ਲੀਹੋਂ ਲੱਥੀ ਕੈਪਟਨ ਸਰਕਾਰ ਨੇ ਤਸ਼ੱਦਦ ਦਾ ਰਾਹ ਫੜਿਆ

ਅਧਿਆਪਕਾਂ ਨਾਲ ਖਿੱਚ-ਧੂਹ; ਔਰਤਾਂ ਨੂੰ ਵੀ ਨਾ ਬਖਸ਼ਿਆ
ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਥਾਨਕ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦਾ ਘਿਰਾਉ ਕਰਨ ਆਏ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਉਤੇ ਪੁਲਿਸ ਵੱਲੋਂ ਕੀਤੇ ਅੰਨ੍ਹੇ ਤਸ਼ੱਦਦ ਨੇ ਕੈਪਟਨ ਸਰਕਾਰ ਦੀ ਨੀਅਤ ਉਤੇ ਵੱਡੇ ਸਵਾਲ ਚੁੱਕੇ ਹਨ।

ਅਧਿਆਪਕਾਂ ਦੀ ਕੁੱਟਮਾਰ ਦੀਆਂ ਦਰਜਨਾਂ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਿਸ ਤੈਅ ਕਰ ਕੇ ਬੈਠੀ ਸੀ ਕਿ ਆਪਣਾ ਹੱਕ ਮੰਗ ਰਹੇ ਕਿਸੇ ਵੀ ਧਰਨਾਕਾਰੀ ਨੂੰ ਸੁੱਕਾ ਨਹੀਂ ਜਾਣ ਦੇਣਾ। ਇਹ ਅਧਿਆਪਕ ਆਪਣੀ ਜਾਨ ਬਚਾਉਣ ਲਈ ਲੁਕਦੇ ਨਜ਼ਰ ਆਏ ਪਰ ਪੁਲਿਸ ਨੇ ਇਕੱਲੇ-ਇਕੱਲੇ ਨੂੰ ਫੜ ਦੇ ਧੂਹਿਆ। ਇਥੋਂ ਤੱਕ ਕਿ ਮਹਿਲਾ ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਪੁਲਿਸ ਨੇ ਇਹ ਤਸ਼ੱਦਦ ਉਸ ਵੇਲੇ ਢਾਹਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਮਹਿਲਾ ਦਿਵਸ ਦੀਆਂ ਵਧਾਈਆਂ ਦੇ ਰਹੇ ਸਨ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਬੇਵੱਸ ਹੋਏ ਅਧਿਆਪਕਾਂ ਨੇ ਸਮੂਹਿਕ ਖੁਦਕੁਸ਼ੀ ਦਾ ਫੈਸਲਾ ਕੀਤਾ ਤੇ ਦੋ ਅਧਿਆਪਕਾਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਜਿਨ੍ਹਾਂ ਨੂੰ ਗੋਤਾਖੋਰਾਂ ਨੇ ਬੜੀ ਮੁਸ਼ਕਿਲ ਨਾਲ ਬਚਾਇਆ।
ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਕੁੱਟ ਖਾਣ ਵਾਲੇ 100 ਤੋਂ ਵੱਧ ਅਧਿਆਪਕਾਂ ਖਿਲਾਫ ਵੱਖ-ਵੱਖ ਥਾਣਿਆਂ ‘ਚ ਕੇਸ ਵੀ ਦਰਜ ਕਰ ਲਏ ਗਏ। ਪੁਲਿਸ ਨਾਲ ਹੱਥੋਪਾਈ ਕਰਨ, ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਤੇ ਭਾਖੜਾ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੇ ਦੋਸ਼ਾਂ ਤਹਿਤ ਬੇਰੁਜ਼ਗਾਰ ਅਧਿਆਪਕਾਂ ‘ਤੇ ਕੇਸ ਦਰਜ ਕੀਤੇ ਗਏ ਹਨ। ਇਹ ਬੇਰੁਜ਼ਗਾਰ, ਅਧਿਆਪਕਾਂ ਦੀ ਭਰਤੀ ਨੂੰ ਮੋਕਲਾ ਕਰਕੇ 12 ਹਜ਼ਾਰ ਤੱਕ ਕਰਨ ਸਮੇਤ ਹੋਰ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਕੋਲ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦਾ ਗਿਲਾ ਹੈ ਕਿ ਪੰਜਾਬ ਸਰਕਾਰ ਅਧਿਆਪਕਾਂ ਦੀ 1664 ਅਸਾਮੀਆਂ ਦੀ ਭਰਤੀ ਕੱਢ ਕੇ ਉਨ੍ਹਾਂ ਨਾਲ ਮਜ਼ਾਕ ਕਰ ਰਹੀ ਹੈ।
ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਆਪਣਾ ਹੱਕ ਮੰਗ ਰਹੇ ਨੌਜਵਾਨਾਂ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੋਵੇ। ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਹਲਕੇ ਸੰਗਰੂਰ ਵਿਚ ਇਹ ਅਧਿਆਪਕ ਪਿਛਲੇ ਤਿੰਨ ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਹਨ ਪਰ ਸਰਕਾਰ ਅੱਜ ਤੱਕ ਇਨ੍ਹਾਂ ਬੇਰੁਜ਼ਗਾਰਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋਈ। ਜਦੋਂ ਇਹ ਨੌਜਵਾਨ ਰੋਹ ਵਿਚ ਆਉਂਦੇ ਹਨ ਤਾਂ ਪ੍ਰਸ਼ਾਸਨ ਝੱਟ ਸਿੱਖਿਆ ਮੰਤਰੀ ਨਾਲ ਮੀਟਿੰਗ ਤੈਅ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਸ਼ਾਂਤ ਕਰ ਦਿੰਦਾ ਹੈ ਪਰ ਹੁਣ ਇਹ ਬੇਰੁਜ਼ਗਾਰ ਇੰਨੇ ਅੱਕ ਚੁੱਕੇ ਹਨ ਕਿ ਉਹ ਸਰਕਾਰ ਨਾਲ ਆਰਪਾਰ ਦੀ ਲੜਾਈ ਲਈ ਵੀ ਕਮਰਕੱਸੇ ਕਰੀ ਬੈਠੇ ਹਨ। ਇਨ੍ਹਾਂ ਬੇਰੁਜ਼ਗਾਰਾਂ ਦਾ ਦੋਸ਼ ਸਿਰਫ ਇੰਨਾ ਹੈ ਕਿ ਉਹ ਕੈਪਟਨ ਸਰਕਾਰ ਨੂੰ ਚੋਣਾਂ ਸਮੇਂ ਕੀਤੇ ਵਾਅਦੇ ਚੇਤੇ ਕਰਵਾ ਰਹੇ ਹਨ। ਦੱਸ ਦਈਏ ਕਿ ਕਾਂਗਰਸ ਨੇ ਵੋਟਾਂ ਲੈਣ ਵੇਲੇ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਪਰ ਜਦੋਂ ਸੱਤਾ ਮਿਲ ਗਈ ਤਾਂ ਕੈਪਟਨ ਦੇ ਰੰਗ-ਢੰਗ ਹੀ ਬਦਲ ਗਏ।
ਸਰਕਾਰ ਬਣਨ ਤੋਂ ਬਾਅਦ ਥਾਂ-ਥਾਂ ਨੌਕਰੀ ਮੇਲੇ ਤਾਂ ਲੱਗੇ ਪਰ ਇਨ੍ਹਾਂ ਮੇਲਿਆਂ ਵਿਚ ਸਰਕਾਰੀ ਨੌਕਰੀ ਦੀ ਝਾਕ ਵਿਚ ਪੁੱਜੇ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਹਵਾਲੇ ਕਰ ਦਿੱਤਾ ਗਿਆ। ਇਨ੍ਹਾਂ ਮੇਲਿਆਂ ਦੇ ਅੰਕੜਿਆਂ ਦੇ ਆਧਾਰ ਉਤੇ ਕੈਪਟਨ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਪਰ ਸਚਾਈ ਇਹ ਹੈ ਇਨ੍ਹਾਂ ਪ੍ਰਾਈਵੇਟ ਕੰਪਨੀਆਂ ਵਲੋਂ ਮਾਮੂਲੀ ਤਨਖਾਹ ਉਤੇ ਰੱਖੇ ਜ਼ਿਆਦਾਤਰ ਨੌਜਵਾਨਾਂ ਨੇ ਘਰ ਬੈਠਣ ਵਿਚ ਹੀ ਭਲਾਈ ਸਮਝੀ। ਦੱਸ ਦਈਏ ਕਿ ਰੁਜ਼ਗਾਰ ਸਮੇਤ ਵੱਡੇ ਵਾਅਦਿਆਂ ਨਾਲ ਸੱਤਾ ਵਿਚ ਆਏ ਕੈਪਟਨ ਸਰਕਾਰ 3 ਸਾਲ ਸੱਤਾ ਭੋਗ ਚੁੱਕੀ ਹੈ ਪਰ ਅਜੇ ਤੱਕ ਅਜਿਹਾ ਇਕ ਵੀ ਵਾਅਦਾ ਨਹੀਂ ਜੋ ਸਿਰੇ ਲੱਗਾ ਹੋਵੇ। ਲੋਕਾਂ ਦਾ ਹੁਣ ਸਬਰ ਟੁੱਟਣ ਲੱਗਾ ਹੈ ਤੇ ਸਰਕਾਰ ਡੰਡੇ ਦੇ ਜ਼ੋਰ ਉਤੇ ਇਸ ਲੋਕ ਰੋਹ ਨੂੰ ਦਬਾਉਣ ਦੀ ਰਣਨੀਤੀ ਉਤੇ ਚੱਲ ਰਹੀ ਹੈ। ਅਸਲ ਗੱਲ ਤਾਂ ਇਹ ਹੈ ਕਿ ਕੈਪਟਨ ਸਰਕਾਰ ਨੇ 3 ਸਾਲ ਸੱਤਾ ਭੋਗਣ ਤੋਂ ਬਾਅਦ ਵੀ ਸੂਬੇ ਦੇ ਵਿੱਤੀ ਹਾਲਾਤ ਨੂੰ ਪੈਰਾਂ ਸਿਰ ਕਰਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ। ਹੁਣ ਹਾਲਾਤ ਵੱਸੋਂ ਬਾਹਰ ਹਨ।
ਕੈਗ ਦੇ ਅੰਕੜਿਆਂ ਦੀ ਪੜਚੋਲ ਦੱਸਦੀ ਹੈ ਕਿ ਪਿਛਲੇ ਸਾਲ ਅਪਰੈਲ ਤੋਂ ਜਨਵਰੀ 2020 ਤੱਕ ਸਰਕਾਰ ਕੋਲ ਕੁਲ ਪ੍ਰਾਪਤੀਆਂ 43544.48 ਕਰੋੜ ਰੁਪਏ ਦੀਆਂ ਰਹੀਆਂ ਅਤੇ ਨਾਲ ਹੀ ਸਰਕਾਰ ਦਾ ਖਰਚਾ 44985.79 ਕਰੋੜ ਰੁਪਏ ਰਿਹਾ ਹੈ। ਸਰਕਾਰ ਦਾ ਪ੍ਰਾਇਮਰੀ ਸਰਪਲਸ (ਜੋ ਦਰਅਸਲ ਘਾਟਾ ਹੈ) 1441.31 ਕਰੋੜ ਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੂੰ ਆਪਣੇ ਸਾਰੇ ਸਰੋਤਾਂ ਤੋਂ ਪ੍ਰਾਪਤੀਆਂ 2019-20 ਦੇ ਬਜਟ ਅਨੁਮਾਨਾਂ ਦੇ ਤਕਰੀਬਨ 55-60 ਫੀਸਦ ਹੋਈਆਂ ਪਰ ਸਰਕਾਰ ਦੇ ਪੂੰਜੀਗਤ ਖਰਚਿਆਂ ਵਿਚ ਖਾਸਾ ਵਿੱਤੀ ਅਸੰਤੁਲਨ ਦੇਖਣ ਨੂੰ ਮਿਲਿਆ ਹੈ। ਸਰਕਾਰ ਦੁਆਰਾ ਮਿਥੇ ਗਏ 2019-20 ਦੇ ਬਜਟ ਅਨੁਮਾਨਾਂ ਅਨੁਸਾਰ, ਸਰਕਾਰ ਨੇ 22842 ਕਰੋੜ ਦਾ ਪੂੰਜੀਗਤ ਨਿਵੇਸ਼ ਕਰਨਾ ਸੀ ਜੋ ਅਸਲ ਵਿਚ ਕੇਵਲ 1621 ਕਰੋੜ ਹੀ ਹੋਇਆ ਹੈ। ਪੂੰਜੀਗਤ ਖਰਚਿਆਂ ਦੀ ਇਹ ਕਟੌਤੀ ਜੋ ਅੱਗੇ ਚੱਲ ਕੇ ਰੁਜ਼ਗਾਰ ਦੇ ਮੌਕਿਆਂ, ਕਰਮਚਾਰੀਆਂ ਤੇ ਕਾਰੀਗਰਾਂ ਦੀਆਂ ਤਨਖਾਹਾਂ ਅਤੇ ਸਰਕਾਰ ਦੇ ਟੈਕਸਾਂ ਵਿਚ ਕਮੀ ਦਾ ਕਾਰਨ ਬਣੇਗੀ। ਸਰਕਾਰ ਦੀ ਇਹ ਸਥਿਤੀ ਇਹੀ ਇਸ਼ਾਰਾ ਕਰਦੀ ਹੈ ਕਿ ਬਾਕੀ ਬਚੇ 2 ਸਾਲਾਂ ਵਿਚ ਉਸ ਤੋਂ ਕੋਈ ਚੋਣ ਵਾਅਦਾ ਸਿਰੇ ਚੜ੍ਹਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
———————
ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਘੇਰਾ
ਚੰਡੀਗੜ੍ਹ: ਬੇਰੁਜ਼ਗਾਰਾਂ ਉਤੇ ਪੁਲਿਸ ਦੇ ਤਸ਼ੱਦਦ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਵਿਚ ਅਧਿਆਪਕਾਂ ‘ਤੇ ਪੁਲਿਸ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ ਹੈ, ਜਿਸ ‘ਚ ਔਰਤਾਂ ਸਮੇਤ ਦਰਜਨ ਦੇ ਕਰੀਬ ਅਧਿਆਪਕ ਜ਼ਖਮੀ ਹੋ ਗਏ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨਾਲ ਅਜਿਹਾ ਸਲੂਕ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਇਸ ਦੀ ਨਿਖੇਧੀ ਕਰਦਿਆਂ ਇਸ ਨੂੰ ਸੂਬਾ ਸਰਕਾਰ ਦੀ ਸ਼ਰਮਨਾਕ ਘਟਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਮੰਗ ਕਰਨ ਗਏ ਬੇਰੁਜ਼ਗਾਰ ਅਧਿਆਪਕਾ ‘ਤੇ ਪੁਲਿਸ ਵਲੋਂ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਹੈ। ਇਸ ਮੌਕੇ ਪੁਲਿਸ ਵਲੋਂ ਸਾਡੀਆਂ ਧੀਆਂ ਦੀਆਂ ਇੱਜ਼ਤਾਂ ਦੀ ਕੀਤੀ ਖਿੱਚ-ਧੂਹ ਨਿੰਦਣਯੋਗ ਹੈ।