ਕਲਾਕਾਰ ਇਉਂ ਵੇਲਦੇ ਹਨ ਪ੍ਰਚਾਰ ਦੇ ਪਾਪੜ

ਕੀ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਕਲਾਕਾਰ ਆਪਣੀ ਫਿਲਮ ਦੇ ਪ੍ਰਚਾਰ ਲਈ ਕਿਹੜੇ-ਕਿਹੜੇ ਅਨੋਖੇ ਤਰੀਕੇ ਅਪਣਾ ਰਹੇ ਹਨ? ਇਹ ਅਜਿਹੇ ਤਰੀਕੇ ਹਨ ਜੋ ਫਿਲਮ ਨੂੰ ਹਿਟ ਹੋਣ ਦਾ ਤਮਗਾ ਤਾਂ ਭਾਵੇਂ ਨਾ ਦਿਵਾਉਣ, ਪਰ ਐਕਟਰ ਅਤੇ ਫਿਲਮ ਦੀ ਚਰਚਾ ਇਕ ਵਾਰ ਤਾਂ ਜ਼ਰੂਰ ਹੋ ਜਾਂਦੀ ਹੈ। ਇਸ ਜ਼ੁਬਾਨੀ ਪ੍ਰਚਾਰ ਨੂੰ ਵੀ ਅੱਜ ਦੇ ਦੌਰ ਵਿਚ ਸਫਲਤਾ ਦੀ ਗਰੰਟੀ ਮੰਨਿਆ ਜਾਂਦਾ ਹੈ।

ਜਨਵਰੀ ਵਿਚ ਰਿਲੀਜ਼ ਹੋਈ ਫਿਲਮ ‘ਪੰਗਾ’ ਨੇ ਚੰਗੀ ਕਮਾਈ ਕੀਤੀ ਹੈ। ਇਸ ਫਿਲਮ ਦੇ ਪ੍ਰਚਾਰ ਵਿਚ ਕੰਗਨਾ ਰਣੌਤ ਨੇ ਖੁਦ ਨੂੰ ਰੇਲਵੇ ਕਰਮਚਾਰੀ ਬਣਾ ਲਿਆ ਅਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਮੁੰਬਈ ਵਿਚ ਟਿਕਟਾਂ ਜਾਰੀ ਕੀਤੀਆਂ। ਇਹ ਪ੍ਰਸ਼ੰਸਕਾਂ ਨਾਲ ਜੁੜਨ ਦਾ ਦਿਲਚਸਪ ਤਰੀਕਾ ਹੈ। ਬਾਲੀਵੁਡ ਵਾਲੇ ਫਿਲਮਾਂ ਦੇ ਪ੍ਰਚਾਰ ਤੋਂ ਇਲਾਵਾ ਗੀਤਾਂ ਦਾ ਪ੍ਰਚਾਰ ਵੀ ਵਿਲੱਖਣ ਅੰਦਾਜ਼ ਵਿਚ ਕਰਦੇ ਹਨ। ਅਭਿਨੇਤਾ ਕਾਰਤਿਕ ਆਰਿਅਨ ਨੇ ਫਿਲਮ ‘ਪਤੀ-ਪਤਨੀ ਔਰ ਵੋ’ ਦੇ ਇਕ ਗੀਤ ਨੂੰ ਜਾਰੀ ਕਰਨ ਅਤੇ ਹਿਟ ਕਰਾਉਣ ਲਈ ਦਿੱਲੀ ਸਥਿਤ ਪੀ.ਵੀ.ਆਰ. ਪਲਾਜ਼ਾ ਦੀ ਛੱਤ ‘ਤੇ ਚੜ੍ਹ ਕੇ ਡਾਂਸ ਕੀਤਾ ਸੀ। ਇਹ ਗੀਤ ਸੀ ਆਪਣੇ ਜ਼ਮਾਨੇ ਦੀ ਸੁਪਰ ਹਿੱਟ ਜੋੜੀ ਗੋਵਿੰਦਾ ਅਤੇ ਰਵੀਨਾ ਟੰਡਨ ਦਾ- ‘ਅੱਖੀਓਂ ਸੇ ਗੋਲੀ ਮਾਰੇ’।
14 ਫਰਵਰੀ ਨੂੰ ਰਿਲੀਜ਼ ਹੋਈ ਫਿਲਮ ‘ਲਵ ਆਜ ਕਲ’ ਦਾ ਪ੍ਰਚਾਰ ਕਾਫੀ ਖਤਰਨਾਕ ਸੀ। ਇਸ ਫਿਲਮ ਦੇ ਹੀਰੋ-ਹੀਰੋਇਨ ਕਾਰਤਿਕ ਆਰਿਅਨ ਅਤੇ ਸਾਰਾ ਅਲੀ ਖਾਨ ਇਕ ਯੂਨੀਵਰਸਿਟੀ ਵਿਚ ਪ੍ਰਚਾਰ ਲਈ ਕੈਂਪਸ ਵਿਚ ਖੜ੍ਹੀ ਬੱਸ ਦੀ ਛੱਤ ‘ਤੇ ਸਨ। ਉਥੋਂ ਕਾਰਤਿਕ ਨੇ ਸਾਰਾ ਨੂੰ ਗਰਾਊਂਡ ਵਿਚ ਛਾਲ ਮਾਰਨ ਲਈ ਕਿਹਾ ਤਾਂ ਸਾਰਾ ਨੇ ਆਰਿਅਨ ਨੂੰ ਹੌਲੀ ਜਿਹੀ ਪਿਆਰ ਵਾਲਾ ਥੱਪੜ ਮਾਰਿਆ।
ਜਨਵਰੀ ਵਿਚ ਰਿਲੀਜ਼ ਹੋਈ ਫਿਲਮ ‘ਸਟਰੀਟ ਡਾਂਸਰ 3’ ਟਿਕਟ ਖਿੜਕੀ ਉਤੇ ਤਾਂ ਕੋਈ ਕਮਾਲ ਨਹੀਂ ਕਰ ਸਕੀ, ਪਰ ਰੀਮੇਕ ਗੀਤਾਂ ਨੂੰ ਹੋਰ ਸੁਪਰ-ਡੁਪਰ ਹਿਟ ਕਰਨ ਦੇ ਨਾਲ ਹੀਰੋ-ਹੀਰੋਇਨ ਦੇ ਪ੍ਰਸ਼ੰਸਕਾਂ ਦੀ ਸੰਖਿਆ ਵਾਹਵਾ ਵਧ ਗਈ। ਸਰਦੀ ਵਿਚ ਵਰੁਣ ਧਵਨ ਤੇ ਸ਼੍ਰਧਾ ਕਪੂਰ ਨੇ ਦਿੱਲੀ ਦੀ ਸਰਦੀ ਵਿਚ ‘ਮੁਕਾਬਲਾ’, ‘ਗਰਮੀ’ ਅਤੇ ‘ਲਗਦੀ ਲਾਹੌਰ ਦੀ’ ਗੀਤਾਂ ‘ਤੇ ਡਾਂਸ ਕੀਤਾ।
ਰਾਣੀ ਮੁਖਰਜੀ ਨੇ ਫਿਲਮ ‘ਮਰਦਾਨੀ 2’ ਲਈ ਘੱਟ ਹਰਮਨ ਪਿਆਰੀ ਪ੍ਰਚਾਰ ਰਣਨੀਤੀ ਅਪਣਾਈ। ਇਸ ਲਈ ਪ੍ਰਚਾਰ ਪ੍ਰੋਗਰਾਮਾਂ ਦੀ ਜਗ੍ਹਾ ਉਹ ਦੇਸ਼ ਦੀਆਂ ਅਸਲੀ ਮਰਦਾਨੀਆਂ ਨੂੰ ਮਿਲੀ। ਉਸ ਨੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਬਾਰਾਮੂਲਾ, ਜੰਮੂ ਅਤੇ ਕਸ਼ਮੀਰ ਵਿਚ ਜਵਾਨਾਂ ਨਾਲ ਆਜ਼ਾਦੀ ਦਿਵਸ ਵੀ ਮਨਾਇਆ।
‘ਜਬ ਹੈਰੀ ਮੈਟ ਸੇਜਲ’ ਦਾ ਪ੍ਰਚਾਰ ਦਿਲਚਸਪ ਢੰਗ ਨਾਲ ਕੀਤਾ ਗਿਆ ਸੀ। ਇਸ ਫਿਲਮ ਦੇ ਹੀਰੋ ਸ਼ਾਹਰੁਖ ਖਾਨ ਨੇ ਸੇਜਲ ਨਾਂ ਦੀਆਂ ਲੜਕੀਆਂ ਨੂੰ ਮਿਲਣ ਦਾ ਸੱਦਾ ਦਿੱਤਾ। ਇਸ ਲਈ ਅਲਾਹਾਬਾਦ ਵਿਚ 7000 ਤੋਂ ਜ਼ਿਆਦਾ ਸੇਜਲ ਨਾਂ ਦੀਆਂ ਲੜਕੀਆਂ ਨੂੰ ਉਸ ਨਾਲ ਮਿਲਣ ਦਾ ਮੌਕਾ ਮਿਲਿਆ। ਫਿਲਮ ‘ਦਾਵਤ-ਏ-ਇਸ਼ਕ’ ਦੇ ਪ੍ਰਚਾਰ ਲਈ ਪਰਿਣੀਤੀ ਚੋਪੜਾ ਅਤੇ ਆਦਿਤਿਆ ਰਾਏ ਕਪੂਰ ਸਥਾਨਕ ਵਿਅੰਜਨਾਂ ਦਾ ਸਵਾਦ ਚਖਣ ਲਈ ਮੁੰਬਈ ਤੋਂ ਅੰਬਾਲਾ ਅਤੇ ਦਿੱਲੀ ਤੋਂ ਜੈਪੁਰ ਆਏ। ਦੇਸ਼ ਭਰ ਵਿਚ ਕਈ ਪ੍ਰਕਾਰ ਦੇ ਵਿਅੰਜਨਾਂ ਦਾ ਸਵਾਦ ਚਖਣ ਵਾਲੀ ਇਹ ਰਣਨੀਤੀ ਸਭ ਤੋਂ ਜ਼ਿਆਦਾ ਸੁਆਦੀ ਸੀ।
ਨਵਾਜ਼ੂਦੀਨ ਸਿਦੀਕੀ ਨੇ ਆਪਣੀ ਫਿਲਮ ‘ਫਰੀਕੀ ਅਲੀ’ ਦੇ ਪ੍ਰਚਾਰ ਲਈ ਹੈਦਰਾਬਾਦ ਦੇ ਚਾਰਮੀਨਾਰ ਵਿਚ ਬੌਕਸਰ ਵੇਚੇ। ਇਸ ਪ੍ਰਚਾਰ ਪ੍ਰੋਗਰਾਮ ਦੀ ਫਿਲਮ ਦੇ ਨਿਰਦੇਸ਼ਕ ਸੋਹੇਲ ਖਾਨ ਨੇ ਫੇਸਬੁੱਕ ‘ਤੇ ਵੀਡੀਓ ਸਾਂਝੀ ਕੀਤੀ। ਸਾਲ 2012 ਵਿਚ ਆਈ ਫਿਲਮ ‘ਰਾਜ 3’ ਅੰਧਵਿਸ਼ਵਾਸ ‘ਤੇ ਆਧਾਰਿਤ ਸੀ। ਇਸ ਦਾ ਪ੍ਰਚਾਰ ਫਿਲਮ ਦੀ ਮੁੱਖ ਅਭਿਨੇਤਰੀ ਬਿਪਾਸ਼ਾ ਬਾਸੂ ਨੇ ਅਨੋਖੇ ਤਰੀਕੇ ਨਾਲ ਕੀਤਾ ਸੀ। ਇਸ ਲਈ ਬਿਪਾਸ਼ਾ ਨੇ ਕਈ ਸ਼ਹਿਰਾਂ ਦੇ ਟਰੈਫਿਕ ਸਿਗਨਲਾਂ ‘ਤੇ ਨਿੰਬੂ ਅਤੇ ਮਿਰਚਾਂ ਵੰਡੀਆਂ ਸਨ।
ਕਈ ਵਾਰ ਫਿਲਮ ਦੇ ਵਿਸ਼ੇ ਨਾਲ ਮਿਲਦਾ ਜੁਲਦਾ ਪ੍ਰਚਾਰ ਹੋਇਆ ਅਤੇ ਕਦੇ ਇਸ਼ਤਿਹਾਰਾਂ ਜ਼ਰੀਏ। ਅੱਜ ਕੱਲ੍ਹ ਫਿਲਮ ਪ੍ਰੋਮੋਟਰ ਟੈਲੀਵਿਜ਼ਨ ਸੀਰੀਜ਼ ਵੀ ਬਣਾ ਰਹੇ ਹਨ। ਸ਼ਾਹਰੁਖ ਖਾਨ ਅਤੇ ਮਾਹਿਰਾ ਖਾਨ ਦੀ ਫਿਲਮ ‘ਰਈਸ’ ਆਈ ਸੀ ਤਾਂ ਸਟਾਰ ਕਾਸਟ ਨੇ ਮੁੰਬਈ ਦੀ ਲੋਕਲ ਟਰੇਨ ਵਿਚ ਸਫਰ ਕਰਕੇ ਸਭ ਦਾ ਧਿਆਨ ਖਿੱਚਿਆ। ‘ਟੌਇਲਟ- ਏਕ ਪ੍ਰੇਮ ਕਥਾ’ ਦੇ ਪ੍ਰਚਾਰ ਦੌਰਾਨ ਅਕਸ਼ੈ ਕੁਮਾਰ ਨੇ ਤਾਂ ਮੱਧ ਪ੍ਰਦੇਸ਼ ਵਿਚ ਟੌਇਲਟ ਤਕ ਖੋਦਿਆ ਸੀ। ਸੋਨਮ ਨੇ ਆਪਣੀ ਫਿਲਮ ‘ਪ੍ਰੇਮ ਰਤਨ ਧਨ ਪਾਓ’ ਦੇ ਪ੍ਰਚਾਰ ਲਈ ਆਪਣੇ ਪ੍ਰਸ਼ੰਸਕਾਂ ਨੂੰ ਨੱਚਣ ਲਈ ਕਿਹਾ ਅਤੇ ਇਹ ਤਰੀਕਾ ਕੰਮ ਕਰ ਗਿਆ।
ਵਿਦਿਆ ਬਾਲਨ ਆਪਣੀ ਫਿਲਮ ‘ਬੌਬੀ ਜਾਸੂਸ’ ਦੇ ਪ੍ਰਚਾਰ ਲਈ ਭਿਖਾਰੀ ਬਣ ਗਈ ਅਤੇ ਹੈਦਰਾਬਾਦ ਦੇ ਰੇਲਵੇ ਸਟੇਸ਼ਨ ਦੇ ਬਾਹਰ ਭਿਖਾਰੀਆਂ ਦੀ ਭੀੜ ਵਿਚ ਬੈਠ ਗਈ। ਉਸ ਦੀ ਦਿੱਖ ਇੰਨੀ ਸ਼ਾਨਦਾਰ ਸੀ ਕਿ ਕੋਈ ਉਸ ਨੂੰ ਪਛਾਣ ਨਹੀਂ ਸਕਦਾ ਸੀ, ਤਾਂ ਹੀ ਇਕ ਔਰਤ ਨੇ ਉਸ ਨੂੰ ਰਸਤੇ ਵਿਚ ਆਉਣ ਲਈ ਝਿੜਕ ਦਿੱਤਾ ਸੀ। ਫਿਲਮ ‘ਕਹਾਨੀ’ ਦੇ ਪ੍ਰਚਾਰ ਲਈ ਉਸ ਨੇ ਗਰਭਵਤੀ ਦਿਸਣ ਲਈ ਪੇਟ ‘ਤੇ ਕੁਝ ਸਮਾਨ ਬੰਨ੍ਹ ਲਿਆ ਸੀ।
ਆਲੀਆ ਭੱਟ ਨੇ ਅਰਜੁਨ ਕਪੂਰ ਨਾਲ ਆਪਣੇ ਵਿਆਹ ਦਾ ਕਾਰਡ ਇੰਟਰਨੈਟ ‘ਤੇ ਪੋਸਟ ਕਰ ਦਿੱਤਾ। ਕਾਰਨ ਸੀ, ਸਿਰਫ ਫਿਲਮ ਦਾ ਪ੍ਰਚਾਰ। ਇਕ ਵਾਰ ਤਾਂ ਲੋਕ ਹੈਰਾਨ ਹੋ ਗਏ ਕਿ ਆਲੀਆ ਅਤੇ ਅਰਜੁਨ ਵਿਆਹ ਕਰ ਰਹੇ ਹਨ, ਪਰ ਬਾਅਦ ਵਿਚ ਪਤਾ ਲੱਗਿਆ ਕਿ ਇਹ ਹਥਕੰਡਾ ਫਿਲਮ ‘2 ਸਟੇਟਸ’ ਦੇ ਪ੍ਰਚਾਰ ਦਾ ਤਰੀਕਾ ਸੀ।
‘ਫਿਲੌਰੀ’ ਅਨੁਸ਼ਕਾ ਸ਼ਰਮਾ ਅਤੇ ਦਿਲਜੀਤ ਦੋਸਾਂਝ ਦੀ ਫਿਲਮ ਸੀ। ਇਹ ਬੇਸ਼ੱਕ ਟਿਕਟ ਖਿੜਕੀ ‘ਤੇ ਕੋਈ ਕਮਾਲ ਨਹੀਂ ਕਰ ਸਕੀ, ਪਰ ਫਿਲਮ ਦਾ ਪ੍ਰਚਾਰ ਬੇਹੱਦ ਅਲੱਗ ਸੀ। ਇਸ ਫਿਲਮ ਦੇ ਪ੍ਰਚਾਰ ਲਈ ਟੈਲੀਵਿਜ਼ਨ ਸੀਰੀਜ਼ ਚਲਾਈ ਗਈ ਸੀ ਜਿਸ ਵਿਚ ਫਿਲੌਰੀ ਪ੍ਰੇਤ ਆਤਮਾ ਬਣ ਕੇ ਕਦੇ ਔਸਕਰ ਤਾਂ ਕਦੇ ਪੁਲਾੜ ਵਿਚ ਨਜ਼ਰ ਆਈ।
ਆਮਿਰ ਖਾਨ ਦੇ ਪ੍ਰਚਾਰ ਦੇ ਮਾਧਿਅਮ ਸਭ ਤੋਂ ਵਧੀਆ ਹੁੰਦੇ ਹਨ। ਉਹ ਸਿੱਧੇ ਆਮ ਆਦਮੀ ਨਾਲ ਜੁੜਦੇ ਹਨ। ਪਿਛਲੇ ਸਾਲ ਆਪਣੀ ਫਿਲਮ ‘ਠੱਗਜ਼ ਆਫ ਹਿੰਦੁਸਤਾਨ’ ਦੇ ਪ੍ਰਚਾਰ ਦੌਰਾਨ ਉਹ ਨੱਕ ਵਿਚ ਵੱਡਾ ਕੋਕਾ ਅਤੇ ਕੰਨਾਂ ਵਿਚ ਵਾਲੀਆਂ ਤੇ ਨਾਲ ਹੀ ਅੱਖਾਂ ਵਿਚ ਸੁਰਮਾ ਪਾ ਕੇ ਸੂਟ ਬੂਟ ਪਹਿਨ ਕੇ ਹੀ ਕਿਸੇ ਪ੍ਰੋਗਰਾਮ ਵਿਚ ਪਹੁੰਚਦਾ ਸੀ। ਫਿਲਮ ‘ਗਜ਼ਨੀ’ ਦੇ ਪ੍ਰਚਾਰ ਲਈ ਵੀ ਆਮਿਰ ਨੇ ਸਿਰ ਮੁੰਨਵਾਇਆ ਸੀ। ਅਕਸ਼ੈ ਕੁਮਾਰ ਦਾ ਅੰਦਾਜ਼ ਵੱਖਰਾ ਹੈ। ਜਦੋਂ ਫਿਲਮ ‘ਹਾਊਸਫੁਲ 4’ ਰਿਲੀਜ਼ ਹੋਈ ਤਾਂ ਉਹ ਪੂਰੀ ਸਟਾਰ ਕਾਸਟ ਨਾਲ ਟਰੇਨ ਵਿਚ ਪ੍ਰਚਾਰ ਲਈ ਚੜ੍ਹ ਗਿਆ। ਉਹ ਗੱਡੀ ਦੇ 8 ਕੋਚ ਬੁੱਕ ਕਰਵਾ ਕੇ ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ ਅਤੇ ਕ੍ਰਿਤੀ ਖਰਬੰਦਾ ਸਮੇਂ ਇਸ ‘ਤੇ ਗਿਆ।
ਸਨੀ ਲਿਓਨੀ ਦੀ ਪ੍ਰਚਾਰ ਰਣਨੀਤੀ ਕਾਫੀ ਅਲੱਗ ਅਤੇ ਅਜੀਬ ਹੈ। ਆਪਣੀ ਫਿਲਮ ‘ਰਾਗਿਨੀ ਐਮ.ਐਮ.ਐਸ਼’ ਦੇ ਪ੍ਰਚਾਰ ਲਈ ਟੀਮ ਨੇ ਕਈ ਆਟੋ ਚਾਲਕਾਂ ਨੂੰ ਆਪਣੇ ਆਟੋ ‘ਤੇ ‘ਰਾਗਿਨੀ ਐਮ.ਐਮ.ਐਸ਼ ਦੇਖਿਆ?’ ਲਿਖਵਾਇਆ ਸੀ। ਇਹ ਪ੍ਰਚਾਰ ਰਣਨੀਤੀ ਇੰਨੀ ਹਿੱਟ ਹੋਈ ਕਿ ਰਾਤੋ-ਰਾਤ ਗੂਗਲ ਸਰਚ ‘ਤੇ ਇਹੀ ਖੋਜਿਆ ਗਿਆ। ਫਿਲਮ ‘ਜਿਸਮ 2’ ਲਈ ਉਸ ਦੇ ਕੱਪੜਿਆਂ ਨੂੰ ਨਿਲਾਮੀ ਲਈ ਰੱਖਿਆ ਗਿਆ ਸੀ।
ਆਪਣੀ ਫਿਲਮ ‘ਤਮਾਸ਼ਾ’ ਦਾ ਪ੍ਰਚਾਰ ਕਰਦੇ ਹੋਏ ਰਣਬੀਰ, ਦੀਪਿਕਾ ਅਤੇ ਇਮਤਿਆਜ਼ ਅਲੀ ਨੇ ਮੁੰਬਈ ਤੋਂ ਦਿੱਲੀ ਤਕ ਟਰੇਨ ਰਾਹੀਂ ਯਾਤਰਾ ਕੀਤੀ। ਇਸ ਰਣਨੀਤੀ ਨੇ ਕੰਮ ਕੀਤਾ ਅਤੇ ਮੀਡੀਆ ਨੂੰ ਆਪਣੇ ਵੱਲ ਖਿੱਚਿਆ। ਇਉਂ ਇਹ ਫਿਲਮ ਪੈਸਾ ਕਮਾਉਣ ਵਿਚ ਕਾਫੀ ਹੱਦ ਤਕ ਕਾਮਯਾਬ ਰਹੀ।
-ਦੀਪਤੀ ਅੰਗਰੀਸ਼