ਵਿਧਾਨ ਸਭਾ ‘ਚ ਤਸਕਰੀ, ਮਾਫੀਆ ਤੇ ਕਿਸਾਨੀ ਮਸਲਿਆਂ ਦੀ ਗੂੰਜ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰਾਂ ਦੇ ਵਿਧਾਇਕਾਂ ਨੇ ਨਾਜਾਇਜ਼ ਮਾਈਨਿੰਗ, ਫਸਲਾਂ ਦਾ ਸਮਰਥਨ ਮੁੱਲ ਖਤਮ ਕਰਨ ਖਿਲਾਫ, ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ, ਨਸ਼ਿਆਂ ਦੀ ਸਮਗਲਿੰਗ ਅਤੇ ਟਰੈਵਲ ਏਜੰਟਾਂ ਵਲੋਂ ਪੰਜਾਬ ਦੀਆਂ ਲੜਕੀਆਂ ਦੇ ਕੀਤੇ ਜਾ ਰਹੇ ਸ਼ੋਸ਼ਣ ਦੇ ਮੁੱਦਿਆਂ ਉਤੇ ਸਰਕਾਰ ਦਾ ਧਿਆਨ ਖਿੱਚਿਆ।

ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਟਰੈਵਲ ਏਜੰਟਾਂ ਵਲੋਂ ਪੰਜਾਬ ਦੀਆਂ ਲੜਕੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਇਸ ਮਾਮਲੇ ਉਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿਚ ਨਾਜਾਇਜ਼ ਖਣਨ ਇਸ ਕਦਰ ਵਧ ਗਈ ਹੈ ਕਿ ਛੱਤਬੀੜ ਚਿੜੀਆ ਘਰ ਨੂੰ ਵੀ ਖਤਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਖਣਨ ਕਰਨ ਵਾਲਿਆਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ ਤੇ ਇਹ ਦਿਨ ਦਿਹਾੜੇ ਧੜਲੇ ਨਾਲ ਚੱਲ ਰਿਹਾ ਹੈ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬੱਸ ਅੱਡਿਆਂ ਉਤੇ ਨਿੱਜੀ ਬੱਸ ਮਾਫੀਆ ਦਾ ਬੋਲ ਬਾਲਾ ਹੋਣ ਕਾਰਨ ਸਰਕਾਰੀ ਬੱਸਾਂ ਨੂੰ ਤਾਂ ਮਹਿਜ਼ ਤਿੰਨ ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ ਜਦੋਂਕਿ ਨਿੱਜੀ ਬੱਸਾਂ ਨੂੰ 9 ਮਿੰਟ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਈ ਜਾਵੇਗੀ ਤੇ ਪਰਮਿਟ ਰੱਦ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਮਾਫੀਆ ਨੂੰ ਨੱਥ ਨਹੀਂ ਪਾਈ ਸਗੋਂ ਸੂਬੇ ਅੰਦਰ ਪਹਿਲਾਂ ਵਾਂਗ ਹੀ ਨਿੱਜੀ ਖੇਤਰ ਦੀਆਂ ਟਰਾਂਸਪੋਰਟ ਕੰਪਨੀਆਂ ਦਾ ਦਬਦਬਾ ਕਾਇਮ ਹੈ। ਉਨ੍ਹਾਂ ਕਿਹਾ ਕਿ ਦਿੱਲੀ ਹਵਾਈ ਅੱਡੇ ਲਈ ਵੀ ਸਰਕਾਰੀ ਕੰਪਨੀਆਂ ਦੀਆਂ ਬੱਸਾਂ ਹੀ ਚੱਲਣੀਆਂ ਚਾਹੀਦੀਆਂ ਹਨ।
‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਫਸਲਾਂ ਦਾ ਸਮਰਥਨ ਮੁੱਲ ਖਤਮ ਕੀਤੇ ਜਾਣ ਦੇ ਪ੍ਰਸਤਾਵ ਨੂੰ ਰੋਕਣ ਲਈ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਉਤੇ ਦਬਾਅ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦਾ ਸਮਰਥਨ ਮੁੱਲ ਪੰਜਾਬ ਨੂੰ ਆਰਥਿਕ ਤੌਰ ਉਤੇ ਤਾਂ ਤਬਾਹੀ ਵਲ ਲਿਜਾਏਗਾ ਹੀ ਸਗੋਂ ਸਮਾਜਿਕ ਤੇ ਸਿਆਸੀ ਸਮੱਸਿਆਵਾਂ ਵੀ ਖੜ੍ਹੀਆਂ ਕਰੇਗਾ। ‘ਆਪ’ ਵਿਧਾਇਕ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨੀ ਮਸਲਿਆਂ ਅਤੇ ਸਮਰਥਨ ਮੁੱਲ ਦੇ ਮਾਮਲੇ ‘ਤੇ ਵਿਧਾਨ ਸਭਾ ‘ਚ ਬਹਿਸ ਦਾ ਭਰੋਸਾ ਦਿਵਾਇਆ ਸੀ ਤੇ ਇਨ੍ਹਾਂ ਮੁੱਦਿਆਂ ਉਤੇ ਇਕ ਦਿਨ ਬਹਿਸ ਹੋਣੀ ਚਾਹੀਦੀ ਹੈ। ਸ਼ਰਨਜੀਤ ਸਿੰਘ ਢਿੱਲੋਂ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੂਮਕਲਾਂ ‘ਚ ਇੱਕ ਦਲਿਤ ਪਰਿਵਾਰ ਦੀ ਗਲੀ ਬੰਦ ਕੀਤੇ ਜਾਣ ਦੇ ਮੁੱਦੇ ‘ਤੇ ਪੰਚਾਇਤ ਮੰਤਰੀ ਨੂੰ ਦਖਲ ਦੇਣ ਲਈ ਕਿਹਾ। ਆਪ ਦੇ ਵਿਧਾਇਕ ਅਮਨ ਅਰੋੜਾ ਨੇ ਆਵਾਜ਼ ਪ੍ਰਦੂਸ਼ਣ ਰੋਕਣ ਲਈ ਉਚ ਪੱਧਰੀ ਕਮੇਟੀ ਦਾ ਗਠਨ ਕਰਨ ਦੀ ਮੰਗ ਕੀਤੀ।
ਕਾਂਗਰਸ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਅਕਾਲੀ ਦਲ ਦੇ ਇਕ ਆਗੂ ਇਕਬਾਲ ਸਿੰਘ ਮੱਲਾ ‘ਤੇ ਦੇਸ਼-ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ। ਉਨ੍ਹਾਂ ਨਸ਼ਿਆਂ ਦੀ ਸਮਗਲਿੰਗ ਅਤੇ ਹੋਰ ਅਪਰਾਧਿਕ ਮਾਮਲਿਆਂ ਦੀ ਉਚ ਪੱਧਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਪਿੰਕੀ ਵਲੋਂ ਲਾਏ ਦੋਸ਼ਾਂ ਵੀ ਵਿਸਥਾਰਤ ਜਾਂਚ ਕਰਵਾਉਣ ਅਤੇ ਕਾਨੂੰਨ ਮੁਤਾਬਕ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸ੍ਰੀ ਪਿੰਕੀ ਨੇ ਦੋਸ਼ ਲਾਏ ਕਿ ਮੱਲਾ ਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਹੈਪੀ ਪੀਐਚਡੀ ਜੋ ਹਾਲ ਹੀ ਵਿਚ ਪਾਕਿਸਤਾਨ ‘ਚ ਮਾਰਿਆ ਗਿਆ, ਨਾਲ ਸਬੰਧ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿਚ ਆਖਿਆ ਕਿ ਸੂਬੇ ਵਿਚ ਗੈਂਗਸਟਰ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀ ਕੋਈ ਵੀ ਫਿਲਮ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਸਰਕਾਰ ਇਸ ਸਬੰਧੀ ਸੈਂਸਰ ਬੋਰਡ ਕੋਲ ਪਹੁੰਚ ਕਰੇਗੀ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਵਿਧਾਨ ਸਭਾ ‘ਚ ਦੱਸਿਆ ਕਿ ਬਰਮਿੰਘਮ ਰਾਸ਼ਟਰ ਮੰਡਲ ਖੇਡਾਂ-2022 ਦੇ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਦੇ ਮੁਕਾਬਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਖੇਡਾਂ ਰਾਸ਼ਟਰ ਮੰਡਲ ਖੇਡਾਂ ਤੋਂ ਬਾਹਰ ਰੱਖੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ।
______________________________
ਵਿਦੇਸ਼ਾਂ ‘ਚ ਪਰਵਾਸ ਤੇ ਮਹਿੰਗੀ ਬਿਜਲੀ ਦੇ ਮੁੱਦੇ ਗਾਇਬ
ਪੰਜਾਬ ਵਿਚ ਆਈਲੈਟਸ ਦੀ ਖੁੱਲ੍ਹੀ ਇੰਡਸਟਰੀ ਰਾਹੀਂ ਸੂਬੇ ਦਾ ਮਨੁੱਖੀ ਅਤੇ ਪੂੰਜੀਗਤ ਸਰਮਾਇਆ ਲਗਾਤਾਰ ਵਿਦੇਸ਼ ਜਾਣ ਦੀ ਗੱਲ ਕਰਨ ਦੀ ਵਿੱਤ ਮੰਤਰੀ ਨੇ ਲੋੜ ਨਹੀਂ ਸਮਝੀ। ਬਿਜਲੀ ਦੇ ਮੁੱਦੇ ਉਤੇ ਸਿਰਫ ਕਿਸਾਨਾਂ, ਉਦਯੋਗਪਤੀਆਂ ਅਤੇ ਗਰੀਬਾਂ ਤੇ ਦਲਿਤਾਂ ਨੂੰ 200 ਯੂਨਿਟ ਬਿਜਲੀ ਮੁਫਤ ਜਾਰੀ ਰੱਖਣ ਲਈ 12 ਹਜ਼ਾਰ ਕਰੋੜ ਰੁਪਏ ਸਬਸਿਡੀ ਦੇਣ ਦੀ ਗੱਲ ਤੋਂ ਅੱਗੇ ਲਗਾਤਾਰ ਮਹਿੰਗੀ ਹੋ ਰਹੀ ਬਿਜਲੀ ਅਤੇ ਨਿੱਜੀ ਥਰਮਲ ਕੰਪਨੀਆਂ ਨਾਲ ਬਿਜਲੀ ਸਮਝੌਤਿਆਂ ਬਾਰੇ ਮੁੜ ਵਿਚਾਰ ਕਰਨ ਦੇ ਮੁੱਦੇ ਛੇੜੇ ਹੀ ਨਹੀਂ ਗਏ।
_________________________________
ਕੈਪਟਨ ਵਲੋਂ ਚੋਣਾਂ ਸਮੇਂ ਕੀਤਾ ਹਰ ਵਾਅਦਾ ਪੁਗਾਉਣ ਦਾ ਦਾਅਵਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਕੀਤਾ ਹਰ ਵਾਅਦਾ ਪੁਗਾਉਣ ਦਾ ਦਾਅਵਾ ਕੀਤਾ ਹੈ। ਵਿਧਾਨ ਸਭਾ ਵਿਚ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਸਖਤ ਅਤੇ ਭਾਵੁਕ ਰੁਖ ਅਪਣਾਉਂਦਿਆਂ ਉਨ੍ਹਾਂ ਆਖਿਆ ਕਿ ‘ਉਹ ਸ਼ਹੀਦ ਹੋ ਜਾਣਗੇ ਪਰ ਪਾਣੀ ਸੂਬੇ ਤੋਂ ਬਾਹਰ ਨਹੀਂ ਜਾਣ ਦੇਣਗੇ।’ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਨਹੀਂ ਹੈ, ਕਿਉਂਕਿ ਪਿਛਲੇ ਸਾਲਾਂ ਵਿਚ ਦਰਿਆਵਾਂ ਵਿਚ ਪਾਣੀ 5.5 ਮਿਲੀਅਨ ਫੁਟ ਘੱਟ ਗਿਆ ਹੈ ਤੇ 17.6 ਮਿਲੀਅਨ ਫੁਟ ਤੋਂ ਘੱਟ ਕੇ 13.1 ਮਿਲੀਅਨ ਫੁਟ ਰਹਿ ਗਿਆ ਹੈ।
ਅਨਾਜ ਦੀ ਨਿਰਵਿਘਨ ਖਰੀਦ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਐਮ.ਐਸ਼ਪੀ. ਆਧਾਰਿਤ ਅਨਾਜ ਦੀ ਖਰੀਦ ਬੰਦ ਨਾ ਕੀਤੀ ਜਾਵੇ, ਕਿਉਂਕਿ ਇਸ ਨਾਲ ਕਿਸਾਨਾਂ ਦੀ ਰੋਜ਼ੀ ਰੋਟੀ ਉਪਰ ਮਾੜਾ ਅਸਰ ਪਵੇਗਾ ਅਤੇ ਦੇਸ਼ ਦੇ ਅੰਨ ਭੰਡਾਰ ਵੀ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਸਰਬ ਪਾਰਟੀ ਵਫਦ ਪ੍ਰਧਾਨ ਮੰਤਰੀ ਨੂੰ ਮਿਲੇਗਾ ਤੇ ਘੱਟੋ ਘੱਟ ਸਮਰਥਨ ਮੁੱਲ ਜਾਰੀ ਰੱਖਣ ਉਤੇ ਜ਼ੋਰ ਦੇਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਸੂਬੇ ਦੇ ਅਨਾਜ ਭੰਡਾਰ ਭਰੇ ਪਏ ਹਨ ਤੇ ਅਗਲੀ ਫਸਲ ਆਉਣ ਵਾਲੀ ਹੈ ਤੇ ਅਨਾਜ ਰੱਖਣ ਲਈ ਥਾਂ ਨਹੀਂ ਹੈ। ਇਸ ਲਈ ਪਹਿਲ ਦੇ ਆਧਾਰ ਉਤੇ ਸੂਬੇ ‘ਚੋਂ ਅਨਾਜ ਚੁੱਕਿਆ ਜਾਵੇ।
ਹੋਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 5.62 ਲੱਖ ਕਿਸਾਨਾਂ ਦਾ 4603 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਤੇ ਹੋਰਾਂ ਨੂੰ ਜਲਦ ਰਾਹਤ ਦਿੱਤੀ ਜਾਵੇਗੀ। ਕਿਸਾਨਾਂ ਦੀਆਂ ਜਿਣਸਾਂ ਨੂੰ ਚੁੱਕਣ ਪ੍ਰਤੀ ਆਪਣੀ ਸਰਕਾਰ ਦੀ ਪਹਿਲ ਦੱਸਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਛੇ ਫਸਲਾਂ ਦੌਰਾਨ ਕਿਸਾਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਜਦੋਂਕਿ ਅਕਾਲੀ ਸਰਕਾਰ ਸਮੇਂ ਕਿਸਾਨਾਂ ਨੂੰ ਬਹੁਤ ਪਰੇਸ਼ਾਨ ਹੋਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਕਾਫੀ ਮੁਸ਼ੱਕਤ ਕਰਕੇ ਵੱਧ ਪੈਦਾਵਾਰ ਕੀਤੀ ਹੈ, ਜਿਸ ਸਦਕਾ ਉਨ੍ਹਾਂ ਨੂੰ 44,000 ਕਰੋੜ ਰੁਪਏ ਵੱਧ ਮਿਲੇ ਹਨ। ਸੂਬਾ ਸਰਕਾਰ ਵਲੋਂ ਫਸਲੀ ਵਿਭਿੰਨਤਾ ਲਈ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਤੇ ਝੋਨੇ ਦੀ ਫਸਲ ਬਹੁਤ ਪਾਣੀ ਖਾਂਦੀ ਹੈ ਤੇ ਕਿਸਾਨਾਂ ਨੂੰ ਇਸ ਦੀ ਖੇਤੀ ਕਰਨੀ ਛੱਡਣੀ ਪਵੇਗੀ। ਧਰਤੀ ਹੇਠਲਾ ਪਾਣੀ ਬਚਾਉਣ ਅਤੇ ਖੇਤੀਬਾੜੀ ਫਸਲੀ ਵਿਭਿੰਨਤਾ ਤਹਿਤ ਝੋਨੇ ਹੇਠਲਾ ਰਕਬਾ 2.50 ਲੱਖ ਹੈਕਟੇਅਰ ਘਟਾਇਆ ਹੈ, ਜਿਸ ਨਾਲ ਪੈਦਾਵਾਰ ਸਿਰਫ 12 ਲੱਖ ਟਨ ਘਟੀ ਹੈ।
ਨਸ਼ਿਆਂ ਦੇ ਮੁੱਦੇ ਉਤੇ ਵਿਰੋਧੀ ਧਿਰ ਤੇ ਖਾਸ ਕਰਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਵਲੋਂ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਕੀਤੇ ਹਮਲਿਆਂ ਵਲ ਮੁੱਖ ਮੰਤਰੀ ਨੇ ਤਵੱਜੋ ਨਹੀਂ ਦਿੱਤੀ। ਉਨ੍ਹਾਂ ਨੇ ਇਸ ਮੁੱਦੇ ਉਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿਛਲੇ ਦਿਨੀਂ ਮਾਝੇ ਵਿਚ ਕੀਤੇ ਭਾਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਾਰੀ ਉਮਰ ਝੂਠ ਬੋਲਦੇ ਰਹੇ ਹਨ ਤੇ ਸਾਰੀ ਉਮਰ ਨਸ਼ਿਆਂ ਵਿਰੁੱਧ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਨਸ਼ਾ ਰੋਕੂ ਪ੍ਰੋਗਰਾਮ ਸਫਲ ਹੋ ਰਿਹਾ ਹੈ ਤੇ ਇਸ ਕਰਕੇ ਕੇਂਦਰ ਸਰਕਾਰ ਨੇ ਇਸ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਲਾਗੂ ਕਰਨ ਲਈ ਜਲਦੀ ਬਿਲ ਲਿਆਵਾਂਗੇ।