ਦਿੱਲੀ ਦੇ ਹਾਲਾਤ ਪਿਛੋਂ ਦੇਸ਼ ਦੀ ਸਿਆਸੀ ਹਲਚਲ

-ਜਤਿੰਦਰ ਪਨੂੰ
ਸਾਡੇ ਪੰਜਾਬ ਦੇ ਲੋਕਾਂ ਦਾ ਧਿਆਨ ਬਹੁਤਾ ਇਸ ਗੱਲ ਵੱਲ ਲੱਗਾ ਪਿਆ ਸੀ ਕਿ ਬਾਦਲ ਅਕਾਲੀ ਦਲ ਦੇ ਪਾਟਕ ਪਿੱਛੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਧੜਾ ਟਿਕਿਆ ਰਹੇਗਾ ਜਾਂ ਸੁਖਦੇਵ ਸਿੰਘ ਢੀਂਡਸੇ ਦਾ ਗਰੁੱਪ ਇਸ ਨੂੰ ਧੱਕ ਕੇ ਸਿੱਖ ਸਿਆਸਤ ਦੀ ਅਗਵਾਈ ਸਾਂਭ ਲਵੇਗਾ, ਪਰ ਦੇਸ਼ ਦੀ ਸਿਆਸਤ ਨੇ ਹੋਰ ਕਰਵਟ ਲੈ ਲਈ ਹੈ। ਫਰਵਰੀ ਮਹੀਨੇ ਨੇ ਹੀ ਏਨਾ ਸਾਰਾ ਪਾਣੀ ਪੁਲਾਂ ਹੇਠੋਂ ਲੰਘਾ ਦਿੱਤਾ ਹੈ ਕਿ ਨਵੇਂ ਸਿਰਿਓਂ ਸੋਚਣ ਦੀ ਲੋੜ ਪਵੇਗੀ। ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਰਤ ਦੀ ਸਰਕਾਰ ਚਲਾ ਰਹੀ ਪਾਰਟੀ, ਜਿਸ ਦੇ ਲੀਡਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਦੁਨੀਆਂ ਦੀ ਮਹਾਨ ਹਸਤੀ ਤੱਕ ਆਖਿਆ ਸੀ, ਇਹ ਚੋਣਾਂ ਜਿੱਤਣ ਲਈ ਸਿਰ ਪਰਨੇ ਹੋਈ ਪਈ ਸੀ।

ਸਾਰੇ ਦੇਸ਼ ਵਿਚਲੀ ਹਿੰਦੂਤਵ ਦੀ ਰਿਜ਼ਰਵ ਫੋਰਸ, ਜਿਸ ਦੀ ਅਗਵਾਈ ਆਰ. ਐਸ਼ ਐਸ਼ ਕੋਲ ਸਮਝੀ ਜਾਂਦੀ ਹੈ, ਦਿੱਲੀ ਵਿਚ ਗਲੀਓ-ਗਲੀ ਗੇੜੇ ਦਿੰਦੀ ਫਿਰਦੀ ਸੀ। ਜਦੋਂ ਦਿੱਲੀ ਵਿਚ ਦਾਲ ਨਾ ਗਲੀ ਤਾਂ ਓਸੇ ਆਰ. ਐਸ਼ ਐਸ਼ ਦੇ ਆਗੂ ਮੋਹਨ ਭਾਗਵਤ ਦਾ ਇਹ ਬਿਆਨ ਆਇਆ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਹਰ ਚੋਣ ਨਹੀਂ ਜਿਤਾ ਸਕਦੇ। ਦਿੱਲੀ ਦੇ ਵੋਟਰਾਂ ਦੇ ਇੱਕੋ ਹਲੂਣੇ ਨਾਲ ਜੋ ਸਮਝ ਭਾਗਵਤ ਨੂੰ ਪੈ ਗਈ, ਉਹ ਕਈ ਹੋਰ ਲੋਕਾਂ ਨੂੰ ਵੀ ਪੈਣ ਲੱਗੀ ਸੀ।
ਇਸ ਪਿਛੋਂ ਅਚਾਨਕ ਦਿੱਲੀ ਵਿਚ ਦੰਗੇ ਹੋਣ ਲੱਗ ਪਏ ਜਾਂ ਕਿਹਾ ਜਾਵੇ ਕਿ ਕਰਵਾ ਦਿੱਤੇ ਗਏ। ਇਸ ਕਾਰਨ ਦਿੱਲੀ ਤੋਂ ਅਮਰੀਕਾ ਤੱਕ ਭਾਰਤ ਦੀ ਬਦਨਾਮੀ ਹੋਈ ਤੇ ਕਈ ਰਾਜਸੀ ਲੀਡਰ ਨਵੇਂ ਸਿਰੇ ਤੋਂ ਸੋਚਣ ਲੱਗ ਪਏ। ਵਹਿਸ਼ੀਪੁਣੇ ਦਾ ਜੋ ਨੰਗਾ ਨਾਚ ਹੋਇਆ, ਉਸ ਦੇ ਇੱਕ ਕੇਸ ਦੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਜੱਜ ਨੂੰ ਇਹ ਕਹਿਣਾ ਪੈ ਗਿਆ ਕਿ ਅਸੀਂ ਇਸ ਸ਼ਹਿਰ ਵਿਚ ਇੱਕ ਵਾਰ ਫਿਰ ਚੁਰਾਸੀ ਦਾ ਦੁਹਰਾਓ ਨਹੀਂ ਹੋਣ ਦਿਆਂਗੇ। ਉਸ ਜੱਜ ਨੂੰ ਸੱਤਾ ਦੇ ਨਸ਼ੇ ਦਾ ਪਤਾ ਨਹੀਂ ਸੀ ਕਿ ਕਿਸ ਹੱਦ ਨੂੰ ਉਲੰਘ ਸਕਦਾ ਹੈ ਤੇ ਉਸ ਸ਼ਾਮ ਨੂੰ ਉਦੋਂ ਪਤਾ ਲੱਗ ਗਿਆ ਹੋਵੇਗਾ, ਜਦੋਂ ਜੱਜ ਸਾਹਿਬ ਦਾ ਤਬਾਦਲਾ ਅਚਾਨਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕਰ ਕੇ ਚੰਡੀਗੜ੍ਹ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ।
ਇਸ ਨਾਲ ਆਮ ਲੋਕਾਂ ਵਿਚ ਸਰਕਾਰ ਦੀ ਨੀਤ ਅਤੇ ਨੀਤੀ-ਦੋਹਾਂ ਬਾਰੇ ਵਿਸਵਿਸੇ ਵਧ ਗਏ ਤੇ ਅਦਾਲਤਾਂ ਨਾਲ ਜੁੜੇ ਲੋਕਾਂ ਵਿਚ ਇਹ ਮਹਿਸੂਸ ਕੀਤਾ ਜਾਣ ਲੱਗ ਪਿਆ ਕਿ ਅਦਾਲਤੀ ਕਾਰਵਾਈ ਵੀ ਇਸ ਫਿਰਕੂ ਹੜ੍ਹ ਦੇ ਅੱਗੇ ਅੜਨ ਦਾ ਯਤਨ ਕਰੇ ਤਾਂ ਪਸੰਦ ਨਹੀਂ ਕੀਤੀ ਜਾਣ ਲੱਗੀ। ਸਾਨੂੰ ਇਸ ਵਿਹਾਰ ਦੇ ਵਿਰੋਧ ਦਾ ਕੋਈ ਲੱਛਣ ਬਹੁਤਾ ਕਿਸੇ ਪਾਸੇ ਨਜ਼ਰ ਨਹੀਂ ਆਇਆ ਤੇ ਇੰਜ ਲੱਗਾ ਕਿ ਇਸ ਨੂੰ ਵੀ ਪ੍ਰਵਾਨ ਜਿਹਾ ਕਰ ਲਿਆ ਗਿਆ ਹੈ।
ਦਿੱਲੀ ਦੀਆਂ ਚੋਣਾਂ ਵਿਚ ਕੇਂਦਰ ਦਾ ਰਾਜ ਸੰਭਾਲੀ ਬੈਠੀ ਧਿਰ ਦੀ ਹਾਰ ਤੇ ਇਸ ਦੇ ਫੌਰਨ ਪਿਛੋਂ ਦੰਗਿਆਂ ਦਾ ਦੂਜਾ ਅਸਰ ਦੇਸ਼ ਦੀ ਰਾਜਨੀਤੀ ‘ਤੇ ਪਿਆ ਹੈ। ਇਸ ਦੇ ਕਈ ਪੱਖਾਂ ਵਿਚੋਂ ਬੱਸ ਦੋ ਹੀ ਵੇਖ ਲਏ ਕਾਫੀ ਹਨ।
ਇੱਕ ਅਸਰ ਬਿਹਾਰ ਵਿਚ ਪਿਆ ਹੈ। ਉਥੇ ਮੁੱਖ ਮੰਤਰੀ ਨਿਤੀਸ਼ ਕੁਮਾਰ ਮੌਸਮ ਮੁਤਾਬਕ ਚੱਲਣ ਲਈ ਪ੍ਰਸਿੱਧ ਹੈ ਤੇ ਕਿਸੇ ਵਕਤ ਕਿਸੇ ਵੀ ਧਿਰ ਨਾਲ ਜੁੜਨਾ ਜਾਂ ਉਸ ਨੂੰ ਛੱਡਣਾ ਉਸ ਲਈ ਚੁਟਕੀ ਦੀ ਗੱਲ ਹੈ। ਬਿਹਾਰ ਦੀ ਵਿਧਾਨ ਸਭਾ ਲਈ ਪਿਛਲੀਆਂ ਚੋਣਾਂ ਵਿਚ ਉਹ ਲਾਲੂ ਪ੍ਰਸਾਦ ਦੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੇ ਨਾਲ ਸੀ, ਪਰ ਪਿਛੋਂ ਨਰਿੰਦਰ ਮੋਦੀ ਦਾ ਦਬਦਬਾ ਵੇਖ ਕੇ ਭਾਜਪਾ ਨਾਲ ਜਾ ਜੁੜਿਆ ਸੀ। ਦਿੱਲੀ ਦੀਆਂ ਚੋਣਾਂ ਵਿਚ ਸੱਤਰ ਵਿਚੋਂ ਮਸਾਂ ਦੋ ਸੀਟਾਂ ਲੈ ਕੇ ਉਸ ਨੇ ਭਾਜਪਾ ਨਾਲ ਸਮਝੌਤਾ ਕਾਇਮ ਰੱਖਿਆ ਤੇ ਨਤੀਜੇ ਵਿਚ ਆਪਣੀਆਂ ਦੋਵੇਂ ਸੀਟਾਂ ਹਾਰਨ ਪਿਛੋਂ ਵਾਪਸ ਬਿਹਾਰ ਜਾ ਕੇ ਅਜੇ ਭਵਿੱਖ ਬਾਰੇ ਦੋਚਿੱਤੀ ਵਿਚ ਸੀ ਕਿ ਦਿੱਲੀ ਵਿਚ ਦੰਗੇ ਛਿੜ ਪਏ।
ਨਰਿੰਦਰ ਮੋਦੀ ਸਰਕਾਰ ਨੇ ਪਾਰਲੀਮੈਂਟ ਤੋਂ ਜੋ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਵਾਇਆ ਸੀ, ਉਸ ਨੂੰ ਪਾਸ ਕਰਨ ਵਿਚ ਨਿਤੀਸ਼ ਕੁਮਾਰ ਦੀ ਪਾਰਟੀ ਅਤੇ ਅਕਾਲੀ ਪਾਰਟੀ ਦੋਵੇਂ ਉਸ ਦੇ ਨਾਲ ਖੜੀਆਂ ਸਨ, ਪਰ ਦਿੱਲੀ ਚੋਣਾਂ ਅਤੇ ਦੰਗਿਆਂ ਪਿਛੋਂ ਨਿਤੀਸ਼ ਕੁਮਾਰ ਆਪਣੇ ਰਾਜ ਵਿਚ ਇਸ ਤਰ੍ਹਾਂ ਦੀ ਭਾਜਪਾਈ ਖੇਡ ਵਿਚ ਸ਼ਾਮਲ ਹੋਣ ਤੋਂ ਭੱਜ ਗਿਆ। ਬਿਹਾਰ ਵਿਧਾਨ ਸਭਾ ਤੋਂ ਉਸ ਨੇ ਐਨ. ਆਰ. ਸੀ. ਦੇ ਵਿਰੋਧ ਦਾ ਮਤਾ ਪਾਸ ਕਰਵਾ ਦਿੱਤਾ ਅਤੇ ਇਹ ਮਤਾ ਪਾਸ ਕਰਾਉਣ ਲਈ ਲਾਲੂ ਪ੍ਰਸਾਦ ਦਾ ਪੁੱਤਰ ਤੇਜੱਸਵੀ ਯਾਦਵ ਵੀ ਉਸ ਨੇ ਬੁੱਕਲ ਵਿਚ ਲੈ ਲਿਆ। ਜਿਸ ਦਿਨ ਮਤਾ ਪੇਸ਼ ਹੋਣਾ ਸੀ, ਇੱਕ ਦਿਨ ਪਹਿਲਾਂ ਉਸ ਨੇ ਤੇਜੱਸਵੀ ਨੂੰ ਫੋਨ ਕੀਤਾ ਤੇ ਉਹ ਕੱਲ੍ਹ ਤੱਕ ਜਿਸ ‘ਚਾਚਾ ਨਿਤੀਸ਼’ ਦੇ ਖਿਲਾਫ ਬੋਲਦਾ ਸੀ, ਉਸ ਨੂੰ ਮਿਲਣ ਵੀ ਪਹੁੰਚ ਗਿਆ। ਦੋਵਾਂ ਦੀ ਕੀ ਗੱਲ ਹੋਈ, ਪਤਾ ਨਹੀਂ, ਪਰ ਵਿਧਾਨ ਸਭਾ ਵਿਚ ਦੋਵੇਂ ਇਹ ਮਤਾ ਪਾਸ ਕਰਨ ਲਈ ਇਕੱਠੇ ਭੁਗਤ ਗਏ ਕਿ ਐਨ. ਆਰ. ਸੀ. ਬਿਹਾਰ ਵਿਚ ਲਾਗੂ ਨਹੀਂ ਕੀਤਾ ਜਾਵੇਗਾ ਤੇ ਭਾਜਪਾ ਵਾਲੇ ਵੇਖਦੇ ਰਹਿ ਗਏ।
ਹੋਰ ਸਮਾਂ ਗਵਾਏ ਬਿਨਾ ਅਗਲੇ ਦਿਨ ਦੋਵੇਂ ਜਣੇ ਫਿਰ ਇਕੱਠੇ ਹੋ ਗਏ। ਪਹਿਲਾਂ ਤੇਜੱਸਵੀ ਯਾਦਵ ਵਿਧਾਨ ਸਭਾ ਦੇ ਸਪੀਕਰ ਦੇ ਚੈਂਬਰ ਨੂੰ ਜਾਂਦਾ ਵੇਖਿਆ ਗਿਆ ਤੇ ਫਿਰ ਨਿਤੀਸ਼ ਕੁਮਾਰ ਉਥੇ ਪਹੁੰਚ ਗਿਆ ਅਤੇ ਸਪੀਕਰ ਨੂੰ ਬਾਹਰਲੇ ਕਮਰੇ ਵਿਚ ਛੱਡ ਕੇ ਦੋਵੇਂ ਜਣੇ ਅੰਦਰਲੇ ਰਿਟਾਇਰਿੰਗ ਰੂਮ ਵਿਚ ਬੈਠਕ ਕਰਨ ਲੱਗ ਪਏ।
ਬਾਹਰ ਆਏ ਤੇਜੱਸਵੀ ਯਾਦਵ ਨੂੰ ਪੱਤਰਕਾਰਾਂ ਨੇ ਪੁੱਛ ਲਿਆ ਕਿ ਸਰਕਾਰ ਦਾ ਕੀ ਬਣੇਗਾ ਤੇ ਉਸ ਨੇ ਬਿਨਾ ਝਿਜਕ ਕਹਿ ਦਿੱਤਾ ਕਿ ਨਿਤੀਸ਼ ਕੁਮਾਰ ਦੀ ਸਰਕਾਰ ਨੂੰ ਅਸਥਿਰ ਨਹੀਂ ਹੋਣ ਦਿਆਂਗੇ। ਕੱਲ੍ਹ ਤੱਕ ਨਿਤੀਸ਼ ਕੁਮਾਰ ਦੀ ਸਰਕਾਰ ਡੇਗਣ ਦੀਆਂ ਗੱਲਾਂ ਕਰਨ ਵਾਲਾ ਤੇਜੱਸਵੀ ਜਦੋਂ ਓਸੇ ਬੋਲੀ ਵਿਚ ਸਰਕਾਰ ਨੂੰ ਅਸਥਿਰ ਹੋਣ ਤੋਂ ਬਚਾਉਣ ਦੀਆਂ ਗੱਲਾਂ ਕਰਨ ਲੱਗਾ ਤਾਂ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਦਿੱਲੀ ਚੋਣਾਂ ਅਤੇ ਦਿੱਲੀ ਦੇ ਤਾਜ਼ਾ ਦੰਗਿਆਂ ਨੇ ਭੁਚਾਲੀ ਤਬਦੀਲੀਆਂ ਲਈ ਪੁਲ ਬੰਨ੍ਹ ਦਿੱਤਾ ਹੈ।
ਇਸ ਪਿਛੋਂ ਦੂਜਾ ਪੱਖ ਸਾਡੇ ਪੰਜਾਬ ਦੀ ਰਾਜਨੀਤੀ ਨੇ ਵਿਖਾ ਦਿੱਤਾ ਹੈ। ਦਿੱਲੀ ਦੀਆਂ ਚੋਣਾਂ ਤੱਕ ਅਕਾਲੀ ਦਲ ਦੇ ਆਗੂ ਦੱਬੀ ਜ਼ੁਬਾਨ ਵਿਚ ਭਾਜਪਾ ਖਿਲਾਫ ਬਥੇਰੇ ਸ਼ਿਕਵੇ ਕਰਦੇ ਸਨ, ਪਰ ਖੁੱਲ੍ਹ ਕੇ ਉਸ ਦੀ ਨੁਕਤਾਚੀਨੀ ਤੋਂ ਝਿਜਕਦੇ ਸਨ। ਦਿੱਲੀ ਵਿਧਾਨ ਸਭਾ ਚੋਣਾਂ ਪਿਛੋਂ ਵੀ ਝਿਜਕ ਛੱਡਣ ਨੂੰ ਤਿਆਰ ਨਹੀਂ ਸਨ, ਪਰ ਜਦੋਂ ਦੰਗੇ ਹੋਣ ਦੀ ਨੌਬਤ ਆ ਗਈ ਤਾਂ ਉਨ੍ਹਾਂ ਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਮੌਕਾ ਢੁਕਵਾਂ ਜਾਪਣ ਲੱਗ ਪਿਆ। ਪਹਿਲਾਂ ਦਿੱਲੀ ਵਿਚਲੇ ਅਕਾਲੀ ਆਗੂ ਪੀੜਤ ਪਰਿਵਾਰਾਂ ਦੀ ਮਦਦ ਲਈ ਗੁਰਦੁਆਰਾ ਸਾਹਿਬਾਨ ਦੇ ਦਰਵਾਜੇ ਖੋਲ੍ਹਣ ਲੱਗ ਪਏ ਅਤੇ ਫਿਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਆ ਗਿਆ ਕਿ ਦਿੱਲੀ ਦੇ ਸਿੱਖ ਹਰ ਪੀੜਤ ਦੀ ਮਦਦ ਕਰਨ। ਇਸ ਨੇਕ ਬਿਆਨ ਦਾ ਅਸਰ ਇਹ ਪਿਆ ਕਿ ਦਿੱਲੀ ਵਿਚ ਈਸਾਈ ਭਾਈਚਾਰਾ ਵੀ ਖੁੱਲ੍ਹ ਕੇ ਪੀੜਤਾਂ ਦੀ ਮਦਦ ਲਈ ਅੱਗੇ ਆ ਗਿਆ ਅਤੇ ਇੱਕ ਤਰ੍ਹਾਂ ਦਿੱਲੀ ਵਿਚ ਘੱਟ-ਗਿਣਤੀ ਭਾਈਚਾਰਿਆਂ-ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਦੀ ਇੱਕ ਸਾਂਝ ਵਾਲਾ ਪੁਲ ਬੱਝਣ ਲੱਗ ਪਿਆ।
ਦੂਜੀ ਗੱਲ ਇਹ ਕਿ ਦਿੱਲੀ ਵਿਚ ਜੋ ਹੁੜਦੰਗ ਹੋਇਆ ਤੇ ਜਿਸ ਨੂੰ ਸਰਕਾਰੀ ਧਿਰ ਦੀ ਪੂਰੀ ਸ਼ਹਿ ਸੀ, ਉਸ ਬਾਰੇ ਕੌੜ ਖਾ ਕੇ ਇੱਕ ਬਿਆਨ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਦੇ ਦਿੱਤਾ ਕਿ ਉਸ ਦੇ ਫੋਨ ਕਰਨ ਦੇ ਬਾਵਜੂਦ ਸਿਰਫ ਸ਼ਿਕਾਇਤ ਲਿਖੀ ਗਈ ਸੀ ਅਤੇ ਦੰਗਿਆਂ ਦੌਰਾਨ ਘਿਰੇ ਹੋਏ ਇੱਕ ਖਾਸ ਭਾਈਚਾਰੇ ਦੇ ਲੋਕਾਂ ਦੀ ਮਦਦ ਲਈ ਪੁਲਿਸ ਨਹੀਂ ਸੀ ਆਈ। ਅਸੀਂ ਸਮਝਦੇ ਹਾਂ ਕਿ ਏਦਾਂ ਦਾ ਬਿਆਨ, ਭਾਵੇਂ ਕਿਸੇ ਵੀ ਤਰ੍ਹਾਂ ਦੇ ਹਾਲਾਤ ਵੇਖੇ ਅਤੇ ਹੰਢਾਏ ਹੋਣ, ਨਰੇਸ਼ ਗੁਜਰਾਲ ਨੇ ਆਪਣੀ ਪਾਰਟੀ ਦੀ ਲੀਡਰਸ਼ਿਪ ਦੀ ਸਲਾਹ ਤੋਂ ਬਿਨਾ ਨਹੀਂ ਦਿੱਤਾ ਹੋ ਸਕਦਾ ਤੇ ਇਸ ਦੀ ਝਲਕ ਅਗਲੇ ਦਿਨ ਹੋਰ ਵੀ ਮਿਲ ਗਈ।
ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅੱਜ ਕੱਲ੍ਹ ਰਾਜਨੀਤੀ ਦੇ ਖੇਤਰ ਵੱਲੋਂ ਇੱਕ ਤਰ੍ਹਾਂ ਪਾਸੇ ਹਟੇ ਹੋਏ ਜਾਪਦੇ ਸਨ ਤੇ ਕੋਈ ਬਿਆਨ ਵਗੈਰਾ ਵੀ ਜਾਰੀ ਨਹੀਂ ਸਨ ਕਰਦੇ। ਦਿੱਲੀ ਦੰਗਿਆਂ ਪਿਛੋਂ ਉਨ੍ਹਾਂ ਨੇ ਇੱਕੋ ਬਿਆਨ ਨਾਲ ਕਈ ਕੁਝ ਕਹਿ ਦਿੱਤਾ ਹੈ। ਸ਼ ਬਾਦਲ ਨੇ ਖਿਝ ਕੇ ਬੋਲਣ ਵਾਲੇ ਬੰਦੇ ਵਾਂਗ ਇਹ ਕਹਿ ਦਿੱਤਾ ਕਿ ਇਸ ਦੇਸ਼ ਦੇ ਸੰਵਿਧਾਨ ਵਿਚ ਤਿੰਨ ਖਾਸ ਗੱਲਾਂ-ਸੈਕੂਲਰਿਜ਼ਮ, ਸੋਸ਼ਲਿਜ਼ਮ ਅਤੇ ਡੈਮੋਕਰੇਸੀ ਦਰਜ ਸਨ, ਪਰ ਅੱਜ ਇਸ ਦੇਸ਼ ਵਿਚ ਨਾ ਸੈਕੂਲਰਿਜ਼ਮ ਰਹਿ ਗਿਆ ਹੈ, ਨਾ ਸੋਸ਼ਲਿਜ਼ਮ, ਬੱਸ ਥੋੜ੍ਹੀ ਕੁ ਡੈਮੋਕਰੇਸੀ ਬਚੀ ਹੈ ਅਤੇ ਉਹ ਵੀ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਾਉਣ ਜੋਗੀ ਦਿੱਸਦੀ ਹੈ।
ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇੱਕ ਮਹੀਨਾ ਪਹਿਲਾਂ ਇਹੋ ਗੱਲ ਸ਼ ਬਾਦਲ ਨੇ ਕਹੀ ਹੁੰਦੀ ਤਾਂ ਨਰਿੰਦਰ ਮੋਦੀ ਨੇ ਕਿਸੇ ਏਲਚੀ ਰਾਹੀਂ ਕੇਂਦਰ ਦੇ ਮੰਤਰੀ ਮੰਡਲ ਵਿਚ ਬੈਠੀ ਬਾਦਲ ਪਰਿਵਾਰ ਦੀ ਬੀਬੀ ਦਾ ਅਸਤੀਫਾ ਮੰਗ ਲੈਣਾ ਸੀ ਤੇ ਇਸ ਗੱਲ ਤੋਂ ਡਰਦੇ ਬਾਦਲਾਂ ਦੇ ਟੱਬਰ ਵਿਚੋਂ ਕਿਸੇ ਨੇ ਇਹ ਗੱਲ ਕਹਿਣੀ ਵੀ ਨਹੀਂ ਸੀ। ਦਿੱਲੀ ਦੇ ਬਦਲੇ ਹੋਏ ਹਾਲਾਤ ਨੇ ਕਈ ਕੁਝ ਬਦਲ ਦਿੱਤਾ ਹੈ ਤੇ ਇਸ ਬਦਲਦੇ ਮੌਸਮ ਦਾ ਪ੍ਰਛਾਵਾਂ ਬਾਦਲਾਂ ਦੀ ਕੋਠੀ ਤੱਕ ਵੀ ਪਹੁੰਚਦਾ ਜਾਪਣ ਲੱਗ ਪਿਆ ਹੈ।
ਅਜੇ ਇਹ ਬਦਲਦੇ ਮੌਸਮ ਦਾ ਆਗਾਜ਼ ਹੈ, ਨਰਿੰਦਰ ਮੋਦੀ ਦੇ ਅਜੇਤੂ ਹੋਣ ਦਾ ਭਰਮ ਟੁੱਟਣਾ ਸ਼ੁਰੂ ਹੋਇਆ ਅਤੇ ਗੱਠਜੋੜ ਦੇ ਅੰਦਰੋਂ ਵੀ ਵਿਰੋਧ ਦੀਆਂ ਉਹ ਸੁਰਾਂ ਸ਼ੁਰੂ ਹੋਈਆਂ ਹਨ, ਜੋ ਹਾਲੇ ਤੱਕ ਦੱਬੀਆਂ ਸਨ। ਅਗਲੇ ਦਿਨਾਂ ਵਿਚ ਇਹ ਸੁਰਾਂ ਹੋਰ ਤਿੱਖੀਆਂ ਹੋ ਸਕਦੀਆਂ ਹਨ। ਏਦਾਂ ਦੇ ਗੱਠਜੋੜ ਲੋਕਾਂ ਦੀ ਹਰਮਨ ਪਿਆਰਤਾ ਨਾਲ ਨਹੀਂ, ਦਬਦਬੇ ਦੇ ਨਾਲ ਟਿਕੇ ਹੁੰਦੇ ਹਨ। ਜਦੋਂ ਦਬਦਬਾ ਟੁੱਟਣਾ ਸ਼ੁਰੂ ਹੋਵੇ ਤਾਂ ਰੇਤ ਦੀ ਬੋਰੀ ਵਾਂਗ ਕਿਰਨ ਲੱਗਦੇ ਹਨ। ਅਜੇ ਉਹ ਘੜੀ ਨਹੀਂ ਆਈ ਕਿ ਇਸ ਗੱਠਜੋੜ ਨੂੰ ਕੇਰਾ ਲੱਗਾ ਮੰਨ ਲਿਆ ਜਾਵੇ, ਪਰ ਦਿੱਲੀ ਦੇ ਹਾਲਤ ਨੇ ਜੋ ਦ੍ਰਿਸ਼ ਲੋਕਾਂ ਦੀ ਅੱਖ ਅੱਗੇ ਪੇਸ਼ ਕਰ ਦਿੱਤਾ ਹੈ, ਇਹ ਬਹੁਤ ਕੁਝ ਕਹਿੰਦਾ ਪਿਆ ਹੈ, ਸਚਮੁੱਚ ਬਹੁਤ ਕੁਝ ਕਹੀ ਜਾ ਰਿਹਾ ਹੈ।