ਬਾਦਲ ਵਲੋਂ ਮੋਦੀ ਸਰਕਾਰ ਨੂੰ ਘੱਟ ਗਿਣਤੀਆਂ ਦੀਆਂ ਭਾਵਨਾਵਾਂ ਸਮਝਣ ਦੀ ਸਲਾਹ

ਬਠਿੰਡਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਫਿਰਕੂ ਮਾਹੌਲ ਦੇ ਖਤਰੇ ਟਾਲਣ ਵਾਸਤੇ ਘੱਟ ਗਿਣਤੀ ‘ਚ ਭਰੋਸਾ ਬਹਾਲ ਕਰਨ ਤੋਂ ਇਲਾਵਾ ਸਾਰਿਆਂ ਦੇ ਜਜ਼ਬਾਤਾਂ ਦਾ ਧਿਆਨ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਸਰਕਾਰ ਚਲਾਉਣ ਲਈ ਸਭ ਦਾ ਭਰੋਸਾ ਜਿੱਤਣਾ ਜ਼ਰੂਰੀ ਹੈ, ਬੇਸ਼ੱਕ ਉਹ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ। ਉਨ੍ਹਾਂ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਸਮਝਣ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਿਨਾਂ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਦਿੱਲੀ ਹਿੰਸਾ ‘ਤੇ ਫਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਦੇਸ਼ ਜਿਨ੍ਹਾਂ ਹਾਲਾਤ ਵਿਚੋਂ ਲੰਘ ਰਿਹਾ ਹੈ, ਉਨ੍ਹਾਂ ਨੂੰ ਦੇਖਦਿਆਂ ਅਮਨ, ਸ਼ਾਂਤੀ ਤੇ ਭਾਈਚਾਰਾ ਕਾਇਮ ਰੱਖਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਥੇ ਥਰਮਲ ਕਲੋਨੀ ਦੇ ਸਟੇਡੀਅਮ ਵਿਚ ਵੱਡੀ ਰੋਸ ਰੈਲੀ ਕੀਤੀ ਗਈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਫਿਰਕੂ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤਿਵਾਦ ਦਾ ਸੰਤਾਪ ਭੋਗ ਚੁੱਕਾ ਹੈ ਅਤੇ ਕਾਂਗਰਸ ਦਾ ਇਸ ਪਿੱਛੇ ਵੱਡਾ ਹੱਥ ਸੀ ਅਤੇ ਮੁੜ ਇਹ ਲੋਕ ਪੰਜਾਬ ‘ਚ ਪੁਰਾਣੇ ਹਾਲਾਤ ਲਿਆਉਣਾ ਚਾਹੁੰਦੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਸਿੱਖ ਗੁਰੂਆਂ ਨੇ ਆਪਾ ਵਾਰਿਆ ਅਤੇ ਸਭ ਨੂੰ ਗੁਰੂਆਂ ਦੇ ਸਿਧਾਂਤਾਂ ਉਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 1984 ਮਗਰੋਂ ਹੁਣ ਦਿੱਲੀ ਵਿਚ ਵਾਪਰੀਆਂ ਘਟਨਾਵਾਂ ਦੁੱਖਦਾਈ ਹਨ। ਉਨ੍ਹਾਂ ਇਤਿਹਾਸ ‘ਚੋਂ ਹਵਾਲੇ ਦੇ ਕੇ ਸਮਝਾਇਆ ਕਿ ਕਿਵੇਂ ਆਜ਼ਾਦੀ ਤੋਂ ਪਹਿਲਾਂ ਅਤੇ ਮਗਰੋਂ ਕਾਂਗਰਸੀ ਲੀਡਰਾਂ ਨੇ ਪੰਜਾਬ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨਾਲ ਪੈਰ-ਪੈਰ ਉਤੇ ਧੋਖਾ ਕੀਤਾ। ਪੰਜਾਬ ਤੋਂ ਚੰਡੀਗੜ੍ਹ ਖੋਹਣ ਦੀ ਗੱਲ ਰੱਖੀ ਅਤੇ ਪੰਜਾਬੀ ਬੋਲਦਿਆਂ ਦੇ ਇਲਾਕੇ ਖੁੱਸਣ ਦਾ ਮਸਲੇ ਰੱਖਦਿਆਂ ਪਾਣੀਆਂ ਦੇ ਖੋਹੇ ਜਾਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰਣ ਦੀ ਗੱਲ ਨੂੰ ਵੀ ਇਸੇ ਲੜੀ ਨਾਲ ਜੋੜਿਆ। ਇਸ ਮੌਕੇ ਉਨ੍ਹਾਂ ਗੱਠਜੋੜ ਸਰਕਾਰ ਸਮੇਂ ਦਿੱਤੀਆਂ ਸਹੂਲਤਾਂ ਉਤੇ ਚਰਚਾ ਕੀਤੀ ਅਤੇ ਬਠਿੰਡਾ ਸ਼ਹਿਰ ਨੂੰ ਮਿਲੇ ਕੇਂਦਰੀ ਪ੍ਰੋਜੈਕਟ ਵੀ ਗਿਣਾਏ। ਉਨ੍ਹਾਂ ਬਿਨਾਂ ਨਾਂ ਲਏ ਢੀਂਡਸਿਆਂ ਬਾਰੇ ਆਖਿਆ ਕਿ ਉਨ੍ਹਾਂ ਨੂੰ ਬੇਸ਼ੁਮਾਰ ਮਾਣ-ਸਨਮਾਨ ਦਿੱਤਾ ਗਿਆ ਪਰ ਉਨ੍ਹਾਂ ਮਾਂ-ਪਾਰਟੀ ਨਾਲ ਗੱਦਾਰੀ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਕਾਲੀ ਸਰਕਾਰ ਬਣਨ ਉਤੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਕਰ ਦਿੱਤੀ ਜਾਵੇਗੀ। ਗਰੀਬਾਂ ਨੂੰ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਆਮ ਖਪਤਕਾਰਾਂ ਨੂੰ ਘਰੇਲੂ ਬਿਜਲੀ ਦੀਆਂ ਦਰਾਂ ਅੱਧੀਆਂ ਕਰ ਦਿੱਤੀਆਂ ਜਾਣਗੀਆਂ। ਪੰਜ ਸਾਲਾਂ ਵਿਚ ਪਿੰਡਾਂ ਦੀਆਂ ਗਲੀਆਂ ਸੀਮਿੰਟ ਦੀਆਂ ਬਣਾ ਦਿੱਤੀਆਂ ਜਾਣਗੀਆਂ। ਅਕਾਲੀ ਸਰਕਾਰ ਬਣਨ ਦੇ ਪਹਿਲੇ ਮਹੀਨੇ ਹਰ ਪਿੰਡ ਨੂੰ ਕਰੋੜ-ਕਰੋੜ ਦਿੱਤੇ ਜਾਣਗੇ। ਉਨ੍ਹਾਂ ਕਾਂਗਰਸੀ ਵਜ਼ੀਰਾਂ ਦੀ ਲੁੱਟ ਅਤੇ ਗੈਂਗਸਟਰਾਂ ਦੇ ਰਾਜ ਦਾ ਜ਼ਿਕਰ ਕੀਤਾ।
_________________________________________________

ਪੰਜਾਬ ਵਿਚ ਜਨਤਕ ਜਥੇਬੰਦੀਆਂ ਵਲੋਂ ਸ਼ਾਂਤੀ ਮਾਰਚ
ਚੰਡੀਗੜ੍ਹ: ਦਿੱਲੀ ਵਿਚ ਮੁਸਲਿਮ ਭਾਈਚਾਰੇ ਵਿਰੁੱਧ ਭੜਕਾਈ ਗਈ ਹਿੰਸਾ ਵਿਰੁੱਧ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ‘ਸ਼ਾਂਤੀ ਮਾਰਚ’ ਕੱਢੇ ਗਏ ਅਤੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪੇ ਗਏ ਹਨ। ਇਸੇ ਦੌਰਾਨ ਬਰਨਾਲਾ ‘ਚ ਰੇਲਾਂ ਰੋਕ ਕੇ ਚੱਕਾ ਜਾਮ ਵੀ ਕੀਤਾ।
ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਭਾਜਪਾ-ਆਰ.ਐਸ਼ਐਸ਼ ਵੱਲੋਂ ਸਾਜ਼ਿਸ਼ ਤਹਿਤ ਫਿਰਕੂ ਨਫਰਤ ਤੇ ਹਿੰਸਾ ਭੜਕਾ ਕੇ ਹਜ਼ਾਰਾਂ ਮੁਸਲਿਮ ਪਰਿਵਾਰ ਉਜਾੜੇ ਗਏ ਹਨ। ਉਨ੍ਹਾਂ ਕਿਹਾ ਕਿ ਇਕਾ-ਦੁੱਕਾ ਥਾਵਾਂ ਉਤੇ ਭੜਕਾਹਟ ਵਿਚ ਆਏ ਕੁਝ ਮੁਸਲਮਾਨਾਂ ਵੱਲੋਂ ਆਮ ਹਿੰਦੂਆਂ ਵਿਰੁੱਧ ਕੀਤੀ ਗਈ ਜਵਾਬੀ ਹਿੰਸਾ ਨਿੰਦਣਯੋਗ ਹੈ।
ਬੁਲਾਰਿਆਂ ਨੇ ਕਿਹਾ ਕਿ ਉਹ ਪੁਲਿਸ ਸਮੇਤ ਸਮੁੱਚੀ ਰਾਜ ਮਸ਼ੀਨਰੀ ਦੇ ਫਿਰਕੂ-ਹਿੰਸਾ ਪੱਖੀ ਭੂਮਿਕਾ ਦੀ ਸਖਤ ਨਿਖੇਧੀ ਕਰਦੇ ਹਨ। ਉਨ੍ਹਾਂ ਇਸ ਨੂੰ ਦਿੱਲੀ ਅੰਦਰ ਮੁੜ 1984 ਵਾਲੇ ਤੇ ਪੂਰੇ ਦੇਸ਼ ਵਿਚ 1947 ਵਾਲੇ ਭਿਆਨਕ ਹਾਲਾਤ ਬਣਾਉਣ ਵੱਲ ਸੇਧਤ ‘ਪਾੜੋ ਤੇ ਰਾਜ ਕਰੋਂ’ ਦੀ ਰਣਨੀਤੀ ਗਰਦਾਨਿਆ। ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਸ਼ਾਹੀਨ ਬਾਗ ਦਿੱਲੀ ‘ਚ ਚੱਲ ਰਹੇ ਸ਼ਾਂਤਮਈ ਧਰਨੇ ਉਤੇ ਹਮਲੇ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਭੜਕਾਊ ਭਾਸ਼ਣ ਦੇਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਸ਼ਹਿ ਦੇਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਫਿਰਕੂ-ਹਿੰਸਾ ਦੌਰਾਨ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਵੀ ਮਾਰੇ ਗਏ ਪੁਲਿਸ ਮੁਲਾਜ਼ਮ ਦੇ ਵਾਰਸਾਂ ਬਰਾਬਰ 1-1 ਕਰੋੜ ਰੁਪਏ ਦਿੱਤਾ ਜਾਵੇ। ਜਖਮੀਆਂ ਦਾ ਮੁਫਤ ਇਲਾਜ ਅਤੇ 5-5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਜਾੜੇ ਦਾ ਸ਼ਿਕਾਰ ਹੋ ਕੇ ਸ਼ਰਨਾਰਥੀ ਬਣੇ 5000 ਦੇ ਕਰੀਬ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਤੁਰਤ ਕਰਨ ਤੋਂ ਇਲਾਵਾ ਮਕਾਨਾਂ ਤੇ ਦੁਕਾਨਾਂ ਸਮੇਤ ਸਾਰੇ ਨੁਕਸਾਨੇ ਸਾਮਾਨ ਦਾ ਪੂਰਾ-ਪੂਰਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੁੜ ਫਿਰਕੂ ਹਿੰਸਾ ਜਾਂ ਦਹਿਸ਼ਤਗਰਦੀ ਫੈਲਾਉਣ ਦਾ ਯਤਨ ਕੀਤਾ ਗਿਆ ਤਾਂ ਪੰਜਾਬ ਦੀਆਂ ਸਮੁੱਚੀਆਂ ਜਨਤਕ ਜਥੇਬੰਦੀਆਂ ਦੇ ਝੰਡੇ ਹੇਠ ਪੰਜਾਬ ਵਾਸੀ ਇਕਜੁੱਟ ਹੋ ਕੇ ਇਸ ਦਾ ਮੂੰਹ ਤੋੜ ਜਵਾਬ ਦੇਣਗੇ।