ਟ੍ਰਿੱਪਲ ਏਜੰਟ-ਹਮਾਮ ਬਲਾਵੀ

ਦਹਿਸ਼ਤਪਸੰਦੀ ਨੇ ਸੰਸਾਰ ਦੇ ਬਹੁਤ ਸਾਰੇ ਮੁਲਕ ਆਪਣੀ ਲਪੇਟ ਵਿਚ ਲਏ ਹੋਏ ਹਨ। ਕੌੜਾ ਸੱਚ ਇਹ ਹੈ ਕਿ ਇਸ ਮਸਲੇ ਦਾ ਸਿੱਧਾ ਜਾਂ ਅਸਿੱਧਾ ਸਬੰਧ ਅਮਰੀਕਾ ਨਾਲ ਜੁੜਦਾ ਰਿਹਾ ਹੈ। ‘ਆਫੀਆ ਸਿਦੀਕੀ ਦਾ ਜਹਾਦ’ ਵਰਗਾ ਇਤਿਹਾਸਕ ਨਾਵਲ ਲਿਖਣ ਵਾਲੇ ਉਮਦਾ ਲਿਖਾਰੀ ਹਰਮਹਿੰਦਰ ਚਹਿਲ ਨੇ ਇਸ ਲੇਖ ਵਿਚ ਇਕ ਅਜਿਹੇ ਸ਼ਖਸ ਦਾ ਜੀਵਨ ਸਾਡੇ ਨਾਲ ਸਾਂਝਾ ਕੀਤਾ ਹੈ, ਜਿਸ ਦੀਆਂ ਲੜੀਆਂ ਦਹਿਸ਼ਤ ਦੀਆਂ ਖੂੰਖਾਰ ਕੜੀਆਂ ਨਾਲ ਜੁੜੀਆਂ ਹੋਈਆਂ ਹਨ।

ਇਸ ਲਿਖਤ ਤੋਂ ਇਹ ਕਨਸੋਅ ਵੀ ਮਿਲਦੀ ਹੈ ਕਿ ਦਹਿਸ਼ਤਪਸੰਦੀ ਦੀ ਦੁਨੀਆਂ ਦੀਆਂ ਕਿੰਨੀਆਂ ਅਣਫੋਲੀਆਂ ਪਰਤਾਂ ਹਨ, ਜੋ ਆਮ ਲੋਕਾਂ ਦੇ ਸਾਹਮਣੇ ਕਦੀ ਆਉਂਦੀਆਂ ਹੀ ਨਹੀਂ। ਇਸ ਲੰਮੇ ਲੇਖ ਦੀ ਪਹਿਲੀ ਕੜੀ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ। -ਸੰਪਾਦਕ

ਹਰਮਹਿੰਦਰ ਚਹਿਲ
ਫੋਨ: 703-362-3239

ਚਾਰ ਕੁ ਲੱਖ ਦੀ ਆਬਾਦੀ ਵਾਲਾ ਅਮਾਨ ਸ਼ਹਿਰ ਜਾਰਡਨ ਦੀ ਰਾਜਧਾਨੀ ਹੈ। ਇਥੋਂ ਦੀ ਬਹੁਤੀ ਆਬਾਦੀ ਪੱਛਮ ਵਾਲੇ ਪਾਸੇ ਹੈ, ਕਿਉਂਕਿ ਇਧਰ ਫਲਸਤੀਨ ਤੋਂ ਉਜੜ ਕੇ ਆਏ ਲੋਕਾਂ ਦਾ ਵਸੇਬਾ ਹੈ। ਹੋਰਨਾਂ ਮੁਲਕਾਂ ਵਾਂਗ ਇਥੇ ਵੀ ਉਹ ਦੂਜੇ ਦਰਜੇ ਦੇ ਸ਼ਹਿਰੀ ਹਨ। ਕੰਮ ਕਰਨ ਲਈ ਵਰਕ ਪਰਮਿਟ ਲੈਣਾ ਪੈਂਦਾ ਹੈ। ਕਿਸੇ ਨੂੰ ਸਿਟੀਜ਼ਨਸ਼ਿਪ ਨਹੀਂ ਮਿਲ ਸਕਦੀ, ਫਿਰ ਵੀ ਕੁਝ ਲੋਕ ਪੜ੍ਹ-ਲਿਖ ਕੇ ਚੰਗੀਆਂ ਨੌਕਰੀਆਂ ‘ਤੇ ਲੱਗੇ ਹੋਏ ਹਨ। ਵਧੀਆ ਨੌਕਰੀਆਂ ਕਾਰਨ ਇਨ੍ਹਾਂ ‘ਚੋਂ ਬਹੁਤੇ ਲੋਕਾਂ ਦਾ ਚੰਗੇ ਇਲਾਕਿਆਂ ‘ਚ ਵਸੇਬਾ ਹੈ। ਇਸੇ ਪਾਸੇ ਹੀ ਉਰਬੀ ਬਿਨ ਵਾਰਡ ਸਟਰੀਟ ਹੈ। ਇਥੇ ਚੰਗਾ ਖਾਂਦੇ-ਪੀਂਦੇ ਫਲਸਤੀਨੀ ਵਸਦੇ ਹਨ। ਉਂਜ ਤਾਂ ਇਹ ਵੱਡੀ ਸਟਰੀਟ ਹੈ, ਪਰ ਵਿਚਾਲੇ ਜਿਹੇ ਆ ਕੇ ਇਕੋ ਥਾਂ ਤੋਂ ਇਸ ‘ਚੋਂ ਦੋ ਗਲੀਆਂ ਹੋਰ ਨਿਕਲਦੀਆਂ ਹਨ। ਇਥੇ ਇਕ ਤਿਕੋਣੀ ਜਿਹੀ ਬਣ ਜਾਂਦੀ ਹੈ। ਇਸੇ ਤਿਕੋਣੀ ਦੇ ਇਕ ਪਾਸੇ ਦਰਮਿਆਨਾ ਜਿਹਾ ਘਰ ਹੈ, ਜਿਸ ਦੀਆਂ ਤਿੰਨ ਮੰਜ਼ਿਲਾਂ ਹਨ। ਹੇਠਲੀ ਮੰਜ਼ਿਲ ‘ਤੇ ਸਟੋਰ ਦੇ ਨਾਲ ਕਾਰ ਪਾਰਕਿੰਗ ਹੈ। ਇਸ ਤੋਂ ਉਪਰ ਰਿਹਾਇਸ਼ ਦੇ ਨਾਲ ਡਰਾਇੰਗ ਰੂਮ ਹੈ। ਤੀਜੀ ਮੰਜ਼ਿਲ ‘ਤੇ ਕਿਚਨ ਅਤੇ ਇਕ ਹੋਰ ਬੈੱਡ ਰੂਮ ਹੈ।
ਉਸ ਦਿਨ ਰਾਤ ਦੇ 11 ਕੁ ਵੱਜੇ ਸਨ ਤੇ ਸੜਕ ਕਰੀਬ ਸੁੰਨੀ ਪਈ ਸੀ, ਪਰ ਇਸ ਤਿਕੋਣੀ ‘ਤੇ ਤਿੰਨਾਂ ਪਾਸਿਆਂ ‘ਤੇ ਜਾਰਡਨ ਦੀ ਖੁਫੀਆ ਏਜੰਸੀ ‘ਮੁਖਾਬਰਤ’ ਦੀਆਂ ਵੱਡੀਆਂ ਗੱਡੀਆਂ ਖੜ੍ਹੀਆਂ ਸਨ। ਚੌਥੀ ਕਾਰ ਘਰ ਦੇ ਐਨ ਨਾਲ ਖੜ੍ਹੀ ਸੀ। ਗੱਡੀ ਦੇ ਡਰਾਈਵਰ ਦੀ ਨਿਗ੍ਹਾ ਉਪਰ ਵੱਲ ਸੀ। ਉਹ ਦੇਖ ਰਿਹਾ ਸੀ ਕਿ ਘਰ ‘ਚ ਉਤਲੀਆਂ ਮੰਜ਼ਿਲਾਂ ‘ਤੇ ਅਜੇ ਬੱਤੀਆਂ ਜਗ ਰਹੀਆਂ ਸਨ। ਉਸ ਨੂੰ ਉਡੀਕ ਸੀ ਕਿ ਕਦੋਂ ਬੱਤੀਆਂ ਬੰਦ ਹੋਣ, ਭਾਵ ਘਰ ਵਾਲੇ ਸੌਣ ਲਈ ਬੈੱਡ ਰੂਮਾਂ ‘ਚ ਚਲੇ ਗਏ ਹਨ। ਇਸੇ ਘੜੀ ਦੀ ਮੁਖਾਬਰਤ ਵਾਲਿਆਂ ਨੂੰ ਉਡੀਕ ਸੀ।
ਇੰਨੇ ਨੂੰ ਕਿਸੇ ਦੂਜੇ ਪਾਸਿਉਂ ਚਾਰ ਪੰਜ ਨੌਜਵਾਨ ਪੈਦਲ ਹੀ ਗੱਪਾਂ ਮਾਰਦੇ ਆ ਰਹੇ ਸਨ। ਸ਼ਾਇਦ ਕਿਸੇ ਕਲੱਬ ‘ਚੋਂ ਆ ਰਹੇ ਸਨ। ਘੁੱਟ-ਘੁੱਟ ਲੱਗੀ ਹੋਣ ਕਰਕੇ ਮੂਡ ‘ਚ ਸਨ। ਬਿਨਾ ਕਿਸੇ ਵੱਡੀ ਵਜ੍ਹਾ ਦੇ ਉਹ ਇਕ ਪਾਸੇ ਖੜ੍ਹੀ ਮੁਖਾਬਰਤ ਦੀ ਗੱਡੀ ਦੇ ਡਰਾਈਵਰ ਨਾਲ ਬਹਿਸ ਪਏ ਕਿ ਤੂੰ ਵਿਚਾਲੇ ਕਾਰ ਲਾ ਕੇ ਗਲੀ ਬੰਦ ਕੀਤੀ ਹੋਈ ਹੈ। ਝਗੜਾ ਵਧਣ ਲੱਗਾ ਤਾਂ ਨੌਜਵਾਨਾਂ ਨੇ ਪੁਲਿਸ ਸੱਦਣ ਦੀ ਧਮਕੀ ਦਿੱਤੀ। ਮੁਖਾਬਰਤ ਟੀਮ ਦੇ ਇੰਚਾਰਜ ਨੂੰ ਫਿਕਰ ਹੋਇਆ ਕਿ ਜੇ ਗੱਲ ਵਧ ਗਈ ਤਾਂ ਉਨ੍ਹਾਂ ਦੀ ਸਾਰੀ ਯੋਜਨਾ ਚੌਪਟ ਹੋ ਜਾਵੇਗੀ। ਉਸ ਨੇ ਕਿਵੇਂ ਨਾ ਕਿਵੇਂ ਨੌਜਵਾਨਾਂ ਨੂੰ ਠੰਢਾ ਕੀਤਾ। ਉਹ ਤਾਂ ਚਲੇ ਗਏ, ਪਰ ਰੌਲਾ ਰੱਪਾ ਸੁਣ ਕੇ ਉਸ ਘਰ ਦੀ ਦੂਜੀ ਮੰਜ਼ਿਲ ਤੋਂ ਇਕ ਬਜੁਰਗ ਨੇ ਤਾਕੀ ‘ਚੋਂ ਹੇਠਾਂ ਝਾਕਦਿਆਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਹੇਠਾਂ ਝਗੜਾ ਕਿਉਂ ਹੋ ਰਿਹਾ ਹੈ। ਉਹ ਵਾਹਵਾ ਦੇਰ ਦੇਖਦਾ ਰਿਹਾ ਤਾਂ ਟੀਮ ਮੈਨੇਜਰ ਨੂੰ ਫਿਰ ਫਿਕਰ ਹੋਇਆ, ਪਰ 5-7 ਮਿੰਟ ਪਿਛੋਂ ਬਜੁਰਗ ਨੇ ਤਾਕੀ ਬੰਦ ਕਰ ਦਿੱਤੀ।
ਘਰ ਦੀ ਉਤਲੀ ਮੰਜ਼ਿਲ ‘ਤੇ ਲਾਈਟਾਂ ਅਜੇ ਵੀ ਜਗ ਰਹੀਆਂ ਸਨ, ਜਿਨ੍ਹਾਂ ਨੇ ਸਾਰੀ ਟੀਮ ਨੂੰ ਫਿਕਰਮੰਦ ਕੀਤਾ ਹੋਇਆ ਸੀ। ਆਖਰ ਕਰੀਬ ਇਕ ਵਜੇ ਲਾਈਟਾਂ ਬੰਦ ਹੋ ਗਈਆਂ। ਦੂਜੀ ਮੰਜ਼ਿਲ ਦੀਆਂ ਬੱਤੀਆਂ ਵੀ ਬੁਝ ਗਈਆਂ ਤਾਂ ਪੰਦਰਾਂ ਕੁ ਮਿੰਟ ਪਿਛੋਂ ਮੁਖਾਬਰਤ ਵਾਲੇ ਇਕਦਮ ਹਰਕਤ ‘ਚ ਆ ਗਏ। ਕਾਰਾਂ ‘ਚੋਂ ਹੱਟੇ-ਕੱਟੇ ਅਫਸਰ ਬਾਹਰ ਆਏ ਤੇ ਪਲਾਂ ‘ਚ ਹੀ ਹੇਠਲਾ ਦਰਵਾਜਾ ਤੋੜ ਕੇ ਪੌੜੀਆਂ ਚੜ੍ਹ ਗਏ। ਦੂਜੀ ਮੰਜ਼ਿਲ ‘ਤੇ ਸੋਫੇ ‘ਤੇ ਪਿਆ ਬਜੁਰਗ ਘਬਰਾ ਕੇ ਖੜ੍ਹਾ ਹੋ ਗਿਆ। ਉਸ ਨੂੰ ਆਪਣੇ ਬਾਰੇ ਦੱਸਦਿਆਂ ਇਕ ਅਫਸਰ ਉਸ ਦੇ ਸਿਰਹਾਣੇ ਖੜ੍ਹ ਗਿਆ ਤੇ ਬਾਕੀ ਉਪਰਲੀ ਮੰਜ਼ਿਲ ‘ਤੇ ਚਲੇ ਗਏ। ਉਪਰੋਂ ਬੱਚਿਆਂ ਦੇ ਰੋਣ ਕੁਰਲਾਉਣ ਅਤੇ ਚੀਕ ਚਿਹਾੜੇ ਦੀਆਂ ਅਵਾਜ਼ਾਂ ਆਉਣ ਲੱਗੀਆਂ। ਮੁਖਾਬਰਤ ਵਾਲਿਆਂ ਦਸ ਕੁ ਮਿੰਟ ‘ਚ ਹੀ ਆਪਣਾ ਕੰਮ ਨਿਬੇੜ ਲਿਆ।
ਜਦੋਂ ਉਹ ਹੇਠਾਂ ਉਤਰੇ ਤਾਂ ਉਨ੍ਹਾਂ ਕੋਲ ਕੰਪਿਊਟਰ ਅਤੇ ਇਸ ਦੇ ਹੋਰ ਸਾਜ਼ੋ-ਸਮਾਨ ਦੀਆਂ ਟੋਕਰੀਆਂ ਭਰੀਆਂ ਹੋਈਆਂ ਸਨ। ਇਸ ਤੋਂ ਬਿਨਾ ਉਨ੍ਹਾਂ ਇਕ ਆਦਮੀ ਦੀਆਂ ਬਾਹਾਂ ਮਰੋੜ ਕੇ ਮੂਹਰੇ ਲਾਇਆ ਹੋਇਆ ਸੀ। ਬਜੁਰਗ ਨੇ ਡਰਦਿਆਂ ਕੋਲ ਖੜੋਤੇ ਅਫਸਰ ਨੂੰ ਪੁੱਛਿਆ ਕਿ ਇਹ ਸਭ ਕੀ ਹੋ ਰਿਹਾ ਹੈ? ਉਸ ਨੇ ਜੁਆਬ ਦਿੱਤਾ ਕਿ ਕੱਲ੍ਹ ਨੂੰ ਜਾ ਕੇ ਮੁਖਾਬਰਤ ਦੇ ਦਫਤਰ ‘ਚੋਂ ਪਤਾ ਕਰ ਲਈਂ। ਹੇਠਾਂ ਕਾਰ ‘ਚ ਬਹਿੰਦਿਆਂ ਹੀ ਟੀਮ ਮੁਖੀ ਨੇ ਰੇਡੀਉ ‘ਤੇ ਦੋ ਵਾਰ ਸੁਨੇਹਾ ਦਿੱਤਾ, “ਪੈਕੇਜ ਚੁੱਕ ਲਿਆ ਹੈ… ਪੈਕੇਜ ਚੁੱਕ ਲਿਆ ਹੈ।” ਉਸ ਦਾ ਇਹ ਸੁਨੇਹਾ ਸਿਰਫ ਮੁਖਾਬਰਤ ਦੇ ਦਫਤਰ ਹੀ ਨਹੀਂ ਸਗੋਂ ਅਮਰੀਕਾ ਦੀ ਰਾਜਧਾਨੀ ‘ਚ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਦਫਤਰ ‘ਚ ਵੀ ਜਾ ਪੁੱਜਾ।
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਦੇ ਬਾਹਰਵਾਰ ਨੈਸ਼ਨਲ ਸਿਕਿਉਰਿਟੀ ਏਜੰਸੀ (ਐਨ. ਐਸ਼ ਏ.) ਦਾ ਦਫਤਰ ਹੈ। ਪ੍ਰਾਈਵੇਸੀ ਹੱਦ ਦਰਜੇ ਦੀ ਹੈ। ਕਿਸੇ ਨੂੰ ਕੁਝ ਪਤਾ ਨਹੀਂ ਕਿ ਇਥੇ ਕੀ ਹੈ? ਬਾਹਰੋਂ ਕੋਈ ਆਮ ਜਿਹਾ ਦਫਤਰ ਜਾਪਦਾ ਹੈ। ਵੈਸੇ ਵੀ ਕੋਈ ਆਮ ਬੰਦਾ ਤਾਂ ਗੇਟ ਦੇ ਨੇੜੇ ਵੀ ਨਹੀਂ ਢੁੱਕ ਸਕਦਾ, ਅੰਦਰ ਜਾਣਾ ਤਾਂ ਦੂਰ। ਅੰਦਰ ਕੰਮ ਕਰਨ ਵਾਲੇ ਬਹੁਤ ਹੀ ਚੁਸਤ, ਤੇਜ਼ ਦਿਮਾਗ, ਕੰਪਿਊਟਰਾਂ ਦੇ ਮਾਹਰ ਸਿਕਿਉਰਿਟੀ ਮਾਹਰ ਹਨ। ਅੰਦਰ ਪਿਆ ਮੁੱਖ ਕੰਪਿਊਟਰ ਕੋਈ ਆਮ ਕੰਪਿਊਟਰ ਨਹੀਂ ਹੈ। ਇਸ ਦਾ ਕੋਡ ਨਾਂ ਟਰਬੂਲੈਂਸ ਹੈ ਤੇ ਇਸ ਦੀ ਕੀਮਤ ਕੋਈ ਪੰਜ ਸੌ ਮਿਲੀਅਨ ਡਾਲਰ ਹੈ। ਦੁਨੀਆਂ ਭਰ ‘ਚ ਚੱਲਦੀਆਂ ਅਮਰੀਕਾ ਵਿਰੋਧੀ ਕਾਰਵਾਈਆਂ ਦੀ ਨਿਗਰਾਨੀ ਕਰਨਾ ਇਸ ਦਾ ਮੁੱਖ ਕੰਮ ਹੈ। ਪੁਰਾਣੇ ਗਰੁੱਪਾਂ ਦਾ ਡਾਟਾ ਇਕੱਠਾ ਕਰਦਾ ਹੈ ਅਤੇ ਜੇ ਕੋਈ ਨਵਾਂ ਗਰੁੱਪ ਹੋਂਦ ‘ਚ ਆਉਂਦਾ ਹੈ ਤਾਂ ਇਹ ਝੱਟ ਦੇਣੇ ਉਸ ਪਿਛੇ ਲੱਗ ਜਾਂਦਾ ਹੈ। ਇਹ ਇੰਨਾ ਸ਼ਕਤੀਸ਼ਾਲੀ ਹੈ ਕਿ ਦੁਨੀਆਂ ਦੇ ਕਿਸੇ ਕੋਨੇ ‘ਚ ਵੀ ਪਏ ਕਿਸੇ ਕੰਪਿਊਟਰ ‘ਚੋਂ ਫਾਈਲਾਂ ਚੋਰੀ ਕਰਨਾ ਇਸ ਦਾ ਪਲ ਭਰ ਦਾ ਕੰਮ ਹੈ; ਜਾਂ ਫਿਰ ਉਸ ‘ਚ ਮਨ ਭਾਉਂਦਾ ਡਾਟਾ ਫਿੱਟ ਕਰਨਾ ਇਸ ਲਈ ਬੜਾ ਹੀ ਆਸਾਨ ਕੰਮ ਹੈ; ਭਾਵ ਦੁਨੀਆਂ ਦਾ ਕੋਈ ਕੰਪਿਊਟਰ ਟਰਬੂਲੈਂਸ ਦੀ ਨਜ਼ਰ ਤੋਂ ਬਚ ਨਹੀਂ ਸਕਦਾ। ਦੁਨੀਆਂ ਦੇ ਹੋਰ ਹਿੱਸਿਆਂ ਵਿਚ ਲੋਕਾਂ ਦੇ ਕੰਪਿਊਟਰਾਂ ‘ਤੇ ਮਾਰੀਆਂ ਜਾ ਰਹੀਆਂ ਚੋਰ ਝਾਤੀਆਂ ਗੁਪਤ ਰੱਖੀਆਂ ਜਾਂਦੀਆਂ ਹਨ।
ਇਸ ਤਰ੍ਹਾਂ ਦੀ ਲੁਕਣਮੀਚੀ ਖੇਡਦਿਆਂ 2008 ਦੇ ਆਖੀਰ ਜਿਹੇ ‘ਚ ਟਰਬੂਲੈਂਸ ਦੀ ਨਜ਼ਰੇ ਇਕ ਵੈੱਬਸਾਈਟ ਚੜ੍ਹ ਗਈ। ਇਸ ਨੂੰ ਚਲਾਉਣ ਵਾਲੇ ਇਨਸਾਨ ਦਾ ਨਾਂ ਸੀ, ਅਬੂ ਦੁਜਾਨਾ ਅਲ ਖੁਰਸਾਨੀ। ਪਹਿਲਾਂ ਤਾਂ ਏਜੰਸੀ ਨੇ ਆਪਣੇ ਆਪ ਨੂੰ ਫਰੋਲਿਆ, ਕਿਉਂਕਿ ਏਜੰਸੀ ਦੇ ਸੈਂਕੜੇ ਕਾਮੇ ਵਖ-ਵਖ ਫਰਜ਼ੀ ਨਾਂਵਾਂ ਹੇਠ ਵਖ-ਵਖ ਇਸਲਾਮਿਕ ਵੈੱਬਸਾਈਟਾਂ ਆਪ ਹੀ ਚਲਾਉਂਦੇ ਰਹਿੰਦੇ ਹਨ, ਜੋ ਐਂਟੀ ਅਮਰੀਕਨ ਬਣ ਕੇ ਅਮਰੀਕਾ ਖਿਲਾਫ ਜ਼ਹਿਰ ਉਗਲਦੇ ਹਨ ਤੇ ਦੁਨੀਆਂ, ਖਾਸ ਕਰ ਮੁਸਲਿਮ ਸੰਸਾਰ ਵਿਚੋਂ ਤੱਤੇ ਲੋਕਾਂ ਨੂੰ ਆਪਣੇ ਮਗਰ ਲਾਉਂਦੇ ਹਨ। ਇੰਜ ਉਨ੍ਹਾਂ ਵਿਚੋਂ ਬਹੁਤੇ ਗਰਮ ਲੋਕਾਂ ਦੀ ਲਿਸਟ ਬਣਾ ਕੇ ਥਾਂਉਂ ਥਾਂਈਂ ਉਨ੍ਹਾਂ ਨੂੰ ਸਬੰਧਤ ਸਰਕਾਰਾਂ ਵਲੋਂ ਖੁੱਡੇ ਲੁਆਉਂਦੇ ਰਹਿੰਦੇ ਹਨ; ਪਰ ਖੋਜ ਪੜਤਾਲ ਪਿੱਛੋਂ ਪਤਾ ਲੱਗਾ ਕਿ ਇਹ ਅਬੂ ਦੁਜਾਨਾ ਅਲ ਖੁਰਸਾਨੀ ਕੋਈ ਅਸਲੀ ਅਤਿਵਾਦੀ ਹੈ ਅਤੇ ਆਪਣੇ ਅਮਰੀਕਾ ਵਿਰੋਧੀ ਜ਼ਹਿਰੀਲੇ ਪ੍ਰਚਾਰ ਰਾਹੀਂ ਮੁਸਲਿਮ ਨੌਜਵਾਨਾਂ ਨੂੰ ਆਪਣੇ ਪਿਛੇ ਲਾ ਰਿਹਾ ਹੈ। ਇਕ ਵਾਰ ਨਿਗ੍ਹਾ ਚੜ੍ਹਿਆ ਤਾਂ ਫਿਰ ਇਸ ਦੀ ਭਾਲ ਸ਼ੁਰੂ ਹੋਈ। ਪਹਿਲੀ ਭਾਲ ‘ਚ ਹੀ ਸੂਈ ਮਿਡਲ ਈਸਟ ਜਾ ਪਹੁੰਚੀ। ਹੌਲੀ-ਹੌਲੀ ਟਰਬੂਲੈਂਸ ਹੋਰ ਅੱਗੇ ਵਧਿਆ ਤਾਂ ਉਹ ਜਾਰਡਨ, ਜਾਰਡਨ ਤੋਂ ਅੱਗੇ ਅਮਾਨ ਸ਼ਹਿਰ ਜਾ ਪੁੱਜਾ। ਅਖੀਰ ਟਰਬੂਲੈਂਸ ਨੇ ਉਸ ਘਰ ਦੀ ਨਿਸ਼ਾਨਦੇਹੀ ਕਰ ਲਈ ਸੀ, ਜਿੱਥੇ ਆਪਣੇ ਕੰਪਿਊਟਰ ਤੋਂ ਅਬੂ ਦੁਜਾਨਾ ਅਲ ਖੁਰਸਾਨੀ ਵੈੱਬ ‘ਤੇ ਆਪਣੇ ਲੈਕਚਰ ਪਾ ਰਿਹਾ ਸੀ। ਇਥੋਂ ਤੱਕ ਕਿ ਘਰ ਦੇ ਕਈ ਕਮਰਿਆਂ ਵਿਚੋਂ ਉਸ ਕਮਰੇ ਦਾ ਵੀ ਪਤਾ ਲੱਗ ਗਿਆ, ਜਿਥੇ ਅਬੂ ਦੁਜਾਨਾ ਦਾ ਕੰਪਿਊਟਰ ਪਿਆ ਸੀ।
ਅਗਲੇ ਕਈ ਦਿਨ ਏਜੰਸੀ ਅਬੂ ਦੁਜਾਨਾ ਦੀਆਂ ਨਿੱਤ ਦੀਆਂ ਕਾਰਵਾਈਆਂ ਨੋਟ ਕਰਨ ਲੱਗੀ। ਉਹ ਰਾਤ ਵੇਲੇ ਜ਼ਹਿਰ ਉਗਲਦੇ ਪ੍ਰਚਾਰ ਦੇ ਲੇਖ ਆਪਣੀ ਸਾਈਟ ‘ਤੇ ਪਾਉਂਦਾ ਸੀ। ਹੁਣ ਤੱਕ ਉਸ ਦੇ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਚੁਕੀ ਸੀ, ਜੋ ਹਰ ਰੋਜ਼ ਬੜੀ ਬੇਸਬਰੀ ਨਾਲ ਉਸ ਦੀ ਨਵੀਂ ਪੋਸਟ ਉਡੀਕਦੇ ਸਨ।
ਪੂਰੀ ਖੋਜ ਪਿਛੋਂ ਏਜੰਸੀ ਨੇ ਅਗਲਾ ਕਦਮ ਚੁੱਕਣ ਦਾ ਫੈਸਲਾ ਕੀਤਾ। ਉਹ ਸੀ, ਜਾਰਡਨ ਦੀ ਖੁਫੀਆ ਏਜੰਸੀ ਮੁਖਾਬਰਤ ਨਾਲ ਗੱਲ ਸਾਂਝੀ ਕਰਨਾ। ਮੁਖਾਬਰਤ ਆਪਣੀਆਂ ਕਾਰਵਾਈਆਂ ਲਈ ਦੁਨੀਆਂ ਦੀਆਂ ਬਦਨਾਮ ਏਜੰਸੀਆਂ ‘ਚੋਂ ਇਕ ਹੈ। ਉਸ ਇਲਾਕੇ ਦੇ ਮੁਖਾਬਰਤ ਮੁਖੀ ਦਾ ਨਾਂ ਸੀ, ਅਲੀ ਬਿਨ ਜ਼ਈਦ। ਅੱਗੇ ਦਾ ਕੰਮ ਉਸ ਦਾ ਸੀ। ਉਸ ਨੇ ਦੇਖਣਾ ਸੀ ਕਿ ਅਬੂ ਦੁਜਾਨਾ ਕਿੰਨਾ ਕੁ ਖਤਰਨਾਕ ਹੈ। ਦਰਮਿਆਨੇ ਲੋਕਾਂ ਦੀਆਂ ਤਾਂ ਉਹ ਵੈੱਬਸਾਈਟਾਂ ਬੰਦ ਕਰ ਕੇ ਕੰਮ ਨਬੇੜ ਦਿੰਦੇ ਸਨ, ਪਰ ਕਈ ਵਾਰੀ ਡੂੰਘੀ ਘੋਖ ਪੜਤਾਲ ਵੀ ਕਰਦੇ ਸਨ। ਇਸ ਵਾਰ ਬਿਨ ਜ਼ਈਦ ਨੇ ਜ਼ਰਾ ਅੱਗੇ ਵਧ ਕੇ ਇਹ ਦੇਖਣ ਦਾ ਮਨ ਬਣਾ ਲਿਆ ਕਿ ਦੇਖੀਏ ਤਾਂ ਸਹੀ ਕਿ ਅਬੂ ਦੁਜਾਨਾ ਅਲ ਖੁਰਸਾਨੀ ਹੈ ਕੌਣ? ਜੋ ਹਰ ਪੋਸਟ ਵਿਚ ਅਮਰੀਕਨਾਂ ਦੇ ਖੂਨ ਨਾਲ ਪਿਆਸ ਬੁਝਾਉਣ ਦੀ ਗੱਲ ਕਰਦਾ ਹੈ।
ਪੈਂਤੀ ਕੁ ਸਾਲਾ ਬਿਨ ਜ਼ਈਦ ਮੁਖਾਬਰਤ ਦਾ ਤਜਰਬੇਕਾਰ ਅਤੇ ਤੇਜ਼ ਤਰਾਰ ਅਫਸਰ ਸੀ। ਉਹ ਅਮਰੀਕਾ ਦਾ ਪੜ੍ਹਿਆ-ਲਿਖਿਆ ਸੀ ਅਤੇ ਉਸ ਦਾ ਸਬੰਧ ਰਾਜਸੀ ਘਰਾਣੇ ਨਾਲ ਜੁੜਦਾ ਸੀ। ਸ਼ਾਇਦ ਇਸੇ ਕਰਕੇ ਉਸ ਨੂੰ ਇੰਨੇ ਵੱਡੇ ਅਹੁਦੇ ‘ਤੇ ਬਿਠਾਇਆ ਗਿਆ ਸੀ। ਪਿਛਲੇ 10-11 ਸਾਲ ਦੀ ਸਰਵਿਸ ਨੇ ਉਸ ਨੂੰ ਬਹੁਤ ਕਾਬਲ ਅਫਸਰ ਬਣਾ ਦਿੱਤਾ ਸੀ। ਉਸ ਨੇ ਕਈ ਬੜੇ ਗੁੰਝਲਦਾਰ ਕੇਸ ਸੁਲਝਾਏ ਸਨ। ਵੱਡੇ-ਵੱਡੇ ਅਤਿਵਾਦੀਆਂ ਨੂੰ ਦੁਨੀਆਂ ਭਰ ‘ਚੋਂ ਚੁੱਕ ਲਿਆਉਣਾ ਉਸ ਦੇ ਖੱਬੇ ਹੱਥ ਦੀ ਖੇਡ ਸੀ। ਅੱਗੇ ਮੁਖਾਬਰਤ ਦੀ ਜੇਲ੍ਹ, ਜੇਲ੍ਹ ਨਹੀਂ ਬੁੱਚੜਖਾਨਾ ਸੀ, ਜਿਥੋਂ ਕਦੇ ਕੋਈ ਜਿਉਂਦਾ ਘੱਟ ਹੀ ਬਾਹਰ ਨਿਕਲਿਆ ਸੀ। ਬਿਨ ਜ਼ਈਦ ਗੱਲ ਨੂੰ ਲਮਕਾਉਂਦਾ ਨਹੀਂ ਸੀ। ਬਸ ਇਸ ਪਾਰ ਜਾਂ ਉਸ ਪਾਰ। ਉਹ ਬੜੀ ਜਲਦੀ ਨਤੀਜੇ ‘ਤੇ ਪਹੁੰਚਦਿਆਂ ਫੜੇ ਅਤਿਵਾਦੀਆਂ ਦੀਆਂ ਤਕਦੀਰਾਂ ਲਿਖ ਦਿੰਦਾ ਸੀ। ਇਸ ਤੋਂ ਇਲਾਵਾ ਅਮਰੀਕਾ ‘ਚ ਪੜ੍ਹਿਆ ਹੋਣ ਕਾਰਨ ਅਤੇ ਇਥੇ ਰਿਹਾ ਹੋਣ ਕਾਰਨ ਉਹ ਅਮਰੀਕਨਾਂ ਦੇ ਨੇੜੇ ਸੀ। ਖਾਸ ਕਰ ਸੀ. ਆਈ. ਏ. ਵਾਲੇ ਉਸ ਨਾਲ ਕੰਮ ਕਰਕੇ ਬੜੇ ਖੁਸ਼ ਹੁੰਦੇ ਸਨ।
ਖੈਰ! ਇਸ ਕੇਸ ਦੀ ਫਾਈਲ ਉਸ ਕੋਲ ਪਹੁੰਚੀ ਤਾਂ ਉਹ ਹੈਰਾਨ ਹੋਇਆ ਕਿ ਉਸ ਦੇ ਮੁੱਖ ਦਫਤਰ ਤੋਂ ਕੁਝ ਮੀਲ ਦੂਰ ਹੀ ਕੋਈ ਅਤਿਵਾਦੀ ਦਹਿਸ਼ਤ ਫੈਲਾ ਰਿਹਾ ਹੈ। ਉਸ ਨੇ ਮੁਢਲੀ ਜਾਣਕਾਰੀ ਇਕੱਠੀ ਕਰਨ ਲਈ ਬੰਦਿਆਂ ਦੀ ਡਿਊਟੀ ਲਾ ਦਿੱਤੀ। ਜਦੋਂ ਹਫਤੇ ਕੁ ਤੱਕ ਉਸ ਕੋਲ ਜਾਣਕਾਰੀ ਪਹੁੰਚੀ ਤਾਂ ਉਹ ਹੋਰ ਵੀ ਹੈਰਾਨ ਹੋਇਆ। ਜਿਸ ਘਰ ‘ਚੋਂ ਅਬੂ ਦੁਜਾਨਾ ਅਲ ਖੁਰਸਾਨੀ ਪੋਸਟਾਂ ਪਾ ਰਿਹਾ ਸੀ, ਉਹ ਪੜ੍ਹੇ-ਲਿਖੇ ਤੇ ਇਜ਼ਤਦਾਰ ਡਾਕਟਰ ਦਾ ਘਰ ਸੀ। ਡਾਕਟਰ ਦਾ ਨਾਂ ਸੀ, ਹਮਾਮ ਖਲੀਲ ਅਬੂ ਮਲਾਲ ਅਲ ਬਲਾਵੀ। ਹਮਾਮ ਬਲਾਵੀ ਬੱਚਿਆਂ ਦਾ ਡਾਕਟਰ ਸੀ ਅਤੇ ਯੂ. ਐਨ. ਓ. ਵਲੋਂ ਮਾਰਕਾ ਕੈਂਪ ‘ਚ ਚਲਾਏ ਜਾ ਰਹੇ ਹਸਪਤਾਲ ‘ਚ ਕੰਮ ਕਰਦਾ ਸੀ। ਇਸ ਹਸਪਤਾਲ ‘ਚ ਆਉਣ ਵਾਲੇ ਸਾਰੇ ਮਰੀਜ਼ ਕਰੀਬ ਮੁਹਾਜਰ ਫਲਸਤੀਨੀ ਲੋਕ ਸਨ। ਆਪਣੇ ਕੰਮ ਦੀ ਵਜ੍ਹਾ ਕਰਕੇ ਹਮਾਮ ਬਲਾਵੀ ਸਭ ‘ਚ ਹਰਮਨ ਪਿਆਰਾ ਸੀ। ਉਹ ਵੀ ਭਾਵੇਂ ਫਲਸਤੀਨੀ ਮੁਹਾਜਰ ਖਾਨਦਾਨ ‘ਚੋਂ ਹੀ ਸੀ, ਪਰ ਇਹ ਸ਼ਾਂਤ ਅਤੇ ਚੰਗੇ ਰੁਤਬੇ ਵਾਲਾ ਪਰਿਵਾਰ ਸੀ। ਉਸ ਦਾ ਪਿਉ ਮਾਣਮੱਤੇ ਅਧਿਆਪਕ ਵਜੋਂ ਰਿਟਾਇਰ ਹੋਇਆ ਸੀ।
ਉਸ ਦੇ ਪਿਛਲੇ ਰਿਕਾਰਡ ਤੋਂ ਪਤਾ ਲੱਗਦਾ ਸੀ ਕਿ ਉਸ ਨੇ ਅਮਾਨ ਦੇ ਹੀ ਕਿਸੇ ਸਕੂਲ ‘ਚੋਂ ਹਾਈ ਸਕੂਲ, ਟਾਪ ਰਹਿੰਦਿਆਂ ਪੂਰਾ ਕੀਤਾ ਸੀ। ਇਸੇ ਕਰਕੇ ਉਸ ਨੂੰ ਅੱਗੇ ਦੀ ਪੜ੍ਹਾਈ ਲਈ ਜਾਰਡਨ ਸਰਕਾਰ ਦਾ ਵਜ਼ੀਫਾ ਮਿਲਿਆ ਸੀ। ਉਸ ਪਿੱਛੋਂ ਉਸ ਨੇ ਜਾਰਡਨ ਤੋਂ ਬਾਹਰ ਇਸਤਾਂਬੁਲ ਦੀ ਯੂਨੀਵਰਸਿਟੀ ‘ਚ ਦਾਖਲਾ ਲਿਆ, ਜਿਥੇ ਆਮ ਤੌਰ ‘ਤੇ ਦਾਖਲਾ ਲੈਣਾ ਬੜਾ ਮੁਸ਼ਕਿਲ ਹੈ। ਇਥੋਂ ਹੀ ਉਸ ਨੇ ਡਾਕਟਰੀ ਦੀ ਛੇ ਸਾਲਾ ਡਿਗਰੀ ਕੀਤੀ। ਇਥੇ ਹੀ ਪੜ੍ਹਦਿਆਂ ਉਸ ਦਾ ਵਿਆਹ ਵੀ ਤੁਰਕ ਕੁੜੀ ਦਫੀਨਾ ਬੈਰਕ ਨਾਲ ਹੋ ਗਿਆ। ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਉਸ ਨੇ ਵਾਪਸ ਆਪਣੀ ਕਰਮਭੂਮੀ ਜਾਰਡਨ ‘ਚ ਆ ਕੇ ਆਪਣੇ ਹਮਵਤਨੀ ਲੋਕਾਂ ਲਈ ਡਾਕਟਰੀ ਦਾ ਪੇਸ਼ਾ ਚੁਣਿਆ।
ਦਿੱਖ ਪੱਖੋਂ ਉਹ ਦਰਮਿਆਨੇ ਜਿਹੇ ਕੱਦ ਦਾ ਬੜਾ ਹੀ ਸ਼ਰਮੀਲਾ ਅਤੇ ਮਾਸੂਮ ਜਿਹਾ ਦਿਸਦਾ ਸੀ। ਜੇ ਦੂਜੇ ਪਾਸੇ ਦੇਖੀਏ ਤਾਂ ਨਾ ਹੀ ਉਸ ਨੇ ਅਤੇ ਨਾ ਹੀ ਉਸ ਦੇ ਪਰਿਵਾਰ ‘ਚੋਂ ਕਦੇ ਕਿਸੇ ਨੇ ਕੋਈ ਗੈਰ ਸਮਾਜਕ ਕੰਮ ਕੀਤਾ ਸੀ। ਉਨ੍ਹਾਂ ਤਾਂ ਕਦੇ ਕਿਸੇ ਮੁਜਾਹਰੇ ਵਗੈਰਾ ‘ਚ ਹਿੱਸਾ ਨਹੀਂ ਸੀ ਲਿਆ। ਬੜਾ ਸ਼ਾਂਤ ਜਿਹਾ ਪਰਿਵਾਰ ਸੀ, ਜੋ ਕੰਮ ਕਰਦਾ ਅਤੇ ਚੰਗੇ ਸ਼ਹਿਰੀਆਂ ਵਾਂਗ ਆਰਾਮ ਦੀ ਜ਼ਿੰਦਗੀ ਬਿਤਾ ਰਿਹਾ ਸੀ। ਕੋਈ ਵੀ ਮਾੜਾ ਵਤੀਰਾ ਇਸ ਪਰਿਵਾਰ ‘ਚੋਂ ਨਹੀਂ ਲੱਭਦਾ ਸੀ। ਹਮਾਮ ਬਲਾਵੀ ਨੇ ਕਦੇ ਇਕ ਅੱਧ ਟਰੈਫਿਕ ਟਿਕਟ ਲੈਣ ਤੋਂ ਬਿਨਾ ਹੋਰ ਕਿਸੇ ਵੀ ਕਿਸਮ ਦੀ ਕਾਨੂੰਨ ਤੋੜਨ ਵਾਲੀ ਕੋਈ ਗੱਲ ਨਹੀਂ ਸੀ ਕੀਤੀ।
ਸਾਰੀ ਫਾਈਲ ਪੜ੍ਹ ਕੇ ਬਿਨ ਜ਼ਈਦ ਨੇ ਮੱਥਾ ਫੜ ਲਿਆ, ਕਿਉਂਕਿ ਘੰਟਿਆਂ ਬੱਧੀ ਹਮਾਮ ਬਲਾਵੀ ਦੀਆਂ ਰੋਜ਼ਾਨਾ ਸਰਗਰਮੀਆਂ ਅਤੇ ਹੋਰ ਅੱਗਾ ਪਿੱਛਾ ਫਰੋਲਦਿਆਂ ਉਸ ਨੂੰ ਮਾਸਾ ਭਰ ਵੀ ਸਬੂਤ ਨਾ ਲੱਭਾ, ਜਿਸ ਨਾਲ ਉਹ ਉਸ ਨੂੰ ਅਤਿਵਾਦੀਆਂ ਦੀ ਲਿਸਟ ‘ਚ ਪਾ ਸਕੇ; ਫਿਰ ਵੀ ਬਿਨ ਜ਼ਈਦ ਅਬੂ ਦੁਜਾਨਾ ਅਲ ਖੁਰਸਾਨੀ ਦੀ ਵਜ੍ਹਾ ਕਾਰਨ ਹਮਾਮ ਬਲਾਵੀ ਨੂੰ ਛੱਡ ਨਹੀਂ ਸੀ ਸਕਦਾ, ਕਿਉਂਕਿ ਅਬੂ ਦੁਜਾਨਾ ਦੀਆਂ ਲਿਖਤਾਂ ਨੇ ਵੈੱਬਸਾਈਟ ‘ਤੇ ਧੁੰਮਾਂ ਪਾਈਆਂ ਹੋਈਆਂ ਸਨ। ਲੋਕ ਰੋਜ਼ਾਨਾ ਪਾਈਆਂ ਜਾਂਦੀਆਂ ਪੋਸਟਾਂ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਸਨ। ਉਸ ਦੀ ਹਰ ਲਿਖਤ ਇਨ੍ਹਾਂ ਲਫਜ਼ਾਂ ਨਾਲ ਖਤਮ ਹੁੰਦੀ ਸੀ, “ਆਖਰ ਕਦੋਂ ਅਮਰਕੀਨਾਂ ਦੇ ਖੂਨ ਨਾਲ ਮੇਰੇ ਲਫਜ਼ਾਂ ਦੀ ਪਿਆਸ ਬੁਝੇਗੀ।”
ਜਦੋਂ ਤੋਂ ਅਲ ਕਾਇਦਾ ਦਾ ਦੋ ਨੰਬਰ ਦਾ ਲੀਡਰ ਆਈਮਨ ਅਲ ਜਵਾਹਰੀ ਜ਼ਿਆਦਾ ਵੀਡੀਉ ਵਗੈਰਾ ਪਾਉਣ ਲੱਗਾ ਸੀ, ਉਦੋਂ ਦਾ ਅਬੂ ਦੁਜਾਨਾ ਵੀ ਮਸ਼ਹੂਰ ਹੁੰਦਾ ਜਾ ਰਿਹਾ ਸੀ। ਜਦੋਂ ਹੀ ਜਵਾਹਰੀ ਦੀ ਕੋਈ ਵੀਡੀਉ ਆਉਂਦੀ ਤਾਂ ਅਬੂ ਦੁਜਾਨਾ ਉਸ ਬਾਰੇ ਖੁੱਲ੍ਹ ਕੇ ਸਮਝਾਉਂਦਾ। ਅਗਲੀ ਵੀਡੀਉ ਤੱਕ ਉਹ ਜਵਾਹਰੀ ਲਈ ਲਿਖਦਾ ਰਹਿੰਦਾ। ਅਬੂ ਦੁਜਾਨਾ ਚਾਹੁੰਦਿਆਂ, ਨਾ ਚਾਹੁੰਦਿਆਂ ਅਲ ਕਾਇਦਾ ਦਾ ਬੁਲਾਰਾ ਬਣ ਚੁਕਾ ਸੀ। ਇਸ ਸੂਰਤ ਵਿਚ ਬਿਨ ਜ਼ਈਦ ਕਿਵੇਂ ਉਸ ਨੂੰ ਖੁੱਲ੍ਹਾ ਛੱਡ ਸਕਦਾ ਸੀ? ਆਖਰ ਅੱਜ ਦੀ ਰਾਤ ਬਿਨ ਜ਼ਈਦ ਨੇ ਟੀਮ ਤਿਆਰ ਕਰ ਹੀ ਲਈ।
ਹਮਾਮ ਬਲਾਵੀ ਨੂੰ ਘੜੀਸਦਿਆਂ ਜਲਦੀ ਨਾਲ ਕਾਰ ‘ਚ ਬਿਠਾਇਆ ਅਤੇ ਕਾਰਾਂ ਨੇ ਸ਼ੂਟ ਵੱਟ ਲਈ। ਅੱਧੀ ਰਾਤ ਖਾਲੀ ਪਈਆਂ ਸੜਕਾਂ ‘ਤੇ ਕਾਰਾਂ ਹਵਾ ਬਣੀਆਂ ਹੋਈਆਂ ਸਨ। ਹਮਾਮ ਨੂੰ ਪਿਛਲੀ ਸੀਟ ‘ਤੇ ਏਜੰਟਾਂ ਨੇ ਘੁੱਟ ਕੇ ਵਿਚਾਲੇ ਬਿਠਾਇਆ ਹੋਇਆ ਸੀ। ਉਸ ਦਾ ਸਿਰ ਕਾਲੇ ਟੋਪ (ਹੁੱਡ) ਨਾਲ ਢਕਿਆ ਹੋਇਆ ਸੀ। ਅੱਧੇ ਘੰਟੇ ਪਿਛੋਂ ਕਾਰ ਚੈੱਕ ਪੁਆਇੰਟ ‘ਤੇ ਰੁਕੀ ਤਾਂ ਹਮਾਮ ਬਲਾਵੀ ਸਮਝ ਗਿਆ ਕਿ ਮੁਖਾਬਰਤ ਦਾ ਮੁੱਖ ਹੈੱਡਕੁਆਰਟਰ ਆ ਗਿਆ ਹੈ। ਇਕ ਚੈੱਕ ਪੁਆਇੰਟ ਹੋਰ ਆਇਆ। ਫਿਰ ਉਸ ਨੂੰ ਕਾਰ ‘ਚੋਂ ਖਿੱਚ ਕੇ ਛੋਟੇ ਜਿਹੇ ਕਮਰੇ ‘ਚ ਬੰਦ ਕਰ ਦਿੱਤਾ। ਮੂੰਹ ਤੋਂ ਟੋਪ ਭਾਵੇਂ ਉਤਾਰ ਦਿੱਤਾ ਗਿਆ ਸੀ, ਪਰ ਆਲੇ-ਦੁਆਲੇ ਹਨੇਰਾ ਹੀ ਹਨੇਰਾ ਸੀ। ਹਮਾਮ ਬਲਾਵੀ ਨੂੰ ਕੁਝ ਪਤਾ ਨਾ ਲੱਗੇ ਕਿ ਸਭ ਚੱਲ ਕੀ ਰਿਹਾ ਹੈ!
ਇਹ ਇਸ ਦਿਨ ਤੋਂ ਕਰੀਬ ਦੋ ਸਾਲ ਪਹਿਲਾਂ ਦੀ ਗੱਲ ਸੀ, ਜਦੋਂ ਹਮਾਮ ਬਲਾਵੀ ਦੀਆਂ ਬੱਚੀਆਂ ਅਤੇ ਘਰ ਵਾਲੀ ਆਰਾਮ ਨਾਲ ਸੁੱਤੇ ਹੋਏ ਸਨ ਅਤੇ ਉਹ ਖੁਦ ਆਪਣੇ ਕੰਪਿਊਟਰ ਨਾਲ ਚਿਪਕਿਆ ਬੈਠਾ ਆਪਣਾ ਮਨ ਭਾਉਂਦਾ ਕੰਮ ਕਰ ਰਿਹਾ ਸੀ। ਕੁਝ ਹੀ ਘੰਟਿਆਂ ਨੂੰ ਦਿਨ ਚੜ੍ਹ ਜਾਵੇਗਾ ਅਤੇ ਉਹ ਆਪਣੇ ਕੰਮ, ਭਾਵ ਬੱਚਿਆਂ ਦੇ ਹਸਪਤਾਲ ਵਲ ਵਿਦਾ ਹੋ ਜਾਵੇਗਾ। ਫਿਰ ਸਾਰਾ ਦਿਨ ਮਰੀਜ਼ਾਂ ‘ਚ ਖੁੱਭਿਆ ਉਹ ਸਭ ਭੁੱਲ ਜਾਵੇਗਾ, ਪਰ ਇਸ ਵੇਲੇ ਘਰ ਦੀ ਕਿਚਨ ‘ਚ ਬੈਠਾ ਉਹ ਇਸਲਾਮੀ ਸਾਈਬਰ ਲੜਾਕਾ ‘ਅਬੂ ਦੁਜਾਨਾ ਅਲ ਖੁਰਸਾਨੀ’ ਬਣਿਆ ਅਮਰੀਕਨਾਂ ਅਤੇ ਇਜ਼ਰਾਇਲੀਆਂ ਦੇ ਖੂਨ ਦੀਆਂ ਨਦੀਆਂ ਵਹਾਉਣ ਦੀਆਂ ਪੋਸਟਾਂ ਪਾ ਰਿਹਾ ਸੀ। ਉਸ ਨੇ ਲੰਮਾ ਲੇਖ ਟਾਈਪ ਕੀਤਾ। ਫਿਰ ਹੇਠਾਂ ਨਾਂ ਅਬੂ ਦੁਜਾਨਾ ਅਲ ਖੁਰਸਾਨੀ ਲਿਖਿਆ। ਅਬੂ ਦੁਜਾਨਾ ਨਾਂ ਵੀ ਉਸ ਨੇ ਬੜੀ ਖੋਜ ਪਿੱਛੋਂ ਚੁਣਿਆ ਸੀ। ਅਬੂ ਦੁਜਾਨਾ 7ਵੀਂ ਸਦੀ ਦਾ ਲੜਾਕਾ ਸੀ, ਜੋ ਹਜ਼ਰਤ ਮੁਹੰਮਦ ਸਾਹਿਬ ਦੇ ਨੇੜੇ ਰਿਹਾ ਸੀ। ਉਹ ਮਹਾਨ ਲੜਾਕਾ ਸੀ। ਇਸਲਾਮ ਜਗਤ ਵਿਚ ਹਰ ਕੋਈ ਅਬੂ ਦੁਜਾਨਾ ਦੇ ਨਾਂ ਤੋਂ ਭਲੀ ਭਾਂਤ ਜਾਣੂੰ ਸੀ।
ਇਧਰ ਹਮਾਮ ਬਲਾਵੀ ਦੀ ਅੱਜ ਦੀ ਪੋਸਟ ‘ਚ ਉਸ ਨੇ ਇਰਾਕ ‘ਚ ਲੜ ਰਹੇ ਅਤਿਵਾਦੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਸੀ ਕਿ ਕੱਲ੍ਹ ਨੂੰ ਅਮਰੀਕਨਾਂ ਨੂੰ ਇਸ ਤਰ੍ਹਾਂ ਮਾਰੋ, ਜਿਵੇਂ ਜੁਆਕ ਪਲੇਅ ਸਟੇਸ਼ਨ ‘ਤੇ ਟਾਰਗੈੱਟ ਨੂੰ ਮਾਰਦੇ ਹਨ। ਹਮਾਮ ਬਲਾਵੀ ਨੇ ਇਕ ਵਾਰ ਫਿਰ ਆਪਣਾ ਲੇਖ ਪੜ੍ਹਿਆ। ਪੜ੍ਹ ਕੇ ਉਸ ਨੂੰ ਬੜਾ ਮਜ਼ਾ ਆਇਆ। ਜੋਸ਼ ਆਇਆ। ਫਿਰ ਉਸ ਨੇ ਬਟਨ ਦੱਬਿਆ। ਪਲਾਂ ‘ਚ ਹੀ ਉਸ ਦਾ ਲੇਖ, ਬਿਲ ਬੋਰਡ ਆਈਟਮ ਵਧਾ ਅਲ-ਹਸਬਾਹ ਦੀ ਵੈੱਬਸਾਈਟ ‘ਤੇ ਚਲਾ ਗਿਆ। ਅਲ-ਹਸਬਾਹ ਅਰਬ ਵਰਲਡ ‘ਚ ਮਸ਼ਹੂਰ ਰੈਡੀਕਲ ਇਸਲਾਮਿਕ ਵੈੱਬਸਾਈਟ ਹੈ।
ਉਨ੍ਹੀਂ ਦਿਨੀਂ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਅਬੂ ਦੁਜਾਨਾ ਕੌਣ ਹੈ? ਕਈ ਉਸ ਨੂੰ ਅਲ ਕਾਇਦਾ ਦਾ ਉਚ ਕੋਟੀ ਦਾ ਮੈਂਬਰ ਸਮਝਦੇ ਸਨ, ਕਈ ਉਸ ਨੂੰ ਸਾਊਦੀ ਅਰਬ ਦਾ ਬਾਸ਼ਿੰਦਾ ਸਮਝਦੇ ਸਨ। ਕਈਆਂ ਲਈ ਉਹ ਕੋਈ ਨਵੀਂ ਉਭਰ ਰਹੀ ਸ਼ਕਤੀ ਸੀ। ਕੁਲ ਮਿਲਾ ਕੇ ਹਰ ਕਿਸੇ ਦੇ ਦਿਲ ‘ਚ ਉਸ ਲਈ ਇੱਜਤ ਸੀ। ਸੀ. ਆਈ. ਏ. ਜਾਂ ਮੁਖਾਬਰਤ ਜਿਹੀਆਂ ਏਜੰਸੀਆਂ ਵੀ ਉਸ ਨੂੰ ਕੋਈ ਵੱਡਾ ਬੰਦਾ ਸਮਝ ਰਹੀਆਂ ਸਨ। ਕਈ ਉਸ ਨੂੰ ਅਈਮਨ ਅਲ ਜਵਾਹਰੀ ਤੋਂ ਦੋ ਨੰਬਰ ਦਾ ਕਮਾਂਡਰ ਸਮਝ ਰਹੇ ਸਨ। ਜਦੋਂ ਤੱਕ ਹਮਾਮ ਬਲਾਵੀ ਫੜਿਆ ਨਹੀਂ ਗਿਆ, ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਉਹ ਮਰੀਅਲ ਜਿਹਾ ਤੇ ਨਿਕੜੇ ਜਿਹੇ ਸਰੀਰ ਦਾ ਡਾਕਟਰ ਹੈ। ਉਹ ਕੋਈ ਜਹਾਦੀ ਨਹੀਂ ਸੀ। ਬਸ ਸ਼ੌਕ ਪੂਰਾ ਕਰਨ ਲਈ ਝੂਠੇ ਨਾਂ ਹੇਠ ਅੱਗ ਲਾਉਂਦੀਆਂ ਪੋਸਟਾਂ ਪਾ ਰਿਹਾ ਸੀ। ਫਿਰ ਜਦੋਂ ਲੋਕ ਉਸ ਦੀਆਂ ਤਾਰੀਫਾਂ ਕਰਦੇ ਤਾਂ ਉਹ ਅੰਦਰ ਹੀ ਅੰਦਰ ਖੁਸ਼ ਹੁੰਦਾ। ਉਦੋਂ ਉਸ ਦੇ ਯਾਦ-ਚਿਤ ਵੀ ਨਹੀਂ ਸੀ ਕਿ ਸ਼ੁਗਲ ਵਜੋਂ ਸ਼ੁਰੂ ਕੀਤਾ ਕੰਮ ਉਸ ਦੀ ਜ਼ਿੰਦਗੀ ਤਬਾਹ ਕਰਕੇ ਰੱਖ ਦੇਵੇਗਾ।
ਹੁਣ ਉਹ ਮੁਖਾਬਰਤ ਦੇ ਹੈੱਡਕੁਆਰਟਰ ਪਹੁੰਚ ਚੁਕਾ ਸੀ। ਇਥੇ ਪਹੁੰਚਿਆ ਕੋਈ ਵੀ ਬੰਦਾ ਕਦੇ ਸਹੀ ਸਾਬਤ ਬਾਹਰ ਨਹੀਂ ਗਿਆ ਸੀ। ਬਹੁਤਿਆਂ ਨੂੰ ਕਿਥੇ ਖਪਾ ਦਿੱਤਾ ਜਾਂਦਾ ਸੀ, ਇਸ ਗੱਲ ਦਾ ਪਤਾ ਹੀ ਨਹੀਂ ਸੀ ਲੱਗਦਾ। ਜੇ ਕੋਈ ਮੁਖਾਬਰਤ ਦਾ ਮੁਖਬਰ ਬਣ ਜਾਣਾ ਮੰਨ ਜਾਂਦਾ ਤਾਂ ਬਾਹਰ ਆ ਕੇ ਉਸ ਨੂੰ ਸੁਸਾਇਟੀ ਜਿਉਣ ਨਹੀਂ ਸੀ ਦਿੰਦੀ। ਬਹੁਤੇ ਸੁਸਾਇਟੀ ਅਤੇ ਰਿਸ਼ਤੇਦਾਰਾਂ ਦੇ ਸਤਾਏ ਖੁਦਕੁਸ਼ੀ ਕਰ ਜਾਂਦੇ ਸਨ। ਕੁਝ ਮੁਲਕ ਛੱਡ ਕੇ ਭੱਜ ਜਾਂਦੇ ਸਨ। ਕਈਆਂ ਨੂੰ ਕੰਮ ਨਿਕਲ ਜਾਣ ਪਿੱਛੋਂ ਮੁਖਾਬਰਤ ਆਪ ਹੀ ਖਤਮ ਕਰ ਦਿੰਦੀ ਸੀ, ਤੇ ਹੁਣ ਹਮਾਮ ਬਲਾਵੀ ਅੰਦਰ ਪਹੁੰਚ ਚੁਕਾ ਸੀ। ਉਸ ਨੂੰ ਪਤਾ ਸੀ ਕਿ ਉਸ ਦਾ ਸਭ ਕੁਝ ਖਤਮ ਹੈ।

ਅਮਾਨ ਸ਼ਹਿਰ ਦੇ ਛਿਪਦੇ ਵੱਲ ਮੁਖਾਬਰਤ ਦੀ ਕਾਲੀ ਬਿਲਡਿੰਗ ਕਿਸੇ ਦੈਂਤ ਵਾਂਗ ਖੜ੍ਹੀ ਸੀ। ਅੰਦਰ ਛੋਟੇ-ਛੋਟੇ ਸੈੱਲਾਂ ਵਿਚ ਪਤਾ ਨਹੀਂ ਦੁਨੀਆਂ ਭਰ ਦੇ ਕਿੰਨੇ ਕੁ ਅਤੇ ਕਿਹੜੇ-ਕਿਹੜੇ ਅਤਿਵਾਦੀ ਬੰਦ ਸਨ। ਇਨ੍ਹਾਂ ‘ਚੋਂ ਹੀ ਇਕ ਵਿਚ ਹਮਾਮ ਬਲਾਵੀ ਬੰਦ ਸੀ। ਬੜੀ ਦੇਰ ‘ਚ ਜਾਰਡਨ ਨੇ ਆਪਣਾ ਅਕਸ ਸੁਧਾਰਿਆ ਸੀ। ਇਸ ਦੀ ਇਜ਼ਰਾਇਲ ਨਾਲ ਸੰਧੀ ਹੋ ਚੁਕੀ ਸੀ। ਇਸ ਦਾ ਆਪਣਾ ਕੋਈ ਝਗੜਾ ਨਹੀਂ ਸੀ, ਫਿਰ ਵੀ ਇਰਾਨ ਦਾ ਹਿਜ਼ਬੁੱਲਾ, ਫਲਸਤੀਨ ਦਾ ਹਮਾਸ ਅਤੇ ਇਰਾਕ ਦਾ ਜ਼ਰਕਾਵੀ ਗਰੁੱਪ ਵਰਤ ਰਹੇ ਸਨ। ਇਸੇ ਕਰਕੇ ਜਾਰਡਨ ਦੀ ਜ਼ੀਰੋ ਟਾਲਰੈਂਸ ਪਾਲਿਸੀ ਸੀ। ਜ਼ਰਕਾਵੀ ਕਦੇ ਇਸੇ ਜੇਲ੍ਹ ‘ਚ ਬੰਦ ਰਿਹਾ ਸੀ। ਫਿਰ ਕਿਵੇਂ ਨਾ ਕਿਵੇਂ ਨਿਕਲਣ ‘ਚ ਕਾਮਯਾਬ ਹੋ ਗਿਆ। ਉਸ ਨੇ ਇਸ ਦਾ ਬਦਲਾ ਲੈਣ ਦੀ ਕੋਸ਼ਿਸ਼ ਵੀ ਕੀਤੀ। ਉਸ ਨੇ ਬਾਰੂਦ ਅਤੇ ਗੈਸ ਦੇ ਭਰੇ ਟਰੱਕ ਇਧਰ ਨੂੰ ਤੋਰ ਦਿੱਤੇ ਸਨ। ਇਹ ਤਾਂ ਮੌਕੇ ‘ਤੇ ਪਤਾ ਲੱਗ ਗਿਆ, ਨਹੀਂ ਤਾਂ ਹਜ਼ਾਰਾਂ ਮੌਤਾਂ ਹੋ ਜਾਣੀਆਂ ਸਨ। ਫਿਰ ਇਹ ਮੁਖਾਬਰਤ ਹੀ ਸੀ, ਜਿਸ ਨੇ ਅਮਰੀਕਨਾਂ ਨੂੰ ਜ਼ਰਕਾਵੀ ਦੀ ਜਾਣਕਾਰੀ ਦਿੱਤੀ ਸੀ। ਮੁਖਾਬਰਤ ਦੇ ਦੂਹਰੇ ਏਜੰਟ ਨੇ ਜ਼ਰਕਾਵੀ ਦੀ ਪੂਰੀ ਜਾਣਕਾਰੀ ਦੇ ਕੇ ਉਸ ਦਾ ਸਫਾਇਆ ਕਰਵਾਇਆ ਸੀ।
ਖੈਰ! ਅਗਲਾ ਦਿਨ ਚੜ੍ਹ ਗਿਆ, ਇਸ ਦਾ ਪਤਾ ਹਮਾਮ ਬਲਾਵੀ ਨੂੰ ਉਦੋਂ ਹੀ ਲੱਗਾ, ਜਦੋਂ ਇੰਟੈਰੋਗੇਟਰ ਅੰਦਰ ਆਏ। ਉਨ੍ਹਾਂ ਆਉਂਦਿਆਂ ਹੀ ਪਹਿਲਾਂ ਲੱਤਾਂ, ਮੁੱਕਿਆਂ ਨਾਲ ਹਮਾਮ ਬਲਾਵੀ ਦੀ ਖੂਬ ਕੁਟਾਈ ਕੀਤੀ। ਫਿਰ ਘਸੁੰਨ ਮਾਰਦਿਆਂ ਇਕ ਏਜੰਟ ਨੇ ਪੁੱਛਿਆ, “ਬੋਲ ਅਬੂ ਦੁਜਾਨਾ ਕੌਣ ਐ?”
“ਤੁਸੀਂ ਜਾਣ ਈ ਗਏ ਹੋ, ਉਹ ਮੈਂ ਆਂ।” ਉਸ ਦੇ ਜੁਆਬ ‘ਤੇ ਏਜੰਟ ਭੁਚੱਕੇ ਰਹਿ ਗਏ। ਜੋ ਸੁਆਲ ਆਮ ਅਤਿਵਾਦੀ ਤੋਂ ਉਗਲਵਾਉਣ ਲਈ ਉਨ੍ਹਾਂ ਨੂੰ ਕਈ ਦਿਨ ਲਾਉਣੇ ਪੈਣੇ ਸਨ, ਇਸ ਆਦਮੀ ਨੇ ਆਪ ਹੀ ਦੇ ਦਿੱਤਾ। ਖੈਰ! ਉਸ ਦੀ ਤਫਤੀਸ਼ ਸ਼ੁਰੂ ਹੋ ਚੁਕੀ ਸੀ। ਏਜੰਟ ਇਕ ਘੰਟਾ ਕੁੱਟ-ਕੁਟਾਈ ਅਤੇ ਸੁਆਲ-ਜੁਆਬ ਕਰਦੇ ਤੇ ਫਿਰ ਅੰਦਰ ਸੈੱਲ ‘ਚ ਬੰਦ ਕਰ ਦਿੰਦੇ। ਦੋ ਘੰਟਿਆਂ ਦੀ ਬਰੇਕ ਹੁੰਦੀ ਸੀ। ਇਨ੍ਹਾਂ ਦੋ ਘੰਟਿਆਂ ‘ਚ ਪਹਿਲਾਂ ਤਾਂ ਉਪਰੋਂ ਪੈਂਦੀਆਂ ਸਰਚ ਲਾਈਟਾਂ ਉਸ ਨੂੰ ਸੌਣ ਨਾ ਦਿੰਦੀਆਂ। ਜਦੋਂ ਜ਼ਰਾ ਹੀ ਨੀਂਦ ਆਉਂਦੀ ਤਾਂ ਉਦੋਂ ਨੂੰ ਦੂਜੀ ਟੀਮ ਆ ਜਾਂਦੀ। ਇਹ ਕੰਮ ਸਾਰਾ ਦਿਨ ਚੱਲਦਾ ਰਿਹਾ।
ਸੁਆਲ ਤਾਂ ਬੜੇ ਸਨ, ਪਰ ਹਮਾਮ ਬਲਾਵੀ ਕੋਲ ਕਿਸੇ ਦਾ ਜੁਆਬ ਨਹੀਂ ਸੀ। ਮਿਸਾਲ ਵਜੋਂ ਉਸ ਨੂੰ ਵਖ-ਵਖ ਅਤਿਵਾਦੀਆਂ ਬਾਰੇ ਪੁੱਛਿਆ ਜਾਂਦਾ, ਪਰ ਉਹ ਤਾਂ ਕੁਝ ਜਾਣਦਾ ਹੀ ਨਹੀਂ ਸੀ। ਫਿਰ ਉਸ ਨੂੰ ਪੁੱਛਿਆ ਗਿਆ ਕਿ ਅਲ-ਹਸਬਾਹ ਵੈੱਬਸਾਈਟ ਕੌਣ ਚਲਾਉਂਦਾ ਹੈ। ਇਸ ਬਾਰੇ ਵੀ ਉਸ ਦਾ ਕਹਿਣਾ ਸੀ ਕਿ ਉਹ ਤਾਂ ਇਸ ‘ਤੇ ਲੇਖ ਪਾਉਂਦਾ ਹੈ, ਇਸ ਤੋਂ ਵੱਧ ਉਸ ਨੂੰ ਕੋਈ ਪਤਾ ਨਹੀਂ। ਉਸ ਨੂੰ ਹਰ ਤਰ੍ਹਾਂ ਇੰਟੈਰੋਗੇਟ ਕੀਤਾ ਗਿਆ, ਤਸੀਹੇ ਦਿੱਤੇ ਗਏ, ਪਰ ਉਸ ਕੋਲੋਂ ਕੁਝ ਨਾ ਨਿਕਲਿਆ, ਕਿਉਂਕਿ ਉਸ ਨੂੰ ਪਤਾ ਹੀ ਨਹੀਂ ਸੀ ਕਿਸੇ ਗੱਲ ਦਾ। ਸ਼ੌਕ-ਸ਼ੌਕ ‘ਚ ਫਸਿਆ ਸੀ ਉਹ ਤਾਂ। ਦੋ ਦਿਨ ਦੀ ਇੰਟੈਰੋਗੇਸ਼ਨ ਪਿਛੋਂ ਫਾਈਲ ਬਿਨ ਜ਼ਈਦ ਕੋਲ ਪਹੁੰਚ ਗਈ। ਉਹ ਇੰਟੈਰੋਗੇਸ਼ਨ ਰਿਪੋਰਟ ਪੜ੍ਹ ਕੇ ਹੈਰਾਨ ਹੋਇਆ ਕਿ ਇੰਨਾ ਵੱਡਾ ਅਤਿਵਾਦੀ ਫੜਿਆ, ਪਰ ਨਿਕਲਿਆ ਕੁਝ ਵੀ ਨਹੀਂ। ਫਿਰ ਉਹ ਖੁਦ ਪਹੁੰਚਿਆ ਇੰਟੈਰੋਗੇਸ਼ਨ ਕਰਨ ਲਈ। ਸਭ ਤੋਂ ਪਹਿਲਾਂ ਉਸ ਨੇ ਟਰਿੱਕ ਵਜੋਂ ਹਮਾਮ ਬਲਾਵੀ ਨੂੰ ਚੰਗੇ ਸੈੱਲ ‘ਚ ਸ਼ਿਫਟ ਕਰਾ ਦਿੱਤਾ। ਫਿਰ ਉਹ ਕੁਰਸੀ ਡਾਹ ਕੇ ਉਸ ਦੇ ਸਾਹਮਣੇ ਬਹਿ ਗਿਆ। ਉਹ ਹਮਾਮ ਬਲਾਵੀ ਦੇ ਚਿਹਰੇ ਦੇ ਰੰਗ ਪੜ੍ਹਦਾ ਰਿਹਾ। ਦਿਲੋਂ ਬਿਨ ਜ਼ਈਦ ਵੀ ਇਜ਼ਰਾਇਲ ਦੇ ਖਿਲਾਫ ਸੀ, ਪਰ ਕੌਮੀ ਨੀਤੀ ਤਹਿਤ ਉਸ ਨੂੰ ਸਭ ਕੁਝ ਮੰਨਣਾ ਪੈ ਰਿਹਾ ਸੀ।
ਕਾਫੀ ਦੇਰ ਹਮਾਮ ਬਲਾਵੀ ਦਾ ਚਿਹਰਾ ਪੜ੍ਹਨ ਪਿੱਛੋਂ ਉਸ ਨੂੰ ਲੱਗਾ, ਜਿਵੇਂ ਇਹ ਡਾਕਟਰ ਕਾਲਜ ਵੇਲੇ ਉਸ ਦਾ ਜਮਾਤੀ ਰਿਹਾ ਹੋਵੇ। ਦਿਲੋਂ ਉਸ ਨੂੰ ਉਸ ‘ਤੇ ਤਰਸ ਆਇਆ, ਪਰ ਨੌਕਰੀ ਤਾਂ ਨੌਕਰੀ ਸੀ। ਉਸ ਨੇ ਬੜੇ ਧੀਰਜ ਨਾਲ ਪੁੱਛਿਆ, “ਤੇਰੀ ਤਫਤੀਸ਼ ਤੋਂ ਸਾਬਤ ਹੋਇਐ ਕਿ ਤੇਰਾ ਜਾਂ ਤੇਰੇ ਪਰਿਵਾਰ ਦਾ ਕਦੇ ਅਤਿਵਾਦ ਨਾਲ ਦੂਰ ਦਾ ਸਬੰਧ ਨਹੀਂ ਰਿਹਾ। ਸਾਡੀ ਰਿਪੋਰਟ ਮੁਤਾਬਕ ਤੂੰ ਸ਼ਰੀਫ ਆਦਮੀ ਐਂ। ਫਿਰ ਇਹ ਅਬੂ ਦੁਜਾਨਾ ਅਲ ਖੁਰਸਾਨੀ ਵਾਲਾ ਕਿੱਸਾ ਕੀ ਐ?”
ਹਮਾਮ ਬਲਾਵੀ ਨੇ ਬਿਨ ਜ਼ਈਦ ਦੇ ਚਿਹਰੇ ਵੱਲ ਨਜ਼ਰਾਂ ਗੱਡ ਕੇ ਦੇਖਿਆ। ਫਿਰ ਨੀਵੀਂ ਪਾਉਂਦਿਆਂ ਬੋਲਿਆ, “ਸ਼ੁਰੂ ‘ਚ ਸ਼ੁਗਲ ਵਜੋਂ ਇਕ-ਦੋ ਪੋਸਟਾਂ ਝੂਠੇ ਨਾਂ ਹੇਠ ਪਾਈਆਂ। ਜਦੋਂ ਕੁਝ ਹੁੰਗਾਰਾ ਮਿਲਿਆ ਤਾਂ ਮੈਂ ਹੌਲੀ-ਹੌਲੀ ਇਹ ਪੋਸਟਾਂ ਨਿੱਤ ਪਾਉਣ ਲੱਗਾ। ਉਂਜ ਮੇਰਾ ਕਿਸੇ ਅਤਿਵਾਦ ਨਾਲ ਕੋਈ ਲੈਣਾ ਦੇਣਾ ਨਹੀਂ।”
ਉਸ ਦੇ ਜੁਆਬ ‘ਚ ਬਿਨ ਜ਼ਈਦ ਕੁਝ ਨਾ ਬੋਲਿਆ ਤਾਂ ਹਮਾਮ ਬਲਾਵੀ ਕਹਿਣ ਲੱਗਾ, “ਵੈਸੇ ਨਿਜੀ ਤੌਰ ‘ਤੇ ਮੈਂ ਹਰ ਕਿਸਮ ਦੇ ਅਤਿਵਾਦ ਅਤੇ ਮਾਰ-ਮਰਾਈ ਦੇ ਖਿਲਾਫ ਆਂ। ਮੈਂ ਤਾਂ ਕੰਮ ਕਰਨ ਵਾਲਾ ਸਾਦਾ ਜਿਹਾ ਬੰਦਾ ਆਂ, ਪਰ ਇਹ ਪੋਸਟਾਂ ਹੌਲੀ-ਹੌਲੀ ਮੇਰਾ ਸ਼ੌਕ ਬਣ ਗਈਆਂ। ਮੈਂ ਅਬੂ ਦੁਜਾਨਾ ਬਣ ਕੇ ਜੋ ਵੀ ਪੋਸਟਾਂ ਪਾਈਆਂ, ਉਹ ਸਿਰਫ ਸ਼ੌਕ ਵਜੋਂ ਪਾਈਆਂ। ਸੱਚਾਈ ਇਹੀ ਐ। ਅੱਗੇ ਜੋ ਅੱਲ੍ਹਾ ਦੀ ਮਰਜ਼ੀ।”
ਤਜਰਬੇਕਾਰ ਬਿਨ ਜ਼ਈਦ ਝੱਟ ਸਮਝ ਗਿਆ ਕਿ ਇਹ ਬੰਦਾ ਅਤਿਵਾਦੀ ਨਹੀਂ ਹੈ। ਨਾ ਹੀ ਇਸ ਦਾ ਕਿਸੇ ਨਾਲ ਸਬੰਧ ਹੈ। ਉਸ ਦੇ ਸ਼ੌਕ ਵਾਲੀ ਗੱਲ ਨਾਲ ਵੀ ਉਹ ਸਹਿਮਤ ਸੀ। ਕੁਝ ਸੋਚਣ ਪਿਛੋਂ ਉਹ ਬੋਲਿਆ, “ਚੱਲ ਹਮਾਮ ਬਲਾਵੀ, ਜੋ ਹੋਇਆ ਸੋ ਹੋਇਆ। ਪਿਛਲਾ ਭੁੱਲ ਜਾਹ। ਆਪਾਂ ਕਿਸੇ ਵੇਲੇ ਫਿਰ ਮਿਲਾਂਗੇ। ਇੰਨਾ ਕਹਿ ਕੇ ਬਿਨ ਜ਼ਈਦ ਨੇ ਉਸ ਨੂੰ ਆਪਣੀ ਨਿਜੀ ਕਾਰ ‘ਚ ਬਿਠਾਇਆ ਤੇ ਉਸ ਦੇ ਘਰ ਕੋਲ ਲਾਹ ਆਇਆ। ਰਸਤੇ ‘ਚ ਉਹ ਸ਼ਹਿਰ ਦੀਆਂ, ਟਰੈਫਿਕ ਦੀਆਂ ਅਤੇ ਮੌਸਮ ਵਗੈਰਾ ਦੀਆਂ ਗੱਲਾਂ ਕਰਦੇ ਰਹੇ। ਘਰ ਤੋਂ ਥੋੜ੍ਹੀ ਦੂਰ ਬਿਨ ਜ਼ਈਦ ਨੇ ਕਾਰ ਰੋਕ ਦਿੱਤੀ। ਜਦੋਂ ਹਮਾਮ ਬਲਾਵੀ ਉਤਰਨ ਲੱਗਾ ਤਾਂ ਬਿਨ ਜ਼ਈਦ ਸੁਭਾਵਕ ਜਿਹਾ ਬੋਲਿਆ, “ਮੇਰੇ ਸਿਰ ਤੇਰਾ ਲੰਚ ਰਿਹਾ। ਕਿਸੇ ਦਿਨ ਇਕੱਠੇ ਬੈਠਾਂਗੇ। ਨਾਲੇ ਸੱਚ ਇਕ ਗੱਲ ਹੋਰ…?”
ਹਮਾਮ ਬਲਾਵੀ ਉਤਰਦਾ-ਉਤਰਦਾ ਰੁਕ ਗਿਆ ਤੇ ਉਸ ਨੇ ਬਿਨ ਜ਼ਈਦ ਵੱਲ ਦੇਖਿਆ। ਬਿਨ ਜ਼ਈਦ ਨੇ ਕਿਹਾ, “ਹਾਲ ਦੀ ਘੜੀ ਉਹ ਅਬੂ ਦੁਜਾਨਾ ਵਾਲੀਆਂ ਪੋਸਟਾਂ ਉਵੇਂ ਹੀ ਪਾਉਂਦਾ ਰਹਿ। ਦੋ ਚਾਰ ਦਿਨਾਂ ਬਾਅਦ ਮਿਲਦੇ ਆਂ ਤਾਂ ਦੱਸੂੰਗਾ ਕਿ ਅੱਗੇ ਕੀ ਕਰਨਾ ਹੈ।”

ਗੁੰਮ-ਸੁੰਮ ਜਿਹਾ ਹਮਾਮ ਬਲਾਵੀ ਘਰ ਪਹੁੰਚਿਆ। ਉਸ ਦੇ ਜੁਆਕ ਉਸ ਨੂੰ ਚੰਬੜ ਗਏ। ਘਰ ਵਾਲੀ ਵੀ ਰੋਣ ਲੱਗੀ। ਉਸ ਨੇ ਸਭ ਦਾ ਦਿਲ ਧਰਾਇਆ। ਇੰਨੇ ਨੂੰ ਉਸ ਦਾ ਪਿਉ ਅਤੇ ਭਰਾ ਆ ਗਏ। ਉਹ ਪਿਛਲੇ ਦੋ ਦਿਨਾਂ ਤੋਂ ਉਸ ਨੂੰ ਲਗਾਤਾਰ ਲੱਭ ਰਹੇ ਸਨ, ਪਰ ਹੁਣ ਉਹ ਉਨ੍ਹਾਂ ਤੋਂ ਪਹਿਲਾਂ ਹੀ ਘਰ ਆਇਆ ਬੈਠਾ ਸੀ। ਉਨ੍ਹਾਂ ਦੀ ਹੈਰਾਨੀ ਦੀ ਵੀ ਹੱਦ ਨਾ ਰਹੀ। ਸਾਰੇ ਉਸ ਦੇ ਮੂੰਹੋਂ ਕੁਝ ਸੁਣਨ ਲਈ ਉਤਾਵਲੇ ਸਨ। ਹਮਾਮ ਨੇ ਇੰਨਾ ਕਹਿ ਕੇ ਸਭ ਦੇ ਮਨ ਸ਼ਾਂਤ ਕਰ ਦਿੱਤੇ, “ਦੇਖੋ ਇੰਟੈਰੋਗੇਸ਼ਨ ਤਾਂ ਮੇਰੀ ਬਹੁਤ ਹੋਈ, ਪਰ ਇਹ ਸਭ ਕਿਸੇ ਗਲਤੀ ਕਾਰਨ ਹੋਇਆ। ਉਹ ਕਿਸੇ ਹੋਰ ਨੂੰ ਲੱਭ ਰਹੇ ਸਨ ਤੇ ਧੱਕੇ ਮੈਂ ਚੜ੍ਹ ਗਿਆ, ਪਰ ਹੁਣ ਸਭ ਗੱਲ ਸਾਫ ਹੋ ਗਈ ਹੈ। ਆਪਣੇ ਪਰਿਵਾਰ ਨੂੰ ਕੋਈ ਖਤਰਾ ਨਹੀਂ ਹੈ।”
ਉਸ ਦੀਆਂ ਇਨ੍ਹਾਂ ਗੱਲਾਂ ਨੇ ਸਭ ਦੇ ਚਿਹਰੇ ਦੀ ਰੌਣਕ ਵਾਪਸ ਲੈ ਆਂਦੀ; ਪਰ ਹੁਣ ਤੱਕ ਰੋਜ਼ ਰਾਤ ਨੂੰ ਸ਼ੌਕ ਪੂਰਾ ਕਰਨ ਵਾਲਾ ਹਮਾਮ ਬਲਾਵੀ ਅਸ਼ਾਂਤ ਹੋ ਗਿਆ। ਇੰਨਾ ਤਾਂ ਉਹ ਸਮਝ ਹੀ ਗਿਆ ਕਿ ਹੁਣ ਮੁਖਾਬਰਤ ਨਾਲ ਉਸ ਦਾ ਰਾਬਤਾ ਬਣੇਗਾ। ਜੇ ਉਨ੍ਹਾਂ ਨਾਲ ਮਿਲ ਕੇ ਚੱਲੇਗਾ ਤਾਂ ਜ਼ਿੰਦਗੀ ਚੰਗੇ ਢੰਗ ਨਾਲ ਚੱਲਦੀ ਰਹੂ, ਨਹੀਂ ਤਾਂ ਫਿਰ ਅੰਤ ਦੂਰ ਨਹੀਂ।
ਕਈ ਦਿਨ ਲੰਘ ਗਏ। ਉਸ ਨੂੰ ਇਸ ਨਵੇਂ ਫਿਕਰ ਨੇ ਅੰਦਰੇ ਅੰਦਰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਪਤਨੀ ਦਫੀਨਾ ਨੇ ਉਸ ਨੂੰ ਬਹੁਤ ਪੁੱਛਿਆ, ਪਰ ਉਹ ਹਰ ਵਾਰ ਟਾਲ ਜਾਂਦਾ। ਆਖਰ ਇਕ ਰਾਤ ਦਫੀਨਾ ਨੇ ਉਸ ਨੂੰ ਮਨਾ ਹੀ ਲਿਆ ਕਿ ਉਹ ਦੱਸੇ ਕਿਹੜੀ ਗੱਲ ਉਸ ਨੂੰ ਪ੍ਰੇਸ਼ਾਨ ਕਰੀ ਜਾ ਰਹੀ ਹੈ?
“ਦਫੀਨਾ, ਸੱਚ ਪੁੱਛਦੀ ਐਂ ਤਾਂ ਹੁਣ ਮੈਂ ਆਜ਼ਾਦ ਆਦਮੀ ਨਹੀਂ ਆਂ। ਮੈਨੂੰ ਐਵੇਂ ਨ੍ਹੀਂ ਛੱਡਿਆ। ਮੇਰੇ ਕੋਲੋਂ ਕੋਈ ਨਾ ਕੋਈ ਕੰਮ ਤਾਂ ਉਹ ਕਰਵਾਉਣਗੇ ਹੀ।”
“ਜਦੋਂ ਕੋਈ ਕੰਮ ਕਹਿਣਗੇ ਉਦੋਂ ਦੇਖੀ ਜਾਊ, ਪਰ ਤੂੰ ਹੁਣੇ ਕਿਉਂ ਦਿਲ ਢਾਹਿਐ?”
“ਦਫੀਨਾ ਗੱਲ ਇਹ ਐ ਕਿ ਮੈਂ ਹੁਣ ਮੁਖਾਬਰਤ ਦਾ ਗੁਲਾਮ ਆਂ।”
“ਕਿਧਰੇ ਭੱਜ ਕੇ ਨ੍ਹੀਂ ਜਾ ਸਕਦੇ?” ਪਤਨੀ ਨੇ ਨਹੁੰ ਟੁੱਕਦਿਆਂ ਪੁੱਛਿਆ।
“ਨਹੀਂ! ਹੁਣ ਉਹ ਆਪਾਂ ਨੂੰ ਪਤਾਲ ‘ਚੋਂ ਵੀ ਲੱਭ ਲਿਆਉਣਗੇ। ਪਤਾ ਨ੍ਹੀਂ ਕੀ ਬਣੂੰ?”
“ਤੂੰ ਫਿਕਰ ਛੱਡ। ਜਦੋਂ ਕੋਈ ਕੰਮ ਕਹਿਣਗੇ, ਉਦੋਂ ਦੇਖੀ ਜਾਊ। ਤੂੰ ਹੁਣੇ ਢੇਰੀ ਢਾਹ ਕੇ ਬਹਿ ਗਿਆਂ।”
ਪਰ ਕਹਿਣ ਸੁਣਨ ਨਾਲ ਕੁਝ ਨਹੀਂ ਸੀ ਬਣਨਾ। ਹਮਾਮ ਬਲਾਵੀ ਅੰਦਰੇ ਅੰਦਰ ਸੜਨ ਲੱਗ ਪਿਆ। ਉਸ ਦਾ ਭਾਰ ਘਟਣ ਲੱਗ ਪਿਆ। ਉਸ ਤੋਂ ਕੰਮ ਵਲ ਵੀ ਪੂਰਾ ਧਿਆਨ ਨਹੀਂ ਸੀ ਦਿੱਤਾ ਜਾ ਰਿਹਾ, ਪਰ ਇੰਨਾ ਜ਼ਰੂਰ ਸੀ ਕਿ ਕਿਸੇ ਨੂੰ ਇਹ ਪਤਾ ਨਾ ਲੱਗਾ ਕਿ ਉਸ ਨੂੰ ਮੁਖਾਬਰਤ ਨੇ ਫੜਿਆ ਸੀ। ਇਸ ਦਾ ਪਰਿਵਾਰਕ ਮੈਂਬਰਾਂ ਤੋਂ ਬਿਨਾ ਕਿਸੇ ਨੂੰ ਕੋਈ ਪਤਾ ਨਹੀਂ ਸੀ।
ਫਿਰ ਇਕ ਦਿਨ ਉਸ ਨੂੰ ਫੋਨ ‘ਤੇ ਸੁਨੇਹਾ ਮਿਲਿਆ ਕਿ ਅੱਜ ਸ਼ਾਮ ਨੂੰ ਡਾਊਨ ਟਾਊਨ ਦੇ ਕਿਸੇ ਰੈਸਟੋਰੈਂਟ ਪਹੁੰਚੇ। ਉਹ ਦਿੱਤੇ ਵਕਤ ‘ਤੇ ਪਹੁੰਚ ਗਿਆ। ਅੱਗੇ ਬਿਨ ਜ਼ਈਦ ਖੜ੍ਹਾ ਸੀ। ਉਹ ਹਮਾਮ ਨੂੰ ਨਾਲ ਲਈ ਅੰਦਰ ਦਾਖਲ ਹੋ ਗਿਆ। ਇੰਨੇ ਵੱਡੇ ਅਤੇ ਮਹਿੰਗੇ ਰੈਸਟੋਰੈਂਟ ‘ਚ ਆਉਣਾ ਹਮਾਮ ਲਈ ਵੱਡੀ ਗੱਲ ਸੀ। ਅੰਦਰ ਗੱਲਾਂ ਮਾਰਦਿਆਂ ਬਿਨ ਜ਼ਈਦ ਨੇ ਖਾਣੇ ਦਾ ਆਰਡਰ ਕਰ ਦਿੱਤਾ ਤੇ ਆਪਣੇ ਲਈ ਵਿਸਕੀ ਦਾ ਪੈੱਗ ਮੰਗਵਾ ਲਿਆ। ਨਾਲ ਹੀ ਉਸ ਨੇ ਹਮਾਮ ਨੂੰ ਕਿਹਾ, “ਹਮਾਮ ਮੈਂ ਅਮਰੀਕਾ ‘ਚ ਪੜ੍ਹਿਆ ਲਿਖਿਆ ਆਂ, ਤੇ ਮੈਂ ਕੋਈ ਬਹੁਤਾ ਧਾਰਮਿਕ ਵੀ ਨਹੀਂ। ਇਸ ਤਰ੍ਹਾਂ ਕਦੇ ਮੌਕਾ ਮਿਲੇ ਤਾਂ ਘੁੱਟ ਲਾ ਲਈਦੀ ਐ। ਤੂੰ ਦੱਸ ਕੀ ਲਏਂਗਾ?”
“ਬਹੁਤਾ ਕੱਟੜ ਤਾਂ ਮੈਂ ਵੀ ਨ੍ਹੀਂ। ਕੁਛ ਵੀ ਚੱਲੂ।”
“ਵਾਹ ਫਿਰ ਤਾਂ ਗੱਲ ਬਣ ਗਈ।” ਇੰਨਾ ਕਹਿੰਦਿਆਂ ਬਿਨ ਜ਼ਈਦ ਨੇ ਆਪਣੇ ਨਾਲ ਹੀ ਇਕ ਪੈੱਗ ਹੋਰ ਆਰਡਰ ਕਰ ਦਿੱਤਾ। ਥੋੜ੍ਹੀ ਦੇਰ ਆਮ ਗੱਲਾਂ ਕਰਦੇ ਰਹੇ। ਫਿਰ ਥੋੜ੍ਹਾ ਨਸ਼ਾ ਹੋਇਆ ਤਾਂ ਬਿਨ ਜ਼ਈਦ ਬੋਲਿਆ, “ਦੇਖ ਹਮਾਮ, ਜੋ ਮੈਂ ਉਸ ਦਿਨ ਕੀਤਾ ਜਾਂ ਹਰ ਰੋਜ਼ ਕਰ ਰਿਹਾ ਆਂ, ਇਹ ਮੇਰੀ ਨੌਕਰੀ ਐ। ਉਂਜ ਨਾ ਮੈਂ ਅਮਰੀਕਨਾਂ ਨੂੰ ਪਸੰਦ ਕਰਦਾਂ ਤੇ ਨਾ ਇਜ਼ਰਾਇਲ ਨੂੰ। ਇਜ਼ਰਾਇਲ ਨੂੰ ਤਾਂ ਮੈਂ ਬਹੁਤ ਨਫਰਤ ਕਰਦਾਂ। ਤੈਨੂੰ ਪਤਾ ਈ ਐ ਕਿ ਇਸ ਨੇ ਜਾਰਡਨ ਦਾ ਬਹੁਤ ਸਾਰਾ ਇਲਾਕਾ ਦੱਬਿਆ ਹੋਇਐ। ਇਸ ਗੱਲ ‘ਚ ਆਪਣੀ ਸੋਚ ਇਕ ਐ, ਕਿਉਂਕਿ ਫਲਸਤੀਨੀਆਂ ਨਾਲ ਜੋ ਹੋਈ ਐ, ਉਹੀ ਸਾਡੇ ਨਾਲ ਹੋਈ ਐ।”
“ਜੀ…।”
“ਪਰ ਦੇਖ! ਆਪਣਾ ਮੁਲਕ, ਮਤਲਬ ਜਾਰਡਨ ਕਿੱਡਾ ਕੁ ਵੱਡਾ ਮੁਲਕ ਐ? ਸਾਰੀ ਸੱਠ ਲੱਖ ਆਪਣੀ ਆਬਾਦੀ ਐ। ਤੁਸੀਂ ਵੀ ਹੁਣ ਤਾਂ ਇਸੇ ਦੇਸ਼ ਦੇ ਨਾਗਰਿਕ ਹੋ। ਕੋਈ ਤਿੰਨ ਲੱਖ ਫਲਸਤੀਨੀ ਇਥੇ ਰਹਿੰਦੇ ਆ। ਇਸ ਹਾਲਤ ‘ਚ ਆਪਣਾ ਫਰਜ਼ ਬਣਦੈ ਕਿ ਆਪਣੇ ਦੇਸ਼ ਨੂੰ ਬਚਾਈਏ। ਆਲੇ ਦੁਆਲੇ ਕੀ ਕੁਝ ਹੋ ਰਿਹੈ, ਆਪਾਂ ਨੂੰ ਦਿਸ ਈ ਰਿਹਾ ਐ। ਇਰਾਕ ਖਾਨਾਜੰਗੀ ਨੇ ਖਾ ਲਿਆ। ਇਰਾਨ ਦੇ ਆਪਣੇ ਪੰਗੇ ਨ੍ਹੀਂ ਮੁੱਕਦੇ। ਉਧਰ ਲਿਬਨਾਨ। ਮੇਰਾ ਮਤਲਬ ਆਪਣਾ ਇਕੋ-ਇਕ ਮੁਲਕ ਐ, ਜਿਥੇ ਅੰਦੂਰਨੀ ਸਮੱਸਿਆ ਨ੍ਹੀਂ ਐ। ਆਪਾਂ ਆਰਾਮ ਨਾਲ ਰਹਿਨੇ ਆਂ, ਪਰ ਦੂਜੇ ਮੁਲਕ ਆਪਣੀ ਸ਼ਾਂਤੀ ਬਰਦਾਸ਼ਤ ਨ੍ਹੀਂ ਕਰ ਰਹੇ।”
“ਜੀ ਮੈਂ ਸਮਝਦਾਂ ਤੁਸੀਂ ਕੀ ਕਹਿ ਰਹੇ ਓ।”
“ਤੇਰੇ ਅਬੂ ਦੁਜਾਨਾ ਵਾਲੇ ਕੰਮ ਨੂੰ ਮੈਂ ਕਿਸੇ ਹੋਰ ਢੰਗ ਨਾਲ ਵਰਤਣਾ ਚਾਹੁੰਨਾਂ। ਆਪਣਾ ਕੰਮ ਵੀ ਹੋ ਜਾਊ ਤੇ ਦੁਸ਼ਮਣ ਤਾਕਤਾਂ ਤੋਂ ਖਹਿੜਾ ਵੀ ਛੁੱਟ ਜਾਊ।”
ਹਮਾਮ ਬਲਾਵੀ ਬੋਲਿਆ ਕੁਝ ਨਾ, ਪਰ ਉਸ ਦਾ ਚਿਹਰਾ ਸੁਆਲ ਪੁੱਛਣ ਲਈ ਉਤਾਂਹ ਨੂੰ ਉਠਿਆ। ਬਿਨ ਜ਼ਈਦ ਬੋਲਿਆ, “ਤੂੰ ਅਬੂ ਦੁਜਾਨਾ ਵਾਲੀਆਂ ਪੋਸਟਾਂ ਪਾਉਂਦਾ ਰਹਿ ਅਤੇ ਜੋ ਨਾਂ ਮੈਂ ਤੈਨੂੰ ਦੇਵਾਂਗਾ, ਉਨ੍ਹਾਂ ਨਾਲ ਨਿਜੀ ਸੰਪਰਕ ਸਾਧਣ ਦੀ ਕੋਸ਼ਿਸ਼ ਕਰ।”
ਹੁਣ ਤੱਕ ਹਮਾਮ ਬਲਾਵੀ ਸਾਰੀ ਕਹਾਣੀ ਸਮਝ ਗਿਆ ਸੀ। ਆਖਰ ਖਾਣਾ ਖਾ ਕੇ ਉਹ ਬਾਹਰ ਨਿਕਲੇ। ਜਾਣ ਲੱਗਿਆਂ ਬਿਨ ਜ਼ਈਦ ਨੇ ਲਿਫਾਫਾ ਹਮਾਮ ਬਲਾਵੀ ਵਲ ਕੀਤਾ। ਉਸ ਨੇ ਝਿਜਕਦੇ ਜਿਹੇ ਨੇ ਹੱਥ ਅਗਾਂਹ ਵਧਾਇਆ ਤਾਂ ਬਿਨ ਜ਼ਈਦ ਬੋਲਿਆ, “ਅਸੀਂ ਖਾਹ-ਮਖਾਹ ਤੇਰੇ ਤਿੰਨ ਦਿਨ ਬਰਬਾਦ ਕੀਤੇ। ਉਸ ਦੀ ਕੁਝ ਕੁ ਭਰਪਾਈ ਐ।”
ਹਮਾਮ ਨੇ ਟੈਕਸੀ ਲੈ ਲਈ। ਰਾਹ ‘ਚ ਉਸ ਨੇ ਲਿਫਾਫਾ ਖੋਲ੍ਹਿਆ ਤਾਂ ਦੇਖਿਆ, ਵਿਚ ਪੰਜ ਸੌ ਦਿਨਾਰ ਸਨ। ਉਸ ਨੇ ਘਰ ਜਾ ਕੇ ਸਾਰੀ ਗੱਲ ਦਫੀਨਾ ਨੂੰ ਦੱਸੀ ਅਤੇ ਲਿਫਾਫਾ ਉਸ ਦੇ ਹਵਾਲੇ ਕਰ ਦਿੱਤਾ। ਉਹ ਵੀ ਪਹਿਲਾਂ ਤਾਂ ਸੋਚਾਂ ਵਿਚ ਡੁੱਬ ਗਈ। ਫਿਰ ਉਸ ਨੂੰ ਖਿਆਲ ਆਇਆ ਤੇ ਉਸ ਨੇ ਹਮਾਮ ਨੂੰ ਕਿਹਾ, “ਕਾਫੀ ਹੱਦ ਤੱਕ ਤਾਂ ਬਿਨ ਜ਼ਈਦ ਠੀਕ ਈ ਕਹਿ ਰਿਹੈ, ਪਰ…।”
ਅੱਗੇ ਉਹ ਕੁਝ ਨਾ ਬੋਲੀ। ਦੋਨੋਂ ਹੀ ਸਮਝ ਗਏ ਸਨ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਮੁਖਾਬਰਤ ਦੇ ਹੱਥਾਂ ਵਿਚ ਹੈ। ਅਗਲੇ ਹਫਤੇ ਫਿਰ ਬਿਨ ਜ਼ਈਦ ਨੇ ਹਮਾਮ ਬਲਾਵੀ ਨੂੰ ਆਪਣੇ ਘਰ ਬੁਲਾਇਆ। ਬੜੇ ਹਮਦਰਦੀ ਅਤੇ ਦੋਸਤੀ ਭਰੇ ਮਾਹੌਲ ‘ਚ ਗੱਲ ਹੋਈ। ਜਦੋਂ ਬਿਨ ਜ਼ਈਦ ਨੂੰ ਲੱਗਾ ਕਿ ਹਮਾਮ ਬਲਾਵੀ ਉਸ ਨਾਲ ਸਹਿਮਤ ਹੈ ਤਾਂ ਉਸ ਨੇ ਗੱਲ ਅੱਗੇ ਤੋਰੀ, “ਦੇਖ ਬਲਾਵੀ, ਹੁਣ ਆਪਾਂ ਆਪਣੇ ਮੁਲਕ ਦੇ ਦੁਸ਼ਮਣਾਂ ਦਾ ਸਫਾਇਆ ਕਰਨਾ ਐ। ਤੂੰ ਆਪਣੀ ਅਬੂ ਦੁਜਾਨਾ ਵਾਲੀ ਪੋਸਟ ਰਾਹੀਂ ਇਨ੍ਹਾਂ ਅਤਿਵਾਦੀਆਂ ਨਾਲ ਰਾਬਤਾ ਬਣਾ। ਇਨ੍ਹਾਂ ਦੇ ਅਸਲ ਪਤੇ ਲੱਭ ਤਾਂ ਕਿ ਇਨ੍ਹਾਂ ਦਾ ਖਾਤਮਾ ਕਰੀਏ।”
“ਪਰ ਇਹ ਤਾਂ ਤੁਹਾਡੀ ਏਜੰਸੀ ਦਾ ਕੰਮ ਐ। ਇਹ ਤੁਸੀਂ ਕਰਨੈਂ। ਮੈਂ ਤਾਂ ਆਮ ਬੰਦਾ ਆਂ। ਇਹ ਸਭ ਕਰਨ ਨਾਲ ਮੈਨੂੰ ਕੀ ਮਿਲੂ?” ਹਮਾਮ ਨੇ ਕਾਫੀ ਦੇਰ ਤੋਂ ਮਨ ‘ਚ ਘੁੰਮ ਰਿਹਾ ਸੁਆਲ ਪੁੱਛਿਆ।
“ਮਿਸਟਰ ਹਮਾਮ ਬਲਾਵੀ, ਇਨ੍ਹਾਂ ਅਤਿਵਾਦੀਆਂ ‘ਤੇ ਲੱਖਾਂ ਡਾਲਰਾਂ ਦੇ ਇਨਾਮ ਨੇ। ਜਿਸ-ਜਿਸ ਨੂੰ ਫੜਾਈ ਜਾਵੇਂਗਾ, ਉਵੇਂ-ਉਵੇਂ ਤੈਨੂੰ ਇਨਾਮ ਮਿਲੀ ਜਾਊ। ਕਈਆਂ ‘ਤੇ ਤਾਂ ਮਿਲੀਅਨਜ਼ ਦੇ ਇਨਾਮ ਨੇ। ਉਹ ਸਭ ਤੇਰੇ ਨੇ। ਜੇ ਤੂੰ ਸਹੀ ਢੰਗ ਨਾਲ ਕੰਮ ਕੀਤਾ ਤਾਂ ਤੇਰੇ ਕੋਲ ਇੰਨਾ ਪੈਸਾ ਇਕੱਠਾ ਹੋ ਜੂ ਕਿ ਤਿੰਨ ਪੀੜ੍ਹੀਆਂ ਤੋਂ ਨ੍ਹੀਂ ਮੁੱਕਣਾ।”
ਸੁਣ ਕੇ ਹਮਾਮ ਬਲਾਵੀ ਨੂੰ ਧਰਵਾਸ ਮਿਲਿਆ। ਉਸ ਨੇ ਘਰ ਜਾ ਕੇ ਬੀਵੀ ਨੂੰ ਦੱਸਿਆ ਕਿ ਆਪਾਂ ਨੂੰ ਬਹੁਤ ਪੈਸੇ ਮਿਲਣਗੇ। ਜਦੋਂ ਦੱਸਿਆ ਕਿ ਇਹ ਪੈਸੇ ਲੱਖਾਂ ਡਾਲਰ ਹੋਣਗੇ ਤਾਂ ਉਸ ਦਾ ਵੀ ਚਿੱਤ ਖੁਸ਼ ਹੋ ਗਿਆ; ਪਰ ਜੋ ਕੁਝ ਬਿਨ ਜ਼ਈਦ ਉਸ ਤੋਂ ਕਰਵਾ ਰਿਹਾ ਸੀ, ਉਸ ਦਾ ਸਿਰਫ ਮੀਆਂ-ਬੀਵੀ ਤੋਂ ਬਿਨਾ ਹੋਰ ਕਿਸੇ ਨੂੰ ਪਤਾ ਨਹੀਂ ਸੀ। ਬਿਨ ਜ਼ਈਦ ਨਾਲ ਹਰ ਹਫਤੇ ਮੀਟਿੰਗ ਹੁੰਦੀ ਸੀ। ਬਲਾਵੀ ਨੇ ਘਰ ਵਾਲੀ ਨੂੰ ਇਹ ਵੀ ਦੱਸ ਦਿੱਤਾ, “ਉਸ ਨੂੰ ਪੜ੍ਹਾਈ ਦੇ ਬਹਾਨੇ ਬਾਹਰ ਜਾਣਾ ਪਊ। ਕੁਝ ਮੁਖਾਬਰਤ ਦਾ ਕੰਮ ਹੈ। ਜਿਉਂ ਹੀ ਕੰਮ ਹੋ ਗਿਆ, ਆਪਾਂ ਨੂੰ ਮਿਲੀਅਨ ਡਾਲਰ ਅਤੇ ਅਮਰੀਕਾ ਰਹਿਣ ਦੀ ਇਜਾਜ਼ਤ ਮਿਲ ਜਾਊ। ਫਿਰ ਮਜ਼ੇ ਨਾਲ ਜ਼ਿੰਦਗੀ ਗੁਜ਼ਾਰਾਂਗੇ।”
ਘਰ ਵਾਲੀ ਉਦਾਸ ਸੀ, ਪਰ ਨਾ ਕੁਝ ਕਹਿ ਸਕਦੀ ਸੀ, ਨਾ ਕਰ ਸਕਦੀ ਸੀ। ਫਿਰ ਆਖਰ ਉਹ ਵਕਤ ਆ ਗਿਆ, ਜਦੋਂ ਬਿਨ ਜ਼ਈਦ ਨੇ ਹਮਾਮ ਨੂੰ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਉਹ ਮੁਲਕ ਛੱਡ ਕੇ ਉਥੇ ਜਾਵੇ, ਜਿਥੇ ਕਿਤੇ ਇਹ ਅਤਿਵਾਦੀ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਫੜਾਉਣ ਦੀਆਂ ਸਕੀਮਾਂ ਬਣਾਵੇ। ਬਿਨ ਜ਼ਈਦ ਨੇ ਅਮਰੀਕਨਾਂ ਨਾਲ ਮਿਲ ਕੇ ਨਵੀਂ ਤਕਨਾਲੋਜੀ ਦੇ ਸਹਾਰੇ ਹਮਾਮ ਬਲਾਵੀ ਨੂੰ ਵੱਧ ਤੋਂ ਵੱਧ ਟਰੇਨਿੰਗ ਦਿੱਤੀ। ਨਵੇਂ ਤੋਂ ਨਵੇਂ ਉਪਕਰਨ ਦਿੱਤੇ। ਜਦੋਂ ਹਰ ਪਾਸਿਉਂ ਤਿਆਰੀ ਹੋ ਗਈ ਤਾਂ ਹਮਾਮ ਨੇ ਆਪਣੇ ਪਿਉ ਨੂੰ ਕਿਹਾ ਕਿ ਉਹ ਉਚ ਪੜ੍ਹਾਈ ਲਈ ਯੂ. ਐਸ਼ ਏ. ਜਾਣਾ ਚਾਹੁੰਦਾ ਹੈ। ਉਂਜ, ਇਹ ਗੱਲ ਉਹ ਪਹਿਲਾਂ ਵੀ ਕਹਿੰਦਾ ਆ ਰਿਹਾ ਸੀ, ਹੁਣ ਉਸ ਨੇ ਪੱਕੀ ਤਿਆਰੀ ਕਰ ਲਈ ਸੀ, ਪਰ ਯੂ. ਐਸ਼ ਏ. ਦਾਖਲਾ ਲੈਣ ਲਈ ਪਹਿਲਾਂ ਤੁਰਕੀ ਜਾ ਕੇ ਇਸਤਾਂਬੁਲ ਵਿਚ ਦਾਖਲਾ ਟੈਸਟ ਦੇਣਾ ਹੋਵੇਗਾ। ਅੱਜ ਕੱਲ੍ਹ ਉਸੇ ਦੀ ਤਿਆਰੀ ਲਈ ਹਮਾਮ ਬਲਾਵੀ ਲੱਗਾ ਹੋਇਆ ਸੀ।
ਆਖਰ ਉਸ ਨੇ ਟਿਕਟ ਵਗੈਰਾ ਖਰੀਦ ਲਈ ਅਤੇ ਜਾਣ ਦਾ ਦਿਨ ਆ ਢੁੱਕਾ। ਉਸ ਨੇ ਆਪਣੇ ਛੋਟੇ ਭਰਾ ਅਸਦ ਨੂੰ ਤਿਆਰ ਕੀਤਾ ਕਿ ਉਹ ਉਸ ਨੂੰ ਏਅਰਪੋਰਟ ਤੱਕ ਛੱਡ ਆਵੇ। ਉਸ ਨੇ ਬੱਚੀਆਂ ਨੂੰ ਘੁੱਟ ਕੇ ਬੁੱਕਲ ‘ਚ ਲਿਆ, ਪਤਨੀ ਨੂੰ ਮਿਲਿਆ ਤੇ ਫਿਰ ਪਿਉ ਨਾਲ ਗੱਲਬਾਤ ਕੀਤੀ। ਸਾਰੇ ਉਸ ਨੂੰ ਤੋਰਨ ਲਈ ਇਕੱਠੇ ਹੋਏ ਸਨ। ਆਖਰ ਅਸਦ ਉਸ ਨੂੰ ਕਾਰ ‘ਚ ਏਅਰਪੋਰਟ ਨੂੰ ਲੈ ਤੁਰਿਆ। ਅਸਦ ਪਾਸੇ ਖੜ੍ਹ ਗਿਆ ਤੇ ਹਮਾਮ ਬੋਰਡਿੰਗ ਪਾਸ ਵਗੈਰਾ ਲੈਣ ਲੱਗਾ। ਸਭ ਕੰਮ ਹੋਣ ਪਿਛੋਂ ਹਮਾਮ, ਪਾਕਿਸਤਾਨ ਜਾਣ ਵਾਲੀ ਏਅਰਲਾਈਨਜ਼ ਦੀ ਲਾਈਨ ‘ਚ ਲੱਗ ਗਿਆ। ਅਸਦ ਹੱਦੋਂ ਵੱਧ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ। ਹਮਾਮ ਉਸ ਕੋਲ ਆਇਆ। ਉਸ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ, “ਤੂੰ ਮੇਰਾ ਛੋਟਾ ਭਰਾ ਐਂ। ਘਰ ਵਿਚ ਤੈਥੋਂ ਬਿਨਾ ਸਭ ਸਮਝਦੇ ਨੇ ਕਿ ਮੈਂ ਤੁਰਕੀ ਜਾ ਰਿਹਾਂ। ਵਾਅਦਾ ਕਰ ਕਿ ਉਨ੍ਹਾਂ ਨੂੰ ਸੱਚਾਈ ਨ੍ਹੀਂ ਦੱਸੇਂਗਾ।”
“ਉਹ ਤਾਂ ਠੀਕ ਐ ਪਰ…।”
“ਮੌਕਾ ਆਉਣ ‘ਤੇ ਤੈਨੂੰ ਸਭ ਕੁਝ ਦੱਸ ਦਿਆਂਗਾ, ਪਰ ਹਾਲ ਦੀ ਘੜੀ ਤੂੰ ਘਰ ਜਾ ਕੇ ਇਹੀ ਕਹਿਣਾ ਹੈ ਕਿ ਹਮਾਮ ਤੁਰਕੀ ਚਲਾ ਗਿਐ।”
ਭਾਈ ਨੇ ਹਾਂ ਕਹਿੰਦਿਆਂ ਅੱਖਾਂ ਭਰ ਲਈਆਂ। ਉਹ ਵੀ ਸਮਝ ਗਿਆ ਕਿ ਕੋਈ ਨਾ ਕੋਈ ਭੇਤ ਵਾਲੀ ਗੱਲ ਜ਼ਰੂਰ ਹੈ, ਪਰ ਉਸ ਨੇ ਵੱਡੇ ਭਰਾ ਦਾ ਕਹਿਣਾ ਮੰਨਦਿਆਂ ਚੁੱਪ ਰਹਿਣਾ ਬਿਹਤਰ ਸਮਝਿਆ। ਉਸ ਦੇ ਦੇਖਦਿਆਂ ਹੀ ਹਮਾਮ ਬਲਾਵੀ ਪਾਕਿਸਤਾਨੀ ਏਅਰਲਾਈਨਜ਼ ਦੇ ਜਹਾਜ ਅੰਦਰ ਜਾ ਬੈਠਾ ਅਤੇ ਕੁਝ ਦੇਰ ਪਿਛੋਂ ਉਹ ਤੁਰਕੀ ਦੀ ਥਾਂ ਅਣਜਾਣੇ ਮੁਲਕ ਪਾਕਿਸਤਾਨ ਵੱਲ ਉਡਾਰੀ ਮਾਰ ਗਿਆ।
(ਚਲਦਾ)