ਨਸ਼ਾ ਮੁਕਤੀ: ਸਰਕਾਰ ਨੇ ਨਾਕਾਮੀਆਂ ‘ਤੇ ਪਰਦਾ ਪਾਉਣ ਲਈ ਘੜੀ ਨਵੀਂ ਜੁਗਤ

ਬਠਿੰਡਾ: ਕੈਪਟਨ ਸਰਕਾਰ ਹੁਣ ‘ਨਸ਼ਾ ਮੁਕਤ ਪੰਜਾਬ’ ਦਿਖਾਉਣ ਖਾਤਰ ਪੰਚਾਇਤਾਂ ਕੋਲੋਂ ਮਤੇ ਪਵਾ ਰਹੀ ਹੈ। ਪੰਜਾਬ ਪੁਲਿਸ ਨੇ ਨਸ਼ਾ ਮੁਕਤ ਪਿੰਡਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਤੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਜਬਾਨੀ ਹੁਕਮ ਕਰਕੇ ‘ਨਸ਼ਾ ਮੁਕਤ ਪਿੰਡ’ ਹੋਣ ਦੇ ਮਤੇ ਪਾਸ ਕਰਾ ਰਿਹਾ ਹੈ।

ਪੁਲਿਸ ਨੇ ਉਨ੍ਹਾਂ ਪਿੰਡਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਪਿੰਡਾਂ ਵਿਚ ਤਿੰਨ ਵਰ੍ਹਿਆਂ ਤੋਂ ਕੋਈ ਨਸ਼ਾ ਤਸਕਰੀ ਦਾ ਜੁਰਮ ਨਹੀਂ ਹੋਇਆ ਹੈ। ਉਂਜ, ਇਨ੍ਹਾਂ ਪਿੰਡਾਂ ਵਿਚ ਨਸ਼ੇੜੀ ਬਥੇਰੇ ਹਨ। ਵੇਰਵਿਆਂ ਅਨੁਸਾਰ ਬਠਿੰਡਾ ਜ਼ਿਲ੍ਹੇ ਵਿਚ ਪੁਲਿਸ ਨੇ 22 ਪਿੰਡ ਸ਼ਨਾਖਤ ਕੀਤੇ ਹਨ, ਜਿਨ੍ਹਾਂ ਵਿਚ ਕਾਂਗਰਸ ਸਰਕਾਰ ਬਣਨ ਮਗਰੋਂ ਨਸ਼ਾ ਤਸਕਰੀ ਦਾ ਕੋਈ ਜੁਰਮ ਨਹੀਂ ਹੋਇਆ ਹੈ। ਉਂਜ, ਸ਼ਰਾਬ ਦੇ ਠੇਕੇ ਵੀ ਇਨ੍ਹਾਂ ਪਿੰਡਾਂ ਵਿਚ ਮੌਜੂਦ ਹਨ।
ਤਲਵੰਡੀ ਸਾਬੋ ਦੇ ਪਿੰਡ ਫੱਤਾਬਾਲੂ, ਕੌਰੇਆਣਾ, ਮਿਰਜੇਆਣਾ ਅਤੇ ਮੈਨੂੰਆਣਾ ਨੂੰ ਇਸ ਨਸ਼ਾ ਮੁਕਤ ਪਿੰਡਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਪਿੰਡ ਕੌਰੋਆਣਾ ਦੀ ਮਹਿਲਾ ਸਰਪੰਚ ਜਸਮੇਲ ਕੌਰ ਦਾ ਕਹਿਣਾ ਸੀ ਕਿ ਬੀ.ਡੀ.ਪੀ.ਓ. ਤਰਫੋਂ ਨਸ਼ਾ ਮੁਕਤ ਪਿੰਡ ਹੋਣ ਦਾ ਮਤਾ ਪਾਸ ਕਰਨ ਵਾਸਤੇ ਆਖਿਆ ਗਿਆ ਹੈ ਪਰ ਉਹ ਮਤੇ ਵਿਚ ਹਕੀਕਤ ਲਿਖਣਗੇ।
ਉਨ੍ਹਾਂ ਕਿਹਾ ਕਿ ਬਾਕੀ ਪਿੰਡਾਂ ਨਾਲੋਂ ਪਿੰਡ ਵਿਚ ਨਸ਼ਾ ਥੋੜਾ ਹੈ ਪਰ ਕੁਝ ਨਸ਼ੇੜੀ ਪਿੰਡ ਵਿਚ ਜ਼ਰੂਰ ਹਨ। ਜਾਣਕਾਰੀ ਅਨੁਸਾਰ ਗੋਨਿਆਣਾ ਬਲਾਕ ਦੇ ਪਿੰਡ ਅਮਰਗੜ੍ਹ, ਲੱਖੀ ਜੰਗਲ, ਕੋਠੇ ਲਾਲ ਸਿੰਘ ਅਤੇ ਕੋਠੇ ਸੰਧੂ ਵਾਲੇ ਵੀ ਨਸ਼ਾ ਮੁਕਤ ਪਿੰਡ ਐਲਾਨੇ ਗਏ ਹਨ। ਰਾਮਪੁਰਾ ਬਲਾਕ ਦਾ ਪਿੰਡ ਮੰਡੀ ਖੁਰਦ ਵੀ ਇਸ ਸੂਚੀ ਵਿਚ ਸ਼ਾਮਲ ਹੈ ਜਿਥੋਂ ਦੇ ਸਰਪੰਚ ਇਕਬਾਲ ਸਿੰਘ ਨੇ ਕਿਹਾ ਕਿ ਹਾਲੇ ਸਰਕਾਰੀ ਹੁਕਮ ਤਾਂ ਇਸ ਬਾਰੇ ਪੁੱਜੇ ਨਹੀਂ ਹਨ ਪਰ ਪਿੰਡ ‘ਚ ਕੋਈ ਨਸ਼ਾ ਨਾ ਕਰਦਾ ਹੋਵੇ, ਅਜਿਹੀ ਗੱਲ ਨਹੀਂ ਹੈ। ਪਿੰਡ ਵਿਚ ਕਦੇ ਨਸ਼ਾ ਮੁਕਤੀ ਬਾਰੇ ਯੋਜਨਾਬੱਧ ਤਰੀਕੇ ਨਾਲ ਕੋਈ ਮੁਹਿੰਮ ਵੀ ਨਹੀਂ ਚੱਲੀ ਹੈ।
ਸੂਤਰ ਦੱਸਦੇ ਹਨ ਕਿ ਕੁਝ ਲੋਕਾਂ ਨੇ ਸਰਕਾਰ ਨੂੰ ਪਿੰਡ ‘ਚੋਂ ਸ਼ਰਾਬ ਦਾ ਠੇਕਾ ਬਾਹਰ ਕੱਢਣ ਦੀ ਮੰਗ ਰੱਖੀ ਸੀ ਜੋ ਅੱਜ ਤੱਕ ਸਰਕਾਰ ਨੇ ਪੂਰੀ ਨਹੀਂ ਕੀਤੀ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਠਿੰਡਾ ਹਰਜਿੰਦਰ ਸਿੰਘ ਜੱਸਲ ਦਾ ਕਹਿਣਾ ਸੀ ਕਿ ਪੁਲਿਸ ਤਰਫੋਂ ਅਜਿਹੇ ਪਿੰਡਾਂ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ ਦੀ ਮਹਿਕਮੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਬਠਿੰਡਾ ਜ਼ਿਲ੍ਹੇ ਦੇ ਸਿਰਫ 7 ਫੀਸਦੀ ਪਿੰਡ ਹੀ ਪੁਲਿਸ ਨੂੰ ਨਸ਼ਾ ਮੁਕਤ ਲੱਭੇ ਹਨ, ਜਿਨ੍ਹਾਂ ਦੀ ਹਕੀਕਤ ਕੁਝ ਹੋਰ ਹੈ। ਗੁਰਦਾਸਪੁਰ ਜ਼ਿਲ੍ਹੇ ਵਿਚ 1279 ਪੰਚਾਇਤਾਂ ਹਨ, ਜਿਨ੍ਹਾਂ ‘ਚੋਂ ਸਿਰਫ 65 ਪਿੰਡ ਨਸ਼ਾ ਮੁਕਤ ਐਲਾਨੇ ਗਏ ਹਨ ਜੋ ਕਿ 5.8 ਫੀਸਦੀ ਬਣਦੇ ਹਨ। ਰਾਜਪਾਲ ਪੰਜਾਬ ਤਰਫੋਂ ਇਨ੍ਹਾਂ ਪਿੰਡਾਂ ਨੂੰ ਸਨਮਾਨਿਆ ਵੀ ਗਿਆ ਹੈ। ਪੁਲਿਸ ਨਸ਼ਾ ਦੇ ਜੁਰਮ ਦੇ ਅਧਾਰ ਉਤੇ ਅੰਕੜਾ ਤਿਆਰ ਕਰ ਰਹੀ ਹੈ। ਜ਼ਿਲ੍ਹਾ ਬਰਨਾਲਾ ਵਿਚ 121 ਪਿੰਡ ਹਨ ਅਤੇ 175 ਪੰਚਾਇਤਾਂ ਹਨ। ਸੂਤਰਾਂ ਅਨੁਸਾਰ ਬਰਨਾਲਾ ਜ਼ਿਲ੍ਹੇ ਵਿਚ ਛੇ ਪਿੰਡ ਨਸ਼ਾ ਮੁਕਤ ਸ਼ਨਾਖਤ ਹੋਏ ਹਨ, ਜੋ 4.95 ਫੀਸਦੀ ਬਣਦੇ ਹਨ। ਜ਼ਿਲ੍ਹਾ ਸੰਗਰੂਰ ਵਿਚ ਕਰੀਬ 30 ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ ਗਿਆ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਗਰੂਰ ਨਰਭਿੰਦਰ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਪੰਚਾਇਤਾਂ ਤਰਫੋਂ ਮਤਾ ਪਾ ਕੇ ਡਿਪਟੀ ਕਮਿਸ਼ਨਰ ਨੂੰ ਦੇ ਦਿੱਤੇ ਗਏ ਹਨ।
ਦੂਸਰੀ ਤਰਫ ਸਾਇੰਸਟੈਫਿਕ ਅਵੇਅਰਨੈੱਸ ਐਂਡ ਸੋਸ਼ਲ ਵੈਲਫੇਅਰ ਸੰਗਰੂਰ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਦਾ ਕਹਿਣਾ ਸੀ ਕਿ ਲੋੜ ਵਿਖਾਵੇ ਦੀ ਨਹੀਂ, ਨਸ਼ੇ ਦੀ ਜੜ੍ਹ ਪੁੱਟਣ ਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਹਰਿਆਣਾ ਦੀ ਦੋ ਨੰਬਰ ਦੀ ਸ਼ਰਾਬ ਸ਼ਰੇਆਮ ਵਿਕਦੀ ਹੈ, ਕੋਈ ਰੋਕਣ ਵਾਲਾ ਨਹੀਂ। ਸਰਕਾਰ ਨੇ ਐਤਕੀਂ 58 ਪਿੰਡਾਂ ਦੇ ਸ਼ਰਾਬਬੰਦੀ ਦੇ ਪਾਏ ਮਤਿਆਂ ‘ਚੋਂ ਸਿਰਫ 8 ਮਤੇ ਹੀ ਪ੍ਰਵਾਨ ਕੀਤੇ ਹਨ।
ਪਤਾ ਲੱਗਾ ਹੈ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਇਹ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਜਦੋਂ ਕਿ ਕੁਝ ਜ਼ਿਲ੍ਹਿਆਂ ਵਿਚ ਹਾਲੇ ਨਸ਼ਾ ਮੁਕਤ ਪਿੰਡ ਸ਼ਨਾਖਤ ਕੀਤੇ ਜਾਣ ਦਾ ਕੰਮ ਚੱਲ ਰਿਹਾ ਹੈ।
__________________________________________
ਨਸ਼ੇ ਰੋਕਣ ‘ਚ ਸਰਗਰਮ ਹੋਏ ਅਧਿਕਾਰੀ
ਚੰਡੀਗੜ੍ਹ: ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦਿਆਂ ਸਾਲ 2019 ‘ਚ 33500 ਕੇਸ ਦਰਜ ਕਰਕੇ 44500 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸਾਲ ਭਰ ‘ਚ 464 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਪ੍ਰਗਟਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਅਗਵਾਈ ‘ਚ ਡਿਪਟੀ ਕਮਿਸ਼ਨਰਾਂ ਅਤੇ ਐਸ਼ਐਸ਼ਪੀਜ਼. ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਮੀਟਿੰਗ ‘ਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕੀਤਾ। ਇਸ ਮੌਕੇ ਸੁਰੇਸ਼ ਕੁਮਾਰ ਨੇ ਅਧਿਕਾਰੀਆਂ ਨੂੰ ਸੂਬੇ ਵਿਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਯਤਨ ਤੇਜ਼ ਕਰਨ ਲਈ ਕਿਹਾ। ਉਨ੍ਹਾਂ ਬਡੀਜ਼ ਗਰੁੱਪਾਂ ਅਤੇ ਨਸ਼ਾ ਰੋਕੂ ਅਫਸਰਾਂ ਨੂੰ ਸਰਗਰਮ ਅਤੇ ਮਜ਼ਬੂਤ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਪੀੜਤ ਵਿਅਕਤੀਆਂ ਨਾਲ ਨਿੱਜੀ ਸੰਪਰਕ ਕਰਨ ਉਤੇ ਵੀ ਜ਼ੋਰ ਦਿੱਤਾ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ 2017 ਤੋਂ ਨਸ਼ਿਆਂ ਦੀ ਬਰਾਮਦਗੀ ਵਿਚ ਪੰਜ ਗੁਣਾਂ ਵਾਧਾ ਹੋਇਆ ਹੈ।