ਕਾਂਗਰਸ ਵੱਲੋਂ ਅਕਾਲੀਆਂ ‘ਤੇ ਜਮਹੂਰੀਅਤ ਦੇ ਘਾਣ ਦੇ ਦੋਸ਼
ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੇ ਸਿਆਸਤ ਦਾ ਹਰ ‘ਚੰਗਾ-ਮਾੜਾ’ ਪੈਂਤੜਾ ਵਰਤਦਿਆਂ ਪੰਚਾਇਤੀ ਰਾਜ ਚੋਣਾਂ ਵਿਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਰਾਜ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 146 ਪੰਚਾਇਤ ਸਮਿਤੀਆਂ ਦੀ ਚੋਣ ਵਿਚ ਅਕਾਲੀ ਦਲ ਨੇ ਸਭ ਤੋਂ ਵੱਧ ਸੀਟਾਂ ਲਈਆਂ ਹਨ। ਦਿਹਾਤੀ ਇਲਾਕੇ ਅਕਾਲੀਆਂ ਦੇ ਗੜ੍ਹ ਮੰਨੇ ਜਾਂਦੇ ਹਨ ਪਰ ਇਸ ਵਾਰ ਕਾਂਗਰਸ ਦੇ ਨਾਲ-ਨਾਲ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਨੇ ਵੀ ਆਪਣੀ ਹੋਂਦ ਦਾ ਚੰਗਾ ਮੁਜ਼ਾਹਰਾ ਕੀਤਾ ਹੈ।
ਅਕਾਲੀ ਦਲ ਨੇ ਬੇਸ਼ੱਕ ਇਨ੍ਹਾਂ ਚੋਣਾਂ ਵਿਚ ਹੂੰਝਾ ਫੇਰਿਆ ਹੈ ਪਰ ਪੰਥਕ ਪਾਰਟੀ ਦੇ ਚੋਣ ਲੜਨ ਦੇ ਢੰਗ ਤਰੀਕਿਆਂ ਨੇ ਇਕ ਵਾਰ ਫਿਰ ਸਭ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ। ਇਨ੍ਹਾਂ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਨਾਲ-ਨਾਲ ਹਥਿਆਰਾਂ ਦੀ ਖੁੱਲ੍ਹ ਕੇ ਵਰਤੋਂ ਹੋਈ। ਚੋਣਾਂ ਦੌਰਾਨ ਅੱਧੀ ਦਰਜਨ ਮੌਤਾਂ ਹੋਈਆਂ ਤੇ ਸੈਂਕੜੇ ਬੰਦੇ ਜ਼ਖ਼ਮੀ ਹੋਏ। ਵਿਰੋਧੀਆਂ ਦੇ ਕਾਗ਼ਜ਼ ਰੱਦ ਕਰਾਉਣੇ ਤਾਂ ਪੁਰਾਣੀ ਪਰੰਪਰਾ ਹੈ ਜਿਹੜੀ ਇਸ ਵਾਰ ਵੀ ਬਾਦਸਤੂਰ ਜਾਰੀ ਰਹੀ।
ਅਕਾਲੀ ਦਲ ਨੇ ਇਸ ਜਿੱਤ ਨੂੰ ਸਰਕਾਰ ਵੱਲੋਂ ਰਾਜ ਦੇ ਕੀਤੇ ਵਿਕਾਸ ਦੀ ਜਿੱਤ ਕਿਹਾ ਹੈ ਜਦਕਿ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਸੱਤਾਧਾਰੀ ਗੱਠਜੋੜ ਨੇ ਲੋਕਾਂ ਉਪਰ ਜਬਰ ਢਾਹ ਕੇ ਹਰ ਹੀਲੇ ਜਿੱਤ ਹਾਸਲ ਕਰਨ ਲਈ ਲੋਕਤੰਤਰ ਦਾ ਘਾਣ ਕੀਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅਕਾਲੀ-ਭਾਜਪਾ ਸਰਕਾਰ ਦੇ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸ਼ਾਨਦਾਰ ਜਿੱਤ ਦੇ ਦਾਅਵੇ ਖਾਰਜ ਕਰਦਿਆਂ ਇਸ ਨੂੰ ਜਮਹੂਰੀਅਤ ਦਾ ਕਤਲ ਕਰਾਰ ਦਿੱਤਾ ਹੈ।
ਸ਼ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਪਿੰਡ ਦੇ ਨੇੜਲੇ ਪਿੰਡ ਮਾਨਾ ਦੇ ਲੋਕਾਂ ਨੇ ਅਕਾਲੀ-ਭਾਜਪਾ ਦੇ ਜਿੱਤ ਦੇ ਦਾਅਵਿਆਂ ਨੂੰ ਮਹਿਸੂਸ ਕੀਤਾ ਹੈ ਜਿਥੇ ਪੁਲਿਸ ਨੇ 150 ਲੋਕਾਂ ਦੇ ਖਿਲਾਫ ਹਿੰਸਾ ਫੈਲਾਉਣ ਦਾ ਕੇਸ ਦਰਜ ਕੀਤਾ ਜਦਕਿ ਪਿੰਡ ਮਾਨਾ ਵਿਚ ਬੂਥਾਂ ‘ਤੇ ਕਬਜ਼ਾ ਤੇ ਹਿੰਸਾ ਮੁੱਖ ਮੰਤਰੀ ਦੇ ਓæਐਸ਼ਡੀæ ਦੀ ਅਗਵਾਈ ਵਿਚ ਕੀਤੀ ਗਈ। ਪੂਰੇ ਪਿੰਡ ਦੇ ਲੋਕਾਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰਨਾ ਲੋਕਾਂ ਦੀ ਅਵਾਜ਼ ਨੂੰ ਦਬਾਉਣ ਦੀ ਪ੍ਰਤੱਖ ਕੋਸ਼ਿਸ਼ ਹੈ।
ਦੂਜੇ ਪਾਸੇ ਸਾਂਝਾ ਮੋਰਚਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀਆਂ ਦੇ ਚੋØਣ ਨਤੀਜਿਆਂ ਤੋਂ ਸੰਤੁਸ਼ਟ ਹੈ। ਸਾਂਝੇ ਮੋਰਚੇ ਦਾ ਵਿਰੋਧੀ ਧਿਰਾਂ ਨਾਲ ਸੀਟਾਂ ਦੇ ਲੈਣ-ਦੇਣ ਦਾ ਤਜਰਬਾ ਸਫ਼ਲ ਰਿਹਾ ਹੈ। ਸਾਂਝੇ ਮੋਰਚੇ ਵਿਚ ਸ਼ਾਮਲ ਪੀਪਲਜ਼ ਪਾਰਟੀ ਆਫ਼ ਪੰਜਾਬ, ਸੀæਪੀæਆਈæ, ਸੀæਪੀæਆਈæ (ਐਮæ) ਤੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨੇ ਰਲ ਕੇ ਚੋਣ ਲੜੀ। ਦਲ ਨੂੰ ਛੱਡ ਕੇ ਮੋਰਚੇ ਵਿਚ ਸ਼ਾਮਲ ਬਾਕੀ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਚੋਣ ਨਿਸ਼ਾਨ ‘ਤੇ ਚੋਣ ਲੜੀ। ਮੋਰਚੇ ਨੂੰ ਵਧੇਰੇ ਕਰ ਕੇ ਜਿੱਤ ਉਨ੍ਹਾਂ ਸੀਟਾਂ ‘ਤੇ ਪ੍ਰਾਪਤ ਹੋਈ ਹੈ ਜਿੱਥੇ ਇਸ ਦਾ ਕਾਂਗਰਸ ਜਾਂ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੋਇਆ। ਸਮਝੌਤੇ ਤਹਿਤ ਲੜੀਆਂ ਗਈਆਂ ਕਈ ਹੋਰ ਸੀਟਾਂ ‘ਤੇ ਮੋਰਚੇ ਦੇ ਉਮੀਦਵਾਰ ਜਿੱਤ ਦੇ ਨੇੜੇ ਆ ਕੇ ਹਾਰ ਗਏ ਹਨ। ਪੀਪਲਜ਼ ਪਾਰਟੀ ਆਫ਼ ਪੰਜਾਬ ਤੇ ਅਕਾਲੀ ਦਲ (ਲੌਂਗੋਵਾਲ) ਨੇ ਪਤੰਗ ਚੋਣ ਨਿਸ਼ਾਨ ‘ਤੇ ਚੋਣ ਲੜੀ। ਸੀæਪੀæਆਈæ ਦਾ ਦਾਤੀ-ਬੱਲੀ ਤੇ ਸੀæਪੀæਆਈæ (ਐਮ) ਦਾ ਦਾਤੀ-ਹਥੌੜਾ ਤੇ ਤਾਰਾ ਚੋਣ ਨਿਸ਼ਾਨ ਸੀ। ਸਾਂਝੇ ਮੋਰਚੇ ਦਾ ਚਾਹੇ ਕਾਂਗਰਸ ਜਾਂ ਬਹੁਜਨ ਸਮਾਜ ਪਾਰਟੀ ਨਾਲ ਕੋਈ ਪਾਰਟੀ ਪੱਧਰ ‘ਤੇ ਸਮਝੌਤਾ ਨਹੀਂ ਸੀ ਪਰ ਹੁਕਮਰਾਨ ਪਾਰਟੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਸਾਰੇ ਸਥਾਨਕ ਪੱਧਰ ‘ਤੇ ਇੱਕਜੁੱਟ ਹੋ ਗਏ ਸਨ। ਸਾਂਝੇ ਮੋਰਚੇ ਦੀ ਝੋਲੀ 33 ਸੀਟਾਂ ਪਈਆਂ ਹਨ। ਇਨ੍ਹਾਂ ਵਿਚੋਂ 22 ਪੀਪਲਜ਼ ਪਾਰਟੀ ਨੇ, 6 ਸੀæਪੀæਆਈæ ਤੇ 5 ਸੀਟਾਂ ਸੀæਪੀæਆਈæ (ਐਮ) ਨੇ ਜਿੱਤੀਆਂ ਹਨ। ਪੀਪਲਜ਼ ਪਾਰਟੀ ਦੇ ਦੋ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਤੇ 20 ਬਲਾਕ ਸਮਿਤੀ ਦੀ ਚੋਣ ਵੀ ਜਿੱਤ ਗਏ ਹਨ।
ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਚੋਣਾਂ ਸਾਫ਼ ਸੁਥਰੇ ਮਾਹੌਲ ਵਿਚ ਨਹੀਂ ਹੋਈਆਂ ਪਰ ਬਾਵਜੂਦ ਇਸ ਦੇ ਸਾਂਝੇ ਮੋਰਚੇ ਨੇ ਆਸ ਨਾਲੋਂ ਵੱਧ ਸੀਟਾਂ ਲਈਆਂ ਹਨ। ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਚੋਣ ਕਮਿਸ਼ਨ ਤੋਂ ਚੋਣਾਂ ਨਾਲ ਸਬੰਧਤ ਸ਼ਿਕਾਇਤਾਂ ਦੀ ਤਫ਼ਤੀਸ਼ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਨਾਲ ਲੋਕਾਂ ਦਾ ਲੋਕਤੰਤਰ ਵਿਚ ਭਰੋਸਾ ਪੈਦਾ ਹੋਵੇਗਾ। ਉਨ੍ਹਾਂ ਨੇ ਨਤੀਜਿਆਂ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਵਿਰੋਧੀ ਧਿਰਾਂ ਦੀ ਰਲ ਕੇ ਚੋਣਾਂ ਲੜਨ ਦੀ ਰਣਨੀਤੀ ਨੂੰ ਭਰਵਾਂ ਬੂਰ ਪਿਆ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਵਿਚ ਕੁੱਲ 6546 ਉਮੀਦਵਾਰ ਖੜ੍ਹੇ ਸਨ। ਇਨ੍ਹਾਂ ਵਿਚੋਂ 22 ਜ਼ਿਲ੍ਹਾ ਪ੍ਰੀਸ਼ਦਾਂ ਦੇ ਉਮੀਦਵਾਰ ਮੈਦਾਨ ਵਿਚ ਸਨ। ਜ਼ਿਲ੍ਹਾ ਪ੍ਰੀਸ਼ਦਾਂ ਦੇ 30 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਸਨ। ਇਸੇ ਤਰ੍ਹਾਂ 146 ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ 5786 ਉਮੀਦਵਾਰ ਮੈਦਾਨ ਵਿਚ ਸਨ। ਪੰਚਾਇਤ ਸਮਿਤੀਆਂ ਲਈ 238 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਸਨ।
Leave a Reply