ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਬੰਦੇ ਦੇ ਚਰਿੱਤਰ ਦੀ ਵਿਆਖਿਆ ਕਰਦਿਆਂ ਕਿਹਾ ਸੀ, “ਚਰਿੱਤਰ ਸੁੰਦਰਤਾ, ਸਾਦਗੀ, ਸਹਿਜ, ਸੰਜੀਦਗੀ ਅਤੇ ਸਿਆਣਪ ਦੇ ਸੰਗਮ ਵਿਚੋਂ ਉਪਜਿਆ ਤੇਜ, ਜਿਸ ਸਾਹਵੇਂ ਸਭ ਰੰਗ ਫਿੱਕੜੇ।…ਚਰਿੱਤਰ ਦਾ ਇਸ ਤੋਂ ਵੀ ਪਤਾ ਲਗਦਾ ਕਿ ਆਪਣੇ ਭੈਣ ਭਰਾਵਾਂ ਨਾਲ ਕਿਹੋ ਜਿਹਾ ਵਰਤਾਓ ਹੈ? ਮਾਪਿਆਂ ਜਾਂ ਬਜੁਰਗਾਂ ਪ੍ਰਤੀ ਮਨ ਵਿਚ ਕਿੰਨਾ ਅਦਬ ਹੈ?” ਹਥਲੇ ਲੇਖ ਵਿਚ ਡਾ. ਭੰਡਾਲ ਮੰਜ਼ਿਲ ਦਾ ਵਿਖਿਆਨ ਕਰਦਿਆਂ ਕਹਿੰਦੇ ਹਨ,
“ਮੰਜ਼ਿਲ, ਸਿਰਫ ਪਦਵੀਆਂ, ਰੁਤਬਿਆਂ ਅਤੇ ਮਾਇਕ ਲਾਭਾਂ ਨੂੰ ਪ੍ਰਾਪਤ ਕਰਨ ਜਾਂ ਇਨ੍ਹਾਂ ਵਿਚ ਹੀ ਉਲਝ ਕੇ ਰਹਿਣ ਦਾ ਨਾਮ ਨਹੀਂ, ਸਗੋਂ ਕੁਝ ਚੰਗੀ ਸੋਚ ਅਤੇ ਸਾਧਨਾ ਦਾ ਸਫਰ ਵੀ ਕਰਨਾ ਹੁੰਦਾ।…ਸਭ ਤੋਂ ਔਖਾ ਹੁੰਦਾ ਮੰਜ਼ਿਲ ਨੂੰ ਮਿੱਥਣਾ। ਇਸ ਦੀਆਂ ਬਹੁ-ਪੱਖੀ ਪਰਤਾਂ ਨੂੰ ਆਪਣੀ ਸਿਆਣਪ, ਸਮਰੱਥਾ ਅਤੇ ਸ਼ਕਤੀ ਸੰਗ ਤੋਲਣਾ।…ਮੰਜ਼ਿਲ, ਬੇਹਿੰਮਤਿਆਂ, ਬੇਗੈਰਤਾਂ ਜਾਂ ਆਲਸੀਆਂ ਨੂੰ ਨਹੀਂ ਮਿਲਦੀ। ਇਸ ਲਈ ਖੁਦ ਨੂੰ ਮਿਹਨਤ ਅਤੇ ਮੁਸ਼ੱਕਤ ਦੀ ਭੱਠੀ ਵਿਚ ਝੋਕਣਾ ਪੈਂਦਾ।” -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਮੰਜ਼ਿਲ, ਮਨ ਦੀ ਉਡਾਣ। ਮਨ ਦੀਆਂ ਭਾਵਨਾਵਾਂ ਦੀ ਤਰਜ਼ੀਹ। ਅੰਬਰਾਂ ਨੂੰ ਹੱਥ ਲਾਉਣ ਦੀ ਚਾਹਨਾ। ਕੁਝ ਨਵਾਂ ਨਰੋਇਆ ਅਤੇ ਵਿਲੱਖਣ ਕਰਨ ਦੀ ਭਾਵਨਾ।
ਮੰਜ਼ਿਲ, ਦੁਨੀਆਂ ਨੂੰ ਹੋਰ ਸੁੰਦਰ ਅਤੇ ਹੁਸੀਨ ਬਣਾਉਣ ਦੀ ਤਮੰਨਾ। ਸਮਾਜਕ ਰਿਸ਼ਤਿਆਂ ਨੂੰ ਪਕਿਆਈ ਤੇ ਪਾਕੀਜ਼ਗੀ ਬਖਸ਼ਣ ਦੀ ਧਾਰਨਾ। ਦੁਨਿਆਵੀ ਪ੍ਰਾਪਤੀਆਂ ਦੇ ਨਾਲ ਨਾਲ, ਸਰਬੱਤ ਦੇ ਭਲੇ ਲਈ ਵੀ ਕੁਝ ਕਰਨ ਦੀ ਲੋਚਾ। ਇਸ ਵਿਚੋਂ ਹੀ ਪੈਦਾ ਹੁੰਦੀ ਹੈ ਸੁ.ਭ-ਚਿੰਤਨ ਦੀ ਲਾਲਸਾ।
ਮੰਜ਼ਿਲ, ਸਿਰਫ ਪਦਵੀਆਂ, ਰੁਤਬਿਆਂ ਅਤੇ ਮਾਇਕ ਲਾਭਾਂ ਨੂੰ ਪ੍ਰਾਪਤ ਕਰਨ ਜਾਂ ਇਨ੍ਹਾਂ ਵਿਚ ਹੀ ਉਲਝ ਕੇ ਰਹਿਣ ਦਾ ਨਾਮ ਨਹੀਂ, ਸਗੋਂ ਕੁਝ ਚੰਗੀ ਸੋਚ ਅਤੇ ਸਾਧਨਾ ਦਾ ਸਫਰ ਵੀ ਕਰਨਾ ਹੁੰਦਾ। ਸਫਰ, ਜਿਸ ਵਿਚ ਫੁੱਲਾਂ ਦੀ ਮਹਿਕ ਹੋਵੇ, ਰੰਗ-ਬਿਰੰਗੀਆਂ ਕਲੀਆਂ ਦੀ ਆਭਾ ਦ੍ਰਿਸ਼ਟਮਾਨ ਹੋਵੇ। ਜਿਸ ਰਾਹਾਂ ‘ਤੇ ਤੁਰਦਿਆਂ ਸਿਰ ਫਖਰ ਨਾਲ ਉਚਾ ਹੋਵੇ, ਜਿਸ ‘ਤੇ ਤੁਰਨ ਵਾਲੇ ਆਪਣੇ ਜਾਪਣ ਅਤੇ ਇਸ ਵਿਚੋਂ ਆਪੇ ਨੂੰ ਕੁਝ ਪ੍ਰਾਪਤੀ ਦਾ ਨਿਗੂਣਾ ਜਿਹਾ ਅਹਿਸਾਸ ਵੀ ਹੋਵੇ।
ਮੰਜ਼ਿਲ ਸਿਰਫ ਉਚੇ ਮਹਿਲ ਮੁਨਾਰਿਆਂ, ਵੱਡੀਆਂ ਹਵੇਲੀਆਂ ਜਾਂ ਦੁਨਿਆਵੀ ਸੁੱਖ-ਸਹੂਲਤਾਂ ਦੀ ਬਹੁਲਾਤ ਨਹੀਂ। ਸਗੋਂ ਮੰਜ਼ਿਲ-ਮਾਰਗ ਵਿਚ ਧਰਤੀ ਦਾ ਦੁੱਖ, ਰੁੰਡ-ਮਰੁੰਡ ਹੋਇਆ ਰੁੱਖ, ਬੰਜਰ ਹੋ ਰਹੀ ਮਾਨਵੀ ਕੁੱਖ ਅਤੇ ਆਦਮੀ ਦੀ ਬੇਲਗਾਮ ਭੁੱਖ ਦਾ ਵੀ ਜ਼ਿਕਰ ਹੋਵੇ ਤਾਂ ਮੰਜ਼ਿਲ ਨੂੰ ਮਕਸਦ-ਪ੍ਰਾਪਤੀ ਮਿਲਦੀ।
ਮੰਜ਼ਿਲ ਮਿੱਥਣ ਅਤੇ ਇਸ ਦੀ ਪ੍ਰਾਪਤੀ ਲਈ ਬਿਖੜੇ ਪੈਂਡਿਆਂ ਦਾ ਅਹਿਸਾਸ ਜਦ ਹੋ ਜਾਂਦਾ ਤਾਂ ਮਨ ਵਿਚ ਇਕ ਲਲਕ ਅਤੇ ਆਸ ਪੈਦਾ ਹੁੰਦੀ। ਇਸ ਵਿਚੋਂ ਹੀ ਮੰਜ਼ਿਲ ਦੇ ਦਿਸਹੱਦੇ, ਅਸੀਮ ਸੰਭਾਵਨਾਵਾਂ ਅਤੇ ਇਸ ਨੂੰ ਜਾਂਦੇ ਰਾਹਾਂ ਵਿਚਲੀਆਂ ਪੈੜਾਂ ਦੀ ਨਿਸ਼ਾਨਦੇਹੀ ਵੀ ਮਨ-ਧਰਾਤਲ ‘ਤੇ ਨਜ਼ਰ ਆਉਂਦੀ।
ਸਭ ਤੋਂ ਔਖਾ ਹੁੰਦਾ ਮੰਜ਼ਿਲ ਨੂੰ ਮਿੱਥਣਾ। ਇਸ ਦੀਆਂ ਬਹੁ-ਪੱਖੀ ਪਰਤਾਂ ਨੂੰ ਆਪਣੀ ਸਿਆਣਪ, ਸਮਰੱਥਾ ਅਤੇ ਸ਼ਕਤੀ ਸੰਗ ਤੋਲਣਾ। ਇਸ ਨੂੰ ਆਪਣੀ ਹਿੰਮਤ, ਹੌਸਲੇ ਅਤੇ ਦਲੇਰੀ ਦੇ ਰੂਬਰੂ ਕਰਨਾ, ਕਿਉਂਕਿ ਮੰਜ਼ਿਲ ਦਾ ਥਹੁ-ਟਿਕਾਣਾ ਪਤਾ ਕਰਨ ਲਈ ਮਨ-ਬਰੂਹਾਂ ‘ਤੇ ਸਭ ਤੋਂ ਪਹਿਲਾਂ ਦਸਤਕ ਹੁੰਦੀ। ਇਸ ਦਸਤਕ ਵਿਚੋਂ ਹੀ ਤੁਸੀਂ ਖੁਦ ਦੀ ਪੁਣਛਾਣ ਕਰਕੇ ਖੁਦ ਨੂੰ ਨਵੀਆਂ ਬੁਲੰਦੀਆਂ ਦੇ ਹਾਣ ਦਾ ਕਰਦੇ।
ਮੰਜ਼ਿਲ ਲਈ ਸਭ ਤੋਂ ਜਰੂਰੀ ਹੈ, ਇਸ ਦਾ ਖਿਆਲ ਸੂਖਮ ਰੂਪ ਵਿਚ ਮਨ ‘ਚ ਆਉਣਾ ਅਤੇ ਇਸ ਨੂੰ ਖਬਤ ਬਣਾਉਣਾ। ਇਸ ਦੇ ਆਲੇ-ਦੁਆਲੇ ਹੀ ਸਭ ਤਰਕੀਬਾਂ ਅਤੇ ਤਦਬੀਰਾਂ ਉਣੀਆਂ ਜਾਣ ਤਾਂ ਮੰਜ਼ਿਲ ਆਪਣੀ ਆਪਣੀ ਲੱਗਦੀ ਅਤੇ ਇਸ ਨੂੰ ਪ੍ਰਾਪਤ ਕਰਨ ਦਾ ਚਾਅ ਮਨ ਵਿਚ ਪੈਦਾ ਹੁੰਦਾ। ਮਨੁੱਖ ਜਦ ਮਨ-ਧਰਾਤਲ ਨੂੰ ਮੋਕਲਾ ਕਰਕੇ ਇਸ ਵਿਚ ਮੰਜ਼ਿਲ ਦਾ ਬੀਜ ਬੀਜਦਾ ਤਾਂ ਇਸ ਬੀਜ ਦੇ ਪੁੰਗਰਨ ਲਈ ਲੋੜੀਂਦੀ ਨਮੀ ਅਤੇ ਹਵਾ ਦਾ ਬੰਦੋਬਸਤ ਕਰਨਾ ਮਨ ਦੀ ਲੋੜ। ਫਿਰ ਮਨ ਦੇ ਆਖੇ ਲੱਗ ਕੇ ਹੀ ਅਸੀਂ ਨਵੀਆਂ ਪੈੜਾਂ ਵਿਚ ਪੈਰ ਧਰਦੇ, ਮੰਜ਼ਿਲ ਦੀ ਪ੍ਰਾਪਤੀ ਦਾ ਕਿਆਸ ਕਰਨ ਲੱਗਦੇ।
ਮੰਜ਼ਿਲ ਪ੍ਰਾਪਤੀ ਦਾ ਕਿਆਸ ਹੀ ਕਾਫੀ ਨਹੀਂ। ਇਸ ਲਈ ਸਿਰੜ, ਸਾਧਨਾ ਅਤੇ ਸਮਰਪਣ ਨੂੰ ਗੁਰੂ ਧਾਰ ਕੇ ਇਕ ਭਰੋਸਾ ਮਨ ਵਿਚ ਪੈਦਾ ਕਰਨ ਦੀ ਲੋੜ, ਕਿਉਂਕਿ ਮੰਜ਼ਿਲ ਪ੍ਰਾਪਤ ਕਰਨ ਲਈ ਮਨ ਦੀਆਂ ਮੁਹਾਰਾਂ ਨੂੰ ਮੰਜ਼ਿਲ ਵੰਨੀਂ ਮੋੜਨ ਲਈ ਸਵੈ-ਭਰੋਸਾ ਬਹੁਤ ਜਰੂਰੀ, ਜੋ ਆਸ ਅਤੇ ਧਰਵਾਸ ਬਣਦਾ। ਮੰਜ਼ਿਲ ਦੀ ਸੁਪਨ-ਸਾਧਨਾ ਵਿਚ ਮਦਦ ਕਰਦਾ, ਜਿਸ ਵਿਚੋਂ ਪਗਡੰਡੀਆਂ ਨੂੰ ਚਾਨਣ ਵੰਡਣ ਵਾਲੀਆਂ ਰਾਹਾਂ ਦਾ ਨਾਮਕਰਨ ਮਿਲਦਾ।
ਭਰੋਸਾ ਖੁਦ ‘ਤੇ, ਆਪਣੀ ਸੂਝ, ਤਾਕਤ ਤੇ ਤਰਜ਼ੀਹ ‘ਤੇ। ਭਰੋਸਾ ਆਪਣੇ ਨਿਗਰ ਕਦਮਾਂ ‘ਤੇ, ਰਾਹਾਂ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਤੁੱਛ ਸਮਝਣ ਦਾ। ਭਰੋਸਾ ਆਪਣੇ ਵਿਚੋਂ ਇਕ ਅਜਿਹੇ ਮਨੁੱਖ ਦੀ ਸਿਰਜਣਾ ਕਰਨ ਦਾ, ਜੋ ਮਾਨਵਤਾ ਦਾ ਧਾਰਨੀ ਹੋਵੇ, ਜਿਸ ਦੇ ਮਸਤਕ ਵਿਚ ਚਾਨਣ ਚੰਦੋਆ ਤਣਿਆ ਹੋਵੇ, ਜਿਸ ਦੇ ਖਿਆਲ-ਅੰਬਰ ਵਿਚ ਤਾਰੇ ਟਿਮਟਿਮਾਉਂਦੇ ਹੋਣ, ਜਿਸ ਵਿਚ ਖਲਾਅ ਨੂੰ ਕਲਾਵੇ ਵਿਚ ਲੈਣ ਦਾ ਦਾਈਆ ਹੋਵੇ, ਜਿਸ ਦੀ ਸੋਚ ਵਿਚ ਜੁਗਨੂੰਆਂ ਦੀਆਂ ਕਣੀਆਂ ਬਰਸਦੀਆਂ ਹੋਣ, ਜਿਸ ਦੀਆਂ ਕਰਮ-ਸਰਦਲਾਂ ਸੁ.ਭ-ਚੇਤਨਾ ਦੇ ਪਾਣੀ ਨਾਲ ਸਦਾ ਤਰ ਰਹਿਣ ਅਤੇ ਜਿਸ ਦੀਆਂ ਬਰੂਹਾਂ ਵਿਚ ਸਦ-ਵਿਚਾਰਾਂ ਦਾ ਆਉਣ-ਜਾਣ ਬਣਿਆ ਰਹੇ।
ਮੰਜ਼ਿਲ, ਸਿਰਫ ਮੰਜ਼ਿਲ ਨੂੰ ਚਾਹੁਣ ਵਾਲਿਆਂ, ਅਪਨਾਉਣ ਵਾਲਿਆਂ ਅਤੇ ਮੰਜ਼ਿਲ ਵਾਸਤੇ ਪੂਰਨ ਤਨਦੇਹੀ ਨਾਲ ਸਮਰਪਿਤ ਹੋਣ ਵਾਲਿਆਂ ਨੂੰ ਹੀ ਨਸੀਬ ਹੁੰਦੀ। ਥੋੜ੍ਹ-ਦਿਲਿਆਂ ਨੂੰ ਕਦੋਂ ਮੰਜ਼ਿਲਾਂ ਦਾ ਚੇਤਾ ਰਹਿੰਦਾ! ਉਨ੍ਹਾਂ ਲਈ ਪਲ ਪਲ ਬਦਲਦੇ ਖਿਆਲ, ਪਲੋ ਪਲੀ ਬਦਲੀਆਂ ਤਰਜ਼ੀਹਾਂ ਜਾਂ ਸੁੱਖ-ਸੁਵਿਧਾਵਾਂ ਤੇ ਨਿਜੀ ਤਰਜ਼ੀਹਾਂ ਹੀ ਮੰਜ਼ਿਲ ਲਈ ਸਭ ਤੋਂ ਵੱਡਾ ਰੋੜਾ। ਇਸ ਆਪੂ ਬਣਾਈ ਰੁਕਾਵਟ ਨੂੰ ਟੱਪਣ ਲਈ ਉਹ ਕਦੇ ਵੀ ਤਰੱਦਦ ਨਹੀਂ ਕਰਦੇ। ਉਹ ਤਾਂ ਆਪਣੇ ਆਪ ਲਈ ਜਿਉਂਦੇ ਅਤੇ ਖੁਦ ਨੂੰ ਮਿੱਟੀ ਬਣਾ ਕੇ ਆਪਣੇ ਜੀਵਨ ਨੂੰ ਮਰਨ-ਮਿੱਟੀ ਬਣਾਉਂਦੇ।
ਮੰਜ਼ਿਲ, ਬੇਹਿੰਮਤਿਆਂ, ਬੇਗੈਰਤਾਂ ਜਾਂ ਆਲਸੀਆਂ ਨੂੰ ਨਹੀਂ ਮਿਲਦੀ। ਇਸ ਲਈ ਖੁਦ ਨੂੰ ਮਿਹਨਤ ਅਤੇ ਮੁਸ਼ੱਕਤ ਦੀ ਭੱਠੀ ਵਿਚ ਝੋਕਣਾ ਪੈਂਦਾ। ਇਸ ਵਿਚੋਂ ਹੀ ਹੁੰਦੀ ਏ ਖਾਲਸ ਅਤੇ ਨਿੱਗਰ ਵਿਅਕਤੀ ਦੀ ਸਿਰਜਣਾ ਤੇ ਪਛਾਣ।
ਜਦ ਮਨ ਦੀ ਤਕੜਾਈ ਅਤੇ ਵਿਸ਼ਵਾਸ ਦੀ ਪਕਿਆਈ, ਅੰਤਰੀਵ ਵਿਚ ਆਪਣੀ ਹੋਂਦ ਦਾ ਅਹਿਸਾਸ ਪੈਦਾ ਕਰਦੀ ਤਾਂ ਮੰਜ਼ਿਲ ਪ੍ਰਾਪਤ ਕਰਨ ਵਿਚ ਸਿਰਫ ਕੁਝ ਹੀ ਸਮਾਂ ਤੇ ਕੁਝ ਕਦਮਾਂ ਦੀ ਵਿੱਥ। ਕੁਝ ਦਲੇਰੀ ਭਰੇ ਫੈਸਲੇ ਅਤੇ ਉਦਮਾਂ ਦੀ ਲੋੜ। ਇਸ ਵਿਚੋਂ ਹੀ ਪਨਪਦਾ ਪ੍ਰਾਪਤੀਆਂ ਦਾ ਇਤਿਹਾਸ। ਕੁਝ ਵੀ ਬਣਿਆ-ਬਣਾਇਆ ਨਹੀਂ ਮਿਲਦਾ ਅਤੇ ਜਿਨ੍ਹਾਂ ਨੂੰ ਮਿਲਦਾ, ਉਹ ਬਹੁਤ ਜਲਦੀ ਗਵਾ ਵੀ ਲੈਂਦੇ। ਸਿਰਫ ਖੁਦ ਸਿਰਜਣ ਵਾਲਿਆਂ ਦੀ ਪ੍ਰਾਪਤੀ ਨੂੰ ਸੱਜਦੇ ਹੁੰਦੇ। ਉਨ੍ਹਾਂ ਦੀ ਵਿਲੱਖਣਤਾ ਅਤੇ ਵਿਕੋਲਿਤਰੇਪਣ ਨੂੰ ਸਲਾਮਾਂ। ਉਨ੍ਹਾਂ ਨੂੰ ਪ੍ਰਾਪਤੀਆਂ ਨਾਲ ਤਹਿਜ਼ੀਬ ਨੂੰ ਆਪਣੀ ਹਿੱਕ ‘ਤੇ ਸੂਰਜ ਉਗਾਉਣ ਦਾ ਮਾਣ ਮਿਲਦਾ। ਇਤਿਹਾਸ ਦੇ ਵਰਕਿਆਂ ‘ਤੇ ਉਗੇ ਸੂਰਜ ਹੀ ਤਾਂ ਹੁੰਦੇ, ਜਿਨ੍ਹਾਂ ਦੀ ਰੌਸ਼ਨੀ ਵਿਚ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਮਕਸਦ ਅਤੇ ਇਨ੍ਹਾਂ ਦੀ ਪ੍ਰਾਪਤੀ ਨੂੰ ਜਾਂਦੀ ਪੈੜ ਦਾ ਝਲਕਾਰਾ ਮਿਲਦਾ। ਇਨ੍ਹਾਂ ਸੂਰਜਾਂ ਦਾ ਨਿੱਘ ਹੀ ਤਾਂ ਸਾਡੇ ਠਰੇ ਜਜ਼ਬਾਤ ਨੂੰ ਪਿਘਲਾਉਂਦਾ। ਇਨ੍ਹਾਂ ਦੀ ਕਿਰਨ-ਖੁਸ਼ਬੋਈ ਹੀ ਨਿਰਮੂਲ ਧਾਰਨਾ ਨੂੰ ਖਤਮ ਕਰਦੀ ਕਿ ਹਮੇਸ਼ਾ ਹਨੇਰਿਆਂ ਦਾ ਰਾਜ ਰਹਿੰਦਾ। ਆਖਰ ਤਾਂ ਚਾਨਣ ਨੇ ਇਸ ਧਰਤੀ ਨੂੰ ਕਲਾਵੇ ਵਿਚ ਲੈਣ ਅਤੇ ਜੀਵਨ ਨੂੰ ਸੁੰਦਰ ਤੇ ਬਿਹਤਰੀਨ ਬਣਾਉਣ ਵਿਚ ਯੋਗਦਾਨ ਪਾਉਣਾ।
ਸਿਆਣੇ ਕਹਿੰਦੇ ਨੇ, ਮੰਜ਼ਿਲ ਸਿਰਫ ਉਨ੍ਹਾਂ ਨੂੰ ਮਿਲਦੀ, ਜਿਨ੍ਹਾਂ ਦੇ ਮਨ ਵਿਚ ਸਭ ਤੋਂ ਪਹਿਲਾਂ ਸਮਾਜ ਅਤੇ ਮਨੁੱਖਤਾ ਪ੍ਰਤੀ ਦੇਣਦਾਰੀਆਂ ਨੂੰ ਪੂਰਾ ਕਰਨ ਲਈ ਸਬੱਬ ਅਤੇ ਸਾਰਥਕਤਾ ਰੂਪੀ ਸੇਧ ਹੁੰਦੀ।
ਕਿਸੇ ਵਲੋਂ ਪ੍ਰਾਪਤ ਕੀਤੀ ਮੰਜ਼ਿਲ ਵੰਨੀਂ ਦੇਖ ਕੇ ਕਦੇ ਵੀ ਈਰਖਾ ਨਾ ਕਰੋ। ਨਾ ਹੀ ਅਜਿਹੇ ਮਨਸੂਬਿਆਂ ਨੂੰ ਮਨ ਵਿਚ ਲਿਆਓ, ਜੋ ਕਿਸੇ ਦੀ ਅਪ੍ਰਾਪਤੀ ਵਿਚੋਂ ਆਪਣੀ ਪ੍ਰਾਪਤੀ ਦਾ ਕਿਆਸ ਕਰਨ ਦੀ ਗਲਤੀ ਕਰੇ। ਕਿਸੇ ਨੂੰ ਨੀਵਾਂ ਕਰਕੇ ਅਸੀਂ ਵੱਡੇ ਨਹੀਂ ਹੋ ਸਕਦੇ। ਸਗੋਂ ਵੱਡੇ ਹੋਣ, ਕੁਝ ਬਣਨ ਜਾਂ ਨਵੀਆਂ ਪ੍ਰਾਪਤੀਆਂ ਦਾ ਸ਼ਿਲਾਲੇਖ ਬਣਨ ਲਈ ਆਪਣੇ ਆਪ ਨੂੰ ਤਿਆਰ ਕਰੋ। ਆਪਣੀਆਂ ਕਮੀਆਂ, ਤਰੁਟੀਆਂ ਤੇ ਖਾਮੀਆਂ ਨੂੰ ਪੂਰਾ ਕਰੋ। ਤੁਸੀਂ ਉਹ ਸਭ ਕੁਝ ਪ੍ਰਾਪਤ ਕਰ ਸਕਦੇ ਹੋ, ਜੋ ਦੂਜੇ ਪ੍ਰਾਪਤ ਕਰਦੇ ਨੇ। ਸਿਰਫ ਮਨ ਨੂੰ ਤਿਆਰ ਕਰਨ ਅਤੇ ਮਨ ਦੇ ਆਖੇ ਲੱਗ ਕੇ ਮੰਜ਼ਿਲ ਦੀਆਂ ਰਾਹਾਂ ਵੰਨੀਂ ਸੇਧਤ ਕਰਨ ਦੀ ਲੋੜ।
ਮੰਜ਼ਿਲ ਪ੍ਰਾਪਤੀ ਲਈ ਸਭ ਤੋਂ ਜਰੂਰੀ ਹੈ, ਮਨ ਦੀ ਅਹਿਮੀਅਤ। ਇਸ ਨੂੰ ਸਮਝ ਕੇ ਹੀ ਮਨ-ਚਾਹੀਆਂ ਮੰਜ਼ਿਲਾਂ ਸਰ ਕਰਨ ਦੇ ਯੋਗ ਹੋ ਸਕਦੇ ਹਾਂ।
ਮਨ ਅਸੀਮ ਅਤੇ ਅਥਾਹ। ਇਸ ਦੀ ਸਮਰੱਥਾ ਤੇ ਤਾਕਤ ਦਾ ਨਹੀਂ ਕੋਈ ਸਾਨੀ। ਇਸ ਦੀ ਪਹਿਲਕਦਮੀ ‘ਚ ਸੁਪਨਦੀਆਂ ਨੇ ਨਵੀਆਂ ਮੰਜ਼ਿਲਾਂ, ਨਵੀਆਂ ਤਰਕੀਬਾਂ ਅਤੇ ਬੁਲੰਦੀਆਂ। ਮਨ ਨੂੰ ਚੌਰਾਹੇ ‘ਚ ਖੜ੍ਹਾ ਰੱਖਣਾ ਜਾਂ ਸਰਘੀ ਵੱਲ ਨੂੰ ਜਾਂਦੀਆਂ ਰਾਹਾਂ ਵੰਨੀਂ ਤੋਰਨਾ, ਇਹ ਮਨੁੱਖ ਦੇ ਆਪਣੇ ਵੱਸ। ਇਸ ਵਿਚੋਂ ਹੀ ਕਿਸੇ ਦੀ ਵਿਲੱਖਣਤਾ ਅਤੇ ਵਚਨਬੱਧਤਾ ਦਾ ਅਹਿਸਾਸ। ਵਿਚਾਰੇ ਬਣ ਕੇ ਕੁਝ ਨਹੀਂ ਮਿਲਦਾ। ਸਗੋਂ ਵਿਚਾਰਗੀ ਨੂੰ ਵੀਰਤਾ, ਵੀਰਾਂਗਣ ਅਤੇ ਬੰਦਗੀ ਬਣਾ ਕੇ ਹੀ ਨਵੀਆਂ ਰਾਹਾਂ ਦੀ ਸਿਰਜਣਾ ਹੋ ਸਕਦੀ।
ਮਨ ਦੀ ਪਕਿਆਈ ਤੇ ਤਕੜਾਈ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਕਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉਨ੍ਹਾਂ ਪਲਾਂ ਨੂੰ ਆਪਣੇ ਜ਼ਿਹਨ ਵਿਚ ਉਤਾਰਨਾ, ਜਦੋਂ ਨਿੱਕੇ ਜਿਹੇ ਮਾਸੂਮਾਂ ਨੇ ਆਪਣੇ ਅਕੀਦੇ ‘ਤੇ ਪਹਿਰਾ ਦਿੰਦਿਆਂ, ਲੋਭ-ਲਾਲਚ ਤਿਆਗ ਕੇ ਸ਼ਹਾਦਤ ਦਾ ਜਾਮ ਪੀਣ ਅਤੇ ਇਤਿਹਾਸ ਨੂੰ ਸੁਨਹਿਰੀ ਰੰਗਤ ਦੇਣ ਵਿਚ ਪਹਿਲਕਦਮੀ ਕਰਕੇ ਸਰਹਿੰਦ ਦੇ ਨਵਾਬ ਨੂੰ ਨਮੋਸ਼ੀ ਤੇ ਜ਼ਿੱਲਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਦਿਤਾ। ਇਸ ਤੋਂ ਪਤਾ ਲੱਗਦਾ ਕਿ ਕਿਵੇਂ ਆਪਣੀ ਸੋਚ, ਸੁਹਿਰਦਤਾ ਅਤੇ ਸਿਦਕਦਿਲੀ ਨਾਲ ਨਵਾਂ ਇਤਿਹਾਸ ਸਿਰਜਿਆ ਜਾ ਸਕਦਾ। ਇਹ ਮਾਨਸਿਕ ਸ਼ਕਤੀ ਉਨ੍ਹਾਂ ਨੂੰ ਆਪਣੇ ਚੌਗਿਰਦੇ ਵਿਚੋਂ, ਦਾਦੀ ਦੀਆਂ ਸੁਣਾਈਆਂ ਬਾਤਾਂ ਨਾਲ ਅਤੇ ਆਪਣੇ ਬਾਪ ਦੀਆਂ ਪਾਈਆਂ ਕੀਰਤੀਆਂ ‘ਚੋਂ ਮਿਲੀ ਸੀ, ਜਿਸ ‘ਤੇ ਪਹਿਰਾ ਦਿੰਦਿਆਂ ਉਨ੍ਹਾਂ ਨੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹੋਣ ਅਤੇ ਸਿੱਖ-ਮਹਿਲ ਦੀਆਂ ਨੀਂਹਾਂ ਨੂੰ ਪਕਿਆਈ ਦੇਣ ਵਿਚ ਪਹਿਲ ਕੀਤੀ। ਦੁੱਖ ਦੀ ਗੱਲ ਹੈ ਕਿ ਸਾਹਿਬਜ਼ਾਦਿਆਂ ਦੀ ਛੂਹ ਮਾਣਨ ਵਾਲੀ ਅਤੇ ਅਜ਼ੀਮ ਸ਼ਹਾਦਤ ਦਾ ਪ੍ਰਤੱਖ ਪ੍ਰਮਾਣ, ਉਹ ਦੀਵਾਰ ਵੀ ਸਾਡੇ ਅਜੋਕੇ ਬਾਬਿਆਂ ਨੇ ਮਲੀਆ-ਮੇਟ ਕਰ ਦਿਤੀ ਤਾਂ ਕਿ ਉਸ ਦੀਵਾਰ ਨੂੰ ਦੇਖ ਨੇ ਆਉਣ ਵਾਲੀਆਂ ਨਸਲਾਂ ਉਨ੍ਹਾਂ ‘ਤੇ ਮਾਣ ਹੀ ਨਾ ਕਰ ਸਕਣ। ਬੱਚਿਆਂ ਦੇ ਦੀਦਿਆਂ ਵਿਚ ਸਰਹਿੰਦ ਦਾ ਸਾਕਾ ਕਿੰਜ ਦ੍ਰਿਸ਼ਟਮਾਨ ਹੋਵੇਗਾ? ਜਗਦੇ ਚਿਰਾਗ ਨੂੰ ਬੁਝਾਉਣ ਵਾਲਿਆਂ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ।
ਮਾਨਸਿਕ ਦਲੇਰੀ ਅਤੇ ਹਿੰਮਤ ਦਾ ਧਿਆਨ ਧਰਨ ਲਈ ਕਦੇ ਚਮਕੌਰ ਵਿਚ ਲੜੀ ਗਈ ਉਸ ਅਸਾਵੀਂ ਜੰਗ ਨੂੰ ਆਪਣੇ ਚੇਤਿਆਂ ਵਿਚ ਜਰੂਰ ਲਿਆਉਣਾ। ਲੱਖਾਂ ਦੀ ਫੌਜ ਸਾਹਵੇਂ ਕੁਝ ਕੁ ਸਿੱਖਾਂ ਨੇ ਦਲੇਰੀ ਅਤੇ ਬਹਾਦਰੀ ਦੀਆਂ ਕਥਾ-ਕਹਾਣੀਆਂ ਸਿਰਜ ਦਿਤੀਆਂ। ਸਾਹਿਬਜ਼ਾਦਿਆਂ ਦੀ ਜੰਗੇ-ਮੈਦਾਨ ਵਿਚ ਸ਼ਹਾਦਤ ਅਤੇ ਗੁਰੂ ਦੇ ਸਿੱਖਾਂ ਦੀ ਸ਼ਹੀਦੀ ਪ੍ਰਾਪਤ ਕਰਨ ਦੀ ਤਤਪਰਤਾ ਨੂੰ ਕਿਵੇਂ ਬਿਆਨ ਕਰੋਗੇ? ਕਿਨ੍ਹਾਂ ਹਰਫਾਂ ਨਾਲ ਉਸ ਜੰਗ ਦਾ ਵਿਖਿਆਨ ਕਰੋਗੇ? ਕਿਹੜੇ ਦੀਦਿਆਂ ਨਾਲ ਉਸ ਦਾ ਚਿਤਰਨ ਕਰੋਗੇ, ਜਦ ਪੰਜ ਸਿੱਖਾਂ ਦਾ ਜਥਾ ਲਲਕਾਰਦਾ ਅਤੇ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਆਪਣੀ ਬਹਾਦਰੀ ਦੀਆਂ ਨਵੀਆਂ ਬੁਲੰਦੀਆਂ ਸਿਰਜਣ ਲਈ ਮਨ ਨੂੰ ਅਜਿਹੇ ਖਿਆਲਾਂ ਨਾਲ ਭਰਦਾ ਹੋਵੇਗਾ ਕਿ ਧਰਮ ਦੀ ਰੱਖਿਆ ਲਈ ਖੁਦ ਦੀ ਕੁਰਬਾਨੀ ਦੇ ਕੀ ਅਰਥ ਨੇ? ਕਦੇ ਗੁਰੂ ਗੋਬਿੰਦ ਸਿੰਘ ਦੀ ਮਾਨਸਿਕ ਦਸ਼ਾ ਅਤੇ ਦਿਸ਼ਾ ਨੂੰ ਆਪਣੀ ਯਾਦ ਵਿਚ ਜਰੂਰ ਲਿਆਇਓ, ਜਦ ਉਹ ਬਿਨ-ਕੱਫਣੇ ਸਿੰਘਾਂ ਅਤੇ ਸਾਹਿਬਜ਼ਾਦਿਆਂ ਨੂੰ ਨਿਹਾਰਦੇ, ਜੰਗ ਦਾ ਮੈਦਾਨ ਚੀਰਦੇ, ਆਪਣੀ ਨਵੀਂ ਮੰਜ਼ਿਲ ਅਤੇ ਮਕਸਦ ਵੰਨੀਂ ਕਦਮ ਉਠਾਉਂਦੇ ਵਾਹਿਗੁਰੂ ਦੇ ਸ਼ੁਕਰਾਨੇ ਵਿਚ ਸੀਸ ਝੁਕਾਉਂਦੇ ਨੇ। ਅਜਿਹੀ ਦਲੇਰੀ, ਮਾਨਸਿਕ ਪਰਵਾਜ਼ ਤੇ ਪੈਗੰਬਰੀ ਸਿਰਫ ਗੁਰੂ ਗੋਬਿੰਦ ਸਿੰਘ ਦੇ ਹੀ ਹਿੱਸੇ ਆਈ। ਇਹ ਲੜਾਈ ਸਿਰਫ ਮਨ ਦੀ ਕਰੜਾਈ, ਮਨ-ਸਮਰਪਣ ਤੇ ਸੁਹਿਰਦਤਾ ਵਿਚੋਂ ਹੀ ਉਪਜੀ। ਇਹ ਤਾਂ ਮਨ ਦੀਆਂ ਲਗਾਮਾਂ ਨੂੰ ਇਕ ਦਿਸ਼ਾ ਅਤੇ ਦਸ਼ਾ ਵੱਲ ਸੇਧਤ ਕਰਨ ਦਾ ਕ੍ਰਿਸ਼ਮਾ। ਇਹ ਜੰਗ ਦੁਨੀਆਂ ਦੀ ਅਜਿਹੀ ਮਿਸਾਲ, ਜਿਸ ਦਾ ਕਿਸ ਨਾਲ ਕਰੋਗੇ ਮੁਕਾਬਲਾ?
ਕਦੇ ਮਨ ਦੀ ਤਾਕਤ ਦਾ ਅੰਦਾਜ਼ਾ ਮਹਾਨ ਜਰਨੈਲ ਹਰੀ ਸਿੰਘ ਨਲੂਏ ਤੋਂ ਲਾਇਓ, ਜਿਸ ਨੇ ਦੱਰਾ ਖੈਬਰ ਵਿਚ ਸਿੱਖਾਂ ਦੇ ਬੋਲ-ਬਾਲੇ ਗੂੰਜਾਏ। ਜੋ ਦੁਨੀਆਂ ਦੇ ਸਭ ਤੋਂ ਉਤਮ ਦਸ ਜਰਨੈਲਾਂ ਵਿਚੋਂ ਸਭ ਤੋਂ ਉਪਰ ਹੈ। ਖੈਬਰ, ਜਿਸ ਨੂੰ ਅਜੇ ਤੀਕ ਵੀ ਅਜਿੱਤ ਹੋਣ ਦਾ ਮਾਣ ਏ। ਸਿਰਫ ਹਰੀ ਸਿੰਘ ਨਲੂਏ ਨੇ ਇਸ ਨੂੰ ਆਪਣੇ ਕਦਮਾਂ ਵਿਚ ਝੁਕਾਇਆ ਸੀ।
ਦੁਨੀਆਂ ਭਰ ਦੇ ਸਮੁੱਚੇ ਬਹਾਦਰਾਂ ਨੇ ਆਪਣੀ ਹੋਂਦ ਤੇ ਹਸਤੀ ਲਈ ਜੰਗਾਂ ਲੜੀਆਂ। ਜਰਵਾਣਿਆਂ ਨੇ ਭੁੱਖ-ਪਿਆਸ ਤੇ ਸੁੱਖ-ਆਰਾਮ ਭੁਲਾ ਕੇ, ਸਰਬੱਤ ਦੇ ਭਲੇ ਨੂੰ ਆਪਣਾ ਧਰਮ ਬਣਾਇਆ। ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਮਨ ਨੇ ਅਜਿਹਾ ਵਿਸ਼ਵਾਸ ਅਤੇ ਧਰਵਾਸ ਅਰਪਿਆ ਕਿ ਉਨ੍ਹਾਂ ਨੇ ਮਨ ਚਾਹੇ ਮਕਸਦ ਦੀ ਪ੍ਰਾਪਤੀ ਤੀਕ ਖੁਦ ਨੂੰ ਬੇਆਰਾਮ ਰੱਖਿਆ ਅਤੇ ਇਸ ਬੇਆਰਾਮੀ ਵਿਚੋਂ ਹੀ ਸਰਬ ਸੁਖਨ ਦੀ ਕਾਮਨਾ ਨੂੰ ਬੂਰ ਪਿਆ।
ਮੰਜ਼ਿਲ ਨੂੰ ਮਾਣ ਬਣਾਓ। ਇਸ ਦੀਆਂ ਕੰਨੀਆਂ ਵਿਚ ਸਮੁੱਚ ਦੀਆਂ ਲੋੜਾਂ-ਥੋੜ੍ਹਾਂ, ਬੱਚਿਆਂ ਦੇ ਸੁਪਨਹੀਣ ਦੀਦਿਆਂ ਲਈ ਸੁਪਨ-ਮਾਲਾ, ਟੁੱਕ ਲੋਚਦੇ ਢਿੱਡਾਂ ਲਈ ਦੋ ਡੰਗ ਦੀ ਰੋਟੀ ਅਤੇ ਅੰਬਰ ਦੀ ਛੱਤ ਹੇਠ ਰਾਤਾਂ ਨੂੰ ਠੁਰ ਠੁਰ ਕਰਨ ਵਾਲਿਆਂ ਲਈ ਸਿਰ ਦੀ ਛੱਤ ਅਤੇ ਨਿੱਘੀ ਰਜਾਈ ਦਾ ਖੁਆਬ ਸੱਚ ਬਣ ਜਾਵੇ, ਤਾਂ ਹੀ ਕਲਮ ਕੂਕਦੀ,
ਮਨ ਜੋਗੀਆ ਵੇ
ਅੰਦਰ ਬੈਠੀ ਸੁੰਨ ਨੂੰ ਕਦੇ ਤਾਂ ਤੂੰ ਸੁਣ
‘ਵਾਵਾਂ ਵਿਚ ਰਮੇ ਹੋਏ, ਹਾਵਿਆਂ ਨੂੰ ਪੁਣ।
ਮਨ ਜੋਗੀਆ ਵੇ
ਮੱਥੇ ਉਤੇ ਤਿਲਕ ਦਾ, ਇਹ ਕੇਹਾ ਗੂੜ੍ਹਾ ਰੰਗ
ਕਿ ਗਲੀਆਂ ਵਿਚ ਵਿਲਕਦੀ, ਸੰਗਦੀ ਸੰਗਦੀ ਵੰਗ।
ਮਨ ਜੋਗੀਆ ਵੇ
ਪਿੰਡੇ ਉਤੇ ਕਾਹਤੋਂ, ਬੈਠਾ ਮਲ ਸੁਆਹ
ਖੁਦ ਨੂੰ ਹੀ ਖੁਦ ਤੋਂ, ਰਿਹਾ ਏਂ ਲੁਕਾਅ।
ਮਨ ਜੋਗੀਆ ਵੇ
ਗਲੀਓ ਗਲੀ ਫਿਰੇਂਦਾ, ਕੇਹੀ ਅਲਖ ਜਗਾਵੇਂ
ਵੱਸਦੇ ਦਰ-ਮੁਹਾਠੀਂ, ਕਿਉਂ ਹੰਝੂ ਧਰਦਾ ਜਾਵੇਂ।
ਮਨ ਜੋਗੀਆ ਵੇ
ਸੁੱਤੀ ਕਾਇਨਾਤ ਵਿਹੜੇ, ਕੇਹੀ ਹਾਕ ਲਗਾਵਂੇ
ਬੁਰੇ ਖਾਬ-ਖਿਆਲ ਤੂੰ, ਮਨ-ਜੂਹੇ ਉਪਜਾਵੇਂ।
ਮਨ ਜੋਗੀਆ ਵੇ
ਖੜ ਕੇ ਜਰਾ ਕੁ ਦੱਸੀਂ, ਤੇਰੀ ਚਿੱਪੀ ਦੇ ਵਿਚ ਕੀ
ਕਾਹਤੋਂ ਆਪਣੀ ਖੈਰ ਮੰਗੇਂਦਾ, ਘਰ ਤੇ ਘਰ ਦਾ ਜੀਅ।
ਮਨ ਜੋਗੀਆ ਵੇ
ਵਿਹੜੀਂ ਵੱਸਦੀ ਸੁੰਨ ਦੀ, ਵੇਦਨਾ ਬਹਿ ਹੰਗਾਲ
ਰੂਹ-ਬਨੇਰਿਓਂ ਰੁੱਸੀਆਂ, ਕਿਰਨਾਂ ਦੀ ਕਰ ਭਾਲ।
ਮਨ ਜੋਗੀਆ ਵੇ
ਅੰਦਰ ਉਤਰ ਕੇ ਰੂਹ ‘ਚ, ਧੂਣੀ ਧਰਮ ਦੀ ਬਾਲ
ਬਗਲੀ ‘ਚੋਂ ਵੰਡ ਨਿੱਘ ਤੂੰ, ਬੀਹੀਂ ਵੱਸੇ ਸਿਆਲ।
ਮਨ ਜੋਗੀਆ ਵੇ
ਤੇਰੇ ਮਸਤਕ ਕੂੜ-ਕੁਸੱਤ, ਤੇ ‘ਨੇਰਿਆਂ ਦਾ ਵਾਸਾ
ਕਥਨੀ ਤੇ ਕਰਨੀ ਵਾਲਾ, ਤੇਰਾ ਨਹੀਓਂ ਖਾਸਾ।
ਮਨ ਜੋਗੀਆ ਵੇ
ਖਾਲੀ ਪੱਲੇ ਬੰਨ ਲੈ, ਇਕ ਚਾਨਣ ਦੀ ਜੋਗ
ਰੂਹ ਅਵਾਰਗੀ ਬਣੇਗਾ, ਪਾਕ-ਸੋਚ ਸੰਯੋਗ।
ਮਨ ਜੋਗੀਆ ਵੇ
ਜੋਗ ਨਹੀਓਂ ਹੁੰਦੀ, ਪਾਉਣਾ ਭਗਵਾਂ ਵੇਸ
ਨਾ ਬਣਾਉਣਾ ਖੁਦ ਨੂੰ, ਬੇਕਦਰਾ ਦਰਵੇਸ਼।
ਮਨ ਜੋਗੀਆ ਵੇ
ਜੋਗ ਨਹੀਂ ਕਦੇ ਕਹਾਂਵਦੀ, ਸਿਰ ਧਰੀਆਂ ਜੜਾਵਾਂ
ਤੇ ਨਾ ਹੀ ਤੇੜ ਲੰਗੋਟੜੀ, ਤੇ ਪੈਰਾਂ ਵਿਚ ਖੜਾਵਾਂ।
ਮਨ ਜੋਗੀਆ ਵੇ
ਨਾਨਕ ਵਾਲੀ ਯੋਗ ਦਾ, ਬਣ ਕੇ ਦੇਖ ਪੈਗਾਮ
ਜੀਵਨ ਸਰਘੀ ਬਣ ਜੁ, ਜਾਪੇ ਢਲਦੀ ਸ਼ਾਮ।
ਮਨ ਜੋਗੀਆ ਵੇ
ਰੂਹ ਦੇ ਵਿਹੜੇ ਜਾ ਕੇ, ਖੁਦ ‘ਚੋਂ ਖੁਦ ਨਿਹਾਰ
ਮਨ ਮੰਮਟੀ ਦਾ ਦੀਵੜਾ, ਚਾਨਣ ਨਾਲ ਸ਼ਿੰਗਾਰ।
ਮਨ ਜੋਗੀਆ ਵੇ
ਮਨ ਮਜ਼ਾਰ ‘ਤੇ ਜਾ ਕੇ, ਦੀਵਾ ਇਕ ਜਗਾ
ਉਹਦੇ ਚਾਨਣ ‘ਚ ਭਾਲੀਂ, ਖੁਦ ਨੂੰ ਜਾਂਦਾ ਰਾਹ।
ਮਨ ਜੋਗੀਆ ਵੇ
ਜੱਗ ਨਾਲੋਂ ਪਹਿਲਾਂ, ਜਿਨ੍ਹਾਂ ਖੁਦ ਨੂੰ ਜਗਾਇਆ
ਉਨ੍ਹਾਂ ਖੁਦ ‘ਚੋਂ ਖੁਦ ਦਾ, ਖੁਦ ਦੀਦਾਰ ਪਾਇਆ।
ਮੰਜ਼ਿਲ, ਮਾਣ-ਮਰਿਆਦਾ, ਮਾਨਤਾ, ਮਰਦਾਨਗੀ ਅਤੇ ਮਿਹਨਤਕਸ਼ ਹੱਥਾਂ ‘ਤੇ ਉਘੜੀ ਮਹਿੰਦੀ ਜਿਹੀ ਹੋਵੇ ਤਾਂ ਇਸ ਦੇ ਨਿਖਾਰ ਵਿਚ ਮਨ ਦੀਆਂ ਆਸਾਂ ਅਤੇ ਉਮੀਦਾਂ ਨੂੰ ਵੀ ਪੂਰਨਤਾ ਦਾ ਅਹਿਸਾਸ। ਤਦ ਕਿਰਨ-ਕਾਫਲਾ, ਮਨ-ਬਰੂਹਾਂ ‘ਚ ਜੋਗੀਆਂ ਵਾਲੀ ਹੇਕ ਲਾਉਂਦਾ, ਜਿਸ ਨਾਲ ਸਰਬ-ਸੁਖਨ ਤੇ ਸਾਂਝੀਵਾਲਤਾ ਫਿਜ਼ਾ ਦਾ ਹਾਸਲ ਬਣਦੀ। ਫਿਰਨੀਆਂ ਵਿਚ ਗੂੰਜਦਾ ਪ੍ਰੇਰਨਾਵਾਂ ਅਤੇ ਪਹਿਲਕਦਮੀਆਂ ਦਾ ਸਬੱਬ, ਜੋ ਲੋਕਾਈ ਦਾ ਦਰਦ ਹਰਦਾ।
ਅਜਿਹੀ ਮੰਜ਼ਿਲ ਦਾ ਖਿਆਲ ਜਦ ਵੀ ਮਨ-ਬਰੂਹਾਂ ਵਿਚ ਫੇਰਾ ਪਾਵੇ ਤਾਂ ਇਸ ਦਾ ਸੁਆਗਤ ਕਰੋ। ਇਸ ਨਾਲ ਕਿਸਮਤ-ਕਿਆਰੀ ਵਿਚ ਖੁਸ਼ੀਆਂ, ਖੇੜਿਆਂ ਅਤੇ ਖੁਆਬਾਂ ਦੀ ਖੇਤੀ ਕਰੋ, ਫੁੱਲਾਂ ਤੇ ਮਹਿਕਾਂ ਭਰੀ ਆਬੋ ਹਵਾ ਸਭ ਲਈ ਸੁਖਨ ਦਾ ਸੰਦੇਸ਼ ਹੋਵੇਗੀ।