ਦਿੱਲੀ ਹਿੰਸਾ: ਘੱਟ ਗਿਣਤੀ ਭਾਈਚਾਰੇ ‘ਚ ਅਜੇ ਵੀ ਸਹਿਮ ਦਾ ਮਾਹੌਲ

ਨਵੀਂ ਦਿੱਲੀ: ਹਿੰਸਾ ਦੀ ਝੰਬੀ ਰਾਜਧਾਨੀ ਦਿੱਲੀ ਵਿਚ ਜ਼ਿੰਦਗੀ ਹੌਲੀ ਹੌਲੀ ਲੀਹ ਉਤੇ ਆਉਣ ਲੱਗੀ ਹੈ ਪਰ ਲੋਕਾਂ ਦੇ ਮਨਾਂ ਵਿਚ ਅਜੇ ਵੀ ਸਹਿਮ ਦਾ ਮਾਹੌਲ ਹੈ। ਜਾਫਰਾਬਾਦ, ਮੌਜਪੁਰ, ਯਮੁਨਾ ਵਿਹਾਰ, ਚਾਂਦ ਬਾਗ, ਮੁਸਤਫਾਬਾਦ ਤੇ ਭਜਨਪੁਰਾ, ਜੋ ਉਨ੍ਹਾਂ ਖੇਤਰਾਂ ‘ਚ ਸ਼ਾਮਲ ਹਨ, ਜਿਹੜੇ ਫਿਰਕੂ ਹਿੰਸਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ, ਵਿਚ ਅਜੇ ਵੀ ਚਹਿਲ-ਪਹਿਲ ਘੱਟ ਹੀ ਨਜ਼ਰ ਆਉਂਦੀ ਹੈ।
ਉਧਰ, ਗੋਕਲਪੁਰੀ ਤੇ ਸ਼ਿਵ ਵਿਹਾਰ ਇਲਾਕੇ ‘ਚੋਂ ਚਾਰ ਹੋਰ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ।

ਦੂਜੇ ਪਾਸੇ ਨਾਗਰਿਕਤਾ ਸੋਧ ਐਕਟ ਖਿਲਾਫ 15 ਦਸੰਬਰ ਤੋਂ ਸ਼ਾਹੀਨ ਬਾਗ ‘ਚ ਔਰਤਾਂ ਵੱਲੋਂ ਲਗਾਏ ਗਏ ਧਰਨੇ ਵਾਲੀ ਥਾਂ ਉਤੇ ਸੁਰੱਖਿਆ ਸਖਤ ਕਰਦਿਆਂ ਧਾਰਾ 144 ਲਾ ਦਿੱਤੀ ਗਈ ਹੈ। ਵਾਧੂ ਸੁਰੱਖਿਆ ਬਲ ਇਲਾਕੇ ‘ਚ ਤਾਇਨਾਤ ਕਰਕੇ ਡਰੋਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯਮੁਨਾਪਾਰ ਦੇ ਹਿੰਸਾਗ੍ਰਸਤ ਇਲਾਕੇ ਵਿਚੋਂ ਉੱਤਰ-ਪੂਰਬੀ ਦਿੱਲੀ ਦੇ ਗੋਕਲਪੁਰੀ ਤੇ ਸ਼ਿਵ ਵਿਹਾਰ ਇਲਾਕਿਆਂ ਦੇ ਨਾਲਿਆਂ ਵਿਚੋਂ ਚਾਰ ਹੋਰ ਲਾਸ਼ਾਂ ਮਿਲੀਆਂ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਤਰ ਪੂਰਬੀ ਦਿੱਲੀ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ 254 ਕੇਸ ਦਰਜ ਕੀਤੇ ਹਨ ਤੇ 903 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਾਂ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਦੱਸਿਆ ਕਿ ਅਸਲਾ ਐਕਟ ਤਹਿਤ 41 ਮਾਮਲੇ ਦਰਜ ਕੀਤੇ ਗਏ ਹਨ।
ਦੱਸ ਦਈਏ ਕਿ ਉਤਰ-ਪੂਰਬੀ ਦਿੱਲੀ ਦੇ ਦਰਜਨ ਦੇ ਕਰੀਬ ਖੇਤਰਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਫੇਰੀ ਵਾਲੇ ਦੋ ਦਿਨ 24 ਅਤੇ 25 ਫਰਵਰੀ ਨੂੰ ਵੱਡੇ ਪੱਧਰ ‘ਤੇ ਹਿੰਸਾ ਹੋਈ। ਇਹ ਹਿੰਸਾ ਨਾਗਰਿਕਤਾ ਕਾਨੂੰਨ ਦੇ ਵਿਰੋਧੀਆਂ ਤੇ ਹਮਾਇਤੀਆਂ ਵਿਚ ਟਕਰਾਅ ਕਾਰਨ ਦੱਸੀ ਜਾ ਰਹੀ ਹੈ ਪਰ ਇਸ ਦਾ ਮੁੱਢ ਭਾਜਪਾ ਆਗੂਆਂ ਦੀਆਂ ਫਿਰਕੂ ਤਕਰੀਰਾਂ ਨੇ ਬੰਨ੍ਹਿਆਂ।
ਤੈਅ ਰਣਨੀਤੀ ਮੁਤਾਬਕ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਖਿਲਾਫ ਬੇਥਾਹ ਨਫਰਤ ਦੀ ਇਕ ਦੀਵਾਰ ਖੜ੍ਹੀ ਕੀਤੀ ਜਾ ਰਹੀ ਸੀ। 24 ਫਰਵਰੀ ਦੀ ਦੁਪਹਿਰ ਨੂੰ ਕੇਜਰੀਵਾਲ ਸਰਕਾਰ ‘ਚ ਮੰਤਰੀ ਰਹੇ ਤੇ ਹੁਣ ਭਾਜਪਾ ਦੇ ਆਗੂ ਬਣੇ ਕਪਿਲ ਮਿਸ਼ਰਾ ਨੇ ਯਮੁਨਾਪਾਰ ਦੇ ਭਜਨਪੁਰ ਚੌਕ ‘ਚ ਨਾਗਰਿਕਤਾ ਕਾਨੂੰਨ ਖਿਲਾਫ ਧਰਨਾ ਦੇ ਰਹੀਆਂ ਔਰਤਾਂ ਦੇ ਖਿਲਾਫ ਵੱਡੇ ਪੁਲਿਸ ਅਫਸਰਾਂ ਦੀ ਹਾਜ਼ਰੀ ‘ਚ ਭੜਕਾਹਟ ਭਰੀ ਤੇ ਅਪਮਾਨਜਨਕ ਸ਼ਬਦਾਵਲੀ ਵਰਤੇ ਜਾਣ ਤੋਂ ਕਈ ਲੋਕਾਂ ਨੇ ਭਾਣਾ ਵਰਤ ਜਾਣ ਦੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਅਜਿਹੇ ਅੰਦਾਜ਼ਿਆਂ ਨੂੰ ਸੱਚ ਬਣਨ ‘ਚ ਕੁਝ ਘੰਟੇ ਵੀ ਨਹੀਂ ਲੱਗੇ। 25-30 ਕਿੱਲੋਮੀਟਰ ਦੇ ਘੇਰੇ ਦੇ ਉੱਤਰ-ਪੂਰਬੀ ਦਿੱਲੀ ‘ਚ ਪੈਂਦੇ ਸ਼ਿਵ ਵਿਹਾਰ, ਭਜਨਪੁਰਾ, ਚਾਂਦਬਾਗ, ਜਾਫਰਾਬਾਦ, ਖਜੂਰੀ, ਮੌਜਪੁਰ, ਕਰਦਮਪੁਰੀ, ਮੁਸਤਫਾਬਾਦ, ਬਰਿਜਪੁਰੀ, ਗੋਕਲਪੁਰੀ, ਸੀਲਮਪੁਰ, ਕਬੀਰ ਨਗਰ ਆਦਿ ਪੈਂਦੇ ਖੇਤਰਾਂ ‘ਚ ਦਰਜਨਾਂ ਲੋਕ ਜਾਨ ਤੋਂ ਹੱਥ ਧੋ ਬੈਠੇ ਹਨ, 600 ਤੋਂ ਵੱਧ ਜਖਮੀ ਹੋਏ ਹਨ। ਹਜ਼ਾਰਾਂ ਵਾਹਨ ਅੱਗ ਦੀ ਭੇਟ ਚੜ੍ਹ ਗਏ ਹਨ। ਸੈਂਕੜਿਆਂ ਦੀ ਗਿਣਤੀ ਵਿਚ ਦੁਕਾਨਾਂ ਸਾੜੀਆਂ ਤੇ ਲੁੱਟੀਆਂ ਗਈਆਂ ਹਨ।
ਗੁਰੂ ਤੇਗ ਬਹਾਦਰ ਹਸਪਤਾਲ ਵਿਚ ਅਜੇ ਵੀ ਕਈ ਦਰਜਨ ਗੰਭੀਰ ਰੂਪ ‘ਚ ਜਖਮੀ ਦਾਖਲ ਹਨ। ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਹੈ। ਕਰਾਵਲ ਖੇਤਰ ਦੇ 35 ਕੁ ਸਾਲ ਦੇ ਮੁਹੰਮਦ ਯੂਨਸ ਦੇ ਸਿਰ ਤੇ ਸਰੀਰ ‘ਤੇ ਰਾਡਾਂ ਤੇ ਹੋਰ ਹਥਿਆਰਾਂ ਦੀਆਂ ਸੱਟਾਂ ਹਨ। ਲੋਨੀ ਖੇਤਰ ਦੇ ਨੌਜਵਾਨ ਅਜਮਤ ਨੇ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ ਤੇ ਉਸ ਦਾ ਕਸੂਰ ਇਹ ਸੀ ਕਿ ਆਟੋ ਵਿਚ ਅੱਲ੍ਹਾ ਦੀ ਤਸਵੀਰ ਸੀ ਤੇ 30-40 ਬੰਦਿਆਂ ਦੀ ਆਈ ਭੀੜ ਨੇ ਉਸ ਉਪਰ ਹਮਲਾ ਕੀਤਾ ਤੇ ਤਸਵੀਰ ਦੇਖ ਕੇ ਗੱਡੀ ਪਲਟ ਦਿੱਤੀ ਅਤੇ ਸਿਰ ਤੇ ਜਿਸਮ ਉਤੇ ਰਾਡਾਂ ਤੇ ਚਾਕੂਆਂ ਨਾਲ ਵਾਰ ਕੀਤੇ। ਜਖਮੀ ਮੋਹਨਪੁਰੀ ਦਾ ਮੁਹੰਮਦ ਤਾਬੀਰ ਸ਼ਾਮ ਨੂੰ ਬੱਚਿਆਂ ਲਈ ਘਰੋਂ ਦੁੱਧ ਲੈਣ ਨਿਕਲਿਆ ਤੇ ਹਮਲਾਵਰਾਂ ਦੇ ਧੱਕੇ ਚੜ੍ਹ ਗਿਆ। ਦੋ ਬੱਚਿਆਂ ਦੀ ਮਾਂ ਉਸ ਦੀ ਪਤਨੀ ਕਸੀਰਾ ਕਹਿ ਰਹੀ ਸੀ ਕਿ ਸਾਡੇ ਘਰ ‘ਚ ਕਮਾਉਣ ਵਾਲੇ ਵੀ ਇਹੀ ਹਨ। 25 ਫਰਵਰੀ ਨੂੰ ਦੁਪਹਿਰ 1 ਵਜੇ ਕਬੀਰ ਨਗਰ ਦਾ 40 ਸਾਲਾ ਤਾਲਿਬ ਆਪਣੀ ਬੱਚੀ ਦੇ ਪੇਪਰ ਦਿਵਾਉਣ ਲਈ ਸਕੂਲ ਜਾ ਰਿਹਾ ਸੀ ਕਿ ਰਸਤੇ ‘ਚ ਹੀ ਪਿੱਛੇ ਤੋਂ ਕਿਸੇ ਨੇ ਉਸ ‘ਤੇ ਰਾਡਾਂ ਨਾਲ ਹਮਲਾ ਕਰ ਦਿੱਤਾ ਤੇ ਮਾਸੂਮ ਬੱਚੀ ਦੀਆਂ ਸਿਸਕੀਆਂ ਵੀ ਨਫਰਤ ਦੀ ਅੱਗ ਨੂੰ ਨਾ ਰੋਕ ਸਕੀਆਂ ਤੇ ਉਸ ਦਾ ਸਿਰ ਪਾੜ ਦਿੱਤਾ। ਭਜਨਪੁਰਾ ਚੌਕ ਵਿਚ ਰਾਹੁਲ ਪਾਲ ਨਾਂ ਦਾ ਗੈਸ ਹਾਕਰ ਦਾ ਕੰਮ ਕਰਨ ਵਾਲਾ ਨੌਜਵਾਨ ਸ਼ਾਇਦ ਪਛਾਣ ਦੀ ਗਲਤੀ ਦਾ ਸ਼ਿਕਾਰ ਹੋ ਗਿਆ। ਲੋਨੀ ਖੇਤਰ ‘ਚ ਸ਼ਾਹਰੁਖ ਖਾਨ ਨਾਂ ਦੇ ਨੌਜਵਾਨ ਦੇ ਅੱਗੇ ਤੋਂ ਗੋਲੀ ਮਾਰੀ ਗਈ, ਜੋ ਉਸ ਦੀ ਖੱਬੀ ਅੱਖ ਨੂੰ ਚੀਰ ਗਈ ਤੇ ਹੁਣ ਉਹ ਬੇਸੁਧ ਹੋਇਆ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ।
______________________________________________________
ਸਿੱਖ ਭਾਈਚਾਰਾ ਸਹਾਇਤਾ ਲਈ ਅੱਗੇ ਆਇਆ
ਨਵੀਂ ਦਿੱਲੀ: ਉਤਰ-ਪੂਰਬੀ ਦਿੱਲੀ ਵਿਚ ਹੋਈ ਫਿਰਕੂ ਹਿੰਸਾ ਵਿਚ ਮਰਨ ਵਾਲਿਆਂ ਦੇ ਪਰਿਵਾਰਾਂ, ਜਖਮੀਆਂ ਤੇ ਸਹਿਮ ਦੇ ਸਾਏ ਹੇਠ ਰਹਿ ਜੀਅ ਰਹੇ ਲੋਕਾਂ ਦੀ ਮਦਦ ਲਈ ਸਿੱਖ ਭਾਈਚਾਰਾ ਬਹੁੜਿਆ ਹੈ। ਸਿੱਖ ਭਾਈਚਾਰੇ ਵਲੋਂ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਵਰਗਾਂ ਦੇ ਪੀੜਤਾਂ ਦੀ ਮਦਦ ਖੁੱਲ੍ਹ ਕੇ ਕੀਤੀ ਜਾ ਰਹੀ ਹੈ।
ਦਿੱਲੀ ਵਿਚ ਵਾਪਰੀਆਂ ਫਿਰਕੂ ਘਟਨਾਵਾਂ ਨੂੰ ਧਿਆਨ ‘ਚ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਨੂੰ ਪੀੜਤਾਂ ਦੀ ਹਰ ਸੰਭਵ ਮਦਦ ਲਈ ਅੱਗੇ ਆਉਣ ਦਾ ਆਦੇਸ਼ ਦਿੱਤਾ ਸੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਪ੍ਰਭਾਵਿਤ ਖੇਤਰਾਂ ‘ਚ ਟੀਮਾਂ ਨੂੰ ਭੇਜਿਆ ਜਾ ਰਿਹਾ ਹੈ। ਗੁਰਦੁਆਰਾ ਰਕਾਬਗੰਜ ਤੇ ਕਈ ਹੋਰ ਗੁਰਦੁਆਰਿਆਂ ਨੇ ਮੌਜਪੁਰ, ਗੌਂਡਾ, ਚਾਂਦਪੁਰ ਤੇ ਹੋਰ ਖੇਤਰਾਂ ਵਿਚ ਲੰਗਰ ਤਿਆਰ ਕਰ ਕੇ ਹਿੰਸਾ ਪ੍ਰਭਾਵਿਤ ਖੇਤਰਾਂ ‘ਚ ਸਵੇਰੇ-ਸ਼ਾਮ ਵਰਤਾਇਆ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖੁਦ ਇਸ ਸੇਵਾ ਦੀ ਅਗਵਾਈ ਕਰ ਰਹੇ ਹਨ। ਦਿੱਲੀ ਵਿਚ ਵਿਗੜੇ ਹਾਲਾਤ ਦੇ ਮੱਦੇਨਜ਼ਰ ਸ੍ਰੀ ਅਕਾਲ ਤਖਤ ਨੇ ਇਕ ਛੇ ਮੈਂਬਰੀ ਸਿੱਖ ਕਮੇਟੀ ਦਾ ਗਠਨ ਕੀਤਾ ਹੈ, ਜੋ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ ਅਤੇ ਪੀੜਤਾਂ ਦੀ ਲੋੜਾਂ ਦੀ ਪੂਰਤੀ ਹਿੱਤ ਪੰਥਕ ਸੰਸਥਾਵਾਂ ਕੋਲੋਂ ਸਹਿਯੋਗ ਲਵੇਗੀ। ਇਹ ਕਮੇਟੀ ਹਿੰਸਾ ਪ੍ਰਭਾਵਿਤ ਖੇਤਰਾਂ ਵਿਚ ਸਿੱਖਾਂ ਦੇ ਹੋਏ ਮਾਲੀ ਨੁਕਸਾਨ ਦਾ ਜਾਇਜ਼ਾ ਵੀ ਲਵੇਗੀ।
ਉਧਰ, ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਛੇ ਮੈਂਬਰੀ ਕਮੇਟੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ ਅਤੇ ਹਾਲਾਤ ਦਾ ਜਾਇਜ਼ਾ ਲਵੇਗੀ। ਇਸ ਦੌਰੇ ਦੌਰਾਨ ਪ੍ਰਭਾਵਿਤ ਲੋਕਾਂ ਦੀਆਂ ਲੋੜਾਂ ਦਾ ਵੀ ਪਤਾ ਲਾਇਆ ਜਾਵੇਗਾ। ਇਨ੍ਹਾਂ ਲੋੜਾਂ ਨੂੰ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ। ਇਹ ਕਮੇਟੀ ਦੋਹਾਂ ਧਿਰਾਂ ਵਿਚਾਲੇ ਸ਼ਾਂਤੀ ਸਥਾਪਤ ਕਰਨ ਲਈ ਵੀ ਉਪਰਾਲਾ ਕਰੇਗੀ। ਇਸ ਤੋਂ ਪਹਿਲਾਂ ਜਥੇਦਾਰ ਵੱਲੋਂ ਦਿੱਲੀ ਕਮੇਟੀ ਸਮੇਤ ਦਿੱਲੀ ਦੇ ਹੋਰਨਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਆਖਿਆ ਸੀ ਕਿ ਉਹ ਹਿੰਸਕ ਘਟਨਾਵਾਂ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ।