ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਦੋਂ ਕੋਈ ਸਿੱਖ ਵਿਦਵਾਨ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਤਰਕਪੂਰਣ ਢੰਗ ਨਾਲ ਬ੍ਰਾਹਮਣਵਾਦ ਦੇ ਪਖੰਡ ਉਜਾਗਰ ਕੀਤੇ ਅਤੇ ਅਗਲੇ ਹੀ ਸਾਹ ਉਹ ਆਖ ਦਿੰਦਾ ਹੈ ਕਿ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਬ੍ਰਾਹਮਣਵਾਦ ਤੋਂ ਮੁਕਤ ਕਰ ਕੇ ਪ੍ਰਭੂ ਦੀ ਭਗਤੀ ਵਿਚ ਲਾਇਆ, ਤਾਂ ਗੱਲ ਹਜ਼ਮ ਨਹੀਂ ਹੁੰਦੀ। ਇਹ ਯਕੀਨ ਨਹੀਂ ਹੁੰਦਾ ਕਿ ਗੁਰੂ ਸਾਹਿਬ ਦੋ ਮਿਆਰ ਵਰਤਦੇ ਹੋਣ, ਇਕ ਬ੍ਰਾਹਮਣਵਾਦ ਲਈ ਤੇ ਦੂਜਾ ਸਿੱਖੀ ਲਈ, ਭਾਵ ਉਹ ਸਿੱਖ ਪੁਜਾਰੀ ਨੂੰ ਬ੍ਰਾਹਮਣ ਪੁਜਾਰੀ ਤੋਂ ਚੰਗਾ ਸਮਝਦੇ ਹੋਣ। ਇੱਦਾਂ ਲੱਗਦਾ ਹੈ ਕਿ ਜਾਂ ਇਹ ਵਿਦਵਾਨ ਗਲਤ ਹਨ ਜਾਂ ਗੁਰੂ ਨਾਨਕ, ਪਰ ਜਦੋਂ ਜਪੁਜੀ ਪੜ੍ਹਦੇ ਹਾਂ ਤਾਂ ਗੱਲ ਪੂਰੀ ਤਰ੍ਹਾਂ ਖੁਲ੍ਹ ਜਾਂਦੀ ਹੈ ਕਿ ਵਿਦਵਾਨ ਹੀ ਗਲਤ ਹਨ।

ਕਾਰਨ ਇਹ ਹੈ ਕਿ ਵਿਦਵਾਨ ਸੁਣੀ ਸੁਣਾਈ ਗੱਲ ਜਾਂ ਮਨੌਤ ‘ਤੇ ਚਲਦੇ ਹਨ ਅਤੇ ਉਹ ਆਪਣੀ ਅਕਲ ਨਹੀਂ ਵਰਤਦੇ। ਅਕਲ ਨਾ ਵਰਤਣ ਨੂੰ ਉਹ ਸਿੱਖੀ ਸੇਧ ਆਖਦੇ ਹਨ ਤੇ ਅਕਲ ਵਰਤਣ ਨੂੰ ਮਨ ਮੱਤ। ਉਹ ਵਿਸ਼ਵਾਸ ਨਾਲ ਜੁੜਦੇ ਹਨ, ਸਤਿ ਨਾਲ ਨਹੀਂ। ਉਹ ਸਵਾਲ ਨਹੀਂ ਕਰਦੇ ਤਾਂ ਜੋ ਉਨ੍ਹਾਂ ਦਾ ਯਕੀਨ ਨਾ ਟੁੱਟੇ। ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਯਕੀਨ ਭੰਗ ਹੋਣ ਨਾਲ ਉਹ ਸਿੱਖੀ ਤੋਂ ਭਟਕ ਜਾਣਗੇ। ਇਸ ਲਈ ਉਹ ਬਾਣੀ ਦੀ ਨਿਰਪੱਖ ਵਿਆਖਿਆ ਨਹੀਂ ਕਰਦੇ, ਸਗੋਂ ਸ਼ਰਧਾ ‘ਤੇ ਚਲਦੇ ਹਨ। ਭਾਵ ਇਹ ਕਿ ਉਹ ਗੁਰਬਾਣੀ ਤੋਂ ਸੇਧ ਲੈ ਕੇ ਜੀਵਨ ਇਸ ਅਨੁਸਾਰ ਨਹੀਂ ਢਾਲਦੇ ਸਗੋਂ ਗੁਰਬਾਣੀ ਪੂਜਾ ਪਾਠ ਲਈ ਰੱਖ ਕੇ ਜੀਵਨ ਆਪਣੀ ਸੇਧ ਅਨੁਸਾਰ ਚਲਾਉਂਦੇ ਹਨ।
ਬੱਸ ਇੱਥੇ ਹੀ ਉਹ ਕੁਝ ਅਜਿਹਾ ਕਰ ਬੈਠਦੇ ਹਨ, ਜੋ ਉਨ੍ਹਾਂ ਨੂੰ ਸੱਚ ਤੋਂ ਦੂਰ ਲੈ ਜਾਂਦਾ ਹੈ। ਉਹ ਭੁੱਲ ਜਾਂਦੇ ਹਨ ਕਿ ਤਰਕ ਦਲੀਲ ਰਾਹੀਂ ਸਤਿ ‘ਤੇ ਪਹੁੰਚਣਾ ਸਿੱਖੀ ਸਿਧਾਂਤ ਦਾ ਮੂਲ ਆਧਾਰ ਹੈ। ਸੋਚ ਦੇ ਇਹੀ ਮੁੱਲ ਭਾਵ ਸਵਾਲ, ਪਰਖ ਅਤੇ ਪ੍ਰਮਾਣ ਹੀ ਪਖੰਡ ਦਾ ਪਰਦਾ ਫਾਸ਼ ਕਰ ਸਕਦੇ ਹਨ ਤੇ ਕੂੜ ਨੂੰ ਨਕਾਰ ਸਕਦੇ ਹਨ। ਗੁਰੂ ਸਾਹਿਬ ਨੇ ਸਿੱਖੀ ਦੇ ਇਨ੍ਹਾਂ ਮੁੱਲਾਂ ‘ਤੇ ਅਮਲ ਕਰਕੇ ਹੀ ਮਨੁੱਖਤਾ ਨੂੰ ਸਤਿ ਦਾ ਰਾਹ ਦਿਖਾਇਆ ਸੀ। ਇਨ੍ਹਾਂ ਮੁੱਲਾਂ ਵਿਚ ਉਨ੍ਹਾਂ ਦਾ ਪੱਕਾ ਯਕੀਨ ਸੀ ਤੇ ਉਨ੍ਹਾਂ ਨੇ ਹਰ ਸਿੱਖ ਲਈ ਅਜਿਹਾ ਕਰਨਾ ਜਰੂਰੀ ਦੱਸਿਆ ਸੀ। ਇਨ੍ਹਾਂ ਮੁੱਲਾਂ ਦੀ ਉਲੰਘਣਾ ਕਰਕੇ ਨਿਖੇਧਿਤ ਗੱਲਾਂ ਵਿਚ ਯਕੀਨ ਕਰਨਾ ਹੀ ਮਨ ਮੱਤ ਤੇ ਬ੍ਰਾਹਮਣਵਾਦ ਹੈ। ਗੁਰੂ ਸਾਹਿਬ ਨੇ ਤਰਕ ਦਲੀਲ ਦੀ ਜਾਚ ਦੇ ਕੇ ਆਪਣੇ ਸਿੱਖਾਂ ਨੂੰ ਇਸ ਸੋਚ ਵਿਚੋਂ ਬਾਹਰ ਕੱਢਿਆ ਸੀ, ਪਰ ਅਜੋਕੇ ਸਿੱਖ ਸਿੱਖੀ ਅਮਲ ਦੀਆਂ ਹੱਦਾਂ ਭੁੱਲ ਕੇ ਲੀਹ ਤੋਂ ਉਤਰ ਗਏ ਹਨ।
ਅਜਿਹੀ ਮਨ ਮੱਤ ਦਾ ਹੀ ਅਸਰ ਹੈ ਕਿ ਉਹ ਹਰ ਤੁਕ ਦੀ ਅਧਿਆਤਮਵਾਦੀ ਵਿਆਖਿਆ ਕਰਦੇ ਹਨ ਤੇ ਗੁਰੂ ਸਾਹਿਬ ਨੂੰ ਵੀ ਪ੍ਰਭੂ-ਭਗਤ ਸਾਬਤ ਕਰਨ ਦਾ ਯਤਨ ਕਰਦੇ ਹਨ। ਉਨ੍ਹਾਂ ਦੇ ਇਸ ਰੁਝਾਨ ਦੀ ਵੱਡੀ ਮਿਸਾਲ ਉਨ੍ਹਾਂ ਦੇ ਜਪੁਜੀ ਦੀ ਸੱਤਵੀਂ ਪਉੜੀ ਦਾ ਅਨੁਵਾਦ ਹੈ, ਪਰ ਇਸ ਨੂੰ ਵਿਚਾਰਨ ਤੋਂ ਪਹਿਲਾਂ ਇਸ ਪੂਰੀ ਪਉੜੀ ‘ਤੇ ਝਾਤ ਪਾਉਣਾ ਜਰੂਰੀ ਹੈ,
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥੭॥
ਇਸ ਪਉੜੀ ਵਿਚ ਗੁਰੂ ਸਾਹਿਬ ਪਿਛਲੀ ਪਉੜੀ ਦਾ ਹੀ ਉਪਦੇਸ਼ ਅੱਗੇ ਲੈ ਕੇ ਚਲਦੇ ਹਨ। ਪਿਛਲੀ ਪਉੜੀ ਵਿਚ ਉਨ੍ਹਾਂ ਨੇ ਤਰਕ-ਵਿਵੇਕ ਦੇ ਸਹਾਰੇ ਤੀਰਥ ਇਸ਼ਨਾਨ ਵਿਚ ਵਿਸ਼ਵਾਸ ਦਾ ਖੰਡਨ ਕੀਤਾ ਸੀ। ਇਨ੍ਹਾਂ ਗੁਣਾਂ ਸਦਕਾ ਹੀ ਉਨ੍ਹਾਂ ਨੇ ‘ਸਭਨਾ ਜੀਆ ਕਾ ਇਕੁ ਦਾਤਾ’ ਦਾ ਇਕ ਕੁਦਰਤੀ ਸਿਧਾਂਤ ਪਛਾਣਿਆ ਸੀ। ਇਸ ਪਉੜੀ ਵਿਚ ਉਹ ਤਰਕ, ਵਿਵੇਕ ਤੇ ਅਕਲ ਦਾ ਮਹੱਤਵ ਸਮਝਾਉਂਦੇ ਹਨ। ਉਹ ਇਕ ਮਿਸਾਲ ਰਾਹੀਂ ਦੱਸਦੇ ਹਨ ਕਿ ਜੇ ਕਿਸੇ ਵਿਅਕਤੀ ਦੀ ਉਮਰ ਬ੍ਰਹਿਮੰਡ ਦੇ ਚਾਰੇ ਯੁਗਾਂ ਜਿੱਡੀ ਹੋਵੇ ਤੇ ਜੇ ਇਸ ਤੋਂ ਵੀ ਵਧ ਕੇ ਇਹ ਦਸ ਗੁਣਾਂ ਹੋਰ ਹੋ ਜਾਵੇ। ਸ਼ਾਇਦ ਗੁਰੂ ਸਾਹਿਬ ਵੱਡੀ ਤੋਂ ਵੱਡੀ ਉਮਰ ਦੇ ਵਿਅਕਤੀ ਦੀ ਮਿਸਾਲ ਇਸ ਲਈ ਦਿੰਦੇ ਹਨ ਕਿ ਵੱਡੀ ਉਮਰ ਦੇ ਵਿਅਕਤੀ ਨੂੰ ਛੋਟੀ ਉਮਰ ਵਾਲੇ ਤੋਂ ਵੱਧ ਸਿਆਣਾ ਜਾਂ ਤਰਕ-ਵਿਵੇਕ ਵਾਲਾ ਮੰਨਿਆ ਜਾਂਦਾ ਹੈ। ਉਹ ਅੱਗੇ ਕਹਿੰਦੇ ਹਨ ਕਿ ਜੇ ਅਜਿਹਾ ਵੱਡੀ ਉਮਰ ਵਾਲਾ ਵਿਅਕਤੀ ਉਤੋਂ ਇਕ ਚੰਗਾ ਜਿਹਾ ਨਾਂ ਰੱਖ ਲਵੇ ਜਾਂ ਰਖਵਾ ਲਵੇ। ਇਹ ਚੰਗਾ ਨਾਂ ਕੋਈ ਵੀ ਹੋ ਸਕਦਾ ਹੈ, ਜਿਸ ਤੋਂ ਵਿਦਵਤਾ ਝਲਕਦੀ ਹੋਵੇ ਜਿਵੇਂ ਗਿਆਨ ਚੰਦ, ਵੇਦ ਪ੍ਰਕਾਸ਼, ਵਿਦਵਾਨ ਸਿੰਘ, ਲਿਆਕਤ ਅਲੀ ਜਾਂ ਫਿਰ 108 ਸਵਾਮੀ ਗਿਆਨੇਸ਼ਵਰਾਨੰਦ ਮਹਾਰਾਜ। ਤੇ ਫਿਰ ਉਹ ਚੰਗੇ ਨਾਮ ਵਾਲਾ ਵਿਅਕਤੀ ਸਾਰੇ ਸੰਸਾਰ ਵਿਚ ਪ੍ਰਸਿੱਧ ਹੋ ਕੇ ਨਾਮਣਾ ਖੱਟ ਲਵੇ ਤੇ ਇੰਨਾ ਹਰਮਨ ਪਿਆਰਾ ਹੋ ਜਾਵੇ ਕਿ ਸੰਸਾਰ ਦੇ ਹਰ ਖਿੱਤੇ ਦੇ ਲੋਕ ਉਸ ਨੂੰ ਜਾਣਦੇ ਹੋਣ ਤੇ ਉਸ ਦੇ ਆਖੇ ਉਹ ਸਾਰੇ ਹੀ ਉਸ ਨਾਲ ਉਠ ਤੁਰਨ ਨੂੰ ਤਿਆਰ ਹੋਣ।
ਗੁਰੂ ਸਾਹਿਬ ਅੱਗੇ ਫੁਰਮਾਉਂਦੇ ਹਨ ਕਿ ਇੰਨਾ ਹੋਣ ‘ਤੇ ਵੀ ਜੇ ਉਸ ਵਿਅਕਤੀ ਵਿਚ ਨਦਰਿ (ੋਬਜeਚਟਵਿe ੋਬਸeਰਵਅਟਿਨ) ਨਹੀਂ ਹੈ, ਭਾਵ ਉਹ ਬੇਲਾਗ ਨਜ਼ਰ ਨਾਲ ਦੇਖ ਜਾਂ ਸੋਚ ਨਹੀਂ ਸਕਦਾ, ਅਰਥਾਤ ਨਿਰੋਲ ਤਰਕ ਦਲੀਲ ਦੀ ਗੱਲ ਨਹੀਂ ਕਰ ਸਕਦਾ, ਤਾਂ ਉਹ ਕਿਸੇ ਕੰਮ ਦਾ ਨਹੀਂ ਹੈ। ਕੋਈ ਉਸ ਦੀ ਵਾਤ ਪੁੱਛੇਗਾ ਤੇ ਸੁਣੇਗਾ ਨਹੀਂ। ਲੋਕ ਉਸ ਨੂੰ ਕੀਟਾਂ ਵਿਚੋਂ ਕੀਟ ਭਾਵ ਭਮੱਕੜਾਂ ਵਿਚੋਂ ਸਭ ਤੋਂ ਛੋਟਾ ਭਮੱਕੜ ਸਮਝਣਗੇ। ਦੋਸ਼ੀ ਲੋਕ ਭੀ ਉਸ ਵਿਚ ਦੋਸ਼ ਕੱਢਣਗੇ ਭਾਵ ਗਲਤ ਵਿਅਕਤੀ ਵੀ ਉਸ ਦੀ ਸੋਚ ਵਿਚ ਨੁਕਸ ਕੱਢਣਗੇ।
ਗੁਰੂ ਨਾਨਕ ਆਪਣੇ ਆਪ ਨੂੰ ਸੰਬੋਧਨ ਕਰ ਕੇ ਇਹ ਗੱਲ ਦ੍ਰਿੜਾਉਂਦੇ ਹਨ ਕਿ ਹੇ ਨਾਨਕ, ਜਿਨ੍ਹਾਂ ਬੰਦਿਆਂ ਵਿਚ ਪਹਿਲਾਂ ਕੋਈ ਗੁਣ ਨਾ ਹੋਵੇ, ਉਨ੍ਹਾਂ ਵਿਚ ਗੁਣ ਪੈਦਾ ਕੀਤਾ ਜਾ ਸਕਦਾ ਹੈ ਤੇ ਜਿਨ੍ਹਾਂ ਵਿਚ ਕੁਝ ਗੁਣ ਹੋਣ, ਭਾਵ ਜੋ ਗੁਣਵੰਤੇ ਹੋਣ, ਉਨ੍ਹਾਂ ਨੂੰ ਵੀ ਹੋਰ ਗੁਣੀ ਬਣਾਇਆ ਜਾ ਸਕਦਾ ਹੈ, ਭਾਵ ਉਹ ਵੀ ਹੋਰ ਸਿਆਣੇ ਹੋ ਸਕਦੇ ਹਨ, ਪਰ ਸੰਸਾਰ ਵਿਚ ਐਸਾ ਉਸਤਾਦ ਮਿਲਣਾ ਅਸੰਭਵ ਹੈ, ਜੋ ਅਜਿਹੇ ਵਿਅਕਤੀ ਵਿਚ ਕੋਈ ਗੁਣ ਪੈਦਾ ਕਰ ਸਕਦਾ ਹੋਵੇ, ਜਿਹੜਾ ਨਦਰਿ-ਹੀਣ ਜਾਂ ਤਰਕ-ਵਿਵੇਕਹੀਣ ਹੋਵੇ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਵੇਂ ਕੋਈ ਕਿੰਨਾ ਵੀ ਯਤਨ ਕਿਉਂ ਨਾ ਕਰ ਲਵੇ, ਇਕ ਵਿਸ਼ਵਾਸ-ਗ੍ਰਸਤ (ਬਅਿਸeਦ) ਵਿਅਕਤੀ ਵਿਚ ਬੁੱਧੀ-ਮਤਾ ਦਾ ਸੰਚਾਰ ਕਰ ਸਕਣਾ ਅਤਿ-ਮੁਸ਼ਕਿਲ ਕਾਰਜ ਹੈ। ਇਸ ਨਿਯਮ ਅਨੁਸਾਰ ਆਮ ਸ਼ਰਧਾਲੂ ਤਾਂ ਭਾਵੇਂ ਸਿੱਖੀ ਦੇ ਕੁਝ ਗੁਣ ਗ੍ਰਹਿਣ ਕਰ ਸਕਣ, ਪਰ ਉਨ੍ਹਾਂ ਸਿੱਖ ਵਿਦਵਾਨਾਂ ‘ਤੇ ਸਿੱਖੀ ਸੋਚ ਦਾ ਕੋਈ ਗੁਣ ਨਹੀਂ ਚੜ੍ਹ ਸਕਦਾ, ਜਿਨ੍ਹਾਂ ਦੀ ਸੋਚ ‘ਤੇ ਪਹਿਲਾਂ ਹੀ ਬ੍ਰਾਹਮਣਵਾਦ ਦੀ ਪਾਣ ਚੜ੍ਹੀ ਹੋਈ ਹੋਵੇ।
ਗੁਰੂ ਸਾਹਿਬ ਨੇ ਜਿੱਥੇ ਵੀ ਇਹ ਗੱਲ ਦੁਹਰਾਈ ਹੈ, ਉਥੇ ਇਹੀ ਦੱਸਿਆ ਹੈ ਕਿ ਬਿਨਾ ਸੋਚ ਵਿਚਾਰ ਤੋਂ ਕਿਸੇ ਗੱਲ ‘ਤੇ ਯਕੀਨ ਕਰਨਾ ਮੂਰਖਤਾ ਹੈ। ਸਿੱਖੀ ਸਿਧਾਂਤ ਹੀ ਇਹ ਹੈ ਕਿ ਹਰ ਗੱਲ ਨੂੰ ਮੰਨਣ ਤੋਂ ਪਹਿਲਾਂ ਉਸ ਨੂੰ ਵਿਚਾਰ ਵਟਾਂਦਰੇ ਤੇ ਪ੍ਰੀਖਣ ਰਾਹੀਂ ਪੂਰੀ ਤਰ੍ਹਾਂ ਅਜਮਾ ਲਿਆ ਜਾਵੇ। ਜੇ ਸੋਚ ਹੀ ਪੁੱਠੇ ਪਾਸੇ ਜਾਂਦੀ ਹੋਵੇ ਤਾਂ ਵਿਸ਼ਵਾਸ ਵਿਚ ਸਿਰ ਝੁਕਾਉਣ ਦਾ ਕੋਈ ਫਾਇਦਾ ਨਹੀਂ; ਪਰ ਜਿਨ੍ਹਾਂ ਦੀ ਸੋਚ ਦਾ ਸੋਮਾ ਅਰੰਭ ਤੋਂ ਹੀ ਅੰਧਵਿਸ਼ਵਾਸ ਰਿਹਾ ਹੋਵੇ, ਉਨ੍ਹਾਂ ਵਿਚੋਂ ਇਸ ਸੋਚ ਨੂੰ ਖਤਮ ਕਰਨਾ ਭਾਵ ਤਰਕ-ਵਿਵੇਕ ਪੈਦਾ ਕਰਨਾ ਕਠਿਨ ਹੈ। ਜੇ ਇਸ ਵਿਚਾਰ ਨੂੰ ਵਿਗਿਆਨ ਦੇ ਪੱਖ ਤੋਂ ਵਿਚਾਰਿਆ ਜਾਵੇ ਤਾਂ ਇਹ ਬਿਲਕੁਲ ਸਹੀ ਸਾਬਤ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਮਨਾਂ ਵਿਚ ਬਚਪਨ ਤੋਂ ਵਿਸ਼ਵਾਸ ਰਾਹੀਂ ਕੋਈ ਗੱਲ ਭਰ ਦਿੱਤੀ ਗਈ ਹੋਵੇ, ਉਹ ਸਾਰੀ ਉਮਰ ਉਥੋਂ ਨਹੀਂ ਨਿਕਲਦੀ।
ਹਿੰਦੂ ਹਮੇਸ਼ਾ ਹਿੰਦੂ, ਮੁਸਲਮਾਨ ਹਮੇਸ਼ਾ ਮੁਸਲਮਾਨ ਤੇ ਸਿੱਖ ਹਮੇਸ਼ਾ ਸਿੱਖ ਬਣੇ ਰਹਿੰਦੇ ਹਨ। ਸਭ ਨਾ ਸਿਰਫ ਆਪਣੇ ਆਪਣੇ ਧਰਮ ਵਿਚ ਵਿਸ਼ਵਾਸ ਕਰਦੇ ਹਨ, ਸਗੋਂ ਆਪਣੇ ਧਰਮ ਅਨੁਸਾਰ ਹੀ ਦਲੀਲਾਂ ਦਿੰਦੇ ਹਨ। ਕੋਈ ਆਪਣਾ ਧਰਮ ਛੱਡਣ ਨੂੰ ਤਿਆਰ ਨਹੀਂ ਹੁੰਦਾ ਤੇ ਜੇ ਕੋਈ ਕਿਸੇ ਮਜ਼ਬੂਰੀ ਵਸ ਅਜਿਹਾ ਕਰ ਵੀ ਲੈਂਦਾ ਹੈ ਤਾਂ ਮੌਕਾ ਮਿਲਦੇ ਹੀ ਵਾਪਸ ਘਰ ਪਰਤ ਜਾਂਦਾ ਹੈ। ਗਰਾਮੋਫੋਨ ਦੇ ਤਵੇ ਵਾਂਗੂੰ ਜੋ ਅਵਾਜ਼ ਉਸ ਵਿਚ ਪਹਿਲੀ ਉਮਰੇ ਭਰ ਦਿੱਤੀ ਜਾਂਦੀ ਹੈ, ਉਹ ਸਾਰੀ ਉਮਰ ਉਹੀ ਬੋਲਦਾ ਚਲਾ ਜਾਂਦਾ ਹੈ। ਜੋ ਤਵਾ ਭਰਿਆ ਨਾ ਹੋਵੇ, ਉਹ ਭਰਿਆ ਜਾ ਸਕਦਾ ਹੈ; ਜੋ ਅੱਧ-ਪਚੱਧਾ ਭਰਿਆ ਹੋਵੇ, ਉਸ ਨੂੰ ਹੋਰ ਭਰ ਕੇ ਪੂਰਾ ਕੀਤਾ ਜਾ ਸਕਦਾ ਹੈ, ਪਰ ਜੋ ਬੇਥਵੀਆਂ ਗੱਲਾਂ ਨਾਲ ਪਹਿਲਾਂ ਹੀ ਭਰਿਆ ਪਿਆ ਹੈ, ਉਸ ਉਤੇ ਤਰਕ ਦੀ ਅਵਾਜ਼ ਕਦੇ ਨਹੀਂ ਚੜ੍ਹਾਈ ਜਾ ਸਕਦੀ। ਉਹ ਤਾਂ ਹਮੇਸ਼ਾ ਓਹੀ ਬੋਲੇਗਾ, ਜੋ ਉਸ ਉਤੇ ਉਕਰੀ ਗਈ ਹੈ। ਜਿਸ ਰਿਕਾਰਡ ਉਤੇ ਮਾਤਾ ਦੀਆਂ ਭੇਟਾਂ ਚੜ੍ਹੀਆਂ ਹਨ, ਉਹ ਭੇਟਾਂ ਗਾਵੇਗਾ; ਜਿਸ ਉਤੇ ਨਬੀ ਦੀਆਂ ਨਾਤਾਂ ਹਨ, ਉਹ ਉਨ੍ਹਾਂ ਦਾ ਗਾਇਨ ਕਰੇਗਾ ਅਤੇ ਜਿਸ ਉਤੇ ਸ਼ਬਦ ਕੀਰਤਨ ਭਰਿਆ ਹੈ, ਉਹ ਸ਼ਬਦ ਕੀਰਤਨ ਸੁਣਾਏਗਾ। ਜਿਸ ਨੂੰ ਜਿਹੜੇ ਥਾਂ ਮਰਜੀ ਵਜਾਓ, ਉਸ ਵਿਚੋਂ ਉਹੀ ਅਵਾਜ਼ ਨਿਕਲੇਗੀ, ਜੋ ਉਸ ਵਿਚ ਭਰੀ ਹੋਈ ਹੈ।
ਮੌਜੂਦਾ ਪਉੜੀ ਦੇ ਅਰਥ ਬਹੁਤ ਸਾਰੇ ਵਿਦਵਾਨਾਂ ਨੇ ਕੀਤੇ ਹਨ, ਪਰ ਸਭਨਾਂ ਦੇ ਅਰਥ ਕੁਝ ਸ਼ਬਦਾਂ ਦੇ ਹੇਰ-ਫੇਰ ਨਾਲ ਇਕੋ ਤਰ੍ਹਾਂ ਦੇ ਹਨ। ਚਾਹੇ ਉਹ ਪ੍ਰੋ. ਸਾਹਿਬ ਸਿੰਘ ਹੋਵੇ, ਚਾਹੇ ਰਜਨੀਸ਼ ਓਸ਼ੋ, ਚਾਹੇ ਗੋਪਾਲ ਸਿੰਘ, ਚਾਹੇ ਗੁਰਭਗਤ ਸਿੰਘ ਤੇ ਚਾਹੇ ਸੰਤ ਸਿੰਘ ਖਾਲਸਾ-ਸਭ ਇਕੋ ਜਿਹੀ ਗੱਲ ਕਹਿੰਦੇ ਹਨ। ਉਹ ਇਸ ਦੀ ਵਿਆਖਿਆ ਕਰਦੇ ਲਿਖਦੇ ਹਨ, “ਚਾਹੇ ਤੁਹਾਡੀ ਉਮਰ ਚਾਰੇ ਜੁਗਾਂ ਜਿੱਡੀ ਹੋਵੇ ਤੇ ਇਹ ਇਸ ਤੋਂ ਵੀ ਦਸ ਗੁਣਾ ਵੱਧ ਹੋ ਜਾਵੇ, ਚਾਹੇ ਤੁਸੀਂ ਪ੍ਰਿਥਵੀ ਦੇ ਨੌਂਆਂ ਖੰਡਾਂ ਵਿਚ ਜਾਣੇ ਜਾਂਦੇ ਹੋਵੋ ਤੇ ਸਭ ਲੋਕ ਤੁਹਾਡੇ ਨਾਲ ਉਠ ਚੱਲਣ ਨੂੰ ਤਿਆਰ ਹੋਣ ਅਤੇ ਚਾਹੇ ਤੁਸੀਂ ਚੰਗਾ ਜਿਹਾ ਨਾਮ ਰਖਵਾ ਕੇ ਸਾਰੇ ਜੱਗ ਵਿਚ ਨਾਮਣਾ ਖੱਟ ਲਵੋ, ਪਰ ਜੇ ਤੁਸੀਂ ਪਰਮਾਤਮਾ ਦੀ ਮਿਹਰ ਭਰੀ ਨਜ਼ਰ ਹੇਠ ਨਾ ਆਏ, ਭਾਵ ਤੁਹਾਡੇ ‘ਤੇ ਰੱਬ ਦੀ ਕਿਰਪਾ ਦ੍ਰਿਸ਼ਟੀ ਨਾ ਹੋਈ, ਤਾਂ ਕੋਈ ਤੁਹਾਡੀ ਗੱਲ ਵੀ ਨਹੀਂ ਸੁਣੇਗਾ। ਤੁਸੀਂ ਕੀੜਿਆਂ ਦੇ ਕੀੜੇ ਸਮਝੇ ਜਾਓਗੇ ਤੇ ਪਾਪੀ ਲੋਕ ਵੀ ਤੁਹਾਨੂੰ ਪਾਪੀ ਕਹਿਣਗੇ। ਗੁਰੂ ਨਾਨਕ ਜੀ ਕਹਿੰਦੇ ਹਨ ਕਿ ਪਰਮਾਤਮਾ ਗੁਣ-ਰਹਿਤ ਵਿਅਕਤੀਆਂ ਨੂੰ ਗੁਣ ਦਿੰਦਾ ਹੈ ਤੇ ਗੁਣਵਾਨਾਂ ਨੂੰ ਹੋਰ ਗੁਣਵਾਨ ਬਣਾ ਦਿੰਦਾ ਹੈ, ਪਰ ਐਸਾ ਕੋਈ ਬੰਦਾ ਨਹੀਂ ਹੈ, ਜੋ ਪਰਮਾਤਮਾ ਵਿਚ ਕੋਈ ਗੁਣ ਪੈਦਾ ਕਰ ਸਕਦਾ ਹੋਵੇ ਭਾਵ ਪਰਮਾਤਮਾ ਪਹਿਲਾਂ ਹੀ ਸਰਬਕਲਾ ਸੰਪੂਰਣ ਤੇ ਸਰਬ ਸ਼ਕਤੀਮਾਨ ਹੈ।”
ਜੇ ਵਿਦਵਾਨਾਂ ਦੀ ਇਸ ਵਿਆਖਿਆ ਨੂੰ ਨਿਰਪੱਖ ਹੋ ਕੇ ਵਿਚਾਰਿਆ ਜਾਵੇ ਤਾਂ ਇਹ ਬਿਲਕੁਲ ਹੀ ਤਰਕਹੀਣ ਤੇ ਅਰਥਹੀਣ ਜਾਪੇਗੀ। ਪਹਿਲੀ ਗੱਲ ਇਹ ਕਿ ਗੁਰੂ ਸਾਹਿਬ ਨੇ ਇਸ ਪਉੜੀ ਵਿਚ ਤਾਂ ਕੀ, ਸਾਰੇ ਜਪੁਜੀ ਵਿਚ ਕਿਤੇ ਵੀ ਪਰਮਾਤਮਾ ਜਾਂ ਰੱਬ ਦਾ ਜ਼ਿਕਰ ਤੀਕ ਨਹੀਂ ਕੀਤਾ, ਫਿਰ ਵਿਦਵਾਨਾਂ ਨੇ ਇਹ ਸ਼ਬਦ ਕਿੱਥੋਂ ਲੈ ਆਂਦਾ? ਜੇ ਹੋਵੇ ਤਾਂ ਕਿਸੇ ਨੂੰ ਮੰਨਣ ਵਿਚ ਕੋਈ ਇਤਰਾਜ਼ ਨਹੀਂ, ਪਰ ਜੇ ਹੈ ਹੀ ਨਹੀਂ ਤਾਂ ਇਸ ਨੂੰ ਬਦੋ-ਬਦੀ ਲਿਆਉਣਾ ਭਰਮ ਪੈਦਾ ਕਰਦਾ ਹੈ।
ਇੱਥੇ ਗੱਲ ਸੰਜੀਦਾ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪਉੜੀ ਦੇ ਅਰਥ ਹੀ ਬਦਲੇ ਜਾਂਦੇ ਹਨ। ਲਗਦਾ ਹੈ ਕਿ ਇਹ ਸ਼ਬਦ ਸਿੱਖ ਵਿਦਵਾਨਾਂ ਦੀ ਸੋਚ ਵਿਚ ਪਹਿਲਾਂ ਤੋਂ ਹੀ ਪਏ ਹੋਏ ਸਨ, ਜੋ ਜਰਾ ਕੁ ਮੌਕਾ ਮਿਲਦੇ ਹੀ ਆਪ ਮੁਹਾਰੇ ਬਾਹਰ ਨਿਕਲ ਆਏ। ਸ਼ਾਇਦ ਉਹ ਇਨ੍ਹਾਂ ਸ਼ਬਦਾਂ ਨੂੰ ਵਰਤੇ ਬਿਨਾ ਇਸ ਪਉੜੀ ਦੀ ਵਿਆਖਿਆ ਕਰ ਹੀ ਨਹੀਂ ਸਕਦੇ।
ਦੂਜੀ ਗੱਲ ਇਹ ਹੈ ਕਿ ਇੱਥੇ ਜੋ ‘ਤਿਸ’ ਅਤੇ ‘ਨਦਰਿ’ ਸ਼ਬਦ ਗੁਰੂ ਸਾਹਿਬ ਨੇ ਉਸ ਲੰਮੇਰੀ ਉਮਰ ਵਾਲੇ ਤਰਕਹੀਣ ਵਿਅਕਤੀ ਬਾਰੇ ਵਰਤੇ ਹਨ, ਉਹ ਸ਼ਬਦ ਇਨ੍ਹਾਂ ਵਿਦਵਾਨਾਂ ਨੇ ‘ਰੱਬ’ ਲਈ ਵਰਤ ਕੇ ਕੰਮ ਚਲਾਇਆ ਹੈ। ਜਿਸ ਪਰਮ-ਸਤਿ ਨੂੰ ਗੁਰੂ ਸਾਹਿਬ ਨੇ ਮੂਲਮੰਤਰ ਵਿਚ ਲੱਭਣ ਹੇਤ ਛੱਡ ਕੇ ਨਾਮ ਵੀ ਨਹੀਂ ਦਿੱਤਾ, ਉਸ ਦਾ ਇਨ੍ਹਾਂ ਨੇ ਆਪਣੇ ਕੋਲੋਂ ਹੀ ਨਾਮ ਵੀ ਰੱਖ ਲਿਆ ਤੇ ਉਸ ਨੂੰ ਦਇਆ-ਦ੍ਰਿਸ਼ਟੀ ਵੀ ਦੇ ਦਿੱਤੀ। ਹੱਥਾਂ ‘ਤੇ ਸਰ੍ਹੋਂ ਜਮਾਉਣ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ ਕਿ ਜਿਸ ਪਰਮ-ਸਤਿ ਦੀ ਭਾਲ ਲਈ ਪਿਛਲੀ ਪਉੜੀ ਵਿਚ ਗੁਰੂ ਸਾਹਿਬ ਨੇ ਤੀਰਥ ਇਸ਼ਨਾਨ ਨੂੰ ਵਿਅਰਥ ਦੱਸਿਆ, ਉਸ ਨੂੰ ਇਨ੍ਹਾਂ ਵਿਦਵਾਨਾਂ ਨੇ ਇਸ ਪਉੜੀ ਵਿਚ ਲੱਭਿਆ ਹੋਇਆ ਦੱਸ ਦਿੱਤਾ!
ਵਿਦਵਾਨਾਂ ਦਾ ਤੀਜਾ ਕੌਤਕ ਇਹ ਕਿ ਸ੍ਰਿਸ਼ਟੀ ਦੇ ਜਿਸ ਕਾਰਕ ਨੂੰ ਗੁਰੂ ਸਾਹਿਬ ਨੇ ‘ਅਜੂਨੀ’ ਦੱਸਿਆ ਹੈ, ਇਨ੍ਹਾਂ ਨੇ ਉਸ ਨੂੰ ਸਜੀਵ ਬਣਾ ਦਿੱਤਾ ਤੇ ਉਸ ਨੂੰ ਮਿਹਰ ਭਰੀ ‘ਨਦਰਿ’ ਵੀ ਦੇ ਦਿੱਤੀ। ਇਹ ਵਿਦਵਾਨ ਉਦੋਂ ਤਾਂ ਅਕਲ ਦੀ ਸੀਮਾ ਹੀ ਪਾਰ ਕਰ ਜਾਂਦੇ ਹਨ, ਜਦੋਂ ਕਹਿੰਦੇ ਹਨ ਕਿ ਜਿਨ੍ਹਾਂ ਮਨੁੱਖਾਂ ਉਤੇ ਉਸ (ਰੱਬ) ਦੀ ਕਿਰਪਾ ਦ੍ਰਿਸ਼ਟੀ ਨਾ ਪਵੇ, ਉਹ ਪਾਪੀ ਬਣ ਜਾਂਦੇ ਹਨ ਤੇ ਫਿਰ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ! ਜੇ ਉਨ੍ਹਾਂ ਦੀ ਇਹੀ ਗੱਲ ਮੰਨ ਲਈ ਜਾਵੇ ਤਾਂ ਬਾਕੀ ਦੇ ਜਪੁਜੀ ਨੂੰ ਪੜ੍ਹਨ ਦੀ ਲੋੜ ਹੀ ਨਹੀਂ, ਕਿਉਂਕਿ ਉਸ ਵਿਚ ਵੀ ਇਹੋ ਕੁਝ ਲਿਖਿਆ ਹੋਵੇਗਾ!
ਵਿਚਾਰਿਆਂ ਪਤਾ ਲਗਦਾ ਹੈ ਕਿ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਵਲੋਂ ਗੁਰੂ ਸਾਹਿਬ ਦੀ ਬਾਣੀ ਵਿਚ ਮਨ-ਮਰਜੀ ਦੇ ਅਰਥ ਪਾਉਣ ਦਾ ਮੁੱਖ ਉਦੇਸ਼ ਆਮ ਸਿੱਖ ਸ਼ਰਧਾਲੂਆਂ ਦੇ ਮਨਾਂ ਵਿਚ ਭੈ ਪੈਦਾ ਕਰਨਾ ਹੈ। ਜੋ ਸਿੱਧੀ ਸਾਦੀ ਆਮ ਸਮਝ ਵਿਚ ਆਉਣ ਵਾਲੀ ਗੱਲ ਗੁਰੂ ਸਾਹਿਬ ਨੇ ਸਿੱਖ ਸ਼ਰਧਾਲੂਆਂ ਦੀ ਅਕਲ ਜਗਾਉਣ ਲਈ ਲਿਖੀ ਸੀ, ਉਸੇ ਦੀ ਚਤੁਰ ਵਰਤੋਂ ਨਾਲ ਇਹ ਵਿਦਵਾਨ ਉਨ੍ਹਾਂ ਦੀ ਸੋਚ ਨੂੰ ਤਾਲੇ ਲਾਉਣ ਦਾ ਕੰਮ ਕਰਦੇ ਹਨ। ਸਭ ਜਾਣਦੇ ਹਨ ਕਿ ਇਸ ਸਮਾਜ ਵਿਚ ਮਾਨਸਿਕ ਸ਼ੋਸ਼ਣ ਤੋਂ ਮਾਇਕ ਸ਼ੋਸ਼ਣ ਕੋਈ ਬਹੁਤਾ ਦੂਰ ਨਹੀਂ। ਇਸ ਲਈ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੁਰਬਾਣੀ ਵਿਚ ਇਸ ਤਰ੍ਹਾਂ ਦੇ ਅਰਥ ਕਿਹੜੇ ਹਿੱਤਾਂ ਦੀ ਪੂਰਤੀ ਲਈ ਭਰੇ ਜਾਂਦੇ ਹਨ।
ਕਹਿਣ ਨੂੰ ਵਿਦਵਾਨ ਲੋਕਾਂ ਨੂੰ ਗੁਰੂ ਨਾਲ ਜੋੜਦੇ ਹਨ, ਪਰ ਪ੍ਰਚਾਰ ਆਪਣੇ ‘ਭਾਉ’ ਦਾ ਭਾਵ ਆਪਣੇ ਸਵਾਰਥ ਦਾ ਕਰਦੇ ਹਨ। ਇਸ ਗਿਆਨ ਵਿਰੋਧੀ ਗਤੀਵਿਧੀ ਨਾਲ ਇਹ ਵਿਦਵਾਨ ਨਾ ਸਿਰਫ ਆਪ ਹੀ ਗੁਰੂ ਸਾਹਿਬ ਦੀ ਸਿੱਖੀ ਸੋਚ ਤੋਂ ਵਾਂਝੇ ਹੋ ਜਾਂਦੇ ਹਨ, ਸਗੋਂ ਆਮ ਸਿੱਖ ਸ਼ਰਧਾਲੂ ਨੂੰ ਵੀ ਇਸ ਤੋਂ ਪਰ੍ਹੇ ਲੈ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਪਰਪੰਚ ਉਹ ਆਪਣੇ ਹੀ ਗੁਰੂ ਦੇ ਪੁਨਰ-ਜਾਗ੍ਰਿਤੀ ਅੰਦੋਲਨ ਖਿਲਾਫ ਚਲਾਉਂਦੇ ਹਨ।
ਇਹ ਇੱਕਲੇ ਸਿੱਖ ਜਗਤ ਲਈ ਨਹੀਂ ਸਗੋਂ ਪੂਰੀ ਮਾਨਵਤਾ ਲਈ ਬੜੇ ਮਾਣ ਦੀ ਗੱਲ ਹੈ ਕਿ ਗੁਰੂ ਨਾਨਕ ਨੇ ਅਤਿ-ਹਨੇਰੇ ਸਮਿਆਂ ਵਿਚ ਕਰਮ-ਕਾਂਡੀ ਤੇ ਮਿਥਿਹਾਸਕ ਸੋਚ ਤਿਆਗ ਕੇ ਤਰਕ-ਵਿਵੇਕ ਦੀ ਵਿਚਾਰਧਾਰਾ ਅਪਨਾਉਣ ਦਾ ਉਪਦੇਸ਼ ਦਿੱਤਾ। ਅਗਿਆਨ ਦੇ ਉਸ ਦੌਰ ਵਿਚ ਉਨ੍ਹਾਂ ਨੇ ਬ੍ਰਾਹਮਣਵਾਦੀ ਕੂੜ ਪ੍ਰਚਾਰ ਤੇ ਰੌਲੇ ਗੌਲੇ ਨੂੰ ਇਕ ਪਾਸੇ ਕਰ ਕੇ ਆਪਣੇ ਆਪ ਨੂੰ ਸੱਚ ਨਾਲ ਜੋੜਿਆ। ਸੱਚ ਦੀ ਖੋਜ ਰਾਹੀਂ ਸਚਿਆਰਾ ਬਣਨ ਦੀ ਸਿੱਖ-ਵਿਧੀ ਪਛਾਣੀ। ਉਨ੍ਹਾਂ ਨੇ ਇਹ ਜਾਗਰੂਕ ਵਿਧੀ ਆਪ ਅਪਨਾਈ ਤੇ ਇਸ ਦਾ ਦੂਰ ਦੂਰ ਜਾ ਕੇ ਲੋਕਾਂ ਵਿਚ ਪ੍ਰਚਾਰ ਕੀਤਾ। ਇਸ ਵਿਧੀ ਨੂੰ ਸਹੀ ਤੌਰ ‘ਤੇ ਜਨ ਸਾਧਾਰਨ ਤੀਕ ਪਹੁੰਚਾਉਣ ਲਈ ਉਨ੍ਹਾਂ ਨੇ ਸਿਧਾਂਤਕ ਬਾਣੀ ‘ਜਪੁਜੀ’ ਦੀ ਸਿਰਜਣਾ ਕੀਤੀ ਤੇ ਆਪਣੇ ਸ਼ਰਧਾਲੂਆਂ ਨੂੰ ਇਹ ਪੜ੍ਹਨ ਲਈ ਉਤਸ਼ਾਹਿਤ ਕੀਤਾ। ਇਸ ਲਈ ਅਜੋਕੇ ਸਿੱਖ ਵਿਦਵਾਨਾਂ ਤੇ ਸਾਰੇ ਪੁਜਾਰੀ ਤਬਕੇ ਦਾ ਇਹ ਫਰਜ਼ ਬਣਦਾ ਹੈ ਕਿ ਉਹ ਜਪੁਜੀ ਦਾ ਠੀਕ ਅਧਿਐਨ ਕਰਕੇ ਗੁਰਬਾਣੀ ਦੀ ਥਾਹ ਪਾਉਣ, ਪਰ ਉਹ ਹਨ ਕਿ ਇਸ ਦੀ ਉਲਟ ਵਿਆਖਿਆ ਰਾਹੀਂ ਜਪੁਜੀ ਦੇ ਅਰਥ ਹੀ ਬਦਲ ਰਹੇ ਹਨ!
ਕਾਸ਼! ਪੰਜਾਬੀ ਬੋਲੀ ਵਿਚ ਵੀ ਅੰਗਰੇਜ਼ੀ ਦੇ ਸ਼ਬਦ ‘ਬਾਇਸ’ (ਬਅਿਸ) ਜਿਹਾ ਕੋਈ ਖਰਾ ਢੁਕਵਾਂ ਸ਼ਬਦ ਪ੍ਰਚਲਿਤ ਹੁੰਦਾ, ਜਿਸ ਨਾਲ ਸਮੁੱਚੀ ਗੁਰਬਾਣੀ, ਖਾਸ ਕਰ ਇਸ ਪਉੜੀ ਦੀ ਵਿਆਖਿਆ ਆਸਾਨ ਹੋ ਜਾਂਦੀ। ਇਸ ਸ਼ਬਦ ਦਾ ਮੋਟਾ ਅਰਥ ‘ਝੁਕਾਉ’ ਜਾਂ ‘ਉਲਾਰ’ ਹੈ ਤੇ ਵਿਪਰੀਤ ਅਰਥ ਨਿਰਲੇਪ ਜਾਂ ਨਿਰਪੱਖ। ਇਹ ਸ਼ਬਦ ਭਾਵੇਂ ਅੰਗਰੇਜ਼ੀ ਸ਼ਬਦ ਬਾਇਸ ਦੇ ਇੰਨ ਬਿੰਨ ਪੂਰਕ ਨਹੀਂ ਹਨ, ਪਰ ਫਿਰ ਵੀ ਕੁਝ ਕੰਮ ਚਲਾ ਸਕਦੇ ਹਨ। ਹੋਰ ਗੱਲਾਂ ਤੋਂ ਇਲਾਵਾ ਗੁਰੂ ਸਾਹਿਬ ਨੇ ਇਸ ਪਉੜੀ ਵਿਚ ਨਿਰਪੱਖ ਸੋਚ ਦਾ ਸੰਕਲਪ ਦਿੱਤਾ ਹੈ। ਨਿਰਪੱਖ ਸੋਚ ਦਾ ਭਾਵ ਹੈ, ਬੇਲਾਗ ਹੋ ਕੇ ਵਿਚਾਰ ਕਰ ਸਕਣ ਦੀ ਸਮਰੱਥਾ।
ਗੁਰਬਾਣੀ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਅਜਿਹੇ ਪੰਜ ਮੁੱਖ ਪ੍ਰਭਾਵ ਹਨ, ਜੋ ਮਨੁੱਖੀ ਸੋਚ ਵਿਚ ਡੋਲ (ਬਅਿਸ) ਪੈਦਾ ਕਰ ਕੇ ਨਿਰਪੱਖਤਾ ਭੰਗ ਕਰਦੇ ਹਨ। ਇਹ ਪੰਜੇ ਪ੍ਰਭਾਵ ਤਰਕ-ਵਿਵੇਕ ਦੇ ਦੁਸ਼ਮਣ ਮੰਨੇ ਜਾਂਦੇ ਹਨ। ਇਨ੍ਹਾਂ ਦੇ ਅਸਰ ਹੇਠ ਮਨੁੱਖੀ ਸੋਚ ਤਰਕ ਦਲੀਲ ਦੇ ਰਾਹ ‘ਤੇ ਨਹੀਂ ਚਲ ਸਕਦੀ ਤੇ ਸੱਚ ਦੀ ਸੇਧ ਵਿਚ ਨਹੀਂ ਜਾ ਸਕਦੀ। ਗੁਰੂ ਸਾਹਿਬ ਨੇ ਨਿਰਪੱਖ ਸੋਚ ਲਈ ‘ਨਦਰਿ’ ਭਾਵ ਬੇਲਾਗ ਨਜ਼ਰ ਜਾਂ ਨਿਰਪੱਖ ਦ੍ਰਿਸ਼ਟੀ (ੁਨਬਅਿਸeਦ ਲੋਕ ੋਰ ੋਬਜeਚਟਵਿe ੋਬਸeਰਵਅਟਿਨ) ਦਾ ਸ਼ਬਦ ਵਰਤਿਆ ਹੈ। ਨਦਰਿ ਮਨੁੱਖੀ ਮਨ ਦੀ ਪ੍ਰਭਾਵ-ਮੁਕਤ ਰਹਿ ਕੇ ਸਹੀ ਸਹੀ ਸੋਚਣ ਦੀ ਕਾਬਲੀਅਤ ਹੈ। ਇਹ ਉਲਾਰ ਪੈਦਾ ਕਰਨ ਵਾਲੇ ਪ੍ਰਭਾਵਾਂ ਤੋਂ ਸੁਤੰਤਰ ਹੋ ਕੇ ਅਰਥਾਤ ਪਰ੍ਹਾਂ ਹਟ ਕੇ ਦੇਖਣ ਦੀ ਪ੍ਰਕ੍ਰਿਆ ਹੈ।
ਹਰ ਮਾਂ ਲਈ ਆਪਣਾ ਬੱਚਾ ਧੀ ਜਾਂ ਪੁੱਤਰ ਹੈ, ਜਿਸ ਦਾ ਉਹ ਆਪ ਕਦੇ ਕਸੂਰ ਨਹੀਂ ਕੱਢਦੀ, ਪਰ ਦੂਰ ਖੜ੍ਹੀ ਔਰਤ ਲਈ ਉਹ ਇਕ ਮੁੰਡਾ ਜਾਂ ਕੁੜੀ ਹੈ, ਜਿਸ ਬਾਰੇ ਉਹ ਆਪਣੀ ਸੁਤੰਤਰ ਰਾਏ ਦੇ ਸਕਦੀ ਹੈ। ਇਸ ਲਈ ਮਾਂ ਉਸ ਬੱਚੇ ਬਾਰੇ ਸੱਚ ਤੋਂ ਦੂਰ ਹੁੰਦੀ ਹੈ ਤੇ ਦੂਰ ਖੜ੍ਹੀ ਔਰਤ ਸੱਚ ਦੇ ਨੇੜੇ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਅਨੁਸਾਰ ਕਿਸੇ ਵਰਤਾਰੇ ਨੂੰ ਸਹੀ ਸਹੀ ਸਮਝਣ ਲਈ ਉਸ ਨੂੰ ਉਸ ਤੋਂ ਪਿੱਛੇ ਹਟ ਕੇ ਜਾਂ ਨਿਰਪੱਖ ਹੋ ਕੇ ਦੇਖਣਾ ਜਰੂਰੀ ਹੈ। ਗੁਰੂ ਸਾਹਿਬ ਕਹਿੰਦੇ ਹਨ, ਜੋ ਅਜਿਹਾ ਕਰ ਸਕਦਾ ਹੈ, ਉਸ ਕੋਲ ਨਦਰਿ ਹੈ ਭਾਵ ਦੇਖਣ ਤੇ ਵਿਚਾਰਨ ਦਾ ਢੰਗ ਹੈ। ਉਹ ਸਿੱਖ ਹੈ, ਭਾਵ ਉਸ ਨੇ ਕੁਦਰਤ ਨੂੰ ਸਮਝਣ ਦੀ ਵਿਧੀ ਸਿੱਖ ਲਈ ਹੈ।
ਪਰ ਅਜੋਕੇ ਸਿੱਖ ਵਿਦਵਾਨ ਗੁਰੂ ਸਾਹਿਬ ਦੇ ਦਿੱਤੇ ਇਸ ਵਡਮੁੱਲੇ ਗਿਆਨ ਨੂੰ ਸ਼ਰਧਾ ਦੇ ਅੰਧਕਾਰ ਵਿਚ ਰੋਲ ਰਹੇ ਹਨ। ਗਲਤ ਫਹਿਮੀ ਦਾ ਸ਼ਿਕਾਰ ਹੋਏ ਉਹ ਆਪਣੇ ਆਪ ਨੂੰ ਇਤਿਹਾਸਕਾਰ ਦੀ ਥਾਂ ਸਿੱਖ ਇਤਿਹਾਸਕਾਰ ਤੇ ਬੁੱਧੀਜੀਵੀ ਦੀ ਥਾਂ ਸਿੱਖ ਬੁਧੀਜੀਵੀ ਅਖਵਾਉਂਦੇ ਹਨ। ਅੱਜ ਕਿੰਨੇ ਹੀ ਸਿੱਖ ਕਹਾਉਣ ਵਾਲੇ ਇਤਿਹਾਸਕਾਰ ਤੇ ਬੁੱਧੀਜੀਵੀ ਆਪਣੀਆਂ ਲਿਖਤਾਂ ਰਾਹੀਂ ਪਾਠ-ਤੰਤਰ ਤੇ ਡੇਰਾਵਾਦ ਦਾ ਪ੍ਰਚਾਰ ਕਰ ਰਹੇ ਹਨ। ਮੀਡੀਆ ਚੈਨਲਾਂ ‘ਤੇ ਆ ਆ ਉਹ ਪਰੰਪਰਾ, ਰਹਿਤ-ਮਰਿਆਦਾ ਤੇ ਅਧਿਆਤਮਵਾਦ ਦੇ ਬਹਾਨੇ ਅਗਿਆਨ ਤੇ ਪੁਜਾਰੀਵਾਦ ਦਾ ਸਮਰਥਨ ਕਰ ਰਹੇ ਹਨ। ਇਸ ਤਰ੍ਹਾਂ ਉਹ ਗੁਰੂ ਸਾਹਿਬ ਦੀ ਪ੍ਰਗਤੀਵਾਦੀ ਵਿਚਾਰਧਾਰਾ ਨੂੰ ਦਰ-ਕਿਨਾਰ ਕਰ ਕੇ ਪਿੱਛਾਖੜ ਸੋਚ ਦੀ ਪੈਰਵੀ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੀ ਸਭ ਤੋਂ ਵੱਧ ਉਲੰਘਣਾ ਅੱਜ ਸਿੱਖ ਸੰਪਰਦਾਵਾਂ ਵਲੋਂ ਹੀ ਹੋ ਰਹੀ ਹੈ।