ਪੇਈਚਿੰਗ: ਚੀਨ ਤੋਂ ਸ਼ੁਰੂ ਹੋਈ ਕਰੋਨਾਵਾਇਰਸ ਮਹਾਮਾਰੀ ਨੇ ਹੁਣ ਤੱਕ ਆਲਮੀ ਪੱਧਰ ‘ਤੇ 86000 ਤੋਂ ਵੱਧ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਇਕੱਲੇ ਚੀਨ ਵਿਚ ਕਰੋਨਾਵਾਇਰਸ ਕਰਕੇ ਹੁਣ ਤੱਕ 3 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ ਜਦੋਂਕਿ ਕੁੱਲ ਕੇਸਾਂ ਦੀ ਗਿਣਤੀ 80,824 ਹੈ।
ਇਨ੍ਹਾਂ ਵਿਚੋਂ ਬਹੁਤੀਆਂ ਮੌਤਾਂ ਕੇਂਦਰੀ ਸੂਬੇ ਹੁਬੇਈ ਵਿਚ ਹੋਣ ਦੀਆਂ ਰਿਪੋਰਟਾਂ ਹਨ। ਹਾਂਗ ਕਾਂਗ ਵਿਚ 92 ਕੇਸ ਸਾਹਮਣੇ ਆਏ ਹਨ ਜਦੋਂਕਿ ਦੋ ਜਣੇ ਮੌਤ ਦੇ ਮੂੰਹ ਜਾ ਪਏ ਹਨ। ਇਸੇ ਤਰ੍ਹਾਂ ਮਕਾਓ ‘ਚ 10 ਕੇਸ, ਜਾਪਾਨ 918 ਕੇਸ ਤੇ 8 ਮੌਤਾਂ, ਇਟਲੀ 650 ਕੇਸ ਤੇ 15 ਮੌਤਾਂ, ਸਿੰਗਾਪੁਰ 96 ਕੇਸ, ਅਮਰੀਕਾ 60, ਕੁਵੈਤ 43, ਥਾਈਲੈਂਡ 40, ਬਹਿਰੀਨ 33, ਤਾਇਵਾਨ 32 ਕੇਸ ਤੇ 1 ਮੌਤ, ਮਲੇਸ਼ੀਆ 23, ਜਰਮਨੀ 21, ਭਾਰਤ 3, ਰੂਸ ਤੇ ਸਵਿਟਜ਼ਰਲੈਂਡ 5-5, ਇਰਾਕ 6 ਤੇ ਕੈਨੇਡਾ ਵਿਚ 14 ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਇਰਾਨ ਦੇ ਸਿਹਤ ਮੰਤਰਾਲੇ ਨੇ ਨਵੇਂ ਕਰੋਨਾਵਾਇਰਸ ਨਾਲ ਹੁਣ ਤੱਕ 34 ਮੌਤਾਂ ਹੋਣ ਦਾ ਦਾਅਵਾ ਕੀਤਾ ਹੈ।
ਇਰਾਨ ਵਿਚ ਕਰੋਨਾਵਾਇਰਸ ਦੇ 388 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਸੀ। ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਮੱਧ ਪੂਰਬ ਵਿਚ 500 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਪਾਕਿਸਤਾਨ ਨੇ ਇਰਾਨ ਜਾਂਦੀਆਂ ਆਪਣੀਆਂ ਸਾਰੀਆਂ ਹਵਾਈ ਉਡਾਣਾਂ ਰੱਦ ਕਰਨ ਦੇ ਨਾਲ ਇਸ ਗੁਆਂਢੀ ਨਾਲ ਲਗਦੀ ਜ਼ਮੀਨੀ ਸਰਹੱਦ ਵੀ ਬੰਦ ਕਰ ਦਿੱਤੀ ਹੈ। ਇਸਲਾਮਾਬਾਦ ਨੇ ਹੁਣ ਤੱਕ ਦੇਸ਼ ਵਿਚ ਕਰੋਨਾਵਾਇਰਸ ਦੇ ਦੋ ਕੇਸਾਂ ਦਾ ਪਤਾ ਲਾਇਆ ਹੈ। ਉਧਰ, ਰੂਸ ਨੇ ਕਰੋਨਾਵਾਇਰਸ ਨੂੰ ਲੈ ਕੇ ਬਣੇ ਖੌਫ ਕਰਕੇ ਇਰਾਨ ਤੇ ਦੱਖਣੀ ਕੋਰੀਆ ਤੋਂ ਆਉਂਦੇ ਯਾਤਰੀਆਂ ਦੇ ਮੁਲਕ ਵਿਚ ਦਾਖਲੇ ਉਤੇ ਪਾਬੰਦੀ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਮਿਖਾਈਲ ਮਿਸ਼ੁਸਤਿਨ ਨੇ ਇਕ ਬਿਆਨ ਵਿਚ ਐਲਾਨ ਕੀਤਾ ਕਿ ਰੂਸ ਵਿਚ ਸਿੱਖਿਆ, ਰੁਜ਼ਗਾਰ, ਸੈਰ-ਸਪਾਟੇ ਲਈ ਆਉਂਦੇ ਇਰਾਨੀ ਯਾਤਰੀਆਂ ਦੇ ਵੀਜ਼ੇ ਆਰਜ਼ੀ ਮੁਅੱਤਲ ਕਰ ਦਿੱਤੇ ਗਏ ਹਨ। ਇਸ ਦੌਰਾਨ ਸਵਿਟਜ਼ਰਲੈਂਡ ਵਿੱਚ ਹੋਣ ਵਾਲੇ ਜਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਸ ਵਾਇਰਸ ਨੇ ਕੇਵਲ ਚੀਨ ਦੇ ਨਾਗਰਿਕ ਹੀ ਬਿਮਾਰ ਨਹੀਂ ਕੀਤੇ, ਬਲਕਿ ਉਸ ਦੀ ਆਰਥਿਕਤਾ ਨੂੰ ਵੀ ਲਕਵਾ ਗ੍ਰਸਤ ਕਰ ਦਿੱਤਾ ਹੈ। ਚੜ੍ਹਦੀ ਫਰਵਰੀ ਤੋਂ ਹੀ ਇਸ ਬਿਮਾਰੀ ਦੀ ਦਹਿਸ਼ਤ ਚੀਨ ਦੇ ਸ਼ੇਅਰ ਬਾਜ਼ਾਰ ‘ਤੇ ਸਾਫ ਦਿਖੀ ਤੇ ਪਹਿਲੇ ਹਫਤੇ ਹੀ ਚੀਨ ਤੇ ਸ਼ੇਅਰ ਬਾਜ਼ਾਰ ਵਿਚ ਜ਼ਬਰਦਸਤ ਗਿਰਾਵਟ ਆਈ। ਕਈ ਵੱਡੀਆਂ ਕੰਪਨੀਆਂ ਜਿਵੇਂ ਜਨਰਲ ਮੋਟਰਜ਼, ਐਪਲ, ਵੀ ਵਰਕ ਆਦਿ ਜੋ ਵੱਖ-ਵੱਖ ਉਤਪਾਦਾਂ ਜਿਵੇਂ ਕਾਰਾਂ, ਮੋਬਾਈਲ ਤੇ ਫਰਨੀਚਰ ਆਦਿ ਨਾਲ ਸਬੰਧਤ ਹਨ, ਨੇ ਚੀਨ ਵਿਚ ਆਪਣੀਆਂ ਫੈਕਟਰੀਆਂ ਤੇ ਉਤਪਾਦਨ ਪਲਾਂਟ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਸਨ ਕਿਉਂਕਿ ਮੰਗ ਵਿਚ ਜ਼ਬਰਦਸਤ ਗਿਰਾਵਟ ਆਈ ਸੀ। ਪੱਛਮੀ ਦੇਸ਼ਾਂ ਨੇ ਕਰੜੇ ਤੌਰ ‘ਤੇ ਹਵਾਈ ਜਹਾਜ਼ਾਂ ਅਤੇ ਆਪਣੇ ਨਾਗਰਿਕਾਂ ਦੇ ਚੀਨ ਜਾਣ ਤੇ ਕਿਸੇ ਹੋਰ ਦੇ ਉਥੋਂ ਆਉਣ ਉਤੇ ਪਾਬੰਦੀ ਲਗਾ ਦਿੱਤੀ ਹੈ ਤੇ ਬਾਕੀ ਦੇਸ਼ਾਂ ਦੀ ਵੀ ਹੁਣ ਲਗਪਗ ਇਹੀ ਪ੍ਰਤੀਕਿਰਿਆ ਹੈ। ਇਕ ਕੋਰੋਨਾ ਵਾਇਰਸ ਪੀੜਤ ਰੋਗੀ ਵਾਂਗ ਚੀਨ ਵੀ ਅੰਤਰਰਾਸ਼ਟਰੀ ਭਾਈਚਾਰੇ ਤੋਂ ਫਿਲਹਾਲ ਅਲੱਗ-ਥਲੱਗ ਜਿਹਾ ਹੋ ਗਿਆ ਹੈ ਪਰ ਮਜਬੂਰੀ ਵਿਚ ਚੀਨ ਦਾ ਇਹ ਬਾਈਕਾਟ ਕਰਨ ਵਰਗਾ ਕਦਮ ਦੁਨੀਆ ਦੀ ਆਰਥਿਕਤਾ ਨੂੰ ਬਹੁਤ ਮਹਿੰਗਾ ਪੈਣ ਵਾਲਾ ਹੈ।
ਦਰਅਸਲ ਚੀਨ ਦਾ ਵਿਸ਼ਵ ਦੀ ਆਰਥਿਕਤਾ ਵਿਚ ਬਹੁਤ ਮਹੱਤਵਪੂਰਨ ਰੋਲ ਹੈ। ਚੀਨ ਦੁਨੀਆਂ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਚੀਨ ਵਿਚ ਕਿਰਤ ਸਸਤੀ ਹੈ, ਇਸੇ ਲਈ ਦੁਨੀਆਂ ਦੇ ਬਹੁਤ ਸਾਰੇ ਮਹੱਤਵਪੂਰਨ ਦੇਸ਼ਾਂ ਦੀਆਂ ਨਾਮੀ ਕੰਪਨੀਆਂ ਚੀਨ ਵਿਚ ਹੀ ਆਪਣੇ ਉਤਪਾਦਨ ਤਿਆਰ ਕਰਵਾਉਂਦੀਆਂ ਹਨ ਤੇ ਚੀਨ ਦੇ ਆਪਣੇ ਉਤਪਾਦਨ ਵੀ ਸਸਤੇ ਹੋਣ ਕਰਕੇ ਪੂਰੀ ਦੁਨੀਆਂ ਵਿਚ ਬਰਾਮਦ ਹੁੰਦੇ ਹਨ। ਦੂਜੇ ਪਾਸੇ 140 ਕਰੋੜ ਜਨਸੰਖਿਆ ਵਾਲੇ ਚੀਨ ਦੀ ਆਪਣੀ ਖਪਤ ਵੀ ਸਭ ਤੋਂ ਵੱਧ ਹੈ, ਜਿਸ ਕਰਕੇ ਇਹ ਦੁਨੀਆਂ ਲਈ ਇਕ ਵੱਡਾ ਬਾਜ਼ਾਰ ਵੀ ਹੈ। ਚੀਨ ਕੱਚੇ ਤੇਲ ਦੀ ਸਭ ਤੋਂ ਵੱਧ ਦਰਾਮਦ ਕਰਨ ਵਾਲਾ ਮੁਲਕ ਹੈ, ਇਸੇ ਲਈ ਅੱਜ ਕੱਚੇ ਤੇਲ ਦੇ ਭਾਅ ਵੀ ਲਗਾਤਾਰ ਟੁੱਟ ਰਹੇ ਹਨ, ਕਿਉਂਕਿ ਚੀਨ ਰੁਕ ਜਿਹਾ ਗਿਆ ਹੈ ਤੇ ਦਰਾਮਦ-ਬਰਾਮਦ ਵੀ ਲਗਪਗ ਖੜੋਤ ਵਿਚ ਆ ਗਿਆ ਹੈ, ਜਿਸ ਕਰਨ ਉਥੋਂ ਆਯਾਤ ਤੇ ਉਥੇ ਬਰਾਮਦ ਕਰਨ ਵਾਲੇ ਸਭ ਮੁਲਕਾਂ ਦੀ ਆਰਥਿਕਤਾ ਨੂੰ ਮਾਰ ਪੈਣੀ ਸ਼ੁਰੂ ਹੋ ਗਈ ਹੈ।
________________________________________________
ਉਤਰ ਪ੍ਰਦੇਸ਼ ‘ਚ ਸਵਾਈਨ ਫਲੂ ਨਾਲ ਨੌਂ ਮੌਤਾਂ
ਮੇਰਠ: ਪਿਛਲੇ ਕਾਫੀ ਦਿਨਾਂ ਤੋਂ ਦੁਨੀਆਂ ਵਿਚ ਫੈਲੀ ਕਰੋਨਾਵਾਇਰਸ ਦੀ ਦਹਿਸ਼ਤ ਤੋਂ ਬਾਅਦ ਹੁਣ ਉਤਰ ਪ੍ਰਦੇਸ਼ ਵਿਚ ਸਵਾਈਨ ਫਲੂ ਦਾ ਕਹਿਰ ਸ਼ੁਰੂ ਹੋ ਗਿਆ ਹੈ। ਸੂਬੇ ਵਿਚ ਸਵਾਈਨ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਨੌਂ ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿਚੋਂ ਛੇ ਇਕੱਲੇ ਮੇਰਠ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਜ਼ਿਲ੍ਹੇ ‘ਚ ਸੂਬਾਈ ਹਥਿਆਰਬੰਦ ਬਲ (ਪੀ.ਏ.ਸੀ.) ਦੇ 17 ਜਵਾਨਾਂ ਦੇ ਸਵਾਈਨ ਫਲੂ ਦੀ ਜਾਂਚ ਸਬੰਧੀ ਲਏ ਨਮੂਨੇ ਪਾਜ਼ੇਟਿਵ ਪਾਏ ਗਏ ਹਨ।
ਮੇਰਠ ਦੇ ਚੀਫ ਮੈਡੀਕਲ ਅਫਸਰ ਰਾਜ ਕੁਮਾਰ ਨੇ ਕਿਹਾ ਕਿ ਪੀ.ਏ.ਸੀ. ਦੀ ਛੇਵੀਂ ਬਟਾਲੀਅਨ ਦੇ 27 ਜਵਾਨਾਂ ਨੂੰ ਬੁਖਾਰ, ਠੰਢ ਤੇ ਹੋਰ ਇਸੇ ਤਰ੍ਹਾਂ ਦੇ ਲੱਛਣਾਂ ਦੀ ਸ਼ਿਕਾਇਤ ਉਤੇ ਲਾਲਾ ਲਾਜਪਤ ਰਾਏ ਮੈਮੋਰੀਅਲ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਵਿਚੋਂ 17 ਜਵਾਨਾਂ ਦੇ ਨਮੂਨੇ ਸਵਾਈਨ ਫਲੂ ਪਾਜ਼ੇਟਿਵ ਪਾਏ ਗਏ ਹਨ। ਲਿਹਾਜ਼ਾ, ਬਟਾਲੀਅਨ ਦੇ ਕਰੀਬ 370 ਜਵਾਨਾਂ ਨੂੰ ਟੈਮੀਫਲੂ ਦੀਆਂ ਗੋਲੀਆਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਕੈਂਪਸ ਵਿਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਤਰ੍ਹਾਂ ਜ਼ਿਲ੍ਹੇ ਵਿਚ ਸਵਾਈਨ ਫਲੂ ਦੇ ਮਾਮਲਿਆਂ ਦੀ ਗਿਣਤੀ 71 ਤੱਕ ਪਹੁੰਚ ਗਈ ਹੈ।