ਦਰਸ਼ਨ ਸਿੰਘ ਸ਼ੰਕਰ
ਫੋਨ: 91-99158-36543
ਭਾਰਤ ਦੀ ਰਾਜਧਾਨੀ ਦਿੱਲੀ ‘ਚ 24 ਤੋਂ 26 ਫਰਵਰੀ ਨੂੰ ਹੋਈ ਮੁਸਲਿਮ ਵਿਰੋਧੀ ਫਿਰਕੂ ਹਿੰਸਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ ਹੈ। ਇਸ ਦੌਰਾਨ ਦਰਜਨਾਂ ਇਲਾਕਿਆਂ ਵਿਚ ਕਤਲ, ਅੱਗਾਂ ਤੇ ਮਾਰ-ਧਾੜ ਦਾ ਮੰਜ਼ਰ ਦੇਖਣ ਨੂੰ ਮਿਲਿਆ। ਬੇਰਹਿਮੀ ਨਾਲ ਗਲੀ ਮੁਹੱਲਿਆਂ ‘ਚ ਹੋਏ ਗੁੰਡਾ ਗਰਦੀ ਦੇ ਨੰਗੇ ਨਾਚ ਨੇ ਸਭਿਅਕ ਸਮਾਜ ਹੋਣ ‘ਤੇ ਸੁਆਲੀਆ ਨਿਸ਼ਾਨ ਲਾ ਦਿਤਾ ਹੈ। ਖੂਨ ਦੀ ਖੁੱਲ੍ਹ ਕੇ ਖੇਡੀ ਗਈ ਹੋਲੀ ਦੌਰਾਨ ਦਿੱਲੀ ਪੁਲਿਸ ਕਿਧਰੇ ਵੀ ਦਿਖਾਈ ਨਹੀਂ ਦਿੱਤੀ।
ਸ਼ਾਹੀਨ ਬਾਗ ਵਿਚ ਸੀ. ਏ. ਏ. ਖਿਲਾਫ ਸ਼ਾਂਤਮਈ ਮੁਜਾਹਰੇ ਤੋਂ ਡਰੇ ਸਾਸ਼ਕਾਂ ਵਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਫੈਲਾਈ ਨਫਰਤ ਤੋਂ ਕਿਸੇ ਭਿਆਨਕ ਅਣਹੋਣੀ ਦੇ ਸੰਕੇਤ ਤਾਂ ਮਿਲ ਹੀ ਰਹੇ ਸਨ। ਵਿਰੋਧੀਆਂ ਨੂੰ ਗੱਦਾਰ ਦੱਸ ਕੇ ਗੋਲੀ ਮਾਰਨ ਅਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਨੇਤਾ ਸ਼ੱਰੇਆਮ ਦਿੰਦੇ ਰਹੇ। ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਚੋਣਾਂ ਵਿਚ ਨਰਿੰਦਰ ਮੋਦੀ, ਅਮਿਤ ਸ਼ਾਹ, ਕਈ ਮੁੱਖ ਮੰਤਰੀਆਂ ਅਤੇ ਹੋਰ ਨੇਤਾਵਾਂ ਵਲੋਂ ਸ਼ਾਹੀਨ ਬਾਗ ਨੂੰ ਹੀ ਮੁੱਖ ਚੋਣ ਮੁੱਦਾ ਬਣਾਇਆ ਗਿਆ ਸੀ। ਸ਼ਰਮਨਾਕ ਹਾਰ ਤੋਂ ਬੌਖਲਾਏ ਭਾਜਪਾ ਆਗੂ ਜ਼ਹਿਰ ਘੋਲ ਰਹੇ ਸਨ। ਕਪਿਲ ਮਿਸ਼ਰਾ ਸ਼ੱਰੇਅਮ ਅੱਗ ਉਗਲਦੇ ਕਾਨੂੰਨ ਹੱਥ ਵਿਚ ਲੈਣ ਦੀਆਂ ਧਮਕੀਆਂ ਪੁਲਿਸ ਦੀ ਮੌਜੂਦਗੀ ਵਿਚ ਦਿੰਦੇ ਰਹੇ। ਸਰਕਾਰ ਨੇ ਚੁੱਪ ਸਾਧੀ ਰੱਖੀ।
ਆਖਰ 24 ਫਰਵਰੀ ਨੂੰ ਉਹੀ ਹੋਇਆ, ਜਿਸ ਦਾ ਡਰ ਸੀ। ਅਟਲ ਬਿਹਾਰੀ ਵਾਜਪਾਈ ਨੇ 2002 ‘ਚ ਗੁਜਰਾਤ ਦੰਗਿਆਂ ਸਮੇਂ ‘ਰਾਜ ਧਰਮ’ ਦੀ ਪਾਲਣਾ ਕਰਨ ਦੀ ਨਸੀਅਤ ਦਿੱਤੀ ਸੀ, ਪਰ ਹੁਣ ਤਾਂ ਲਾਲ ਕ੍ਰਿਸ਼ਨ ਅਡਵਾਨੀ ਜਿਹੇ ਬਜੁਰਗ ਆਗੂ ਜਬਾਨ ਖੋਲ੍ਹਣ ਤੋਂ ਵੀ ਲਾਚਾਰ ਦਿੱਸੇ। ਕੌਣ ਕਹੇ, ‘ਰਾਣੀ ਅੱਗਾ ਢਕ!’
1984 ਦੇ ਸਿੱਖ ਕਤਲੇਆਮ ਦੀ ਯਾਦ ਹੋਈ ਤਾਜ਼ਾ: 24 ਫਰਵਰੀ ਨੂੰ ਇਕ ਫਿਰਕੇ ਦੀ ਵੱਧ ਵਸੋਂ ਵਾਲੇ ਦਰਜਨਾਂ ਖੇਤਰਾਂ ‘ਚ ਹਿੰਸਾ ਦਾ ਤਾਂਡਵ ਮਚਾ ਕੇ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਤਾਜ਼ਾ ਕਰਵਾ ਦਿੱਤੀ। ਦਰਜਨਾਂ ਮੁਹੱਲਿਆਂ ਵਿਚ ਹਥਿਆਰਾਂ ਨਾਲ ਲੈਸ ਦੰਗਈਆਂ ਨੇ ਹਮਲੇ ਕੀਤੇ। ਇਨ੍ਹਾਂ ਇਲਾਕਿਆਂ ਵਿਚ ਸੀਲਮਪੁਰ, ਜਾਫਰਵਾਲ, ਮੌਜਪੁਰ, ਕਰਦਮਪੁਰੀ, ਬਾਬਰਪੁਰ, ਗੋਕੁਲਪੁਰੀ, ਭਗਵਾਨਪੁਰ, ਸ਼ਿਵਪੁਰੀ ਆਦਿ ਸ਼ਾਮਿਲ ਹਨ। ਮੁਗਲ ਧਾੜਵੀ ਬਾਬਰ ਵਲੋਂ ਅਜਿਹਾ ਜੁਲਮ ਦੇਖ ਕੇ ਹੀ ਤਾਂ ‘ਨਾਨਕ ਪਾਤਸ਼ਾਹ’ ਨੇ ਐਮਨਾਬਾਦ ਵਿਚ ਉਚਾਰਿਆ ਸੀ, “ਏਤੀ ਮਾਰ ਪਈ ਕੁਲਾਣੈ, ਤੈਂ ਕੀ ਦਰਦ ਨਾ ਆਇਆ॥”
ਕਾਤਲ ਸ਼ੱਰੇਆਮ ਗੋਲੀਆਂ ਚਲਾਉਂਦੇ, ਮਾਰ ਕੁੱਟ ਕਰਦੇ, ਅੱਗਾਂ ਲਾਉਂਦੇ ਸੜਕਾਂ ‘ਤੇ ਕੋਹਰਾਮ ਮਚਾਉਂਦੇ ਰਹੇ। ਹਿੰਸਾ ਦੌਰਾਨ 48 ਨਿਰਦੋਸ਼ ਮਾਰੇ ਗਏ, 300 ਦੇ ਕਰੀਬ ਜ਼ਖਮੀ ਹੋਏ, 327 ਦੁਕਾਨਾਂ ਤੇ 168 ਘਰ ਸਾੜੇ ਗਏ। ਬੀ. ਐਸ਼ ਐਫ਼ ਦੇ ਹਵਾਲਦਾਰ ਰਤਨ ਲਾਲ ਅਤੇ ਆਈ. ਬੀ. ਅਧਿਕਾਰੀ ਅੰਕੁਰ ਸ਼ਰਮਾ ਵੀ ਮਾਰੇ ਗਏ। 50 ਦੇ ਕਰੀਬ ਗੋਲੀਆਂ ਲਗਣ ਨਾਲ ਮਰੇ। ਅਰਬਾਂ ਰੁਪਏ ਦਾ ਮਾਲੀ ਨੁਕਸਨ ਹੋਇਆ ਅਤੇ ਸੈਂਕੜੇ ਪਰਿਵਾਰਾਂ ਦੇ ਧੰਦੇ ਪਲਾਂ ਵਿਚ ਹਿੰਸਾ ਦੀ ਭੇਟ ਚੜ੍ਹ ਗਏ। ਹਜਾਰਾਂ ਪਰਿਵਾਰ ਰਾਹਤ ਕੈਂਪਾਂ ਵਿਚ ਰਹਿਣ ਲਈ ਮਜਬੂਰ ਹੋ ਗਏ। ਦੋ ਸਕੂਲ ਅਤੇ ਅਨੇਕਾਂ ਵਾਹਨ ਵੀ ਸਾੜੇ ਗਏ। ਬਲਦੇ ਘਰਾਂ ਵਿਚੋਂ ਔਰਤਾਂ ਨੂੰ ਬੱਚਿਆਂ ਦੀ ਜਾਨ ਬਚਾਉਣ ਲਈ ਛੱਤਾਂ ਤੋਂ ਹੇਠਾਂ ਸੁੱਟਣ ਲਈ ਮਜਬੂਰ ਹੋਣਾ ਪਿਆ। ਵੱਡੀ ਪੱਧਰ ‘ਤੇ ਧੂੰਏ ਦੇ ਗੁਬਾਰ ਅਤੇ ਬੱਚਿਆਂ ਤੇ ਔਰਤਾਂ ਦੀਆਂ ਚੀਕਾਂ ਵੀ ਦਰਿੰਦਿਆਂ ਦੇ ਦਿਲਾਂ ਨੂੰ ਪਸੀਜ਼ ਨਾ ਸਕੀਆਂ। ਇਹ ਬਿਨਾ ਰੋਕ ਟੋਕ ਮਾਰ-ਧਾੜ ਕਰਦੇ ਅੱਗੇ ਵਧਦੇ ਗਏ।
ਪਹਿਲਾਂ ਸੋਚੀ ਸਮਝੀ ਹਿੰਸਾ: 23 ਫਰਵਰੀ ਨੂੰ ਭਾਜਪਾ ਆਗੂ ਕਪਿਲ ਮਿਸ਼ਰਾ ਪੁਲਿਸ ਸਾਹਮਣੇ ਸ਼ਾਹੀਨ ਬਾਗ ਵਿਚ ਔਰਤਾਂ ਦੇ ਧਰਨੇ ਨੂੰ ਖੁਦ ਹਟਾਉਣ ਦੀਆਂ ਧਮਕੀਆਂ ਦਿੰਦੇ ਰਹੇ। ਉਸ ਵਿਰੁੱਧ ਕਾਨੂੰਨੀ ਕਾਰਵਾਈ ਨਾ ਕਰਨਾ ਪੁਲਿਸ ਦੀ ਨੀਅਤ ‘ਤੇ ਪ੍ਰਸ਼ਨ ਚਿੰਨ ਲਾਉਂਦਾ ਹੈ। 24 ਫਰਵਰੀ ਨੂੰ ਬੇਤਹਾਸ਼ਾ ਹਿੰਸਾ ਹੋਈ, ਕਿਸੇ ਨੂੰ ਬਚ ਕੇ ਨਿਕਲਣ ਦਾ ਸਮਾਂ ਹੀ ਨਾ ਮਿਲਿਆ।
ਬਹੁਤ ਵੱਡੇ ਇਲਾਕੇ ਵਿਚ ਦੁਕਾਨਾਂ, ਘਰਾਂ ਅਤੇ ਗੱਡੀਆਂ ਨੂੰ ਅੱਗਾ ਲਾ ਕੇ ਨਸ਼ਟ ਕਰ ਦਿਤਾ ਗਿਆ। ਸਿਲਸਿਲਾ ਦੂਜੇ ਦਿਨ 25 ਫਰਵਰੀ ਨੂੰ ਰਾਤ ਤਕ ਵੀ ਬੇ-ਰੋਕ ਜਾਰੀ ਰਿਹਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਾਂਤੀ ਦੀ ਅਪੀਲ ਦੇ ਨਾਲ ਸਭ ਪਾਰਟੀਆਂ ਦੇ ਵਿਧਾਇਕਾਂ ਦੀ ਮੀਟਿੰਗ ਕਰਕੇ ਸਥਿਤੀ ਨੂੰ ਸ਼ਾਂਤ ਕਰਨ ਲਈ ਕਿਹਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮੀਟਿੰਗ ਕਰਕੇ ਮਾਹੌਲ ਨੂੰ ਸ਼ਾਂਤ ਕਰਾਉਣ ਦਾ ਯਕੀਨ ਦਵਾਇਆ। 26 ਫਰਵਰੀ ਸ਼ਾਮ ਨੂੰ ਪੁਲਿਸ ਨੇ ਮਾਰਚ ਕੱਢਿਆ, ਜਿਸ ਨਾਲ ਹਿੰਸਾ ਨੂੰ ਠੱਲ੍ਹ ਪਈ।
ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਤੁਰੰਤ ਕਪਿਲ ਮਿਸ਼ਰਾ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਉਤਰ-ਪੂਰਬੀ ਦਿੱਲੀ ਵਿਚ ਧਾਰਾ 144 ਲਾਉਣ ਦੇ ਬਾਵਜੂਦ ਹਿੰਸਾ ਜਾਰੀ ਰਹੀ ਅਤੇ ਹਸਪਤਾਲਾਂ ਵਿਚ ਜ਼ਖਮੀਆਂ ਦੀ ਆਮਦ ਵਧਦੀ ਗਈ। 25 ਫਰਵਰੀ ਰਾਤ ਨੂੰ ਅਸ਼ੋਕ ਨਗਰ ਵਿਖੇ ਮਸਜਿਦ ਦੀ ਭੰਨ ਤੋੜ ਹੋਈ ਅਤੇ ਫਸਾਦੀਆਂ ਨੇ ਇਸ ਦੇ ਗੁੰਬਦ ਲਾਗੇ ਭਗਵਾਂ ਝੰਡਾ ਟੰਗ ਦਿਤਾ। ਇਸ ਸਾਰੇ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪੀੜਤਾਂ ਨੂੰ ਦਿਲਾਸਾ ਦੇਣ ਦਾ ਕੋਈ ਉਪਰਾਲਾ ਨਾ ਕਰਨਾ ਵੀ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਗਿਆ। ਤੀਜੇ ਦਿਨ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਟੀ. ਵੀ. ਚੈਨਲਾਂ ਰਾਹੀਂ ਸਰਕਾਰ ਦੀ ਹਾਜਰੀ ਤਾਂ ਲਵਾਈ, ਪਰ ਕੋਈ ਠੋਸ ਕਦਮ ਚੁੱਕਣ ਦੀ ਥਾਂ ‘ਜੋ ਹੂਆ ਸੋ ਹੂਆ’ ਕਹਿ ਕੇ ਤੁਰਦੇ ਬਣੇ।
ਕੇਜਰੀਵਾਲ ਨੇ ਸਿਸੋਧੀਆ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਹਰ ਤਰ੍ਹਾਂ ਦੀ ਮਦਦ ਦਾ ਯਕੀਨ ਦਵਾਇਆ। ਮਾਰੇ ਗਏ ਹਵਾਲਦਾਰ ਰਾਮ ਰਤਨ ਅਤੇ ਆਈ. ਬੀ. ਅਧਿਕਾਰੀ ਅੰਕਿਤ ਸ਼ਰਮਾ ਦੇ ਪਰਿਵਾਰ ਨੂੰ 1-1 ਕਰੋੜ ਅਤੇ ਹੋਰ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜਾ ਦੇਣ ਦਾ ਐਲਾਨ ਕੀਤਾ। ਕੇਜਰੀਵਾਲ ਨੇ ਗ੍ਰਹਿ ਮੰਤਰੀ ਨੂੰ ਫੌਜ ਤਾਇਨਾਤ ਕਰਨ ਦੀ ਅਪੀਲ ਵੀ ਕੀਤੀ।
ਸੁਪਰੀਮ ਕੋਰਟ ਨੇ ਸ਼ਾਹੀਨ ਬਾਗ ਧਰਨੇ ਦੇ ਮਾਮਲੇ ‘ਤੇ ਫੈਸਲਾ 23 ਮਾਰਚ ਤਕ ਟਾਲ ਦਿਤਾ। ਹਿੰਸਾ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਦੇ ਮਾਣਯੋਗ ਜੱਜ ਡਾ. ਐਸ਼ ਮੁਰਲੀਧਰਨ ਨੇ ਦਿੱਲੀ ਪੁਲਿਸ ਨੁੰ ਫਿਟਕਾਰ ਪਾਉਂਦਿਆਂ ਭੜਕਾਉ ਭਾਸ਼ਣਾਂ ਵਾਲੇ ਭਾਜਪਾ ਦੇ 4 ਨੇਤਾਵਾਂ ਖਿਲਾਫ ਤੁਰੰਤ ਕੇਸ ਦਰਜ ਕਰਨ ਦੀ ਹਦਾਇਤ ਕੀਤੀ, ਪ੍ਰੰਤੂ ਰਾਤ ਨੂੰ ਹੀ ਜੱਜ ਮੁਰਲੀਧਰਨ ਦਾ ਤਬਾਦਲਾ ਚੰਡੀਗੜ੍ਹ ਕਰ ਦਿਤਾ ਗਿਆ। ਤੀਜੇ ਦਿਨ ਵੀ ਹਸਪਤਾਲਾਂ ਵਿਚ ਲੋਕ ਗੁਆਚਿਆਂ ਦੀ ਭਾਲ ਵਿਚ ਭਟਕਦੇ ਦਿੱਸੇ।
ਰਾਜਨੀਤੀ ਦਾ ਦੌਰ: ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਭਾਜਪਾ ਨੇਤਾਵਾਂ ਦੇ ਭੜਕਾਊ ਬਿਆਨਾਂ ਨੂੰ ਹਿੰਸਾ ਦਾ ਕਾਰਨ ਦੱਸਿਆ ਅਤੇ 3 ਦਿਨ ਯੋਜਨਾਬੱਧ ਢੰਗ ਨਾਲ ਹਿੰਸਾ ਲਈ ਸਰਕਾਰ ‘ਤੇ ਮਿਲੀਭੁਗਤ ਦੇ ਦੋਸ਼ ਲਾਏ। ਸਿੱਧੇ ਤੌਰ ‘ਤੇ ਗ੍ਰਹਿ ਮੰਤਰੀ ਨੂੰ ਜਿੰਮੇਵਾਰ ਦੱਸਦਿਆਂ ਉਸ ਦੇ ਅਸਤੀਫੇ ਦੀ ਮੰਗ ਕੀਤੀ।
ਸਹਿਯੋਗੀ ਪਾਰਟੀਆਂ ਐਲ਼ ਜੇ. ਪੀ., ਜੇ. ਡੀ. ਯੂ. ਅਤੇ ਅਕਾਲੀ ਦਲ ਨੇ ਵੀ ਹਿੰਸਾ ਭੜਕਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਪੁਆੜੇ ਦੀ ਜੜ੍ਹ ਕਪਿਲ ਮਿਸ਼ਰਾ ਵਿਰੁੱਧ ਕਾਰਵਾਈ ਦੀ ਮੰਗ ਨੂੰ ਅਣਗੌਲਿਆ ਕਰਕੇ ਉਸ ਨੂੰ 27 ਫਰਵਰੀ ਨੂੰ ਰੈਲੀ ਕੱਢਣ ਦਿੱਤੀ ਗਈ, ਜਿਸ ਵਿਚ ਫਿਰ ਗੋਲੀ ਮਾਰਨ ਵਰਗੇ ਨਾਹਰੇ ਲੱਗੇ। ਇਸ ਤੋਂ ਕੇਂਦਰ ਸਰਕਾਰ ਦੀ ਨੀਅਤ ‘ਤੇ ਸਵਾਲ ਉਠਣੇ ਸੁਭਾਵਕ ਹਨ।
ਦੂਜੇ ਪਾਸੇ ਅਮਿਤ ਸ਼ਾਹ ਨੇ ਉੜੀਸਾ ਅਤੇ ਬੰਗਾਲ ਵਿਚ ਸੀ. ਏ. ਏ. ਦੇ ਹੱਕ ਵਿਚ ਰੈਲੀਆਂ ਦੌਰਾਨ ਵਿਰੋਧੀਆਂ ‘ਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲਾਏ ਅਤੇ ਸੀ. ਏ. ਏ. ਨੂੰ ਵਾਪਸ ਨਾ ਲੈਣ ਦਾ ਰਾਗ ਅਲਾਪਿਆ। ਬੇਸ਼ਕ ਦਰਜਨ ਤੋਂ ਵੱਧ ਸੂਬਾ ਸਰਕਾਰਾਂ ਸੀ. ਏ. ਏ. ਵਿਰੁੱਧ ਮਤੇ ਪਾਸ ਕਰ ਚੁੱਕੀਆਂ ਹਨ। ਸੀ. ਏ. ਏ. ‘ਤੇ ਅੜੇ ਰਹਿਣ ਤੋਂ ਸਾਫ ਹੈ ਕਿ ਹਿੰਸਾ ਕਰਨ ਵਾਲੇ ਤਾਂ ਸਰਕਾਰ ਲਈ ਦੋਸ਼ੀ ਨਹੀਂ। ਫਿਰ ਵਿਸ਼ੇਸ਼ ਜਾਂਚ ਟੀਮਾਂ ਬਣਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਕਿੰਜ ਹੋਣਗੀਆਂ? ਸ਼ੱਕ ਹੈ ਕਿ ਜਾਂਚ ਵਿਚ ਪੀੜਤ ਲੋਕਾਂ ਨੂੰ ਹੀ ਉਲਝਾ ਕੇ ਪ੍ਰੇਸ਼ਾਨ ਅਤੇ ਦੰਡਿਤ ਕੀਤਾ ਜਾਵੇ।
ਟਰੰਪ ਦਾ ਰੋਲ: ਪੂਰੀ ਦੁਨੀਆਂ ਵਿਚ ਲੋਕਤੰਤਰ, ਧਰਮ ਨਿਰਪੱਖਤਾ ਅਤੇ ਮਨੁੱਖੀ ਹੱਕਾਂ ਦੇ ਰਾਖੇ ਦੱਸਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2 ਦਿਨਾਂ ਦੌਰੇ ਦੌਰਾਨ ਹੀ ਦਿੱਲੀ ਅੰਦਰ ਹਿੰਸਾ ਭੜਕੀ। ਟਰੰਪ ਨੇ ਇਸ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸ ਕੇ ਪੱਲਾ ਝਾੜ ਲਿਆ। ਹਥਿਆਰ ਵੇਚ ਅਤੇ ਭਾਰਤੀ ਐਨ. ਆਰ. ਆਈ. ਵੋਟਰਾਂ ਨੂੰ ਭਰਮਾਉਣ ਲਈ ਦੋਸਤੀ ਦਾ ਢੰਡੋਰਾ ਪਿੱਟ ਕੇ ਤੁਰ ਗਿਆ। ਅਮਰੀਕਾ ਵਿਚ ਟਰੰਪ ਦੀ ਹਰਕਤ ਦਾ ਭਾਰੀ ਵਿਰੋਧ ਹੋਇਆ।
ਮਾਹੌਲ ਸ਼ਾਂਤ ਕਰਨ ਦੀ ਲੋੜ: ਫੈਲਾਈ ਗਈ ਨਫਰਤ ਅਤੇ ਹਿੰਸਾ ਨਾਲ ਦਿੱਲੀ ਪੂਰੀ ਤਰ੍ਹਾਂ ਦਹਿਲ ਚੁੱਕੀ ਹੈ ਅਤੇ ਲੋਕਾਂ ‘ਚ ਡਰ ਤੇ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਦੇਸ਼ ਦੀ ਫਿਰਕੂ ਦੰਗਿਆਂ ਕਾਰਨ ਸਮੁੱਚੇ ਵਿਸ਼ਵ ਵਿਚ ਕਿਰਕਿਰੀ ਹੋਈ ਹੈ। ਹਿੰਸਾ ਦੇ ਬਾਵਜੂਦ ਵੱਖ ਵੱਖ ਧਰਮਾਂ ਦੇ ਸਥਾਨਕ ਲੋਕਾਂ ਨੇ ਹਿੰਸਕ ਗੁੰਡਿਆਂ ਦਾ ਮਿਲ ਕੇ ਮੁਕਾਬਲਾ ਕਰਕੇ ਆਪਸੀ ਭਾਈਚਾਰੇ ਨੂੰ ਆਂਚ ਨਹੀਂ ਆਉਣ ਦਿੱਤੀ। ਹੁਣ ਸਭ ਤੋਂ ਵੱਡੀ ਲੋੜ ਰਾਜਨੀਤੀ ਨੂੰ ਲਾਂਭੇ ਰੱਖ ਕੇ ਪੀੜਤ ਪਰਿਵਾਰਾਂ ਦੇ ਅੱਲ੍ਹੇ ਜ਼ਖਮਾਂ ‘ਤੇ ਵਿਸ਼ਵਾਸ ਦੀ ਮੱਲ੍ਹਮ ਲਾਉਣਾ ਹੈ। ਦਿੱਲੀ ਸਰਕਾਰ ਪੀੜਤਾਂ ਦੇ ਮਾਲੀ ਨੁਕਸਾਨ ਦੀ ਭਰਪਾਈ ਕਰਕੇ ਮੁੜ ਵਸੇਬੇ ਦੀ ਜਿੰਮੇਵਾਰੀ ਚੁੱਕੇ ਅਤੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀ ਜਾਏ। ਸ਼ਾਹੀਨ ਬਾਗ ਮੁਜਾਹਰਾਕਾਰੀ ਸਥਿਤੀ ਦੇ ਮੱਦੇਨਜ਼ਰ ਮੁਜਾਹਰਾ ਮੁਲਤਵੀ ਕਰਨ।
ਕੇਂਦਰੀ ਸਰਕਾਰ ਸਭ ਧਰਮਾਂ ਦੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰੇ। ਇਸ ਲਈ ਜਰੂਰੀ ਹੈ ਕਿ ਸਮੱਸਿਆ ਦੀ ਜੜ੍ਹ ਨਾਗਰਿਕ ਸੋਧ ਕਾਨੂੰਨ ਅਤੇ ਕੌਮੀ ਨਾਗਰਿਕਤਾ ਰਜਿਸਟਰ ਦੀ ਰੱਟ ਫਿਲਹਾਲ ਬੰਦ ਹੋਵੇ। ਇਸ ਖਿਲਾਫ ਦੇਸ਼ ਵਿਆਪੀ ਵਿਰੋਧ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਏ ਅਤੇ ਜਨਤਾ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇ, ਤਾਂ ਕਿ ਸਮਾਜ ਵਿਚ ਨਫਰਤ ਤੇ ਸਹਿਮ ਦਾ ਮਾਹੌਲ ਖਤਮ ਹੋ ਸਕੇ ਅਤੇ ਦੇਸ਼ ਆਰਥਕ ਮੰਦੇ ਤੇ ਬੇਰੁਜਗਾਰੀ ਜਿਹੇ ਗੰਭੀਰ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਕੇ ਅੱਗੇ ਵਧ ਸਕੇ।