ਬੇਮੌਸਮੇ ਮੀਂਹ ਨੇ ਕਿਸਾਨ ਝੰਬੇ; ਮੀਂਹ ਤੇ ਗੜਿਆਂ ਨਾਲ ਫਸਲਾਂ ਦਾ ਨੁਕਸਾਨ

ਚੰਡੀਗੜ੍ਹ: ਪੰਜਾਬ ਵਿਚ ਲਗਾਤਾਰ 24 ਘੰਟੇ ਤੋਂ ਵੀ ਵੱਧ ਸਮੇਂ ਤੋਂ ਪਏ ਮੀਂਹ ਤੇ ਗੜਿਆਂ ਕਾਰਨ ਅੱਧੀ ਦਰਜਨ ਜ਼ਿਲ੍ਹਿਆਂ ਵਿਚ ਕਣਕ ਅਤੇ ਹਾੜੀ ਦੀਆਂ ਫਸਲਾਂ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਸਲਾਂ ਦੇ ਖਰਾਬੇ ਦੀ ਅਸਲ ਤਸਵੀਰ ਤਾਂ ਗਿਰਦਾਵਰੀ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਮੁੱਢਲੇ ਤੌਰ ‘ਤੇ ਸੂਬੇ ‘ਚ ਕਈ ਥਾਵਾਂ ਉਤੇ ਕਣਕ ਦੀ ਫਸਲ 20 ਫੀਸਦੀ ਤੱਕ ਨੁਕਸਾਨੀ ਗਈ ਹੈ।

ਤੇਜ਼ ਹਵਾ ਚੱਲਣ ਕਾਰਨ ਕਣਕ ਦੀ ਫਸਲ ਜ਼ਮੀਨ ਉਤੇ ਵਿਛ ਗਈ ਹੈ। ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ‘ਚ ਤਾਂ ਗੜਿਆਂ ਦੀ ਚਾਦਰ ਹੀ ਵਿੱਛ ਗਈ ਹੈ, ਕਣਕ ਦੀ ਫਸਲ ਵਿਚ ਪਾਣੀ ਭਰ ਗਿਆ। ਖੇਤੀਬਾੜੀ ਵਿਭਾਗ ਨੇ ਭਾਵੇਂ ਕਣਕ ਦੇ ਝਾੜ ਵਿਚ 2 ਤੋਂ 5 ਫੀਸਦੀ ਤੱਕ ਸਾਰੇ ਪੰਜਾਬ ਵਿਚ ਅਸਰ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨੁਕਸਾਨ ਵਧ ਵੀ ਸਕਦਾ ਹੈ। ਸੰਗਰੂਰ ਜ਼ਿਲ੍ਹੇ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਸਿਰਫ ਲਹਿਰਾਗਾਗਾ ਬਲਾਕ ਦੇ ਹੀ ਕਈ ਪਿੰਡਾਂ ਵਿਚ ਕਣਕ ਦੀ ਫਸਲ ਦਾ 50 ਫੀਸਦੀ ਤੱਕ ਵੀ ਨੁਕਸਾਨ ਹੋਇਆ ਹੈ। ਸੰਗਰੂਰ ਜ਼ਿਲ੍ਹੇ ਦੇ ਖੇਤੀਬਾੜੀ ਅਫਸਰਾਂ ਨੇ ਵੀ ਮੁਢਲੀਆਂ ਰਿਪੋਰਟਾਂ ਵਿਚ ਫਸਲਾਂ ਦਾ ਨੁਕਸਾਨ ਹੋਣ ਦੀ ਗੱਲ ਕਹੀ ਹੈ। ਮੌਸਮ ਵਿਗਿਆਨੀਆਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਫਸਲਾਂ ਦਾ ਜ਼ਿਆਦਾ ਨੁਕਸਾਨ ਸੰਗਰੂਰ, ਮਾਨਸਾ, ਮੁਕਤਸਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਫਾਜ਼ਿਲਕਾ ਤੇ ਜਲੰਧਰ ਵਿਚ ਹੋਇਆ ਹੈ। ਉਂਜ ਫਸਲਾਂ ਦੇ ਖਰਾਬੇ ਦੀਆਂ ਰਿਪੋਰਟਾਂ ਤਾਂ ਸਾਰੇ ਪੰਜਾਬ ‘ਚੋਂ ਹੀ ਆ ਰਹੀਆਂ ਹਨ।
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਮੀਂਹ ਕਾਰਨ ਫਸਲਾਂ ਵਿਛ ਗਈਆਂ ਹਨ ਤਾਂ ਖੇਤਾਂ ਵਿਚੋਂ ਤੁਰਤ ਪਾਣੀ ਬਾਹਰ ਕੱਢ ਲਿਆ ਜਾਵੇ। ਵਿਭਾਗ ਨੇ ਖੇਤਰੀ ਅਧਿਕਾਰੀਆਂ ਨੂੰ ਤੁਰਤ ਉਨ੍ਹਾਂ ਕਿਸਾਨਾਂ ਨਾਲ ਰਾਬਤਾ ਬਣਾਉਣ ਲਈ ਕਿਹਾ ਹੈ, ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਡਿਪਟੀ ਕਮਿਸ਼ਨਰਾਂ ਨੇ ਵਿਸ਼ੇਸ਼ ਗਿਰਦਾਵਰੀ ਦੇ ਮੱਦੇਨਜ਼ਰ ਸਬੰਧਤ ਮਾਲ ਅਧਿਕਾਰੀਆਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਮੀਂਹ, ਗੜਿਆਂ ਅਤੇ ਤੇਜ਼ ਹਵਾਵਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀਆਂ ਫੀਲਡ ਅਧਿਕਾਰੀਆਂ ਤੋਂ ਰਿਪੋਰਟਾਂ ਮੰਗ ਲਈਆਂ ਹਨ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਛੁੱਟੀਆਂ ਦੌਰਾਨ ਵੀ ਕਿਸਾਨਾਂ ਨਾਲ ਰਾਬਤਾ ਬਣਾਉਣ ਲਈ ਕਿਹਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ/ਹਨੇਰੀ ਤੇ ਗੜਿਆਂ ਨਾਲ ਹੋਏ ਫਸਲੀ ਤੇ ਜਾਨ-ਮਾਲ ਦੇ ਨੁਕਸਾਨ ਦਾ ਮੁਆਵਜ਼ਾ ਤੁਰਤ ਦੇਣ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਬਿਆਨ ਰਾਹੀਂ ਮੰਗ ਕੀਤੀ ਹੈ ਕਿ ਹਰ ਕਿਸਮ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਤੁਰਤ ਕਰ ਕੇ ਫਸਲੀ ਨੁਕਸਾਨ ਦਾ ਪੂਰਾ-ਪੂਰਾ ਮੁਆਵਜ਼ਾ ਔਸਤ ਝਾੜ ਦੇ ਅਨੁਪਾਤ ਨਾਲ ਦਿੱਤਾ ਜਾਵੇ।
ਹਿਮਾਚਲ ਪ੍ਰਦੇਸ਼ ਵਿਚ ਸੈਲਾਨੀਆਂ ਦੀ ਖਿੱਚ ਦੇ ਮੁੱਖ ਕੇਂਦਰ ਸ਼ਿਮਲਾ, ਕੁਫਰੀ ਤੇ ਡਲਹੌਜ਼ੀ ‘ਚ ਤਾਜ਼ਾ ਬਰਫਬਾਰੀ ਹੋਈ ਜਦਕਿ ਬਾਕੀ ਇਲਾਕਿਆਂ ਵਿਚ ਭਰਵਾਂ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਬਰਫਬਾਰੀ ਕਾਰਨ ਤਾਪਮਾਨ ਕਾਫੀ ਹੇਠਾਂ ਡਿੱਗ ਗਿਆ ਹੈ। ਕੁਫਰੀ, ਮਨਾਲੀ ਤੇ ਡਲਹੌਜ਼ੀ ਵਿਚ ਤਾਪਮਾਨ ਸਿਫਰ ਹੋਣ ਕਰਕੇ ਲੋਕਾਂ ਨੂੰ ਕਾਂਬਾ ਛਿੜ ਗਿਆ ਹੈ। ਸ਼ਿਮਲਾ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਕੁਫਰੀ ਵਿਚ 15 ਸੈਂਟੀਮੀਟਰ ਬਰਫਬਾਰੀ ਹੋਈ ਜਦੋਂ ਕਿ ਡਲਹੌਜ਼ੀ ਤੇ ਸ਼ਿਮਲਾ ਵਿਚ ਕ੍ਰਮਵਾਰ 10 ਤੇ 5 ਸੈਂਟੀਮੀਟਰ ਬਰਫਬਾਰੀ ਹੋਈ ਹੈ।
ਇਸ ਤੋਂ ਇਲਾਵਾ ਖਦਰਾਲਾ ਵਿਚ 23 ਸੈਂਟੀਮੀਟਰ, ਗੌਂਦਲਾ ‘ਚ 4 ਸੈਂਟੀਮੀਟਰ ਅਤੇ ਕਲਪਾ ਵਿਚ 3.4 ਸੈਟੀਮੀਟਰ ਬਰਫ ਪਈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਕਬਾਇਲੀ ਜ਼ਿਲ੍ਹੇ ਦੇ ਲਾਹੌਲ ਤੇ ਸਪਿਤੀ ਦਾ ਪ੍ਰਸ਼ਾਸਕੀ ਕੇਂਦਰ ਕੇਲੌਂਗ ਸਭ ਤੋਂ ਠੰਢਾ ਰਿਹਾ। ਕੁਫਰੀ ਵਿਚ ਘੱਟ ਤੋਂ ਘੱਟ ਤਾਪਮਾਨ 2.9 ਡਿਗਰੀ ਸੈਲਸੀਅਸ ਤੇ ਕਲਪਾ ‘ਚ ਘੱਟੋ ਤੋਂ ਘੱਟ ਤਾਪਮਾਨ 1.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
______________________________
ਕੈਪਟਨ ਵੱਲੋਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਬੇਮੌਸਮੇ ਮੀਂਹ ਤੇ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੁਢਲੀ ਮੁਲਾਂਕਣ ਰਿਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਮੁੱਖ ਮੰਤਰੀ ਨੇ ਮਾਲ ਮੰਤਰੀ, ਵਿੱਤ ਕਮਿਸ਼ਨਰ ਮਾਲ, ਸਾਰੇ ਡਿਵੀਜ਼ਨ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਮਾਲ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜ਼ਮੀਨੀ ਪੱਧਰ ਉਤੇ ਨੁਕਸਾਨੀ ਫਸਲ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਖੇਤਰਾਂ ਦਾ ਵਿਆਪਕ ਦੌਰਾ ਕਰਨ।