ਗੁਰਬਚਨ ਸਿੰਘ ਦਾ ਇੱਕਪਾਸੜ ਨਜ਼ਰੀਆ…

7 ਮਾਰਚ ਦੇ ਅੰਕ ਵਿਚ ਸਿੱਖ ਬੁਧੀਜੀਵੀ ਗੁਰਬਚਨ ਸਿੰਘ ਨੇ ਹਾਲ ਹੀ ਵਿਚ ਦਿੱਲੀ ‘ਚ ਹੋਏ ਮੁਸਲਿਮ ਵਿਰੋਧੀ ਫਸਾਦਾਂ ਦੇ ਹਵਾਲੇ ਨਾਲ ਪੰਜਾਬ ਵਿਚ 1980ਵਿਆਂ ਤੇ 90ਵਿਆਂ ਦੀ ਖਾੜਕੂ ਲਹਿਰ ਬਾਰੇ ਕੁਝ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਦੇ ਪ੍ਰਤੀਕਰਮ ਵਜੋਂ ਹਰਜੀਤ ਦਿਓਲ ਨੇ ਆਪਣਾ ਇਹ ਪ੍ਰਤੀਕਰਮ ਭੇਜਿਆ ਹੈ।

-ਸੰਪਾਦਕ

‘ਪੰਜਾਬ ਟਾਈਮਜ਼’ ਦੇ 7 ਮਾਰਚ 2020 ਦੇ ਅੰਕ ਵਿਚ ਇੱਕ ਵਾਰ ਫਿਰ ਸ਼ ਗੁਰਬਚਨ ਸਿੰਘ ਦਾ ਇੱਕ ਤਰਫਾ ਨਜ਼ਰੀਆ ਬਿਆਨ ਕਰਦਾ ਲੇਖ ‘ਮੁਸਲਿਮ ਕਤਲੇਆਮ, ਸੰਸਾਰ ਆਰਥਕ ਸੰਕਟ ਅਤੇ ਫਾਸ਼ੀਵਾਦ’ ਪੜ੍ਹਨ ਨੂੰ ਮਿਲਿਆ। ਇਸ ਵਿਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਦਿੱਲੀ ਵਿਚ ਇੱਕ ਵਾਰ ਫਿਰ ਹਿੰਸਾ ਦਾ ਜੋ ਨੰਗਾ ਨਾਚ ਹੋਇਆ, ਇਹ ਬੇਹੱਦ ਨਿੰਦਣਯੋਗ ਸੀ ਅਤੇ ਇਸ ਦੀ ਜਿੰਮੇਵਰੀ ਤੋਂ ਸਰਕਾਰ ਨੂੰ ਕਿਸੇ ਵੀ ਹਾਲਤ ਵਿਚ ਬਰੀ ਨਹੀਂ ਕੀਤਾ ਜਾ ਸਕਦਾ। ਪੁਲਿਸ ਨਾ ਸਿਰਫ 1984 ਦੇ ਕਤਲੇਆਮ ਵਾਂਗ ਮੂਕ ਦਰਸ਼ਕ ਬਣੀ ਰਹੀ, ਸਗੋਂ ਕਿਸੇ ਹੱਦ ਤੱਕ ਦੰਗਾਕਾਰੀਆਂ ਦਾ ਸਾਥ ਦਿੰਦੀ ਨਜ਼ਰ ਆਈ। ਹਰ ਸੂਝਵਾਨ ਭਾਰਤੀ ਦੀ ਵੱਡੀ ਚਿੰਤਾ ਇਹ ਹੈ ਕਿ ਇਸ ਹਿੰਸਾ ਅਤੇ ਪ੍ਰਤੀਹਿੰਸਾ ਦੇ ਚੱਕਰ ਨੂੰ ਠੱਲ੍ਹ ਨਾ ਪਾ ਕੇ ਇਸ ਦਾ ਦੁਹਰਾਓ ਕਿਉਂ ਵੇਖਣ ਨੂੰ ਮਿਲਦਾ ਹੈ?
ਇਸ ਤਰ੍ਹਾਂ ਦੇ ਦੁਖਦਾਈ ਵਰਤਾਰਿਆਂ ਦਾ ਅੰਤ ਕਰਨਾ ਨਾ ਸਿਰਫ ਸਰਕਾਰ ਦੀ, ਸਗੋਂ ਸਾਡੇ ਸਭ ਦੀ ਵੱਡੀ ਜਿੰਮੇਵਾਰੀ ਬਣਦੀ ਹੈ, ਪਰ ਮੇਰਾ ਕਿੰਤੂ ਇਹ ਹੈ ਕਿ ਸ਼ ਗੁਰਬਚਨ ਸਿੰਘ ਜਿਹੇ ਸੂਝਵਾਨ ਵਿਦਵਾਨ ਦਿੱਲੀ ਦੀਆਂ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨੂੰ ਵਿੰਗ-ਵਲ ਪਾ ਕੇ ਪੰਜਾਬ ਦੇ ਕਾਲੇ ਦੌਰ ਨਾਲ ਜੋੜ ਦਿੰਦੇ ਹਨ ਅਤੇ ਪੰਜਾਬ ਵਿਚ ਹੋਈ ਅੰਨੀ ਹਿੰਸਾ ਲਈ ਸਿਰਫ ਸਰਕਾਰੀ ਧਿਰ ਨੂੰ ਦੋਸ਼ ਦੇ ਕੇ ਦੂਜੀ ਧਿਰ ਨੂੰ ਦੋਸ਼ ਮੁਕਤ ਕਰਨ ਦਾ ਯਤਨ ਕਰਦੇ ਲੱਗਦੇ ਹਨ। ਪੰਜਾਬ ਵਿਚ ਇੱਕ ਧਿਰ ਵੱਲੋਂ ਇੱਕ ਫਿਰਕੇ ਦੇ ਮਾਸੂਮਾਂ ਦਾ ਕਤਲੇਆਮ ਹੁੰਦਾ ਰਿਹਾ, ਪਰ ਇਸ ਲਈ ਸਰਕਾਰੀ ਏਜੰਸੀਆਂ ਨੂੰ ਜਿੰਮੇਵਾਰ ਠਹਿਰਾਉਣ ਦਾ ਯਤਨ ਕੀਤਾ ਜਾਂਦਾ ਹੈ।
ਇਸ ਸਿਲਸਿਲੇ ਵਿਚ ‘ਪੰਜਾਬ ਟਾਈਮਜ਼’ ਦੇ ਇਸੇ ਅੰਕ ਵਿਚ ਸ਼ ਅਮਰਦੀਪ ਸਿੰਘ ਅਮਰ ਦਾ ਲੇਖ ‘ਕਾਸ਼! ਦੁਨੀਆਂ ਵਿਚ ਕੋਈ ਧਰਮ ਨਾ ਹੁੰਦਾ’ ਕਾਬਲੇ ਗੌਰ ਹੈ। ਇਸ ਲੇਖ ਵਿਚ ਉਨ੍ਹਾਂ ਬੜੀ ਦਲੇਰੀ ਨਾਲ ਸਵੀਕਾਰ ਕੀਤਾ ਹੈ ਕਿ ਪੰਜਾਬ ਵਿਚ ਫਿਰਕੂ ਹਿੰਸਾ ਲਈ ਬੇਕਿਰਕ ਖਾੜਕੂਆਂ ਦੀ ਜਿੰਮੇਵਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਢਿਲਵਾਂ ਕਾਂਡ ‘ਚ ਇੱਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਗਿਆ। ਲਾਲਾ ਜਗਤ ਨਾਰਾਇਣ ਤੇ ਫਿਰ ਉਨ੍ਹਾਂ ਦੇ ਲੜਕੇ ਰਮੇਸ਼ ਦਾ ਕਤਲ ਕਰਕੇ ਧਰਮ ਸਥਾਨ ਵਿਚ ਸ਼ਰਣ ਲਈ ਗਈ। ਕਥਿਤ ਤੌਰ ‘ਤੇ ਉਨ੍ਹੀਂ ਦਿਨੀਂ ਹੀ ਬੱਬਰਾਂ ਦੇ ਬੁਲਾਰੇ ਅਨੋਖ ਸਿੰਘ ਨੇ ਨਿਰੰਕਾਰੀਆਂ ਦੇ ਕਤਲ ਦੀ ਗੱਲ ਕਬੂਲੀ ਸੀ। ਇਨ੍ਹਾਂ ਹਿੰਸਕ ਸਰਗਰਮੀਆਂ ਵਿਚ ਸਰਕਾਰੀ ਏਜੰਸੀਆਂ ਦਾ ਹੱਥ ਕਹਿ ਕੇ ਸੁਰਖੁਰੂ ਨਹੀਂ ਹੋਇਆ ਜਾ ਸਕਦਾ।
ਜੇ ਸ਼ ਗੁਰਬਚਨ ਸਿੰਘ ਤਸਵੀਰ ਦੇ ਦੂਜੇ ਪਾਸੇ ਤੱਕਣ ਦੀ ਜਹਿਮਤ ਕਰਨ ਤਾਂ ਸਪਸ਼ਟ ਹੋ ਜਾਵੇਗਾ ਕਿ ਪੰਜਾਬ ਦੇ ਦੁਖਾਂਤ ਵਿਚ ਦਿਸ਼ਾਹੀਣ ਬੇਲਗਾਮ ਖਾੜਕੂਵਾਦ ਸੁਆਰਥੀ ਸਿਆਸਤ ਦਾ ਮੋਹਰਾ ਬਣ ਇਨਸਾਨੀਅਤ ਦਾ ਘਾਣ ਕਰਨ ‘ਚ ਬਰਾਬਰ ਦਾ ਭਾਗੀਦਾਰ ਰਿਹਾ ਹੈ। ਬਲੂਸਟਾਰ ਅਪਰੇਸ਼ਨ, ਜਿਸ ਨੂੰ ਅਕਸਰ ਦਰਬਾਰ ਸਾਹਿਬ ‘ਤੇ ਹਮਲਾ ਕਿਹਾ ਜਾਂਦਾ ਹੈ ਤੇ ਇਸ ਦੀ ਤੁਲਨਾ ਅਬਦਾਲੀ ਦੇ ਹਮਲੇ ਨਾਲ ਕੀਤੀ ਜਾਂਦੀ ਹੈ। ਸਰਕਾਰ ਨੇ ਬਾਅਦ ‘ਚ ਇਸ ਅਪਰੇਸ਼ਨ ਦੀ ਗਲਤੀ ਮੰਨਦਿਆਂ ਨੁਕਸਾਨੀ ਗਈ ਇਮਾਰਤ ਨੂੰ ਮੁੜ ਬਣਵਾਇਆ, ਪਰ ਅਬਦਾਲੀ ਦਾ ਉਦੇਸ਼ ਤਾਂ ਸਿਰਫ ਧਰਮ ਸਥਾਨ ਢਾਹੁਣਾ ਹੀ ਸੀ।
ਕਨਿਸ਼ਕ ਕਾਂਡ ਲਈ ਵੀ ਸਰਕਾਰੀ ਏਜੰਸੀਆਂ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਤਾਂ ਕੈਨੇਡਾ ਵਸਦੇ ਸੂਝਵਾਨਾਂ ਦਾ ਸਵਾਲ ਹੈ ਕਿ ਜੇ ਤਲਵਿੰਦਰ ਸਿੰਘ ਪਰਮਾਰ ਸਰਕਾਰੀ ਏਜੰਟ ਸਨ ਤਾਂ ਉਨ੍ਹਾਂ ਨੂੰ ਨਗਰ ਕੀਰਤਨਾਂ ਵਿਚ ਸ਼ਹੀਦ ਕਿਉਂ ਗਰਦਾਨਿਆ ਜਾਂਦਾ ਹੈ। ਵਿਦਵਾਨ ਸ਼ ਗੁਰਬਚਨ ਸਿੰਘ ਨੂੰ ਇਸ ਪਾਸੇ ਵੀ ਵਿਚਾਰ ਕਰ ਅਗਲੀਆਂ ਪੀੜ੍ਹੀਆਂ ਨੂੰ ਗੁਮਰਾਹ ਹੋਣ ਤੋਂ ਬਚਾਉਣ ਦਾ ਯਤਨ ਕਰਨਾ ਬਣਦਾ ਹੈ।
ਕਸ਼ਮੀਰ ਵਿਚ ਇਸਲਾਮਿਕ ਅਤਿਵਾਦ ਦੀ ਤਹਿ ਤੱਕ ਜਾਣ ਲਈ ਉਸ ਸਮੇਂ ਦੇ ਗਵਰਨਰ ਜਗਮੋਹਨ ਦੀ ਸਵੈਜੀਵਨੀ ‘ਬਲਦੇ ਚਿਨਾਰ’ ਪੜ੍ਹ ਲੈਣੀ ਚਾਹੀਦੀ ਹੈ। ਖੁਸ਼ਵੰਤ ਸਿੰਘ ਅਤੇ ਕੇ. ਪੀ. ਐਸ਼ ਗਿੱਲ ਨੇ ਵੀ ਬਲੂਸਟਾਰ ਆਪਰੇਸ਼ਨ ਦੀ ਥਾਂ ਹੋਰ ਢੰਗ ਤਰੀਕਾ ਵਰਤਣ ਦੀ ਹਮਾਇਤ ਕੀਤੀ ਸੀ। ਖੁਸ਼ਵੰਤ ਸਿੰਘ ਨੇ ਤਾਂ ਆਪਣਾ ਪਦਮਸ਼੍ਰੀ ਐਵਾਰਡ ਤੱਕ ਵਾਪਸ ਕਰ ਦਿੱਤਾ ਸੀ, ਪਰ ਉਹ ਧਰਮ ਸਥਾਨ ਨੂੰ ਮੈਦਾਨੇ ਜੰਗ ਬਣਾਉਣ ਦੇ ਵੀ ਹੱਕ ਵਿਚ ਨਹੀਂ ਸਨ।
ਸਮਾਂ ਆ ਗਿਆ ਹੈ ਕਿ ਨਿਰਪੱਖ ਸਵੈ-ਪੜਚੋਲ ਕਰਦਿਆਂ ਇੱਕ ਪਾਸੜ ਨਜ਼ਰੀਏ ਦਾ ਤਿਆਗ ਕਰ ਕੇ ਇਤਿਹਾਸ ਤੋਂ ਸਬਕ ਲਈਏ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਗੁਮਰਾਹ ਹੋਣ ਤੋਂ ਬਚਾਈਏ। ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਜਨੂੰਨੀ ਧਾਰਮਿਕ ਕੱਟੜਵਾਦ ਤੋਂ ਬਚਣ ਦੀ ਅੱਜ ਸਖਤ ਲੋੜ ਹੈ। ਆਓ, ਇਸ ਪਾਸੇ ਮਿਲ-ਜੁਲ ਕੇ ਹੰਭਲਾ ਮਾਰੀਏ ਅਤੇ ਅਮਨ ਵੱਲ ਜਾਂਦੇ ਰਾਹ ਦੇ ਪਾਂਧੀ ਬਣੀਏ।
-ਹਰਜੀਤ ਦਿਓਲ, ਬਰੈਂਪਟਨ
ਫੋਨ: 905-676-9242