ਚੰਡੀਗੜ੍ਹ: ਅਗਾਮੀ ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਸੱਤਾਧਾਰੀ ਅਕਾਲੀ-ਭਾਜਪਾ ਗੱਠਜੋੜ ਨੂੰ ਮਾਤ ਦੇਣ ਲਈ ਕਾਂਗਰਸ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਅਗਵਾਈ ਵਾਲਾ ਸਾਂਝਾ ਮੋਰਚਾ ਹੱਥ ਮਿਲਾਉਣ ਦੀ ਤਿਆਰੀ ‘ਚ ਹੈ ਤੇ ਅਗਲੀ ਜਨਵਰੀ ਤੱਕ ਨਵਾਂ ਮੁਹਾਜ਼ ਸਾਹਮਣੇ ਆ ਸਕਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਪਾਰਟੀ ਹਾਈ ਕਮਾਂਡ ਨੂੰ ਭੇਜੀ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਸਾਂਝੇ ਮੋਰਚੇ ਵਿਚ ਪੀਪਲਜ਼ ਪਾਰਟੀ ਤੋਂ ਇਲਾਵਾ ਸੀæਪੀæਆਈæ ਤੇ ਸੀæਪੀæਐਮæ ਵੀ ਸ਼ਾਮਲ ਹਨ ਤੇ ਮੋਰਚੇ ਵੱਲੋਂ ਮੁਕਤਸਰ ਵਿਚ ਮਾਘੀ ਮੇਲੇ ‘ਤੇ ਕਾਂਗਰਸ ਨਾਲ ਮੰਚ ਸਾਂਝਾ ਕਰਕੇ ਇਸ ਦੀ ਸ਼ੁਰੂਆਤ ਕੀਤੇ ਜਾਣ ਦੇ ਆਸਾਰ ਹਨ। ਮਾਲਵੇ ਵਿਚ ਸਾਂਝੇ ਮੋਰਚੇ ਦੀ ਕਾਫੀ ਪੈਂਠ ਹੈ ਤੇ ਮਾਘੀ ਮੇਲੇ ‘ਤੇ ਕਾਨਫਰੰਸ ਨਵੇਂ ਮੁਹਾਜ਼ ਦਾ ਚੰਗਾ ਸ਼ਕਤੀ ਪ੍ਰਦਰਸ਼ਨ ਸਾਬਤ ਹੋ ਸਕਦਾ ਹੈ।
ਪੰਜਾਬ ਕਾਂਗਰਸ ਨੇ ਸਾਂਝੇ ਮੋਰਚੇ ਦੇ ਭਿਆਲ ਪੀਪਲਜ਼ ਪਾਰਟੀ ਤੇ ਖੱਬੀਆਂ ਪਾਰਟੀਆਂ ਨਾਲ ਗ਼ੈਰ-ਰਸਮੀ ਮੁਲਾਕਾਤਾਂ ਸ਼ੁਰੂ ਕਰ ਦਿੱਤੀਆਂ ਹਨ ਤੇ 2014 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਚੁਣਾਵੀ ਸੂਝ-ਬੂਝ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਕਾਂਗਰਸ ਅਸੂਲਨ ਬਠਿੰਡਾ ਸੀਟ ਪੀਪਲਜ਼ ਪਾਰਟੀ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਅਤੇ ਫਰੀਦਕੋਟ (ਰਾਖਵੀਂ) ਖੱਬੀਆਂ ਪਾਰਟੀਆਂ ਲਈ ਛੱਡਣ ਵਾਸਤੇ ਸਹਿਮਤ ਹੋ ਸਕਦੀ ਹੈ। ਖੱਬੀਆਂ ਪਾਰਟੀਆਂ ਪਹਿਲਾਂ ਫਰੀਦਕੋਟ ਤੋਂ ਇਲਾਵਾ ਹੁਸ਼ਿਆਰਪੁਰ (ਰਾਖਵੀਂ) ਸੀਟ ‘ਤੇ ਵੀ ਲੜਨ ਦੀ ਦਿਲਚਸਪੀ ਲੈ ਰਹੀਆਂ ਸਨ ਪਰ ਕਾਂਗਰਸ ਸੂਤਰਾਂ ਅਨੁਸਾਰ ਉਹ (ਖੱਬੀਆਂ ਪਾਰਟੀਆਂ) ਹੁਣ ਹੁਸ਼ਿਆਰਪੁਰ ਸੀਟ ਲਈ ਆਪਣੀ ਮੰਗ ਛੱਡਣ ਲਈ ਤਿਆਰ ਹੋ ਸਕਦੀਆਂ ਹਨ।
ਪੰਜਾਬ ਕਾਂਗਰਸ ਲੀਡਰਸ਼ਿਪ ਦਾ ਖਿਆਲ ਹੈ ਕਿ ਬਠਿੰਡਾ ਸੀਟ ਤੋਂ ਮਨਪ੍ਰੀਤ ਸਿੰਘ ਬਾਦਲ ਦੇ ਖੜ੍ਹੇ ਹੋਣ ਨਾਲ ਬਾਦਲ ਪਰਿਵਾਰ ਨੂੰ ਹਲਕੇ ਵਿਚ ਘੇਰਿਆ ਜਾ ਸਕਦਾ ਹੈ ਤੇ ਇਸ ਪੈਂਤੜੇ ਰਾਹੀਂ ਪਾਰਟੀ ਨੂੰ ਰਾਜ ਦੀਆਂ ਬਾਕੀ ਸੀਟਾਂ ‘ਤੇ ਲਾਹਾ ਮਿਲ ਸਕਦਾ ਹੈ। ਪਾਰਟੀ ਦਾ ਇਹ ਵੀ ਖਿਆਲ ਹੈ ਕਿ ਸਾਂਝੇ ਮੋਰਚੇ ਨਾਲ ਹੱਥ ਮਿਲਾ ਕੇ ਅਕਾਲੀ-ਭਾਜਪਾ ਗੱਠਜੋੜ ਖ਼ਿਲਾਫ਼ ਵੋਟ ਬੈਂਕ ਨੂੰ ਇਕਜੁੱਟ ਕਰਨ ਵਿਚ ਮਦਦ ਮਿਲ ਸਕਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਾਂਝੇ ਮੋਰਚੇ ਨੂੰ ਤਕਰੀਬਨ ਛੇ ਫੀਸਦ ਵੋਟਾਂ ਮਿਲੀਆਂ ਸਨ ਜਿਸ ਵਿਚ ਪੀਪਲਜ਼ ਪਾਰਟੀ ਦਾ ਹਿੱਸਾ 5æ1 ਫੀਸਦੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੀਪਲਜ਼ ਪਾਰਟੀ ਵੱਲੋਂ 20 ਨਵੰਬਰ ਨੂੰ ਬੁਲਾਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਚੀਜ਼ਾਂ ਦਿਸ਼ਾ ਵੱਲ ਤੁਰ ਪੈਣਗੀਆਂ। ਪੀਪਲਜ਼ ਪਾਰਟੀ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਅਜੇ ਦੂਰ ਹਨ ਅਤੇ ਚੋਣ ਗੱਠਜੋੜ ਦੀਆਂ ਗੱਲਾਂ ਦਾ ਅਜੇ ਸਹੀ ਸਮਾਂ ਨਹੀਂ ਹੈ। ਉਨ੍ਹਾਂ ਇਸ ਸਬੰਧ ਵਿਚ ਕਾਂਗਰਸ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਹੋਣ ਤੋਂ ਵੀ ਇਨਕਾਰ ਕੀਤਾ। ਉਂਜ, ਉਨ੍ਹਾਂ ਆਖਿਆ ਕਿ ਜੇ ਸਰਬ ਪਾਰਟੀ ਮੀਟਿੰਗ “ਸਾਂਝੇ ਟੀਚੇ” ਕਾਇਮ ਕਰਨ ਵਿਚ ਕਾਮਯਾਬ ਹੋਈ ਅਤੇ ਜੇ ਦਿਲਾਂ ਦੀ ਸਾਂਝ ਬਣੀ ਤਾਂ ਕਾਂਗਰਸ ਨਾਲ ਮੁਹਾਜ਼ ਸੰਭਵ ਹੈ।
Leave a Reply