ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਬੰਦ ਕੀਤੇ ਸਿਨੇਮਾ ਘਰਾਂ ਦੇ ਮੱਦੇਨਜ਼ਰ ਅਗਲੇ ਕੁਝ ਦਿਨਾਂ ਵਿਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਅੱਗੇ ਪਾ ਦਿੱਤੀਆਂ ਗਈਆਂ ਹਨ ਪਰ ਪਹਿਲਾਂ ਹੀ ਚੱਲ ਰਹੀਆਂ ਫਿਲਮਾਂ ‘ਤੇ ਮੰਦੀ ਛਾ ਗਈ ਹੈ। ਅਦਾਕਾਰ ਟਾਈਗਰ ਸ਼ਰੌਫ ਦੀ ਫਿਲਮ ‘ਬਾਗੀ 3’ ਅਤੇ ‘ਅੰਗਰੇਜ਼ੀ ਮੀਡੀਅਮ’ ਜਿਸ ਨਾਲ ਇਰਫਾਨ ਪਠਾਨ ਦੀ ਵਾਪਸੀ ਹੋਈ ਹੈ, ਉਪਰ ਸਭ ਤੋਂ ਵੱਧ ਅਸਰ ਪਿਆ ਹੈ।
ਭਾਰਤ ਵਿਚ 6 ਮਾਰਚ ਨੂੰ ਰਿਲੀਜ਼ ਹੋਈ ‘ਬਾਗੀ 3’ ਵਧੀਆ ਕਾਰੋਬਾਰ ਕਰ ਰਹੀ ਸੀ ਪਰ ਕਈ ਸੂਬਿਆਂ ਵਲੋਂ ਐਮਰਜੈਂਸੀ ਐਲਾਨੇ ਜਾਣ ਮਗਰੋਂ ਸਿਨੇਮਾਘਰ ਬੰਦ ਕਰ ਦਿੱਤੇ ਗਏ ਹਨ, ਜਿਸ ਦਾ ਫਿਲਮ ਦੇ ਕਾਰੋਬਾਰ ‘ਤੇ ਮਾੜਾ ਅਸਰ ਪੈਣਾ ਲਾਜ਼ਮੀ ਹੈ। ਇਹ ਫਿਲਮ ਇਸ ਵਰ੍ਹੇ 2020 ਦੀ ਪਹਿਲੇ ਦਿਨ ਸਭ ਤੋਂ ਵੱਧ ਕਮਾਈ (17.59 ਕਰੋੜ ਰੁਪਏ) ਕਰਨ ਵਾਲੀ ਫਿਲਮ ਬਣੀ ਸੀ। ਹੁਣ ਦਿੱਲੀ, ਮਹਾਰਾਸ਼ਟਰ, ਜੰਮੂ, ਬਿਹਾਰ, ਉੜੀਸਾ, ਕਰਨਾਟਕ ਅਤੇ ਕੇਰਲ ਵਿਚ ਬੰਦ ਕੀਤੇ ਸਿਨੇਮਾਘਰਾਂ ਕਾਰਨ ਫਿਲਮ ਦਾ ਕਾਰੋਬਾਰ ਇਕਦਮ ਹੇਠਾਂ ਆ ਗਿਆ ਹੈ। ਇਸ ਹਾਲਾਤ ਵਿਚ ‘ਬਾਗੀ 3’ ਅਤੇ ਰੋਹਿਤ ਸ਼ੈਟੀ ਦੀ ਅੱਗੇ ਪਾਈ ਗਈ ਫਿਲਮ ‘ਸੂਰਿਯਾਵੰਸ਼ੀ’ ਦੇ ਕਾਰੋਬਾਰ ‘ਤੇ 15-20 ਫੀਸਦ ਤੱਕ ਅਸਰ ਪਵੇਗਾ। ਫਿਲਮ ‘ਅੰਗਰੇਜ਼ੀ ਮੀਡੀਅਮ’ ਉਪਰ ਇਸ ਦਾ ਵੱਡਾ ਅਸਰ ਪਵੇਗਾ ਅਤੇ ਇਸ ਦਾ 20 ਤੋਂ 30 ਫੀਸਦ ਕਾਰੋਬਾਰ ਪ੍ਰਭਾਵਿਤ ਹੋਵੇਗਾ।
ਉਧਰ, ਕਰੋਨਾਵਾਇਰਸ ਦਾ ਅਸਰ ਲਾਸ ਏਂਜਲਸ (ਅਮਰੀਕਾ) ਹੋਣ ਵਾਲੇ ਭਾਰਤੀ ਫਿਲਮ ਮੇਲੇ ‘ਤੇ ਵੀ ਪਿਆ ਹੈ। ‘ਇੰਡੀਆ ਫਿਲਮ ਫੈਸਟੀਵਲ ਲਾਸ ਏਂਜਲਸ’ ਦੇ ਪ੍ਰੰਬਧਕਾਂ ਨੇ 1 ਤੋਂ 5 ਅਪਰੈਲ ਤਕ ਹੋਣ ਵਾਲੇ ਇਸ ਮੇਲੇ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਮੇਲੇ ਦੇ ਬੋਰਡ ਦੀ ਚੇਅਰਪਰਸਨ ਕ੍ਰਿਸਟੀਨਾ ਮਾਰੌਡਾ ਨੇ ਕਿਹਾ ਹੈ ਕਿ ਕਰੋਨਾਵਾਇਰਸ ਮਹਾਮਾਰੀ ਨੂੰ ਫੈਲਣ ਅਤੇ ਲੋਕਾਂ ਨੂੰ ਇਸ ਤੋਂ ਬਚਾਉਣ ਲਈ ਇਹ ਕਦਮ ਉਠਾਇਆ ਗਿਆ ਹੈ।
‘ਅੰਗਰੇਜ਼ੀ ਮੀਡੀਅਮ’ ਉਪਰ ਮਾਰ: ਅਦਾਕਾਰ ਇਰਫਾਨ ਦੀ ਫਿਲਮ ‘ਅੰਗਰੇਜ਼ੀ ਮੀਡੀਅਮ’ ਕਰੋਨਾਵਾਇਰਸ ਦੇ ਪ੍ਰਭਾਵ ਕਾਰਨ ਆਪਣੇ ਪਹਿਲੇ ਦਿਨ ਸਿਰਫ 4.03 ਕਰੋੜ ਰੁਪਏ ਦੀ ਕਮਾਈ ਹੀ ਕਰ ਸਕੀ। ਕਰੋਨਾਵਾਇਰਸ ਮਹਾਂਮਾਹੀ ਦਾ ਅਸਰ ਸਿਨੇਮਾ ਉਦਯੋਗ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਮਹਾਂਮਾਰੀ ਤੋਂ ਬਚਾਅ ਦੇ ਮੱਦੇਨਜ਼ਰ ਦੇਸ਼ ਦੇ ਕਈ ਸੂਬਿਆਂ ਬਿਹਾਰ, ਦਿੱਲੀ, ਮੱਧ ਪ੍ਰਦੇਸ਼, ਕਰਨਾਟਕ, ਕੇਰਲਾ ਤੇ ਜੰਮੂ ਸਣੇ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਆਦਿ ਵਿਚ ਸਿਨੇਮਾ ਘਰ ਬੰਦ ਕਰ ਦਿੱਤੇ ਗਏ ਹਨ। ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵੀਟ ਰਾਹੀਂ ਦੱਸਿਆ, ‘ਅੰਗਰੇਜ਼ੀ ਮੀਡੀਅਮ ਨੇ ਸ਼ੁੱਕਰਵਾਰ 4.03 ਕਰੋੜ ਰੁਪਏ ਕਮਾਏ। ਕਰੋਨਵਾਇਰਸ ਕਾਰਨ ਸਿਨੇਮਾ ਘਰ ਬੰਦ ਹੋਣ ਦਾ ਅਸਰ ਫਿਲਮ ਉਦਯੋਗ ‘ਤੇ ਪਿਆ ਹੈ।’ ਇਸੇ ਦੌਰਾਨ ਫਿਲਮ ਦੇ ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਭਾਰਤ ਵਿਚ ਸਥਿਤੀ ਸੁਧਰਨ ਅਤੇ ਸਿਨੇਮਾ ਘਰ ਖੁੱਲ੍ਹਣ ਮਗਰੋਂ ਇਸ ਫਿਲਮ ਨੂੰ ਦੁਬਾਰਾ ਰਿਲੀਜ਼ ਕੀਤਾ ਜਾਵੇਗਾ।
ਕਰੋਨਾਵਾਇਰਸ ਦੇ ਮੱਦੇਨਜ਼ਰ ਅਦਾਕਾਰ ਸ਼ਾਹਿਦ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ‘ਜਰਸੀ’ ਦੀ ਸ਼ੂਟਿੰਗ ਰੋਕ ਦਿੱਤੀ ਹੈ। ਸ਼ਾਹਿਦ ਕਪੂਰ ਜੋ ਫਿਲਮ ਦੀ ਸ਼ੂਟਿੰਗ ਲਈ ਚੰਡੀਗੜ੍ਹ ਪੁੱਜ ਗਿਆ ਸੀ, ਨੇ ਟਵੀਟ ‘ਚ ਕਿਹਾ, “ਅਜਿਹੇ ਸਮੇਂ ਦੋਰਾਨ ਸਾਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵਾਇਰਸ ਨੂੰ ਰੋਕਣ ਲਈ ਅਸੀਂ ਕਦਮ ਚੁੱਕੀਏ। ਫਿਲਮ ਦੀ ਟੀਮ ਨੇ ਸ਼ੂਟਿੰਗ ਰੋਕਣ ਦਾ ਫੈਸਲਾ ਕੀਤਾ ਹੈ ਅਤੇ ਯੂਨਿਟ ਦੇ ਸਾਰੇ ਮੈਂਬਰ ਆਪਣੇ ਪਰਿਵਾਰਾਂ ਨਾਲ ਘਰਾਂ ‘ਚ ਹੀ ਰਹਿਣਗੇ।” ਗੌਤਮ ਤਿੰਨੌਰੀ ਵਲੋਂ ਬਣਾਈ ਜਾ ਰਹੀ ਇਹ ਫਿਲਮ ਤੇਲਗੂ ਭਾਸ਼ਾ ‘ਚ ਬਣੀ ਫਿਲਮ ਦਾ ਰੀਮੇਕ ਹੈ।
-ਆਮਨਾ ਕੌਰ