ਪ੍ਰਿੰ. ਸਰਵਣ ਸਿੰਘ
25ਵੀਆਂ ਪੁਰੇਵਾਲ ਖੇਡਾਂ ਇਸ ਵਾਰ ਹੋਰ ਵੀ ਯਾਦਗਾਰੀ ਹੋ ਨਿਬੜੀਆਂ। ਇਨ੍ਹਾਂ ਵਿਚ ਵਿਦਵਤਾ ਦੇ ਬੁਰਜ, ਖੇਤੀ ਅਰਥਚਾਰੇ ਦੇ ਧਰੂ ਤਾਰੇ, ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਵੀ ਸ਼ਾਮਲ ਹੋਏ। ਉਨ੍ਹਾਂ ਨੇ ਖੇਡਾਂ ਤੇ ਖਿਡਾਰੀਆਂ ਨੂੰ ਸਲਾਹੁੰਦਿਆਂ ਵਿਹਲੜਾਂ ਨੂੰ ਨਸ਼ੇ-ਪੱਤੇ ਛੱਡ ਕੇ ਜੁੱਸੇ ਤਕੜੇ ਬਣਾਉਣ ਦਾ ਸੰਦੇਸ਼ ਦਿੱਤਾ। ਸਟੇਜ ਤੋਂ ਪੰਜਾਬੀਆਂ ਨੂੰ ਲਲਕਾਰਿਆ ਕਿ ਗਫਲਤ ਦੀ ਨੀਂਦ ‘ਚੋਂ ਜਾਗੋ ਅਤੇ ਪੰਜਾਬ ਦਾ ਭਵਿੱਖ ਸੰਵਾਰਨ ਲਈ ਕਮਰਕੱਸੇ ਕਰ ਲਓ। ਪੰਜਾਬ ਨੂੰ ਲੋਟੂ ਸਿਆਸਤਦਾਨਾਂ, ਚਿੱਟੇ ਕਾਲੇ ਮਾਫੀਏ ਤੇ ਰਿਸ਼ਵਤਖੋਰ ਬਾਬੂਆਂ ਤੋਂ ਬਚਾਉਣ ਲਈ ‘ਲੋਕ ਅਧਿਕਾਰ ਲਹਿਰ’ ਦਾ ਸਾਥ ਦਿਓ, ਜਿਸ ਦਾ ਵੱਡਾ ਇਕੱਠ 29 ਮਾਰਚ ਨੂੰ ਕੋਟਕਪੂਰੇ ਦੀ ਦਾਣਾ ਮੰਡੀ ਵਿਚ ਕੀਤਾ ਜਾ ਰਿਹੈ।
ਖੇਡ ਮੇਲੇ ਤਾਂ ਪੰਜਾਬ ਵਿਚ ਬਹੁਤ ਲੱਗਦੇ ਹਨ, ਪਰ ਹਕੀਮਪੁਰ ਦੀਆਂ ਪੁਰੇਵਾਲ ਖੇਡਾਂ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈ। ਨਿਰੰਜਣ ਸਿੰਘ ਯਾਦਗਾਰੀ ਸਟੇਡੀਅਮ ਜਗਤਪੁਰ ਦੇ ਬਾਹਰ ਗੰਨੇ ਦੇ ਰਸ ਤੋਂ ਲੈ ਕੇ ਜ਼ਾਇਕੇਦਾਰ ਜਲੇਬੀਆਂ ਤੇ ਗਰਮ ਕਰਾਰੇ ਪਕੌੜਿਆਂ ਤਕ ਸਭ ਕੁਝ ਹੁੰਦਾ ਹੈ। ਇਨ੍ਹਾਂ ਖੇਡਾਂ ਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਹਨ ਤੇ ਖੇਡਾਂ ਹੋਣ ਪਿਛੋਂ ਵੀ ਸੱਥਾਂ ‘ਚ ਚਲਦੀਆਂ ਰਹਿੰਦੀਆਂ ਹਨ। ਜਿਵੇਂ ਸੰਗੀਤ ਵਿਚ ਪਟਿਆਲਾ ਘਰਾਣੇ ਦਾ ਨਾਂ ਹੈ, ਉਵੇਂ ਖੇਡਾਂ ਵਿਚ ਹਕੀਮਪੁਰ ਦੇ ਪੁਰੇਵਾਲ ਭਰਾਵਾਂ ਦਾ ਨਾਂ ਬਣ ਗਿਆ ਹੈ।
ਦਸਵੰਧ ਦੇਣ ਦਾ ਆਪੋ ਆਪਣਾ ਸਲੀਕਾ ਹੁੰਦਾ ਹੈ। ਹਕੀਮਪੁਰ ਦੇ ਜੰਮੇ ਤੇ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਵਿਚ ਵਸਦੇ ਪੁਰੇਵਾਲ ਭਰਾ ਆਪਣੀ ਕਮਾਈ ਦਾ ਖੁੱਲ੍ਹੇ ਦਿਲ ਨਾਲ ਦਸਵੰਧ ਖੇਡਾਂ ਲਈ ਕੱਢਦੇ ਹਨ। ਉਹ ਆਪ ਤਕੜੇ ਖਿਡਾਰੀ ਰਹੇ ਹਨ। ਹਕੀਮਪੁਰ ਦੁਆਬੇ ਦਾ ਇਤਿਹਾਸਕ ਪਿੰਡ ਹੈ। ਇਸ ਨੂੰ ਤਿੰਨ ਗੁਰੂ ਸਾਹਿਬਾਨ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਥੇ ਗੁਰੂ ਨਾਨਕ ਦੇਵ ਜੀ ਆਏ, ਗੁਰੂ ਹਰਿ ਰਾਏ ਜੀ ਬਿਰਾਜੇ ਅਤੇ ਗੁਰੂ ਤੇਗ ਬਹਾਦਰ ਜੀ ਪਧਾਰੇ। ਉਨ੍ਹਾਂ ਦੀ ਯਾਦ ਵਿਚ ਇਥੇ ਸੁੰਦਰ ਗੁਰਦੁਆਰਾ ਬਣਿਆ ਹੋਇਐ।
ਜਦੋਂ ਪੁਰੇਵਾਲ ਖੇਡਾਂ ਹੋਣੀਆਂ ਹੁੰਦੀਆਂ ਹਨ, ਉਦੋਂ ਉਜਾੜ ਪਏ ਜਗਤਪੁਰ ਸਟੇਡੀਅਮ ਦੇ ਭਾਗ ਵੀ ਜਾਗ ਉਠਦੇ ਹਨ। ਪੰਜਾਬ ਦਾ ਉਹ ਪਹਿਲਾ ਪੇਂਡੂ ਸਟੇਡੀਅਮ ਜਗਤਪੁਰ ਦੀ ਪੰਚਾਇਤੀ ਜ਼ਮੀਨ ਵਿਚ ਪੰਚਾਇਤੀ ਰਾਜ ਖੇਡ ਪ੍ਰੀਸ਼ਦ ਦੇ ਸੈਕਟਰੀ ਜਗਤਪੁਰੀਏ ਮੁਖਤਾਰ ਸਿੰਘ ਨੇ ਬਣਵਾਇਆ ਸੀ। ਇਥੇ ਪੁਰੇਵਾਲ ਖੇਡਾਂ ਵਿਚ ਹਿੱਸਾ ਲੈਂਦਿਆਂ ਅਫਰੀਕੀ ਮੂਲ ਦਾ ਪਹਿਲਵਾਨ ਡੇਨੀਅਲ ਇਗਾਲੀ ਓਲੰਪਿਕ ਖੇਡਾਂ ਦਾ ਚੈਂਪੀਅਨ ਬਣਿਆ। ਉਹ ਕਬੱਡੀ ਵੀ ਖੇਡਦਾ ਰਿਹਾ। ਪੰਜਾਬੀਆਂ ਨੇ ਉਹਦਾ ਨਾਂ ਤੂਫਾਨ ਸਿੰਘ ਰੱਖੀ ਰੱਖਿਆ।
1996 ਵਿਚ ਜਦੋਂ ਮੈਂ ਅਮਰਦੀਪ ਕਾਲਜ, ਮੁਕੰਦਪੁਰ ਦਾ ਪ੍ਰਿੰਸੀਪਲ ਬਣਿਆ, ਉਦੋਂ ਦਾ ਹੀ ਇਨ੍ਹਾਂ ਖੇਡਾਂ ਦੇ ਅੰਗ ਸੰਗ ਵਿਚਰ ਰਿਹਾਂ। ਐਤਕੀਂ 28 ਫਰਵਰੀ ਨੂੰ ਹੀ ਹਰਿਆਣਾ ਤੇ ਦਿੱਲੀ ਤਕ ਦੇ ਪਹਿਲਵਾਨ ਹਕੀਮਪੁਰ ਆ ਢੁੱਕੇ ਸਨ। ਮੈਂ ਸੈਰ ਨੂੰ ਨਿਕਲਿਆ ਤਾਂ ਮਿਹਨਤ ਕਰ ਕੇ ਮੁੜਦੀਆਂ ਪਹਿਲਵਾਨਾਂ ਦੀਆਂ ਟੋਲੀਆਂ ਟੱਕਰੀਆਂ। ਸ਼ਾਮ ਦੀ ਸੋਨ ਰੰਗੀ ਧੁੱਪ ਵਿਚ ਉਨ੍ਹਾਂ ਦੇ ਸਾਧੇ ਹੋਏ ਜੁੱਸੇ ਲਿਸ਼ਕਾਂ ਮਾਰ ਰਹੇ ਸਨ ਤੇ ਉਹ ਪੁਰੇਵਾਲਾਂ ਦੇ ਵ੍ਹਾਈਟ ਹਾਊਸ ਵੱਲ ਜਾ ਰਹੇ ਸਨ। ਉਥੇ ਹੀ ਉਨ੍ਹਾਂ ਦੀ ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਸੀ।
ਸਟੇਡੀਅਮ ਵਿਚ ਪੰਡਾਲ ਲੱਗ ਚੁਕੇ ਸਨ ਤੇ ਝੰਡੇ ਲਹਿਰਾ ਰਹੇ ਸਨ। ਵਾਹੇ ਸੁਹਾਗੇ ਤੇ ਪਾਣੀ ਛਿੜਕ ਕੇ ਜਮਾਏ ਖੇਡ ਮੈਦਾਨ ਉਤੇ ਸਫੈਦ ਲੀਕਾਂ ਵਾਹੀਆਂ ਹੋਈਆਂ ਸਨ ਅਤੇ ਗੁਰਜੀਤ ਸਿੰਘ ਖੁਦ ਸਭ ਕਾਸੇ ਦੀ ਦੇਖ ਰੇਖ ਕਰ ਰਿਹਾ ਸੀ। ਰੰਗਦਾਰ ਕੁੱਜੇ ਕੁੱਜੀਆਂ ਨਾਲ ਟਰੈਕ ਤੇ ਕਬੱਡੀ ਮੈਦਾਨ ਦੇ ਦਾਇਰੇ ਸਿੰ.ਗਾਰੇ ਹੋਏ ਸਨ।
ਪੁਰੇਵਾਲ ਕਬੱਡੀ ਕੱਪ ਦਾ ਪਹਿਲਾ ਇਨਾਮ ਤਿੰਨ ਲੱਖ ਰੁਪਏ ਤੇ ਦੂਜਾ ਦੋ ਲੱਖ ਰੁਪਏ ਦਾ ਸੀ, ਜੋ ਮੈਚ ਬਰਾਬਰ ਰਹਿ ਜਾਣ ਕਾਰਨ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂਆ ਤੇ ਦੁਆਬਾ ਵਾਰੀਅਰਜ਼ ਸੁਰਖਪੁਰ ਵਿਚਾਲੇ ਢਾਈ-ਢਾਈ ਲੱਖ ਵੰਡਿਆ ਗਿਆ। ਲੱਖਾਂ ਰੁਪਏ ਦੇ ਇਨਾਮ ਵਾਲੇ ਇਸ ਖੇਡ ਮੇਲੇ ਵਿਚ ਪੱਚੀ ਹਜ਼ਾਰ ਦੀ ਥੈਲੀ ਤੇ ਟਰਾਫੀ ‘ਮਾਤਾ ਸੁਰਜੀਤ ਕੌਰ ਪੁਰੇਵਾਲ ਯਾਦਗਾਰੀ ਪੁਰਸਕਾਰ’ ਪਿੰਡ ਚਕਰ ਦੀ ਕੌਮਾਂਤਰੀ ਬੌਕਸਰ ਸਿਮਰਨਜੀਤ ਕੌਰ ਬਾਠ ਨੂੰ ਦਿੱਤਾ ਗਿਆ। ਉਸ ਦੇ ਮੁਢਲੇ ਕੋਚ ਅਤੇ ਸ਼ੇਰੇ ਪੰਜਾਬ ਸਪੋਰਟਸ ਅਕਾਦਮੀ ਚਕਰ ਦੇ ਬਾਨੀ ਪ੍ਰਿੰ. ਬਲਵੰਤ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਿਲਖਾ ਸਿੰਘ ਦਾ ਰਿਕਰਡ ਤੋੜਨ ਵਾਲੇ ਅਥਲੀਟ ਪਰਮਜੀਤ ਸਿੰਘ ਦਾ ਉਚੇਚਾ ਸਨਮਾਨ ਕਰਦਿਆਂ ਜੀਪ ਉਤੇ ਚੜ੍ਹਾ ਕੇ ਸਟੇਡੀਅਮ ਦਾ ਚੱਕਰ ਲੁਆਇਆ ਗਿਆ।
ਮੇਰੀ ਪੁਸਤਕ ‘ਖੇਤੀ ਅਰਥਚਾਰੇ ਦਾ ਧਰੂ ਤਾਰਾ ਡਾ. ਸਰਦਾਰਾ ਸਿੰਘ ਜੌਹਲ’ ਦੀਆਂ ਕਾਪੀਆਂ ਪੁਰੇਵਾਲ ਖੇਡਾਂ ਦੀ ਪਿਆਰ ਨਿਸ਼ਾਨੀ ਵਜੋਂ ਵਿਸ਼ੇਸ਼ ਮਹਿਮਾਨਾਂ ਨੂੰ ਭੇਟਾ ਕੀਤੀਆਂ ਗਈਆਂ। ਪੰਡਾਲ, ਕੁਰਸੀਆਂ, ਮੀਡੀਏ, ਸਾਊਂਡ, ਫੋਟੋ ਤੇ ਫਿਲਮਾਂ ਦੇ ਖਰਚਿਆਂ ਨਾਲ ਗੱਡੀਆਂ ਦੀ ਪਾਰਕਿੰਗ ਲਈ ਕਣਕਾਂ ਵਢਾ ਕੇ ਖਾਲੀ ਕਰਵਾਏ ਖੇਤਾਂ ਦਾ ਮੁਆਵਜ਼ਾ ਦਿੱਤਾ ਗਿਆ। ਖੇਡਾਂ ਦੇ ਰੈਫਰੀਆਂ, ਅੰਪਾਇਰਾਂ ਤੇ ਕੁਮੈਂਟੇਟਰਾਂ ਦੇ ਡੀ. ਏ., ਟੀ. ਏ. ਸਨ ਅਤੇ ਫੁਟਕਲ ਖਰਚਿਆਂ ਦਾ ਕੋਈ ਅੰਤ ਨਹੀਂ ਸੀ। ਸਭ ਕਾਸੇ ‘ਤੇ ਪੰਜਾਹ ਲੱਖ ਰੁਪਏ ਤੋਂ ਵੱਧ ਦੇ ਖਰਚੇ ਆਏ।
ਸਵਰਗੀ ਹਰਬੰਸ ਸਿੰਘ ਪੁਰੇਵਾਲ ਦੀ ਤਸਵੀਰ ਤੋਂ ਪਰਦਾ ਹਟਾ ਕੇ ਪੁਰੇਵਾਲ ਖੇਡਾਂ ਦਾ ਉਦਘਾਟਨ ਕੀਤਾ ਗਿਆ। ਆਕਾਸ਼ ਵਿਚ ਅਮਨ ਦੇ ਪ੍ਰਤੀਕ ਕਬੂਤਰ ਉਡਾਏ ਗਏ ਤੇ ਗੁਬਾਰੇ ਛੱਡੇ ਗਏ। ਢੋਲੀਆਂ ਨੇ ਢੋਲਾਂ ‘ਤੇ ਡੱਗੇ ਲਾਏ ਤੇ ਨਾਲ ਹੀ ਕੁਸ਼ਤੀਆਂ ਸ਼ੁਰੂ ਹੋ ਗਈਆਂ। ਦੂਰੋਂ ਨੇੜਿਓਂ ਆਏ ਪਹਿਲਵਾਨਾਂ ਦੀ ਗਿਣਤੀ ਏਨੀ ਵੱਧ ਸੀ ਕਿ ਦੋ ਥਾਂਵਾਂ ‘ਤੇ ਵਿਛਾਏ ਗੱਦਿਆਂ ‘ਤੇ ਦੋ ਦਿਨਾਂ ਵਿਚ ਸੌ ਤੋਂ ਵੱਧ ਕੁਸ਼ਤੀਆਂ ਹੋਈਆਂ।
ਹਲਟ ਦੌੜਾਂ ਦੇ ਮੁਕਾਬਲੇ ਵਿਚ ਬਲਦਾਂ ਦੀਆਂ ਏਨੀਆਂ ਜੋੜੀਆਂ ਸਨ ਕਿ ਡੂੰਘੀ ਸ਼ਾਮ ਤਕ ਮੁਕਾਬਲੇ ਹੁੰਦੇ ਰਹੇ। ਬੈਲ ਗੱਡੀਆਂ ਦੀਆਂ ਦੌੜਾਂ ਵਿਚ ਵੀ ਸ਼ਾਮ ਤਕ ਗਰਦਾਂ ਉਡਦੀਆਂ ਰਹੀਆਂ। ਰੱਸਾਕਸ਼ੀ ਦਾ ਮੁਕਾਬਲਾ ਲੁਹਾਰ ਮਾਜਰਾ ਦੀ ਟੀਮ ਨੇ ਜਿੱਤਿਆ। ਅਥਲੀਟ ਟਰੈਕ ਉਤੇ ਦੌੜਦੇ ਰਹੇ ਅਤੇ ਗਤਕਾ ਖੇਡਣ ਵਾਲੇ ਟਰੈਕ ਅੰਦਰ ਤਲਵਾਰਾਂ ਦੇ ਜੌਹਰ ਵਿਖਾਉਂਦੇ ਰਹੇ। ਉਨ੍ਹਾਂ ਦੇ ਨੀਲੇ ਬਾਣੇ ਤੇ ਕੇਸਰੀ ਕਮਰਕੱਸੇ ਖੇਡ ਮੇਲੇ ਵਿਚ ਵੱਖਰਾ ਰੰਗ ਭਰ ਰਹੇ ਸਨ। ਕੋਈ ਬਾਜ਼ੀਗਰ ਘੰਡੀ ਦੇ ਜ਼ੋਰ ਨਾਲ ਸਰੀਆ ਦੂਹਰਾ ਕਰਦਾ ਤੇ ਕੋਈ ਬਲਦੀਆਂ ਲਾਟਾਂ ਵਿਚ ਦੀ ਲੰਘਦਾ। ਕੋਈ ਘੰਟਿਆਂ ਬੱਧੀ ਡੰਡ ਬੈਠਕਾਂ ਹੀ ਕੱਢੀ ਜਾਂਦਾ।
ਮੇਲੀਆਂ ਦੀਆਂ ਰੰਗ ਬਰੰਗੀਆਂ ਪੱਗਾਂ ਨੇ ਰੰਗਾਂ ਦੀ ਗੁਲਜ਼ਾਰ ਖਿੜਾ ਦਿੱਤੀ ਸੀ। ਉਹ ਨਜ਼ਾਰਾ ਕਮਾਲ ਦਾ ਸੀ, ਜਦੋਂ ਇਕ ਬੰਨੇ ਢੋਲ ਵੱਜ ਰਹੇ ਸਨ, ਘੋੜੀਆਂ ਨੱਚ ਰਹੀਆਂ ਸਨ ਅਤੇ ਦੂਜੇ ਬੰਨੇ ਨਿਹੰਗ ਸਿੰਘ ਨੇਜ਼ਾਬਾਜ਼ੀ ਕਰਦਿਆਂ ਕਿੱਲੇ ਪੁੱਟ ਰਹੇ ਸਨ। ਇਕ ਨਿਹੰਗ ਦੋ ਘੋੜਿਆਂ ‘ਤੇ ਪੈਰ ਰੱਖੀ ਘੋੜਿਆਂ ਨੂੰ ਹਵਾ ਬਣਾਈ ਜਾ ਰਿਹਾ ਸੀ। ਇਕ ਪਾਸੇ ਕੁਸ਼ਤੀਆਂ ਦੇ ਭੇੜ ਹੋ ਰਹੇ ਸਨ ਤੇ ਦੂਜੇ ਪਾਸੇ ਕਬੱਡੀ ਦੇ ਜੱਫੇ ਲੱਗ ਰਹੇ ਸਨ। ਨਾਲ ਦੀ ਨਾਲ ਖੇਡਾਂ ਦੀ ਕੁਮੈਂਟਰੀ ਗੂੰਜ ਰਹੀ ਸੀ।
ਇਸ ਵਾਰ ਇਹ ਖੇਡਾਂ ਸਿਰਫ ਪੁਰੇਵਾਲ ਭਰਾਵਾਂ ਦੀਆਂ ਨਾ ਹੋ ਕੇ ਇਲਾਕੇ ਦੇ ਸਮੁੱਚੇ ਖੇਡ ਪ੍ਰੋਮੋਟਰਾਂ ਦੀਆਂ ਖੇਡਾਂ ਬਣ ਗਈਆਂ, ਜਿਨ੍ਹਾਂ ਵਿਚ ਸੌ ਤੋਂ ਵੱਧ ਸੱਜਣਾਂ ਨੇ ਬਣਦਾ ਸਰਦਾ ਯੋਗਦਾਨ ਪਾਇਆ। ਕਿਲਾ ਰਾਏਪੁਰ ਦੀਆਂ ਖੇਡਾਂ ਵਾਂਗ ਪੁਰੇਵਾਲ ਖੇਡਾਂ ਹੁਣ ਦੁਆਬੇ ਦੀ ਪੇਂਡੂ ਓਲੰਪਿਕਸ ਕਹੀਆਂ ਜਾਣ ਲੱਗ ਪਈਆਂ ਹਨ।