ਅੱਬਾਸ ਧਾਲੀਵਾਲ, ਮਾਲੇਰਕੋਟਲਾ
ਫੋਨ: 91-98552-59650
ਔਰਤਾਂ ਦੀ ਦੁਰਦਸ਼ਾ ਸਬੰਧੀ ਸਾਹਿਰ ਲੁਧਿਆਣਵੀ ਨੇ ਕੋਈ 60-70 ਸਾਲ ਪਹਿਲਾਂ ਜੋ ਨਕਸ਼ਾ ਆਪਣੀਆਂ ਨਜ਼ਮਾਂ ਤੇ ਗੀਤਾਂ ‘ਚ ਪੇਸ਼ ਕੀਤਾ ਸੀ, ਅੱਜ ਵੀ ਹਾਲਾਤ ਉਹੋ ਜਿਹੇ ਹੀ ਹਨ। ਸਾਹਿਰ ਲੁਧਿਆਣਵੀ ਨੇ ਔਰਤ ਦੇ ਜੀਵਨ ਵਿਚਲੀ ਤ੍ਰਾਸਦੀ ਨੂੰ ਪੇਸ਼ ਕਰਦਿਆਂ ਕਿਹਾ ਹੈ,
ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਆ।
ਜਬ ਜੀਅ ਚਾਹਾ ਮਸਲਾ, ਕੁਚਲਾ
ਜਬ ਜੀਅ ਚਾਹਾ ਧੁਤਕਾਰ ਦੀਆ।
ਤਿਤਲੀ ਹੈ ਕਹੀਂ ਦੀਨਾਰੋਂ ਮੇਂ ਬਿਕਤੀ
ਹੈ ਕਹੀਂ ਬਾਜ਼ਾਰੋਂ ਮੇਂ।
ਨੰਗੀ ਨਚਵਾਈ ਜਾਤੀ ਹੈ
ਅਯਾਸ਼ੋਂ ਕੇ ਦਰਬਾਰੋਂ ਮੇਂ।
ਯੇਹ ਵੋਹ ਬੇਇਜ਼ਤ ਚੀਜ਼ ਹੈ ਜੋ
ਬਟ ਜਾਤੀ ਹੈ ਇੱਜ਼ਤਦਾਰੋਂ ਮੇਂ।
ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਆ।
ਦੁਨੀਆਂ ਭਰ ‘ਚ 8 ਮਾਰਚ ‘ਵਿਸ਼ਵ ਔਰਤ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਔਰਤਾਂ ਦੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ। ਔਰਤਾਂ ਨੂੰ ਹੱਕ ਦਿਵਾਉਣ ਦੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਲੰਮੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਹਨ।
ਜੇ ਅਸੀਂ ਭਾਰਤ ਵਿਚ ਰਹਿੰਦੀਆਂ ਔਰਤਾਂ ਦੇ ਜੀਵਨ ‘ਤੇ ਝਾਤ ਮਾਰੀਏ ਤਾਂ ਯਕੀਨਨ ਸਾਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਜਿਸ ਔਰਤ ਨੂੰ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ, ਕੰਜਕਾਂ ਦੇ ਰੂਪ ਵਿਚ ਪੂਜਿਆ ਜਾਂਦਾ ਹੈ; ਜਿਸ ਔਰਤ ਦੀ ਕੁੱਖੋਂ ਦੁਨੀਆਂ ਦੇ ਮਹਾਨ ਮਹਾਪੁਰਸ਼ਾਂ, ਨਬੀਆਂ, ਪੈਗੰਬਰਾਂ ਅਤੇ ਸੂਫੀ ਸੰਤਾਂ ਨੇ ਜਨਮ ਲਿਆ, ਜਿਸ ਨੇ ਟੀਪੂ ਸੁਲਤਾਨ, ਭਗਤ ਸਿੰਘ, ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ ਤੇ ਕਰਤਾਰ ਸਿੰਘ ਸਰਾਭੇ ਜਿਹੇ ਸੂਰਵੀਰਾਂ ਨੂੰ ਜਨਮ ਦਿੱਤਾ, ਅੱਜ ਦੇ ਭਾਰਤ ਵਿਚ ਉਸ ਦੀ ਕੋਈ ਵੁੱਕਤ ਹੀ ਨਹੀਂ ਸਮਝੀ ਜਾਂਦੀ। ਹਾਲਾਤ ਤਾਂ ਇਸ ਤੋਂ ਵੀ ਬਦਤਰ ਹੋਏ ਪਏ ਹਨ।
ਔਰਤਾਂ ਨੂੰ ਹਰ ਧਰਮ ਵਿਚ ਇੱਜਤ ਤੇ ਅਹਿਤਰਾਮ ਦਿੱਤਾ ਗਿਆ ਹੈ। ਇਸਲਾਮ ਵਿਚ ਔਰਤ ਦੇ ਰੁਤਬੇ ਨੂੰ ਬਿਆਨ ਕਰਦਿਆਂ ਸਵਰਗ ਨੂੰ ਮਾਂ ਦੇ ਕਦਮਾਂ ਹੇਠ ਦੱਸਿਆ ਗਿਆ ਹੈ, ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਜ਼ਾਤ ਦੀ ਵਡਿਆਈ ਕਰਦਿਆਂ ਆਖਿਆ, “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”
ਅੱਜ ਇਸ ਸਮਾਜ ਵਿਚ ਔਰਤ ਦੀ ਜੋ ਦੁਰਗਤ ਤੇ ਬੇਕਦਰੀ ਹੋ ਰਹੀ ਹੈ, ਉਸ ਦੀ ਮਿਸਾਲ ਸ਼ਾਇਦ ਪੱਥਰ ਯੁੱਗ ਵਿਚੋਂ ਵੀ ਢੂੰਡ ਪਾਉਣਾ ਮੁਸ਼ਕਿਲ ਹੈ। ਪਿਛਲੇ ਲੰਮੇ ਅਰਸੇ ਤੋਂ ਜਿਸ ਤਰ੍ਹਾਂ ਇਕ ਤੋਂ ਬਾਅਦ ਇਕ ਬਲਾਤਕਾਰਾਂ ਦੀਆਂ ਘਟਨਾਵਾਂ ਘਟੀਆ ਹਨ, ਜਿਸ ਤਰ੍ਹਾਂ ਵੱਖ ਵੱਖ ਸ਼ੈਲਟਰ ਹਾਊਸਾਂ ਵਿਚ ਮੌਜੂਦ ਬੱਚੀਆਂ ਦਾ ਮਾਨਸਿਕ ਤੇ ਸਰੀਰਕ ਸੋਸ਼ਣ ਕੀਤੇ ਜਾਣ ਦੀਆਂ ਖਬਰਾਂ ਆਈਆਂ ਹਨ, ਯਕੀਨਨ ਉਹ ਸਭ ਸਾਡੇ ਸਮਾਜ ਵਿਚ ਵਿਚਰਨ ਵਾਲੇ ਲੋਕਾਂ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ।
ਇਕ ਲੜਕੀ ਦੇ ਬਲਾਤਕਾਰ ਦਾ ਸ਼ਿਕਾਰ ਹੋ ਜਾਣ ‘ਤੇ ਪੀੜਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਲਈ ਜਿਸ ਤਰ੍ਹਾਂ ਦਰ ਬਦਰ ਜਲੀਲ-ਓ-ਖੁਆਰ ਹੋਣਾ ਪੈਂਦਾ ਹੈ, ਉਹ ਯਕੀਨਨ ਦੁਖਦਾਈ ਤੇ ਸ਼ਰਮਨਾਕ ਹੱਦ ਤੱਕ ਖਤਰਨਾਕ ਹੈ। ਸਾਹਿਰ ਲੁਧਿਆਣਵੀ ਦੇ ਸ਼ਬਦਾਂ ਵਿਚ,
ਮਦਦ ਚਾਹਤੀ ਹੈ ਯੇਹ ਹਵਾ ਕੀ ਬੇਟੀ।
ਯਸ਼ੋਧਾ ਕੀ ਹਮ ਜਿਨਸ ਰਾਧਾ ਕੀ ਬੇਟੀ।
ਪੈਗੰਬਰ ਕੀ ਉਮੱਤ ਜ਼ੁਲੇਖਾ ਕੀ ਬੇਟੀ।
ਪਿਛਲੇ 8 ਸਾਲ ਤੋਂ ਲਟਕਦੇ ਆ ਰਹੇ ਨਿਰਭਯਾ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀਆਂ ਤਾਰੀਖਾਂ ਜਿਸ ਤਰ੍ਹਾਂ ਵਾਰ ਵਾਰ ਅੱਗੇ ਪਾਈਆਂ ਜਾ ਰਹੀਆਂ ਹਨ, ਉਸ ਦੇ ਚਲਦਿਆਂ ਅਸੀਂ ਪੂਰੀ ਦੁਨੀਆਂ ਵਿਚ ਮਜ਼ਾਕ ਦੇ ਪਾਤਰ ਬਣ ਰਹੇ ਹਾਂ। ਜੇ ਉਕਤ ਦੋਸ਼ੀਆਂ ਨੂੰ ਸਮੇਂ ਸਿਰ ਫਾਹੇ ਲਾਇਆ ਹੁੰਦਾ ਤਾਂ ਸ਼ਾਇਦ ਕਠੂਆ, ਉਨਾਓ, ਹੈਦਰਾਬਾਦ ਜਿਹੀਆਂ ਦਰਦਨਾਕ ਘਟਨਾਵਾਂ ਨਾ ਵਾਪਰਦੀਆਂ। ਔਰਤਾਂ ਨਾਲ ਮਰਦ ਪ੍ਰਧਾਨ ਸਮਾਜ ਵਲੋਂ ਕੀਤੀ ਜਾਂਦੀ ਬੇਇਨਸਾਫੀ ਅਤੇ ਜੁਲਮ ਦੇ ਸੰਦਰਭ ਵਿਚ ਸਾਹਿਰ ਲਿਖਦੇ ਹਨ,
ਮਰਦੋਂ ਕੇ ਲੀਏ ਹਰ ਜੁਲਮ ਰਵਾ
ਔਰਤ ਕੇ ਲੀਏ ਰੋਨਾ ਭੀ ਖਤਾ।
ਮਰਦੋਂ ਕੇ ਲੀਏ ਹਰ ਐਸ਼ ਕਾ ਹੱਕ
ਔਰਤ ਕੇ ਲੀਏ ਜੀਨਾ ਭੀ ਖਤਾ।
ਮਰਦੋਂ ਕੇ ਲੀਏ ਲਾਖੋਂ ਸੇਜੇਂ
ਔਰਤ ਕੇ ਲੀਏ ਬਸ ਏਕ ਚਿਤਾ।
ਪੀੜਤ ਲੜਕੀਆਂ ਨੂੰ ਸਮੇਂ ਸਿਰ ਇਨਸਾਫ ਨਾ ਮਿਲਣਾ, ਯਕੀਨਨ ਸਾਡੇ ਨਿਆਂ ਸਿਸਟਮ ‘ਤੇ ਧੱਬਾ ਹੈ ਅਤੇ ਇਨਸਾਫ ‘ਚ ਹੁੰਦੀ ਦੇਰੀ ਪੀੜਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਵਿਚ ਮਾਯੂਸੀ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਹੱਲਾਸ਼ੇਰੀ ਦਿੰਦਾ ਹੈ। ਪਿਛਲੇ ਸਾਲ ਚਿਮਨੀਆਨੰਦ ਵਾਲੇ ਕੇਸ ਵਿਚ ਵਿਦਿਆਰਥਣ ਨਾਲ ਜੋ ਹੋਇਆ, ਉਸ ਬਾਰੇ ਸਾਰੇ ਹੀ ਭਲੀਭਾਂਤ ਜਾਣਦੇ ਹਨ। ਅਜਿਹੇ ਹਾਲਾਤ ਕਾਰਨ ਅੱਜ ਕਿੰਨੀਆਂ ਪੀੜਤ ਲੜਕੀਆਂ ਆਪਣੇ ਨਾਲ ਹੋਏ ਸੋਸ਼ਣ ‘ਤੇ ਚੁੱਪ ਧਾਰ ਲੈਂਦੀਆਂ ਹਨ।
ਬੇਸ਼ੱਕ ਸਰਕਾਰ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਨਾਅਰੇ ਲਾਏ ਜਾਂਦੇ ਹਨ, ਪਰ ਕੁਝ ਵਿਦਿਅਕ ਸੰਸਥਾਵਾਂ ‘ਚ ਜਿਸ ਤਰ੍ਹਾਂ ਲੜਕੀਆਂ ਨਾਲ ਭੇਦਭਾਵ ਕੀਤਾ ਜਾਂਦਾ ਹੈ, ਉਸ ਨੂੰ ਵੇਖਦਿਆਂ ਲੱਗਦਾ ਹੈ ਕਿ ਜਿਵੇਂ ਇਹ ਉਕਤ ਨਾਅਰਿਆਂ ਨੂੰ ਦੰਦੀਆਂ ਚਿੜਾ ਰਹੇ ਹੋਣ। ਘਟਨਾ ਗੁਜਰਾਤ ਦੇ ਇਕ ਇੰਸਟੀਚਿਊਟ ਦੀ ਹੈ, ਜਿੱਥੇ ਇਕ ਪ੍ਰਿੰਸੀਪਲ ਨੇ 68 ਵਿਦਿਆਰਥਣਾਂ ਦੇ ਕੱਪੜੇ ਸਿਰਫ ਇਹ ਜਾਣਨ ਲਈ ਲੁਹਾਏ ਕਿ ਪਤਾ ਲਾਇਆ ਜਾ ਸਕੇ ਕਿ ਸੈਨੇਟਰੀ ਪੈਡ ਕਿਸ ਕੁੜੀ ਨੇ ਸੁੱਟਿਆ ਸੀ। ਇਹ ਗੱਲ ਵੀ ਸਾਹਮਣੇ ਆਈ ਕਿ ਉਕਤ ਇੰਸਟੀਚਿਊਟ ‘ਚ ਪੜ੍ਹਦੀਆਂ ਕੁੜੀਆਂ ਨੂੰ ਜਦੋਂ ਵੀ ਮਹਾਮਾਰੀ ਆਉਂਦੀ ਹੈ ਤਾਂ ਉਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਵਾਸਤੇ ਕੁਝ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਵੇਂ ਲੜਕੀਆਂ ਨੂੰ ਹੋਸਟਲ ਦੀ ਥਾਂ ਬੇਸਮੈਂਟ ਵਿਚ ਰਹਿਣਾ ਪੈਂਦਾ ਹੈ, ਉਹ ਰਸੋਈ ਵਿਚ ਨਹੀਂ ਵੜ ਸਕਦੀਆਂ ਤੇ ਪੂਜਾ ਆਦਿ ਨਹੀਂ ਕਰ ਸਕਦੀਆਂ। ਕਲਾਸਾਂ ਵਿਚ ਵੀ ਪਿਛਲੇ ਬੈਂਚਾਂ ‘ਤੇ ਬੈਠਣਾ ਪੈਂਦਾ ਹੈ।
ਜਿਥੋਂ ਤੱਕ ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਸਵਾਲ ਹੈ, ਅੱਜ ਇਹ ਅਦਾਰੇ ਵੀ ਲੜਕੀਆਂ ਲਈ ਸੁਰੱਖਿਅਤ ਨਹੀਂ ਹਨ। ਪਿਛਲੇ ਦਿਨੀਂ ਅਜਿਹੀ ਹੀ ਇਕ ਖਬਰ ਨੇ ਸਾਡੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਅਨੁਸਾਰ ਗਾਰਗੀ ਗਰਲਜ਼ ਹੋਸਟਲ ਵਿਖੇ ਗੁੰਡਾ ਅਨਸਰਾਂ ਨੇ ਲੜਕੀਆਂ ਦੀਆਂ ਛਾਤੀਆਂ ਨੂੰ ਮਧੋਲਿਆ ਤੇ ਸਤਨਾਂ ਨੂੰ ਨੋਚਿਆ ਅਤੇ ਕੱਪੜੇ ਫਾੜੇ ਗਏ। ਇਥੋਂ ਤਕ ਕਿ ਬਾਥਰੂਮਾਂ ਵਿਚ ਬੰਦ ਕਰਕੇ ਉਨ੍ਹਾਂ ਸਾਹਮਣੇ ਹਸਤਮੈਥੁਨ ਕੀਤਾ ਗਿਆ। ਸਾਹਿਰ ਲੁਧਿਆਣਵੀ ਲਿਖਦਾ ਹੈ,
ਜਿਨ ਸੀਨੋਂ ਨੇ ਉਨਹੇ ਦੂਧ ਦੀਆ,
ਉਨ ਸੀਨੋਂ ਕਾ ਵਿਓਪਾਰ ਕੀਆ।
ਜਿਸ ਕੋਖ ਮੇਂ ਉਨਕਾ ਜਿਸਮ ਢਲਾ,
ਉਸ ਕੋਖ ਕਾ ਕਾਰੋਬਾਰ ਕੀਆ।
ਜਿਸ ਤਨ ਸੇ ਉਗੇ ਕੌਂਪਲ ਬਨ ਕਰ,
ਉਸ ਤਨ ਕੋ ਜ਼ਲੀਲ-ਓ-ਖੁਆਰ ਕੀਆ।
ਇਸ ਤੋਂ ਪਹਿਲਾਂ ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਦੀਆਂ ਵਿਦਿਆਰਥਣਾਂ ਨਾਲ ਪੁਲਿਸ ਨੇ ਜੋ ਦੁਰਵਿਹਾਰ ਕੀਤਾ, ਉਸ ਨੂੰ ਪੂਰੀ ਦੁਨੀਆਂ ਨੇ ਹੀ ਵੇਖਿਆ। ਇਸ ਸੰਦਰਭ ਵਿਚ ਯੂਨੀਵਰਸਿਟੀ ਵਿਦਿਆਰਥਣਾਂ ਦੇ ਸੰਗਠਨ ਨੇ ਪੁਲਿਸ ‘ਤੇ ਤਸ਼ੱਦਦ ਦੇ ਗੰਭੀਰ ਦੋਸ਼ ਲਾਏ ਸਨ। ਇਸ ਤੋਂ ਪਹਿਲਾਂ ਅਜਿਹਾ ਕੁਝ ਹੀ ਜੇ. ਐਨ. ਯੂ. ‘ਚ ਵਾਪਰਿਆ। ਉਥੇ ਵੀ ਗੁੰਡਾ ਅਨਸਰਾਂ ਨੇ ਯੂਨੀਵਰਸਿਟੀ ਕੈਂਪਸ ਵਿਚ ਜਾ ਕੇ ਵਿਦਿਆਰਥਣਾਂ ਦੀ ਕੁੱਟਮਾਰ ਕੀਤੀ ਸੀ।
ਪਿਛਲੇ ਦਿਨੀਂ ਜਿਸ ਇਕ ਹੋਰ ਘਟਨਾ ਨੇ ਰੌਂਗਟੇ ਖੜ੍ਹੇ ਕਰ ਦਿੱਤੇ, ਉਹ ਸੀ 14 ਦਿਨ ਦੀ ਜੇਲ੍ਹ ਕੱਟ ਕੇ ਆਈ ਇਕ ਉਸ ਵਿਧਵਾ ਮਾਂ ਦੀ ਕਹਾਣੀ, ਜਿਸ ਦਾ ਕੋਈ ਜੁਰਮ ਨਹੀਂ ਸੀ। ਉਸ ਨੂੰ ਦੇਸ਼ ਧ੍ਰੋਹ ਦੇ ਮੁਕਦਮੇ ਵਿਚ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ। ਉਸ ਦਾ ਜੁਰਮ ਸਿਰਫ ਇਹ ਸੀ ਕਿ ਬਿਦਰ (ਕਰਨਾਟਕ) ਦੇ ਸ਼ਾਹੀਨ ਸਕੂਲ ਵਿਚ ਬੱਚਿਆਂ ਵਲੋਂ ਸੀ. ਏ. ਏ., ਐਨ. ਆਰ. ਸੀ. ਅਤੇ ਐਨ. ਪੀ. ਆਰ. ਦੇ ਵਿਰੋਧ ਵਿਚ ਇੱਕ ਡਰਾਮਾ ਕੀਤਾ ਗਿਆ ਸੀ, ਜਿਸ ਵਿਚ ਉਸ ਦੀ ਬੇਟੀ ਨੇ ਹਿੱਸਾ ਲਿਆ ਸੀ। ਬੱਚੀ ਦੀ ਮਾਂ ਵਿਰੁਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰ ਕੇ ਉਸ ਨੂੰ ਬੱਚੀ ਤੋਂ ਜੁਦਾ ਕਰਦਿਆਂ 14 ਦਿਨਾਂ ਲਈ ਹਿਰਾਸਤ ਵਿਚ ਭੇਜ ਦਿੱਤਾ ਗਿਆ। ਅਖੀਰ ਵਿਚ ਸਾਹਿਰ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਮੈਂ ਆਪਣੀ ਗੱਲ ਮੁਕਾਵਾਂਗਾ,
ਔਰਤ ਸੰਸਾਰ ਕੀ ਕਿਸਮਤ ਹੈ
ਫਿਰ ਭੀ ਤਕਦੀਰ ਕੀ ਬੇਟੀ ਹੈ।
ਅਵਤਾਰ ਪੈਗੰਬਰ ਜਨਤੀ ਹੈ
ਫਿਰ ਭੀ ਸ਼ੈਤਾਨ ਕੀ ਬੇਟੀ ਹੈ।
ਯੇਹ ਵੋਹ ਬਦਕਿਸਮਤ ਮਾਂ ਹੈ
ਜੋ ਬੇਟੋਂ ਕੀ ਸੇਜ ਪੇ ਲੇਟੀ ਹੈ।