ਸੁੱਚੀਆਂ ਮੁਹੱਬਤਾਂ…

ਨਿਕਿਤਾ ਆਜ਼ਾਦ
ਮੇਰੇ ਤੋਂ ਗਿਰਧਰ ਗੋਪਾਲ ਦੂਸਰੋ ਨਾ ਕੋਈ
ਜਾਕੇ ਸਿਰ ਮੋਰ ਮੁਕਟ ਮੇਰੋ ਪਤੀ ਸੋਈ।
ਇਨ੍ਹਾਂ ਸਤਰਾਂ ਰਾਹੀਂ ਮੀਰਾਬਾਈ ਕਹਿੰਦੀ ਹੈ ਕਿ ਮੇਰਾ ਗਿਰਧਰ ਗੋਪਾਲ – ਕ੍ਰਿਸ਼ਨ ਤੋਂ ਇਲਾਵਾ ਇਸ ਦੁਨੀਆ ਵਿਚ ਕੋਈ ਨਹੀਂ ਹੈ। ਭਾਰਤੀ ਉਪਮਹਾਦੀਪ ਵਿਚ ਪਿਆਰ, ਮੁਹੱਬਤ, ਇਸ਼ਕ ਤੇ ਭਗਤੀ ਅਤੇ ਰੱਬ ਦੀ ਦੀਵਾਨਗੀ ਦੇ ਗੂੜ੍ਹੇ ਰਿਸ਼ਤੇ ਨੂੰ ਮੀਰਾ ਬਖੂਬੀ ਨਿਭਾਉਂਦੀ ਹੈ। ਇਥੇ ਸਾਈਂ ਅਤੇ ਸੱਜਣ ਵਿਚ ਕੋਈ ਖਾਸ ਫਰਕ ਨਹੀਂ ਹੈ। ਜੇ ਸਾਈਂ ਨੂੰ ਪਾਉਣ ਲਈ ਜੰਗਲਾਂ ਪਹਾੜਾਂ ਵਿਚ ਭਟਕਿਆ ਜਾ ਸਕਦਾ ਹੈ ਤਾਂ ਸੱਜਣ ਦੀ ਇਕ ਝਲਕ ਲਈ 12 ਸਾਲ ਮੱਝਾਂ ਵੀ ਚਰਾਈਆਂ ਜਾ ਸਕਦੀਆਂ ਹਨ। ਜਾਤ, ਜਮਾਤ, ਪਿਤਰਸੱਤਾ ਦੇ ਹਨੇਰੇ ਵਿਚ ਦੱਬੀ ਮੁਹੱਬਤ ਨੇ ਰੱਬ ਦਾ ਰਸਤਾ ਚੁਣਿਆ ਸੀ ਅਤੇ ਇਹ ਵਿਰਾਸਤ ਅੱਜ ਵੀ ਸਾਡੇ ਨਾਲ ਹੈ। ਅੱਜ ਮੁਹੱਬਤ ਕਰਨਾ ਅਤੇ ਆਪਣੀ ਪਸੰਦ ਦੇ ਸਾਥੀ ਨਾਲ ਜੀਵਨ ਬਿਤਾਉਣਾ ਸਮਾਜ ਕੁਝ ਹੱਦ ਤਕ ਸਵੀਕਾਰ ਕਰਨ ਲੱਗ ਪਿਆ ਹੈ ਪਰ ਅਜੇ ਵੀ ਮੁਹੱਬਤ ਅਤੇ ਭਗਤੀ ਨੂੰ ਇਕਸਾਰ ਬਣਾਉਣ ਦੀ ਰੀਤ ਨਹੀਂ ਗਈ ਹੈ।

ਜੇ ਭਗਤੀ ਆਪਣੇ ਸਵੈ ਨੂੰ ਰੱਬ ਅੱਗੇ ਸਿਫਰ ਕਰਨ ਦਾ ਨਾਂ ਹੈ ਤਾਂ ਅੱਜ ਮੁਹੱਬਤ ਵੀ ਇਹੋ ਹੁਕਮ ਸੁਣਾਉਂਦੀ ਹੈ ਕਿ ਮੇਰੀ ਦਿਨ-ਰਾਤ ਪੂਜਾ ਹੋਵੇ। ਪਿਤਰਸੱਤਾ ਨਾਲ ਮਿਲ ਕੇ ਇਹ ਹੁਕਮ ਔਰਤਾਂ ਲਈ ਹੋਰ ਵੀ ਸਾਹ ਘੁੱਟਵਾਂ ਬਣ ਜਾਂਦਾ ਹੈ। ਉਹ ਆਪਣੀ ਪਸੰਦ ਦਾ ਸਾਥੀ ਤਾਂ ਚੁਣ ਲੈਂਦੀਆਂ ਹਨ ਪਰ ਇਹ ਸਾਥੀ ਅਤੇ ਸਮਾਜ ਉਦੋਂ ਵੀ ਇਹੀ ਆਸ ਰੱਖਦੇ ਹਨ ਕਿ ਔਰਤ ਆਪਣੇ ਸਾਥੀ ਦੀ ਰੱਬ ਵਾਂਗੂ ਇਬਾਦਤ ਕਰੇਗੀ। ਪਤੀ-ਪਤਨੀ ਦੇ ਰਿਸ਼ਤੇ ਵਿਚ ਪਤਨੀ ਨੂੰ ਹਮਸਫਰ ਦੀ ਥਾਂ ਮੁਰੀਦ ਬਣਨਾ ਪੈਂਦਾ ਹੈ ਅਤੇ ਆਪਣੇ ਪਤੀ-ਪਰਮੇਸ਼ਵਰ ਦੀ ਸੇਵਾ ਕਰਨ ਨੂੰ ਆਪਣਾ ਧਰਮ ਸਮਝਣਾ ਪੈਂਦਾ ਹੈ। ਇਹ ਸੇਵਾ ਭਾਵਨਾ ਅੱਜ ਸਿਰਫ ਇਸ ਲਈ ਨਹੀਂ ਪ੍ਰਚਲਿਤ ਕਿ ਸਮਾਜ ਪਿਤਰਕੀ ਦੀਆਂ ਲੀਹਾਂ ਉਤੇ ਚਲ ਰਿਹਾ ਹੈ, ਇਸ ਲਈ ਵੀ ਹੈ ਕਿਉਂਕਿ ਇਸ ਸੇਵਾ ਨੂੰ ਹੀ ਮੁਹੱਬਤ ਕਿਹਾ ਜਾਂਦਾ ਹੈ; ਜਾਂ ਇਹ ਕਿਹਾ ਜਾ ਸਕਦਾ ਹੈ ਕਿ ਸਮਾਜ ਨੇ ਦੁਨਿਆਵੀ ਅਤੇ ਰੂਹਾਨੀ ਮੁਹੱਬਤ ਨੂੰ ਪ੍ਰੀਭਾਸ਼ਿਤ ਕਰਨ ਦੇ ਸੰਦ ਪਿਤਰਕੀ ਤੋਂ ਉਧਾਰ ਲਏ ਹਨ।
ਇਸ ਲਈ ਭਗਤੀਵਾਦੀ ਮੁਹੱਬਤ ਦਾ ਪਹਿਲਾ ਅਰਥ ਹੈ ਆਪਣੇ ਸਵੈ ਨੂੰ ਖਤਮ ਕਰ ਦੇਣਾ, ਆਪਣੀ ਹੋਂਦ ਮਿਟਾ ਦੇਣਾ ਅਤੇ ਇਸ਼ਕ ਵਿਚ ਦੀਵਾਨਾ ਹੋ ਜਾਣਾ! ਕਬੀਰ ਜੀ ਦੇ ਸ਼ਬਦਾਂ ਵਿਚ, “ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰ॥” ਐਸੀ ਮੁਹੱਬਤ ਮਨੁੱਖ ਨੂੰ ਰੱਬ ਅੱਗੇ ਹਲੀਮ ਬਣਾਉਣ ਅਤੇ ਆਪਣੇ ਹੰਕਾਰ ਨੂੰ ਕਾਬੂ ਕਰਨ ਦਾ ਸੁਨੇਹਾ ਦਿੰਦੀ ਹੈ ਪਰ ਜਦੋਂ ਇਹ ਮਨੁੱਖੀ ਰਿਸ਼ਤਿਆਂ ਅੰਦਰ ਵੜ ਜਾਂਦੀ ਹੈ ਤਾਂ ਇਹ ਇਕ ਧਿਰ ਨੂੰ ਦੂਜੀ ਧਿਰ ਉਤੇ ਕਾਬਜ਼ ਹੋਣ ਦਾ ਹੱਕ ਦੇ ਦਿੰਦੀ ਹੈ। ਮਨੁੱਖ ਰੱਬ ਨਹੀਂ – ਮਰਦ ਤਾਂ ਬਿਲਕੁਲ ਵੀ ਨਹੀਂ ਪਰ ਭਗਤੀਵਾਦੀ ਮੁਹੱਬਤ ਮਰਦ ਨੂੰ ਰੱਬ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਲਈ ਅਣਗਿਣਤ ਔਰਤਾਂ ਨੂੰ ਰੋਜ਼ ਅਤਿਆਚਾਰ ਸਹਿਣਾ ਪੈਂਦਾ ਹੈ ਅਤੇ ਮੁਹੱਬਤ ਦੇ ਨਾਂ ‘ਤੇ ਆਪਣੀ ਆਜ਼ਾਦੀ ਤਿਆਗਣੀ ਪੈਂਦੀ ਹੈ। ਮੈਂ ਇਥੇ ਸਿਰਫ ਪਤੀ-ਪਤਨੀ ਦੇ ਰਿਸ਼ਤੇ ਵਿਚ ਫਸੀ ਹੋਈ ਔਰਤ ਦੀ ਗੱਲ ਨਹੀਂ ਕਰ ਰਹੀ, ਉਨ੍ਹਾਂ ਔਰਤਾਂ ਦੀ ਗੱਲ ਵੀ ਕਰ ਰਹੀ ਹਾਂ ਜੋ ਆਪਣੇ ਸਾਥੀ ਆਪ ਚੁਣਦੀਆਂ ਹਨ। ਇਨ੍ਹਾਂ ਔਰਤਾਂ ਦੇ ਸਾਥੀ ਚਾਹੁੰਦੇ ਹਨ ਕਿ ਮੇਰੀ ਪ੍ਰੇਮਿਕਾ ਜੀਨ ਨਾ ਪਾਵੇ, ਬਾਹਰ ਕੰਮ ਨਾ ਕਰੇ, ਮੇਰੇ ਮਾਪਿਆਂ ਦੀ ਸੇਵਾ ਕਰੇ ਅਤੇ ਆਪਣਾ ਸਾਰਾ ਕੁਝ ਮੇਰੇ ਉਤੇ ਨਿਓ ਦੇਵੇ। ਐਸੀ ਮੁਹੱਬਤ ਦੀ ਚਾਲ ਸਮਝੋ ਕਿ ਜਦੋਂ ਕੋਈ ਔਰਤ ਇਸ ਤਰ੍ਹਾਂ ਦੇ ਦਮ-ਘੋਟੂ ਰਿਸ਼ਤੇ ਵਿਚੋਂ ਨਿਕਲਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਮੁਹੱਬਤ ਦੇ ਮਿਹਣੇ ਮਾਰ ਕੇ ਚੁੱਪ ਕਰਵਾ ਲਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਮੁਹੱਬਤ ਦਾ ਭਾਵ ਹੀ ਸਮਰਪਣ ਹੈ।
ਜੇ ਭਗਤੀਵਾਦੀ ਮੁਹੱਬਤ ਦਾ ਪਹਿਲਾ ਪੱਖ ਮਨੁੱਖ ਨੂੰ (ਜ਼ਿਆਦਾਤਰ ਔਰਤ ਨੂੰ) ਆਪਣੇ ਸਵੈ ਖਤਮ ਕਰਨ ਲਈ ਮਜਬੂਰ ਕਰਦਾ ਹੈ ਤਾਂ ਇਹਦਾ ਦੂਜਾ ਪਹਿਲੂ ਮਨੁੱਖ (ਜ਼ਿਆਦਾਤਰ ਮਰਦ) ਨੂੰ ਲਗਨ ਦਾ ਪਾਠ ਵੀ ਪੜ੍ਹਾਉਂਦਾ ਹੈ। ਇਹ ਮੁਹੱਬਤ ਸਾਨੂੰ ਸਿਖਾਉਂਦੀ ਹੈ ਕਿ ਸੱਚੇ ਮਨ ਦੀ ਲਗਨ ਨਾਲ ਕਿਸੇ ਨੂੰ ਵੀ ਪਾਇਆ ਜਾ ਸਕਦਾ ਹੈ। ਕਈ ਨੌਜਵਾਨ – ਜ਼ਿਆਦਾਤਰ ਮਰਦ, ਇਸ ਪ੍ਰਵਚਨ ਤੋਂ ਪ੍ਰਭਾਵਿਤ ਹੋ ਕੇ ਆਪਣੀ ਚੁਣੀ ਹੋਈ ਪ੍ਰੇਮਿਕਾ ਪਿੱਛੇ ਪਾਗਲ ਹੋ ਜਾਂਦੇ ਹਨ, ਉਸ ਦਾ ਪਿੱਛਾ ਕਰਦੇ ਹਨ, ਜ਼ਬਰਦਸਤੀ ਵੀਆਂ ਹਰਕਤਾਂ ਤਕ ਉਤਰ ਆਉਂਦੇ ਹਨ ਅਤੇ ਕਈ ਵਾਰ ਨਿਰਾਸ਼ ਹੋ ਕੇ ਖੁਦਕੁਸ਼ੀ ਵੀ ਕਰ ਲੈਂਦੇ ਹਨ।
ਸਮੱਸਿਆ ਇਹ ਹੈ ਕਿ ਮੁਹੱਬਤ ਇਕ ਪਾਤਰੀ ਕਹਾਣੀ ਬਣ ਜਾਂਦੀ ਹੈ। ਇਸ ਵਿਚ ਇਕੋ ਪਾਤਰ ਹੈ ਜਿਸ ਦਾ ਕੰਮ ਜੀਅ-ਜਾਨ ਨਾਲ ਰੱਬ ਜਾਂ ਆਪਣੇ ਪ੍ਰੇਮੀ ਨੂੰ ਪਾਉਣਾ ਹੈ। ਮੁਹੱਬਤ ਨਾ ਮਿਲਣਾ ਆਪਣੀ ਭਗਤੀ ਵਿਚ ਕਮੀ ਹੋਣਾ ਹੈ। ਦੂਜੇ ਪਾਤਰ ਜਾਂ ਰੱਬ ਦੀ ਇੱਛਾ ਦੀ ਇਸ ਕਹਾਣੀ ਵਿਚ ਕੋਈ ਥਾਂ ਨਹੀਂ ਹੈ। ਰੱਬ ਭਲਾ ਕਿਸੇ ਨੂੰ ਨਾਂਹ ਕਿਵੇਂ ਕਰ ਸਕਦਾ ਹੈ, ਸਾਡੇ ਅੰਦਰ ਹੀ ਕੋਈ ਕਮੀ ਹੈ ਕਿ ਅਸੀਂ ਰੱਬ ਨੂੰ ਪਾ ਨਹੀਂ ਸਕਦੇ। ਇਸ ਲਈ ਅਣਗਿਣਤ ਪੰਜਾਬੀ ਫਿਲਮਾਂ ਦਾ ਥੀਮ ਇਹੋ ਹੁੰਦਾ ਹੈ ਕਿ ਮੁੰਡਾ ਸਾਰੀ ਫਿਲਮ ਵਿਚ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲ ਕੇ ਅੰਤ ਕੁੜੀ ਨੂੰ ਆਪਣੀ ਪ੍ਰੇਮਿਕਾ ਬਣਾ ਲੈਂਦਾ ਹੈ। ਕੁੜੀ ਦੀ ਇੱਛਾ ਅਤੇ ਪਸੰਦ ਅਜਿਹੀ ਸ਼ੈਅ ਹੈ ਜਿਸ ਨੂੰ ਜਗਾਇਆ ਜਾ ਸਕਦਾ ਹੈ, ਸਿਰਜਿਆ ਜਾ ਸਕਦਾ ਹੈ, ਆਪਣੇ ਪਿਆਰ ਦਾ ਜਲਵਾ ਦਿਖਾ ਕੇ ਪਾਇਆ ਜਾ ਸਕਦਾ ਹੈ। ਜੇ ਇੰਨੀ ਮਿਹਨਤ ਤੋਂ ਬਾਅਦ ਵੀ ‘ਪ੍ਰੇਮਿਕਾ’ ਨਾ ਮੰਨੇ ਤਾਂ ਉਹ ਖਲਨਾਇਕਾ ਬਣ ਜਾਂਦੀ ਹੈ ਤੇ ਰੱਬ ਮਰ ਜਾਂਦਾ ਹੈ। ਭਗਤੀਵਾਦੀ ਮੁਹੱਬਤ ਸਿਖਾਉਂਦੀ ਹੈ ਕਿ ਆਪਣਾ ਸਭ ਕੁਝ ਵਾਰ ਕੇ ਕਿਸੇ ਨੂੰ ਵੀ ਪਾਇਆ ਜਾ ਸਕਦਾ ਹੈ। ਜਿਸ ਨੂੰ ਪਾਉਣਾ ਹੈ, ਉਸ ਦੀ ਚੋਣ ਇਸ ਮੁਹੱਬਤ ਵਿਚੋਂ ਗਾਇਬ ਹੈ (ਜੋ ਅਕਸਰ ਔਰਤ ਹੁੰਦੀ ਹੈ)।
ਭਗਤੀਵਾਦੀ ਮੁਹੱਬਤ ਦੇ ਦੋਵੇਂ ਪਹਿਲੂ ਦਰਅਸਲ ਇਕੋ ਸਿੱਕੇ ਦੇ ਦੋ ਪਾਸੇ ਹਨ। ਇਕ ਪਾਸੇ ਆਪਣੇ ਪ੍ਰੇਮੀ ਨੂੰ ਪਾਉਣ ਦੀ ਜ਼ਿਦ ਹੈ ਜੋ ਨਾ ਚਾਹੁੰਦਿਆਂ ਵੀ ਸਵੈ ਨੂੰ ਪਹਾੜ ਵਾਂਗ ਵਿਰਾਟ ਬਣਾ ਦਿੰਦੀ ਹੈ ਅਤੇ ਦੂਜੇ ਪਾਸੇ ਆਪਣੇ ਪ੍ਰੇਮੀ ਦੀ ਸੇਵਾ ਵਿਚ ਆਪਣਾ ਸਵੈ ਗਵਾ ਦੇਣ ਦੀ ਲਿਹਾਜ਼ ਹੈ। ਇਕ ਸਵੈ-ਪੂਰਨ ਹੈ ਅਤੇ ਦੂਜਾ ਸਵੈ-ਹੀਣ! ਕੀ ਇਸ ਨੂੰ ਮੁਹੱਬਤ ਕਿਹਾ ਜਾ ਸਕਦਾ ਹੈ?
ਮੁਹੱਬਤ ਕਰਨਾ ਮਨੁੱਖ ਦੀ ਖੂਬਸੂਰਤੀ ਹੈ; ਕਿਸੇ ਹੋਰ ਪ੍ਰਤੀ ਪਿਆਰ, ਹਮਦਰਦੀ, ਰਹਿਮਦਿਲੀ ਮਹਿਸੂਸ ਕਰ ਸਕਣਾ ਮਨੁੱਖੀ ਮਾਨਸ ਦਾ ਅਜਿਹਾ ਹੁਨਰ ਹੈ ਜਿਸ ਦਾ ਦੁਨੀਆ ਵਿਚ ਕੋਈ ਮੁਕਾਬਲਾ ਨਹੀਂ। ਮੁਹੱਬਤ ਵਿਚ ਮਨੁੱਖ ਆਪਣੇ ਆਪ ਨੂੰ ਦੂਸਰੇ ਸਾਹਮਣੇ ਬੇਨਕਾਬ ਕਰਦਾ ਹੈ; ਆਪਣੇ ਜ਼ਖਮ ਖੋਲ੍ਹਦਾ ਹੈ। ਮੁਹੱਬਤ ਕਰਨ ਦੀ ਖਵਾਹਿਸ਼ ਮਨੁੱਖੀ ਮਾਨਸ ਦੇ ਉਸ ਭਾਗ ਦਾ ਪ੍ਰਗਟਾਵਾ ਹੈ ਜੋ ਆਪਣੇ ਸਵੈ ਨੂੰ ਕਿਸੇ ਹੋਰ ਨਾਲ ਸਾਂਝਾ ਕਰਨਾ ਚਾਹੁੰਦੀ ਹੈ ਅਤੇ ਸਵੈ ਤੇ ਦੂਜੇ ਵਿਚਕਾਰ ਬਣੀਆਂ ਹੱਦਾਂ ਟੱਪਣਾ ਚਾਹੁੰਦੀ ਹੈ। ਸ਼ਾਇਦ ਇਸੇ ਲਈ ਮੁਹੱਬਤ ਨੂੰ ਖਤਰਨਾਕ ਕਿਹਾ ਗਿਆ ਹੈ। ਕਦੋਂ ਮਨੁੱਖ ਦੂਜੇ ਅੰਦਰ ਖੋ ਕੇ ਆਪਣਾ ਆਪ ਗਵਾ ਲਵੇ ਅਤੇ ਕਦੋਂ ਮੁਹੱਬਤ ਤਸ਼ੱਦਦ ਬਣ ਜਾਵੇ, ਇਹੋ ਖਤਰਾ ਹੈ। ਸਾਡੇ ਮੁਲਕ ਦੇ ਲੱਖਾਂ ਮਨੁੱਖਾਂ ਨਾਲ, ਔਰਤਾਂ ਨਾਲ, ਮਰਦਾਂ ਨਾਲ, ਵਿਪ੍ਰੀਤਲਿੰਗੀ ਰਿਸ਼ਤਿਆਂ ਵਿਚ, ਸਮਲਿੰਗੀ ਰਿਸ਼ਤਿਆਂ ਵਿਚ, ਹਰ ਥਾਂ ਮੁਹੱਬਤ ਦੇ ਤਸ਼ੱਦਦ ਬਣਨ ਦਾ ਖਤਰਾ ਰਹਿੰਦਾ ਹੈ। ਇਸ ਦੀ ਕੀਮਤ ਜ਼ਿਆਦਾਤਰ ਔਰਤ ਜਾਂ ਔਰਤ-ਪਛਾਣ ਰੱਖਣ ਵਾਲੇ ਮਨੁਖਾਂ ਨੂੰ ਆਪਣਾ ਸਵੈ ਖਤਮ ਕਰਕੇ ਦੇਣੀ ਪੈਂਦੀ ਹੈ।
ਇਸ ਲਈ ਹੁਣ ਸਾਨੂੰ ਭਗਤੀਵਾਦੀ ਮੁਹੱਬਤ ਨੂੰ ਤਿਆਗ ਕੇ ਦੋ-ਤਰਫਾ ਮੁਹੱਬਤ ਨੂੰ ਅਪਣਾ ਲੈਣਾ ਚਾਹੀਦਾ ਹੈ। ਦੋ-ਤਰਫਾ ਮੁਹੱਬਤ ਵਿਚ ਕੋਈ ਰੱਬ ਨਹੀਂ ਅਤੇ ਕੋਈ ਦਾਸ ਨਹੀਂ, ਦੋਵੇਂ ਬਸ ਮਨੁੱਖ ਹਨ। ਪਰਸਪਰ ਮੁਹੱਬਤ ਸਾਨੂੰ ਸੜ ਚੁੱਕੇ ਰਿਸ਼ਤਿਆਂ ਤੋਂ ਆਜ਼ਾਦ ਕਰੇਗੀ ਅਤੇ ਆਪਣੀ ਪਸੰਦ ਨਾਲ ਖੁਸ਼ਗਵਾਰ ਰਿਸ਼ਤੇ ਲੱਭਣ ਦਾ ਮੌਕਾ ਦੇਵੇਗੀ। ਇਸ ਮੁਹੱਬਤ ਵਿਚ ਸਾਂਝੀਵਾਲਤਾ ਵੀ ਹੋਵੇਗੀ ਅਤੇ ਆਪਣੀ ਹੋਂਦ ਨੂੰ ਵਿਕਸਿਤ ਕਰਨ ਦੀ ਥਾਂ ਵੀ ਹੋਵੇਗੀ। ਅੰਤ ਵਿਚ, ਮੁਹੱਬਤ ਦੀ ਸਭ ਤੋਂ ਅਹਿਮ ਕੜੀ ਹੈ ਕਦਰ; ਦੋ ਮਨੁਖਾਂ ਦਾ ਇਕ ਦੂਜੇ ਦੇ ਅਸਤਿਤਵ ਦੀ ਕਦਰ ਕਰਦੇ ਰਹਿਣਾ ਹੀ ਸੱਚੀ ਮੁਹੱਬਤ ਦੀ ਪਛਾਣ ਹੋ ਸਕਦੀ ਹੈ।