ਢੀਂਡਸਿਆਂ ਨੇ ਬਾਦਲ ਪਰਿਵਾਰ ਦੇ ਸਿਆਸੀ ਗੜ੍ਹ ਵਿਚ ਲਾਈ ਸੰਨ੍ਹ

ਬਠਿੰਡਾ: ਸੰਸਦ ਮੈਂਬਰ ਤੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਬਠਿੰਡਾ ਹਲਕੇ ‘ਚ ਬਾਦਲ ਪਰਿਵਾਰ ਦੇ ਸਿਆਸੀ ਗੜ੍ਹ ਵਿਚ ਸੰਨ੍ਹ ਲਾ ਕੇ ਆਪਣੀ ਰਾਜਸੀ ਤਾਕਤ ਦਾ ਮੁਜ਼ਾਹਰਾ ਕੀਤਾ। ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਸਮੇਤ ਅੱਧੀ ਦਰਜਨ ਆਗੂਆਂ ਨੇ ਢੀਂਡਸਾ ਦੀ ਅਗਵਾਈ ਕਬੂਲੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਫਤਿਹ ਬੁਲਾ ਦਿੱਤੀ।

ਦੱਸਣਯੋਗ ਹੈ ਕਿ ਬਾਦਲ ਪਰਿਵਾਰ ਦਾ ਪੂਰਾ ਤਾਣ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਉਤੇ ਲੱਗਾ ਹੋਇਆ ਸੀ। ਪਿੰਡ ਡੂਮਵਾਲੀ ‘ਚ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲੇ ਸਰਬਜੀਤ ਸਿੰਘ ਡੂਮਵਾਲੀ ਦੇ ਘਰ ਵੀ ਢੀਂਡਸਾ ਗਏ ਪਰ ਡੂਮਵਾਲੀ ਨੇ ਖੁੱਲ੍ਹੇ ਮਨ ਨਾਲ ਢੀਂਡਸਾ ਦੇ ਨਾਲ ਚੱਲਣ ਦਾ ਐਲਾਨ ਨਹੀਂ ਕੀਤਾ। ਸੰਸਦ ਮੈਂਬਰ ਢੀਂਡਸਾ ਵੱਲੋਂ ਵੱਖ ਸਿਆਸੀ ਰਾਹ ਫੜਨ ਮਗਰੋਂ ਬਠਿੰਡਾ ਹਲਕੇ ਦੀ ਉਨ੍ਹਾਂ ਦੀ ਇਹ ਪਹਿਲੀ ਫੇਰੀ ਸੀ। ਜਦ ਵੱਡੇ ਢੀਂਡਸਾ ਨੇ ਆਪਣੇ ਦੌਰੇ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ ਤਾਂ ਸ਼੍ਰੋਮਣੀ ਕਮੇਟੀ ਨੇ ਪੂਰੀ ਤਰ੍ਹਾਂ ਉਨ੍ਹਾਂ ਤੋਂ ਦੂਰੀ ਬਣਾਈ। ਉਨ੍ਹਾਂ ਨੂੰ ਸਿਰੋਪਾਉ ਨਹੀਂ ਦਿੱਤਾ ਗਿਆ। ਨਾਰਾਜ਼ ਢੀਂਡਸਾ ਨੇ ਕਿਹਾ ‘ਤਖਤ ਸਭਨਾਂ ਦਾ ਸਾਂਝਾ ਹੈ ਤੇ ਇਹ (ਬਾਦਲ) ਹਲਕੀਆਂ ਗੱਲਾਂ ‘ਤੇ ਉਤਰ ਆਏ ਹਨ।’
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੂਹੀਏ ਵੱਡੇ ਢੀਂਡਸਾ ਦੀ ਪੈੜ ਨੱਪਦੇ ਰਹੇ। ਯੂਥ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ ਦੀ ਰਿਹਾਇਸ਼ ਉਤੇ ਗਿੱਲਪੱਤੀ ਸਮੇਤ ਕਈ ਆਗੂਆਂ ਨੇ ਢੀਂਡਸਾ ਦਾ ਪੱਲਾ ਫੜਿਆ। ਢੀਂਡਸਾ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਤੇ ਬਾਦਲਾਂ ਤੋਂ ਬਿਨਾਂ ਕਿਸੇ ਨਾਲ ਵੀ ਚੋਣ ਸਮਝੌਤਾ ਸੰਭਵ ਹੈ ਪਰ ਇਸ ਬਾਰੇ ਹਾਲੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਦਾ ਧਿਆਨ ਫਿਲਹਾਲ ਸ਼੍ਰੋਮਣੀ ਕਮੇਟੀ ਚੋਣਾਂ ਉਤੇ ਹੈ ਅਤੇ ਕੇਂਦਰ ਸਰਕਾਰ ਨੂੰ ਇਹ ਚੋਣ ਸਮੇਂ ਸਿਰ ਕਰਵਾਉਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਚੋਣਾਂ ਵਿਚ ਅਕਾਲੀ ਦਲ (1920) ਅਤੇ ਸ੍ਰੀ ਫੂਲਕਾ ਤੋਂ ਇਲਾਵਾ ਭਾਈ ਰਣਜੀਤ ਸਿੰਘ ਨੇ ਸਹਿਯੋਗ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ‘ਤਾਨਾਸ਼ਾਹ’ ਬਣਿਆ ਬੈਠਾ ਹੈ ਅਤੇ ਘਰ ਬੈਠ ਕੇ ਹੀ ਫੈਸਲੇ ਲਏ ਜਾ ਰਹੇ ਹਨ, ਪਰ ਲੋਕਾਂ ਦੇ ਹੜ੍ਹ ਅੱਗੇ ਹੰਕਾਰ ਨੂੰ ਮਾਰ ਪੈਣੀ ਹੀ ਹੈ। ਸੁਖਦੇਵ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਖਾਤਰ ਜੇਲ੍ਹਾਂ ਕੱਟੀਆਂ ਹਨ ਤੇ ਕੁਰਬਾਨੀਆਂ ਕੀਤੀਆਂ ਹਨ, ਇਸੇ ਲਈ ਮਾਣ ਸਤਿਕਾਰ ਮਿਲਿਆ ਹੈ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ ਨੂੰ ਢਾਹ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪੈਸਾ ਨਿੱਜੀ ਹਿੱਤਾਂ ਲਈ ਰੋੜ੍ਹਿਆ ਜਾ ਰਿਹਾ ਹੈ, ਜਿਸ ਦੀ ਜਾਂਚ ਨਵੀਂ ਬਣਨ ਵਾਲੀ ਸ਼੍ਰੋਮਣੀ ਕਮੇਟੀ ਕਰੇਗੀ। ਉਨ੍ਹਾਂ ਇਸ਼ਾਰਾ ਕੀਤਾ ਕਿ ਆਉਂਦੇ ਦਿਨਾਂ ਵਿਚ ਅਕਾਲੀ ਦਲ (ਬਾਦਲ) ਦੇ ਕਈ ਹੋਰ ਆਗੂ ਵੀ ਉਨ੍ਹਾਂ ਨਾਲ ਜੁੜ ਰਹੇ ਹਨ।
ਦੋ ਵਾਰ ਸੰਸਦ ਮੈਂਬਰ ਰਹੇ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕਰਦਿਆਂ ਦੋਸ਼ ਲਾਇਆ ਕਿ ਅਕਾਲੀ ਦਲ (ਬਾਦਲ) ਨੂੰ ਹੁਣ ‘ਨੌਕਰ’ ਚਲਾ ਰਹੇ ਹਨ ਜਦਕਿ ਚੁਣੇ ਨੁਮਾਇੰਦਿਆਂ ਦੀ ਕੋਈ ਵੁੱਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਨੂੰ ਹੁਣ ਵਪਾਰ ਲਈ ਵਰਤਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਮੈਨ ਰਾਜਵਿੰਦਰ ਕੌਰ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਕੌਰ, ਸਰਕਲ ਪ੍ਰਧਾਨ ਪਰਮਜੀਤ ਕੌਰ, ਐਸਈ ਵਿੰਗ ਦੇ ਜ਼ਿਲ੍ਹਾ ਕੋਆਰਡੀਨੇਟਰ ਅੰਗਰੇਜ਼ ਸਿੰਘ ਨੇ ਵੀ ਢੀਂਡਸਾ ਨਾਲ ਚੱਲਣ ਦਾ ਐਲਾਨ ਕੀਤਾ।
___________________________________________
‘ਢੀਂਡਸਾ ਪਰਿਵਾਰ ਸ਼੍ਰੋਮਣੀ ਕਮੇਟੀ ਚੋਣ ਨਹੀਂ ਲੜੇਗਾ’
ਲਹਿਰਾਗਾਗਾ: ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਉਹ ਤੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਾ ਖੁਦ ਚੋਣ ਲੜਨਗੇ ਅਤੇ ਨਾ ਹੀ ਪ੍ਰਧਾਨ ਬਣਾਉਣ ‘ਚ ਕੋਈ ਰੋਲ ਨਿਭਾਉਣਗੇ। ਇਲਾਕੇ ਵਿਚ ਗੜੇਮਾਰੀ ਦੇ ਸ਼ਿਕਾਰ ਪਿੰਡਾਂ ਦਾ ਦੌਰਾ ਕਰਨ ਮਗਰੋਂ ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ‘ਚ ਸਾਫ ਸੁਥਰੀ ਦਿੱਖ ਤੇ ਨਿਸ਼ਕਾਮ ਸੇਵਾ ਕਰਨ ਵਾਲੇ ਮੈਂਬਰਾਂ ਨੂੰ ਅੱਗੇ ਲੈ ਕੇ ਆਉਣ ਲਈ ਯਤਨਸ਼ੀਲ ਹਨ ਜਿਸ ਲਈ ਹਮਖਿਆਲੀ ਪਾਰਟੀਆਂ ਨਾਲ ਰਾਬਤਾ ਕਾਇਮ ਕਰਕੇ ਸਾਂਝਾ ਏਜੰਡਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਅਗਲਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾਉਣਾ ਹੈ। ਉਨ੍ਹਾਂ ਕੈਪਟਨ ਅਤੇ ਬਾਦਲਾਂ ਉਤੇ ਗਿਣੀ ਮਿਥੀ ਸਾਜ਼ਿਸ਼ ਕਰਕੇ ਬੇਅਦਬੀ ਦੀ ਜਾਂਚ ਲਈ ਅਸਲ ਦੋਸ਼ੀਆਂ ਦੀ ਸ਼ਨਾਖਤ ਨਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬਹਾਨੇਬਾਜ਼ੀ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।