ਇਸ ਵਾਰ ਕੋਰੀਅਨ ਫਿਲਮ ‘ਪੈਰਾਸਾਈਟ’ ਨੇ ਚਾਰ ਆਸਕਰ ਇਨਾਮ ਜਿੱਤੇ ਹਨ। ਇਹ ਫਿਲਮ ਕੁੱਲ ਛੇ ਇਨਾਮਾਂ ਲਈ ਨਾਮਜ਼ਦ ਹੋਈ ਸੀ। ਇਹ ਫਿਲਮ ਅੱਜ ਦੇ ਸੰਸਾਰ ਸਿਸਟਮ ਦੀਆਂ ਕਈ ਪਰਤਾਂ ਫਰੋਲਦੀ ਹੈ। ਇਸ ਫਿਲਮ ਬਾਰੇ ਅਸੀਂ ਡਾ. ਕੁਲਦੀਪ ਕੌਰ ਦੀ ਇਹ ਅਹਿਮ ਟਿੱਪਣੀ ਛਾਪ ਰਹੇ ਹਾਂ।
-ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330
ਆਪਣੀ ਪਹਿਲੀ ਫਿਲਮ ‘ਦਿ ਬਾਰਕਿੰਗ ਡੌਗਜ਼ ਨੇਵਰ ਬਾਈਟਜ਼’ (ਭੌਂਕਣ ਵਾਲੇ ਕੁੱਤੇ ਵੱਢਦੇ ਨਹੀਂ, ਸਾਲ 2000 ਵਿਚ ਬਣਾਈ) ਰਾਹੀਂ ਫਿਲਮਸਾਜ਼ ਬੌਂਗ ਜੂਨ-ਹੋ ਆਪਣੀ ਫਿਲਮੀ ਇਬਾਰਤ ਦਾ ਪਹਿਲਾ ਸਫਾ ਖੋਲ੍ਹਦਾ ਹੈ। ਉਸ ਦੀ ਫਿਲਮ ਦਾ ਵਿਸ਼ਾ ਗਲੀ-ਮੁਹੱਲਿਆਂ ਵਿਚ ਭਟਕਦੇ ਅਵਾਰਾ ਕੁੱਤਿਆਂ ਦੇ ਭੌਂਕਣ ਦਾ ਨਿੱਘਰ ਰਹੀਂ ਅਰਥ-ਵਿਵਸਥਾ ਅਤੇ ਗਰਕ ਹੋ ਚੁੱਕੀ ਸਮਾਜਿਕ ਚੇਤਨਾ ਵਿਚਲੀਆਂ ਸੁਰਾਂ ਅਤੇ ਤੰਦਾਂ ਦੇ ਆਧੁਨਿਕ ਦਵੰਦਾਂ ‘ਤੇ ਆਧਾਰਿਤ ਸੀ। ਫਿਲਮ ਵਿਚ ਪ੍ਰੋਫੈਸਰ ਲੱਗਣ ਦੀ ਝਾਕ ਵਿਚ ਬੈਠਾ ਬੇਰੁਜ਼ਗਾਰ ਮੁੰਡਾ ਕੁੱਤਿਆਂ ਦੇ ਭੌਂਕਣ ਤੋਂ ਇੰਨਾ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਉਹ ਉਨ੍ਹਾਂ ਨੂੰ ਅਗਵਾ ਕਰਕੇ ਘਰਾਂ ਦੀਆਂ ਅਲਮਾਰੀਆਂ ਵਿਚ ਬੰਦ ਕਰਨ ਲੱਗ ਪੈਂਦਾ ਹੈ। ਫਿਲਮ ਵਿਚ ਮਾਰੇ ਗਏ ਕੁੱਤਿਆਂ ਦੇ ਮੀਟ ਦੀ ਚੋਰੀ ਅਤੇ ਬੰਦਿਆਂ ਤੇ ਕੁੱਤਿਆਂ ਦੇ ਗੋਸ਼ਤ ਦੀ ਭੁੱਖ ਦਾ ਚਿਤਰਨ ਦਹਿਲਾਉਣ ਵਾਲਾ ਹੈ।
ਆਪਣੀ ਦੂਜੀ ਫਿਲਮ ‘ਮੈਮਰੀਜ਼ ਆਫ ਏ ਮਰਡਰ’ (ਕਤਲ ਦੀਆਂ ਯਾਦਾਂ, ਸਾਲ 2003) ਲਈ ਬੌਂਗ ਜੂਨ-ਹੋ ਅਜਿਹੀ ਜੁਰਮ ਆਧਾਰਿਤ ਪਟਕਥਾ ਦੀ ਚੋਣ ਕਰਦਾ ਹੈ ਜਿਸ ਵਿਚ 1986 ਤੋਂ 1991 ਤੱਕ ਦੱਖਣੀ ਕੋਰਆ ਦੇ ਇਕ ਦਿਹਾਤੀ ਖਿੱਤੇ ਵਿਚ ਔਰਤਾਂ ਦੇ ਬੇਰਹਿਮੀ ਨਾਲ ਕੀਤੇ ਗਏ ਕਤਲਾਂ ਦੀ ਜਾਂਚ ਦਾ ਖੁਲਾਸਾ ਹੈ। ਇਸ ਫਿਲਮ ਬਾਰੇ ਲਿਖਦਿਆਂ ਦੱਖਣੀ ਕੋਰੀਆ ਦੇ ਫਿਲਮ ਮੈਗਜ਼ੀਨ ‘ਮਾਡਰਨ ਕੋਰੀਅਨ ਸਿਨੇਮਾ’ ਨੇ ਟਿੱਪਣੀ ਕੀਤੀ ਸੀ: “ਮੌਜੂਦਾ ਦੱਖਣੀ ਕੋਰਿਆਈ ਸਿਨੇਮਾ ਵਿਚ ਤਾਜ਼ਾ ਰੁਝਾਨ ਇਕੋਂ ਕਹਾਣੀ ਦੀਆਂ ਅਣਦਿਸਦੀਆਂ ਪਰਤਾਂ ਨੂੰ ਨਸ਼ਰ ਕਰਨਾ ਹੈ। ਸਮਾਜਿਕ ਅਤੇ ਮਨੋਵਿਗਿਆਨਕ ਸਚਾਈਆਂ ਬਿੰਬਾਂ ਨੂੰ ਚਿੰਨ੍ਹਾਂ ਅਤੇ ਤਕਨੀਕ ਰਾਹੀਂ ਆਧੁਨਿਕ ਅਤੇ ਸੁਹਜਮਈ ਦ੍ਰਿਸ਼ਾਂ ਵਿਚ ਤਬਦੀਲ ਕਰਦਾ ਇਹ ਸਿਨੇਮਾ ਆਧੁਨਿਕ ਸਮਿਆਂ ਦੀ ਨਬਜ਼ ਫੜਦਾ ਹੈ।”
ਫਿਲਮ ‘ਮੈਮਰੀਜ਼ ਆਫ ਮਰਡਰ’ ਦਾ ਸਭ ਤੋਂ ਤਰਾਸਦਿਕ ਪਹਿਲੂ ਕਤਲਾਂ ਤੋਂ ਬਾਅਦ ਪੁਲਿਸ ਮਹਿਕਮੇ ਦੀ ਨਾ-ਅਹਿਲੀਅਤ ਅਤੇ ਸਥਾਨਕ ਲੋਕਾਂ ਦੀ ਅਲਹਿਦਗੀ ਹੈ। ਸ਼ਾਂਤ, ਸੁਹਣੇ ਤੇ ਖੂਬਸੂਰਤ ਨਜ਼ਾਰਿਆਂ ਨਾਲ ਭਰੇ ਸਥਾਨਾਂ ਉਪਰ ਕੁੜੀਆਂ ਦੀਆਂ ਲਹੂ-ਲੁਹਾਣ ਲਾਸ਼ਾਂ ਮਿਲਣ ਦਾ ਦ੍ਰਿਸ਼ ਦੱਖਣੀ ਕੋਰੀਆ ਤੋਂ ਭਾਰਤ ਤੱਕ ਲਹੂ ਦੀ ਬਦਬੂਦਾਰ ਲੀਕ ਖਿੱਚਦਾ ਚਲਾ ਜਾਂਦਾ ਹੈ। ਜਿਵੇਂ ਤੀਜੀ ਦੁਨੀਆਂ ਵਿਚ ਵਾਪਰਦੀਆਂ ਇਨਸਾਫ ਤੇ ਜੁਰਮ ਦੀਆਂ ਤਰਾਸਦੀਆਂ ਨਾਲ ਹੁੰਦਾ ਹੈ, ਪਿੰਡ ਦੇ ਸਭ ਤੋਂ ਕਮਜ਼ੋਰ ਤੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਮੁੰਡੇ ਉਤੇ ਕਾਨੂੰਨ ਦਾ ਡੰਡਾ ਸਭ ਤੋਂ ਪਹਿਲਾਂ ਵੱਜਦਾ ਹੈ। ਜੁਰਮ ਵਾਲੀ ਥਾਂ ਉਤੇ ਸਬੂਤ ਇਕੱਠੇ ਕਰਦਿਆਂ-ਕਰਦਿਆਂ ਪੁਲਿਸ ਜਾਂਚ ਦੇ ਬਖੀਏ ਉਧੜ ਜਾਂਦੇ ਹਨ ਪਰ ਲੋਕਾਂ ਨੂੰ ਫਿਰ ਵੀ ਕੋਈ ਫਰਕ ਨਹੀਂ ਪੈਂਦਾ। ਫਿਲਮ ਚਿੰਤਕ ਪਾਰਸੀ ਕੋਨਰਾਨ ਲਿਖਦਾ ਹੈ, “ਬੌਂਗ ਫਿਲਮ ਵਿਚ ਹਾਲੀਵੁਡ ਸਿਨੇਮਾ ਦੀ ਫਾਰਮੂਲਾ ਲੀਹ ਜਿਸ ਵਿਚ ਹਕੀਕਤਾਂ ਤੇ ਸਚਾਈ ਨੂੰ ਦਰਕਿਨਾਰ ਕਰਕੇ ਸਟਾਈਲ ਉਤੇ ਜ਼ੋਰ ਦੇਣ ਦੀ ਪਿਰਤ ਹੈ, ਨੂੰ ਸਿੱਧਾ ਟੱਕਰਦਾ ਹੈ ਅਤੇ ਇਸ ਨੂੰ ਤਕਰੀਬਨ ਮਜ਼ਾਕੀਆ ਬਣਾ ਧਰਦਾ ਹੈ।”
ਵਿਦੇਸ਼ੀ ਭਾਸ਼ਾ ਦੀ ਸ਼੍ਰੇਣੀ ਵਿਚ ਆਸਕਰ ਜਿੱਤਣ ਵਾਲੀ ਪਹਿਲੀ ਫਿਲਮ ‘ਪੈਰਾਸਾਈਟ’ ਬੌਂਗ ਜੂਨ-ਹੋ ਦੀ ਆਪ-ਬੀਤੀ ਤੇ ਹੱਡ-ਬੀਤੀ ਦਾ ਮਿਲਗੋਭਾ ਹੈ। ਆਪਣੇ ਵੀਹਵੇਂ ਵਰ੍ਹੇ ਵਿਚ ਬੌਂਗ ਜੂਨ-ਹੋ ਨੇ ਆਪਣੀ ਬਸਤੀ ਦੇ ਇਕ ਅਮੀਰਜ਼ਾਦੇ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਲਈ। ਇਸ ਫਿਲਮ ਨੂੰ ਉਹ ਕਲਾ ਜਾਂ ਪਾਪੂਲਰ ਦੀ ਚਲੰਤ ਸ਼੍ਰੇਣੀ ਜਾਂ ਪ੍ਰੀਭਾਸ਼ਾ ਵਿਚ ਵੰਡਣ ਦੀ ਥਾਂ ‘ਪੌੜੀਆਂ ਦੀ ਫਿਲਮ’ ਕਹਿਣਾ ਜ਼ਿਆਦਾ ਪਸੰਦ ਕਰਦਾ ਹੈ। ਇਹ ਪੌੜੀਆਂ ਸਰਵ-ਵਿਆਪਕ ਹਨ। ਗਲੋਬਲੀ ਸਿਆਸਤ ਦੇ ਵਰਤਾਰੇ ਦੀਆਂ ਪਰਤਾਂ ਪੜ੍ਹੀਏ ਤਾਂ ‘ਪਹਿਲੀ ਦੁਨੀਆ’ ਅਤੇ ‘ਤੀਜੀ ਦੁਨੀਆ’ ਦੀ ਹਕੀਕਤ ਜੱਗ ਜ਼ਾਹਿਰ ਹੈ। ਬੌਂਗ ਦੀ ਫਿਲਮ ਵਿਚ ਪੌੜੀਆਂ ਦੇ ‘ਉਪਰ ਦੀ ਦੁਨੀਆ’ ਅਤੇ ‘ਥੱਲੇ ਦੀ ਦੁਨੀਆ’ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਜ਼ਮੀਨ ਤੇ ਆਸਮਾਨ, ਦੋਵਾਂ ਧਰਾਤਲਾਂ ‘ਤੇ ਵੱਸਦੇ ਲੋਕਾਂ ਦੀ ਦੁਨੀਆ ਦੇ ਥੱਲੇ ਵੀ ਇਕ ਦੁਨੀਆ ਹੈ। ਫਿਲਮਸਾਜ਼ ਉਪਰਲੀ ਤੇ ਹੇਠਲੀ ਦੁਨੀਆ ਦੀ ਮੁੱਠਭੇੜ ਉਸ ਦੁਨੀਆ ਵਿਚ ਕਰਵਾਉਂਦਾ ਹੈ ਜਿਥੋਂ ਨਾ ਜ਼ਮੀਨ ਪੂਰੀ ਦਿਸਦੀ ਹੈ, ਨਾ ਆਸਮਾਨ। ਬੌਂਗ ਜੂਨ-ਹੋ ਸਮਾਜਿਕ ਵਿਤਕਰੇ ਅਤੇ ਖਾਈਆਂ ਦੀ ਨਿਸ਼ਾਨਦੇਹੀ ਕਰਨ ਲਈ ‘ਖੁਸ਼ਬੂ/ਬਦਬੂ’ ਦਾ ਅਨੋਖਾ ਮੈਟਾਫਰ ਵਰਤਦਾ ਹੈ।
ਇਹ ਫਿਲਮ ਦੇਖਦਿਆਂ ਰੂਸੀ ਫਿਲਮ ‘ਆਇਕਾ’ (2018) ਦਿਮਾਗ ਵਿਚ ਚੱਲਣ ਲੱਗਦੀ ਹੈ। ਸਰਗੇਈ ਦੀਵੋਰਸੀਵੋਏ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੀ ਮੁੱਖ ਕਿਰਦਾਰ ਜਲਾਵਤਨੀ ਕਾਰਨ ਸ਼ਰਨਾਰਥੀ ਵਜੋਂ ਮਾਸਕੋ ਵਿਚ ਜਾ ਉਤਰੀ ਹੈ, ਜਿਥੇ ਉਹ ਆਪਣੀ ਹੋਂਦ ਬਚਾਉਣ ਲਈ ਲਗਾਤਾਰ ਇਕ ਤੋਂ ਦੂਜੀ ਨੌਕਰੀ, ਇਕ ਤੋਂ ਦੂਜੇ ਬਾਜ਼ਾਰ ਅਤੇ ਇਕ ਤੋਂ ਦੂਜੇ ਘਰ ਭਟਕਦੀ ਹੈ। ਸੰਸਾਰ ਪੱਧਰ ‘ਤੇ ਰਿਫਿਊਜ਼ੀਆਂ ਦੀ ਤਰਾਸਦੀ ਦੀ ਜਿੰਨੀ ਬਾਰੀਕ ਪੇਸ਼ਕਾਰੀ ਇਸ ਫਿਲਮ ਵਿਚ ਹੋਈ ਹੈ, ਉਹ ਕਾਬਿਲ-ਏ-ਤਾਰੀਫ ਹੈ।
ਫਿਲਮ ‘ਪੈਰਾਸਾਈਟ’ ਦੇਖਦਿਆਂ ਵਾਰ-ਵਾਰ ਦਿਮਾਗ ਵਿਚ ਇਹ ਵਿਚਾਰ ਘੁੰਮਦਾ ਰਿਹਾ ਕਿ ਪੂੰਜੀਵਾਦ ਰੂਪੀ ਹਾਥੀਆਂ ਦੇ ਕੁਨਬੇ ਅੱਗੇ ਅੰਨ ਦੀ ਰਹਿੰਦ-ਖੂੰਹਦ ਬਚਾਉਣ ਵਿਚ ਰੁਝੀਆਂ ਕੀੜੀਆਂ ਦੀ ਕੀ ਬਿਸਾਤ ਹੈ? ਹਾਥੀਆਂ ਲਈ ਤਾਂ ਕੀੜੀਆਂ ਦੀ ਹੋਂਦ ਹੀ ਮਾਇਨੇ ਨਹੀਂ ਰੱਖਦੀ। ਦੱਖਣੀ ਕੋਰੀਆ ਵਾਂਗ ਸਾਡੇ ਮੁਲਕ, ਭਾਰਤ ਦੇ ਹਜ਼ਾਰਾਂ ਘਰਾਂ ਵਿਚ ਜਿਉਣ ਦੀ ਜਦੋ-ਜਹਿਦ ਕਦੋਂ ਜਾਅਲਸਾਜ਼ੀ ਦੀ ਤਿਕੜਮਬਾਜ਼ੀ ਅਤੇ ਜ਼ੁਲਮ ਦੀ ਦਲਦਲ ਵਿਚ ਵਟ ਜਾਂਦੀ ਹੈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਲੇਖਕ ਜੇਮਜ਼ ਸਕਾਟ ਲਿਖਦਾ ਹੈ ਕਿ ਜਾਅਲਸਾਜ਼ੀ, ਧੋਖਾਧੜੀ ਅਤੇ ਜ਼ੁਲਮ, ਇਹ ਵੀ ਕਿਤੇ ਨਾ ਕਿਤੇ ਦੱਬਿਆ-ਕੁਚਲਿਆਂ ਲਈ ਵਿਰੋਧ ਅਤੇ ਆਪਣੀ ਹੋਂਦ ਦਾ ਐਲਾਨ ਕਰਨ ਦਾ ਜ਼ਰੀਆ ਬਣ ਜਾਂਦੇ ਹਨ। ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਆਪਣੀ ਇਕ ਕਵਿਤਾ ਵਿਚ ਲਿਖਦੇ ਹਨ, ‘ਜੇ ਸੋਕਾ ਇਹ ਹੀ ਸੜਦੇ ਨੇ, ਜੋ ਡੋਬਾ ਇਹ ਹੀ ਮਰਦੇ ਨੇ, ਸਭ ਕਹਿਰ ਇਨ੍ਹਾਂ ‘ਤੇ ਵਰ੍ਹਦੇ ਨੇ, ਜਿਥੇ ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤ੍ਰੇੜੇ, ਤੂੰ ਮਘਦਾ ਰਹੀ ਵੇਂ ਸੂਰਜਾ ਕੰਮੀਆਂ ਦੇ ਵਿਹੜੇ’। ਫਿਲਮ ਵਿਚ ਜਿਥੇ ਬਾਰਿਸ਼ ਪਾਰਕ ਪਰਿਵਾਰ ਲਈ ਨਿੱਘੀ ਧੁੱਪ ਦਾ ਸੁਨੇਹਾ ਲੈ ਕੇ ਆਉਂਦੀ ਹੈ, ਉਥੇ ਕਿਮ ਪਰਿਵਾਰ ਲਈ ਆਫਤ ਦਾ ਸਬੱਬ ਬਣਦੀ ਹੈ।
ਫਿਲਮ ਦਾ ਕਥਾਨਿਕ ਬਹੁਤ ਹੱਦ ਤੱਕ ਪਿਛਲੇ ਸਾਲਾਂ ਵਿਚ ਚਰਚਾ ਵਿਚ ਰਹੀ ਫਿਲਮ ‘ਸ਼ੌਪ ਲਿਫਟਰਜ਼’ ਨਾਲ ਮਿਲਦਾ ਹੈ। ‘ਸ਼ੌਪ ਲਿਫਟਰਜ਼’ ਵਿਚ ਪਿਉ ਆਪਣੇ ਬੱਚਿਆਂ ਨੂੰ ਦੁਕਾਨਾਂ ‘ਚੋਂ ਸਮਾਨ ਚੋਰੀ ਕਰਨਾ ਸਿਖਾਉਂਦਾ ਹੈ ਕਿਉਂ ਕਿ ਤਾਉਮਰ ਉਸ ਨੂੰ ‘ਹੋਰ ਕੁਝ’ ਸਿੱਖਣ ਦੀ ਨਾ ਤਾਂ ਮੋਹਲਤ ਮਿਲੀ ਅਤੇ ਨਾ ਹੀ ‘ਹੋਰ ਕੁਝ’ ਸਿੱਖਣ ਦੇ ਕਾਬਲ ਸਮਝਿਆ ਗਿਆ। ਉਸ ਦੁਆਰਾ ਆਪਣੇ ਬੱਚਿਆਂ ਨੂੰ ਬਿਹਤਰ ਅਤੇ ਸੁਖਾਵਾਂ ਭਵਿਖ ਦੇਣ ਦਾ ਸੁਪਨਾ ਉਨ੍ਹਾਂ ਨੂੰ ਚੋਰੀ ਦੀ ਕਲਾ ਦੀਆਂ ਹਨੇਰੀਆਂ ਸੁਰੰਗਾਂ ਵਿਚ ਧੱਕ ਦਿੰਦਾ ਹੈ, ਜਿਥੋਂ ਵਾਪਸੀ ਦਾ ਕੋਈ ਰਾਸਤਾ ਨਹੀਂ। ਆਪਣੀ ਫਿਲਮ ‘ਪੈਰਾਸਾਈਟ’ ਬਾਰੇ ਗੱਲ ਕਰਦਿਆਂ ਬੌਂਗ ਜੂਨ-ਹੋ ਆਖਦਾ ਹੈ, “ਮੈਂ ਇਸ ਫਿਲਮ ਵਿਚ ਪਹਿਲੀ ਵਾਰ ਅਮੀਰ ਕਿਰਦਾਰਾਂ ਦਾ ਖਾਕਾ ਖਿੱਚਿਆ ਹੈ। ਮੇਰੀਆਂ ਪਹਿਲੀਆਂ ਫਿਲਮਾਂ ‘ਮਦਰ’, ‘ਸਨੋਅਪਾਈਸਰ’ ਅਤੇ ‘ਔਕਜ਼ਾਂ’ ਦੇ ਕਿਰਦਾਰ ਆਮ ਸਾਧਾਰਨ ਪਰਿਵਾਰਾਂ ਵਿਚੋਂ ਹਨ। ਇਹ ਕਿਰਦਾਰ ਚੰਗੇ ਜਾਂ ਮਾੜੇ ਦੀ ਪ੍ਰੀਭਾਸ਼ਾ ਵਿਚ ਨਹੀਂ ਆਉਂਦੇ। ਉਹ ਅਜਿਹੇ ਵੱਡੇ ਕਰੂਰ ਖਾਂਚੇ ਵਿਚ ਕਿਣਕਿਆਂ ਦੀ ਨਿਆਈਂ ਹਨ ਜਿਹੜਾ ਨਾ ਸਿਰਫ ਉਨ੍ਹਾਂ ਦੀ ਕਲਪਨਾ ਤੋਂ ਵੱਡਾ ਹੈ ਸਗੋਂ ਉਸ ਸੁਪਰ ਖਾਂਚੇ ਦੁਆਰਾ ਤਿਆਰ ਕੀਤੇ ਹਾਲਾਤ, ਤਰਾਸਦੀਆਂ ਅਤੇ ਘਟਨਾਵਾਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਕਰਨ ਹੀ ਨਹੀਂ ਦਿੰਦੀਆਂ। ਜਦੋਂ ਤੱਕ ਉਨ੍ਹਾਂ ਨੂੰ ਸਾਰੀ ਤਾਣੀ ਦੀ ਸਮਝ ਆਉਂਦੀ ਹੈ, ਉਨ੍ਹਾਂ ਦੀ ਅਗਲੀ ਪੀੜ੍ਹੀ ਉਹੀ ਸੰਤਾਪ ਭੁਗਤਣ ਲਈ ਤਿਆਰ ਖੜ੍ਹੀ ਦਿਸਦੀ ਹੈ।”
ਫਿਲਮ ‘ਪੈਰਾਸਾਈਟ’ ਸਮਾਜਿਕ ਜੁਰਮ ਦੀ ਫਿਲਮ ਹੋਣ ਦੇ ਬਾਵਜੂਦ ਗਲੋਬਲੀ ਪ੍ਰਸੰਗ ਵਿਚ ਜਲਵਾਯੂ ਪਰਿਵਰਤਨ ਦੇ ਤਰਕ ਦੀ ਨਜ਼ਰਸਾਨੀ ਵੀ ਕਰਦੀ ਹੈ। ਪਿਛਲੀ ਸਦੀ ਵਿਚ ਮਾਲਥਸ ਦੀ ਥਿਊਰੀ ਨੂੰ ਆਧਾਰ ਬਣਾ ਕੇ ਗਰੀਬ ਤਬਕਿਆਂ/ਵਰਗਾਂ/ਜਮਾਤਾਂ ਵਿਰੁਧ ਦਲੀਲਾਂ ਦੀ ਲੰਮੀ ਮਿੱਥ ਸਿਰਜੀ ਗਈ ਹੈ। ਇਸ ਦੇ ਦੋ ਨੁਕਤੇ ਬੇਹੱਦ ਮਾਰੂ ਹਨ। ਪਹਿਲੇ ਨੁਕਤੇ ਅਨੁਸਾਰ- ‘ਆਪਣੀ ਗਰੀਬੀ ਲਈ ਗਰੀਬ ਖੁਦ ਹੀ ਜ਼ਿੰਮੇਵਾਰ ਹੈ ਕਿਉਂਕਿ ਉਹ ਗਰੀਬ ਹੀ ਰਹਿਣਾ ਚਾਹੁੰਦਾ ਹੈ’। ਫਿਲਮ ‘ਪੈਰਾਸਾਈਟ’ ਦੱਸਦੀ ਹੈ ਕਿ ਕਿਵੇਂ ਗਰੀਬ ਦੀ ਗਰੀਬੀ ਪਿੱਛੇ ਸਿਆਸੀ-ਆਰਥਿਕ ਢਾਂਚਿਆਂ ਦੀ ਗਿਣੀ ਮਿਥੀ ਸਿਆਸਤ ਕੰਮ ਕਰਦੀ ਹੈ। ਕੀ ਹੁੰਦਾ, ਜੇ ਕਿਮ ਪਰਿਵਾਰ ਦੇ ਸਾਰੇ ਜੀਆਂ ਕੋਲ ਕੋਈ ਨਾ ਕੋਈ ਢੁਕਵਾਂ ਕੰਮ ਹੁੰਦਾ? ਦੂਜੇ ਨੁਕਤੇ ਅਨੁਸਾਰ- ਗਰੀਬ ਜਲਵਾਯੂ ਨੂੰ ਪਲੀਤ ਕਰਨ, ਖੇਤੀਬਾੜੀ ਅਤੇ ਜਲ, ਜੰਗਲ, ਜ਼ਮੀਨ ਨੂੰ ਨੁਕਸਾਨ ਪਹੁੰਚਾਉਣ ਦਾ ਵੱਡਾ ਕਾਰਨ ਬਣੇ ਹਨ; ਨਤੀਜੇ ਵਜੋਂ ਸੰਸਾਰ ਪੱਧਰ ‘ਤੇ ਹੜ੍ਹ, ਸੋਕੇ ਤੇ ਮਹਾਮਾਰੀਆਂ ਦਾ ਵਰਤਾਰਾ ਮਾਰੋ-ਮਾਰ ਕਰ ਰਿਹਾ ਹੈ।
ਇਸ ਫਿਲਮ ਰਾਹੀਂ ਬੌਂਗ ਜੂਨ-ਹੋ ਇਸ ਮਿੱਥ ਦੀ ਚੀਰ-ਫਾੜ ਕਰਦਾ ਦੱਸਦਾ ਹੈ ਕਿ ਕਿਵੇਂ ਮੌਜੂਦਾ ਦੌਰ ਵਿਚ ਕੋਈ ਅਮੀਰ ਅਮਰੀਕਨ ਜਾਂ ਯੂਰਪੀ ਜਾਂ ਅਰਬ ਬੰਦਾ ਹਜ਼ਾਰਾਂ ਜੀਆਂ ਦੇ ਹਿੱਸੇ ਦੇ ਕੁਦਰਤੀ ਸਾਧਨਾਂ ਤੇ ਵਰਤੋਂ ਯੋਗ ਵਸਤਾਂ ਨੂੰ ਬਿਨਾਂ ਡਕਾਰ ਮਾਰਿਆਂ ਨਿਗਲ ਜਾਂਦਾ ਹੈ, ਤੇ ਇਸ ਦੇ ਬਾਵਜੂਦ ਸਾਰਾ ਦੋਸ਼ ‘ਗਰੀਬਾਂ’ ਸਿਰ ਮੜ੍ਹ ਕੇ ਸੁਰਖੂਰ ਵੀ ਹੋ ਜਾਂਦਾ ਹੈ। ਫਿਲਮ ਦਾ ਸਭ ਤੋਂ ਮਾਰਮਿਕ ਦ੍ਰਿਸ਼ ਉਹ ਹੈ ਜਦੋਂ ਕਿਮ ਦਾ ਪਿਤਾ ਪਾਰਕ ਨੂੰ, ਆਪਣੇ ਬੇਟੇ ਨੂੰ ਹਸਪਤਾਲ ਲਿਜਾਣ ਲਈ ਲਾਸ਼ ਕੋਲੋਂ ਗੱਡੀ ਦੀ ਚਾਬੀ ਚੁੱਕਦਿਆਂ ‘ਬਦਬੂ’ ਤੋਂ ਬਚਣ ਲਈ ਨੱਕ ਬੰਦ ਕਰਦਿਆਂ ਦੇਖਦਾ ਹੈ। ਇਸ ਦ੍ਰਿਸ਼ ਨੂੰ ਦੇਖਣ ਤੋਂ ਬਾਅਦ ਅਮੀਰੀ ਦੇ ਬੁਰਕੇ ਹੇਠ ਛੁਪੀ ਸੰਵੇਦਨਹੀਣਤਾ ਅਤੇ ਖੋਖਲੇਪਣ ਦੀ ਸਮਝ ਪੈਂਦੀ ਹੈ।
ਅਮਰੀਕੀ ਅਖਬਾਰ ‘ਨਿਊ ਯਾਰਕ ਟਾਈਮਜ਼’ ਫਿਲਮ ‘ਤੇ ਟਿੱਪਣੀ ਕਰਦਾ ਹੈ, “ਉਨੀਵੀਂ ਸਦੀ ਵਿਚ ਪ੍ਰਸਿਧ ਲੁਟੇਰਾ ਜੇਅ ਗੁਲਡ ਆਖਦਾ ਸੀ ਕਿ ਮੇਰੇ ਕੋਲ ਇੰਨਾ ਕੁ ਪੈਸਾ ਹੈ ਕਿ ਮੈਂ ਅੱਧੀ ਆਬਾਦੀ ਨੂੰ ਦੂਜੀ ਅੱਧੀ ਆਬਾਦੀ ਨੂੰ ਕਤਲ ਕਰਨ ਲਈ ਖਰੀਦ ਸਕਦਾ ਹਾਂ। ਬੌਂਗ ਦੀ ਇਹ ਫਿਲਮ ਬੇਰੁਜ਼ਗਾਰੀ ਤੋਂ ਗਰੀਬੀ, ਗਰੀਬੀ ਤੋਂ ਜੁਰਮ, ਜੁਰਮ ਤੋਂ ਪੂੰਜੀ, ਪੂੰਜੀ ਤੋਂ ਮੁਨਾਫਾ, ਮੁਨਾਫੇ ਤੋਂ ਸ਼ੋਸ਼ਣ, ਸ਼ੋਸ਼ਣ ਤੋਂ ਫਿਰ ਬੇਰੁਜ਼ਗਾਰੀ, ਫਿਰ ਗਰੀਬੀ ਦਾ ਅਮੁੱਕ ਸਿਲਸਿਲਾ ਹੈ।
ਕੀ ਇਸ ਫਿਲਮ ਨੂੰ ਡਾਰਵਿਨ ਦੀ ‘ਸਭ ਤੋਂ ਤਾਕਤਵਰ ਨੂੰ ਹੀ ਜਿਊਣ ਦਾ ਹੱਕ ਹੈ’ ਦੇ ਪ੍ਰਸੰਗ ਵਿਚ ਵੀ ਪੜ੍ਹਿਆ ਜਾਣਾ ਚਾਹੀਦਾ ਹੈ? ਇਹ ਫਿਲਮ ਦੇਖਦਿਆਂ ਇਹ ਅਹਿਸਾਸ ਵੀ ਵਾਰ-ਵਾਰ ਹੁੰਦਾ ਹੈ ਕਿ ਫਿਲਮ ਜਿੰਨੀ ਬਾਰੀਕੀ ਤੇ ਚੁਸਤੀ ਨਾਲ ਇਕ ਦਮ ‘ਸੌ ਫੀਸਦੀ ਸਹੀ’ ਦ੍ਰਿਸ਼ਾਵਲੀ ਤੇ ਘਟਨਾਵਾਂ ਬੁਣਦੀ ਚਲੀ ਜਾਂਦੀ ਹੈ। ਇਸ ਨਾਲ ਇਸ ਦੀਆਂ ਕਮਜ਼ੋਰੀਆਂ ਵੀ ਨੰਗੀਆਂ ਹੁੰਦੀਆਂ ਹਨ। ਸਭ ਤੋਂ ਵੱਡੀ ਕਮਜ਼ੋਰੀ ਇਸ ਦਾ ਸੌ ਫੀਸਦੀ ‘ਸਹੀ’ ਹੋਣਾ ਹੈ। ਫਿਲਮ ਦੇ ਸ਼ੁਰੂ ਵਿਚ ਵਾਪਰਿਆ ਫਿਲਮ ਦੇ ਅੰਤ ਤੱਕ ਹੌਲੀ-ਹੌਲੀ ਵਾਪਸ ਮੁੜਦਾ ਹੈ, ਭਾਵੇਂ ਕਿਰਦਾਰਾਂ ਦੀ ਸੋਚ ਵਿਚ ਜ਼ਮੀਨ ਆਸਮਾਨ ਦਾ ਫਰਕ ਆ ਚੁੱਕਿਆ ਹੈ।
ਬੌਗ ਜ਼ਿਆਦਾਤਰ ਆਪਣੇ ਫਿਲਮਾਂ ਵਿਚਲੀਆਂ ਥਾਵਾਂ ਨੂੰ ਵੀ ਕਿਰਦਾਰਾਂ ਵਿਚ ਬਦਲਣ ਵਾਲਾ ਨਿਰਦੇਸ਼ਕ ਹੈ। ਫਿਲਮ ਵਿਚ ਘਟਨਾਵਾਂ ਦੇ ਸਥਾਨ ਨਾਇਕਾਂ ਅਤੇ ਖਲਨਾਇਕਾਂ ਵਿਚ ਫਰਕ ਮਨਫੀ ਕਰ ਦਿੰਦੇ ਹਨ। ਬੌਗ ਨਿਰਦੇਸ਼ਕ ਦੇ ਤੌਰ ‘ਤੇ ਆਪਣੇ ਸਮਾਜਿਕ ਸੁਨੇਹੇ ਨੂੰ ਇੰਨੀ ਮਸਤੈਦੀ ਨਾਲ ਡਿਜ਼ਾਇਨ ਕਰਦਾ ਹੈ ਕਿ ਦਰਸ਼ਕਾਂ ਕੋਲ ਸ਼ਾਇਦ ਉਸ ਦੇ ਇਸ ‘ਮੈਜਿਕ ਬੁਲਟ’ ਵਿਚਾਰ ਨਾਲ ਸਹਿਮਤ ਹੋਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਦਾ। ਇਸ ਦਾ ਕਾਰਨ ਫਿਲਮ ਦੀ ਦੱਖਣੀ-ਕੋਰਿਆਈ ਸਭਿਆਚਾਰਕ ਚੇਤਨਾ ਵੀ ਹੋ ਸਕਦੀ ਹੈ, ਜਾਂ ਫਿਰ ਬੌਗ ਦੀ ਆਪਣੀ ਸਮਾਜਿਕ ਸਮਝ ਦਾ ਬੋਝ ਵੀ ਹੋ ਸਕਦਾ ਹੈ। ਬੌਗ ਆਪਣੀ ਫਿਲਮ ਰਾਹੀਂ ‘ਮਰ ਗਿਆ’ ਅਤੇ ‘ਜਿਉਂ ਰਹਿਆ’ ਦੇ ਸਮਾਨੰਤਰ ਭੂਤਾਂ ਵਾਂਗ ਵਿਚਰ ਰਹੇ ਸਮਾਜਿਕ ਜੀਆਂ ਰਾਹੀਂ ਸਭਿਅਤਾ ਦੀ ਉਨ੍ਹਾਂ ਪੌੜੀਆਂ ਦੀ ਬਾਤ ਪਾਉਂਦਾ ਹੈ ਜਿਨ੍ਹਾਂ ਦੇ ਖਲੇਪੜ ਵੀ ਉਖੜਦੇ ਹਨ ਤਾਂ ਸਿਰਫ ਦੱਬਿਆਂ ਕੁਚਲਿਆਂ ਦੀਆਂ ਅੱਖਾਂ ਨੂੰ ਹੀ ਅੰਨ੍ਹਿਆਂ ਕਰ ਦਿੰਦੇ ਹਨ।
ਇਹ ਫਿਲਮ ਨਾ ਨਿਰਾਸ਼ ਕਰਦੀ ਹੈ, ਨਾ ਹੀ ਕੋਈ ਨਵੀਂ ਆਸ ਦਿੰਦੀ ਹੈ, ਇਸ ਵਿਚ ਵਾਪਰਦਾ ਸਾਰਾ ਕੁਝ ਤੇ ਬਹੁਤ ਕੁਝ ਸਾਡੇ ਆਪਣੇ ਸ਼ਹਿਰਾਂ, ਘਰਾਂ ਅਤੇ ਮੁਹੱਲਿਆਂ ਵਿਚ ਵਾਪਰ ਰਿਹਾ ਹੈ। ਸਾਡੇ ਦਿਲੋ-ਦਿਮਾਗਾਂ ਵਿਚ ਸਦਮਿਆਂ, ਖਦਸ਼ਿਆਂ, ਸੰਸਿਆਂ ਅਤੇ ਡਰਾਂ ਦੇ ਰੂਪ ਵਿਚ ਲਗਾਤਾਰ ਜਾਰੀ ਹੈ। ਬੌਗ ਦੇ ਕੈਮਰੇ ਦੀ ਅੱਖ ਨੂੰ ਇਸ ਗੁੰਝਲਦਾਰ ਅਤੇ ਲਗਾਤਾਰ ਕਿਰ ਰਹੀ ਦੁਨੀਆਂ ਨੂੰ ਚਲਦੀ ਫਿਰਦੀ ਸ਼ਕਲ ਦੇਣ ਲਈ ਧੰਨਵਾਦ।