ਪੰਜਾਬ ਦੇ ਤਾਜ਼ਾ ਬਜਟ ਵਿਚ ਸਰਕਾਰ ਨੇ ਆਮ ਲੋਕਾਂ ਨੂੰ ਖੁਸ਼ ਕਰਨ ਵਾਲੇ ਪਾਸੇ ਕਦਮ ਪੁੱਟਿਆ ਜਾਪਦਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਕੁਝ ਐਲਾਨ ਕੀਤੇ ਹਨ। ਅਜਿਹਾ ਕਰਕੇ ਪਿਛਲੇ ਤਿੰਨ ਸਾਲਾਂ ਤੋਂ ਹੱਥ ਉਤੇ ਹੱਥ ਧਰੀ ਬੈਠੀ ਸਰਕਾਰ ਨੇ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਕਿੰਨਾ ਕੁਝ ਕਰ ਤਾਂ ਰਹੀ ਹੈ! ਇਹ ਅਸਲ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਕਵਾਇਦ ਹੈ, ਜੋ ਅਜੇ ਦੋ ਸਾਲਾਂ ਨੂੰ ਹੋਣੀਆਂ ਹਨ। ਉਂਜ, ਇਸ ਸਰਗਰਮੀ ਪਿਛੇ ਕੁਝ ਸਿਆਸੀ ਕਾਰਨ ਵੀ ਹਨ।
ਪਾਰਟੀ ਅੰਦਰ ਮੁੱਖ ਮੰਤਰੀ ਦਾ ਸ਼ਰੀਕ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸਰਗਰਮ ਹੋਣ ਦੇ ਸੰਕੇਤ ਸੁੱਟ ਰਿਹਾ ਹੈ ਅਤੇ ਉਹ ਦਿੱਲੀ ਦਾ ਗੇੜਾ ਵੀ ਕੱਢ ਆਇਆ ਹੈ। ਸੋਸ਼ਲ ਮੀਡੀਏ ਉਤੇ ਉਸ ਦੇ ਆਮ ਆਦਮੀ ਪਾਰਟੀ (ਆਪ) ਅਤੇ ਕੁਝ ਹੋਰ ਆਗੂਆਂ ਨਾਲ ਰਾਬਤੇ ਬਾਰੇ ਵੀ ਚੁੰਝ-ਚਰਚਾ ਚੱਲ ਰਹੀ ਹੈ। ਉਂਜ, ਇਸ ਪ੍ਰਸੰਗ ਵਿਚ ਸਭ ਤੋਂ ਦਿਲਚਸਪ ਸੰਕੇਤ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ, ਬਜੁਰਗ ਆਗੂ ਪ੍ਰਕਾਸ਼ ਸਿੰਘ ਬਾਦਲ ਦਾ ਹੈ। ਉਹ ਕੇਂਦਰ ਸਰਕਾਰ ਦੀ ਨੁਕਤਾਚੀਨੀ ਕਰ ਰਹੇ ਹਨ ਅਤੇ ਘੱਟ ਗਿਣਤੀਆਂ ਨਾਲ ਜ਼ਿਆਦਤੀਆਂ ਹੋਣ ਦੀ ਗੱਲ ਕਰ ਕਰ ਰਹੇ ਹਨ। ਇਸ ਵਕਤ ਕੇਂਦਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ, ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਹੈ ਅਤੇ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਅੱਜ ਤਕ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਅੱਖਾਂ ਮੁੰਦ ਕੇ ਹਮਾਇਤ ਕੀਤੀ ਹੈ। ਜਦੋਂ 2002 ਵਿਚ ਗੁਜਰਾਤ ਵਿਚ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਮੁਸਲਮਾਨਾਂ ਦੇ ਕਤਲੇਆਮ ਦੀ ਛੋਟ ਦਿੱਤੀ ਸੀ ਤਾਂ ਬਾਦਲ ਦੇ ਮੂੰਹੋਂ ਨੁਕਤਾਚੀਨੀ ਦਾ ਇਕ ਵੀ ਸ਼ਬਦ ਨਹੀਂ ਸੀ ਸਰਿਆ। ਭਾਜਪਾ ਪਿਛਲੇ ਛੇ ਸਾਲਾਂ ਤੋਂ ਘੱਟ ਗਿਣਤੀਆਂ, ਖਾਸ ਕਰਕੇ ਮੁਸਲਮਾਨਾਂ ਖਿਲਾਫ ਜ਼ਹਿਰੀਲਾ ਪ੍ਰਚਾਰ ਕਰ ਰਹੀ ਹੈ, ਮੁਸਲਮਾਨਾਂ ਨੂੰ ਭੀੜਾਂ ਇਕੱਠੀਆਂ ਕਰ ਕਰ ਕੇ ਕਤਲ ਕੀਤਾ ਗਿਆ, ਉਸ ਵਕਤ ਵੀ ਬਾਦਲ ਨੇ ਜ਼ੁਬਾਨ ਨਹੀਂ ਖੋਲ੍ਹੀ। ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਬਿਲ ਲਿਆਂਦਾ ਤਾਂ ਅਕਾਲੀ ਦਲ ਨੇ ਸੰਸਦ ਵਿਚ ਇਸ ਬਿਲ ਦੀ ਹਮਾਇਤ ਕੀਤੀ। ਇਹ ਵੱਖਰੀ ਗੱਲ ਹੈ ਕਿ ਪਿਛੋਂ ਕੁਝ ਜ਼ਿਆਦਾ ਹੀ ਤੋਏ-ਤੋਏ ਹੋਣ ਕਾਰਨ ਇਸ ਪੈਂਤੜੇ ਵਿਚ ਕੁਝ ਤਬਦੀਲੀ ਕੀਤੀ। ਹੋਰ ਤਾਂ ਹੋਰ, ਮੋਦੀ ਸਰਕਾਰ ਨੇ ਜਦੋਂ ਜੰਮੂ ਕਸ਼ਮੀਰ ਨੂੰ ਵੱਧ ਅਧਿਕਾਰ ਦਿੰਦੀ ਧਾਰਾ ਖਤਮ ਕੀਤੀ ਸੀ ਤਾਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਸਦਾ ਹੀ ਪੈਰਵੀ ਕਰਨ ਵਾਲਾ ਅਕਾਲੀ ਦਲ ਬਿਲਕੁਲ ਖਾਮੋਸ਼ ਹੋ ਗਿਆ ਸੀ।
ਅਸਲ ਵਿਚ ਹੁਣ ਮਸਲਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗੇ ਖੋਰੇ ਦਾ ਹੈ ਅਤੇ ਇਸ ਖੋਰੇ ਨੂੰ ਰੋਕਣ ਵਿਚ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਉਂਜ ਵੀ ਅਕਾਲੀ ਦਲ ਉਤੇ ਵਕਤ ਦੀ ਤੀਹਰੀ ਮਾਰ ਪਈ ਹੈ। ਇਕ ਤਾਂ 2017 ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੱਕ ਤੋੜਵੀਂ ਹਾਰ ਹੋ ਗਈ; ਦੂਜੇ, ਬੇਅਦਬੀ ਤੇ ਕੁਝ ਹੋਰ ਮਸਲਿਆਂ ਕਾਰਨ ਪਾਰਟੀ ਆਗੂ ਇੰਨੇ ਜ਼ਿਆਦਾ ਬਦਨਾਮ ਹੋ ਗਏ ਕਿ ਲੋਕਾਂ ਨੇ ਪਿੰਡਾਂ ਵਿਚ ਕਾਲੀਆਂ ਝੰਡੀਆਂ ਤਕ ਦਿਖਾਉਣੀਆਂ ਅਰੰਭ ਕਰ ਦਿੱਤੀਆਂ; ਤੀਜੇ, ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਖਿਲਾਫ ਅਵਾਜ਼ ਬੁਲੰਦ ਹੋਣੀ ਸ਼ੁਰੂ ਹੋ ਗਈ ਅਤੇ ਇਕ-ਇਕ ਕਰਕੇ ਸੀਨੀਅਰ ਆਗੂ ਸਾਥ ਛੱਡਣ ਲੱਗ ਪਏ। ਇਹ ਸਾਰੇ ਆਗੂ ਹੁਣ ਕਿਸੇ ਨਾ ਕਿਸੇ ਢੰਗ ਨਾਲ ਇਕਜੁੱਟ ਹੋ ਕੇ ਸੁਖਬੀਰ ਖਿਲਾਫ ਸਾਂਝਾ ਮੋਰਚਾ ਖੋਲ੍ਹਣ ਦਾ ਯਤਨ ਕਰ ਰਹੇ ਹਨ। ਇਉਂ, ਇਸ ਵਕਤ ਅਕਾਲੀ ਦਲ ਨੂੰ ਸਿਆਸੀ ਚੁਣੌਤੀ ਦੇ ਨਾਲ-ਨਾਲ ਸੁਖਬੀਰ ਦੀ ਲੀਡਰਸ਼ਿਪ ਨੂੰ ਵੀ ਵੰਗਾਰਾਂ ਪੈ ਰਹੀਆਂ ਹਨ। ਇਸ ਦੇ ਨਾਲ ਹੀ ਭਾਜਪਾ ਅੰਦਰ ਸੁਖਬੀਰ ਦਾ ਉਹ ਰੁਤਬਾ ਅਤੇ ਮਾਣ-ਤਾਣ ਨਹੀਂ, ਜੋ ਪ੍ਰਕਾਸ਼ ਸਿੰਘ ਬਾਦਲ ਦਾ ਹੈ। ਉਂਜ ਵੀ ਭਾਜਪਾ ਦੀ ਲੀਡਰਸ਼ਿਪ ਦਾ ਇਕ ਹਿੱਸਾ ਬਾਦਲਾਂ ਨਾਲੋਂ ਤੋੜ-ਵਿਛੋੜਾ ਕਰਕੇ ਪੰਜਾਬ ਵਿਚ ਮੁੱਖ ਮੰਤਰੀ ਦੀ ਗੱਦੀ ਦਾ ਦਾਅਵੇਦਾਰ ਵੀ ਬਣ ਰਿਹਾ ਹੈ ਅਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਆਪਣੇ ਸਿਆਸੀ ਭਾਈਵਾਲਾਂ ਨਾਲ ਜੋ ਵਿਹਾਰ ਕਰ ਰਹੀ ਹੈ, ਉਸ ਤੋਂ ਸਾਫ ਝਲਕ ਮਿਲਦੀ ਹੈ ਕਿ ਵਕਤ ਆਉਣ ‘ਤੇ ਬਾਦਲਾਂ ਨੂੰ ਵੀ ਪਟਕਣੀ ਦਿੱਤੀ ਜਾ ਸਕਦੀ ਹੈ।
ਇਸ ਸੂਰਤ ਵਿਚ ਪ੍ਰਕਾਸ਼ ਸਿੰਘ ਬਾਦਲ ਹੁਣ ਇਕ ਵਾਰ ਫਿਰ ਸੁਖਬੀਰ ਲਈ ਸੰਕਟ-ਮੋਚਨ ਬਣ ਕੇ ਮੈਦਾਨ ਵਿਚ ਨਿਤਰੇ ਹਨ, ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੇ ਆਪਣੀ ਸਿਆਸੀ ਸਰਗਰਮੀ ਇਕ ਤਰ੍ਹਾਂ ਨਾਲ ਤਿਆਗੀ ਹੋਈ ਸੀ। ਜਾਹਰ ਹੈ ਕਿ ਬਾਦਲ ਲਈ ਹੁਣ ਮਸਲਾ ਘੱਟ ਗਿਣਤੀਆਂ ਨਾਲ ਜ਼ਿਆਦਤੀਆਂ ਦਾ ਨਹੀਂ, ਜਿਸ ਤਰ੍ਹਾਂ ਉਹ ਆਪਣੇ ਬਿਆਨਾਂ ਜਾਂ ਭਾਸ਼ਣਾਂ ਵਿਚ ਪੇਸ਼ ਕਰਨ ਦਾ ਯਤਨ ਕਰ ਰਹੇ ਹਨ, ਸਗੋਂ ਅਸਲ ਮਸਲਾ ਪੁੱਤਰ-ਮੋਹ ਦਾ ਹੈ। ਉਹ ਸੰਕਟ ਵਿਚ ਘਿਰੇ ਆਪਣੇ ਪੁੱਤ ਲਈ ਜ਼ਮੀਨ ਤਿਆਰ ਕਰ ਰਹੇ ਹਨ ਤਾਂਕਿ ਸੀਨੀਅਰ ਆਗੂਆਂ ਦੇ ਮੋਰਚੇ ਨੂੰ ਕੁਝ ਕੁ ਠੱਲ੍ਹ ਪਾਈ ਜਾ ਸਕੇ। ਉਂਜ, ਪਿਛਲੀ ਉਮਰੇ ਬਾਦਲ ਦੇ ਸਿਆਸੀ ਪਿੜ ਵਿਚ ਉਤਰਨ ਨਾਲ ਇਕ ਤੱਥ ਤਾਂ ਐਨ ਸਪਸ਼ਟ ਹੋ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਅੱਗੇ ਲਿਜਾਣ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ। ਇਹ ਅਸਲ ਵਿਚ ਇਕ ਸਦੀ ਪੁਰਾਣੀ ਇਤਿਹਾਸਕ ਜਥੇਬੰਦੀਆਂ ਦੀਆਂ ਕਦਰਾਂ-ਕੀਮਤਾਂ ਤਿਆਗ ਕੇ ਕੋਰੀ ਚੋਣ ਸਿਆਸਤ ਕਰਨ ਦਾ ਨਤੀਜਾ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਸਾਫ ਹੋ ਗਈ ਹੈ ਕਿ ਇੰਨੀਆਂ ਪਛਾੜਾਂ ਲੱਗਣ ਦੇ ਬਾਵਜੂਦ ਬਾਦਲ ਅੱਜ ਵੀ ਪੰਥ ਅਤੇ ਪੰਜਾਬ ਦੀ ਥਾਂ ਆਪਣੇ ਪਰਿਵਾਰ ਨੂੰ ਹੀ ਤਰਜੀਹ ਦੇ ਰਹੇ ਹਨ। ਆਪਣੇ ਪੁੱਤਰ ਦਾ ਸਿਆਸੀ ਸੰਕਟ ਹਰਨ ਵਿਚ ਉਹ ਕਿੰਨਾ ਕੁ ਕਾਮਯਾਬ ਹੁੰਦੇ ਹਨ, ਇਹ ਤਾਂ ਆਉਣ ਵਾਲੇ ਸਮੇਂ ਅਤੇ ਪੰਜਾਬ ਦੀਆਂ ਦੂਜੀਆਂ ਸਿਆਸੀ ਧਿਰਾਂ ਦੀ ਕਾਰਗੁਜ਼ਾਰੀ ਨੇ ਹੀ ਦੱਸਣਾ ਹੈ, ਪਰ ਫਿਲਹਾਲ ਉਨ੍ਹਾਂ ਨੇ ਆਪਣੀਆਂ ਭੁੱਲਾਂ ਬਖਸ਼ਾਉਣ ਦਾ ਆਖਰੀ ਮੌਕਾ ਵੀ ਸ਼ਾਇਦ ਗੁਆ ਲਿਆ ਹੈ।