ਯੈੱਸ ਬੈਂਕ ਸੰਕਟ: ਖਾਤਾਧਾਰਕ ਪੈਸੇ ਕਢਵਾਉਣ ਲਈ ਖੱਜਲ-ਖੁਆਰ

ਨਵੀਂ ਦਿੱਲੀ: ਵਿੱਤੀ ਸੰਕਟ ਦਾ ਸ਼ਿਕਾਰ ਯੈੱਸ ਬੈਂਕ ਦੇ ਸਹਿਮੇ ਹੋਏ ਗਾਹਕਾਂ ਦੀਆਂ ਬੈਂਕ ਦੇ ਵੱਖ-ਵੱਖ ਏਟੀਐਮਜ਼ ਅੱਗੇ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਹਾਲਾਂਕਿ ਇਸ ਦਾ ਕੋਈ ਫਾਇਦਾ ਉਨ੍ਹਾਂ ਨੂੰ ਨਹੀਂ ਹੋਇਆ ਕਿਉਂਕਿ ਬਹੁਤੀਆਂ ਮਸ਼ੀਨਾਂ ‘ਚ ਪੈਸੇ ਹੀ ਨਹੀਂ ਸਨ।

ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਨੇ ਇਸ ਪ੍ਰਾਈਵੇਟ ਬੈਂਕ ਉਤੇ ਪਾਬੰਦੀ ਲਾ ਦਿੱਤੀ ਹੈ ਤੇ ਤਿੰਨ ਅਪਰੈਲ ਤੱਕ ਸਿਰਫ 50,000 ਰੁਪਏ ਹੀ ਕਢਵਾਏ ਜਾ ਸਕਦੇ ਹਨ। ਹਾਲਾਂਕਿ ਕੁਝ ਗਾਹਕਾਂ ਦਾ ਕਹਿਣਾ ਹੈ ਕਿ ਬੈਂਕ ਦੀਆਂ ਸ਼ਾਖਾਵਾਂ ‘ਚ ਉਨ੍ਹਾਂ ਚੈੱਕ ਰਾਹੀਂ 50,000 ਰੁਪਏ ਕਢਵਾਏ ਹਨ। ਨੈੱਟ ਬੈਂਕਿੰਗ ਸੇਵਾਵਾਂ ਵੀ ਬੰਦ ਹਨ ਤੇ ਕੁਝ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਦੇ ਕਰੈਡਿਟ ਕਾਰਡ ਵੀ ਨਹੀਂ ਚੱਲ ਰਹੇ। ਤਕਰੀਬਨ ਛੇ ਮਹੀਨੇ ਪਹਿਲਾਂ ਜਦੋਂ ਰਿਜ਼ਰਵ ਬੈਂਕ ਨੇ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ ਉਤੇ ਪਾਬੰਦੀ ਲਗਾ ਕੇ ਖਾਤਾਧਾਰਕਾਂ ਦੀ ਪੈਸੇ ਕੱਢਣ ਦੀ ਹੱਦ 10 ਹਜ਼ਾਰ ਰੁਪਏ ਤੈਅ ਕਰ ਦਿੱਤੀ ਸੀ, ਉਦੋਂ ਤੋਂ ਮੀਡੀਆ ਵਿਚ ਇਕ ਹੋਰ ਬੈਂਕ ‘ਤੇ ਮੰਡਰਾਉਂਦੇ ਖਤਰੇ ਦੀਆਂ ਖਬਰਾਂ ਆ ਰਹੀਆਂ ਸਨ। ਇਹ ਬੈਂਕ ਕੋਈ ਹੋਰ ਨਹੀਂ, ਸਗੋਂ ਯੈੱਸ ਬੈਂਕ ਹੀ ਸੀ। ਇਸ ਬੈਂਕ ਦੇ ਖਾਤਾਧਾਰਕਾਂ ਉਤੇ ਰਿਜ਼ਰਵ ਬੈਂਕ ਆਫ ਇੰਡੀਆ ਨੇ 3 ਅਪ੍ਰੈਲ, 2020 ਤੱਕ ਪੈਸੇ ਕਢਵਾਉਣ ਦੀ ਹੱਦ 50 ਹਜ਼ਾਰ ਰੁਪਏ ਨਿਸਚਤ ਕਰ ਦਿੱਤੀ ਹੈ।
ਇਸ ਖਬਰ ਦੇ ਆਉਂਦਿਆਂ ਹੀ ਚੁਫੇਰੇ ਅਫਰਾ-ਤਫਰੀ ਮਚ ਗਈ। ਯੈੱਸ ਬੈਂਕ ਦੀਆਂ ਦੇਸ਼ ਦੇ 28 ਰਾਜਾਂ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਰੀਬ ਇਕ ਹਜ਼ਾਰ ਸ਼ਾਖਾਵਾਂ ਹਨ ਅਤੇ ਦੇਸ਼ ਵਿਚ ਕਰੀਬ 1800 ਏ.ਟੀ.ਐਮ. ਹਨ। ਹਜ਼ਾਰਾਂ ਲੋਕਾਂ ਵਿਚ ਇਹ ਦਹਿਸ਼ਤ ਹੈ ਕਿ ਪਤਾ ਨਹੀਂ ਹੁਣ ਕੀ ਹੋਵੇਗਾ? ਹਾਲਾਂ ਕਿ ਆਰ.ਬੀ.ਆਈ. ਨੇ ਲੋਕਾਂ ਨੂੰ ਪਰੇਸ਼ਾਨ ਨਾ ਹੋਣ ਦੀ ਅਪੀਲ ਦਿੱਤੀ ਹੈ ਅਤੇ ਸਰਕਾਰ ਨੇ ਵੀ ਇਸ਼ਾਰਾ ਕੀਤਾ ਹੈ ਕਿ ਐਸ਼ਬੀ.ਆਈ. ਬੈਂਕ ਮਦਦ ਲਈ ਅੱਗੇ ਆ ਸਕਦਾ ਹੈ। ਅਜੇ ਤੱਕ ਆਰ.ਬੀ.ਆਈ. ਨੇ ਇਸ ਬੈਂਕ ਦੀ ਖਰਾਬ ਵਿੱਤੀ ਹਾਲਤ ਨੂੰ ਵੇਖਦਿਆਂ ਇਸ ਬੈਂਕ ਦੇ ਨਿਰਦੇਸ਼ਕ ਬੋਰਡ ਨੂੰ ਭੰਗ ਕਰਨ ਤੋਂ ਬਾਅਦ ਜਿਸ ਸ਼ਖਸ ਪ੍ਰਸ਼ਾਂਤ ਕੁਮਾਰ ਨੂੰ ਯੈੱਸ ਬੈਂਕ ਦਾ ਪ੍ਰਬੰਧਕ ਨਿਯੁਕਤ ਕੀਤਾ ਹੈ, ਉਹ ਪਹਿਲਾਂ ਐਸ਼ਬੀ.ਆਈ. ਦਾ ਸਾਬਕਾ ਮੁੱਖ ਵਿੱਤੀ ਅਧਿਕਾਰੀ ਰਿਹਾ ਹੈ। ਇਸ ਨਾਲ ਇਹ ਲੱਗ ਰਿਹਾ ਹੈ ਕਿ ਐਸ਼ਬੀ.ਆਈ. ਯੈੱਸ ਬੈਂਕ ਦੀ ਕੁਝ ਹਿੱਸੇਦਾਰੀ ਖਰੀਦ ਕੇ ਇਸ ਨੂੰ ਫਿਲਹਾਲ ਇਸ ਸੰਕਟ ਤੋਂ ਕੱਢ ਲਵੇਗਾ। ਪਰ ਬੈਂਕ ਦੇ ਆਮ ਖਾਤਾਧਾਰਕਾਂ ਨੂੰ ਇਨ੍ਹਾਂ ਗੱਲਾਂ ਨਾਲ ਲੈਣਾ-ਦੇਣਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਬੈਂਕ ਦੀ ਮਦਦ ਕੌਣ ਕਰੇਗਾ? ਉਨ੍ਹਾਂ ਲਈ ਬੁਨਿਆਦੀ ਸਮੱਸਿਆ ਇਹ ਹੈ ਕਿ ਬੈਂਕ ਵਿਚ ਜਮ੍ਹਾਂ ਰਕਮ ਕਿਤੇ ਡੁੱਬ ਤਾਂ ਨਹੀਂ ਜਾਵੇਗੀ? ਸਾਲ 2004 ਵਿਚ ਸਥਾਪਿਤ ਦੇਸ਼ ਦੇ ਇਸ ਚੌਥੇ ਸਭ ਤੋਂ ਵੱਡੇ ਨਿੱਜੀ ਬੈਂਕ ਦਾ ਵਿੱਤੀ ਸਾਲ 2017-18 ਵਿਚ ਸ਼ੁੱਧ ਲਾਭ 11,79.44 ਕਰੋੜ ਸੀ, ਜੋ ਕਿ 2016-17 ਦੇ ਕੁੱਲ ਲਾਭ 914.12 ਕਰੋੜ ਨਾਲੋਂ 29 ਫੀਸਦੀ ਜ਼ਿਆਦਾ ਸੀ। ਸਵਾਲ ਇਹ ਹੈ ਕਿ ਆਖਰ ਪਿਛਲੇ ਇਕ-ਡੇਢ ਸਾਲ ਅੰਦਰ ਅਜਿਹਾ ਕੀ ਹੋਇਆ ਹੈ ਕਿ ਬੈਂਕ ਦੇ ਸ਼ੇਅਰ ਦੀ ਕੀਮਤ ਸਿਰਫ ਦੋ ਦਿਨ ਪਹਿਲਾਂ ਦੇ ਮੁਕਾਬਲੇ 50 ਫੀਸਦੀ ਤੱਕ ਰਹਿ ਗਈ ਹੈ।
ਅਸਲ ਵਿਚ ਯੈੱਸ ਬੈਂਕ ਦੇ ਨਿਘਾਰ ਦੀ ਸ਼ੁਰੂਆਤ 2018 ਵਿਚ ਹੀ ਹੋ ਗਈ ਸੀ ਜਦੋਂ ਰਿਜ਼ਰਵ ਬੈਂਕ ਨੇ ਰਾਣਾ ਕਪੂਰ ਨੂੰ, ਜੋ ਇਸ ਬੈਂਕ ਦਾ ਸੰਸਥਾਪਕ ਸੀ, ਜਨਵਰੀ 2019 ਤੱਕ ਸੀ.ਈ.ਓ. ਦਾ ਅਹੁਦਾ ਛੱਡਣ ਲਈ ਕਿਹਾ ਸੀ। ਇਸ ਖਬਰ ਦਾ ਖੁਲਾਸਾ ਹੁੰਦਿਆਂ ਹੀ ਯੈੱਸ ਬੈਂਕ ਦਾ ਸ਼ੇਅਰ 30 ਫੀਸਦੀ ਤੱਕ ਹੇਠਾਂ ਡਿੱਗ ਗਿਆ। 2017 ਵਿਚ ਬੈਂਕ ਨੇ 6355 ਕਰੋੜ ਰੁਪਏ ਰਕਮ ਨੂੰ ਡੈੱਡ ਲੋਨ ਵਿਚ ਪਾ ਦਿੱਤਾ ਸੀ। ਇਸ ਗੱਲ ਦੀ ਜਾਣਕਾਰੀ ਆਰ.ਬੀ.ਆਈ. ਨੂੰ ਉਂਜ ਤਾਂ ਥੋੜ੍ਹੀ ਦੇਰ ਨਾਲ ਮਿਲੀ ਪਰ ਜਦੋਂ ਉਸ ਨੂੰ ਇਹ ਜਾਣਕਾਰੀ ਮਿਲੀ, ਉਸ ਸਮੇਂ ਜੇਕਰ ਆਰ.ਬੀ.ਆਈ. ਸਖਤ ਕਦਮ ਚੁੱਕਦੀ ਤਾਂ ਇਹ ਨੌਬਤ ਕਦੇ ਨਾ ਆਉਂਦੀ।
ਸਾਲ 2005 ਵਿਚ 300 ਕਰੋੜ ਰੁਪਏ ਦੇ ਆਈ.ਪੀ.ਐਲ਼ ਦੇ ਨਾਲ ਸ਼ੇਅਰ ਮਾਰਕੀਟ ਵਿਚ ਧਮਾਲ ਮਚਾਉਣ ਵਾਲੇ ਯੈੱਸ ਬੈਂਕ ਦਾ ਅੱਜ ਕੋਈ ਨਾਂ ਨਹੀਂ ਲੈ ਰਿਹਾ। ਅੱਜ ਲੋਕ ਇਸ ਬੈਂਕ ਦੇ ਸ਼ੇਅਰ ਮਿੱਟੀ ਦੇ ਭਾਅ ਵੇਚਣ ਲਈ ਤਿਆਰ ਹਨ। ਵੇਖਿਆ ਜਾਵੇ ਤਾਂ ਯੈੱਸ ਬੈਂਕ ਰਾਤੋ-ਰਾਤ ਨਹੀਂ ਡੁੱਬਿਆ। ਪਿਛਲੇ ਇਕ-ਡੇਢ ਸਾਲਾਂ ਵਿਚ ਅਜਿਹੇ ਹਾਲਾਤ ਬਣੇ ਹਨ। ਸਿਰਫ ਇਕ ਦਿਨ ਦੇ ਅੰਦਰ ਹੀ ਯੈੱਸ ਬੈਂਕ ਦਾ ਸ਼ੇਅਰ 36.80 ਰੁਪਏ ਤੋਂ ਘਟ ਕੇ 15.30 ਰੁਪਏ ਉਤੇ ਆ ਗਿਆ ਹੈ। ਇਸ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਲੋਕਾਂ ਦਾ ਹਾਲ ਕਿੰਨਾ ਬੁਰਾ ਹੋਵੇਗਾ, ਜੋ ਬੈਂਕ ਦੇ ਸ਼ੇਅਰਾਂ ਉਤੇ ਵੱਡਾ ਨਿਵੇਸ਼ ਕਰਦੇ ਹਨ, ਭਾਵੇਂ ਉਹ ਯੈੱਸ ਬੈਂਕ ਦੇ ਨਿਯਮਿਤ ਗਾਹਕ ਨਾ ਵੀ ਹੋਣ।
_____________________________________________
ਬੈਂਕ ‘ਚ ਗੜਬੜੀ ਸਰਕਾਰ ਦੇ ਵਿੱਤੀ ਦੁਰਪ੍ਰਬੰਧਾਂ ਦਾ ਨਤੀਜਾ: ਚਿਦੰਬਰਮ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਯੈੱਸ ਬੈਂਕ ਗੜਬੜੀ ਭਾਜਪਾ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਅਤੇ ਸਰਕਾਰ ਦੇ ਵਿੱਤੀ ਸੰਸਥਾਵਾਂ ਪ੍ਰਤੀ ਦੁਰਪ੍ਰਬੰਧਾਂ ਕਾਰਨ ਵਾਪਰੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਏ ਅਤੇ ਇਸ ਦੇ ਲਈ ਜਿੰਮੇਵਾਰੀ ਤੈਅ ਕਰੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਜਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਦੀਆਂ ਬੈਂਕਿੰਗ ਸੈਕਟਰ ਪ੍ਰਤੀ ਦੋਸ਼ਪੂਰਨ ਨੀਤੀਆਂ ਨੂੰ ਲੈ ਕੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਯੈੱਸ ਬੈਂਕ ਦਾ ਬਾਨੀ ਗ੍ਰਿਫਤਾਰ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯੈੱਸ ਬੈਂਕ ਦੇ ਬਾਨੀ ਰਾਣਾ ਕਪੂਰ (62) ਨੂੰ ਕਾਲੇ ਧਨ ਨੂੰ ਸਫੈਦ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਗਿਆ ਹੈ। 20 ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛ-ਗਿੱਛ ਕਰਨ ਮਗਰੋਂ ਇਹ ਗ੍ਰਿਫਤਾਰੀ ਹੋਈ ਹੈ। ਈਡੀ ਵੱਲੋਂ ਉਸ ਦੀ ਪਤਨੀ ਅਤੇ ਧੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਸੀ.ਬੀ.ਆਈ. ਨੇ ਰਾਣਾ ਕਪੂਰ ਅਤੇ ਦੀਵਾਨ ਹਾਊਸਿੰਗ ਫਾਇਨਾਂਸ ਲਿਮਟਿਡ (ਡੀ.ਐਚ.ਐਫ਼ਐਲ਼) ਦੇ ਸਾਬਕਾ ਐਮ.ਡੀ, ਕੰਪਨੀ ਦੇ ਸੀ.ਈ.ਓ. ਅਤੇ ਪ੍ਰਮੋਟਰ ਕਪਿਲ ਵਧਾਵਨ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਸੀ.ਬੀ.ਆਈ. ਦੀ ਐਫ਼ਆਈ.ਆਰ. ਵਿਚ ਡੀ.ਓ.ਆਈਟ. ਅਰਬਲ ਵੈਂਚਰਜ਼ ਲਿਮਟਿਡ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਖਿਲਾਫ ਅਪਰਾਧਕ ਸਾਜ਼ਿਸ਼ ਘੜਨ, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ।