ਸ਼ਮਿੰਦਰ, ਸ੍ਰੀ ਮੁਕਤਸਰ ਸਾਹਿਬ
ਫੋਨ: 91-75268-08047
ਸੋਸ਼ਲ ਮੀਡੀਆ ‘ਤੇ ਇਕ ਗੀਤ ਸੁਣਿਆ, ਜਿਸ ਨੂੰ ਬਹੁਤ ਲਾਈਕ ਕੁਮੈਂਟ ਮਿਲੇ ਹੋਏ ਸਨ। ਬੋਲ ਸਨ,
ਤੂੰ ਮੈਨੂੰ ਸ਼ੀਸ਼ਿਆਂ ਤੋਂ ਵੱਧ ਸਾਫ ਲੱਗਦੀ
ਦੇਖੀਂ ਨਾ ਯਕੀਨ ਕਰੀਂ ਗੰਦਲਾ।
ਧੀਏ ਤੇਰੀ ਅੱਖ ਵਿਚ ਦੇਖ ਕੇ
ਬਾਪੂ ਤੇਰਾ ਬੰਨਦਾ ਏ ਸ਼ਮਲਾ।
ਇਸ ਤਰ੍ਹਾਂ ਦੇ ਹਜ਼ਾਰਾਂ ਹੀ ਗੀਤ, ਲੋਕ ਗੀਤ ਜਾਂ ਗੀਤਾਂ ਵਿਚ ਅੰਤਰੇ ਹੋਣਗੇ, ਜੋ ਧੀ ਨੂੰ ਇੱਜਤ ਸਾਂਭਣ ਦੀ ਹਦਾਇਤ ਕਰਦੇ ਹਨ। ਮੁੰਡਿਆਂ ਤੋਂ ਬਚ ਕੇ ਰਹਿਣ ਜਾਂ ਦੂਰ ਰਹਿਣ ਦੀ ਤਾਕੀਦ ਕਰਦੇ ਹਨ। ਅਜਿਹੇ ਗੀਤਾਂ ਨੂੰ ਲੋਕ ਬਿਨਾ ਸੋਚੇ-ਸਮਝੇ ਇਕ ਪਰਿਵਾਰਕ ਤੇ ਸੱਚੇ-ਸੁੱਚੇ ਮਹਾਨ ਗੀਤ ਜਾਂ ਰਚਨਾ ਦਾ ਦਰਜਾ ਦੇ ਦਿੰਦੇ ਹਨ।
ਸਵਾਲ ਹੈ ਕਿ ਇੱਜਤ ਹੈ ਕੀ? ਦੂਜੀ ਗੱਲ ਪਿਓ, ਭਾਈ, ਪਰਿਵਾਰ, ਖਾਨਦਾਨ, ਮੁਹੱਲੇ, ਪਿੰਡ ਦੀ ਇੱਜਤ ਕੁੜੀਆਂ ਕਿਉਂ ਸਾਂਭਣ? ਹਰ ਬੰਦਾ ਆਪਣੀ ਇੱਜਤ ਆਪ ਸਾਂਭਣੋ ਇਨਕਾਰੀ ਹੈ ਅਤੇ ਇੱਜਤ ਦਾ ਸਾਰਾ ਬੋਝ ਧੀ ਦੇ ਮੋਢਿਆਂ ‘ਤੇ ਸੁੱਟ ਕੇ ਆਪ ਸੁਰਖਰੂ ਹੋ ਕੇ ਜਿਉਂਦਾ ਹੈ।
ਭਾਈ ਕੁਝ ਕਰਨ ਤਾਂ ਇੱਜਤ ਨੂੰ ਕੋਈ ਫਰਕ ਨਹੀਂ ਪੈਂਦਾ। ਪਿਓ-ਦਾਦੇ ਨੇ ਜਮੀਨਾਂ ਵੇਚ ਖਾਧੀਆਂ ਹੋਣ, ਸਾਰੀ ਉਮਰ ਸ਼ਰਾਬ ਪੀ-ਪੀ ਟੱਬਰ ਦਾ ਜਿਉਣਾ ਮੁਹਾਲ ਕੀਤਾ ਹੋਵੇ-ਇੱਜਤ ਨੂੰ ਕੁਝ ਨਹੀਂ ਹੁੰਦਾ। ਕੁੜੀ ਨਾਲ ਕੋਈ ਬਦਤਮੀਜ਼ੀ ਕਰੇ ਜਾਂ ਕੁੜੀ ਕਹੇ ਮੈਂ ਆਪਣੀ ਮਰਜੀ ਨਾਲ ਵਿਆਹ ਕਰਾਉਣਾ ਹੈ ਤਾਂ ਇੱਜਤ ਗਾਇਬ ਹੋ ਜਾਂਦੀ ਹੈ।
ਇਕ ਚੁਟਕਲਾ ਯਾਦ ਆਇਆ ਕਿ ਅੱਗ ਕੀ ਹੁੰਦੀ ਹੈ? “ਅੱਗ ਉਹ ਹੁੰਦੀ ਹੈ, ਜੋ ਲਵ ਮੈਰਿਜ ਦਾ ਨਾਂ ਸੁਣ ਕੇ ਰਿਸ਼ਤੇਦਾਰਾਂ ਨੂੰ ਲੱਗਦੀ ਹੈ।”
ਪੜ੍ਹ ਕੇ ਮੈਂ ਹੱਸੀ, ਪਰ ਹੈ ਇਹ ਸੱਚ। ਜਸਵੰਤ ਸਿੰਘ ਕੰਵਲ ਲਿਖਦੇ ਹਨ ਕਿ ਬੰਦਾ ਦੂਜੇ ਬੰਦੇ ਤੋਂ ਇਸ ਲਈ ਸੜਦਾ ਹੈ, ਕਿਉਂਕਿ ਜੋ ਅਗਲੇ ਨੂੰ ਮਿਲ ਰਿਹਾ, ਉਸ ਨੂੰ ਨਹੀਂ ਮਿਲਿਆ। ਇਹ ਸਹੀ ਵੀ ਹੈ।
ਮੁੱਦਾ ਮੈਂ ਇਹ ਰੱਖਣਾ ਚਾਹੁੰਦੀ ਹਾਂ ਕਿ ਇੱਜਤ ਦਾ ਸਾਰਾ ਬੋਝ ਕੁੜੀ ‘ਤੇ ਕਿਉਂ ਸੁੱਟਿਆ ਜਾਂਦਾ ਹੈ? ਕਿਉਂ ਉਸ ਨੂੰ ਤਿਲ-ਤਿਲ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ? ਇਸ ਅਖੌਤੀ ਇੱਜਤ ਨੂੰ ਸਾਂਭਦੇ-ਸਾਂਭਦੇ ਉਹ ਕਿੰਨੀਆਂ ਖਾਹਿਸ਼ਾਂ, ਚਾਅ, ਪੜ੍ਹਾਈ, ਸਰੀਰਕ-ਮਾਨਸਿਕ ਲੋੜਾਂ ਕੁਰਬਾਨ ਕਰਦੀ ਹੈ।
ਇਸ ਦਾ ਅੰਦਾਜ਼ਾ ਖੁਦ ਉਸ ਨੂੰ ਵੀ ਅੱਜ ਤੱਕ ਹੋਣ ਨਹੀਂ ਦਿੱਤਾ ਗਿਆ। ਉਸ ਦੇ ਦਿਮਾਗ ਵਿਚ ਵੀ ਇਹ ਗੱਲ ਬਿਠਾ ਦਿੱਤੀ ਗਈ ਹੈ ਕਿ ਤੇਰੇ ਤਨ, ਮਨ ਵਿਚ ਸਭ ਦੀ ਇੱਜਤ ਰੱਖੀ ਹੋਈ ਹੈ। ਮੈਂ ਪੁੱਛਦੀ ਹਾਂ, ਕਿਸ ਨੇ ਰੱਖੀ ਹੈ ਇੱਜਤ ਔਰਤ ਦੇ ਸਰੀਰ ਵਿਚ, ਜੋ ਲੁੱਟੀ ਜਾਂਦੀ ਹੈ, ਚੋਰੀ ਹੋ ਜਾਂਦੀ ਹੈ ਤਾਂ ਕਦੇ ਵਾਪਸ ਨਹੀਂ ਆਉਂਦੀ?
ਇਹ ਕੈਸੇ ਫੋਬੀਏ ਦਾ ਸਮਾਜ ਸ਼ਿਕਾਰ ਹੈ!
ਜਬਰਦਸਤੀ ਸਰੀਰਕ ਸਬੰਧ ਬਣਾਉਣਾ ਅਪਰਾਧ ਹੈ, ਜਿਵੇਂ ਕੁੱਟਣਾ, ਮਾਰਨਾ, ਕਤਲ, ਚੋਰੀ ਆਦਿ। ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਹ ਕੈਸਾ ਜ਼ੁਲਮ ਕਿ ਔਰਤ ਨੂੰ ਨੀਵੀਂ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਸਾਰੀ ਜ਼ਿੰਦਗੀ ਸਭ ਦੀਆਂ ਨਜ਼ਰਾਂ ਵਿਚ ਉਚੀ-ਸੁੱਚੀ ਰਹਿਣ ਲਈ ਉਹ ਸਰੀਰਕ, ਮਾਨਸਿਕ ਕੁਰਬਾਨੀਆਂ ਕਰਦੀ ਜਾਂਦੀ ਹੈ। ਆਪਣੇ-ਆਪ ਨੂੰ ਖਾਨਦਾਨੀ ਕਹਿਣ ਵਾਲੇ ਘਰਾਣੇ ਕੁੜੀਆਂ ਨੂੰ ਸੱਤ ਪਰਦਿਆਂ ਵਿਚ ਲੁਕੋ ਕੇ ਰੱਖਦੇ ਹਨ। ਗਵਾਂਢੀਆਂ ਦੇ ਘਰ ਜਾਣਾ ਹੋਵੇ ਤਾਂ ਵੀ ਕੋਈ ਨਾਲ ਹੋਣਾ ਜਰੂਰੀ ਹੈ-ਕੋਈ ਭਰਾ, ਮਾਂ ਜਾਂ ਕੋਈ ਹੋਰ ਸਿਆਣੀ ਔਰਤ, ਕਿਉਂਕਿ ਇਹ ਸਭ ਰਖਵਾਲੇ ਹਨ, ਜੋ ਉਸ ਨੂੰ ਹਰ ਸਮੇਂ ਸੁਰੱਖਿਅਤ ਰੱਖਦੇ ਹਨ।
ਜੇ ਕੁੜੀ ਇਹ ਸਭ ਸਹਿਣੋ ਨਾਂਹ ਕਰੇ ਤਾਂ ਬਦਨਾਮ ਕੀਤੀ ਜਾਂਦੀ ਹੈ, ਫਿਰ ਉਹਦਾ ਕੋਈ ਭਰੋਸਾ ਨਹੀਂ, ਪਰ ਮਰਦ ਨੂੰ ਅਜਿਹੀ ਕੋਈ ਸਮੱਸਿਆ ਨਹੀਂ ਹੈ, ਕਿਉਂਕਿ ਇੱਜਤ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਹੁਣ ਤੁਸੀਂ ਕਹੋਗੇ ਕਿ ਕੁੜੀਆਂ ਬਹੁਤ ਅਵਾਰਾਗਰਦੀ ਕਰਦੀਆਂ ਹਨ, ਨਸ਼ੇ ਵੀ ਕਰਦੀਆਂ ਹਨ ਤੇ ਸ਼ਰਾਬ ਵੀ ਪੀਂਦੀਆਂ ਹਨ। ਬਿਲਕੁਲ! ਸਭ ਕੁਝ ਕਰਦੀਆਂ ਹਨ, ਜਿਵੇਂ ਸਾਰੇ ਮਰਦ ਮਹਾਤਮਾ ਨਹੀਂ, ਔਰਤਾਂ ਵੀ ਨਹੀਂ। ਕੁੜੀ ਇਕ ਆਮ ਇਨਸਾਨ ਹੈ ਤੇ ਉਸ ਵਿਚ ਆਮ ਇਨਸਾਨ ਵਾਲੀਆਂ ਸਾਰੀਆਂ ਕਮੀਆਂ-ਖੂਬੀਆਂ ਹੋਣਾ ਵੀ ਸੁਭਾਵਿਕ ਹੈ। ਜਿਵੇਂ ਹਰ ਪਸੂ, ਪੰਛੀ, ਜਾਨਵਰ, ਮਨੁੱਖ ਦੀਆਂ ਸਰੀਰਕ-ਮਾਨਸਿਕ ਲੋੜਾਂ ਹੁੰਦੀਆਂ ਹਨ, ਕੁੜੀਆਂ ਦੀਆਂ ਵੀ ਹਨ। ਹਰ ਮਨੁੱਖ ਆਪਣੇ ਚੰਗੇ-ਮਾੜੇ ਲਈ ਖੁਦ ਜਿੰਮੇਵਾਰ ਹੈ ਅਤੇ ਕੁਦਰਤ ਦੇ ਨੇਮ ਅਨੁਸਾਰ ਪਸੂ-ਪੰਛੀ ਤੇ ਮਨੁੱਖ ਆਪਣੇ ਬੱਚੇ ਨੂੰ ਜੀਵਨ ਜਾਚ ਸਿਖਾਉਂਦੇ ਹੀ ਹਨ।
ਪਰ ਕੁੜੀ ਨਾਲ ਜੁੜੀ ਇੱਜਤ ਦੀ ਰਾਖੀ ਦੇ ਨਾਂ ‘ਤੇ ਉਸ ਨੂੰ ਮਾਨਸਿਕ ਪ੍ਰੇਸ਼ਾਨ ਕਰ ਦੇਣਾ ਕਿਥੋਂ ਤੱਕ ਸਹੀ ਹੈ? ਕੁੜੀਆਂ ਨੂੰ ਇਸ ਦੇ ਬਦਲੇ ਕੀ ਖਾਸ ਅਦਾ ਕੀਤਾ ਜਾਂਦਾ ਹੈ? ਸਮਾਜੀ ਢਾਂਚੇ ਅਨੁਸਾਰ ਉਹ ਨਾ ਘਰ ਦੀਆਂ ਹਨ, ਨਾ ਘਾਟ ਦੀਆਂ। ਵਿਆਹ ‘ਤੇ ਖਰਚ ਜ਼ਰੂਰ ਕੀਤਾ ਜਾਂਦਾ ਹੈ, ਪਰ ਸਹੁਰੇ ਘਰ ਦੁਖੀ ਹੋਣ ਦੀ ਹਾਲਤ ਵਿਚ ਦੁੱਖ ਸਹਿਣ ਲਈ ਤੇ ਰੱਬ-ਰੱਬ ਕਰਕੇ ਸਮਾਂ ਕੱਟਣ ਦੀ ਸਲਾਹ ਦਿੱਤੀ ਜਾਂਦੀ ਹੈ। ਮਾਂ-ਬਾਪ ਡਰਦੇ ਹਨ ਕਿ ਕਿਤੇ ਪੇਕੇ ਘਰ ਆ ਕੇ ਨਾ ਬੈਠ ਜਾਵੇ। ਮੁਢਲੇ ਹੱਕ ਉਨ੍ਹਾਂ ਨੂੰ 2020 ਵਿਚ ਵੀ ਨਹੀਂ ਮਿਲੇ; ਨਾ ਸੁਤੰਤਰਤਾ ਮਿਲੀ, ਨਾ ਬਰਾਬਰੀ, ਨਾ ਸੁਰੱਖਿਆ। ਭਾਰਤ ਵਿਚ ਹਰ 20 ਮਿੰਟ ਵਿਚ ਇਕ ਬਲਾਤਕਾਰ ਹੁੰਦਾ ਹੈ।
ਕਵਿੱਤਰੀ ਕਰਮਜੀਤ ਦਿਓਨ ਐਲਨਾਬਾਦ ਲਿਖਦੀ ਹੈ,
ਪਿਆਰ ਮਹੁੱਬਤ ਦਾ ਅੱਖਰ
ਜਦ ਮੇਰੀ ਕਾਨੀ ਪਾਉਂਦੀ ਹੈ।
ਬਾਬੁਲ ਦੀ ਸ਼ਮਲੇ ਵਾਲੀ ਪੱਗ
ਖਾਬਾਂ ਵਿਚ ਲਹਿਰਾਉਂਦੀ ਹੈ।
ਮੇਰੀ ਝਾਂਜਰ ਦੇ ਬੋਲਾਂ ‘ਚੋਂ
ਇੱਜਤ ਦੀ ਹੂੰਕਰ ਗੂੰਜੇ,
ਬਚਪਨ ਦੀ ਗੁੱਡੀ ‘ਚੋਂ ਜਦ ਵੀ
ਵਿਦਰੋਹ ਦੀ ਬੋ ਆਉਂਦੀ ਹੈ।
ਮੇਰੀ ਅੱਖ ਦਾ ਬਾਗੀ ਕੱਜਲ
ਕਾਲਖ ਥੱਪਦਾ ਚਿਹਰੇ ‘ਤੇ,
ਮੇਰੀ ਗੁੱਤ ਰੁੱਖ ‘ਤੇ ਇਕ ਰੱਸੀ ਦੀ
ਤਸਵੀਰ ਬਣਾਉਂਦੀ ਹੈ।
ਮੈਂ, ਮੇਰੇ ਪਿੰਡ ਅਤੇ ਸਕੂਲ ਦੀਆਂ ਕੁੜੀਆਂ ਖੁਦ ਇਸ ਤਸ਼ੱਦਦ ਦਾ ਸ਼ਿਕਾਰ ਰਹੀਆਂ ਹਨ। ਸਾਡੇ ਘਰ-ਪਰਿਵਾਰ ਅਤੇ ਸਕੂਲ ਵਿਚ ਅਜਿਹਾ ਮਾਹੌਲ ਸਿਰਜਿਆ ਗਿਆ, ਜੋ ਦੱਸਦਾ ਸੀ ਕਿ ਮੁੰਡਾ ਕੋਈ ਭੂਤ ਹੈ, ਜੋ ਤੁਹਾਨੂੰ ਖਾ ਜਾਵੇਗਾ। ਜੇ ਉਸ ਨੇ ਤੁਹਾਨੂੰ ਕੁਝ ਕਿਹਾ ਤਾਂ ਭੁਚਾਲ ਆ ਜਾਵੇਗਾ। ਜੇ ਕਿਸੇ ਕੁੜੀ ਨੇ ਮੁੰਡੇ ਨੂੰ ਬੁਲਾਇਆ ਵੀ ਤਾਂ ਉਹ ਮਾੜੀ ਕੁੜੀ ਹੋਵੇਗੀ। ਇਸ ਮਾਹੌਲ ਵਿਚ ਕਿਸੇ ਦਾ ਕੀ ਮਾਨਸਿਕ ਵਿਕਾਸ ਹੋਣਾ ਸੀ!
ਦੁਨੀਆਂ ਔਰਤ ਤੇ ਮਰਦ-ਦੋਹਾਂ ਨਾਲ ਹੀ ਚਲਦੀ ਹੈ। ਇਕ ਦੂਜੇ ਬਾਰੇ ਇਸ ਤਰ੍ਹਾਂ ਦਾ ਮਾਹੌਲ ਸਿਰਜਣਾ ਇਕ ਤਸ਼ੱਦਦ ਹੈ। ਇਸ ਸਭ ਨੇ ਸਾਡੇ ਆਲੇ ਦੁਆਲੇ ਇਕ ਬਹੁਤ ਡਰਾਵਣਾ ਤੇ ਸਹਿਮ ਭਰਿਆ ਮਾਹੌਲ ਸਿਰਜਿਆ ਹੈ।
ਮੁੰਡੇ ਸਾਨੂੰ ਆਪਣੇ ਸਭ ਤੋਂ ਵੱਡੇ ਦੁਸ਼ਮਣ ਨਜ਼ਰ ਆਉਂਦੇ ਸਨ। ਜਿਵੇਂ ਉਹ ਕੋਈ ਡਾਕੂ ਲੁਟੇਰੇ ਹੋਣ। ਇਸ ਨਜ਼ਰੀਏ ਕਰਕੇ ਮੈਂ ਕਦੇ ਕਾਲਜ ਦੀ ਜ਼ਿੰਦਗੀ ਨਾ ਦੇਖ ਸਕੀ। 12ਵੀਂ ਪਿਛੋਂ ਮੇਰੀ ਸਾਰੀ ਪੜ੍ਹਾਈ ਪ੍ਰਾਈਵੇਟ ਹੋਈ। ਕਾਲਜ ਪੇਪਰ ਦੇਣ ਗਈ ਮੈਂ ਮੁੰਡਿਆਂ ਨੂੰ ਇਉਂ ਦੇਖਦੀ ਸਾਂ, ਜਿਵੇਂ ਉਹ ਕੋਈ ਰਾਖਸ਼ਸ ਹੋਣ।
ਬਾਲ ਮਨ ਨੂੰ ਬੜੀ ਸਮਝਦਾਰੀ ਨਾਲ ਸਹਿਜਣਾ ਸਵਾਰਨਾ ਪੈਂਦਾ ਹੈ। ਇਕ ਪੌਦੇ ਨੂੰ ਵਧਣ ਫੁਲਣ ਤੇ ਫਲਦਾਰ ਰੁੱਖ ਬਣਨ ਲਈ ਹਵਾ, ਪਾਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਜੇ ਇਕ ਬੀਜ ਨੂੰ ਮਿੱਟੀ ਵਿਚ ਦੱਬ ਕੇ ਚਾਰੇ ਪਾਸੇ ਤੋਂ ਬੰਦ ਕਰ ਦੇਵਾਂਗੇ ਤਾਂ ਉਸ ਨੂੰ ਫਲ-ਫੁੱਲ ਕਿਵੇਂ ਲੱਗਣਗੇ?
ਹਰ ਇਨਸਾਨ ਵਿਚ ਜਜ਼ਬਾਤ ਹੁੰਦੇ ਹਨ। ਤੁਹਾਡੇ-ਮੇਰੇ ਵਿਚੋਂ ਕੌਣ ਹੈ, ਜਿਸ ਨੂੰ ਸਾਥੀ ਦੀ ਲੋੜ ਮਹਿਸੂਸ ਨਹੀਂ ਹੁੰਦੀ? ਸਭ ਨੂੰ ਇਕ ਮਹਿਬੂਬ ਚਾਹੀਦਾ ਹੈ, ਪਰ ‘ਮੇਰੀ ਭੈਣ ਕਿਸੇ ਦੀ ਮਹਿਬੂਬ ਹੋਵੇ, ਇਹ ਨਹੀਂ ਹੋਣਾ ਚਾਹੀਦਾ।’ ਇਹ ਦੂਹਰੇ ਮਾਪਦੰਡ ਕਿਵੇਂ ਮੰਨੇ ਜਾ ਸਕਦੇ ਹਨ?
ਫਿਲਮ ਅਦਾਕਾਰ ਆਮਿਰ ਖਾਨ ਦੀ ਗੱਲ ਚੇਤੇ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਕੋਈ ਆਪਣੇ ਬੱਚੇ ਵਿਚ ਜਵਾਨ ਭਾਵਨਾਵਾਂ ਪ੍ਰਗਟ ਹੋਣ ਤੋਂ ਡਰਦਾ ਹੈ, ਜਦਕਿ ਮੈਂ ਉਡੀਕ ਕਰਦਾ ਹਾਂ ਕਿ ਜੋ ਖੂਬਸੂਰਤ ਅਹਿਸਾਸ ਮੈਂ ਹੰਢਾਏ, ਮੇਰੇ ਬੱਚੇ ਉਹ ਸਭ ਕਦੋਂ ਮਹਿਸੂਸ ਕਰਨਗੇ। ਇਹ ਹੋਈ ਅਕਲਮੰਦੀ ਦੀ ਗੱਲ। ਔਰਤ-ਮਰਦ ਜਾਂ ਪੰਛੀ-ਜਨੌਰ ਸਭ ਵਿਚ ਭਾਵਨਾਵਾਂ ਕੁਦਰਤ ਪੈਦਾ ਕਰਦੀ ਹੈ ਅਤੇ ਜਿਨ੍ਹਾਂ ਨੂੰ ਨਿਕਾਸ ਚਾਹੀਦਾ ਹੈ। ਜੇ ਨਹੀਂ ਮਿਲੇਗਾ, ਮਨੁੱਖ ਰੋਗੀ ਹੋ ਜਾਵੇਗਾ। ਜੋ ਵੀ ਕੁਦਰਤੀ ਭਾਵਨਾਵਾਂ ਦੇ ਪ੍ਰਗਟਾਵੇ ਵਿਚ ਰੁਕਾਵਟ ਪਾਉਂਦਾ ਹੈ, ਉਹ ਅਧਰਮੀ ਹੈ।
ਖਾਸ ਕਰ ਗੀਤਕਾਰਾਂ ਨੇ ਸਾਲਾਂ ਤੋਂ ਪੁੱਠੇ ਸਿੱਧੇ ਗੀਤ ਲਿਖ-ਲਿਖ ਕੇ ਸਮਾਜ ਦਾ ਬੇੜਾ ਗਰਕ ਕੀਤਾ ਹੈ। ਮੈਨੂੰ ਇਕ ਗੀਤ ਦੱਸੋ, ਜਿਸ ਵਿਚ ਪੁੱਤਾਂ ਨੂੰ ਔਰਤਾਂ ਦਾ ਆਦਰ ਸਤਿਕਾਰ ਕਰਨ ਬਾਰੇ ਸਮਝਾਇਆ ਗਿਆ ਹੋਵੇ? ਮੁੰਡਿਆਂ ਨੂੰ ਸ਼ਰਾਬੀ, ਗੁੰਡੇ, ਗੈਂਗਸਟਰ ਬਣਾ ਕੇ ਪੇਸ਼ ਕਰਦੇ ਹਨ ਅਤੇ ਕੁੜੀਆਂ ਨੂੰ ਦਸਦੇ ਹਨ ਕਿ ਉਹ ਚਰਖਾ ਕੱਤਣਾ ਭੁੱਲ ਗਈਆਂ ਹਨ, ਉਨ੍ਹਾਂ ਨੂੰ ਹੁਣ ਚੱਜ ਨਹੀਂ ਰਿਹਾ। ਉਨ੍ਹਾਂ ਨੂੰ ਕੋਈ ਪੁੱਛੇ, ਭਲੇ ਮਾਣਸੋ! ਜਦ ਮਸ਼ੀਨਾਂ ਸਭ ਕੰਮ ਕਰਦੀਆਂ ਹਨ ਤਾਂ ਕੁੜੀਆਂ ਕਿਉਂ ਚਰਖਾ ਕੱਤੀ ਜਾਣ? ਕੁੜੀਆਂ ਡਾਕਟਰ, ਇੰਜੀਨੀਅਰ, ਆਰਕੀਟੈਕਟ, ਪਾਇਲਟ, ਪ੍ਰੋਫੈਸਰ, ਅਫਸਰ ਹਨ, ਚਰਖਾ ਕੱਤਣਾ ਕੀ ਇਸ ਸਭ ਤੋਂ ਵੱਧ ਜਰੂਰੀ ਹੈ? ਪਾਬੰਦੀਆਂ ਸੁਚੱਜੇ ਸਮਾਜ ਦੀ ਸਿਰਜਣਾ ਕਦੇ ਨਹੀਂ ਕਰ ਸਕਦੀਆਂ, ਇਕ ਸੁਚੱਜਾ ਸਮਾਜ ਸਿਰਜਣ ਲਈ ਜ਼ਿੰਦਗੀ ‘ਚ ਇਕ ਵਿਸ਼ਾਲ ਅਤੇ ਨਿਰਪੱਖ ਨਜ਼ਰੀਏ ਦੀ ਲੋੜ ਹੁੰਦੀ ਹੈ।