹੁਤ ਸਾਰੇ ਦੇਸ਼ ਭਗਤ ਆਬਾਦ ਹਨ। ਇਸੇ ਕਰਕੇ ਭਗਤ ਸਿੰਘ ਨੂੰ ਅੰਦਾਜ਼ਾ ਸੀ ਕਿ ਜੇ ਸ਼ ਅਜੀਤ ਸਿੰਘ ਸਹੀ ਸਲਾਮਤ ਹਨ ਤਾਂ ਉਹ ਇਸ ਸ਼ਹਿਰ ਜਾਂ ਇਸ ਦੇ ਨੇੜੇ ਤੇੜੇ ਤੋਂ ਹੀ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਹੋਣਗੇ।
ਚਿੱਠੀ ਦੇ ਆਖਰੀ ਪੈਰੇ ਅਤੇ ਹਾਸ਼ੀਏ ਉਤੇ ਲਿਖੀ ਇਬਾਰਤ ਵਿਚ ਭਗਤ ਸਿੰਘ ਆਪਣੇ ਨਿਜੀ ਹਾਲਾਤ ਅਤੇ ਦੁਸ਼ਵਾਰੀਆਂ ਨੂੰ ਵੀ ਬਿਆਨਦਾ ਹੈ, ਜੋ ਉਸ ਵਲੋਂ ਆਪਣੇ ਲਈ ਬਿਖੜਾ ਤੇ ਨਿਰਾਲਾ ਰਾਹ ਚੁਣਨ ਕਰਕੇ ਪੇਸ਼ ਆਈਆਂ। ਉਸ ਨੇ ਚਿੱਠੀ ਵਿਚ ਦੋ ਮੁਕੱਦਮਿਆਂ ਦਾ ਜ਼ਿਕਰ ਕੀਤਾ ਹੈ। ਪਹਿਲਾ ਮੁਕੱਦਮਾ ਸਰਕਾਰ ਨੇ ਉਸ ਉਤੇ ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ ਦੀ ਧਾਰਾ 17 (1) ਅਧੀਨ ਉਦੋਂ ਕੀਤਾ ਸੀ, ਜਦੋਂ ਉਸ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜੈਤੋ ਮੋਰਚੇ ਦੇ ਸੱਤਿਆਗ੍ਰਹਿ ਕਰਨ ਵਾਲਿਆਂ ਨੂੰ ਆਪਣੇ ਪਿੰਡ ਬੰਗੇ ਵਿਖੇ ਸਰਕਾਰੀ ਹੁਕਮਾਂ ਖਿਲਾਫ ਲੰਗਰ ਛਕਾਇਆ ਸੀ। ਉਦੋਂ ਉਹ ਸਿਰਫ 17 ਵਰ੍ਹਿਆਂ ਦਾ ਸੀ। ਇਸ ਮੁਕੱਦਮੇ ਵਿਚ ਉਸ ਦੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਸਨ, ਜੋ ਕੋਈ ਡੇਢ ਸਾਲ ਕ੍ਰਿਆਸ਼ੀਲ ਰਹੇ, ਪਰ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਵਿਚ ਅਸਫਲ ਰਹੀ। ਅੰਤ ਸਰਕਾਰ ਨੂੰ ਝੁਕਣਾ ਪਿਆ ਅਤੇ ਉਸ ਨੇ ਸਾਰੇ ਸੱਤਿਆਗ੍ਰਹਿਈਆਂ ‘ਤੇ ਦਾਇਰ ਕੀਤੇ ਮੁੱਕਦਮੇ ਵਾਪਿਸ ਲੈ ਲਏ। ਭਗਤ ਸਿੰਘ ‘ਤੇ ਪਾਇਆ ਮੁਕੱਦਮਾ ਵੀ ਵਾਪਸ ਲੈ ਲਿਆ ਗਿਆ।
ਦੂਜਾ ਮੁਕੱਦਮਾ 25 ਅਕਤੂਬਰ 1926 ਨੂੰ ਲਾਹੌਰ ਵਿਚ ਹੋਏ ਦੁਸਹਿਰਾ ਬੰਬ ਕਾਂਡ ਨਾਲ ਸਬੰਧਤ ਸੀ, ਜਿਸ ਵਿਚ ਕੁਝ ਵਿਅਕਤੀ ਮਾਰੇ ਗਏ ਸਨ। ਇਸ ਘਟਨਾ ਵਿਚ ਨਾ ਹੀ ਭਗਤ ਸਿੰਘ ਸ਼ਾਮਲ ਸੀ ਤੇ ਨਾ ਹੀ ਉਸ ਦੀ ਜਥੇਬੰਦੀ ਦਾ ਕੋਈ ਮੈਂਬਰ, ਪਰ ਪੁਲਿਸ ਨੂੰ ਜਦੋਂ ਸੱਤ ਮਹੀਨਿਆਂ ਦੀ ਪੜਤਾਲ ਪਿਛੋਂ ਕੁਝ ਹੱਥ ਨਾ ਲੱਗਾ ਤਾਂ ਉਸ ਨੇ ਹਕੂਮਤ ਦਾ ਤਿੱਖਾ ਵਿਰੋਧ ਕਰਨ ਵਾਲੀ ਨੌਜਵਾਨਾਂ ਦੀ ਜਥੇਬੰਦੀ ‘ਨੌਜਵਾਨ ਭਾਰਤ ਸਭਾ’ ਨੂੰ ਬਦਨਾਮ ਕਰਨ ਲਈ ਭਗਤ ਸਿੰਘ ਨੂੰ ਇਸ ਘਟਨਾ ਦੇ ਦੋਸ਼ੀ ਵਜੋਂ 29 ਮਈ 1927 ਨੂੰ ਗ੍ਰਿਫਤਾਰ ਕਰ ਲਿਆ। (ਬੇੜੀਆਂ ਪਾ ਕੇ, ਮੰਜੇ ਉਤੇ ਬੈਠੇ ਭਗਤ ਸਿੰਘ ਦੀ ਫੋਟੋ ਇਸੇ ਗ੍ਰਿਫਤਾਰੀ ਸਮੇਂ ਪੁਲਿਸ ਵਲੋਂ ਖਿੱਚੀ ਗਈ ਸੀ) ਨੌਜਵਾਨਾਂ ਅਤੇ ਆਮ ਲੋਕਾਂ ਨੇ ਪੁਲਿਸ ਦੀ ਇਸ ਕਾਰਵਾਈ ਦਾ ਡਟਵਾਂ ਵਿਰੋਧ ਕੀਤਾ ਸੀ।
ਇਹ ਚਿੱਠੀ ਲਿਖਣ ਵੇਲੇ ਦੁਸਹਿਰਾ ਬੰਬ ਮੁਕੱਦਮੇ ਵਿਚ ਭਗਤ ਸਿੰਘ 60 ਹਜ਼ਾਰ ਰੁਪਏ ਦੀ ਜ਼ਮਾਨਤ ‘ਤੇ ਸੀ। ਇਨ੍ਹਾਂ ਮੁਕੱਦਮਿਆਂ ਵਿਚ ਭਾਵੇਂ ਉਸ ਨੂੰ ਕਾਫੀ ਪ੍ਰੇਸ਼ਾਨੀ ਹੋਈ ਸੀ, ਪਰ ਉਸ ਨੇ ਜਾਣ ਲਿਆ ਕਿ ਤਕਲੀਫਾਂ ਝੱਲਣ ਤੋਂ ਬਿਨਾ ਮੰਜ਼ਿਲ ਨੂੰ ਨਹੀਂ ਪਾਇਆ ਜਾ ਸਕਦਾ। ਇਸੇ ਕਰਕੇ ਆਪਣੇ ਖਤ ਦੇ ਅਖੀਰ ਵਿਚ ਉਹ ਲਿਖਦਾ ਹੈ ਕਿ ਇਸ ਰਾਹ ‘ਤੇ ਚਲਦਿਆਂ ਕਸ਼ਟ ਝੱਲਣੇ ਹੁਣ ਉਸ ਦੀ ਤਕਦੀਰ ਦਾ ਹਿੱਸਾ ਬਣ ਗਏ ਹਨ। ਚਿੱਠੀ ਲਿਖਦਿਆਂ ਉਹ ਪੂਰਾ ਆਸਵੰਦ ਹੈ ਕਿ ਔਖਾ ਵੇਲਾ ਸਦਾ ਨਹੀਂ ਰਹੇਗਾ ਅਤੇ ਮੁਸੀਬਤਾਂ ਦੇ ਬੱਦਲ ਜਲਦੀ ਛਟ ਜਾਣਗੇ ਤੇ ਉਸ ‘ਤੇ ਪਾਇਆ ਝੂਠਾ ਮੁੱਕਦਮਾ ਵੀ ਖਾਰਜ ਹੋ ਜਾਵੇਗਾ। ਉਸ ਦੇ ਇਸ ਚਿੱਠੀ ਵਿਚ ਲਿਖੇ ਸ਼ਬਦ ਕਿ ‘ਅੰਤ ਨੂੰ ਸੱਚਾਈ ਪ੍ਰਗਟ ਹੋ ਜਾਵੇਗੀ ਅਤੇ ਸੱਚਾਈ ਦੀ ਹੀ ਜਿੱਤ ਹੋਵੇਗੀ’ ਉਦੋਂ ਸੱਚ ਹੋ ਗਏ, ਜਦੋਂ ਇਸ ਚਿੱਠੀ ਤੋਂ ਕੁਝ ਚਿਰ ਪਿਛੋਂ 9 ਮਈ 1928 ਨੂੰ ਪੰਜਾਬ ਵਿਧਾਨ ਪ੍ਰੀਸ਼ਦ ਵਿਚ ਸਰਕਾਰ ਵਲੋਂ ਐਲਾਨ ਕੀਤਾ ਗਿਆ ਕਿ ਭਗਤ ਸਿੰਘ ਨੂੰ ਜ਼ਮਾਨਤੀ ਮੁਚੱਲਕਿਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਚਿੱਠੀ ਦੇ ਤੱਤ ਦਰਸਾਉਂਦੇ ਹਨ ਕਿ ਭਗਤ ਸਿੰਘ ਲੋਕਾਈ ਨਾਲ ਪਿਆਰ ਕਰਨ ਵਾਲਾ, ਮੁਸ਼ਕਿਲਾਂ ਵਿਚ ਨਾ ਡੋਲਣ ਵਾਲਾ, ਸਬਰ ਰੱਖਣ ਵਾਲਾ ਅਤੇ ਸੱਚਾਈ ‘ਤੇ ਪਹਿਰਾ ਦੇਣ ਵਾਲਾ ਬਹਾਦਰ ਨੌਜਵਾਨ ਸੀ।