ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਪਿੱਛੇ ਲੱਗਾ ਸੂਹੀਆ ਤੰਤਰ

ਚੰਡੀਗੜ੍ਹ: ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਵਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਬਾਰੇ ਦਿੱਤੇ ਬਿਆਨ ਦਾ ਮੁੱਦਾ ਅਜੇ ਠੰਢਾ ਨਹੀਂ ਸੀ ਪਿਆ ਕਿ ਖੁਫੀਆ ਵਿਭਾਗ ਅਤੇ ਪੁਲਿਸ ਵਲੋਂ ਦਰਸ਼ਨ ਕਰਕੇ ਮੁੜੇ ਸ਼ਰਧਾਲੂਆਂ ਨੂੰ ਯਾਤਰਾ ਬਾਰੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣ ਲਈ ਉਨ੍ਹਾਂ ਦੇ ਘਰ ਤੱਕ ਪਹੁੰਚ ਕਰਨ ਦੇ ਮਾਮਲੇ ਨੇ ਲੋਕਾਂ ਦੇ ਸੰਸੇ ਤੇ ਫਿਕਰ ਹੋਰ ਵਧਾ ਦਿੱਤੇ ਹਨ।
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਪਿੰਡ ਡੇਅਰੀਵਾਲ ਦੇ ਕੁਝ ਸਿੱਖ ਸ਼ਰਧਾਲੂਆਂ ਦੀ ਪੁਲਿਸ ਵਲੋਂ ਕੀਤੀ ਜਾ ਰਹੀ ਪੁੱਛ-ਪੜਤਾਲ ਤੋਂ ਸਿੱਖ ਸੰਗਤ ‘ਚ ਭਾਰੀ ਰੋਸ ਹੈ।

ਅਸਲ ਵਿਚ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣਾ ਉਹ ਇਤਿਹਾਸਕ ਕਦਮ ਹੈ ਜਿਸ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੋਸਤੀ ਦੀ ਸ਼ੁਰੂਆਤ ਵਜੋਂ ਵੀ ਦੇਖਿਆ ਜਾਣ ਲੱਗਾ ਹੈ। ਪਿਛਲੇ ਕੁਝ ਸਮੇਂ ਤੋਂ ਕਰਤਾਰਪੁਰ ਸਾਹਿਬ ਤੋਂ ਵਾਪਸ ਆਉਣ ਵਾਲੇ ਸ਼ਰਧਾਲੂ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਦੇ ਰਹੇ ਹਨ। ਸ਼ਰਧਾਲੂਆਂ ਅਨੁਸਾਰ ਇਨ੍ਹਾਂ ਵਿਚ ਭਾਰਤ ਵਾਲੇ ਪਾਸਿਉਂ ਕਦੇ ਪ੍ਰਸ਼ਾਦ ਕੁੱਤਿਆਂ ਨੂੰ ਸੁੰਘਾਇਆ ਜਾਣਾ ਅਤੇ ਕਰਤਾਰਪੁਰੋਂ ਲਿਆਈ ਜਾ ਰਹੀ ਮਿੱਟੀ ਉਤੇ ਇਤਰਾਜ਼ ਕਰਨਾ ਮੁੱਖ ਸ਼ਿਕਾਇਤਾਂ ਹਨ।
ਕਾਫੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਲਾਂਘਾ ਖੁੱਲ੍ਹ ਤਾਂ ਗਿਆ ਹੈ ਪਰ ਲਗਾਈਆਂ ਗਈਆਂ ਸ਼ਰਤਾਂ ਸਖਤ ਹਨ ਜਿਨ੍ਹਾਂ ਨੂੰ ਨਰਮ ਕਰਨ ਦੀ ਲੋੜ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧ ਰਹੇ ਟਕਰਾਅ ਦੇ ਸਮਿਆਂ ਵਿਚ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨੂੰ ਸਭ ਧਿਰਾਂ ਨੇ ਇਕ ਚੰਗੇ ਕਦਮ ਵਜੋਂ ਸਵੀਕਾਰ ਕੀਤਾ ਹੈ ਪਰ ਹੁਣ ਸ਼ਰਧਾਲੂਆਂ ਨੂੰ ਜਾਣਬੁਝ ਕੇ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਮੁੜ ਸ਼ੰਕੇ ਖੜ੍ਹੇ ਹੋ ਗਏ ਹਨ। ਪਿੰਡ ਵਾਸੀ ਰਣਜੀਤ ਸਿੰਘ ਅਤੇ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਬੀਤੇ ਦਿਨੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ। ਜਦੋਂ ਉਹ ਦਰਸ਼ਨ ਕਰਕੇ ਪਰਤੇ ਤਾਂ ਡੇਰਾ ਬਾਬਾ ਨਾਨਕ ਦੀ ਸਰਹੱਦ ਉਤੇ ਕੁਝ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ। ਉਪਰੰਤ ਉਹ ਘਰ ਆ ਗਏ। ਪਰ ਕੁਝ ਦਿਨਾਂ ਬਾਅਦ ਥਾਣਾ ਧਾਰੀਵਾਲ ਦੀ ਪੁਲਿਸ ਉਨ੍ਹਾਂ ਦੇ ਘਰ ਆ ਪੁੱਜੀ ਤੇ ਉਨ੍ਹਾਂ ਨੂੰ ਪਾਕਿਸਤਾਨ ਫੇਰੀ ਬਾਰੇ ਪੁੱਛ-ਪੜਤਾਲ ਕਰਨ ਲਈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਸਿੱਖ ਨੌਜਵਾਨਾਂ ਨੇ ਆਖਿਆ ਕਿ ਪੁਲਿਸ ਨੇ ਉਨ੍ਹਾਂ ਕੋਲੋਂ ਪੁੱਛਿਆ, ‘ਪਾਕਿਸਤਾਨ ਦੀ ਪੁਲਿਸ ਅਤੇ ਫੌਜ ਨੇ ਤੁਹਾਡੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਹੈ? ਪਾਕਿਸਤਾਨ ਦੇ ਲੋਕਾਂ ਦਾ ਤੁਹਾਡੇ ਨਾਲ ਵਤੀਰਾ ਕਿਸ ਤਰ੍ਹਾਂ ਦਾ ਸੀ?” ਸਿੱਖ ਨੌਜਵਾਨਾਂ ਨੇ ਪੁਲਿਸ ਨੂੰ ਦੱਸਿਆ ਕਿ ਪਾਕਿਸਤਾਨੀ ਫੌਜ ਤੇ ਪੁਲਿਸ ਦਾ ਵਿਵਹਾਰ ਨਿਮਰਤਾ ਤੇ ਮਹਿਮਾਨ-ਨਿਵਾਜ਼ੀ ਵਾਲਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਵਿਚ ਬੁਲਾ ਕੇ ਵੀ ਵਾਰ-ਵਾਰ ਪੁੱਛ ਪੜਤਾਲ ਕੀਤੀ ਗਈ ਕਿ ਪਾਕਿਸਤਾਨ ਵਿਚ ਉਨ੍ਹਾਂ ਨੂੰ ਕੌਣ-ਕੌਣ ਲੋਕ ਮਿਲੇ ਅਤੇ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ। ਇਸ ਘਟਨਾ ਕ੍ਰਮ ਤੋਂ ਬਾਅਦ ਕਰਤਾਰਪੁਰ ਸਾਹਿਬ ਜਾਣ ਦੇ ਇਛੁੱਕ ਸ਼ਰਧਾਲੂ ਬਹੁਤ ਡਰੇ ਹੋਏ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਹ ਪਾਕਿਸਤਾਨ ਗਏ ਤਾਂ ਉਨ੍ਹਾਂ ਨੂੰ ਸ਼ਾਇਦ ਅਤਿਵਾਦੀ ਗਰਦਾਨ ਦਿੱਤਾ ਜਾਵੇਗਾ।
______________________________
ਸ਼ਰਧਾਲੂਆਂ ਦੇ ਮੁੱਦੇ ‘ਤੇ ਵਿਧਾਨ ਸਭਾ ‘ਚ ਹੰਗਾਮਾ
ਚੰਡੀਗੜ੍ਹ: ਪੰਜਾਬ ਪੁਲਿਸ ਵਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਦੇ ਮੁੱਦੇ ਉਤੇ ਵਿਰੋਧੀ ਧਿਰ ਨੇ ਇਕ ਵਾਰੀ ਫਿਰ ਸੂਬੇ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਨਿਸ਼ਾਨੇ ਉਤੇ ਲਿਆ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਗੁਰਦੁਆਰੇ ਦੇ ਦਰਸ਼ਨ ਕਰਕੇ ਵਾਪਸ ਆਉਣ ਵਾਲਿਆਂ ਨੂੰ ਅਤਿਵਾਦੀ ਗਰਦਾਨਿਆ ਜਾ ਰਿਹਾ ਹੈ ਅਤੇ ਪੁਲਿਸ ਵਲੋਂ ਥਾਣੇ ਬੁਲਾ ਕੇ ਪੁੱਛ-ਪੜਤਾਲ ਕਰਨ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਕਾਇਮ ਹੋ ਗਿਆ ਹੈ। ਮੁੱਖ ਮੰਤਰੀ ਅਤੇ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਮੌਜੂਦਗੀ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਰਕਾਰ ਦਾ ਬਚਾਅ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਖੁਫੀਆ ਏਜੰਸੀ (ਆਈ.ਬੀ) ਦੇ ਅੰਮ੍ਰਿਤਸਰ ਸਥਿਤੀ ਡਿਪਟੀ ਇੰਸਪੈਕਟਰ ਜਨਰਲ ਵਲੋਂ ਜਾਰੀ ਕੀਤੇ ਪੱਤਰ ਦੇ ਆਧਾਰ ‘ਤੇ ਹੀ ਪੁਲਿਸ ਵਲੋਂ ਕੁਝ ਵਿਅਕਤੀਆਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ। ਮੰਤਰੀ ਦੇ ਜਵਾਬ ‘ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਕਾਨੂੰਨ ਵਿਵਸਥਾ ਰਾਜ ਸਰਕਾਰ ਦਾ ਅਧਿਕਾਰ ਖੇਤਰ ਹੈ। ਇਸ ਲਈ ਆਈ.ਬੀ. ਜਾਂ ਹੋਰ ਕੋਈ ਕੇਂਦਰੀ ਏਜੰਸੀ ਜ਼ਿਲ੍ਹਾ ਪੁਲਿਸ ਮੁਖੀ ਜਾਂ ਥਾਣਾ ਮੁਖੀ ਨੂੰ ਸਿੱਧੇ ਨਿਰਦੇਸ਼ ਨਹੀਂ ਦੇ ਸਕਦੀਆਂ ਹਨ।