ਅਸਹਿਮਤੀ ਦਾ ਖਾਤਮਾ, ਅੱਜ ਦੇ ਸ਼ਾਸਕ ਅਤੇ ਆਵਾਮ

ਮਸ਼ਹੂਰ ਲਿਖਾਰੀ ਅਰੁੰਧਤੀ ਰਾਏ ਨੇ ਪਹਿਲੀ ਮਾਰਚ 2020 ਨੂੰ ਦਿੱਲੀ ਸਥਿਤ ਜੰਤਰ-ਮੰਤਰ ਵਿਚ ਸਾਹਿਤਕਾਰਾਂ, ਲੇਖਕਾਂ, ਕਲਾਕਾਰਾਂ ਦੀ ਮਜਲਿਸ ‘ਹਮ ਦੇਖੇਂਗੇ’ ਵਿਚ ਤਕਰੀਰ ਕੀਤੀ ਜਿਸ ਵਿਚ ਉਨ੍ਹਾਂ ਮੋਦੀ ਸਰਕਾਰ ਦੇ ਫਿਰਕੂ ਅਤੇ ਫਾਸ਼ੀਵਾਦੀ ਕਾਰਨਾਮਿਆਂ ਦਾ ਕੱਚਾ ਚਿੱਠਾ ਖੋਲ੍ਹਿਆ। ਪੰਜਾਬ ਟਾਈਮਜ਼ ਦੇ ਪਾਠਕਾਂ ਲਈ ਇਸ ਤਕਰੀਰ ਦਾ ਉਚੇਚਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ।

-ਸੰਪਾਦਕ

ਅਰੁੰਧਤੀ ਰਾਏ
ਅਨੁਵਾਦ: ਬੂਟਾ ਸਿੰਘ
ਪਿਆਰੇ ਦੋਸਤੋ, ਸਾਥੀਓ, ਲੇਖਕੋ ਅਤੇ ਫਨਕਾਰੋ!
ਇਹ ਜਗ੍ਹਾ ਜਿਥੇ ਅਸੀਂ ਅੱਜ ਜੁੜੇ ਹਾਂ, ਉਸ ਜਗ੍ਹਾ ਤੋਂ ਕੋਈ ਜ਼ਿਆਦਾ ਫਾਸਲੇ ‘ਤੇ ਨਹੀਂ ਹੈ ਜਿਥੇ ਚਾਰ ਦਿਨ ਪਹਿਲਾਂ ਫਾਸ਼ੀਵਾਦੀ ਹਜੂਮ ਨੇ – ਜਿਸ ਵਿਚ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਦੇ ਭਾਸ਼ਣਾਂ ਦੀ ਅੱਗ ਭੜਕ ਰਹੀ ਸੀ, ਜਿਸ ਨੂੰ ਪੁਲਿਸ ਦੀ ਸਰਗਰਮ ਹਮਾਇਤ ਤੇ ਮਦਦ ਹਾਸਲ ਸੀ, ਜਿਸ ਨੂੰ ਇਲੈਕਟ੍ਰਾਨਿਕ ਮੀਡੀਆ ਦੇ ਬੜੇ ਹਿੱਸੇ ਦਾ ਸਹਿਯੋਗ ਹਾਸਲ ਸੀ, ਤੇ ਜਿਸ ਨੂੰ ਪੂਰਾ ਭਰੋਸਾ ਸੀ ਕਿ ਅਦਾਲਤਾਂ ਉਹਨਾਂ ਦੇ ਰਾਹ ਵਿਚ ਅੜਿੱਕਾ ਬਣਨ ਦੀ ਕੋਸ਼ਿਸ਼ ਨਹੀਂ ਕਰਨਗੀਆਂ – ਉਸ ਹਜੂਮ ਨੇ ਉਤਰ-ਪੂਰਬੀ ਦਿੱਲੀ ਦੀਆਂ ਕਿਰਤੀ ਬਸਤੀਆਂ ਦੇ ਮੁਸਲਮਾਨਾਂ ਉਪਰ ਹਥਿਆਰਬੰਦ, ਵਹਿਸ਼ੀਆਨਾ ਹਮਲਾ ਕੀਤਾ ਹੈ। ਇਸ ਹਮਲੇ ਦਾ ਆਭਾਸ ਕੁਝ ਸਮਾਂ ਪਹਿਲਾਂ ਹੀ ਫਿਜ਼ਾ ਵਿਚ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਲੋਕ ਵੀ, ਜਿਵੇਂ ਉਸ ਦਾ ਸਾਹਮਣਾ ਕਰਨ ਲਈ ਕੁਝ ਨਾ ਕੁਝ ਤਿਆਰ ਸਨ। ਇਸ ਤਰ੍ਹਾਂ ਉਹਨਾਂ ਨੇ ਸਵੈਰੱਖਿਆ ਦੇ ਤੌਰ ਇਸ ਦਾ ਜਵਾਬ ਦਿੱਤਾ। ਬਾਜ਼ਾਰ, ਦੁਕਾਨਾਂ, ਘਰ, ਸਕੂਲ, ਮਸਜਿਦਾਂ, ਵਾਹਨ ਵਗੈਰਾ ਸਾੜ ਕੇ ਸੁਆਹ ਕਰ ਦਿੱਤੇ ਗਏ। ਸੜਕਾਂ ਅਤੇ ਗਲੀਆਂ ਪੱਥਰਾਂ ਅਤੇ ਮਲਬੇ ਨਾਲ ਭਰੀਆਂ ਪਈਆਂ ਹਨ। ਹਸਪਤਾਲ ਜ਼ਖਮੀਆਂ ਅਤੇ ਮਰ ਰਹੇ ਲੋਕਾਂ ਨਾਲ ਭਰੇ ਹੋਏ ਹਨ। ਮੁਰਦਾਘਰਾਂ ਵਿਚ ਲਾਸ਼ਾਂ ਹੀ ਲਾਸ਼ਾਂ ਹਨ। ਇਹਨਾਂ ਵਿਚ ਇਕ ਪੁਲਸੀਆ ਅਤੇ ਇੰਟੈਲੀਜੈਂਸ ਬਿਊਰੋ ਦੇ ਇਕ ਨੌਜਵਾਨ ਅਫਸਰ ਸਮੇਤ ਮੁਸਲਮਾਨ ਅਤੇ ਹਿੰਦੂ ਦੋਨੋਂ ਸ਼ਾਮਿਲ ਹਨ। ਜੀ ਹਾਂ, ਦੋਨਾਂ ਪਾਸਿਆਂ ਦੇ ਲੋਕਾਂ ਨੇ ਇਹ ਦਿਖਾ ਦਿੱਤਾ ਹੈ ਕਿ ਉਹਨਾਂ ਵਿਚ ਭਿਆਨਕ ਕਰੂਰਤਾ ਦਿਖਾਉਣ ਦੀ ਸਮਰੱਥਾ ਵੀ ਹੈ ਅਤੇ ਬੇਅੰਤ ਦਲੇਰੀ, ਸੰਜੀਦਗੀ ਅਤੇ ਦਇਆ ਦੀ ਸਮਰੱਥਾ ਵੀ।
ਲੇਕਿਨ, ਇਥੇ ਦੋਨਾਂ ਗੱਲਾਂ ਦੀ ਤੁਲਨਾ ਬੇਮਾਇਨੀ ਹੈ। ਇਹਨਾਂ ਗੱਲਾਂ ਨਾਲ ਇਹ ਹਕੀਕਤ ਨਹੀਂ ਬਦਲ ਜਾਂਦੀ ਕਿ ਇਹ ਹਮਲਾ Ḕਜੈ ਸ਼੍ਰੀਰਾਮ!’ ਦੇ ਨਾਅਰੇ ਲਾਉਂਦੇ ਹਜੂਮ ਨੇ ਸ਼ੁਰੂ ਕੀਤਾ ਸੀ ਅਤੇ ਉਸ ਨੂੰ ਇਕ ਐਸੀ ਸਰਕਾਰ ਦੇ ਪ੍ਰਸ਼ਾਸਨ-ਤੰਤਰ ਦੀ ਹਮਾਇਤ ਹਾਸਲ ਸੀ ਜੋ ਹੁਣ ਪੂਰੀ ਬੇਹਯਾਈ ਨਾਲ ਫਾਸ਼ੀਵਾਦੀ ਰੂਪ ਵਿਚ ਨੰਗੀ ਹੋ ਚੁੱਕੀ ਹੈ। ਇਹਨਾਂ ਨਾਅਰਿਆਂ ਤੋਂ ਇਲਾਵਾ, ਇਹ ਸਥਿਤੀ ਐਸੀ ਵੀ ਨਹੀਂ ਹੈ ਜਿਸ ਨੂੰ ਲੋਕ ਹਿੰਦੂ-ਮੁਸਲਿਮ Ḕਦੰਗਾ’ ਕਹਿਣਾ ਚਾਹੁਣਗੇ। ਇਹ ਤਾਂ ਫਾਸ਼ੀਵਾਦ ਅਤੇ ਗੈਰਫਾਸ਼ੀਵਾਦ ਦਰਮਿਆਨ ਚੱਲ ਰਹੀ ਟੱਕਰ ਦਾ ਇਜ਼ਹਾਰ ਹੈ ਜਿਸ ਵਿਚ ਮੁਸਲਮਾਨ ਇਹਨਾਂ ਫਾਸ਼ੀਵਾਦੀਆਂ ਦੇ ਨੰਬਰ ਇਕ ਦੁਸ਼ਮਣ ਹਨ। ਇਸ ਨੂੰ Ḕਦੰਗਾ’ ਜਾਂ Ḕਫਸਾਦ’ ਕਹਿਣਾ, ਜਾਂ ਇਸ ਉਪਰ Ḕਸੱਜਾ-ਪੱਖ ਬਨਾਮ ਖੱਬਾ-ਪੱਖ’ ਜਾਂ Ḕਸਹੀ ਬਨਾਮ ਗਲਤ’ ਦਾ ਲੇਬਲ ਲਗਾਉਣਾ ਖਤਰਨਾਕ ਹੋਵੇਗਾ ਅਤੇ ਭੁਲੇਖਾ ਪਾਊ ਵੀ। ਅਸੀਂ ਸਾਰਿਆਂ ਨੇ ਐਸੇ ਵੀਡੀਓ ਦੇਖੇ ਹਨ ਜਿਹਨਾਂ ਵਿਚ ਪੁਲਿਸ ਵਾਲੇ ਖਾਮੋਸ਼ ਖੜ੍ਹੇ ਹਨ ਅਤੇ ਕਈ ਜਗ੍ਹਾ ਅੱਗਜ਼ਨੀ ਅਤੇ ਹਿੰਸਾ ਵਿਚ ਭਾਗ ਵੀ ਲੈ ਰਹੇ ਹਨ। ਅਸੀਂ ਉਹਨਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਤੋੜਦੇ ਹੋਏ ਦੇਖਿਆ ਹੈ, ਐਨ ਉਸੇ ਤਰ੍ਹਾਂ, ਜਿਵੇਂ ਉਹਨਾਂ ਨੇ 15 ਦਸੰਬਰ ਨੂੰ ਜਾਮੀਆ ਮਿਲੀਆ ਇਸਲਾਮੀਆ ਦੀ ਲਾਇਬ੍ਰੇਰੀ ਵਿਚ ਭੰਨਤੋੜ ਅਤੇ ਹਿੰਸਾ ਕਰਦੇ ਹੋਏ ਕੀਤਾ ਸੀ। ਅਸੀਂ ਦੇਖਿਆ ਹੈ ਕਿ ਇਹ ਪੁਲਿਸ ਵਾਲੇ ਸੜਕ ਦੇ ਕੰਢੇ ਇਕ ਦੂਸਰੇ ਉਪਰ ਡਿੱਗੇ ਪਏ ਜ਼ਖਮੀ ਮੁਸਲਮਾਨ ਨੌਜਵਾਨਾਂ ਨੂੰ ਕੁੱਟ ਰਹੇ ਹਨ ਅਤੇ ਉਹਨਾਂ ਨੂੰ ਰਾਸ਼ਟਰੀ ਗੀਤ ਗਾਉਣ ਲਈ ਮਜਬੂਰ ਕਰ ਰਹੇ ਹਨ। ਅਸੀਂ ਜਾਣਦੇ ਹਾਂ ਕਿ ਹੁਣ ਉਹਨਾਂ ਵਿਚੋਂ ਇਕ ਨੌਜਵਾਨ ਦਮ ਤੋੜ ਚੁੱਕਾ ਹੈ। ਸਾਰੇ ਮ੍ਰਿਤਕ, ਸਾਰੇ ਜ਼ਖਮੀ ਅਤੇ ਬਰਬਾਦ ਹੋ ਚੁੱਕੇ ਸਾਰੇ ਲੋਕ, ਮੁਸਲਮਾਨ ਅਤੇ ਹਿੰਦੂ, ਇਸੇ ਸ਼ਾਸਨਤੰਤਰ ਦਾ ਸ਼ਿਕਾਰ ਹੋਏ ਹਨ ਜਿਸ ਦਾ ਮੁਖੀ ਨਰਿੰਦਰ ਮੋਦੀ ਹੈ, ਸਾਡਾ ਪੂਰੀ ਤਰ੍ਹਾਂ ਫਾਸ਼ੀਵਾਦੀ ਪ੍ਰਧਾਨ ਮੰਤਰੀ। ਉਸ ਦੇ ਲਈ ਐਸੀਆਂ ਘਟਨਾਵਾਂ ਨਵੀਂਆਂ ਨਹੀਂ ਹਨ ਅਤੇ ਜੋ ਅੱਜ ਤੋਂ 18 ਸਾਲ ਪਹਿਲਾਂ ਆਪਣੇ ਰਾਜ ਵਿਚ ਕਈ ਹਫਤਿਆਂ ਤੱਕ ਅਤੇ ਹੁਣ ਨਾਲੋਂ ਕਿਤੇ ਬੜੇ ਪੈਮਾਨੇ ‘ਤੇ ਕੀਤੇ ਜਾਣ ਵਾਲੇ ਕਤਲੇਆਮ ਦਾ ਇਸੇ ਤਰ੍ਹਾਂ ਜ਼ਿੰਮੇਵਾਰ ਸੀ।
ਆਉਣ ਵਾਲੇ ਕਈ ਸਾਲਾਂ ਤੱਕ ਇਸ ਹਿੰਸਾ ਕਾਂਡ ਦੀ ਸੰਰਚਨਾ ਦੀ ਚੀਰਫਾੜ ਹੁੰਦੀ ਰਹੇਗੀ। ਇਸ ਕਾਂਡ ਦੀਆਂ ਬਾਰੀਕੀਆਂ ਇਤਿਹਾਸ ਦੇ ਪੰਨਿਆਂ ਵਿਚ ਮਹਿਫੂਜ਼ ਹੋ ਜਾਣਗੀਆਂ ਲੇਕਿਨ ਫਿਲਹਾਲ ਇਸ ਦੀਆਂ ਲਹਿਰਾਂ ਨਫਰਤ ਅਤੇ ਜ਼ਹਿਰੀਲੀਆਂ ਅਫਵਾਹਾਂ ਦੇ ਰੂਪ ਵਿਚ ਸੋਸ਼ਲ ਮੀਡੀਆ ਦੇ ਮੋਢਿਆਂ ਉਪਰ ਸਵਾਰ ਹੋ ਕੇ ਤੂਫਾਨ ਬਣਨ ਦੀ ਦਿਸ਼ਾ ਵਿਚ ਹੋ ਤੁਰੀਆਂ ਹਨ ਅਤੇ ਅਸੀਂ ਪੌਣਾਂ ਵਿਚ ਲਹੂ ਦੀ ਗੰਧ ਮਹਿਸੂਸ ਕਰ ਸਕਦੇ ਹਾਂ। ਹਾਲਾਂ ਕਿ ਉਤਰੀ ਦਿੱਲੀ ਵਿਚ ਵੱਢ-ਟੁੱਕ ਤੇ ਕਤਲੇਆਮ ਦੀਆਂ ਘਟਨਾਵਾਂ ਬੰਦ ਹੋ ਚੁੱਕੀਆਂ ਹਨ, ਲੇਕਿਨ ਕੱਲ੍ਹ ਫਿਰ (29 ਫਰਵਰੀ ਨੂੰ) ਦਿੱਲੀ ਵਿਚ ਹਜੂਮ ਦੇਖਿਆ ਗਿਆ ਜੋ ਇਹ ਨਾਅਰੇ ਲਗਾ ਕੇ ਗੋਲੀ ਮਾਰਨ ਦੇ ਲਈ ਉਕਸਾ ਰਿਹਾ ਸੀ: ਦੇਸ਼ ਕੇ ਗੱਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ! ਸਿਰਫ ਦੋ ਦਿਨ ਪਹਿਲਾਂ ਹੀ, ਦਿੱਲੀ ਹਾਈਕੋਰਟ ਦੇ ਜਸਟਿਸ ਮੁਰਲੀਧਰਨ ਇਸ ਗੱਲ ਉਪਰ ਸਖਤ ਗੁੱਸੇ ਵਿਚ ਸਨ ਕਿ ਪੁਲਿਸ ਨੇ ਹੁਣ ਤੱਕ ਭਾਜਪਾ ਆਗੂ ਕਪਿਲ ਮਿਸ਼ਰਾ ਦੇ ਵਿਰੁਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਿਸ ਨੇ ਪਹਿਲਾਂ ਵੀ ਐਮ.ਐਲ਼ਏ. ਦੀ ਚੋਣ ਵਿਚ ਇਹੀ ਨਾਅਰਾ ਲਗਾ ਕੇ ਹਜੂਮ ਨੂੰ ਉਕਸਾਇਆ ਸੀ। 26 ਫਰਵਰੀ ਦੀ ਅੱਧੀ ਰਾਤ ਨੂੰ ਜੱਜ ਨੂੰ ਇਹ ਹੁਕਮ ਸੁਣਾ ਦਿੱਤਾ ਗਿਆ ਕਿ ਉਹ ਜਾ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਆਪਣੀਆਂ ਨਵੀਂਆਂ ਜ਼ਿੰਮੇਵਾਰੀਆਂ ਸੰਭਾਲ ਲਏ। ਕਪਿਲ ਮਿਸ਼ਰਾ ਇਹੀ ਨਾਅਰਾ ਲਗਾਉਣ ਲਈ ਹੁਣ ਦੁਬਾਰਾ ਸੜਕਾਂ ਉਪਰ ਆ ਚੁੱਕਾ ਹੈ। ਅਗਲਾ ਨੋਟਿਸ ਮਿਲਣ ਤੱਕ ਨਾਅਰੇ ਦਾ ਇਸਤੇਮਾਲ ਜਾਰੀ ਰਹਿ ਸਕਦਾ ਹੈ। ਜੱਜਾਂ ਦੇ ਨਾਲ ਇਹ ਚੂਹੇ-ਬਿੱਲੀ ਦਾ ਖੇਲ ਕੋਈ ਨਵੀਂ ਗੱਲ ਨਹੀਂ ਹੈ। ਜਸਟਿਸ ਲੋਇਆ ਦੀ ਕਹਾਣੀ ਸਾਨੂੰ ਸਭ ਨੂੰ ਪਤਾ ਹੈ। ਹੋ ਸਕਦਾ ਹੈ ਕਿ ਬਾਬੂ ਬਜਰੰਗੀ ਦੀ ਕਹਾਣੀ ਅਸੀਂ ਭੁੱਲ ਗਏ ਹੋਈਏ, ਜੋ 2002 ਦੀ ਗੁਜਰਾਤ ਨਸਲਕੁਸ਼ੀ ਦੇ ਦੌਰਾਨ ਨਰੋਦਾ-ਪਾਟਿਆ ਦੇ 96 ਮੁਸਲਮਾਨਾਂ ਦੇ ਕਤਲੇਆਮ ਵਿਚ ਸ਼ਾਮਲ ਹੋਣ ਦਾ ਦੋਸ਼ੀ ਸਾਬਤ ਹੋਇਆ ਸੀ। ਯੂ-ਟਿਊਬ ਉਪਰ ਜ਼ਰਾ ਉਸ ਦੀ ਗੱਲਬਾਤ ਨੂੰ ਸੁਣੋ: ਉਹ ਤੁਹਾਨੂੰ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ Ḕਨਰਿੰਦਰ ਭਾਈ’ ਨੇ ਜੱਜ ਬਦਲੇ ਅਤੇ ਜੱਜਾਂ ਦੇ ਨਾਲ Ḕਸੈਟਿੰਗ’ ਕਰਕੇ ਉਸ ਨੂੰ ਜੇਲ੍ਹ ਵਿਚੋਂ ਬਾਹਰ ਲਿਆਂਦਾ ਸੀ।
ਅਸੀਂ ਇਹ ਉਮੀਦ ਕਰਨੀ ਸਿੱਖ ਲਈ ਹੈ ਕਿ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਕਤਲੇਆਮ ਤਾਂ ਹੋ ਹੀ ਸਕਦੇ ਹਨ – ਇਹ ਵੋਟਾਂ ਦੀ ਪਾਲਾਬੰਦੀ ਦੇ ਲਈ ਇਕ ਤਰ੍ਹਾਂ ਦੀ ਵਹਿਸ਼ੀ ਚੋਣ ਮੁਹਿੰਮ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਲੇਕਿਨ ਦਿੱਲੀ ਦੇ ਕਤਲੇਆਮ ਨੂੰ ਅੰਜਾਮ ਚੋਣ ਅਮਲ ਦੇ ਖਤਮ ਹੋਣ ਅਤੇ ਉਸ ਵਿਚ ਭਾਜਪਾ-ਆਰ.ਐਸ਼ਐਸ਼ ਦੀ ਕਰਾਰੀ ਹਾਰ ਤੋਂ ਬਾਅਦ ਦਿੱਤਾ ਗਿਆ ਹੈ। ਇਹ ਦਿੱਲੀ ਨੂੰ ਇਸ ਹਾਰ ਦੀ ਸਜ਼ਾ ਦਿੱਤੀ ਗਈ ਹੈ ਅਤੇ ਇਹ ਅਗਾਮੀ ਚੋਣਾਂ ਵਿਚ ਬਿਹਾਰ ਦੇ ਲਈ ਚਿਤਾਵਨੀ ਵੀ ਹੈ।
ਹਰ ਗੱਲ ਦਾ ਰਿਕਾਰਡ ਹੈ। ਹਰ ਚੀਜ਼ ਹਰ ਕਿਸੇ ਲਈ ਹਾਸਲ ਹੈ, ਹਰ ਬੰਦਾ ਇਸ ਨੂੰ ਚੰਗੀ ਤਰ੍ਹਾਂ ਦੇਖ-ਸੁਣ ਲਵੇ – ਕਪਿਲ ਮਿਸ਼ਰਾ, ਪਰਵੇਸ਼ ਵਰਮਾ, ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਅਦਿਤਿਆਨਾਥ, ਗ੍ਰਹਿ ਮੰਤਰੀ ਅਮਿਤ ਸ਼ਾਹ, ਇਥੋਂ ਤੱਕ ਕਿ ਖੁਦ ਪ੍ਰਧਾਨ ਮੰਤਰੀ ਦੇ ਭੜਕਾਊ ਭਾਸ਼ਣ; ਇਸ ਸਭ ਕਾਸੇ ਦੇ ਬਾਵਜੂਦ ਹਰ ਚੀਜ਼ ਨੂੰ ਪੂਰੀ ਤਰ੍ਹਾਂ ਉਲਟਾ ਦਿੱਤਾ ਗਿਆ ਹੈ – ਐਸਾ ਦਿਖਾਇਆ ਜਾ ਰਿਹਾ ਹੈ, ਜਿਵੇਂ ਸਾਰਾ ਭਾਰਤ ਉਹਨਾਂ ਔਰਤ ਪ੍ਰਦਰਸ਼ਨਕਾਰੀਆਂ ਦਾ ਸਤਾਇਆ ਹੋਇਆ ਹੋਵੇ ਜਿਹਨਾਂ ਵਿਚ ਬਹੁਗਿਣਤੀ ਮੁਸਲਮਾਨਾਂ ਦੀ ਹੈ – ਲੇਕਿਨ ਜੋ ਸਿਰਫ ਮੁਸਲਮਾਨ ਨਹੀਂ – ਅਤੇ ਜੋ ਦਹਿ-ਹਜ਼ਾਰਾਂ ਦੀ ਤਾਦਾਦ ‘ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਖਿਲਾਫ ਪੂਰੀ ਤਰ੍ਹਾਂ ਸ਼ਾਂਤਮਈ ਵਿਰੋਧ ਕਰ ਰਹੀਆਂ ਹਨ ਅਤੇ ਜਿਹਨਾਂ ਦੇ ਵਿਰੋਧ ਨੂੰ ਲਗਭਗ 75 ਦਿਨ ਪੂਰੇ ਹੋ ਚੁੱਕੇ ਹਨ।
ਸੀ.ਏ.ਏ. ਗੈਰਮੁਸਲਿਮ ਘੱਟਗਿਣਤੀਆਂ ਨੂੰ ਨਾਗਰਿਕਤਾ ਦੇਣ ਦਾ ਇਕ ਫਾਸਟ-ਟਰੈਕ ਰੂਟ ਹੈ ਅਤੇ ਪੂਰੀ ਤਰ੍ਹਾਂ ਗੈਰਸੰਵਿਧਾਨਕ ਅਤੇ ਘੋਰ ਮੁਸਲਿਮ ਵਿਰੋਧੀ ਹੈ। ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨ.ਪੀ.ਆਰ.), ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐਨ.ਆਰ.ਸੀ.) ਦੇ ਨਾਲ ਮਿਲਾ ਕੇ ਇਸ ਦੀ ਵਰਤੋਂ ਨਾ ਸਿਰਫ ਮੁਸਲਮਾਨਾਂ ਨੂੰ ਬਲਕਿ ਐਸੇ ਕਰੋੜਾਂ ਭਾਰਤੀਆਂ ਨੂੰ ਨਾਜਾਇਜ਼, ਉਜੜ ਕੇ ਆਏ ਅਤੇ ਮੁਜਰਿਮ ਕਰਾਰ ਦੇ ਦੇਵੇਗੀ ਜਿਹਨਾਂ ਦੇ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹੋਣਗੇ। ਇਹਨਾਂ ਵਿਚ ਐਸੇ ਵੀ ਬਹੁਤ ਸਾਰੇ ਲੋਕ ਸ਼ਾਮਲ ਹੋਣਗੇ ਜੋ ਅੱਜ Ḕਗੋਲੀ ਮਾਰੋ ਸਾਲੋਂ ਕੋ!’ ਦਾ ਜਾਪ ਕਰ ਰਹੇ ਹਨ। ਜੇ ਨਾਗਰਿਕਤਾ ਉਪਰ ਹੀ ਸਵਾਲੀਆ ਚਿੰਨ੍ਹ ਲੱਗ ਜਾਵੇ ਤਾਂ ਫਿਰ ਹਰ ਚੀਜ਼ ਸਵਾਲਾਂ ਦੇ ਘੇਰੇ ਵਿਚ ਆ ਜਾਂਦੀ ਹੈ – ਤੁਹਾਡੇ ਬੱਚਿਆਂ ਦੇ ਹੱਕ, ਵੋਟ ਪਾਉਣ ਦਾ ਹੱਕ, ਜ਼ਮੀਨ ਦੀ ਮਾਲਕੀ ਵਗੈਰਾ। ਜਿਵੇਂ ਵਿਦਵਾਨ ਹੱਨਾ ਆਰੈਂਦਤ ਨੇ ਕਿਹਾ ਸੀ: “ਨਾਗਰਿਕਤਾ ਤੁਹਾਨੂੰ ਹੱਕਾਂ ਨੂੰ ਪ੍ਰਾਪਤ ਕਰਨ ਦਾ ਹੱਕ ਦਿੰਦੀ ਹੈ।” ਜੇ ਕੋਈ ਇਹ ਸਮਝਦਾ ਹੈ ਕਿ ਮਾਮਲਾ ਇਸ ਤਰ੍ਹਾਂ ਨਹੀਂ ਹੈ ਤਾ ਉਹ ਕ੍ਰਿਪਾ ਕਰਕੇ ਜ਼ਰਾ ਅਸਾਮ ਵਲ ਨਜ਼ਰ ਮਾਰ ਲਵੇ ਅਤੇ ਦੇਖੇ ਕਿ ਉਥੇ ਵੀਹ ਲੱਖ ਦੇ ਕਰੀਬ ਲੋਕਾਂ ਨਾਲ ਕੀ ਹੋਇਆ ਹੈ – ਹਿੰਦੂ, ਮੁਸਲਮਾਨ, ਦਲਿਤ, ਆਦਿਵਾਸੀ, ਸਾਰਿਆਂ ਦੇ ਨਾਲ। ਅੱਜ ਮੀਡੀਆ ਵਿਚ ਮੇਘਾਲਿਆ ਤੋਂ ਆਦਿਵਾਸੀਆਂ ਅਤੇ ਗੈਰ-ਆਦਿਵਾਸੀਆਂ ਦਰਮਿਆਨ ਕਸ਼ੀਦਗੀ ਪੈਦਾ ਹੋਣ ਦੀਆਂ ਖਬਰਾਂ ਵੀ ਆ ਚੁੱਕੀਆਂ ਹਨ। ਸ਼ਿਲਾਂਗ ਵਿਚ ਕਰਫਿਊ ਲੱਗ ਚੁੱਕਾ ਹੈ। ਗੈਰ-ਸਥਾਨਕ ਲੋਕਾਂ ਦੇ ਲਈ ਰਾਜ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਐਨ.ਪੀ.ਆਰ.-ਐਨ.ਆਰ.ਸੀ.-ਸੀ.ਏ.ਏ. ਦਾ ਇਕੋ-ਇਕ ਮਨੋਰਥ ਲੋਕਾਂ ਨੂੰ ਸਿਰਫ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਉਪਮਹਾਂਦੀਪ ਵਿਚ ਉਜਾੜਨਾ, ਮੁਸੀਬਤ ਵਿਚ ਪਾਉਣਾ ਅਤੇ ਵੰਡਣਾ ਹੈ। ਜੇ ਹਕੀਕਤ ਵਿਚ ਐਸੇ ਲੱਖਾਂ ਪ੍ਰੇਤ ਨੁਮਾ ਮਨੁੱਖ ਮੌਜੂਦ ਹਨ ਜਿਹਨਾਂ ਨੂੰ ਮੌਜੂਦਾ ਗ੍ਰਹਿ ਮੰਤਰੀ ਨੇ ਬੰਗਲਾਦੇਸ਼ੀ Ḕਸਿਉਂਕ’ ਦਾ ਨਾਂਅ ਦਿੱਤਾ ਹੈ ਤਾਂ ਫਿਰ ਨਾ ਤਾਂ ਉਹਨਾਂ ਨੂੰ ਨਜ਼ਰਬੰਦੀ ਕੈਂਪਾਂ ਵਿਚ ਰੱਖਿਆ ਜਾ ਸਕਦਾ ਹੈ ਅਤੇ ਨਾ ਹੀ ਡੀਪੋਰਟ ਕੀਤਾ ਜਾ ਸਕਦਾ ਹੈ। ਐਸੀ ਸ਼ਬਦਾਵਲੀ ਵਰਤ ਕੇ ਅਤੇ ਵਾਹਿਯਾਤ ਅਤੇ ਸ਼ੈਤਾਨੀ ਵਾਲੀ ਯੋਜਨਾ ਬਣਾ ਕੇ ਇਹ ਸਰਕਾਰ ਹਕੀਕਤ ਵਿਚ ਉਹਨਾਂ ਲੱਖਾਂ ਹਿੰਦੂਆਂ ਨੂੰ ਖਤਰੇ ਵਿਚ ਪਾ ਰਹੀ ਹੈ ਜੋ ਬੰਗਲਾਦੇਸ਼, ਪਾਕਿਸਤਾਨ ਅਤੇ ਪਾਕਿਸਤਾਨ ਵਿਚ ਰਹਿੰਦੇ ਹਨ ਅਤੇ ਜਿਹਨਾਂ ਦੇ ਲਈ ਉਸ ਨੇ ਫਿਕਰਮੰਦੀ ਜ਼ਾਹਿਰ ਕਰਨ ਦਾ ਦਿਖਾਵਾ ਕੀਤਾ ਹੈ, ਜਦਕਿ ਉਹ ਲੋਕ ਨਵੀਂ ਦਿੱਲੀ ਤੋਂ ਫੁੱਟਣ ਵਾਲੀ ਇਸ ਧਾਰਮਿਕ ਕੱਟੜਤਾ ਦੇ ਕਾਰਨ ਜਵਾਬੀ ਹਿੰਸਾ ਦਾ ਸ਼ਿਕਾਰ ਬਣ ਸਕਦੇ ਹਨ।
ਜ਼ਰਾ ਸੋਚੋ ਕਿ ਅਸੀਂ ਕਿਥੇ ਆ ਪਹੁੰਚੇ ਹਾਂ।
1947 ਵਿਚ ਅਸੀਂ ਬਸਤੀਵਾਦੀ ਰਾਜ ਤੋਂ ਆਜ਼ਾਦੀ ਦੀ ਜੰਗ ਨਾਲ ਨਿਜਾਤ ਪਾਈ। ਇਹ ਜੰਗ ਲਗਭਗ ਹਰ ਇਕ ਨੇ ਲੜੀ ਸੀ – ਸਿਰਫ ਮੌਜੂਦਾ ਸੱਤਾਧਾਰੀ ਧਿਰ ਉਸ ਜੰਗ ਵਿਚ ਸ਼ਾਮਲ ਨਹੀਂ ਸੀ। ਉਦੋਂ ਤੋਂ ਲੈ ਕੇ ਹਰ ਤਰ੍ਹਾਂ ਦੇ ਸਮਾਜੀ ਅੰਦੋਲਨਾਂ, ਜਾਤਪਾਤ ਵਿਰੋਧੀ ਸੰਘਰਸ਼ਾਂ, ਪੂੰਜੀਵਾਦ ਦੇ ਵਿਰੁਧ ਅੰਦੋਲਨਾਂ, ਨਾਰੀਵਾਦੀ ਸੰਘਰਸ਼ਾਂ ਦਾ ਲੰਮਾ ਸਿਲਸਿਲਾ ਹੈ ਜੋ ਸਾਡੀ ਹੁਣ ਤੱਕ ਦੀ ਯਾਤਰਾ ਨੂੰ ਦਰਸਾਉਂਦਾ ਹੈ।
1960ਵਿਆਂ ਵਿਚ ਇਨਕਲਾਬ ਦਾ ਹੋਕਾ ਦਰਅਸਲ ਨਿਆਂ, ਸਰਮਾਏ ਦੀ ਮੁੜ-ਵੰਡ ਅਤੇ ਸੱਤਾਧਾਰੀ ਜਮਾਤ ਦਾ ਤਖਤਾ ਉਲਟਾਉਣ ਦਾ ਹੋਕਾ ਸੀ।
1990 ਦੇ ਦਹਾਕੇ ਵਿਚ ਸਾਡੀ ਲੜਾਈ ਸਿਮਟ ਕੇ ਲੱਖਾਂ ਲੋਕਾਂ ਨੂੰ ਆਪਣੀ ਹੀ ਜ਼ਮੀਨ ਅਤੇ ਪਿੰਡਾਂ ਤੋਂ ਉਜਾੜਨ ਵਿਰੁਧ ਲੜਾਈ ਬਣ ਕੇ ਰਹਿ ਗਈ, ਉਹਨਾਂ ਲੋਕਾਂ ਦੀ ਲੜਾਈ ਬਣ ਕੇ ਰਹਿ ਗਈ ਜੋ ਐਸੇ ਨਵੇਂ ਭਾਰਤ ਦੇ ਨਿਰਮਾਣ ਦੇ ਅਮਲ ਦਰਮਿਆਨ ਹੋਣ ਵਾਲਾ ਨੁਕਸਾਨ ਬਣ ਕੇ ਰਹਿ ਗਏ ਹਨ ਜਿਸ ਵਿਚ ਮੁਲਕ ਦੇ ਸਿਰਫ 63 ਧਨਾਢਾਂ ਦੇ ਲੋਕ 120 ਕਰੋੜ ਲੋਕਾਂ ਦੇ ਲਈ ਬਣਾਏ ਗਏ ਸਾਲਾਨਾ ਬਜਟ ਤੋਂ ਵਧੇਰੇ ਧਨ-ਦੌਲਤ ਹੈ।
ਤੇ ਹੁਣ ਅਸੀਂ ਹੋਰ ਜ਼ਿਆਦਾ ਸਿਮਟ ਕੇ ਸਿਰਫ ਬਤੌਰ ਨਾਗਰਿਕ ਆਪਣੇ ਹੱਕਾਂ ਦੀ ਭੀਖ ਮੰਗਣ ਲਈ ਮਜਬੂਰ ਕਰ ਦਿੱਤੇ ਗਏ ਹਾਂ। ਅਤੇ ਹੁਣ ਅਸੀਂ ਉਹਨਾਂ ਲੋਕਾਂ ਨੂੰ ਫਰਿਆਦਾਂ ਕਰ ਰਹੇ ਹਾਂ ਜਿਹਨਾਂ ਨੇ ਇਸ ਮੁਲਕ ਦੇ ਨਿਰਮਾਣ ਵਿਚ ਕੋਈ ਭੂਮਿਕਾ ਨਿਭਾਈ ਹੀ ਨਹੀਂ। ਅਸੀਂ ਇਹ ਵੀ ਦੇਖ ਚੁੱਕੇ ਹਾਂ ਕਿ ਸਰਕਾਰ ਸਾਨੂੰ ਸੁਰੱਖਿਆ ਦੇਣ ਤੋਂ ਪਿੱਛੇ ਹਟ ਰਹੀ ਹੈ, ਅਸੀਂ ਪੁਲਿਸ ਦਾ ਫਿਰਕੂਕਰਨ ਹੁੰਦਾ ਦੇਖ ਰਹੇ ਹਾਂ, ਅਸੀਂ ਜੱਜਾਂ ਨੂੰ ਸਹਿਜੇ-ਸਹਿਜੇ ਆਪਣੇ ਫਰਜ਼ ਤੋਂ ਬੇਮੁਖ ਹੁੰਦੇ ਦੇਖ ਰਹੇ ਹਾਂ, ਅਸੀਂ ਦੇਖ ਰਹੇ ਹਾਂ ਮੀਡੀਆ, ਜਿਸ ਦਾ ਕੰਮ ਸੁੱਖ ਭੋਗੀਆਂ ਨੂੰ ਕਸ਼ਟ ਦੇਣਾ ਅਤੇ ਕਸ਼ਟ ਭੋਗਣ ਵਾਲਿਆਂ ਨੂੰ ਸੁੱਖ ਦੇਣਾ ਹੈ, ਹੁਣ ਇਸ ਤੋਂ ਉਲਟੀ ਦਿਸ਼ਾ ਵਿਚ ਤੁਰ ਪਿਆ ਹੈ।
ਅੱਜ ਤੋਂ ਠੀਕ 210 ਦਿਨ ਪਹਿਲਾਂ ਗੈਰ-ਸੰਵਿਧਾਨਕ ਤਰੀਕੇ ਨਾਲ ਜੰਮੂ ਕਸ਼ਮੀਰ ਤੋਂ ਉਸ ਦਾ ਵਿਸ਼ੇਸ਼ ਦਰਜਾ ਖੋਹ ਲਿਆ ਗਿਆ ਸੀ। ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇਤ ਹਜ਼ਾਰਾਂ ਕਸ਼ਮੀਰੀ ਹੁਣ ਵੀ ਜੇਲ੍ਹਾਂ ਵਿਚ ਹਨ। ਸੱਤਰ ਲੱਖ ਲੋਕਾਂ ਨੂੰ ਅਸਲੋਂ ਹੀ ਬਾਕੀ ਦੁਨੀਆ ਨਾਲੋਂ ਕੱਟ ਕੇ ਜਾਣਕਾਰੀ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ ਜੋ ਮਨੁੱਖੀ ਹੱਕਾਂ ਦੇ ਸਮੂਹਿਕ ਘਾਣ ਦੀ ਨਵੀਂ ਕਵਾਇਦ ਹੈ। 26 ਫਰਵਰੀ ਨੂੰ ਦਿੱਲੀ ਦੀਆਂ ਸੜਕਾਂ ਸ੍ਰੀਨਗਰ ਦੀਆਂ ਸੜਕਾਂ ਦੀ ਤਰ੍ਹਾਂ ਸੁੰਨਸਾਨ ਸਨ। ਇਹ ਉਹੀ ਦਿਨ ਸੀ, ਜਦ ਕਸ਼ਮੀਰ ਬੱਚੇ ਸੱਤ ਮਹੀਨਿਆਂ ਤੋਂ ਬਾਅਦ ਪਹਿਲੀ ਵਾਰ ਸਕੂਲ ਗਏ, ਲੇਕਿਨ ਐਸੇ ਸਕੂਲ ਜਾਣ ਦਾ ਕੀ ਮਤਲਬ ਰਹਿ ਜਾਂਦਾ ਹੈ ਜਦ ਤੁਹਾਡੇ ਚਾਰ-ਚੁਫੇਰੇ ਅਤੇ ਸਹਿਜੇ-ਸਹਿਜੇ ਹਰ ਚੀਜ਼ ਦਾ ਗਲ਼ਾ ਘੁੱਟਿਆ ਜਾ ਰਿਹਾ ਹੋਵੇ?
ਇਕ ਅਜਿਹੀ ਜਮਹੂਰੀਅਤ ਜੋ ਸੰਵਿਧਾਨ ਦੁਆਰਾ ਸੰਚਾਲਤ ਨਾ ਕੀਤੀ ਜਾ ਰਹੀ ਹੋਵੇ ਅਤੇ ਜਿਸ ਦੀਆਂ ਤਮਾਮ ਸੰਸਥਾਵਾਂ ਨੂੰ ਖੋਖਲਾ ਕਰ ਦਿੱਤਾ ਗਿਆ ਹੋਵੇ, ਸਿਰਫ ਬਹੁਗਿਣਤੀਵਾਦੀ ਰਾਜ ਹੀ ਬਣ ਸਕਦਾ ਹੈ। ਤੁਸੀਂ ਪੂਰੀ ਤਰ੍ਹਾਂ ਸੰਵਿਧਾਨ ਦੇ ਹੱਕ ਜਾਂ ਵਿਰੋਧ ਵਿਚ ਹੋ ਸਕਦੇ ਹੋ, ਜਾਂ ਇਸ ਦੇ ਕੁਝ ਹਿੱਸਿਆਂ ਨਾਲ ਸਹਿਮਤ ਜਾਂ ਅਸਹਿਮਤ ਹੋ ਸਕਦੇ ਹੋ, ਲੇਕਿਨ ਇੰਞ ਵਿਹਾਰ ਕਰਨਾ ਜਿਵੇਂ ਉਸ ਦੀ ਕੋਈ ਹੋਂਦ ਹੀ ਨਹੀਂ ਹੈ, ਜਿਵੇਂ ਇਹ ਸਰਕਾਰ ਕਰ ਰਹੀ ਹੈ, ਜਮਹੂਰੀਅਤ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਨ ਬਰਾਬਰ ਹੈ। ਸ਼ਾਇਦ ਉਹਨਾਂ ਦਾ ਮਨੋਰਥ ਵੀ ਇਹੀ ਹੈ। ਇਹ ਸਾਡਾ ਆਪਣਾ ਕੋਰੋਨਾ ਵਾਇਰਸ ਹੈ। ਅਸੀਂ ਬਿਮਾਰ ਹਾਂ।
ਦੁਮੇਲ ਉਪਰ ਮਦਦ ਦਾ ਕੋਈ ਨਾਮ-ਨਿਸ਼ਾਨ ਨਜ਼ਰ ਨਹੀਂ ਆ ਰਿਹਾ। ਕੋਈ ਐਸਾ ਮੁਲਕ ਨਹੀਂ ਜੋ ਕੋਈ ਵੁਕਅਤ ਰੱਖਦਾ ਹੋਵੇ। ਸੰਯੁਕਤ ਰਾਸ਼ਟਰ ਸੰਘ ਵੀ ਨਹੀਂ।
ਤੇ ਚੋਣਾਂ ਜਿਤਣ ਦੀ ਖਾਹਸ਼ ਰੱਖਣ ਵਾਲੀ ਇਕ ਵੀ ਐਸੀ ਰਾਜਨੀਤਕ ਪਾਰਟੀ ਨਹੀਂ ਹੈ ਜੋ ਇਕ ਨੈਤਿਕ ਪੁਜੀਸ਼ਨ ਲੈ ਸਕੇ। ਕਿਉਂਕਿ ਅੱਗ ਪਾਈਪਾਂ ਵਿਚ ਵੜ ਚੁੱਕੀ ਹੈ। ਵਿਵਸਥਾ ਢਹਿ-ਢੇਰੀ ਹੋ ਰਹੀ ਹੈ।
ਸਾਨੂੰ ਜ਼ਰੂਰਤ ਹੈ ਐਸੇ ਲੋਕਾਂ ਦੀ ਜੋ ਇਸ ਲਈ ਤਿਆਰ ਹੋਵੇ ਕਿ ਜੇ ਉਹਨਾਂ ਦੀ ਹਰਮਨਪਿਆਰਤਾ ਖੁੱਸਦੀ ਹੈ ਤਾਂ ਖੁੱਸ ਜਾਵੇ। ਜੋ ਖੁਦ ਨੂੰ ਖਤਰਿਆਂ ਵਿਚ ਪਾਉਣ ਲਈ ਤਿਆਰ ਹੋਣ। ਜੋ ਸੱਚ ਨੂੰ ਸੱਚ ਕਹਿਣ ਲਈ ਤਿਆਰ ਹੋਣ। ਇਹ ਕੰਮ ਦਲੇਰ ਪੱਤਰਕਾਰ ਕਰ ਸਕਦੇ ਹਨ, ਅਤੇ ਕਰ ਰਹੇ ਹਨ। ਦਲੇਰ ਵਕੀਲ ਐਸਾ ਕਰ ਸਕਦੇ ਹਨ ਅਤੇ ਕਰ ਰਹੇ ਹਨ; ਤੇ ਕਲਾਕਾਰ – ਖੂਬਸੂਰਤ, ਸ਼ਾਨਦਾਰ, ਦਲੇਰ ਲੇਖਕ, ਸ਼ਾਇਰ, ਗੀਤਕਾਰ, ਚਿਤਰਕਾਰ ਅਤੇ ਫਿਲਮਸਾਜ਼ ਐਸਾ ਕਰ ਸਕਦੇ ਹਨ। ਖੂਬਸੂਰਤੀ ਸਾਡੇ ਹੱਕ ਵਿਚ ਹੈ। ਸਾਰੀ ਦੀ ਸਾਰੀ।
ਕਰਨ ਲਈ ਸਾਡੇ ਸਾਹਮਣੇ ਬਹੁਤ ਕੁਝ ਹੈ ਅਤੇ ਜਿੱਤਣ ਲਈ ਦੁਨੀਆ ਪਈ ਹੈ।