ਗੁਲਜ਼ਾਰ ਸਿੰਘ ਸੰਧੂ
ਪਿਛਲੇ ਹਫਤੇ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਰੰਧਾਵਾ ਆਡੀਟੋਰੀਅਮ ਵਿਚ ਬਨਿੰਦਰਜੀਤ ਬੰਨੀ ਦੇ ਥਿਏਟਰ ਗਰੁਪ ‘ਇੰਪੈਕਟ ਆਰਟਸ’ ਵਲੋਂ ਚਾਰ ਰੋਜ਼ਾ ਨਾਟ ਉਤਸਵ ਰਚਾਇਆ ਗਿਆ, ਜਿਸ ਵਿਚ ਚਾਰ ਹਟਵੇਂ ਤੇ ਵਧੀਆ ਨਾਟਕਾਂ-ਸਾਹਬ ਸਿੰਘ ਦਾ ‘ਵੈਜਾਈਨਾ ਟਾਕ’, ਆਤਮਜੀਤ ਦਾ ‘ਰਿਸ਼ਤਿਆਂ ਦਾ ਕੀ ਰਖੀਏ ਨਾਂ’, ਅਜਮੇਰ ਔਲਖ ਦਾ ‘ਝਨਾਂ ਦੇ ਪਾਣੀ’ ਅਤੇ ਵੀਨਾ ਵਰਮਾ ਦਾ ‘ਮੈਂ ਹੁਣ ਸੈੱਟ ਹਾਂ’ ਦਾ ਮੰਚਨ ਹੋਇਆ। ਸਆਦਤ ਹਸਨ ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਦੀ ਪੈੜ ਨੱਪਣ ਵਾਲੇ ਨਾਟਕ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਰਾਹੀਂ ਭਾਰਤ ਦੀ ਮੌਜੂਦਾ ਵੰਡ ਪਊ ਸਥਿਤੀ ਦੇ ਭਿਆਨਕ ਨਤੀਜੇ ਪੇਸ਼ ਕਰਨ ਸਦਕਾ ਸਮੇਂ ਦੀ ਲੋੜ ਉਤੇ ਪੂਰਾ ਉਤਰਦਾ ਹੈ। ਇਸ ਵਿਚ ਪੂਰੀ ਵੱਸੋਂ ਨੂੰ ਪਾਗਲਖਾਨੇ ਦਾ ਰੂਪ ਦੇ ਕੇ ਇਸ ਦੇ ਪਾਤਰਾਂ ਨੂੰ ਧਰਤੀ ਤੋਂ ਏਨੇ ਉਖੜੇ ਤੇ ਉਲਝੇ ਦਿਖਾਇਆ ਗਿਆ ਹੈ ਕਿ 1947 ਦੀ ਦੇਸ਼ ਵੰਡ ਨੇ ਉਨ੍ਹਾਂ ਨੂੰ ਉਕਾ ਹੀ ਜੜ੍ਹਹੀਣ ਤੇ ਨਿਥਾਂਵੇਂ ਕਰ ਛੱਡਿਆ ਸੀ।
ਸੰਨ ਸੰਤਾਲੀ ਦੇ ਸੱਤ ਦਹਾਕੇ ਪੁਰਾਣੇ ਪਾਗਲਪਨ ਨੂੰ ਦਰਸਾ ਕੇ ਦੇਸ਼ ਵਾਸੀਆਂ ਨੂੰ ਵੰਡੀਆਂ ਤੋਂ ਪੈਦਾ ਹੋਣ ਵਾਲੇ ਵਹਿਸ਼ੀਪਨ ਤੋਂ ਚੇਤੰਨ ਕਰਨਾ ਇਸ ਦਾ ਮੂਲ ਮੰਤਵ ਹੈ।
ਵੈਜਾਈਨਾ ਟਾਕ ਭਾਵ ‘ਯੋਨੀ ਚਰਚਾ’ ਸਿਰਫ ਇਸ ਲਈ ਹਟਵਾਂ ਤੇ ਪ੍ਰਭਾਵੀ ਨਹੀਂ ਕਿ ਇਸ ਵਿਚਲੀ ਚਰਚਾ ਵਾਂਗ ਉਹ ਨਾਟਕ ਪਹਿਲਾਂ ਹੀ ਸਮੇਂ ਦੀ ਕਸਵੱਟੀ ਉਤੇ ਪੂਰਾ ਉਤਰ ਚੁੱਕੇ ਹਨ। ‘ਯੋਨੀ ਚਰਚਾ’ ਦਾ ਵਿਸ਼ਾ ਅਛੂਤਾ ਹੀ ਨਹੀਂ, ਸਮੇਂ ਦੀ ਲੋੜ ਪੂਰੀ ਕਰਦਾ ਹੋਣ ਕਾਰਨ ਮਹੱਤਵ ਰਖਦਾ ਹੈ। ਬਿਜਲਈ ਤੇ ਪ੍ਰਿੰਟ ਮੀਡੀਆ ਹਰ ਆਏ ਦਿਨ ਇਸ ਦੇ ਗੰਭੀਰ ਤੇ ਵਹਿਸ਼ੀ ਨਤੀਜਿਆਂ ਨੂੰ ਉਘਾੜਦਾ ਹੈ। ਵੈਜਾਈਨਾ ਟਾਕ ਦਾ ਕਲਾਤਮਕ ਰੂਪ ਸਾਹਮਣੇ ਆਉਣਾ ਸਰਬ-ਵਿਆਪਕ ਹੋਵੇ ਨਾ ਹੋਵੇ, ਪ੍ਰਭਾਵੀ ਹੈ।
ਜਿਥੋਂ ਤੱਕ ਮਲਿਕਾ ਸਿੰਘ ਦਾ ਸਵਾਲ ਹੈ, ਉਹ ਕੋਮਲ ਕਲਾਵਾਂ ਦੇ ਵਿਸ਼ੇ ਦੀ ਗਰੈਜੂਏਟ ਹੈ, ਪਰ ਅਦਾਕਾਰੀ ਉਸ ਨੂੰ ਪਿਤਾ ਸਾਹਿਬ ਸਿੰਘ ਤੇ ਮਾਂ ਰੋਜ਼ੀ ਤੋਂ ਵਿਰਸੇ ਵਿਚ ਮਿਲੀ ਹੈ। ਉਹ ਜੀਵਨ ਵਿਚ ਕਿਥੋਂ ਕਿੱਥੇ ਪਹੁੰਚਦੀ ਹੈ, ਸਮੇਂ ਨੇ ਦੱਸਣਾ ਹੈ!
ਬਨਿੰਦਰਜੀਤ ਬੰਨੀ ਦੇ ਇੰਪੈਕਟ ਆਰਟਸ ਦਾ ਇੰਪੈਕਟ ਜਿੰਦਾਬਾਦ!
ਇਤਿਹਾਸਕ ਤੇ ਮਿਥਿਹਾਸਕ ਪ੍ਰਮਾਣ ਦੇ ਕੇ ਮੌਜੂਦਾ ਭਾਈਚਾਰੇ ਦੀ ਬਲਾਤਕਾਰੀ ਸੋਚ ਨੂੰ ਭੰਡਿਆ ਗਿਆ ਹੈ। ਇਸ ਦੀ ਪੇਸ਼ਕਾਰੀ ਏਨੀ ਪ੍ਰਚੰਡ ਹੈ ਕਿ ਦਰਸ਼ਕ ਤੇ ਸਰੋਤੇ ਬੁਰੀ ਤਰ੍ਹਾਂ ਕੀਲੇ ਜਾਂਦੇ ਹਨ। ਸਾਹਿਬ ਸਿੰਘ ਦੀ ਬਾਲਗ ਬੇਟੀ ਮਲਿਕਾ ਸਿੰਘ ਦੀ ਅਦਾਕਾਰੀ ਨੇ ਅਜਿਹੀਆਂ ਸਿਖਰਾਂ ਛੂਹੀਆਂ ਹਨ ਕਿ ਉਨ੍ਹਾਂ ਦਾ ਕੋਈ ਜਵਾਬ ਨਹੀਂ। ਮਲਿਕਾ ਦੀ ਗੱਲ ਵਿਸਥਾਰ ਨਾਲ ਕਰਨ ਦਾ ਮਤਲਬ ਇਹ ਨਹੀਂ ਕਿ ਇੰਪੈਕਟ ਆਰਟਸ ਵਲੋਂ ਕਰਵਾਏ ਬਾਕੀ ਨਾਟਕਾਂ ਵਿਚ ਦਮ ਨਹੀਂ, ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ!’
ਪਤਾ ਲਗਦਾ ਹੈ ਕਿ ਕੱਲ੍ਹ ਤੱਕ ਯੋਨੀ ਤੇ ਲਿੰਗ ਦੀ ਗੱਲ ਵਰਜਿਤ ਹੋਣ ਕਾਰਨ ਹੀ ਬਲਾਤਕਾਰ ਬਿਰਤੀ ਨੂੰ ਉਤਸ਼ਾਹ ਮਿਲਦਾ ਰਿਹਾ ਹੈ। ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਦੱਬ ਲੈਣਾ ਹੀ ਇਸ ਦੇ ਨੰਗੇ ਨਾਚ ਦਾ ਕਾਰਨ ਬਣਿਆ ਹੈ। ਚੰਡੀਗੜ੍ਹ ਤੋਂ ਪਹਿਲਾਂ ਦੋ ਵਾਰ ਅੰਮ੍ਰਿਤਸਰ ਦੀ ਪਾਠਸ਼ਾਲਾ ਵਿਚ ਖੇਡੇ ਜਾਣ ਤੋਂ ਪਹਿਲਾਂ ਇਸ ਵਿਸ਼ੇ ਦਾ ਮੰਚਨ ਸ਼ਿਕਾਗੋ (ਅਮਰੀਕਾ) ਤੋਂ ਬਿਨਾ ਪੱਛਮ ਦੇ ਹੋਰ ਸ਼ਹਿਰਾਂ ਵਿਚ ਹੋ ਚੁਕਾ ਹੈ। ਇੱਕ ਯੂ. ਕੇ. ਦੀ ਸ਼ੈਫੀਲਡ ਹੈਲਮ ਯੂਨੀਵਰਸਟੀ ਵਿਚ ਗੈਰਕਾਨੂੰਨੀ ਅਪਰਾਧ ਦੀ ਅਧਿਆਪਕਾ ਮਧੂਮਤੀ ਪਾਂਡੇ ਨੇ ਵੀ ਨਿਰਭੈ ਕਾਂਡ ਤੋਂ ਪਿਛੋਂ ਜੇਲ੍ਹਾਂ ਵਿਚ ਬੰਦ 142 ਦੋਸ਼ੀਆਂ ਨੂੰ ਇੰਟਰਵੀਊ ਕਰਕੇ ਉਨ੍ਹਾਂ ਦੀ ਮਾਨਸਿਕਤਾ ਦੀ ਜੜ੍ਹ ਵੀ ਇਹੀਓ ਲੱਭੀ ਸੀ, ਜੋ ਇਸ ਨਾਟਕ ਵਿਚ ਪੇਸ਼ ਹੈ।
ਸੰਯੁਕਤ ਅਰਬ ਦੇਸ਼ਾਂ ਦੇ ਚਿਹਨ ਚਕਰ: ਯੂਨਾਈਟਿਡ ਅਰਬ ਅਮੀਰਾਤ (ਯੂ. ਏ. ਈ.) ਅਰਬ ਦੇਸ਼ਾਂ ਦਾ ਅਜਿਹਾ ਕੁਟੰਭ ਹੈ, ਜਿਸ ਦੀ ਆਪਣੀ ਵਸੋਂ ਤਾਂ ਸਿਰਫ 15 ਪ੍ਰਤੀਸ਼ਤ ਹੈ, 85 ਪ੍ਰਤੀਸ਼ਤ ਲੋਕ ਬਾਹਰਲੇ ਦੇਸ਼ਾਂ ਤੋਂ ਰੋਜ਼ੀ ਰੋਟੀ ਦੀ ਭਾਲ ਵਿਚ ਉਥੇ ਗਏ ਹੋਏ ਹਨ। ਯੂ. ਏ. ਈ. ਵਿਚ ਕਤਰ, ਸ਼ਾਰਜਾਹ, ਅਦਵਾਹਨ, ਆਬੂ ਧਾਬੀ, ਦੁੱਬਈ, ਦੋਹਾ, ਅਜਮਾਨ ਆਦਿ ਕਈ ਨਿੱਕੇ ਨਿੱਕੇ ਦੇਸ਼ ਹਨ। ਪੰਜਾਬੀ ਲੇਖਿਕਾ ਕਾਨਾ ਸਿੰਘ ਦਾ ਬੇਟਾ ਹਰਦੀਪ ਸਿੰਘ ਆਨੰਤ ਅਜਮਾਨ ਦੇ ਸਿਟੀ ਯੂਨੀਵਰਸਟੀ ਕਾਲਜ ਵਿਚ ਪ੍ਰੋਫੈਸਰ ਹੈ। ਕਾਨਾ ਸਿੰਘ ਪਿਛਲੇ ਹਫਤੇ ਉਥੇ ਜਾ ਕੇ ਆਪਣੇ ਬੇਟੇ ਦੇ ਸ਼ੁਭਚਿੰਤਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀਆਂ ਸਲਾਮਾਂ ਲੈ ਕੇ ਤੇ ਉਥੋਂ ਦੇ ਵਸਨੀਕਾਂ ਦੇ ਚਿਹਨ ਚਕਰ ਨਾਲ ਮਾਲਾ ਮਾਲ ਹੋ ਕੇ ਆਈ ਹੈ।
ਅਜਮਾਨ ਦੇ ਗੁਰਦੁਆਰੇ ਗਈ ਤਾਂ ਪਤਾ ਲੱਗਾ ਕਿ ਇਸ ਦੀ ਉਸਾਰੀ ਦਾ ਬੀੜਾ ਤਾਂ ਸਿੰਧੀ ਸਿੱਖਾਂ ਨੇ ਚੁੱਕਿਆ ਸੀ, ਪਰ ਅਜਮਾਨ ਦੇ ਬਾਦਸ਼ਾਹ ਦਾ ਮਾਇਕ ਯੋਗਦਾਨ ਸਭ ਤੋਂ ਵੱਧ ਸੀ। ਸਾਰੀ ਵਸੋਂ ਇਸ ਨੂੰ ਨਾਨਕ ਦਰਬਾਰ ਕਹਿ ਕੇ ਸਤਿਕਾਰਦੀ ਹੈ। ਕਾਨਾ ਦੇ ਜਾਣ ਤੋਂ ਪਹਿਲਾ ਉਥੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਸੀ।
ਸਾਗਰੀ ਤੱਟ ਨੂੰ ਛੱਡ ਕੇ ਸਾਰੇ ਦਾ ਸਾਰਾ ਇਲਾਕਾ ਰੇਤਲਾ ਹੈ, ਜਿਥੇ ਕੋਈ ਫਸਲ ਨਹੀਂ ਹੁੰਦੀ। 19ਵੀਂ ਸਦੀ ਦੇ ਅੱਧ ਤੱਕ ਲੋਕਾਂ ਦੀ ਰੋਜ਼ੀ ਰੋਟੀ ਦਾ ਸਾਧਨ ਸਮੁੰਦਰੀ ਡਾਕੇ ਸਨ, ਜੋ ਸਮਾਂ ਪਾ ਕੇ ਮੋਤੀ, ਮੱਛੀਆਂ ਫੜਨ ਤੇ ਮਸਾਲਿਆਂ ਦੇ ਵਪਾਰ ਦਾ ਰੂਪ ਧਾਰ ਗਏ। ਸੰਨ 1962 ਤੋਂ ਤੇਲ ਤੇ ਗੈਸ ਦੀ ਲੱਭਤ ਨੇ ਉਨ੍ਹਾਂ ਦੇ ਜੀਵਨ ਵਿਚ ਇਨਕਲਾਬੀ ਤਬਦੀਲੀ ਲਿਆਂਦੀ ਹੈ। ਸੋਨੇ ਦੇ ਰਿੰਮਾਂ ਵਾਲੀਆਂ ਮੋਟਰ ਗੱਡੀਆਂ ਦੇ ਮਾਲਕ ਹੋਣਾ ਇਸ ਦਾ ਸਬੂਤ ਹਨ।
ਰੋਜ਼ੀ ਰੋਟੀ ਲਈ ਉਥੇ ਪਹੁੰਚੀ 85% ਵਸੋਂ ਗੁਜਰਾਤ ਤੇ ਕੇਰਲ ਦੇ ਲੋਕਾਂ ਦੀ ਹੈ, ਜੋ ਵੱਡੀਆਂ ਦੁਕਾਨਾਂ ਤੇ ਫਰਮਾਂ ਦੇ ਮਾਲਕ ਹਨ, ਪਰ ਭਾਰਤੀ ਅਤੇ ਪਾਕਿਸਤਾਨੀ ਪੰਜਾਬੀ ਤੇ ਸਿੰਧੀ ਵੀ ਘਟ ਨਹੀਂ। ਕਾਨਾ ਦੇ ਬੇਟੇ ਹਰਦੀਪ ਦਾ ਕਹਿਣਾ ਹੈ ਕਿ ਜਿੰਨਾ ਇੱਜਤ ਮਾਣ ਸਾਡੇ ਪੰਜਾਬੀਆਂ ਨੇ ਕਮਾਇਆ ਹੈ, ਪਾਕਿਸਤਾਨੀ ਵਸੋਂ ਨਹੀਂ ਕਮਾ ਸਕੀ। ਉਹ ਇਸ ਦਾ ਸਿਹਰਾ ਪੰਜਾਬੀਆਂ ਦੀ ਨੀਅਤ ਰੱਜੀ ਹੋਣ ਦੇ ਸਿਰ ਬੰਨ੍ਹਦਾ ਹੈ। ਕਾਨਾ ਸਿੰਘ ਨੂੰ ਪਿੱਛੇ ਦੀ ਚਿੰਤਾ ਨਾ ਹੁੰਦੀ ਤਾਂ ਉਸ ਨੇ ਪਤਾ ਨਹੀਂ ਕਿੰਨਾ ਸਮਾਂ ਉਥੇ ਰੁਕੀ ਰਹਿਣਾ ਸੀ, ਭਾਵੇਂ ਉਥੋਂ ਦੀ ਰੇਤ ਨੇ ਹਰ ਪਾਸੇ ਸੀਤ ਲਹਿਰ ਵਰਤਾ ਰੱਖੀ ਸੀ। ਇਥੋਂ ਨਾਲੋਂ ਵੀ ਵੱਧ।
ਚੇਤੇ ਰਹੇ, 77,700 ਵਰਗ ਕਿਲੋਮੀਟਰ ਵਿਚ ਵਸਦੇ ਉਥੋਂ ਦੇ 25 ਲੱਖ ਤੋਂ ਵੱਧ ਲੋਕਾਂ ਲਈ ਪੀਣ ਲਈ ਹੀ ਨਹੀਂ, ਖੇਤੀ ਦੇ ਯੋਗ ਕਰਨ ਵਾਸਤੇ ਵੀ ਇਸ ਦੇ ਲੂਣਕੇ ਤੇ ਕੱਲਰੀ ਤੱਤ ਨਿਤਾਰਨੇ ਪੈਂਦੇ ਹਨ, ਜਿਸ ਦਾ ਜੁਗਾੜ ਸਭ ਛੋਟੇ-ਵੱਡੇ ਦੇਸ਼ਾਂ ਨੇ ਕਰ ਰੱਖਿਆ ਹੈ। ਕਮਾਲ ਹੀ ਕਮਾਲ!
ਅੰਤਿਕਾ: ਹਰਦਿਆਲ ਸਾਗਰ
ਬਹੁਤ ਮੈਲੇ ਰਸਤਿਆਂ ਰਾਹੀਂ ਤੂੰ ਕੀਤਾ ਹੈ ਸਫਰ,
ਇੱਕ ਸਮੁੰਦਰ ਨੇ ਨਦੀ ਦੇ ਪੈਰ ਧੋ ਕੇ ਆਖਿਆ।