ਗੁਲਜ਼ਾਰ ਸਿੰਘ ਸੰਧੂ
ਨਵੇਂ ਸਾਲ ਦੀ ਆਮਦ ਦੇ ਦਿਨਾਂ ਵਿਚ ਮੈਨੂੰ ਅਕਾਸ਼ਵਾਣੀ ਜਲੰਧਰ ਤੋਂ ਟੈਲੀਫੋਨ ਆਇਆ ਕਿ ਉਹ ਮੇਰੀ ਇੰਟਰਵਿਊ ਕਰਨਾ ਚਾਹੁੰਦੇ ਹਨ। ਚੰਡੀਗੜ੍ਹ ਤੋਂ ਜਲੰਧਰ ਜਾਣਾ ਸੀ। ਮੇਰੀ ਉਮਰ ਤੇ ਲੰਮੀ ਡਰਾਈਵਰੀ ਦੀ ਅਸਮਰਥਾ ਨੇ ਮੈਨੂੰ ਜਕੋ-ਤਕੀ ਵਿਚ ਪਾ ਦਿੱਤਾ। ਇਸ ਲਈ ਵੀ ਕਿ ਰੇਡੀਓ ਉਤੇ ਮੇਰੀਆਂ ਪਹਿਲਾਂ ਵੀ ਕਈ ਮੁਲਾਕਾਤਾਂ ਦਾ ਪ੍ਰਸਾਰਨ ਹੋ ਚੁਕਾ ਹੈ। ਮੈਨੂੰ ਝਿਜਕਦਾ ਵੇਖ ਸੱਦਣ ਵਾਲੇ ਨੇ ਦੱਸਿਆ ਕਿ ਇਹ ਇੰਟਰਵੀਊ ਆਰਕਾਈਵਜ਼ ਵਿਚ ਸਾਂਭ ਕੇ ਰੱਖੀ ਜਾਵੇਗੀ, ਭਾਵ ਉਦੋਂ ਹੀ ਵਰਤੀ ਜਾਵੇਗੀ, ਜਦੋਂ ਮੈਂ ਇਸ ਸੰਸਾਰ ਨੂੰ ਪੱਕੀ ਅਲਵਿਦਾ ਕਹਿ ਚੁਕਾ ਹੋਵਾਂਗਾ।
ਮੈਂ ਉਤਰ ਦੇਣ ਤੋਂ ਪਹਿਲਾਂ ਸੋਚਣ ਲਈ ਸਮਾਂ ਮੰਗਿਆ ਤਾਂ ਸੱਦਣ ਵਾਲੇ ਨੇ ਇਹ ਵੀ ਕਿਹਾ ਕਿ ਉਹਦਾ ਪਿੰਡ ਕਿੱਤਣਾ ਮੇਰੇ ਜੱਦੀ ਪਿੰਡ ਸੁੰਨੀ ਦੇ ਨੇੜੇ ਪੈਂਦਾ ਹੈ ਤੇ ਉਸ ਨੇ ਮੇਰੀਆਂ ਲਿਖਤਾਂ ਪੜ੍ਹੀਆਂ ਹੋਈਆਂ ਹਨ। ਰਿਕਾਰਡਿੰਗ ਦਾ ਸਮਾਂ ਮੈਂ ਤੈਅ ਕਰਨਾ ਸੀ ਤੇ ਪ੍ਰਸਾਰਨ ਦਾ ਅਕਾਸ਼ਵਾਣੀ ਵਾਲਿਆਂ ਨੇ। ਮੈਂ ਮੰਨ ਗਿਆ।
ਮਿਲਣੀ ਖੁਸ਼ਗਵਾਰ ਰਹੀ। ਉਹ ਗੱਲਾਂ ਵੀ ਹੋਈਆਂ, ਜੋ ਮੈਂ ਕਦੀ ਕਿਸੇ ਨੂੰ ਨਹੀਂ ਦੱਸੀਆਂ। ਭੁੱਲੇ ਵਿਸਰੇ ਬਚਪਨ ਦੀਆਂ। ਬੀਤੇ ਸਮੇਂ ਦੀਆਂ ਸਾਂਝਾਂ ਤੇ ਕਦਰਾਂ ਕੀਮਤਾਂ, ਮੇਰੇ ਵਲੋਂ ਆਉਣ ਵਾਲੀ ਪੀੜ੍ਹੀ ਲਈ ਨਸੀਹਤਾਂ ਸਮੇਤ। ਫਿਰ ਉਹ ਦਿਨ ਵੀ ਆ ਗਿਆ, ਜਦੋਂ ਇਸ ਦਾ ਪ੍ਰਸਾਰਨ ਹੋਣਾ ਸੀ। ਮੈਂ ਦੂਰ ਦੇ ਮਿੱਤਰ ਪਿਆਰਿਆਂ ਤੇ ਸੰਗੀ ਸਾਥੀਆਂ ਨੂੰ ਪ੍ਰਸਾਰਨ ਦੀ ਮਿਤੀ ਅਤੇ ਸਮੇਂ ਦੇ ਨਾਲ ਨਾਲ ਪ੍ਰਸਾਰਨ ਚੈਨਲ ਤੇ ਸਬੰਧਤ ਬੈਂਡ ਵੀ ਲਿਖਵਾ ਦਿੱਤਾ। ਬਹੁਤਿਆਂ ਨੂੰ ਆਪਣੇ ਘਰ ਵਾਲਾ ਰੇਡੀਓ ਹੀ ਨਾ ਲੱਭਾ। ਲੰਮੇ ਸਮੇਂ ਤੋਂ ਲੋੜ ਹੀ ਨਹੀਂ ਸੀ ਪਈ। ਮੈਨੂੰ ਆਪਣੇ ਵਾਲਾ ਮੁਸ਼ਕਿਲ ਨਾਲ ਲੱਭ ਤਾਂ ਗਿਆ, ਪਰ ਚੈਨਲ ਤੇ ਬੈਂਡ ਵਾਲੀ ਸੂਈ ਨਾ ਮਿਲੇ। ਇਹ ਕੰਮ ਸਾਡੇ ਘਰ ਆਈ ਇੱਕ ਨੌਜਵਾਨ ਪ੍ਰਾਹੁਣੀ ਨੇ ਕੀਤਾ। ਸਫਲ ਤਾਂ ਹੋਏ ਪਰ ਯਤਨ ਕਰਕੇ।
ਅੱਧੇ ਘੰਟੇ ਦੀ ਇੰਟਰਵਿਊ ਘਰ ਦੇ ਸਾਰੇ ਜੀਆਂ ਨੇ ਏਦਾਂ ਸੁਣੀ ਜਿਵੇਂ ਛੇ ਸੱਤ ਦਹਾਕੇ ਪਹਿਲਾਂ ਦਿਨ ਭਰ ਦਾ ਕੰਮ ਕਰਕੇ ਮੇਰੇ ਨਾਨਕੇ ਪਿੰਡ ਕੋਟਲਾ ਦੇ ਵਾਸੀ ਪਿੰਡ ਦੇ ਦਰਵਾਜੇ ਇੱਕਠੇ ਹੋ ਕੇ ਪੰਚਾਇਤੀ ਰੇਡੀਓ ਤੋਂ ਸੁਣਦੇ ਹੁੰਦੇ ਸਨ। ਉਦੋਂ ਪਿੰਡ ਵਾਲਿਆਂ ਨੇ ਇਸ ਯੰਤਰ ਬਾਰੇ ਇਕ ਲੋਕ ਬੋਲੀ ਵੀ ਘੜੀ ਸੀ,
ਜੱਗੇ ਜੱਟ ਨੇ ਸੰਦੂਕੜੀ ਲਿਆਂਦੀ
ਵਿਚ ਬੋਲੇ ਬੰਤੋ ਬਾਹਮਣੀ।
ਇਸ ਦੇ ਨਾਲ ਹੀ ਇਹ ਵੀ ਚੇਤੇ ਆਇਆ ਕਿ ਉਦੋਂ ਰੇਡੀਓ ਨਾਂ ਦਾ ਯੰਤਰ ਧੀਆਂ ਦੇ ਵਿਆਹ ਸਮੇਂ ਉਨ੍ਹਾਂ ਨੂੰ ਦਾਜ ਵਿਚ ਦਿੰਦੇ ਸਨ। ਇਹ ਵੀ ਕਿ ਇਸ ਦੀ ਅਹਿਮੀਅਤ ਸਾਈਕਲ ਨਾਲੋਂ ਘੱਟ ਨਹੀਂ ਸੀ, ਜਿਸ ਦੀ ਮੁੰਡੇ ਵਾਲੇ ਦਾਜ ਵਿਚ ਲੈਣ ਦੀ ਸ਼ਰਤ ਰਖਿਆ ਕਰਦੇ ਸਨ। ਲੋਕ ਬੋਲੀ ਨੂੰ ਜਨਮ ਦੇਣ ਵਿਚ ਸਾਈਕਲ ਵੀ ਘਟ ਨਹੀਂ ਸੀ,
ਟੱਲੀਆਂ ਵਜਾਉਂਦਾ ਜਾਊਂ
ਬਹਿ ਜਾ ਸਾਈਕਲ ‘ਤੇ।
ਰੇਡੀਓ ਤੇ ਅਕਾਸ਼ਵਾਣੀ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਇਹ ਵੀ ਦੱਸ ਦਿਆਂ ਕਿ ਉਦੋਂ ਦਾਜ ਵਿਚ ਦਿੱਤੀ ਜਾਂਦੀ ਟੈਲਕਮ ਪਾਊਡਰ ਦੀ ਡੱਬੀ ਵੀ ਨਵੀਂ ਨਵੀਂ ਮਾਰਕਿਟ ਵਿਚ ਆਈ ਸੀ ਤੇ ਇਸ ਨੇ ਹੇਠ ਲਿਖੀ ਬੋਲੀ ਨੂੰ ਜਨਮ ਦਿੱਤਾ ਸੀ,
ਗੋਰਾ ਰੰਗ ਡੱਬੀਆਂ ਵਿਚ ਆਇਆ
ਕਾਲਿਆਂ ਨੂੰ ਖਬਰ ਕਰੋ।
ਚੇਤੇ ਰਹੇ, ਹਿੰਦੁਸਤਾਨ (ਭਾਰਤ, ਪਾਕਿਸਤਾਨ, ਬੰਗਲਾ ਦੇਸ਼) ਵਿਚ ਰੇਡੀਓ ਨਾਂ ਦਾ ਯੰਤਰ 1927 ਵਿਚ ਆਇਆ, ਜਦੋਂ ਇਸ ਦੇ ਮੁਢਲੇ ਦਫਤਰ ਨਵੀਂ ਦਿੱਲੀ ਸਮੇਤ ਮਦਰਾਸ, ਬੰਬੇ, ਕਲਕੱਤਾ ਜਿਹੇ ਮਹਾਨਗਰਾਂ ਵਿਚ ਖੋਲ੍ਹੇ ਗਏ ਸਨ। ਇਸ ਨੂੰ ਲਿਆਉਣ ਵਾਲੀ ਬਰਤਾਨਵੀ ਸਰਕਾਰ ਸੀ, ਜਿਸ ਨੇ ਨਵੀਂ ਦਿੱਲੀ ਵਾਲਾ ਦਫਤਰ ਪਾਰਲੀਮੈਂਟ ਸਟਰੀਟ ਉਤੇ ਖੋਲ੍ਹਿਆ ਅਤੇ ਲਿਉਨਿਲ ਫੀਲਡਨ ਤੇ ਏ. ਐਸ਼ ਬੁਖਾਰੀ ਜਿਹੇ ਮੰਨੇ ਪ੍ਰਮੰਨੇ ਮਾਹਿਰਾਂ ਨੂੰ ਇਸ ਦਾ ਇੰਸਪੈਕਟਰ ਜਨਰਲ ਨਿਯੁਕਤ ਕੀਤਾ। ਪਿੱਛੋਂ ਜਾ ਕੇ ਕਰਤਾਰ ਸਿੰਘ ਦੁੱਗਲ ਤੇ ਐਸ਼ ਐਸ਼ ਮੀਸ਼ਾ ਜਿਹੇ ਮੇਰੇ ਸਮਕਾਲੀ ਜਲੰਧਰ ਸਟੇਸ਼ਨ ਦੇ ਕਰਤਾ ਧਰਤਾ ਰਹੇ। ਅੱਜ ਦੇ ਦਿਨ ਜੱਗੇ ਜੱਟ ਦੀ ਸੰਦੂਕੜੀ ਨੂੰ ਨੰਗੀਆਂ ਲੱਤਾਂ ਤੇ ਨੰਗੇ ਮੂੰਹ ਵਾਲੀ ਟੀ. ਵੀ. ਨੇ ਖੁੱਡੇ ਲਾ ਛੱਡਿਆ ਹੈ। ਜੇ ਅਸੀਂ ਭਲੇ ਦਿਨਾਂ ਵਿਚ ਦਾਜ ਦਾ ਸ਼ਿੰਗਾਰ ਬਣੇ ਇਨ੍ਹਾਂ ਯੰਤਰਾਂ ਦੇ ਖੁੱਲ੍ਹੇ ਦਰਸ਼ਨ ਕਰਨੇ ਹੋਣ ਤਾਂ ਸਾਨੂੰ ਪਾਕਿਸਤਾਨ ਜਾਣਾ ਪਵੇਗਾ। ਸਾਈਕਲ ਹੀ ਸਾਈਕਲ। ਜੱਗੇ ਜੱਟ ਦੀ ਸੰਦੂਕੜੀ ਤੇ ਗੋਰੇ ਰੰਗ ਦੀਆਂ ਡੱਬੀਆਂ ਸਮੇਤ। ਅਸੀਂ ਜਿੱਤੇ ਕਿ ਉਹ? ਅੱਲ੍ਹਾ ਜਾਣੇ ਜਾਂ ਵਾਹਿਗੁਰੂ!
ਇੱਕ ਮਿੱਠੀ ਯਾਦ: ਘਰ ਦੀ ਸਫਾਈ ਕਰਦਿਆਂ ਇੱਕ ਥੈਲੇ ਵਿਚੋਂ ਸਿਉਂਕ ਲੱਗੇ ਖਤ ਮਿਲੇ, ਜਿਨ੍ਹਾਂ ਵਿਚ ਬਲਵੰਤ ਗਾਰਗੀ ਦਾ ਇੱਕ ਸਤਰਾ ਨੋਟ ਹੈ, “ਮੈਂ ਇੱਕ ਸਦੀ ਤੋਂ 400 ਰੁਪਏ ਦਾ ਦੇਣਦਾਰ ਹਾਂ, ਸ਼ੁਕਰਾਨੇ ਸਮੇਤ ਹਾਜ਼ਰ ਹਨ।” ਕਦੋਂ ਤੇ ਕਿਥੋਂ ਲਿਖਿਆ, ਸਿਉਂਕ ਜਾਣੇ!
ਅੰਤਿਕਾ: ਮਾਂ ਮਮਤਾ
1. ਕੰਕਰੀਟ ਦੇ ਜੰਗਲ ਅੰਦਰ ਰਿਸ਼ਤੇ ਪਥਰ ਹੋ ਗਏ
ਸਹਿਰ ‘ਚ ਆ ਕੇ ਚੇਤੇ ਰੱਖੇ ਮਾਂਵਾਂ ਕੋਈ ਕੋਈ। (ਜਸਵਿੰਦਰ)
2. ਦੁਵਾ, ਸ਼ੁਭ ਇੱਛਾਵਾਂ ਹੋਰਨਾਂ ਤੋਂ ਮਿਲਦੀਆਂ ਲੱਖਾਂ
ਮਗਰ ਮਾਂ ਦੀ ਦੁਆ ਵਰਗੀ ਨਹੀਂ ਹੁੰਦੀ ਦੁਆ ਕੋਈ। (ਗੁਰਚਰਨ ਕੌਰ ਕੋਛੜ)
3. ਅੱਧੀ ਰਾਤ ਹੋਏਗੀ, ਮੇਰੇ ਪਿੰਡ ਉਤੇ ਇਸ ਵੇਲੇ
ਜਾਗਦੀਆਂ ਹੋਣਗੀਆਂ, ਸੁੱਤਿਆਂ, ਪੁੱਤਰਾਂ ਲਾਗੇ ਮਾਂਵਾਂ। (ਸੁਰਜੀਤ ਪਾਤਰ)