ਪਿਛਾਂਹ ਨੂੰ ਪਰਤਣਾ ਮੁਹਾਲ ਹੈ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮੰਜ਼ਿਲ ਦਾ ਵਿਖਿਆਨ ਕਰਦਿਆਂ ਕਿਹਾ ਸੀ, “ਮੰਜ਼ਿਲ, ਸਿਰਫ ਪਦਵੀਆਂ, ਰੁਤਬਿਆਂ ਅਤੇ ਮਾਇਕ ਲਾਭਾਂ ਨੂੰ ਪ੍ਰਾਪਤ ਕਰਨ ਜਾਂ ਇਨ੍ਹਾਂ ਵਿਚ ਹੀ ਉਲਝ ਕੇ ਰਹਿਣ ਦਾ ਨਾਮ ਨਹੀਂ, ਸਗੋਂ ਕੁਝ ਚੰਗੀ ਸੋਚ ਅਤੇ ਸਾਧਨਾ ਦਾ ਸਫਰ ਵੀ ਕਰਨਾ ਹੁੰਦਾ।

…ਸਭ ਤੋਂ ਔਖਾ ਹੁੰਦਾ ਮੰਜ਼ਿਲ ਨੂੰ ਮਿੱਥਣਾ। ਇਸ ਦੀਆਂ ਬਹੁ-ਪੱਖੀ ਪਰਤਾਂ ਨੂੰ ਆਪਣੀ ਸਿਆਣਪ, ਸਮਰੱਥਾ ਅਤੇ ਸ਼ਕਤੀ ਸੰਗ ਤੋਲਣਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਪਹਾੜਾਂ ਤੋਂ ਧਰਤੀ ਵੱਲ ਆਉਂਦੇ ਦਰਿਆਵਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਉਹ ਪਿਛੇ ਨਹੀਂ ਮੁੜਦੇ, ਪਰ ਮਨੁੱਖ ਲਈ ਬੇਸ਼ਕ ਬਹੁਤ ਔਖਾ ਹੁੰਦਾ ਪਿੰਡ ਤੋਂ ਨਗਰ, ਨਗਰ ਤੋਂ ਮਹਾਂਨਗਰ ਅਤੇ ਫਿਰ ਵਿਦੇਸ਼ ਵੰਨੀਂ ਉਡਾਣ ਭਰਨਾ। ਇਹ ਸਾਡੇ ਸੁਪਨਿਆਂ ਦੀ ਪਰਵਾਜ਼। ਉਹ ਕਹਿੰਦੇ ਹਨ, “ਪਿਛਾਂਹ ਨਾ ਮੁੜੋ, ਪਰ ਘੜੀ ਪਲ ਖਲੋ ਕੇ ਪਾਸਾ ਤਾਂ ਪਰਤਿਆ ਜਾ ਸਕਦਾ। ਬੀਤੇ ਨੂੰ ਵਿਚਾਰਿਆ ਜਾ ਸਕਦਾ। ਹੋਈਆਂ ਗਲਤੀਆਂ, ਕਮੀਆਂ ਤੇ ਕੁਤਾਹੀਆਂ ਨੂੰ ਦੂਰ ਕਰ ਕੇ, ਨਵੀਆਂ ਤਰਜ਼ੀਹਾਂ ਅਤੇ ਤਮੰਨਾਵਾਂ ਨੂੰ ਨਵੀਂ ਤਰਤੀਬ ਤਾਂ ਦਿਤੀ ਜਾ ਸਕਦੀ, ਜੋ ਤੁਹਾਡੀ ਤਕਦੀਰ ਨੂੰ ਨਵੀਂ ਤਹਿਜ਼ੀਬ ਅਤੇ ਦੂਰ-ਦਰਸ਼ੀ ਪੈੜ ਦਾ ਪਤਾ ਦੱਸੇ।…ਪਿਛਾਂਹ ਨੂੰ ਪਰਤਣਾ, ਔਖਾ ਤਾਂ ਬਹੁਤ, ਪਰ ਜਦ ਕੁਝ ਪਲ ਲਈ ਪਿਛਾਂਹ ਨੂੰ ਪਰਤਣਾ, ਜੀਵਨ ਨੂੰ ਸਕੂਨ ਜਾਂ ਖੁਸ਼ੀ ਦੇਵੇ ਤਾਂ ਪਰਤਣ ਵਿਚ ਹੀ ਭਲਾਈ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਦਰਿਆ ਪਹਾੜਾਂ ਵਿਚੋਂ ਨਿਕਲਦਾ, ਆਪਣੀ ਤੋਰੇ ਤੁਰਦਾ, ਹੌਲੀ ਹੌਲੀ ਸਫਰ ਪੂਰਾ ਕਰਕੇ ਸਮੁੰਦਰ ਵਿਚ ਸਮਾ ਜਾਂਦਾ, ਪਰ ਦਰਿਆ ਕਦੇ ਵੀ ਪਿਛਾਂਹ ਨਹੀਂ ਪਰਤਦਾ।
ਪਹਿਲਾ ਕਦਮ ਸੋਚ ਸਮਝ ਕੇ ਧਰੋ, ਕਿਉਂਕਿ ਅਗਾਂਹ ਨੂੰ ਪੁੱਟਿਆ ਕਦਮ ਕਦੇ ਪਿੱਛਲਖੁਰੀ ਨਹੀਂ ਪੁੱਟਿਆ ਜਾ ਸਕਦਾ। ਪਿਛਾਂਹ ਨੂੰ ਝਾਕਣ ਵਾਲੇ ਦੇ ਨੈਣਾਂ ਵਿਚੋਂ ਦੂਰ-ਦਿਸਹੱਦਿਆਂ ਦੇ ਸਿਰਨਾਂਵੇਂ ਸਦਾ ਲਈ ਕਿਰ ਜਾਂਦੇ।
ਕੁਝ ਲੋਕ ਸਿਰਫ ਤੁਰਨਾ ਹੀ ਜਾਣਦੇ, ਪਰ ਉਨ੍ਹਾਂ ਨੂੰ ਅਗਾਂਹ ਵਧਣ ਅਤੇ ਪਿਛਾਂਹ ਮੁੜਨ ਵਿਚਲਾ ਅੰਤਰ, ਇਸ ਨਾਲ ਪੈਦਾ ਹੋਈ ਦੋਚਿੱਤੀ, ਹੋਣ ਵਾਲੀ ਮਾਨਸਿਕ ਪੀੜਾ, ਦੀਦਿਆਂ ਵਿਚ ਉਗਣ ਵਾਲਾ ਧੁੰਦਲਕਾ ਅਤੇ ਅਜਾਈਂ ਸਮਾਂ ਗਵਾਉਣ ਦਾ ਕਦੇ ਅਹਿਸਾਸ ਨਹੀਂ ਹੁੰਦਾ। ਸਮਾਂ ਬੀਤ ਜਾਣ ਪਿਛੋਂ ਪੱਲੇ ਸਿਰਫ ਇਕ ਪਛਤਾਵਾ ਰਹਿ ਜਾਂਦਾ ਹੈ।
ਸਿਰਫ ਅਗਾਂਹ ਵਧਣ ਵਾਲੇ, ਦੀਦਿਆਂ ਵਿਚ ਭਵਿੱਖਮੁਖੀ ਸੁਪਨਿਆਂ ਨੂੰ ਸਜਾਉਣ ਅਤੇ ਇਨ੍ਹਾਂ ਦੀ ਪ੍ਰਾਪਤੀ ਨੂੰ ਜੀਵਨ-ਅਕੀਦਾ ਬਣਾਉਣ ਵਾਲੇ ਹੀ ਜੀਵਨ-ਮਕਸਦ ਦਾ ਹਾਸਲ ਹੁੰਦੇ।
ਜੀਵਨ-ਬੁਲੰਦੀਆਂ ਨੂੰ ਹਾਸਲ ਕਰਨ ਵਾਲੇ, ਨਵੇਂ ਰਾਹਾਂ ‘ਤੇ ਤੁਰਨ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਸਮਝਦੇ, ਵਿਚਾਰਦੇ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਮਾਨਸਿਕ-ਸਮਰੱਥਾ ਪੈਦਾ ਕਰਦੇ। ਫਿਰ ਉਹ ਮੁਸ਼ਕਿਲਾਂ ਅਤੇ ਪੀੜਾਂ ਤੋਂ ਕਦੇ ਨਹੀਂ ਘਬਰਾਉਂਦੇ। ਮੰਜ਼ਿਲ ਪ੍ਰਾਪਤ ਕਰਕੇ ਹੀ ਸਾਹ ਲੈਂਦੇ। ਰੁਕਣਾ ਜਾਂ ਪਿਛਾਂਹ ਵੰਨੀਂ ਝਾਕਣਾ ਤਾਂ ਉਨ੍ਹਾਂ ਦੇ ਚਿੱਤ-ਚੇਤੇ ‘ਚ ਹੀ ਨਹੀਂ ਹੁੰਦਾ।
ਕਦੇ ਵਾਰ ਪੈਰ ਪੁੱਟਣ ਲੱਗਿਆਂ ਸਾਡਾ ਬੀਤਿਆਂ ਪਿਛਾ ਨਹੀਂ ਛੱਡਦਾ। ਕਮਜੋਰ ਹੋਣ ਕਾਰਨ ਬੀਤੇ ਦਾ ਪੱਲਾ ਛੱਡਣ ਤੋਂ ਤ੍ਰਹਿੰਦੇ। ਇਸੇ ਲਈ ਸਾਡੇ ਪੈਰਾਂ ਵਿਚ ਉਗਿਆ ਸਫਰ ਸੋਗ ਤੇ ਸਦਮਾ ਬਣ ਕੇ ਸੋਚਾਂ ਵਿਚ ਸਦਾ ਰੜਕਦਾ ਰਹਿੰਦਾ। ਕੁਝ ਪ੍ਰਾਪਤ ਕਰਨ ਲਈ ਕੁਝ ਤਾਂ ਛੱਡਣਾ ਪਵੇਗਾ, ਕਿਉਂਕਿ ਕੁਝ ਗ੍ਰਹਿਣ ਕਰਨ ਲਈ ਕੁਝ ਤਾਂ ਗਵਾਉਣਾ ਹੀ ਪੈਂਦਾ।
ਕਈ ਵਾਰ ਲੋਕ ਅਗਾਂਹ ਨੂੰ ਤੁਰਦਿਆਂ, ਮੂਲ ਨੂੰ ਹੀ ਭੁੱਲ ਜਾਂਦੇ। ਲੋੜ ਹੈ ਕਿ ਨਵੇਂ ਰਾਹਾਂ ‘ਤੇ ਤੁਰਦਿਆਂ ਮੂਲ ਨੂੰ ਨਾ ਭੁਲਾਇਆ ਜਾਵੇ। ਆਪਣੀਆਂ ਜੜ੍ਹਾਂ ਤੋਂ ਬੇਰੁਖੀ ਨਾ ਉਪਜਾਈ ਜਾਵੇ। ਸਗੋਂ ਅਗਾਂਹ ਨੂੰ ਤੁਰਦਿਆਂ, ਮਨ-ਮੰਦਿਰ ਵਿਚ ਬੀਤਿਆ ਵੀ ਗੁਣਗੁਣਾਉਂਦਾ ਰਹੇ ਤਾਂ ਨਵੀਆਂ ਰਾਹਾਂ ਦਾ ਸਫਰ ਬਹੁਤ ਹੀ ਸੁਖਾਵਾਂ ਅਤੇ ਦੇਣਦਾਰੀਆਂ ਭਰਪੂਰ ਹੁੰਦਾ।
ਮੇਰਾ ਦੋਸਤ ਹੈ। ਕਾਲਜ ਪੜ੍ਹਦਾ ਹੀ ਵਿਦੇਸ਼ ਨੂੰ ਤੁਰ ਪਿਆ ਸੀ। ਵੱਖ-ਵੱਖ ਦੇਸ਼ਾਂ ਵਿਚ ਠਾਹਰ ਭਾਲਦਾ ਤੇ ਆਪਣੇ ਜੋਗੀ ਜ਼ਮੀਂ ਲੱਭਦਾ, ਅਜੇ ਤੀਕ ਆਪਣੇ ਪੈਰਾਂ ਲਈ ਸਥਿਰਤਾ ਨਹੀਂ ਸਿਰਜ ਸਕਿਆ। ਭੱਜ-ਦੌੜ ਕੇ ਇੰਡੀਆ ਵਿਆਹ ਵੀ ਕਰਵਾ ਆਇਆ। ਬੱਚੇ ਵੀ ਹੋ ਗਏ। ਬਾਪ ਦੀ ਗੈਰ-ਹਾਜ਼ਰੀ ਵਿਚ ਵਿਆਹੇ ਵੀ ਗਏ, ਪਰ ਉਹ ਅਜੇ ਵੀ ਜੀਵਨ ਦੀ ਢਲਦੀ ਸ਼ਾਮੇ ਵਿਦੇਸ਼ ਵਿਚ ਹੀ ਜੀਵਨ-ਸਥਿਰਤਾ ਦੀ ਭਾਲ ਕਰਦਾ ਹੈ। ਕਦੇ ਵੀ ਉਸ ਦੇ ਮਨ ਵਿਚ ਵਾਪਸ ਆਪਣੇ ਘਰ ਨੂੰ ਪਰਤਣ, ਜੀਵਨ-ਸਾਥਣ ਨੂੰ ਵਿਆਹੁਤਾ ਜੀਵਨ ਦਾ ਸੁੱਖ ਦੇਣ ਜਾਂ ਆਪਣੇ ਹਿੱਸੇ ਦੀ ਜ਼ਿੰਦਗੀ ਜਿਉਣ ਦੀ ਤਮੰਨਾ ਪੈਦਾ ਨਹੀਂ ਹੋਈ। ਉਹ ਪਿਛਾਂਹ ਨਹੀਂ ਜਾਣਾ ਚਾਹੁੰਦਾ ਸਗੋਂ ਵਿਦੇਸ਼ ਵਿਚ ਹੀ ਆਪਣੇ ਸਾਹਾਂ ਨੂੰ ਆਖਰੀ ਅਲਵਿਦਾ ਕਹਿਣ ਲਈ ਬੇਤਾਬ ਹੈ। ਇਹ ਕੇਹੀ ਮਾਨਸਿਕਤਾ ਹੈ ਕਿ ਉਹ ਪਿਛਾਂਹ ਨਹੀਂ ਜਾਣਾ ਚਾਹੁੰਦਾ ਸਗੋਂ ਅਗਾਂਹ ਹੀ ਆਪਣਾ ਸਫਰ ਜਾਰੀ ਰੱਖਣਾ ਚਾਹੁੰਦਾ, ਜਿਸ ‘ਚੋਂ ਹੁਣ ਤੀਕ ਦੀ ਮਾਨਸਿਕ ਪ੍ਰਾਪਤੀ ਜ਼ੀਰੋ ਹੈ। ਇਸ ਸਫਰ ਵਿਚ ਉਸ ਨੇ ਕਿੰਨਾ ਕੁਝ ਗਵਾਇਆ ਅਤੇ ਕਿੰਨਾ ਕੁਝ ਪ੍ਰਾਪਤ ਕੀਤਾ, ਕਦੇ ਇਸ ਦਾ ਲੇਖਾ-ਜੋਖਾ ਕਰੇ ਤਾਂ ਉਸ ਨੂੰ ਹੁਣ ਤਾਂ ਅਹਿਸਾਸ ਹੋਣਾ ਚਾਹੀਦਾ ਕਿ ਉਸ ਦੇ ਪਿਛਾਂਹ ਪਰਤਣ ਵਿਚ ਹੀ ਉਸ ਦੀ ਭਲਾਈ ਹੈ, ਪਰ ਉਸ ਨੇ ਕਦੇ ਵਾਪਸ ਨਹੀਂ ਪਰਤਣਾ।
ਪਿਛਾਂਹ ਪਰਤ ਕੇ ਦੇਖਣਾ ਜਾਂ ਸਵੈ-ਵਿਸ਼ਲੇਸ਼ਣ ਕਰਨ ਵਿਚ ਕੋਈ ਗੁਨਾਹ ਜਾਂ ਖੁਨਾਮੀ ਨਹੀਂ। ਜੇ ਲੱਗੇ ਕਿ ਸਫਰ ਵਿਚ ਕੰਡੇ ਤੇ ਖਾਈਆਂ, ਉਦਾਸੀ ਤੇ ਹਾਵਿਆਂ ਤੋਂ ਬਿਨਾ ਕੁਝ ਨਹੀਂ ਜਾਂ ਜਦ ਖੇੜੇ ਰੁੱਸੇ ਰਹਿਣ, ਆਸਾਂ ਬੇਨੂਰ ਹੋ ਜਾਣ ਅਤੇ ਵਿਸ਼ਵਾਸ ਖੇਰੂੰ ਖੇਰੂੰ ਹੋ ਜਾਵੇ ਤਾਂ ਤੁਰਦੇ ਪੈਰਾਂ ਨੂੰ ਵੀ ਸੋਚਣਾ ਤਾਂ ਚਾਹੀਦਾ ਹੈ ਕਿ ਇਹ ਕੇਹਾ ਸਫਰ ਹੈ, ਜੋ ਪੀੜਾਂ ਦਾ ਨਿਉਂਦਾ ਹੀ ਧਰਦਾ ਏ। ਕਠਿਨਾਈਆਂ, ਔਖਿਆਈਆਂ ਅਤੇ ਕਸ਼ਟਾਂ ਪਿਛੋਂ ਜੇ ਕਿਧਰੇ ਕੋਈ ਆਸ ਅਤੇ ਧਰਵਾਸ ਦੀ ਕਿਰਨ ਦਿਖਾਈ ਦੇਵੇ ਤਾਂ ਸਫਰ ਜਾਰੀ ਰੱਖੋ। ਵਰਨਾ, ਕੁਝ ਪਲ ਰੁਕਣ, ਸੋਚਣ ਅਤੇ ਸਫਰ ਨੂੰ ਮੋੜਾ ਦੇਣ ਵਿਚ ਕੋਈ ਹਰਜ਼ ਨਹੀਂ।
ਬਹੁਤ ਔਖਾ ਹੁੰਦਾ ਪਿੰਡ ਤੋਂ ਨਗਰ, ਨਗਰ ਤੋਂ ਮਹਾਂਨਗਰ ਅਤੇ ਫਿਰ ਵਿਦੇਸ਼ ਵੰਨੀਂ ਉਡਾਣ ਭਰਨਾ। ਇਹ ਸਾਡੇ ਸੁਪਨਿਆਂ ਦੀ ਪਰਵਾਜ਼। ਇਸ ਪਰਵਾਜ਼ ਦੌਰਾਨ ਰੌਸ਼ਨ ਧਰਾਤਲ ਨਜ਼ਰੀਂ ਵੀ ਪੈਂਦੀ, ਪਰ ਬਹੁਤ ਕੁਝ ਸਾਥੋਂ ਵਿਸਰਦਾ ਵੀ। ਪ੍ਰਾਪਤ ਅਤੇ ਵਿਸਾਰਨ ਵਿਚਲੇ ਅੰਤਰ ਦੀ ਜਾਣਕਾਰੀ ਨੂੰ ਸਿਆਣਪ ਦੀ ਤੱਕੜੀ ‘ਚ ਤੋਲਾਂਗੇ ਤਾਂ ਸਾਨੂੰ ਆਪਣੇ ਸਫਰ ਨੂੰ ਸਾਰਥਕਤਾ, ਸਦੀਵਤਾ ਅਤੇ ਸੁਯੋਗਤਾ ਦੇਣ ਵਿਚ ਅਸਾਨੀ ਹੋਵੇਗੀ। ਉਡਾਣ ਭਰਨਾ ਚੰਗਾ ਹੈ, ਪਰ ਇਸ ਲਈ ਸਾਡੇ ਡੌਲਿਆਂ ਵਿਚ ਬਲ, ਖੰਭਾਂ ਵਿਚ ਹਵਾ ਅਤੇ ਅੰਬਰ ਜਿਹੀ ਦਿੱਭ-ਦ੍ਰਿਸ਼ਟੀ ਦਾ ਹੋਣਾ ਅਤਿ ਜ਼ਰੂਰੀ।
ਬਹੁਤੇ ਲੋਕ ਜੀਵਨ ਦੇ ਇਕ ਪੜਾਅ ‘ਤੇ ਪਰਵਾਜ਼ ਨੂੰ ਉਚੇਰੀ ਉਡਾਣ ਦੇਣ ਲਈ ਨਵੀਆਂ ਧਰਤੀਆਂ ਦੀ ਵਿਸ਼ਾਲਤਾ ਨੂੰ ਅਪਨਾਉਣ ਅਤੇ ਸੁਪਨ-ਪੂਰਤੀ ਦਾ ਅਹਿਸਾਸ ਮਨ-ਜੂਹ ਵਿਚ ਧਰ ਘਰ ਤੋਂ ਬਾਹਰ ਨੂੰ ਕਦਮ ਰੱਖਦੇ। ਮਾਂਵਾਂ ਸੁੱਖਾਂ ਮੰਗਦੀਆਂ। ਘਰ ਨੂੰ ਤਿੜਕਣ ਦਾ ਅਹਿਸਾਸ ਵੀ ਹੁੰਦਾ। ਇਹ ਤਿੜਕਣ ਘਰ ਦੀਆਂ ਖੁਰਦੀਆਂ ਨੀਂਹਾਂ ਦੀ ਵੀ ਹੋ ਸਕਦੀ ਜਾਂ ਘਰ ਦੀਆਂ ਨੀਂਹਾਂ ਦੀ ਨਿਗਰਤਾ ਦੀ ਆਸ ਵੀ। ਇਹ ਤਾਂ ਸਫਰ ਵਿਚਲੀ ਸੰਵੇਦਨਾ ਅਤੇ ਸੰਪੂਰਨਤਾ ਵਿਚੋਂ ਹੀ ਉਦੈ ਹੋਣਾ ਹੁੰਦਾ। ਬਹੁਤ ਸਾਰੇ ਨੌਜਵਾਨ ਵਿਦੇਸ਼ੀ ਚਮਕ-ਦਮਕ ਜਾਂ ਪਰਦੇਸ ਵਿਚ ਰਹਿੰਦਿਆਂ ਦੇ ਠਾਠ ਦੇਖ ਕੇ ਵਿਦੇਸ਼ ਪਹੁੰਚਣ ਲਈ ਹਰ ਹੀਲਾ ਵਰਤਦੇ। ਕਦੇ ਆਪਣੀ ਜਾਨ ਦੀ ਬਾਜ਼ੀ ਵੀ ਲਾਉਂਦੇ, ਪਰ ਉਹ ਮਾਨਸਿਕ ਤੌਰ ‘ਤੇ ਇਸ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ, ਆਰਥਕ ਤੰਗੀਆਂ-ਤੁਰਸ਼ੀਆਂ ਅਤੇ ਔਕੜਾਂ ਨੂੰ ਕਦੇ ਕਿਆਸ ਨਹੀਂ ਸਕਦੇ, ਜਿਨ੍ਹਾਂ ਦਾ ਸਾਹਮਣਾ, ਉਨ੍ਹਾਂ ਨੂੰ ਵਿਦੇਸ਼ ਵਿਚ ਜਾ ਕੇ ਕਰਨਾ ਪੈਂਦਾ, ਤੇ ਫਿਰ ਮੁਸੀਬਤਾਂ ਵਿਚ ਘਿਰਿਆ ਵਿਅਕਤੀ ਤਿੜਕ ਜਾਂਦਾ, ਅੰਦਰੋਂ ਟੁੱਟ ਜਾਂਦਾ ਅਤੇ ਜੇ ਕੋਈ ਹੌਂਸਲਾ ਦੇਣ, ਬਾਂਹ ਫੜਨ ਲਈ ਅੱਗੇ ਨਾ ਆਵੇ, ਧੀਰਜ ਨਾ ਧਰਾਵੇ ਜਾਂ ਰੋਣ ਲਈ ਕੋਈ ਮਿੱਤਰ-ਮੋਢਾ ਨਾ ਮਿਲੇ ਤਾਂ ਉਹ ਵਿਅਕਤੀ ਖੁਦਕੁਸ਼ੀ, ਗਲਤ ਕੰਮਾਂ ਜਾਂ ਆਪਣਾ ਸਿਵਾ ਸੇਕਣ ਲਈ ਮਜਬੂਰ ਹੋ ਜਾਂਦਾ; ਕਿਉਂਕਿ ਉਸ ਲਈ ਪਿਛਾਂਹ ਪਰਤਣਾ ਬਹੁਤ ਮੁਸ਼ਕਿਲ ਹੁੰਦਾ। ਕਈ ਵਾਪਸ ਮੁੜਨਾ ਸੋਚਦੇ ਤਾਂ ਉਨ੍ਹਾਂ ਦੇ ਸੁਪਨਿਆਂ ਦੀ ਕਬਰ, ਉਨ੍ਹਾਂ ਨੂੰ ਬੇਚੈਨ ਕਰਦੀ, ਪਰ ਉਹ ਕਦੇ ਸੋਚਦੇ ਹੀ ਨਾ ਕਿ ਪਿਛਾਂਹ ਨੂੰ ਮੁੜਨ ਦੀ ਥਾਂ ਰਾਹ ਤਾਂ ਬਦਲੀ ਜਾ ਸਕਦੀ, ਜੋ ਉਤਰਦੀ ਰਾਤ ਦੇ ਹਨੇਰੇ ਨੂੰ ਨਹੀਂ, ਸਗੋਂ ਸਰਘੀ ਨੂੰ ਜਾਵੇ। ਇਨ੍ਹਾਂ ਰਾਹਾਂ ‘ਚ ਮੱਸਿਆ ਦੀ ਰਾਤ ਨਹੀਂ, ਸਗੋਂ ਪੁੰਨਿਆ ਦਾ ਚੰਨ ਝਾਤੀਆਂ ਮਾਰੇ। ਫਿਰ ਸੋਚਾਂ ਵਿਚ ਖੰਡਰ ਨਹੀਂ, ਸਗੋਂ ਰਹਿਣ-ਬਸੇਰਾ ਉਗਦਾ। ਅਜਿਹੇ ਪਹਿਰ ‘ਚ ਜੀਵਨ ਨੂੰ ਅਲਵਿਦਾ ਕਹਿਣ ਦੀ ਥਾਂ ਖੁਸ਼-ਆਮਦੀਦ ਕਹੀ ਜਾਂਦੀ।
ਪਿਛਾਂਹ ਨਾ ਮੁੜੋ, ਪਰ ਘੜੀ ਪਲ ਖਲੋ ਕੇ ਪਾਸਾ ਤਾਂ ਪਰਤਿਆ ਜਾ ਸਕਦਾ। ਬੀਤੇ ਨੂੰ ਵਿਚਾਰਿਆ ਜਾ ਸਕਦਾ। ਹੋਈਆਂ ਗਲਤੀਆਂ, ਕਮੀਆਂ ਤੇ ਕੁਤਾਹੀਆਂ ਨੂੰ ਦੂਰ ਕਰ ਕੇ, ਨਵੀਆਂ ਤਰਜ਼ੀਹਾਂ ਅਤੇ ਤਮੰਨਾਵਾਂ ਨੂੰ ਨਵੀਂ ਤਰਤੀਬ ਤਾਂ ਦਿਤੀ ਜਾ ਸਕਦੀ, ਜੋ ਤੁਹਾਡੀ ਤਕਦੀਰ ਨੂੰ ਨਵੀਂ ਤਹਿਜ਼ੀਬ ਅਤੇ ਦੂਰ-ਦਰਸ਼ੀ ਪੈੜ ਦਾ ਪਤਾ ਦੱਸੇ।
ਪਿਛਾਂਹ ਨੂੰ ਪਰਤਣਾ, ਔਖਾ ਤਾਂ ਬਹੁਤ, ਪਰ ਜਦ ਕੁਝ ਪਲ ਲਈ ਪਿਛਾਂਹ ਨੂੰ ਪਰਤਣਾ, ਜੀਵਨ ਨੂੰ ਸਕੂਨ ਜਾਂ ਖੁਸ਼ੀ ਦੇਵੇ ਤਾਂ ਪਰਤਣ ਵਿਚ ਹੀ ਭਲਾਈ। ਕੋਈ ਵਿਅਕਤੀ ਜਦ ਇਕ ਖਾਸ ਚੌਗਿਰਦੇ ਜਾਂ ਸੰਗ-ਸਾਥ ਵਿਚ ਖੁਦ ਨੂੰ ਸੁਖੈਨ ਅਤੇ ਸੰਤੁਸ਼ਟ ਮਹਿਸੂਸ ਕਰੇ ਤਾਂ ਉਸ ਦਾ ਪਰਤਣਾ ਵੀ ਬਹੁਤ ਸਹਿਜ ਅਤੇ ਸਾਰਥਕ ਵਰਤਾਰਾ ਹੁੰਦਾ। ਇਸ ਵਿਚੋਂ ਹੀ ਕੁਝ ਸਮੇਂ ਲਈ ਅਨੰਦਮਈ ਪਲਾਂ ਦਾ ਪਰਾਗਾ ਉਸ ਦੀ ਝੋਲੀ ਪੈਂਦਾ। ਉਮਰ ਦਾ ਇਕ ਪੜਾਅ, ਸੋਚ ਦਾ ਇਕ ਦਾਇਰਾ ਅਤੇ ਭਵਿੱਖਮੁਖੀ ਉਡਾਣ ਹੁੰਦੀ ਕਿ ਤੁਸੀਂ ਜੀਵਨ ਨੂੰ ਕਿਹੜੇ ਸੰਦਰਭ ‘ਚ ਲੈਂਦੇ ਹੋ ਅਤੇ ਇਸ ‘ਚੋਂ ਕੀ ਤਲਾਸ਼ਦੇ ਹੋ? ਜਦ ਪਿੰਡ ਦਾ ਕੋਈ ਬਜੁਰਗ ਸ਼ਹਿਰ ਜਾਂ ਵਿਦੇਸ਼ ਵਿਚ ਆਪਣੇ ਬੱਚਿਆਂ ਕੋਲ ਜਾਂਦਾ ਤਾਂ ਉਸ ਕੋਲੋਂ ਖੁਸ ਜਾਂਦਾ ਉਸ ਦਾ ਪਿੰਡ, ਖੇਤ, ਖੂਹ ਤੇ ਫਸਲਾਂ ਵੰਨੀਂ ਗੇੜਾ, ਮੱਝਾਂ, ਗਾਵਾਂ ਅਤੇ ਪਸੂਆਂ ਦੀ ਦੇਖਭਾਲ ਕਰਨ ਦਾ ਖਿਆਲ। ਲਵੇਰੀਆਂ ਅਤੇ ਹਾਲੀਆਂ ਨੂੰ ਪੁੱਤਾਂ ਵਾਂਗ ਪਿਆਰਨ ਅਤੇ ਦੁਲਾਰਨ ਦੀ ਲੋਚਾ। ਪਿੰਡ ਬਹੁਤ ਯਾਦ ਆਉਂਦਾ ਅਤੇ ਉਸ ਲਈ ਸ਼ਹਿਰੀ ਜਾਂ ਵਿਦੇਸ਼ ਵਿਚਲੀ ਜ਼ਿੰਦਗੀ ਇਕ ਕਾਲ ਕੋਠੜੀ। ਅਜਿਹੇ ਵਿਅਕਤੀ ਲਈ ਪਿਛਾਂਹ ਮੁੜਨਾ, ਜੀਵਨ ਦੇ ਸੁਖਦ ਪਲਾਂ ਦਾ ਵਾਪਸ ਪਰਤਣਾ। ਅਜਿਹਾ ਮਿਲਣ ‘ਤੇ ਉਹ ਆਪਣੇ ਆਖਰੀ ਪਹਿਰ ਨੂੰ ਅਸੀਮਤ ਖੁਸ਼ੀ ਨਾਲ ਭਰ, ਜਿਉਣ ਦੇ ਅਹਿਸਾਸ ਨੂੰ ਜਿਉਂਦੇ। ਮੇਰਾ ਬਾਪ ਸਿਰਫ ਇਕ ਰਾਤ ਹੀ ਸ਼ਹਿਰ ਰਹਿੰਦਾ ਸੀ ਅਤੇ ਸਵੇਰੇ ਉਠ ਕੇ ਪਿੰਡ ਨੂੰ ਵਾਪਸ ਪਰਤ ਜਾਂਦਾ ਸੀ, ਕਿਉਂਕਿ ਉਸ ਦੇ ਰੋਜ਼ਾਨਾ ਜੀਵਨ ਵਿਚ ਰਚੀ ਹੋਈ ਸੀ, ਪੱਠੇ ਵੱਢਣ ਤੇ ਕੁਤਰਨ ਦੀ ਖੁਸ਼ਬੋਈ, ਮਿੱਟੀ ਨਾਲ ਮੋਹ ਪਾਲਣ ਦੀ ਤਮੰਨਾ। ਹਰ ਰੋਜ਼ ਖੇਤਾਂ ਵੰਨੀਂ ਗੇੜਾ ਮਾਰਨਾ, ਨਵੀਂ ਊਰਜਾ ਨਾਲ ਭਰ ਦਿੰਦਾ ਸੀ, ਜਿਸ ਨੇ ਉਸ ਨੂੰ ਨੱਬਿਆਂ ਤੋਂ ਟੱਪ ਕੇ ਵੀ ਤੰਦਰੁਸਤੀ ਬਖਸ਼ੀ। ਸਾਰੀ ਉਮਰ ਇਕ ਦਾਇਰੇ ਵਿਚ ਰਹਿੰਦੇ, ਸਹਿਜ, ਸਬਰ ਤੇ ਸੰਤੋਖ ਨਾਲ, ਸੀਮਤ ਲੋੜਾਂ ਤੇ ਸੀਮਤ ਸਾਧਨਾਂ ਰਾਹੀਂ ਆਪਣੇ ਜੀਵਨ ਦਾ ਅਨੰਦ ਮਾਣਦੇ ਰਹੇ। ਉਨ੍ਹਾਂ ਦੇ ਸੁਪਨੇ ਅਜੋਕੀ ਪੀੜ੍ਹੀ ਦੇ ਕਿੰਜ ਮੇਚ ਆਉਣਗੇ?
ਅਜੋਕੀ ਨੌਜਵਾਨ ਪੀੜ੍ਹੀ ਨੇ ਆਪਣੇ ਲਈ ਨਵੀਂ ਧਰਤੀ ਤਲਾਸ਼ਣ, ਹਸਤੀ, ਹੈਸੀਅਤ ਅਤੇ ਹੋਂਦ ਨੂੰ ਸਥਾਪਤ ਕਰਨ ਲਈ ਜਦ ਪਿੰਡ ਦੀ ਫਿਰਨੀ ਤੋਂ ਬਾਹਰ ਪੈਰ ਧਰਿਆ ਤਾਂ ਉਹ ਕਦੇ ਵਾਪਸ ਨਹੀਂ ਪਰਤੇ। ਹਾਂ ਉਨ੍ਹਾਂ ਦੇ ਚੇਤਿਆਂ ਵਿਚ ਸਦਾ ਪਿੰਡ ਹੀ ਵੱਸਦਾ ਰਿਹਾ। ਭਾਵੇਂ ਉਹ ਵਿਦੇਸ਼ੀ ਚਕਾਚੌਂਧ ਵਿਚ ਖੁਦ ਨੂੰ ਉਲਝਾਉਣ ਅਤੇ ਪ੍ਰਚਾਉਣ ਦੀ ਬਹੁਤ ਕੋਸ਼ਿਸ਼ ਕਰਦੇ ਰਹੇ। ਕਿਧਰੇ ਵੀ ਚਲੇ ਜਾਵੋ, ਸੁਪਨੇ ਤਾਂ ਬਚਪਨ ਦੇ, ਪਿੰਡ ਦੀਆਂ ਗਲੀਆਂ ਦੇ, ਭੱਠੀ ‘ਤੇ ਦਾਣੇ ਭੁੰਨਾਉਣ ਦੇ, ਦੁਕਾਨ ਤੋਂ ਸੌਦਾ ਲੈਣ ਗਿਆਂ ਮਿਲੇ ਝੂੰਗੇ ਦੇ, ਮਾਸਟਰ ਵਲੋਂ ਪਈ ਮਾਰ ਦੇ, ਛੱਪੜ ਦੇ ਕੰਢੇ ਪੋਚੀ ਤੇ ਸੁਕਾਈ ਫੱਟੀ ਦੇ ਜਾਂ ਪਾਣੀ ‘ਤੇ ਚਲਾਈਆਂ ਕਾਗਜ਼ ਦੀਆਂ ਬੇੜੀਆਂ ਦੇ ਹੀ ਹੁੰਦੇ। ਇਨ੍ਹਾਂ ਦਾ ਕਦੇ ਨਹੀਂ ਚੇਤਾ ਭੁੱਲਦਾ, ਪਰ ਕਦੇ ਵੀ ਪਿਛਾਂਹ ਨਹੀਂ ਮੁੜਦੇ। ਬੀਤਿਆ ਸਿਰਫ ਚੇਤਿਆਂ ਵਿਚ ਵੱਸਦਾ। ਇਹ ਚੇਤਾ ਉਮਰ ਨਾਲ ਹੋਰ ਗੂੜ੍ਹਾ ਹੁੰਦਾ ਅਤੇ ਆਖਰੀ ਸਫਰ ਦਾ ਸਦੀਵੀ ਸਾਥੀ ਬਣ ਜਾਂਦਾ।
ਕੁਝ ਪਲ ਲਈ ਪਿਛਾਂਹ ਨੂੰ ਪਰਤਣ ਲਈ ਮਨ ਦੀ ਤਕੜਾਈ, ਕਮਜ਼ੋਰੀਆਂ ਨੂੰ ਮੰਨਣ ਅਤੇ ਆਪਣੇ ਆਪ ਨੂੰ ਮੁੜ ਤੋਂ ਪਰਿਭਾਸ਼ਤ ਕਰਨ ਦੀ ਲੋੜ। ਤਾਂ ਹੀ ਲੇਖਾ-ਜੋਖਾ ਕਰਨ ਅਤੇ ਆਪਣੇ ਆਪ ਨੂੰ ਭਵਿੱਖੀ ਦਰਪੇਸ਼ ਮੁਸ਼ਕਿਲਾਂ ਨੂੰ ਸਨਮੁੱਖ ਰੱਖ ਕੇ ਕੁਝ ਨਵਾਂ ਕਰਨ ਅਤੇ ਨਵੀਆਂ ਰਾਹਾਂ ‘ਤੇ ਤੁਰਨ ਦੀ ਹਿੰਮਤ ਹਾਸਲ ਹੋਵੇਗੀ।
ਜ਼ਿੰਦਗੀ ਦੇ ਕਿਸੇ ਮੋੜ ‘ਤੇ ਆਪਣੇ ਰਾਹਾਂ ਨੂੰ ਨਵੀਂ ਦਿਸ਼ਾ ਦੇਣੀ, ਮਾਨਸਿਕ, ਸਰੀਰਕ ਆਰਥਕ ਜਾਂ ਸਮਾਜਕ ਲੋੜਾਂ ਦੀ ਪੂਰਤੀ, ਫਰਜ਼ਾਂ ਲਈ, ਜਾਂ ਅਹਿਸਾਨਾਂ ਦੀ ਭਰਪਾਈ ਲਈ ਚੰਗੇਰਾ ਮੋੜਾ ਦੇਣਾ ਬਹੁਤ ਹੀ ਸੰਵੇਦਨਸ਼ੀਲ ਕਦਮ, ਜੋ ਇਕ ਸੁਗਮ ਸੁਨੇਹਾ ਬਣ ਕੇ ਜ਼ਿੰਦਗੀ ਨੂੰ ਰੌਸ਼ਨ ਪਾਸੇ ਮੋੜ ਕੇ ਰੂਹ-ਰੰਗਤਾ ਨਾਲ ਲਬਰੇਜ਼ ਕਰ ਸਕਦਾ। ਅਜਿਹੇ ਮੋੜ ਕਈ ਵਾਰ ਰੂਹਾਨੀ ਅਤੇ ਆਤਮਿਕ ਸੰਤੁਸ਼ਟੀ ਦਾ ਸਬੱਬ ਵੀ ਹੁੰਦੇ।
ਕਦੇ ਕਦਾਈਂ ਅਜਿਹੀ ਵਿਚਾਰਧਾਰਾ ਨੂੰ ਆਪਣੀ ਸੋਚ-ਧਾਰਨਾ ਵਿਚ ਥੋੜ੍ਹੀ ਜਿਹੀ ਸਪੇਸ ਦੇਣਾ, ਦੇਖਣਾ ਤੁਹਾਡੀਆਂ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਵਿਚਲਾ ਫਾਸਲਾ ਬਹੁਤ ਘੱਟ ਜਾਵੇਗਾ।
ਕਈ ਵਾਰ ਅਸੀਂ ਅਨਾੜੀਪੁਣੇ, ਕਾਹਲ, ਥੋੜ੍ਹ-ਚਿਰੇ ਮੁਫਾਦ ਜਾਂ ਕਿਸੇ ਮਾਇਕ ਲਾਲਚ ਖਾਤਰ ਗਲਤ ਦਿਸ਼ਾ ਵੰਨੀ ਕਦਮ ਉਠਾਉਣ ਦੀ ਗਲਤੀ ਕਰ ਬੈਠਦੇ ਹਾਂ। ਅਜਿਹੇ ਰਾਹਾਂ ‘ਤੇ ਸਾਰੀ ਉਮਰ ਤੁਰਨ ਦੀ ਥਾਂ ਇਨ੍ਹਾਂ ਰਾਹਾਂ ਨੂੰ ਅਲਵਿਦਾ ਕਹਿ ਦੇਵੋ, ਜਦ ਇਨ੍ਹਾਂ ਦੀ ਸੋਝੀ ਆ ਜਾਵੇ। ਫਿਰ ਨਵੀਆਂ ਰਾਹਾਂ ਦੀ ਨਿਸ਼ਾਨਦੇਹੀ ਕਰੋ, ਜੋ ਸਰਘੀ ਦਾ ਸਿਰਨਾਂਵਾਂ ਹੋਣ, ਜਿਨ੍ਹਾਂ ਵਿਚ ਸੂਰਜਾਂ ਦੀ ਦੱਸ ਹੋਵੇ, ਚਾਨਣ-ਕਾਫਲਿਆਂ ਦੀ ਰਿਮਝਿਮ ਹੋਵੇ, ਗਿਆਨ ਗੰਗਾ ਵਗਦੀ ਹੋਵੇ; ਬੋਧ, ਬਜੁਰਗੀ, ਬੰਦਗੀ ਅਤੇ ਬਰਕਤਾਂ ਦੀ ਬਹਿਣੀ ਹੋਵੇ; ਤਨ ਤੇ ਧਨ ਨਾਲੋਂ ਮਨ ਤੇ ਰੂਹ ਦੀ ਬਾਤਾਂ ਪਾਉਣ ਦੀ ਰੀਤ ਹੋਵੇ; ਸੋਚਾਂ, ਸਿਆਣਪਾਂ, ਸਮਝਾਂ ਅਤੇ ਸਦਭਾਵਨਾ ਦੇ ਦੀਵਿਆਂ ਦੀ ਰੌਸ਼ਨ-ਆਭਾ ਹੋਵੇ ਜਾਂ ਤਲੀਆਂ ‘ਤੇ ਉਘੜੀ ਮਹਿੰਦੀ, ਕਮਰੇ ਵਿਚ ਚਾਅ-ਰੁਮਕਣੀ ਜਾਂ ਘਰ ਨੂੰ ਪਰਤਦੀਆਂ ਪੈੜਾਂ ਦੀ ਤਾਲ ਸੁਣਾਈ ਦੇਵੇ।
ਪਿਛਾਂਹ ਨਾ ਪਰਤੋ ਕਿਉਂਕਿ ਪਰਤਣਾ ਬਹੁਤ ਹੀ ਮੁਹਾਲ, ਪਰ ਕਦੇ ਕਦਾਈਂ ਕੁਝ ਪਲ ਲਈ ਪਿਛਾਂਹ ਪਰਤਣਾ, ਉਨ੍ਹਾਂ ਦਰਾਂ ਨੂੰ ਮਿਲਣ ਲਈ ਜਿਨ੍ਹਾਂ ਵਿਚ ਬਜੁਰਗਾਂ ਦੀ ਉਡੀਕ ਹੈ, ਚੌਂਕਿਆਂ ਲਈ ਜਿਨ੍ਹਾਂ ਨੂੰ ਆਪਣਿਆਂ ਦੇ ਪਰਤਣ ਦੀ ਆਸ ਹੈ, ਪੁਰਾਣੇ ਦੋਸਤਾਂ ਲਈ ਜਿਨ੍ਹਾਂ ਨੂੰ ਬਚਪਨੀ ਸ਼ਰਾਰਤਾਂ ਨੂੰ ਯਾਦ ਕਰਨ ਦੀ ਰੀਝ ਹੈ ਜਾਂ ਪੁਰਾਣੀਆਂ ਰਾਹਾਂ, ਥਾਂਵਾਂ ਲਈ ਜਿਨ੍ਹਾਂ ਨੂੰ ਪੈੜ-ਚਾਲ ਸੁਣਨ ਦੀ ਚਾਹਨਾ ਹੈ। ਕੁਝ ਸਮੇਂ ਲਈ ਪਰਤਣ ਨਾਲ ਜੇ ਮਨ ਵਿਚ ਸਕੂਨ ਅਤੇ ਪਿੱਛੇ ਰਹਿੰਦਿਆਂ ਨੂੰ ਸੁਖਨ ਤੇ ਚੈਨ ਦਾ ਅਹਿਸਾਸ ਅਤੇ ਮਿਲ ਕੇ ਕੁਝ ਪਾਉਣ ਦਾ ਭਾਵ ਤਾਰੂ ਹੋਵੇ ਤਾਂ ਕਦੇ ਕਦਾਈਂ ਆਪਣੇ ਗਰਾਂ, ਘਰਾਂ, ਦਰਾਂ ਨੂੰ ਜਰੂਰ ਪਰਤਣਾ, ਜਿਨ੍ਹਾਂ ਨਾਲ ਤੁਹਾਡੀਆਂ ਜੀਵਨ-ਯਾਦਾਂ ਜੁੜੀਆਂ ਹੋਈਆਂ ਨੇ।
ਸਦੀਵੀ ਪਰਤਣਾ ਨਾਲੋਂ ਕਦੇ ਕਦਾਈ ਕੁਝ ਪਲ ਲਈ ਪਿੱਛਲ-ਝਾਤ ਮਾਰਨੀ। ਉਨ੍ਹਾਂ ਪਗਡੰਡੀਆਂ, ਰਾਹਾਂ ਅਤੇ ਪਹਿਆਂ ਨੂੰ ਨਿਹਾਰਨਾ, ਜਿਨ੍ਹਾਂ ‘ਤੇ ਤੁਹਾਡੇ ਪੈਰਾਂ ਦੇ ਨਿਸ਼ਾਨ ਅਜੇ ਤੀਕ ਵੀ ਸੁਰੱਖਿਅਤ ਨੇ। ਪੁਰਾਣੀਆਂ ਸਾਂਝਾਂ, ਯਾਰੀਆਂ ਅਤੇ ਉਨ੍ਹਾਂ ਪਲਾਂ ਨੂੰ ਜਰੂਰ ਯਾਦ ਕਰਨਾ, ਜਦ ਮੰਗਵੀਂ ਕਮੀਜ਼ ਪਾ ਕੇ ਕਦੇ ਵਿਆਹ ‘ਤੇ ਗਏ ਸੀ, ਵਾਂਢੇ ਜਾਣ ਵੇਲੇ ਹੁਧਾਰੀ ਜੁੱਤੀ ਨੇ ਇਕ ਦਿਨ ਵਿਚ ਹੀ ਪੈਰਾਂ ਵਿਚ ਛਾਲੇ ਪਾ ਦਿਤੇ ਸਨ ਜਾਂ ਵਰਦੇ ਮੀਂਹ ਵਿਚ ਸਕੂਲੇ ਜਾਂਦਿਆਂ ਹੈਂਡਲ ਨਾਲ ਲਟਕਦੇ ਝੋਲੇ ਵਿਚ ਪਈਆਂ ਕਿਤਾਬਾਂ-ਕਾਪੀਆਂ ਗਿੱਲੀਆਂ ਹੋ ਗਈਆਂ ਸਨ।
ਪਿਛਾਂਹ ਤਾਂ ਨਹੀਂ ਜਾਇਆ ਜਾ ਸਕਦਾ, ਪਰ ਆਪਣੇ ਮਾਪਿਆਂ ਨੂੰ ਮਿਲਣ, ਆਪਣੇ ਪਿਆਰਿਆਂ ਦੀ ਖੁਸ਼ੀ-ਗਮੀ ਵਿਚ ਸ਼ਰੀਕ ਹੋਣ ਜਾਂ ਬੀਤੇ ਨਾਲ ਜੁੜਨ ਲਈ ਭਾਵੇਂ ਕੁਝ ਸਮੇਂ ਲਈ ਹੀ ਸਹੀ, ਪਿਛਾਂਹ ਨੂੰ ਤਾਂ ਜਰੂਰ ਪਰਤਣਾ। ਇਹ ਪਰਤਣਾ ਸਦੀਵੀ ਨਾ ਸਹੀ, ਸਿਰਫ ਕੁਝ ਪਲਾਂ ਦਾ ਹੀ ਹੋਵੇ।
ਅਜਿਹਾ ਜਰੂਰ ਕਰਨਾ ਕਿਉਂਕਿ ਸਦਾ ਲਈ ਪਿਛਾਂਹ ਪਰਤਣਾ, ਬਹੁਤ ਹੀ ਔਖਾ ਹੁੰਦਾ।
ਆਸ ਹੈ ਕਿ ਨਿਰਾਸ਼ ਨਹੀਂ ਕਰੋਗੇ।