‘ਸਿਮਰ ਚਕਰ’ ਬਣੀ ਪਹਿਲੀ ਪੰਜਾਬਣ ਓਲੰਪੀਅਨ ਮੁੱਕੇਬਾਜ਼

ਪ੍ਰਿੰ. ਸਰਵਣ ਸਿੰਘ ਚਕਰ
ਸਿਮਰਨਜੀਤ ਕੌਰ ਬਾਠ ਨੇ ਭਾਰਤੀ ਮੁੱਕੇਬਾਜ਼ੀ ਵਿਚ ਪੰਜਾਬੀਆਂ ਦੀ ਲਾਜ ਰੱਖ ਵਿਖਾਈ ਹੈ। ਉਸ ਨੇ ਵਿਸ਼ਵ ਦੀ ਨੰਬਰ ਦੋ ਬੌਕਸਰ ਮੰਗੋਲੀਆ ਦੀ ਨਮੋਨਖੋਰ ਨੂੰ 5-0 ਅੰਕਾਂ ਨਾਲ ਹਰਾ ਕੇ ਟੋਕੀਓ ਦੀਆਂ ਓਲੰਪਿਕ ਖੇਡਾਂ ਲਈ ਟਿਕਟ ਪੱਕੀ ਕਰ ਲਈ ਹੈ। ਹੁਣ ਉਹਤੋਂ ਓਲੰਪਿਕ ਮੈਡਲ ਜਿੱਤਣ ਦੀਆਂ ਆਸਾਂ ਬੱਝ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਭਾਰਤ ਦੇ ਖੇਡ ਮੰਤਰੀ, ਪੰਜਾਬ ਦੇ ਖੇਡ ਮੰਤਰੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀਆਂ ਵੱਲੋਂ ਸਿਮਰਨਜੀਤ ਕੌਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

24 ਸਾਲਾ ਸਿਮਰ ਸਾਡੇ ਪਿੰਡ ਚਕਰ ਦੀ ਧੀ ਹੈ। 2008 ਤੋਂ ਉਸ ਨੇ ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ‘ਚੋਂ ਮੁੱਕੇਬਾਜ਼ੀ ਸਿੱਖਣੀ ਸ਼ੁਰੂ ਕੀਤੀ ਸੀ। 1965-66 ਤੋਂ ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਦਾ ਆ ਰਿਹਾਂ। ਮੇਰੀ ਚਿਰੋਕਣੀ ਰੀਝ ਸੀ ਕਿ ਸਾਡੇ ਪਿੰਡ ਦਾ ਕੋਈ ਲੜਕਾ/ਲੜਕੀ ਓਲੰਪੀਅਨ ਬਣੇ। ਨੈਸ਼ਨਲ ਚੈਂਪੀਅਨ ਤਾਂ ਮੇਰੇ ਦੋਵੇਂ ਪੁੱਤਰ ਵੀ ਬਣੇ, ਪਰ ਓਲੰਪੀਅਨ ਬਣਨ ਦੀ ਪਹਿਲ ‘ਸਿਮਰ ਚਕਰ’ ਨੇ ਹੀ ਕੀਤੀ ਹੈ।
ਸਿਮਰ ਚਕਰ, ਮੇਰੇ ਮਿੱਤਰ ਮਹਿੰਦਰ ਸਿੰਘ ਚਕਰ ਦੀ ਪੋਤਰੀ ਹੈ। ਉਹ ਹੋਣਹਾਰ ਲੇਖਕ ਸੀ ਅਤੇ ਪਿੰਡ ਦੀ ਸਹਿਕਾਰੀ ਸਭਾ ਦਾ ਸੈਕਟਰੀ। ਉਹਦੇ ਪਹਿਲੇ ਨਾਵਲ ਦਾ ਨਾਂ ‘ਕੱਲਰ ਦੇ ਕੰਵਲ’ ਸੀ ਤੇ ਦੂਜੇ ਦਾ ‘ਸੂਰਾ ਸੋ ਪਹਿਚਾਨੀਏ।’ ਕਾਮਰੇਡ ਮਹਿੰਦਰ ਸਿੰਘ ਨੂੰ ਖਾੜਕੂ ਦੌਰ ਵਿਚ ਦੋ ਅਣਜਾਣੇ ਬੰਦਿਆਂ ਨੇ ਏ. ਕੇ. 47 ਦਾ ਬ੍ਰੱਸਟ ਮਾਰ ਕੇ ‘ਸ਼ਹੀਦ’ ਕਰ ਦਿੱਤਾ ਸੀ। ਉਸ ਦਿਨ ਮੈਂ ਉਹਦੇ ਨਾਲ ਨਹੀਂ ਸਾਂ। ਹੁਣ ਤਾਂ ਸਿਮਰ ਦਾ ਪਿਤਾ ਕਮਲਜੀਤ ਵੀ ਜੱਗ ‘ਤੇ ਨਹੀਂ ਰਿਹਾ। ਹਾਂ, ਉਹਦੀ ਮਾਂ ਜੱਗ ‘ਤੇ ਜ਼ਰੂਰ ਹੈ ਜੋ ਔਖੇ ਸੌਖੇ ਦੋ ਧੀਆਂ ਤੇ ਦੋ ਪੁੱਤਰਾਂ ਨੂੰ ਪਾਲਦੀ ਰਹੀ ਹੈ। ਸਿਮਰ ਨੇ ਆਪਣੀ ਜਿੱਤ ਦਾ ਸਿਹਰਾ ਆਪਣੀ ਮਾਂ ਦੇ ਸਿਰ ਬੰਨ੍ਹਿਆ ਹੈ। ਪਰਿਵਾਰ ਦੀ ਅਜੋਕੀ ਆਰਥਿਕ ਹਾਲਤ ਅਜਿਹੀ ਹੈ ਕਿ ਮਹਿੰਦਰ ਸਿੰਘ ਦੀ ਅੱਠ ਕਿੱਲਿਆਂ ਦੀ ਜਾਇਦਾਦ ਚਾਰ ਪੁੱਤਰਾਂ ਵਿਚ ਵੰਡੀਦੀ ਹੁਣ ਤਕ ਸਾਰੀ ਦੀ ਸਾਰੀ ਹੀ ਖੁਰ ਚੁੱਕੀ ਹੈ। ਜ਼ਮੀਨ ਦਾ ਇਕ ਓਰਾ ਵੀ ਨਹੀਂ ਹੈ ਸਿਮਰ ਦੀ ਮਾਂ ਕੋਲ। ਮਾਂ ਕੋਲ ਕੇਵਲ ਮਜਦੂਰੀ ਤੇ ਮਜਬੂਰੀ ਹੈ।
ਪੰਜਾਬ ਦੀ ਮੈਰੀਕਾਮ ਕਹੀ ਜਾਂਦੀ ਸਿਮਰ ਚਕਰ ਨੇ 2018 ਵਿਚ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦਿੱਲੀ ‘ਚੋਂ ਕਾਸੀ ਦਾ ਮੈਡਲ ਜਿੱਤ ਕੇ ਆਪਣਾ ਪਿੰਡ ਚਕਰ ਚਰਚਾ ਵਿਚ ਲੈ ਆਂਦਾ ਸੀ। ਪਹਿਲਾਂ ਇਸੇ ਪਿੰਡ ਦੀ ਮਨਦੀਪ ਕੌਰ ਸੰਧੂ ਜੂਨੀਅਰ ਵਰਲਡ ਚੈਂਪੀਅਨ ਬਣੀ ਸੀ। ਇਹ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਦੀ ਕੋਈ ਲੜਕੀ ਔਰਤਾਂ ਦੀ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦੇ ਜਿੱਤ ਮੰਚ ‘ਤੇ ਚੜ੍ਹਨ ਵਿਚ ਕਾਮਯਾਬ ਹੋਈ ਸੀ। ਚਕਰ ਦੇ ਸਰਕਾਰੀ ਸਕੂਲ ਵਿਚ ਪੜ੍ਹੀ, ਚਕਰ ਦੀ ਸਪੋਰਟਸ ਅਕੈਡਮੀ ਦੀ ਤਰਾਸ਼ੀ ਮੁੱਕੇਬਾਜ਼ ਕੁੜੀ ਦਾ ਵਿਸ਼ਵ ਦੀਆਂ ਉਪਰਲੀਆਂ ਚਾਰ ਮੁੱਕੇਬਾਜ਼ਾਂ ਵਿਚ ਆ ਖੜ੍ਹਨਾ ਵੱਡੀ ਪ੍ਰਾਪਤੀ ਸੀ। ਸ਼ੇਰੇ ਪੰਜਾਬ ਅਕੈਡਮੀ ਦੀ ਜਿੰਦ ਜਾਨ, ਚਕਰ ਦਾ ਮਸੀਹਾ, ਸਵਰਗੀ ਅਜਮੇਰ ਸਿੰਘ ਸਿੱਧੂ ਅੱਜ ਜ਼ਿੰਦਾ ਹੁੰਦਾ ਤਾਂ ਪਤਾ ਨਹੀਂ ਕਿੰਨਾ ਖੁਸ਼ ਹੁੰਦਾ।
ਸਾਡੇ ਦੇਸ਼ ਦੀਆਂ ਕੁੜੀਆਂ ਨੂੰ ਸਹੀ ਸੇਧ ਮਿਲੇ ਤਾਂ ਉਹ ਕੁਝ ਦਾ ਕੁਝ ਕਰ ਕੇ ਵਿਖਾ ਸਕਦੀਆਂ ਹਨ। ਚਕਰ ਦੀਆਂ ਧੀਆਂ ਦੀ ਮਿਸਾਲ ਸਾਡੇ ਸਾਹਮਣੇ ਹੈ। ਮੁੱਕੇਬਾਜ਼ੀ ਵਰਗੀ ਜੁਝਾਰੂ ਖੇਡ ਵਿਚ ਚਕਰ ਦੀਆਂ ਕੁੜੀਆਂ ਨੇ ਪੰਜਾਬ, ਭਾਰਤ ਤੇ ਅੰਤਰਰਾਸ਼ਟਰੀ ਪੱਧਰ ‘ਤੇ ਦਰਜਨਾਂ ਮੈਡਲ ਜਿੱਤੇ ਹਨ। 2006 ਵਿਚ ਸ਼ੁਰੂ ਹੋਈ ਚਕਰ ਅਕੈਡਮੀ ਦੀ ਪਹਿਲੀ ਮੁੱਕੇਬਾਜ਼ ਸ਼ਵਿੰਦਰ ਕੌਰ 2012 ਦੀ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨ ਬਣੀ ਸੀ, ਜੋ ਭਾਰਤ ਦੀ ਸਰਬੋਤਮ ਮੁੱਕੇਬਾਜ਼ ਐਲਾਨੀ ਗਈ। ਉਹ ਭਾਰਤੀ ਟੀਮ ਦੀ ਮੈਂਬਰ ਬਣ ਕੇ ਸ੍ਰੀ ਲੰਕਾ ਦਾ ਬਾਕਸਿੰਗ ਕੱਪ ਵੀ ਖੇਡੀ। ਮਨਦੀਪ ਕੌਰ ਸੰਧੂ ਏਸ਼ੀਆ ਦੀ ਬੈੱਸਟ ਜੂਨੀਅਰ ਬੌਕਸਰ ਐਲਾਨੀ ਗਈ। ਸ਼ੇਰੇ ਪੰਜਾਬ ਅਕੈਡਮੀ ਚਕਰ ਦੀ ਇਹ ਲੜਕੀ 24 ਮਈ 2015 ਨੂੰ ਤੈਪਈ ਵਿਚ ਮੁੱਕੇਬਾਜ਼ੀ ਦੀ ਜੂਨੀਅਰ ਵਿਸ਼ਵ ਚੈਂਪੀਅਨ ਬਣੀ।
ਜਿਵੇਂ ਮਾਡਲ ਪਿੰਡ ਚਕਰ ਨੂੰ ਪਿੰਡਾਂ ਦਾ ਚਾਨਣ ਮੁਨਾਰਾ ਕਿਹਾ ਜਾਂਦੈ ਉਵੇਂ ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਵੀ ਖੇਡ ਖੇਤਰ ਦਾ ਚਾਨਣ ਮੁਨਾਰਾ ਹੈ। ਅਕਾਲ ਤਖਤ ਵੱਲੋਂ ਪਿੰਡ ਵਿਚ ਇਕੋ ਗੁਰਦਵਾਰਾ ਰੱਖਣ ਦੀ ਮੁਹਿੰਮ ਵੀ ਪਿੰਡ ਚਕਰ ਤੋਂ ਹੀ ਸ਼ੁਰੂ ਕੀਤੀ ਗਈ ਸੀ।
ਪੁਰਸ਼ਾਂ ਵਿਚ ਸੁਖਦੀਪ ਚਕਰੀਆ ਭਾਰਤ ਦਾ ਨੈਸ਼ਨਲ ਚੈਂਪੀਅਨ ਬਣਿਆ, ਜੋ ਦੇਸ਼ ਦਾ ਸਰਬੋਤਮ ਮੁੱਕੇਬਾਜ਼ ਐਲਾਨਿਆ ਗਿਆ। ਉਹ ਭਾਰਤ ਵੱਲੋਂ ਕੌਮਾਂਤਰੀ ਮੁਕਾਬਲੇ ਲੜਦਾ ਰਿਹਾ ਅਤੇ ਹੁਣ ਪ੍ਰੋਫੈਸ਼ਨਲ ਮੁੱਕੇਬਾਜ਼ੀ ਕਰ ਰਿਹੈ। ਉਸ ਦੀ ਭੈਣ ਪਰਮਿੰਦਰ ਕੌਰ ਕੌਮੀ ਪੱਧਰ ‘ਤੇ ਮੈਡਲ ਜਿੱਤ ਰਹੀ ਹੈ। ਅਮਨਦੀਪ ਕੌਰ ਪੰਜਾਬ ਦੀ ਚੈਂਪੀਅਨ ਬਣੀ ਤੇ ਸੀਨੀਅਰ ਨੈਸ਼ਨਲ ਵਿਚ ਜਿੱਤ ਮੰਚ ‘ਤੇ ਚੜ੍ਹੀ। ਅਮਨਦੀਪ ਦੀ ਛੋਟੀ ਭੈਣ ਸਿਮਰ ਚਕਰ ਨੈਸ਼ਨਲ ਚੈਂਪੀਅਨ ਬਣਨ ਉਪਰੰਤ 2013 ਵਿਚ ‘ਦੂਜੀ ਗੋਲਡਨ ਗਲੱਵਜ਼ ਇੰਟਰਨੈਸ਼ਨਲ ਯੂਥ ਬਾਕਸਿੰਗ ਚੈਂਪੀਅਨਸ਼ਿਪ’ ਖੇਡਣ ਸਰਬੀਆ ਗਈ। ਫਿਰ ਸਤੰਬਰ 2013 ਵਿਚ ਉਸ ਨੇ ਬੁਲਗਾਰੀਆ ਵਿਖੇ ਹੋਈ ‘ਯੂਥ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ’ ਵਿਚੋਂ ਬਰਾਂਜ ਮੈਡਲ ਜਿੱਤਿਆ। ਭਾਰਤ ਦੇ ਦੋ ਮੈਡਲਾਂ ਵਿਚੋਂ ਇਕ ਮੈਡਲ ਚਕਰ ਅਕੈਡਮੀ ਯਾਨਿ ਪੰਜਾਬ ਦਾ ਸੀ। 2016 ਦੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਹਰਦੁਆਰ ‘ਚੋਂ ਉਸ ਨੇ ਕਾਸੀ ਦਾ ਤਗਮਾ ਜਿੱਤਿਆ। 2017 ਵਿਚ ਆਇਰਲੈਂਡ ਤੋਂ ਚਾਂਦੀ ਦਾ ਤਗਮਾ, ਕਜ਼ਾਖਿਸਤਾਨ ਤੋਂ ਬਰਾਂਜ ਮੈਡਲ, ਜੂਨ 2017 ਵਿਚ ਓਪਨ ਨੈਸ਼ਨਲ ਨਵੀਂ ਦਿੱਲੀ ਵਿਚੋਂ ਤਾਂਬੇ ਦਾ ਤਗਮਾ ਤੇ ਸਤੰਬਰ ਨੈਸ਼ਨਲ ਰੋਹਤਕ ਤੋਂ ਚਾਂਦੀ ਦਾ ਅਤੇ ਸਤੰਬਰ 18 ਵਿਚ ਤੁਰਕੀ ਤੋਂ ਗੋਲਡ ਮੈਡਲ ਜਿੱਤਿਆ। ਨਵੰਬਰ 2018 ਦੀ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦਿੱਲੀ ਲਈ ਪੰਜਾਬ ਤੋਂ ਉਹ ਇਕੋ-ਇਕ ਬੌਕਸਰ ਭਾਰਤੀ ਟੀਮ ਵਿਚ ਚੁਣੀ ਗਈ ਸੀ। ਉਹ ਤਿੰਨ ਮੁਕਾਬਲੇ ਜਿੱਤ ਕੇ ਸੈਮੀ ਫਾਈਨਲ ਵਿਚ ਪੁੱਜੀ ਸੀ, ਜਿਸ ਨਾਲ ਬਰਾਂਜ ਮੈਡਲ ਜਿੱਤੀ।
ਸਿਮਰ ਚਕਰ ਦਾ ਪਿਤਾ ਕਮਲਜੀਤ ਸਿੰਘ ਆਰਥਕ ਤੰਗੀ ਕਾਰਨ ਠੇਕੇ ਦਾ ਕਾਰਿੰਦਾ ਬਣਿਆ ਸੀ, ਜੋ ਅਧਖੜ ਉਮਰ ਵਿਚ ਹੀ ਜੁਲਾਈ 2018 ‘ਚ ਚਲਾਣਾ ਕਰ ਗਿਆ। ਵਿਧਵਾ ਰਾਜਪਾਲ ਕੌਰ ਦੋ ਕਮਰਿਆਂ ਦੇ ਨਿੱਕੇ ਜਿਹੇ ਘਰ ਵਿਚ ਘਰੇਲੂ ਤੇ ਬਾਹਰਲੇ ਨਿੱਕੇ ਮੋਟੇ ਕੰਮ ਕਰਦੀ ਆਪਣੇ ਚਾਰਾਂ ਬੱਚਿਆਂ ਨੂੰ ਪਾਲਦੀ ਰਹੀ। ਉਸ ਦੀਆਂ ਦੋਵੇਂ ਲੜਕੀਆਂ ਅਮਨਦੀਪ ਤੇ ਸਿਮਰਨਜੀਤ ਅਤੇ ਦੋਵੇਂ ਲੜਕੇ ਅਰਸ਼ਦੀਪ ਤੇ ਕੰਵਲਪ੍ਰੀਤ ਬੌਕਸਿੰਗ ਕਰ ਰਹੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵਿਸ਼ਵ ਚੈਂਪੀਅਨਸ਼ਿਪ ‘ਚੋ ਮੈਡਲ ਜਿੱਤਣ ਵਾਲੀ ਅਤੇ ਓਲੰਪਿਕ ਖੇਡਾਂ ‘ਚੋਂ ਮੈਡਲ ਜਿੱਤਣ ਦੀ ਪੂਰੀ ਸੰਭਾਵਨਾ ਰੱਖਣ ਵਾਲੀ ਗਰੀਬ ਘਰ ਦੀ ਇਸ ਹੋਣਹਾਰ ਬੀ. ਏ. ਪਾਸ ਹੁਸ਼ਿਆਰ ਲੜਕੀ ਨੂੰ ਚੱਜ ਦੀ ਨੌਕਰੀ ਦੇ ਕੇ ਪੰਜਾਬ ਵਿਚ ਰੱਖ ਲਵੇ, ਨਹੀਂ ਤਾਂ ਹਰਿਆਣੇ ਵਾਲੇ ਜਾਂ ਕਿਸੇ ਹੋਰ ਸੂਬੇ/ਮਹਿਕਮੇ ਵਾਲੇ ਲੈ ਜਾਣਗੇ। ਚਕਰੀਏ ਚਾਹੁੰਦੇ ਹਨ ਕਿ ਉਹ ਆਪਣੇ ਪਿੰਡ ਦੀ ਅਕੈਡਮੀ ਅਤੇ ਪੰਜਾਬ ਲਈ ਹੋਰ ਮੈਡਲ ਜਿੱਤੇ। ਇਸ ਮੌਕੇ ਪੰਜਾਬ ਸਰਕਾਰ ਨੂੰ ਸਿਮਰ ਚਕਰ ਦਾ ਉਚੇਚਾ ਮਾਣ ਸਨਮਾਨ ਕਰਨਾ ਚਾਹੀਦਾ ਹੈ। ਸ਼ੇਰੇ ਪੰਜਾਬ ਅਕੈਡਮੀ ਚਕਰ ਵੀ ਮਾਣ ਸਨਮਾਨ ਦੀ ਹੱਕਦਾਰ ਹੈ।
ਸ਼ੇਰੇ ਪੰਜਾਬ ਅਕੈਡਮੀ ਸਰਕਾਰੀ ਸਹਿਯੋਗ ਤੋਂ ਵਿਰਵੀ ਹੀ ਖਿਡਾਰੀਆਂ ਦੀ ਪਨੀਰੀ ਤਿਆਰ ਕਰਦੀ ਆ ਰਹੀ ਹੈ। ਮੁੱਕੇਬਾਜ਼ੀ ਤੇ ਫੁੱਟਬਾਲ ਇਸ ਦੀਆਂ ਮੁੱਖ ਖੇਡਾਂ ਹਨ। ਇਸ ਨੂੰ ਕੈਨੇਡਾ ਰਹਿੰਦਾ ਸਿੱਧੂ ਪਰਿਵਾਰ, ਅਕੈਡਮੀ ਦਾ ਮੁੱਢ ਬੰਨ੍ਹਣ ਵਾਲਾ ਪ੍ਰਿੰ. ਬਲਵੰਤ ਸਿੰਘ ਸੰਧੂ, ਸਾਬਕਾ ਪੁਲਿਸ ਅਫਸਰ ਦੇਵਿੰਦਰ ਸਿੰਘ, ਚੀਫ ਕੋਚ ਗੁਰਬਖਸ਼ ਸਿੰਘ ਸੰਧੂ, ਅਕੈਡਮੀ ਦੀ ਕਾਰਜਕਾਰੀ ਕਮੇਟੀ ਦੀ ਨਿਗਰਾਨੀ ਹੇਠ ਚਲਾ ਰਹੇ ਹਨ। ਅਕੈਡਮੀ ਦੇ ਬਾਨੀ ਅਜਮੇਰ ਸਿੰਘ ਸਿੱਧੂ ਦਾ ਦਸੰਬਰ 2014 ਵਿਚ ਦਿਹਾਂਤ ਹੋ ਗਿਆ ਸੀ ਜਿਸ ਦਾ ਅਕੈਡਮੀ ਤੇ ਪਿੰਡ ਚਕਰ ਨੂੰ ਵੱਡਾ ਸਦਮਾ ਲੱਗਾ ਸੀ। ਖੇਡਾਂ ਦਾ ਸਮਾਨ, ਟ੍ਰੈਕ ਸੂਟ, ਰਨਿੰਗ ਸ਼ੂਅ, ਰੈਫਰੈਸ਼ਮੈਂਟ, ਕੋਚਿੰਗ ਤੇ ਖੇਡ ਮੁਕਾਬਲਿਆਂ ਲਈ ਲਿਜਾਣ/ਲਿਆਉਣ ਦੇ ਪ੍ਰਬੰਧ ਅਕੈਡਮੀ ਵੱਲੋਂ ਕੀਤੇ ਜਾਂਦੇ ਹਨ।
ਸਿਮਰ ਚਕਰ ਜਿੱਦਣ ਜੌਰਡਨ ਤੋਂ ਦਿੱਲੀ, ਚੰਡੀਗੜ੍ਹ ਤੇ ਲੁਧਿਆਣੇ ਹੁੰਦੀ ਹੋਈ ਆਪਣੇ ਪਿੰਡ ਚਕਰ ਪਰਤੀ ਤਾਂ ਉਹਦਾ ਪਿੰਡ ਦੇ ਗੁਰਦੁਆਰੇ ਅਤੇ ਅਕੈਡਮੀ ਵਿਚ ਭਰਵਾਂ ਮਾਣ ਸਨਮਾਨ ਹੋਵੇਗਾ।