ਕ੍ਰਿਕਟ ਖਿਡਾਰੀਆਂ ਦੇ ਨਾਲ ਨਾਲ ਦਾਰਾ ਸਿੰਘ ਦਾ ਪੁੱਤ ਗ੍ਰਿਫਤਾਰ
ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਭਾਰਤੀ ਕ੍ਰਿਕਟ ਨੂੰ ਇਕ ਵਾਰ ਫਿਰ ਮੈਚ ਫਿਕਸਿੰਗ ਦਾ ਗ੍ਰਹਿਣ ਲੱਗਾ ਹੈ ਜਿਸ ਵਿਚ ਕਈ ਅਹਿਮ ਖਿਡਾਰੀਆਂ ਦੇ ਨਾਲ-ਨਾਲ ਫਿਲਮੀ ਹਸਤੀਆਂ ਦਾ ਨਾਂ ਵੀ ਗੂੰਜਿਆ ਹੈ। ਤਾਜ਼ਾ ਮਾਮਲਾ ਸਾਹਮਣੇ ਆਉਣ ‘ਤੇ ਜਿੱਥੇ ਸੁਪਰੀਮ ਕੋਰਟ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ, ਉਥੇ ਕੇਂਦਰ ਸਰਕਾਰ ਵੀ ਇਸ ਦਾ ਕੋਈ ਪੱਕਾ ਹੱਲ ਲੱਭਣ ਲਈ ਸਰਗਰਮ ਹੋ ਗਈ ਹੈ। ਜ਼ਿਕਰਯੋਗ ਹੈ ਕਿ ਕ੍ਰਿਕਟ ਪੈਸੇ ਦੀ ਖੇਡ ਬਣ ਗਈ ਹੈ ਤੇ ਇਸ ਨੇ ਖੇਡਾਂ ਦੀ ਦੁਨੀਆਂ ਵਿਚ ਕਈ ਅਜਿਹੇ ਮਾੜੇ ਰੁਝਾਨ ਪੈਦਾ ਕੀਤੇ ਹਨ ਜਿਸ ਨਾਲ ਖੇਡ ਭਾਵਨਾ ਤੇ ਨੈਤਿਕਤਾ ਨੂੰ ਖੋਰਾ ਲੱਗਾ ਹੈ।
ਇਸ ਵਾਰ ਘਾਲਾਮਾਲਾ ਇੰਡੀਅਨ ਪ੍ਰੀਮੀਅਰ ਲੀਗ (ਆਈæਪੀæਐਲ਼) ਵਿਚ ਸਾਹਮਣੇ ਆਇਆ ਜਿਸ ਵਿਚ ਚਰਚਿਤ ਖਿਡਾਰੀ ਐਸ਼ ਸ੍ਰੀਸ਼ਾਂਤ ਵੀ ਕਾਬੂ ਆ ਗਿਆ ਹੈ। ਆਈæਪੀæਐਲ਼ ਦੀ ਫਰੈਂਚਾਈਜ਼ੀ ਰਾਜਸਥਾਨ ਰਾਇਲਜ਼ ਦੇ ਵਿਵਾਦਗ੍ਰਸਤ ਤੇਜ਼ ਗੇਂਦਬਾਜ਼ ਐਸ਼ ਸ੍ਰੀਸ਼ਾਂਤ ਤੇ ਉਸ ਦੇ ਦੋ ਹੋਰ ਸਾਥੀ ਖਿਡਾਰੀਆਂ ਅਜੀਤ ਚੰਦੀਲਾ ਤੇ ਅੰਕਿਤ ਚਵਾਨ ਨੂੰ ਦਿੱਲੀ ਪੁਲਿਸ ਨੇ ਸਪੌਟ ਫ਼ਿਕਸਿੰਗ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਤੇ ਮੈਚ ਫ਼ਿਕਸਿੰਗ ਦੇ ਦਲਾਲਾਂ ਤੋਂ 60 ਲੱਖ ਰੁਪਏ ਲੈ ਕੇ ਮਿਥੇ ਓਵਰ ਵਿਚ ਮਿਥੀਆਂ ਦੌੜਾਂ ਦੇਣ ਦਾ ਦੋਸ਼ ਹੈ। ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਰਾਜਸਥਾਨ ਰਾਇਲਜ਼ ਦੇ ਐਸ ਸ੍ਰੀਸ਼ਾਂਤ ਤੇ ਅੰਕਿਤ ਚਵਾਨ ਨੇ ਸਪੌਟ ਫਿਕਸਿੰਗ ਵਿਚ ਆਪਣੀ ਸ਼ਮੂਲੀਅਤ ਕਬੂਲ ਲਈ ਹੈ।
ਇਨ੍ਹਾਂ ਸਾਰਿਆਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀæਸੀæਸੀæਆਈæ) ਨੇ ਮੁਅੱਤਲ ਕਰ ਦਿੱਤਾ ਹੈ ਤੇ ਇਨ੍ਹਾਂ ਵਿਰੁਧ ਆਈæਪੀæਸੀæ ਦੀਆਂ ਧਾਰਾਵਾਂ 420 (ਠੱਗੀ) ਤੇ 120-ਬੀ (ਸਾਜ਼ਿਸ਼) ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੋਰਡ ਦੇ ਸੂਤਰਾਂ ਮੁਤਾਬਕ ਇਸ ਤਿੱਕੜੀ ‘ਤੇ ਉਮਰ ਭਰ ਦੀ ਪਾਬੰਦੀ ਲੱਗ ਸਕਦੀ ਹੈ। ਇਸ ਮਾਮਲੇ ਵਿਚ 14 ਬੁਕੀਜ਼ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਅਜੇ ਹੋਰ ਪਰਤਾਂ ਖੁੱਲ੍ਹ ਰਹੀਆਂ ਹਨ। ਇਨ੍ਹਾਂ ‘ਤੇ 5, 9 ਤੇ 15 ਮਈ ਨੂੰ ਪੁਣੇ ਵਾਰੀਅਰਜ਼, ਕਿੰਗਜ਼ ਇਲੈਵਨ ਪੰਜਾਬ ਤੇ ਮੁੰਬਈ ਇੰਡੀਅਨਜ਼ ਨਾਲ ਹੋਏ ਰਾਜਸਥਾਨ ਰਾਇਲਜ਼ ਦੇ ਮੈਚਾਂ ਦੌਰਾਨ ਸਪੌਟ ਫਿਕਸਿੰਗ ਦਾ ਦੋਸ਼ ਹੈ ਜਿਸ ਸਬੰਧੀ ਪੁਲਿਸ ਨੇ ਆਡੀਓ-ਵੀਡੀਓ ਸਬੂਤ ਪੇਸ਼ ਕੀਤੇ ਹਨ।
ਇਸ ਮਾਮਲੇ ਵਿਚ ਮਰਹੂਮ ਭਲਵਾਨ ਦਾਰਾ ਸਿੰਘ ਦੇ ਪੁੱਤ ਅਤੇ ਬਾਲੀਵੁੱਡ ਅਦਾਕਾਰ ਵਿੰਦੂ ਰੰਧਾਵਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਕੈਂਡਲ ਵਿਚ ਬਾਲੀਵੁੱਡ ਵਿਚੋਂ ਕੀਤੀ ਗਈ ਇਹ ਪਹਿਲੀ ਗ੍ਰਿਫਤਾਰੀ ਹੈ। ਵਿੰਦੂ ਆਈæਪੀæਐਲ਼ ਮੈਚਾਂ ਤੇ ਮੈਚਾਂ ਤੋਂ ਬਾਅਦ ਦੀਆਂ ਪਾਰਟੀਆਂ ਵਿਚ ਆਮ ਨਜ਼ਰ ਆਉਂਦਾ ਸੀ।
ਉਧਰ, ਸੁਪਰੀਮ ਕੋਰਟ ਨੇ ਆਈæਪੀæਐਲ਼ ਵਿਚ ਸਪੌਟ ਫਿਕਸਿੰਗ ਤੇ ਬੇਨਿਯਮੀਆਂ ਨਾਲ ਨਜਿੱਠਣ ਵਿਚ ਢਿੱਲੜ ਰਵੱਈਏ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀæਸੀæਸੀæਆਈæ) ਦੀ ਚੰਗੀ ਝਾੜ-ਝੰਬ ਕੀਤੀ ਤੇ ਹੁਕਮ ਦਿੱਤਾ ਕਿ ਭਲੇਮਾਣਸਾਂ ਦੀ ਖੇਡ ਕ੍ਰਿਕਟ ਦਾ ਮਾਣ ਬਹਾਲ ਕਰਨ ਲਈ ‘ਬੇਈਮਾਨਾਂ’ ਖਿਲਾਫ਼ ਕਾਰਵਾਈ ਕੀਤੀ ਜਾਵੇ। ਅਦਾਲਤ ਨੇ ਆਈæਪੀæਐਲ਼ ਉਪਰ ਪਾਬੰਦੀ ਲਾਉਣ ਤੋਂ ਇਨਕਾਰ ਕਰਦਿਆਂ ਸਪੌਟ ਫਿਕਸਿੰਗ ਕਾਂਡ ਕਾਰਨ ਦਾਗ਼ਦਾਰ ਹੋਏ ਕ੍ਰਿਕਟ ਦੇ ਇਸ ਛੋਟੇ ਰੂਪ ਵਿਚਲੀ ਗੰਦਗੀ ਦੀ ਸਫਾਈ ਲਈ ਤੁਰੰਤ ਕਦਮ ਚੁੱਕਣ ਲਈ ਬੋਰਡ ਨੂੰ ਹੁਕਮ ਦਿੱਤਾ।
ਬੋਰਡ ਨੇ ਮੰਨਿਆ ਕਿ ਬੇਨਿਯਮੀਆਂ ਹੋਈਆਂ ਹਨ ਤੇ ਇਸ ਦੀ ਜਾਂਚ ਲਈ ਇਕ ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ‘ਤੇ ਅਦਾਲਤ ਨੇ ਕਮੇਟੀ ਨੂੰ ਆਪਣੀ ਰਿਪੋਰਟ 15 ਦਿਨਾਂ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ। ਨਾਲ ਹੀ ਇਹ ਵੀ ਕਿਹਾ ਕਿ ਇਸ ਰਿਪੋਰਟ ਦੇ ਆਧਾਰ ਉਪਰ ਭਲੇਮਾਣਸਾਂ ਦੀ ਖੇਡ ਵਿਚਲੇ ਗਲਤ ਟੀਮਾਂ ਤੇ ਖਿਡਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਸਰਕਾਰ ਵੀ ਇਸ ਬਾਰੇ ਸਖ਼ਤ ਕਾਨੂੰਨ ਬਣਾਉਣ ਲਈ ਸਰਗਰਮ ਹੋ ਗਈ ਹੈ। ਸਰਕਾਰ ਹੁਣ ਕ੍ਰਿਕਟ ਵਿਚ ਬੇਨਿਯਮੀਆਂ ਤੇ ਫਿਕਸਿੰਗ ਰੋਕਣ ਲਈ ਕੌਮੀ ਕਾਨੂੰਨ ਬਣਾਉਣ ਬਾਰੇ ਅਟਾਰਨੀ ਜਨਰਲ ਤੋਂ ਰਾਇ ਮੰਗੇਗੀ। ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਕਿਹਾ ਕਿ ਇਸ ਵੇਲੇ ਖੇਡ, ਸੱਟੇਬਾਜ਼ੀ ਤੇ ਜੂਆ ਰਾਜਾਂ ਦਾ ਵਿਸ਼ਾ ਹਨ। ਕੇਂਦਰ ਸਰਕਾਰ ਖੇਡਾਂ ਵਿਚਲੀਆਂ ਬੇਨਿਯਮੀਆਂ ਰੋਕਣ ਲਈ ਕੌਮੀ ਕਾਨੂੰਨ ਬਣਾਉਣ ਬਾਰੇ ਵਿਚਾਰ ਕਰ ਰਹੀ ਹੈ। ਇਸ ਬਾਰੇ ਅਟਾਰਨੀ ਜਨਰਲ ਨੂੰ ਰਾਇ ਦੇਣ ਲਈ ਕਿਹਾ ਜਾਵੇਗਾ। ਇਸ ਵੇਲੇ ਅਟਾਰਨੀ ਜਨਰਲ ਵਿਦੇਸ਼ ਵਿਚ ਹਨ ਤੇ ਉਨ੍ਹਾਂ ਦੇ ਵਾਪਸ ਆਉਣ ‘ਤੇ ਬੇਨਤੀ ਕੀਤੀ ਜਾਵੇਗੀ ਕਿ ਉਹ ਸਪੌਟ ਫਿਕਸਿੰਗ ਮਾਮਲੇ ‘ਤੇ ਵਿਚਾਰ ਕਰਨ।
Leave a Reply