ਨਾਰੀ ਦਿਵਸ: ਪੰਜਾਬ ਦੀਆਂ ਧੀਆਂ ਨੇ ਚਮਕਾਇਆ ਮੁਲਕ ਦਾ ਨਾਮ

ਚੰਡੀਗੜ੍ਹ: ਸਮੇਂ ਦੇ ਬਦਲਣ ਨਾਲ ਕੁੜੀਆਂ ਨੇ ਖੇਡਾਂ ਦੇ ਖੇਤਰ ਵਿਚ ਅੱਗੇ ਆਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਕੁੜੀਆਂ ਦਾ ਨਾਂ ਵਿਸ਼ਵ ਭਰ ਵਿਚ ਗੂੰਜਿਆ ਹੈ। ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚ ਕੇ ਭਾਰਤ ਦੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ ਉਥੇ ਹੀ ਇਸ ਟੀਮ ਦੀ ਪ੍ਰਧਾਨਗੀ ਪੰਜਾਬ ਦੇ ਮੋਗਾ ਦੀ ਜੰਮਪਲ ਹਰਮਨਪ੍ਰੀਤ ਕੌਰ ਵੱਲੋਂ ਕੀਤੀ ਗਈ ਜੋ ਆਲਰਾਊਂਡਰ ਖਿਡਾਰਨ ਹੈ।

ਸਹੁਰੇ ਪਰਿਵਾਰ ਦਾ ਸਾਥ ਨਾ ਮਿਲਣ ਦੇ ਬਾਵਜੂਦ ਆਪਣੇ ਪੇਕੇ ਪਰਿਵਾਰ ਦੇ ਸਹਿਯੋਗ ਨਾਲ ਕੁਸ਼ਤੀ ਦੇ ਖੇਤਰ ‘ਚ ਤਰਨ ਤਾਰਨ ਦੀ ਗੁਰਸ਼ਰਨਪ੍ਰੀਤ ਕੌਰ ਨੇ ਕਈ ਤਗਮੇ ਭਾਰਤ ਦੀ ਝੋਲੀ ਪਾਏ ਹਨ। ਉਸ ਵੱਲੋਂ ਆਪਣੀ ਛੋਟੀ ਜਿਹੀ ਬੱਚੀ ਦੇ ਪਾਲਣ ਪੋਸ਼ਣ ਦੇ ਨਾਲ ਨਾਲ ਖੇਡ ਨੂੰ ਵੀ ਬਰਾਬਰ ਸਮਾਂ ਦਿੱਤਾ ਜਾ ਰਿਹਾ ਹੈ। ਉਹ ਸਾਲ 2012 ‘ਚ ਕਜ਼ਾਕਿਸਤਾਨ ਓਲੰਪਿਕ ਖੇਡਾਂ ਵਿਚ ਹਿੱਸਾ ਲੈ ਚੁੱਕੀ ਹੈ। ਉਸ ਨੇ ਵਿਸ਼ਵ ਭਰ ਦੇ ਕਈ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਨਵਜੋਤ ਕੌਰ ਕੁਸ਼ਤੀ ਦੇ ਖੇਤਰ ‘ਚ ਏਸ਼ੀਅਨ ਖੇਡਾਂ ਵਿਚ ਜਿੱਤ ਹਾਸਲ ਕਰ ਚੁੱਕੀ ਹੈ। ਨਿਸ਼ਾਨੇਬਾਜ਼ੀ ਦੇ ਖੇਤਰ ‘ਚ ਲੁਧਿਆਣਾ ਦੀ ਜੰਮਪਲ ਹਿਨਾ ਸਿੱਧੂ ਆਈ.ਐਸ਼ਐਸ਼ਐਫ਼ ਦੀ ਵਿਸ਼ਵ ਰੈਂਕਿੰਗ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਚੁੱਕੀ ਹੈ। ਉਸ ਨੇ ਵਿਸ਼ਵ ਕੱਪ ਵਿਚ ਦੋ ਸੋਨੇ ਤੇ ਦੋ ਚਾਂਦੀ ਦੇ ਤਮਗੇ ਜਿੱਤੇ। ਇਸੇ ਤਰ੍ਹਾਂ ਨਿਸ਼ਾਨੇਬਾਜ਼ੀ ‘ਚ ਅਵਨੀਤ ਸਿੱਧੂ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਵਿਚ ਜਿੱਤ ਹਾਸਲ ਕਰਨ ਵਾਲੀ ਪਹਿਲਾ ਪੰਜਾਬਣ ਖਿਡਾਰਨ ਬਣ ਗਈ ਹੈ। ਜਦਕਿ ਨਿਸ਼ਾਨੇਬਾਜ਼ੀ ‘ਚ ਮਲਿਕਾ ਗੋਇਲ ਅਤੇ ਹਰਵੀਨ ਕੌਰ ਨੇ ਵੀ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਕਰ ਦੀ ਸਿਮਰਨਜੀਤ ਕੌਰ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ ਜਿੱਤਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਦਾ ਖਿਤਾਬ ਹਾਸਲ ਕੀਤਾ। ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚੋਂ ਦੇਸ਼ ਲਈ ਚਾਂਦੀ, ਇੰਡੀਅਨ ਓਪਨ ਟੂਰਨਾਮੈਂਟ ਵਿਚੋਂ ਚਾਂਦੀ, ਪ੍ਰੈਜ਼ੀਡੈਂਟ ਕੱਪ ਵਿਚੋਂ ਸੋਨ ਤਮਗਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ। ਪਹਿਲੀ ਵਾਰ ਭਾਰਤੀ ਹਾਕੀ ਟੀਮ ‘ਚ ਪੰਜਾਬ ਦੀਆਂ ਦੋ-ਦੋ ਖਿਡਾਰਨਾਂ ਗੁਰਜੀਤ ਕੌਰ ਅਤੇ ਰੀਨਾ ਖੋਖਰ ਨੇ ਆਪਣੀ ਥਾਂ ਬਣਾਈ ਹੈ। ਗੁਰਜੀਤ ਕੌਰ ਡਰੈਗ ਫਲਿੱਕਰ ਵਜੋਂ ਭਾਰਤੀ ਟੀਮ ਦਾ ਧੁਰਾ ਬਣੀ ਰਹੀ ਅਤੇ ਭਾਰਤੀ ਟੀਮ ਨੂੰ ਓਲੰਪਿਕ ਲਈ ਕੁਆਲੀਫਾਈ ਕਰਵਾਉਣ ‘ਚ ਉਸ ਦਾ ਵੱਡਾ ਯੋਗਦਾਨ ਰਿਹਾ। ਇਸੇ ਤਰ੍ਹਾਂ ਪੰਜਾਬ ਦੀ ਜੰਮਪਲ ਰੀਨਾ ਖੋਖਰ ਨੇ ਭਾਰਤੀ ਹਾਕੀ ਟੀਮ ਵਿਚ ਮੱਧ ਪ੍ਰਦੇਸ਼ ਹਾਕੀ ਅਕਾਦਮੀ ਵਲੋਂ ਹਿੱਸਾ ਲੈ ਕੇ ਵਧੀਆ ਪੇਸ਼ਕਾਰੀ ਦਿੱਤੀ। ਇਸ ਤੋਂ ਇਲਾਵਾ ਅਥਲੈਟਿਕਸ ਦੇ ਖੇਤਰ ‘ਚ ਮਨਦੀਪ ਕੌਰ, ਮਨਜੀਤ ਕੌਰ, ਜਿਮਨਾਸਟਿਕ ਵਿਚ ਪ੍ਰਭਜੋਤ ਕੌਰ, ਜੂਡੋ ਵਿਚ ਰਾਜਵਿੰਦਰ ਕੌਰ ਨੇ ਵਿਸ਼ਵ ਪੱਧਰ ਦੇ ਮੁਕਾਬਲਿਆਂ ‘ਚ ਜਿੱਤਾਂ ਹਾਸਲ ਕੀਤੀਆਂ।
________________________________________
ਮਾਨ ਕੌਰ ਸਣੇ 15 ਔਰਤਾਂ ਨੂੰ ਨਾਰੀ ਸ਼ਕਤੀ ਪੁਰਸਕਾਰ
ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ 15 ਮਹਿਲਾਵਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਭੇਟ ਕੀਤੇ ਗਏ। ਮਹਿਲਾ ਸ਼ਕਤੀਕਰਨ ਅਤੇ ਸਮਾਜ ਭਲਾਈ ਲਈ ਨਿਰੰਤਰ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਹਰ ਵਰ੍ਹੇ ਸਰਕਾਰ ਵਲੋਂ ਮਹਿਲਾ ਦਿਵਸ ਮੌਕੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। 2019 ਦੀਆਂ ਜੇਤੂ ਮਹਿਲਾਵਾਂ ਨੂੰ ਖੇਤੀਬਾੜੀ, ਖੇਡਾਂ, ਦਸਤਕਾਰੀ, ਵਣ-ਰੱਖਿਆ, ਜੰਗਲੀ ਜੀਵ ਰੱਖਿਆ, ਸਿੱਖਿਆ ਅਤੇ ਰੱਖਿਆ ਸੈਨਾਵਾਂ ਆਦਿ ਖੇਤਰਾਂ ਵਿਚ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ ਹੈ। ਪੁਰਸਕਾਰ ਜੇਤੂਆਂ ਵਿਚ 103 ਵਰ੍ਹਿਆਂ ਦੀ ਮਾਨ ਕੌਰ ਸ਼ਾਮਲ ਹੈ, ਜਿਸ ਨੂੰ ‘ਚੰਡੀਗੜ੍ਹ ਦਾ ਕ੍ਰਿਸ਼ਮਾ’ ਵੀ ਕਿਹਾ ਜਾਂਦਾ ਹੈ। ਉਸ ਨੇ 93 ਸਾਲ ਦੀ ਉਮਰ ਵਿਚ ਆਪਣੇ ਅਥਲੈਟਿਕ ਕਰੀਅਰ ਦੀ ਸ਼ੁਰੂਆਤ ਕੀਤੀ। ਪੋਲੈਂਡ ਵਿਚ ਹੋਈ ਅਥਲੈਟਿਕ ਚੈਂਪੀਅਨਸ਼ਿਪ ਵਿਚ ਚਾਰ ਸੋਨ ਤਮਗੇ ਜਿੱਤਣ ਵਾਲੀ ਮਾਨ ਕੌਰ ਨੇ ਅਮਰੀਕਾ ਦੀਆਂ ਮਾਸਟਰਜ਼ ਗੇਮ, 2016 ਵਿਚ ਦੁਨੀਆਂ ਦੀ ਸਭ ਤੋਂ ਤੇਜ਼ ਰਫਤਾਰ ਵਾਲੀ ਬਜ਼ੁਰਗ ਮਹਿਲਾ ਹੋਣ ਦਾ ਰਿਕਾਰਡ ਕਾਇਮ ਕੀਤਾ ਸੀ।
________________________________________
ਮੋਦੀ ਵਲੋਂ ਆਪਣਾ ਸੋਸ਼ਲ ਮੀਡੀਆ ਖਾਤਾ ਮਹਿਲਾਵਾਂ ਹਵਾਲੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣਾ ਸੋਸ਼ਲ ਮੀਡੀਆ ਖਾਤਾ ਮਹਿਲਾਵਾਂ ਨੂੰ ਆਪਣੀਆਂ ਕਹਾਣੀਆਂ ਲਿਖਣ ਲਈ ਦਿੱਤੇ ਜਾਣ ਦੇ ਕਦਮ ਦਾ ਇਕ ਪਾਸੇ ਸਵਾਗਤ ਹੋ ਰਿਹਾ ਹੈ ਤਾਂ ਦੂਜੇ ਪਾਸੇ ਇਸ ਨੂੰ ਧਿਆਨ ਖਿੱਚਣ ਦਾ ਢੰਗ ਆਖਿਆ ਜਾ ਰਿਹਾ ਹੈ। ਮਹਿਲਾ ਦਿਵਸ ਮੌਕੇ ਮੋਦੀ ਨੇ ਕਿਹਾ ਕਿ ਸੱਤ ਸਫਲ ਮਹਿਲਾਵਾਂ ਵਲੋਂ ਆਪਣੇ ਜੀਵਨ ਦੀ ਕਹਾਣੀ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤੇ ਰਾਹੀਂ ਸਾਂਝੀ ਕੀਤੀ ਜਾਵੇਗੀ। ਕੁਝ ਮਹਿਲਾ ਕਾਰਕੁਨਾਂ ਨੇ ਪ੍ਰਧਾਨ ਮੰਤਰੀ ਦੀ ਇਸ ਸੋਚ ਨੂੰ ਸ਼ਲਾਘਾਯੋਗ ਦੱਸਿਆ ਹੈ ਜਦਕਿ ਕਈਆਂ ਨੇ ਇਸ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਮਹਿਲਾਵਾਂ ਦੀ ਹਾਲਤ ਬਦਤਰ ਹੋਈ ਹੈ।