ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੋਧੀਆਂ ਦੇ ਨਾਲ ਨਾਲ ਆਪਣਿਆਂ ਦੇ ਨਿਸ਼ਾਨੇ ਉਤੇ ਰਹੀ। ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਬਿਜਲੀ ਸਮਝੌਤਿਆਂ ਅਤੇ ਬੇਅਦਬੀ ਕਾਂਡ ਦੇ ਮੁੱਦੇ ਉਤੇ ਸਰਕਾਰ ਨੂੰ ਭੰਡਿਆ ਜਦਕਿ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਅਫਸਰਸ਼ਾਹੀ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਇਥੋਂ ਤੱਕ ਕਿਹਾ ਕਿ ਅਫਸਰਾਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ ਹੈ।
ਉਨ੍ਹਾਂ ਮੁੱਖ ਸਕੱਤਰ ਅਵਤਾਰ ਸਿੰਘ ਅਤੇ ਐਡਵੋਕੇਟ ਜਨਰਲ ਵੱਲੋਂ ਪੰਜਾਬ ਭਵਨ ‘ਚ ਕਿਰਾਏ ਪੱਕੇ ਤੌਰ ਉਤੇ ਰੱਖਣ ਦੇ ਬਦਲੇ ਤਿੰਨ ਸਾਲਾਂ ਦਾ ਕਿਰਾਇਆ ਵਸੂਲਣ ਦੀ ਮੰਗ ਵੀ ਕੀਤੀ ਹੈ। ਕਾਂਗਰਸ ਦੇ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਬਿਜਲੀ ਸਮਝੌਤਿਆਂ ਦੇ ਮਾਮਲੇ ਉਤੇ ਸਦਨ ਦੀ ਕਮੇਟੀ ਦੇ ਗਠਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਮੇਟੀਆਂ ਬਣਾ ਕੇ ਇਸ ਮਾਮਲੇ ਨੂੰ ਤਣ-ਪੱਤਣ ਲਗਾਏ ਜਾਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਵੱਲੋਂ ਬਿਜਲੀ ਸਮਝੌਤਿਆਂ ਦੇ ਮਾਮਲੇ ‘ਤੇ ਸਫੈਦ ਪੱਤਰ ਲਿਆਂਦੇ ਜਾਣ ਉਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਬਿਜਲੀ ਖਰੀਦ ਸਮਝੌਤਿਆਂ ਦਾ ਸੇਕ ਲੋਕਾਂ ਨੂੰ ਲੱਗ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕਈ ਵਿਧਾਇਕਾਂ ਤੇ ਮੰਤਰੀਆਂ ਨੇ ਵੀ ਮੇਜ਼ਾਂ ਥਪਥਪਾ ਕੇ ਉਨ੍ਹਾਂ ਦੀ ਹਮਾਇਤ ਕੀਤੀ।
ਪਰਗਟ ਸਿੰਘ ਨੇ ਬਰਗਾੜੀ ਕਾਂਡ ਦੇ ਦੋਸ਼ੀਆਂ ਖਿਲਾਫ ਪੰਜ ਸਾਲਾਂ ਦੇ ਸਮੇਂ ਅੰਦਰ ਵੀ ਅਦਾਲਤ ਵਿਚ ਦੋਸ਼ ਆਇਦ ਨਾ ਹੋਣ ਨੂੰ ਮੰਦਭਾਗਾ ਕਰਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬਹਿਬਲ ਕਲਾਂ ਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਦਾ ਮਾਮਲਾ ਸਦਨ ਵਿਚ ਉਠਾਉਂਦਿਆਂ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਵਿਧਾਇਕਾਂ ਦੇ ਨਾਮ ਚਿੱਠੀ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਅਕਾਲੀ ਵਿਧਾਇਕ ਨੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਪੀੜਤ ਪਰਿਵਾਰ ਮੁਤਾਬਕ ਇਹ ਦੋਵੇਂ ਜਣੇ ਸੁਰਜੀਤ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਹਨ। ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੈਂਸਰ ਪੀੜਤਾਂ ਨੂੰ 500 ਕਰੋੜ ਰੁਪਏ ਤੁਰਤ ਜਾਰੀ ਕਰਨ ਲਈ ਕਿਹਾ। ਮਨਜੀਤ ਸਿੰਘ ਬਿਲਾਸਪੁਰ ਨੇ ਸੈਂਕੜੇ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਪਿਛਲੀ ਅਕਤੂਬਰ ਤੋਂ ਮਿਹਨਤਾਨਾ ਨਾ ਮਿਲਣ ਦਾ ਦਾਅਵਾ ਕੀਤਾ।
ਸਰਬਜੀਤ ਕੌਰ ਮਾਣੂੰਕੇ ਨੇ ਫਿਰੋਜ਼ਪੁਰ ਦੇ ਪ੍ਰਾਈਵੇਟ ਗੁਰੂ ਨਾਨਕ ਕਾਲਜ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਮਹਿਜ਼ 3 ਏਕੜ ਦੇ ਇਸ ਕਾਲਜ ‘ਚ ਕਰੀਬ 5600 ਵਿਦਿਆਰਥੀ ਦਾਖਲ ਹਨ ਜਦਕਿ 100 ਏਕੜ ‘ਚ ਬਣੀ ਪੰਜਾਬ ਯੂਨੀਵਰਸਿਟੀ ਵਿਚ 4600 ਵਿਦਿਆਰਥੀ ਹਨ। ਉਨ੍ਹਾਂ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਦਾਖਲੇ ਫਰਜ਼ੀ ਅਤੇ ਡੰਮੀ ਹਨ ਅਤੇ ਵਿਦਿਆਰਥੀਆਂ ਨਾਲ ਧੋਖਾ ਹੈ। ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਨੇ ਪੁਲਿਸ ਤਸ਼ੱਦਦ ਨਾਲ ਲੁਧਿਆਣਾ ‘ਚ ਹੋਈ ਮੌਤ ਦੇ ਮਾਮਲੇ ਉਤੇ ਸਰਕਾਰ ਦਾ ਦਖਲ ਮੰਗਿਆ। ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ 18 ਸਾਲ ਦੇ ਲੜਕੇ ਨੂੰ 12ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਦੌਰਾਨ ਦਸਤਾਰ ਲਾਹੁਣ ਲਈ ਮਜਬੂਰ ਕਰਕੇ ਮਾਨਸਿਕ ਪੀੜਾ ਦਾ ਸ਼ਿਕਾਰ ਬਣਾਉਣ ਲਈ ਮੱਧ ਪ੍ਰਦੇਸ਼ ਦੀ ਕਮਲਨਾਥ ਦੀ ਅਗਵਾਈ ਵਾਲੀ ਸਰਕਾਰ ਖਿਲਾਫ ਵਿਧਾਨ ਸਭਾ ਵਿਚ ਨਿੰਦਾ ਪ੍ਰਸਤਾਵ ਪਾਸ ਕੀਤਾ ਜਾਵੇ।
______________________________________
ਕਾਂਗਰਸੀ ਵਿਧਾਇਕ ਵੜਿੰਗ ਵਲੋਂ ਕੈਪਟਨ ਨੂੰ ਤਿੱਖੇ ਸਵਾਲ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਟਰਾਂਸਪੋਰਟ ਵਿਭਾਗ ਦੇ ਮੁੱਦੇ ਉਤੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ਉਤੇ ਲਿਆ। ਕਾਂਗਰਸੀ ਵਿਧਾਇਕ ਵੱਲੋਂ ਟਰਾਂਸਪੋਰਟ ਵਿਭਾਗ ਸਬੰਧੀ ਚੁੱਕੇ ਸਵਾਲਾਂ ਦਾ ਸਮਰਥਨ ਕਰਦੇ ਹਾਕਮ ਧਿਰ ਅਤੇ ‘ਆਪ’ ਦੇ ਹੋਰ ਮੈਂਬਰ ਵੀ ਦੇਖੇ ਗਏ। ਇਥੋਂ ਤੱਕ ਕਿ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਵਿਧਾਇਕ ਦੇ ਕਥਨ ਦੀ ਪੁਸ਼ਟੀ ਕਰ ਦਿੱਤੀ।
ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਵਿਚ ਖੇਤਰੀ ਟਰਾਂਸਪੋਰਟ ਅਫਸਰਾਂ ਦੀਆਂ ਤਾਇਨਾਤੀਆਂ ਅਤੇ ਭ੍ਰਿਸ਼ਟ ਅਫਸਰਾਂ ਖਿਲਾਫ ਕਾਰਵਾਈ ਕਰਨ ਦੇ ਮਾਮਲੇ ਵਿਚ ਟਰਾਂਸਪੋਰਟ ਮੰਤਰੀ ਲਾਚਾਰ ਦਿਖਾਈ ਦੇ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਮੰਤਰੀ ਬੇਵੱਸ ਹਨ ਤੇ ਮੰਤਰੀਆਂ ਕੋਲ ਅਫਸਰਾਂ ਨੂੰ ਤਬਦੀਲ ਕਰਨ ਜਾਂ ਕਾਰਵਾਈ ਕਰਨ ਦਾ ਅਖਤਿਆਰ ਨਹੀਂ ਹੈ ਤਾਂ ਟਰਾਂਸਪੋਰਟ ਵਿਭਾਗ ਵਿਚ ਤਾਇਨਾਤ ਅਫਸਰਾਂ ਦਾ ‘ਜੁਗਾੜ’ ਕਿੱਥੇ ਫਿੱਟ ਹੈ। ਇਹ ਗੱਲ ਵੀ ਸਪੱਸ਼ਟ ਹੋਣੀ ਚਾਹੀਦੀ ਹੈ।
____________________________________________
ਸਾਡੀ ਸਰਕਾਰ ਹੀ ਨਿਕੰਮੀ ਹੈ: ਰੰਧਾਵਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਜਦੋਂ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਵਿਚ ਗੈਂਗਸਟਰਾਂ ਤੇ ਅਪਰਾਧੀਆਂ ਦਾ ਬੋਲਬਾਲਾ ਹੋਣ ਦੇ ਦੋਸ਼ ਲਾਉਂਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਤੇ ਨਿਸ਼ਾਨਾ ਸਾਧਿਆ ਤਾਂ ਜੇਲ੍ਹ ਮੰਤਰੀ ਤੇ ਅਕਾਲੀ ਵਿਧਾਇਕ ਦਰਮਿਆਨ ਤਿੱਖੀ ਤਕਰਾਰ ਹੋਈ। ਅਕਾਲੀ ਵਿਧਾਇਕ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਲੀਹੋਂ ਲੱਥ ਚੁੱਕੀ ਹੈ ਤੇ ਲੋਕਾਂ ਨੂੰ ਪੁਲਿਸ ਉਤੇ ਕੋਈ ਭਰੋਸਾ ਨਹੀਂ ਰਿਹਾ। ਪੰਜਾਬ ਦੇ ਲੋਕ ਪੁਲਿਸ ਤੋਂ ਸੁਰੱਖਿਆ ਲੈਣ ਦੀ ਥਾਂ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਹੀ ਫਿਰੌਤੀ ਦੇਣਾ ਬਿਹਤਰ ਸਮਝਦੇ ਹਨ। ਅਕਾਲੀ ਵਿਧਾਇਕ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਤੇ ਜੇਲ੍ਹ ਮੰਤਰੀ ਨੇ ਵੀ ਅਕਾਲੀ ਦਲ ਦੇ ਵਿਧਾਇਕਾਂ ਉਤੇ ਮੋੜਵਾਂ ਹੱਲਾ ਬੋਲਿਆ। ਜੇਲ੍ਹ ਮੰਤਰੀ ਨੇ ਇਥੋਂ ਤੱਕ ਕਿਹਾ ”ਸਾਡੀ ਸਰਕਾਰ ਬਿਲਕੁਲ ਨਿਕੰਮੀ ਹੈ ਇਸੇ ਲਈ ਤੁਹਾਡੇ (ਅਕਾਲੀਆਂ) ਖਿਲਾਫ ਕਾਰਵਾਈ ਨਹੀਂ ਹੋ ਰਹੀ।”