ਰਵਿੰਦਰ ਸਹਿਰਾਅ, ਪੈਨਸਿਲਵੇਨੀਆ
ਫੋਨ: 717-575-7529
ਨਿਊ ਯਾਰਕ ਤੋਂ ਦਲਜੀਤ ਮੋਖਾ ਦਾ ਫੋਨ ਆਇਆ। ਸ਼ਾਇਦ ਇਹ 2008 ਦੀਆਂ ਗਰਮੀਆਂ ਸਨ। ਕਹਿੰਦਾ, “ਮੇਰੇ ਕੋਲ ਜਸਵੰਤ ਦੀਦ ਆਇਆ ਹੋਇਆ। ਕੱਲ੍ਹ ਰਾਤੀਂ ਅਸੀਂ ਤੇਰੇ ਕੋਲ ਜੋਨਸਟਾਊਨ ਆ ਰਹੇ ਹਾਂ, ਫਿਰ ਅਗਲੇ ਦਿਨ ਆਪਾਂ ਲੈਨਕੈਸਟਰ (ਪੈਨਸਿਲਵੇਨੀਆ) ਜਾਣਾ ਹੈ, ਆਮਿਸ਼ ਕੰਟਰੀ ਦੇਖਣ। ਆਉਣਾ ਤਾਂ ਸੁਰਿੰਦਰ ਸੋਹਲ ਨੇ ਵੀ ਸੀ ਪਰ ਰੁਝੇਵਿਆਂ ਕਾਰਨ ਆ ਨਹੀਂ ਸਕਣਾ।” ਉਹ ਇਕੋ ਸਾਹੇ ਕਹਿ ਗਿਆ। ਮੈਂ ‘ਸੱਤ ਬਚਨ’ ਆਖ ਫੋਨ ਰੱਖ ਦਿੱਤਾ।
ਅਗਲੇ ਦਿਨ ਅਸੀਂ ਲੈਨਕੈਸਟਰ, ਜੋ ਸਾਡੇ ਤੋਂ 30 ਕੁ ਮੀਲ ਦੂਰ ਹੈ, ਨੂੰ ਚੱਲ ਪਏ। ਦਲਜੀਤ ਮੋਖਾ ਬਹੁਤ ਭਾਵੁਕ ਕਿਸਮ ਦਾ ਸ਼ਾਇਰ ਸੀ। ਸੜਕ ‘ਤੇ ਕੁਝ ਬੱਚੀਆਂ ਜਿਨ੍ਹਾਂ ਦੇ ਸਿਰ ਟੋਪੀਆਂ ਵਰਗੇ ਚਿੱਟੇ ਜਾਲੀਦਾਰ ਕੱਪੜੇ ਨਾਲ ਢੱਕੇ ਹੋਏ ਸਨ, ਸਾਈਕਲ ਚਲਾਉਂਦੀਆਂ ਦਿਸੀਆਂ। ਉਹ ਗੱਡੀ ਵਿਚ ਹੀ ਬੈਠਾ-ਬੈਠਾ ਛਾਲ ਮਾਰ ਕੇ ਉਠਿਆ ਤੇ ਕਹਿਣ ਲੱਗਾ, “ਗੱਡੀ ਰੋਕੋ, ਅਹੁ ਦੇਖੋ ਆਮਿਸ਼ ਬੱਚੀਆਂ ਦੀ ਟੋਲੀ ਆ ਰਹੀ ਹੈ। ਮੈਂ ਉਨ੍ਹਾਂ ਦੀ ਫੋਟੋ ਖਿੱਚਣੀ ਆ।”
ਖੈਰ! ਅਗਲੇ ਸਾਲਾਂ ਵਿਚ ਪੰਜਾਬੀ ਦੇ ਕਿੰਨੇ ਹੀ ਲੇਖਕਾਂ ਨੇ ਆਮਿਸ਼ ਕੰਟਰੀ ਦੇ ਨਿੱਕੇ-ਨਿੱਕੇ ਪਿੰਡਾਂ, ਇੰਟਰਕੋਰਸ, ਪੈਰਾਡਾਈਜ਼, ਬਰਡ ਇਨ ਹੈਂਡ, ਸਟਰਾਸਬਰਗ ਆਦਿ ਵਿਚ ਚੱਕਰ ਲਾਉਣੇ ਹਨ। ਸਤੀਸ਼ ਗੁਲਾਟੀ ਆਪਣੀ ਪਤਨੀ ਨਾਲ ਆਵੇਗਾ। ਪਰਮਿੰਦਰਜੀਤ ਆਪਣੀ ਕਾਵਿਕ ਕਲਪਨਾ ਦੇ ਘੋੜੇ ਦੁੜਾਏਗਾ। ਡਾ. ਜਗਤਾਰ ਦੀਆਂ ਘੋਖਵੀਆਂ ਅੱਖਾਂ ਤਰ੍ਹਾਂ-ਤਰ੍ਹਾਂ ਦੇ ਦ੍ਰਿਸ਼ ਦੇਖਣਗੀਆਂ। ਰਾਣੀ ਨਗੇਂਦਰ, ਤ੍ਰਿਲੋਕਬੀਰ, ਸੁਰਿੰਦਰ ਸੋਹਲ, ਬਲਦੇਵ ਧਾਲੀਵਾਲ, ਓਂਕਾਰਪ੍ਰੀਤ, ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਦਰਸ਼ਨ ਬੁਟਰ ਆਦਿ ਵੀ ਆਉਣਗੇ। ਗੁਰਬਚਨ ਦੀ ਫਿਰਕੀ ਵੀ ਕਈ ਵਾਰ ਘੁੰਮੇਗੀ। ਪ੍ਰੋ. ਹਰਬੰਸ ਸਿੰਘ ਬੁਲੀਨਾ ਵੀ ਆਮਿਸ਼ ਪਿੰਡਾਂ ‘ਚ ਘੁੰਮਦਾ ਵੱਖ-ਵੱਖ ਪੋਜ਼ਾਂ ਵਿਚ ਤਸਵੀਰਾਂ ਖਿਚਵਾਏਗਾ।
ਇਹ ਸਿਲਸਿਲਾ ਤਾਂ ਚੱਲਦਾ ਹੀ ਰਹਿਣਾ। ਚਲੋ ਪਹਿਲਾਂ ਆਪਾਂ ਲੈਨਰੈਸਟਰ, ਪੈਨਸਿਲਵੇਨੀਆ ਦੇ ਪਿਛੋਕੜ ‘ਤੇ ਝਾਤ ਪਾ ਲਈਏ। ਇਸ ਨਾਲ ਆਪਾਂ ਨੂੰ ਆਮਿਸ਼ਾਂ ਬਾਰੇ ਹੋਰ ਦਿਲਚਸਪ ਜਾਣਕਾਰੀ ਵੀ ਮਿਲ ਜਾਏਗੀ।
ਬ੍ਰਿਟਿਸ਼ ਰਾਜ ਸਮੇਂ ਵਿਲੀਅਮ ਪੈਨ ਨਾਂ ਦਾ ਇਕ ਅਮੀਰ ਪਰ ਬਹੁਤ ਹੀ ਲਿਬਰਲ ਖਿਆਲਾਂ ਦਾ ਆਦਮੀ (14 ਅਕਤੂਬਰ 1644-30 ਜੁਲਾਈ 1718) ਲੰਡਨ ਤੋਂ ਅਮਰੀਕਾ ਆਇਆ। ਉਸ ਨੇ ਰਾਜਾ ਚਾਰਲਸ ਤੋਂ ਕੁਝ ਜ਼ਮੀਨ ਖਰੀਦੀ। ਇੰਗਲੈਂਡ ਵਿਚ ਉਸ ਨੇ ਇਕ ਧਾਰਮਿਕ ਸੰਸਥਾ Ḕਸੁਸਾਇਟੀ ਆਫ ਫਰੈਡਜ਼Ḕ ਬਣਾਈ ਹੋਈ ਸੀ। ਦੱਸਦੇ ਨੇ ਕਿ ਉਸ ਸਮੇਂ ਯੂਰਪ ਵਿਚ ਘੱਟ ਗਿਣਤੀ ਧਾਰਮਿਕ ਫਿਰਕਿਆਂ ਨੂੰ ਬੜੀ ਮਾੜੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਉਹ ਧਾਰਮਿਕ ਫਿਰਦੇ ਕੁਏਕਰ ਦਾ ਪੈਰੋਕਾਰ ਸੀ, ਜੋ ਇਸ ਬਹੁਤ ਹੀ ਉਦਾਰ ਦਿਲ ਵਾਲੇ ਲੋਕਾਂ ਦਾ ਸੰਗਠਨ ਸੀ। 1682 ਵਿਚ ਆ ਕੇ ਉਹ ਪੈਨਸਿਲਵੇਨੀਆ ਕਾਲੋਨੀ ਦੀ ਨੀਂਹ ਇਸ ਖਿਆਲ ਨਾਲ ਰੱਖਦਾ ਹੈ, ਉਥੇ ਧਾਰਮਿਕ ਆਜ਼ਾਦੀ ਦੀ ਖੁੱਲ੍ਹ ਹੋਵੇਗੀ। ਚਰਚਾਂ ਦਾ ਪੱਖਪਾਤੀ ਡੰਡਾ ਨਹੀਂ ਪਹੁੰਚੇਗਾ, ਨਹੀਂ ਚੱਲੇਗਾ। ਸਵਿਟਜ਼ਰਲੈਂਡ, ਹੌਲੈਂਡ, ਜਰਮਨੀ ਆਦਿ ਦੇਸ਼ਾਂ, ਜਿਥੇ ਆਮਿਸ਼ਾਂ ਦਾ ਦਮ ਘੁੱਟ ਰਿਹਾ ਸੀ, ਉਹ ਉਨ੍ਹਾਂ ਨੂੰ ਏਥੇ ਆ ਕੇ ਰਹਿਣ ਤੇ ਖੇਤੀ ਕਰਨ ਲਈ ਪ੍ਰੇਰਿਤ ਕਰਦਾ ਹੈ।
ਲੈਨਕੈਸਟਰ, ਪੈਨਸਿਲਵੇਨੀਆ ਦਾ ਅੱਠਵਾਂ ਵੱਡਾ ਸ਼ਹਿਰ ਹੈ, ਜਿਸ ਦੀ ਆਬਾਦੀ ਹੁਣ 60,000 ਦੇ ਕਰੀਬ ਹੈ। ਇਹ ਕਾਊਂਟੀ (ਜਿਲਾ) ਵੀ ਹੈ। ਜਿਲੇ ਦੀ ਵਸੋਂ 6 ਲੱਖ ਦੇ ਕਰੀਬ ਹੈ। ਇਸ ਦੀ ਜ਼ਮੀਨ ਬੜੀ ਪੱਧਰੀ ਅਤੇ ਉਪਜਾਊ ਹੈ। ਅਮਰੀਕਾ ਦਾ ਲੰਮਾ ਦਰਿਆ ਸਸਕੁਏਨਾ ਇਸ ਦੇ ਨਾਲ ਹੀ ਵਗਦਾ ਹੈ; ਕਹਿਣ ਦਾ ਭਾਵ ਹੈ, ਹਾਲੈਂਡ ਅਤੇ ਜਰਮਨੀ ਤੋਂ ਆਏ ਆਮਿਸ਼ਾਂ (ਜਿਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ), ਲਈ ਇਹ ਵਰਦਾਨ ਸੀ। ਉਥੇ ਉਹ ਯੂਰਪੀ ਚਰਚਾਂ ਦੀ ਧੱਕੇਸ਼ਾਹੀ ਤੋਂ ਆਜ਼ਾਦ ਹੋ ਕੇ ਖੁੱਲ੍ਹੀਆਂ ਹਵਾਵਾਂ ਵਿਚ ਸਾਹ ਲੈ ਸਕਦੇ ਸਨ, ਆਪਣੇ ਧਰਮ ਦੀ ਬਿਨਾ ਕਿਸੇ ਰੋਕ-ਟੋਕ ਪੈਰਵੀ ਕਰ ਸਕਦੇ ਸਨ, ਆਪਣੇ ਬੱਚਿਆਂ ਨੂੰ ਆਪਣੀਆਂ ਕਦਰਾਂ-ਕੀਮਤਾਂ ਸਿਖਾ ਸਕਦੇ ਸਨ। ਹੌਲੀ-ਹੌਲੀ ਉਹ ਅਮਰੀਕਾ ਦੀਆਂ ਹੋਰ ਰਿਆਸਤਾਂ ਵਿਚ ਫੈਲਦੇ ਗਏ।
ਦੱਸਦੇ ਹਨ ਕਿ ਲੈਨਕੈਸਟਰ ਦੀ ਨੀਂਹ 1720 ਵਿਚ ਰੱਖੀ ਗਈ ਸੀ। ਅੱਜ ਇਹ ਫਰੈਂਕਲਿਨ ਐਚ. ਮਾਰਸ਼ਲ ਕਾਲਜ, ਮਿਲਰਜ਼ਵਿਲ ਯੂਨੀਵਰਸੀਟੀ ਅਤੇ ਸ਼ਾਪਿੰਗ ਆਊਟਲੈਟਾਂ ਕਾਰਨ ਪ੍ਰਸਿਧੀ ਖੱਟ ਚੁਕਾ ਏ। ਅਮਰੀਕਾ ਦੇ ਤਿੰਨ ਚਾਰ ਵੱਡੇ ਸ਼ਾਪਿੰਗ ਮਾਲਾਂ ਵਿਚੋਂ ਇਕ ‘ਕਿੰਗ ਆਫ ਪਰਸ਼ੀਆ’ ਵੀ ਇਥੋਂ ਕਈ ਘੰਟੇ ਦੀ ਡਰਾਈਵ ‘ਤੇ ਹੈ।
ਆਮਿਸ਼ਾਂ ਦਾ ਪਹਿਲਾ ਪਰਿਵਾਰ 1730 ਵਿਚ ਪੈਨਸਿਲਵੇਨੀਆ ਦੇ ਸ਼ਹਿਰ ਫਿਲਾਡੈਲਫੀਆ ਆਇਆ। ਛੇਤੀ ਹੀ ਉਹ ਲੈਨਕੈਸਟਰ ਵਿਚ ਆ ਕੇ ਜ਼ਮੀਨ ਖਰੀਦ ਕੇ ਰਹਿਣਾ ਸ਼ੁਰੂ ਕਰਦੇ ਹਨ। ਅੱਜ ਕੱਲ੍ਹ ਆਮਿਸ਼ਾਂ ਦੀ ਕੁੱਲ ਆਬਾਦੀ ਤਿੰਨ ਲੱਖ ਦੇ ਕਰੀਬ ਹੈ, ਪਰ ਇਸ ਦਾ ਪੰਦਰਾਂ ਪ੍ਰਤੀਸ਼ਤ ਹਿੱਸਾ (ਕਰੀਬ 20 ਹਜ਼ਾਰ) ਸਿਰਫ ਆਮਿਸ਼ ਕੰਟਰੀ ਲੈਨਕੈਸਟਰ ਵਿਚ ਰਹਿੰਦਾ ਹੈ; ਭਾਵ ਸਭ ਤੋਂ ਸੰਘਣੀ ਤੇ ਇਕੋ ਕਿਲ੍ਹੇ ਵਿਚ ਰਹਿਣ ਵਾਲੇ ਵਖ-ਵਖ ਗਰੁੱਪਾਂ ਦੇ ਆਮਿਸ਼ਾਂ ਦੀ ਵੱਡੀ ਗਿਣਤੀ ਏਥੇ ਹੀ ਰਹਿੰਦੀ ਹੈ। ਵਿਲੀਅਮ ਪੈਨ ਨੇ ਇਸ ਨੂੰ ੍ਹੋਲੇ ਓਣਪeਰਮਿeਨਟ (ਪਵਿੱਤਰ ਤਜਰਬਾ) ਆਖਿਆ ਸੀ, ਇਸ ਪਵਿਤਰ ਜਜ਼ਬੇ ਦਾ ਫਾਇਦਾ ਆਮਿਸ਼ ਪਰਿਵਾਰਾਂ ਨੇ ਉਠਾਇਆ। ਉਨ੍ਹਾਂ ਦੀ ਇਕ ਵੱਖਰੀ ਹੀ ਦੁਨੀਆਂ ਹੈ। ਉਨ੍ਹਾਂ ਬਾਰੇ ਮਸ਼ਹੂਰ ਹੈ ਕਿ ਉਹ ਦੁਨੀਆਂ ਵਿਚ ਰਹਿੰਦੇ ਹਨ, ਪਰ ਦੁਨੀਆਂ ਤੋਂ ਅਲੱਗ ਰਹਿੰਦੇ ਹਨ। ਸਾਦਾ ਪਹਿਨਣਾ, ਖਾਣਾ, ਧਰਮ ਵਿਚ ਵਿਸ਼ਵਾਸ, ਆਪਣੇ ਕਿੱਤੇ ਨੂੰ ਸਮਰਪਿਤ, ਕਿਸੇ ਦਾ ਦਿਲ ਨਾ ਦੁਖਾਉਣਾ, ਮੁਆਫ ਕਰਨਾ, ਫਿਰ ਆਪਣੇ ਕਿੱਤੇ ਵਿਚ ਲੀਨ ਹੋ ਜਾਣਾ ਆਦਿ ਕੁਝ ਸੱਚਾਈਆਂ ਹਨ, ਜੋ ਉਨ੍ਹਾਂ ਦੇ ਜਨਜੀਵਨ ਦਾ ਅੰਗ ਬਣ ਚੁਕੀਆਂ ਹਨ।
ਜਦ ਤੁਸੀਂ ਉਥੋਂ ਦੇ ਪਿੰਡਾਂ ਵਿਚ ਜਾਂਦੇ ਹੋ ਤਾਂ ਅਜੀਬ ਕਿਸਮ ਦੀ ਸਕੂਨ ਵਾਲੀ ਮਿੱਠੀ-ਮਿੱਠੀ ਮਹਿਕ ਤੁਹਾਡੇ ਸਾਹਾਂ ਵਿਚ ਘੁਲਦੀ ਰਹਿੰਦੀ ਹੈ। ਦੂਰ ਤੱਕ ਦਿਸਦੇ ਖੇਤਾਂ ਵਿਚ ਮੱਕੀਆਂ ਅੱਲ੍ਹੜ ਕੁੜੀਆਂ ਵਾਂਗ ਕਰੰਗੜੀ ਪਾਈ ਝੂਮਦੀਆਂ ਹਨ। ਸੋਇਆਬੀਨ ਅਤੇ ਤੰਬਾਕੂ ਦੇ ਹਰੇ ਕਚੂਰ ਸਾਵੇ ਪੱਤਰ ਧਰਤੀ ਨੂੰ ਇੰਜ ਕੱਜ ਰਹੇ ਹੁੰਦੇ ਹਨ, ਜਿਵੇਂ ਕਿਸੇ ਮਜ਼ਾਰ ਉਤੇ ਹਰੀ ਚਾਦਰ ਵਿਛਾਈ ਹੋਵੇ। ਦੁਨੀਆਂ ਤੋਂ ਬੇਖਬਰ ਖੇਤਾਂ ਦੀ ਗੋਡੀ ਤੇ ਸਿੰਜਾਈ ਕਰਦੇ ਲੋਕ ਇਉਂ ਲੱਗਦੇ ਹਨ, ਜਿਵੇਂ ਉਹ ਕੁਦਰਤ ਦੀ ਇਬਾਦਤ ਕਰ ਰਹੇ ਹੋਣ। ਸੜਕਾਂ ਉਤੇ ਬੱਘੀਆਂ ਅਤੇ ਅਰਬੀ ਘੋੜਿਆਂ ਜਿਹੇ ਤੰਦਰੁਸਤ ਘੋੜਿਆਂ ਦੀਆਂ ਖੁਰੀਆਂ ਦੀ ਅਵਾਜ਼ ਅਨੂਠਾ ਜਿਹਾ ਸੰਗੀਤ ਪੈਦਾ ਕਰਦੀ ਹੈ। ਕੁੱਕੜ, ਘੋੜੇ, ਭੇਡਾਂ, ਗਾਈਆਂ, ਬੱਕਰੀਆਂ, ਟਰਕੀਆਂ ਜਦੋਂ ਖੁੱਲ੍ਹੀਆਂ ਚਰਾਂਦਾਂ ਵਿਚ ਛੜੱਪੇ ਮਾਰਦੀਆਂ ਦਿਸਦੀਆਂ ਹਨ ਤਾਂ ਤੁਸੀਂ ਵਿਸਮਾਦ ਦੀ ਅਵਸਥਾ ਵਿਚ ਚਲੇ ਜਾਂਦੇ ਹੋ; ਜਿਵੇਂ ਹਰ ਧਰਮ, ਹਰ ਜਾਤ ਦੇ ਬੱਚੇ ਸ਼ਾਮ ਢਲੀ ‘ਤੇ ਖੇਤਾਂ ਵਿਚ ਗੁੱਲੀ-ਡੰਡਾ, ਖਿੱਦੋ-ਖੂੰਡੀ ਅਤੇ ਕੌਡੀ ਪਾ ਰਹੇ ਹੋਣ।
ਆਮਿਸ਼ ਵੀ ਹੋਰ ਧਰਮਾਂ ਵਾਂਗ ਅਗਾਂਹ ਕਈ ਗਰੁੱਪਾਂ ਵਿਚ ਵੰਡੇ ਗਏ ਹਨ। ਸਮਾਂ ਪੈ ਕੇ ਤੁਹਾਡੀ ਆਸਥਾ ਟੋਟੇ ਟੋਟੇ ਹੋ ਜਾਂਦੀ ਹੈ, ਜਾਂ ਤੁਸੀਂ ਖੁਦ ਕਰ ਲੈਂਦੇ ਹੋ, ਜਾਂ ਸਮੇਂ ਦੀ ਲੋੜ ਹੀ ਇਹੋ ਹੁੰਦੀ ਹੈ। ਇਹ ਅੰਤਾਂ ਦਾ ਸੰਵੇਦਨਸ਼ੀਲ ਮਸਲਾ ਹੈ। ਇਨ੍ਹਾਂ ‘ਚੋਂ ਮੁੱਖ ਹੋਰ ‘ਤੇ ਚਾਰ ਗਰੁੱਪ ਹਨ। ਪਹਿਲਾ- ਪੁਰਾਣੇ ਵਿਚਾਰਾਂ ਵਾਲੇ ਲੋਕ (ੌਲਦeਰ ੌਰਦeਰ); ਦੂਜਾ ਨਵੇਂ ਖਿਆਲਾਂ ਵਾਲੇ (ਂeੱ ੌਰਦeਰ); ਤੀਜੇ ਹਨ ਪੁਰਾਣੀਆਂ ਰਵਾਇਤਾਂ ਨੂੰ ਘੱਟ ਮੰਨਣ ਵਾਲੇ (ਭeਅਚਹੇ Aਮਸਿਹ) ਅਤੇ ਚੌਥੇ ਹਨ, ਜੋ ਨਵੀਂ ਦੁਨੀਆਂ ਮੁਤਾਬਕ ਨਵੀਆਂ ਤਕਨੀਕਾਂ ਵਰਤਦੇ ਹਨ (Aਮਸਿਹ ੰeਨਨੋਨਟਿe)।
ਬੁਨਿਆਦੀ ਤੌਰ ‘ਤੇ ਦੋ ਤਰ੍ਹਾਂ ਦੇ ਆਮਿਸ਼ ਹੀ ਹਨ। ਪਹਿਲੇ ਜੋ ਬਿਜਲੀ, ਟਰੈਕਟਰ, ਕਾਰ ਆਦਿ ਦੀ ਥਾਂ ਮਿੱਟੀ ਦੇ ਤੇਲ, ਘੋੜੇ ਅਤੇ ਘੋੜਾ-ਬੱਘੀ ਦੀ ਵਰਤੋਂ ਕਰਦੇ ਹਨ। ਮੈਨੋਨਾਈਟ ਆਮਿਸ਼ ਆਪਣੀ ਸਹੂਲਤ ਲਈ ਕਾਰਾਂ, ਟਰੈਕਟਰ ਤੇ ਹੋਰ ਤਕਨੀਕਾਂ ਦੀ ਵਰਤੋਂ ਕਰਨ ਲੱਗ ਪਏ ਹਨ। ਉਨ੍ਹਾਂ ਦੇ ਬੱਚੇ ਭਾਵੇਂ ਪੂਰੀ ਤਰ੍ਹਾਂ ਤਾਂ ਨਹੀਂ ਪਰ ਲੱਗਭਗ ਮੁੱਖਧਾਰਾ ਦੇ ਬੱਚਿਆਂ ਵਾਂਗ ਹੀ ਜਿਉਣਾ ਪਸੰਦ ਕਰਦੇ ਹਨ। ਮੈਨੋਨਾਈਟ ਆਮਿਸ਼ਾਂ ਦਾ ਆਗੂ ਜੈਕਬ ਅਮਾਨ ਹੋਇਆ ਹੈ, ਜਿਸ ਨੇ 1693 ਵਿਚ ਸਵਿਟਜ਼ਰਲੈਂਡ ਵਿਚ ਇਸ ਦੀ ਸ਼ੁਰੂਆਤ ਕੀਤੀ। ਇਸ ਦੇ ਰਾਹ ‘ਤੇ ਚੱਲਣ ਵਾਲਿਆਂ ਨੂੰ ਆਮਿਸ਼ ਮੈਨੋਨਾਈਟ ਕਿਹਾ ਜਾਣ ਲੱਗਾ, ਪਰ ਇਨ੍ਹਾਂ ਦੇ ਸਬੰਧ ਇੰਨੇ ਮਾੜੇ ਵੀ ਨਹੀਂ ਰਹੇ। ਆਪਸੀ ਸਾਂਝ ਤੇ ਸਾਂਝੇ ਕੰਮ ਕਰਨੇ, ਇਕ ਦੂਜੇ ਨੂੰ ਹਾਸਾ ਮਖੌਲ ਕਰਨਾ ਇਨ੍ਹਾਂ ਲੋਕਾਂ ਨੇ ਨਹੀਂ ਛੱਡਿਆ, ਜਿਵੇਂ ਅਜ ਧਰਮ ਗੁਰੂਆਂ ਨੇ ਪਾੜੇ ਪਾ ਛੱਡੇ ਹਨ ਤੇ ਲੋਕ ਇਕ-ਦੂਜੇ ਨੂੰ ਦੇਖ ਕੇ ਵੀ ਰਾਜ਼ੀ ਨਹੀਂ। ਇਨ੍ਹਾਂ ਅਖੌਤੀ ਗੁਰੂਆਂ ਨੇ ਧਰਮ ਨੂੰ ਵਪਾਰ ਬਣਾ ਦਿੱਤਾ ਹੈ। ਸਿਆਸਤ ਦੀ ਪੁੱਠ ਚਾੜ੍ਹ ਦਿੱਤੀ ਹੈ। ਵਿਰੋਧੀ ਧਰਮ ਦੇ ਲੋਕਾਂ ਨੂੰ ਵੱਢਣਾ-ਟੁੱਕਣਾ ਆਮ ਗੱਲ ਹੋ ਗਈ ਹੈ ਤੇ ਇਸ ਨੂੰ ਉਹ ਸਵਰਗ ਵਲ ਜਾਣ ਦਾ ਦੁਆਰ ਦੱਸਦੇ ਹਨ। ਅੱਧਿਓਂ ਵੱਧ ਮੁਲਕ ਇਸ ਧਰਮ ਯੁੱਧ ਵਿਚ ਫਸੇ ਹੋਏ ਹਨ। ਇਸ ਚੱਕਰਵਿਊ ‘ਚੋਂ ਨਿਕਲਣ ਦਾ ਰਾਹ ਉਨ੍ਹਾਂ ਕੋਲ ਹੈ ਨਹੀਂ, ਪਰ ਆਮਿਸ਼ਾਂ ਨੇ ਅਜਿਹੀ ਜ਼ਿੱਲਤ ਭਰੀ ਜ਼ਿੰਦਗੀ ਨੂੰ ਆਪਣੇ ਦਰਾਂ ਤੋਂ ਅਜੇ ਕੋਹਾਂ ਦੂਰ ਰੱਖਿਆ ਹੋਇਆ ਹੈ।
ਹਰ ਦੂਜੇ ਐਤਵਾਰ ਉਹ ਚਰਚ ਜਾਂਦੇ ਹਨ। 500 ਤੋਂ 1000 ਬੰਦਿਆਂ ਪਿੱਛੇ ਇਕ ਚਰਚ ਹੈ, ਪਰ ਸਾਰੇ ਇਸ ਦੇ ਮੈਂਬਰ ਨਹੀਂ ਹੁੰਦੇ। ਸਿਰਫ ਉਹੀ ਜਿਨ੍ਹਾਂ ਦਾ ਧਰਮੀਕਰਨ ਹੋ ਚੁਕਾ ਹੁੰਦਾ ਹੈ, ਚਰਚ ਦੇ ਮੈਂਬਰ ਹੁੰਦੇ ਹਨ। ਇਕੱਠੇ ਹੋ ਕੇ ਸਾਂਝਾ ਲੰਚ ਕਰਦੇ ਹਨ। ਫਿਰ ਚਰਚ ਦੀ ਸਰਵਿਸ ਸ਼ੁਰੂ ਹੁੰਦੀ ਹੈ। ਦਰਅਸਲ, ਇਹ ਚਰਚ ਦੀ ਥਾਂ ਹਰ ਵਾਰ ਬਦਲਵੇਂ ਆਮਿਸ਼ ਦੇ ਘਰ ਹੀ ਜੁੜਦੇ ਹਨ ਤਾਂ ਜੋ ਕੋਈ ਵੀ ਇਨ੍ਹਾਂ ਰਸਮਾਂ ਤੋਂ ਵਾਂਝਾ ਨਾ ਰਹਿ ਜਾਵੇ। ਬੱਚੇ ਗੁਆਂਢੀ ਆਮਿਸ਼ ਦੇ ਘਰ ਰਮਸਿੰਗਾ, ਭਾਵ ਮਿਲਦੇ-ਜੁਲਦੇ ਅਤੇ ਖੇਡਾਂ ਖੇਡਦੇ ਹਨ। ਲੈਨਕੈਸਟਰ ਕਾਊਂਟੀ ਵਿਚ ਕਰੀਬ ਦੋ ਸੌ ਚਰਚ ਹਨ। ਹਰ ਚਰਚ ਵਿਚ ਇਕ ਤੋਂ ਵੱਧ ਮਨਿਸਟਰ ਹੁੰਦੇ ਹਨ, ਪਰ ਬਿਸ਼ਪ ਇਕ ਹੀ ਹੁੰਦਾ ਹੈ। ਸਾਰੇ ਚਰਚਾਂ ਦੇ ਬਿਸ਼ਪ ਸਾਲ ਵਿਚ ਘੱਟੋ-ਘੱਟ ਦੋ ਵਾਰ ਮਿਲ ਬਹਿੰਦੇ ਨੇ ਅਤੇ ਵਿਚਾਰ ਚਰਚਾ ਤੋਂ ਪਿੱਛੋਂ ਆਮ ਲੋਕਾਂ ਲਈ ਕਾਇਦਾ-ਕਾਨੂੰਨ ਬਣਾਉਂਦੇ ਹਨ; ਜਿਸ ਤਰ੍ਹਾਂ ਜੋ ਲੋਕ ਕਾਰਾਂ ਦੀ ਵਰਤੋਂ ਨਹੀਂ ਕਰਦੇ, ਉਨ੍ਹਾਂ ਨੂੰ ਐਮਰਜੈਂਸੀ ਵੇਲੇ ਜਾਂ ਹੋਰ ਦੂਰ ਦੁਰੇਡੇ ਕੰਮਾਂ ਲਈ ਕਿਸੇ ਦੂਜੇ ਦੀ ਕਾਰ ਵਿਚ ਬਹਿਣ ਦੀ ਇਜਾਜ਼ਤ ਹੈ। ਹੁਣ ਤਾਂ ਆਮਿਸ਼ ਟੈਕਸੀ ਸਰਵਿਸ ਵੀ ਬਣ ਗਈ ਹੈ। ਵੀਹ ਸਾਲ ਤੋਂ ਬਾਅਦ ਜਦੋਂ ਆਮਿਸ਼ ਦਾ ਧਰਮੀਕਰਨ ਹੋ ਜਾਂਦਾ ਹੈ ਤਾਂ ਉਹ ਹੋਰ ਕਿਸੇ ਧਰਮ ਵਿਚ ਨਹੀਂ ਜਾ ਸਕਦੇ। ਕਿਸੇ ਦੂਜੇ ਧਰਮ ਵਿਚ ਜਾਣ ਦੀ ਸੂਰਤ ਵਿਚ ਉਨ੍ਹਾਂ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਇੰਨੇ ਸਮੇਂ ਅੰਦਰ ਵਾਪਸ ਆ ਜਾਉ, ਨਹੀਂ ਤਾਂ ਆਮਿਸ਼ਾਂ ਵਿਚੋਂ ਛੇਕ ਦਿੱਤਾ ਜਾਂਦਾ ਹੈ, ਜਿਸ ਨੂੰ ਉਹ ੰ੍ਹੂਂਂਓਧ ਕਹਿੰਦੇ ਹਨ। ਜੇ ਕੋਈ ਕੁੜੀ ਮੁੰਡਾ, ਜਿਸ ਨੇ ਬਾਹਰਲੀ ਦੁਨੀਆਂ ਦੇ ਕਿਸੇ ਸ਼ਖਸ ਨਾਲ ਵਿਆਹ ਕੀਤਾ ਹੈ, ਤੇ ਉਹ ਆਪਣੇ ਪਰਿਵਾਰ ਨੂੰ ਮਿਲਣ ਆਉਂਦਾ ਹੈ (ਪਹਿਲੀ ਗੱਲ ਤਾਂ ਉਸ ਨੂੰ ਘਰ ਆਉਣ ਦੀ ਮਨਾਹੀ ਹੁੰਦੀ ਹੈ) ਤਾਂ ਉਸ ਲਈ ਅੱਡ ਟੇਬਲ ਲਾਇਆ ਜਾਂਦਾ ਹੈ, ਭਾਵ ਉਸ ਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਹੁਣ ਪਰਿਵਾਰ ਦਾ ਮੈਂਬਰ ਨਹੀਂ ਹੈ।
ਵਿਆਹਾਂ ਦੀ ਵੀ ਇਨ੍ਹਾਂ ਲੋਕਾਂ ਦੀ ਆਪਣੀ ਹੀ ਕਹਾਣੀ ਹੈ। ਆਪਣੇ ਬੱਚਿਆਂ ਦੇ ਵਿਆਹ ਇਹ ਲੋਕ ਵਿਚੋਲਗਿਰੀ ਰਾਹੀਂ ਨਹੀਂ ਕਰਦੇ, ਪਰ ਬੱਚੇ ਬਾਹਰੀ ਦੁਨੀਆਂ ਵਾਂਗ ਡੇਟਿੰਗ ਵੀ ਨਹੀਂ ਕਰਦੇ। ਚਰਚ ਤੋਂ ਬਾਅਦ ਜਦੋਂ ਜੁਆਨ ਮੁੰਡੇ ਕੁੜੀਆਂ ਗੁਆਂਢ ਵਿਚ ਇਕੱਠੇ ਮਿਲਦੇ ਹਨ ਤਾਂ ਉਥੇ ਹੀ ਫਿਰ ਆਪੋ-ਆਪਣੇ ਸਾਥੀ ਚੁਣ ਲੈਂਦੇ ਹਨ। ਉਂਜ ਇਸ ਦਾ ਸ਼ੱਰੇਆਮ ਐਲਾਨ ਨਹੀਂ ਕਰਦੇ। ਵਿਆਹ ਤੋਂ ਕੁਝ ਮਹੀਨੇ ਪਹਿਲਾਂ ਤਕ ਇਹ ਰਿਸ਼ਤੇ ਲੁਕਾ ਕੇ ਰੱਖਦੇ ਹਨ। ਵਿਆਹ ਅਕਸਰ ਨਵੰਬਰ ਦੇ ਮਹੀਨੇ ਵੀਰਵਾਰ ਨੂੰ ਕੀਤੇ ਜਾਂਦੇ ਹਨ। ਇਨ੍ਹਾਂ ਦਾ ਮੱਤ ਹੈ ਕਿ ਉਦੋਂ ਤਕ ਸਾਰੇ ਲੋਕ ਖੇਤੀਬਾੜੀ ਦੇ ਕੰਮਾਂ ਤੋਂ ਵਿਹਲੇ ਹੋ ਜਾਂਦੇ ਹਨ। ਬੜੇ ਹੀ ਸਾਦਗੀ ਵਾਲੇ ਵਿਆਹ! ਹੋਰ ਇਸਾਈਆਂ ਵਾਂਗ ਕੁੜੀ ਨੂੰ ਬਿਸ਼ਪ ਜਾਂ ਉਸ ਦਾ ਪਿਓ ਲੈ ਕੇ ਨਹੀਂ ਆਉਂਦਾ। ਕੁੜੀ-ਮੁੰਡਾ ਇਕੱਠੇ ਬਰਾਬਰ ਤੁਰ ਕੇ ਆਉਂਦੇ ਹਨ। ਹੋਰਨਾਂ ਵਾਂਗ ਇਨ੍ਹਾਂ ਨੂੰ ਇਕ-ਦੂਜੇ ਨੂੰ ਚੁੰਮਣ ਲਈ ਵੀ ਨਹੀਂ ਕਿਹਾ ਜਾਂਦਾ। ਦੱਸਦੇ ਇਹ ਵੀ ਹਨ ਕਿ ਜੇ ਕੋਈ ਕੁੜੀ ਜਾਂ ਮੁੰਡਾ ਧਰਮੀਕਰਨ ਤੋਂ ਪਹਿਲਾਂ ਕਿਸੇ ਹੋਰ ਧਰਮ ਦੇ ਮੁੰਡੇ-ਕੁੜੀ ਦੇ ਨਾਲ ਵਿਆਹ ਕਰਦਾ ਹੈ ਤਾਂ ਉਸ ਨੂੰ ਇਕ ਸਾਲ ਦਾ ਸਮਾਂ ਦਿੱਤਾ ਜਾਦਾ ਹੈ ਕਿ ਉਹ ਮੁੜ ਉਨ੍ਹਾਂ ਵਿਚ ਸ਼ਾਮਲ ਹੋ ਸਕਦਾ ਹੈ।
ਬਰਥ ਕੰਟਰੋਲ ਵੀ ਇਕ ਕਿਸਮ ਦੀ ਮਨਾਹੀ ਹੀ ਹੈ। ਇਸ ਕਰਕੇ ਔਸਤਨ ਆਮਿਸ਼ ਪਰਿਵਾਰ ਦੇ ਅੱਠ ਤੋਂ ਦਸ ਤਕ ਬੱਚੇ ਹੁੰਦੇ ਹਨ। ਅੰਕੜੇ ਦੱਸਦੇ ਹਨ ਕਿ ਆਮਿਸ਼ਾਂ ਦੀ ਗਿਣਤੀ ਹਰ ਵੀਹ ਸਾਲਾਂ ਬਾਅਦ ਦੁੱਗਣੀ ਹੋ ਜਾਂਦੀ ਹੈ। ਛੋਟੀ ਮੋਟੀ ਬਿਮਾਰੀ ਲਈ ਇਹ ਜੜੀਆਂ-ਬੂਟੀਆਂ ਤੋਂ ਤਿਆਰ ਦਵਾਈਆਂ ਹੀ ਵਰਤਦੇ ਹਨ। ਇਨ੍ਹਾਂ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੁੰਦੀ; ਸੋ ਐਮਰਜੈਂਸੀ ਵੇਲੇ ਜੇ ਹਸਪਤਾਲ ਦਾ ਬਿੱਲ ਵੱਡਾ ਆਉਂਦਾ ਹੈ ਤਾਂ 2000 ਡਾਲਰ ਤਕ ਪਰਿਵਾਰ ਦਿੰਦਾ ਹੈ ਅਤੇ ਉਸ ਤੋਂ ਉਪਰਲਾ ਖਰਚ ਚਰਚ ਕਰਦਾ ਹੈ।
ਕੁਝ ਲੋਕਾਂ ਦਾ ਖਿਆਲ ਹੈ ਕਿ ਆਮਿਸ਼ ਲੋਕ ਟੈਕਸ ਨਹੀਂ ਦਿੰਦੇ, ਪਰ ਇਹ ਠੀਕ ਨਹੀਂ। ਇਹ ਬਾਕਾਇਦਾ ਜਾਇਦਾਦ ਅਤੇ ਆਮਦਨ ਟੈਕਸ ਦਿੰਦੇ ਹਨ, ਪਰ ਸੋਸ਼ਲ ਸਿਕਿਉਰਿਟੀ ਟੈਕਸ ਨਹੀਂ ਦਿੰਦੇ ਕਿਉਂਕਿ ਰਿਟਾਇਰ ਹੋਣ ਪਿਛੋਂ ਇਹ ਪੈਨਸ਼ਨ ਨਹੀਂ ਲੈਂਦੇ। ਬੁਢਾਪੇ ਵਿਚ ਉਨ੍ਹਾਂ ਦੇ ਬੱਚੇ ਦੇਖ-ਭਾਲ ਕਰਦੇ ਹਨ। ਇਨ੍ਹਾਂ ਦੇ ਘਰ ਵੀ ਤਿੰਨ ਪੀੜ੍ਹੀਆਂ ਦੇ ਜੁੜਵੇਂ ਹੁੰਦੇ ਹਨ। ਮਾਪਿਆਂ ਦਾ ਘਰ, ਫਿਰ ਬੱਚਿਆਂ ਦਾ ਘਰ ਤੇ ਨਾਲ ਵਾਲਾ ਬਜੁਰਗਾਂ ਦਾ। ਬਹੁਤੇ ਬਜੁਰਗ ਆਪਣੀ ਜਮ੍ਹਾਂ ਕੀਤੀ ਪੂੰਜੀ ਵਿਚੋਂ ਹੀ ਖਰਚ ਕਰਦੇ ਹਨ, ਕਿਉਂਕਿ ਬਾਹਰੀ ਦੁਨੀਆਂ ਦੇ ਮੁਕਾਬਲੇ ਇਨ੍ਹਾਂ ਦੇ ਖਰਚ ਬਹੁਤ ਸੀਮਤ ਹੁੰਦੇ ਹਨ। ਇਸੇ ਕਰਕੇ ਇਹ ਕਾਫੀ ਬੱਚਤ ਕਰ ਲੈਂਦੇ ਹਨ। ਇਕ ਔਸਤ ਪਰਿਵਾਰ ਦੀ ਆਮਦਨ ਚਾਲੀ ਤੋਂ ਸੱਠ ਹਜ਼ਾਰ ਡਾਲਰ ਸਾਲਾਨਾ ਹੁੰਦੀ ਹੈ। ਇਸੇ ਤਰ੍ਹਾਂ ਇਕ ਪਰਿਵਾਰ ਕੋਲ ਚਾਲੀ ਤੋਂ ਅੱਸੀ ਏਕੜ ਜ਼ਮੀਨ ਅਤੇ ਗਾਵਾਂ, ਘੋੜੇ, ਬੱਕਰੀਆਂ ਆਦਿ ਹੁੰਦੇ ਹਨ। ਇਹ ਗਾਵਾਂ ਦਾ ਦੁੱਧ ਵੇਚਦੇ ਹਨ। ਦੁੱਧ ਦੇ ਟਰੱਕ ਇਨ੍ਹਾਂ ਦੇ ਫਾਰਮ ‘ਤੇ ਆ ਕੇ ਹਰ ਰੋਜ਼ ਦੁੱਧ ਇਕੱਠਾ ਕਰਦੇ ਹਨ। ਇਹ ਹਿਰਨ ਵੀ ਪਾਲਦੇ ਹਨ, ਜਿਨ੍ਹਾਂ ਦੇ ਸਿੰਗ ਕੱਟ ਕੇ ਇਹ ਦਵਾਈ ਕੰਪਨੀਆਂ ਨੂੰ ਵੇਚਦੇ ਹਨ। ਸਿੰਗਾਂ ਦਾ ਪਾਊਡਰ ਕਈ ਦਵਾਈਆਂ ਵਿਚ ਵਰਤ ਹੁੰਦਾ ਹੈ।
ਇਨ੍ਹਾਂ ਦੇ ਪਿੰਡਾਂ ‘ਚੋਂ ਲੰਘਦਿਆਂ ਘਰਾਂ ਦੇ ਪਿਛਵਾੜੇ ਰੱਸੀਆਂ ‘ਤੇ ਟੰਗੇ ਸੁੱਕਣੇ ਪਾਏ ਕੱਪੜੇ ਆਮ ਦੇਖਣ ਨੂੰ ਮਿਲਦੇ ਹਨ। ਇਹ ਇਕ ਵੱਡੇ ਟੱਬ ਵਿਚ ਗਰਮ ਪਾਣੀ ਅਤੇ ਸਾਬਣ ਵਿਚ ਕੱਪੜੇ ਭਿਉਂ ਦਿੰਦੇ ਹਨ, ਫਿਰ ਕੁਝ ਘੰਟਿਆਂ ਮਗਰੋਂ ਉਨ੍ਹਾਂ ਨੂੰ ਝਗਲ ਕੇ ਸਾਫ ਪਾਣੀ ਵਿਚ ਨਿਚੋੜ ਕੇ ਸੁਕਣੇ ਪਾਉਂਦੇ ਹਨ। ਕੱਪੜੇ ਸਿਉਂਦੇ ਵੀ ਖੁਦ ਹਨ। ਮਰਦਾਂ ਜਾਂ ਤ੍ਰੀਮਤਾਂ ਦੇ ਕੱਪੜਿਆਂ ਨੂੰ ਜਿੱਪਰ ਜਾਂ ਬਟਨ ਨਹੀਂ ਲਾਉਂਦੇ। ਇਨ੍ਹਾਂ ਦਾ ਖਿਆਲ ਹੈ ਕਿ ਇਹ ਨਵੀਨ ਦੀ ਨਿਸ਼ਾਨੀ ਹੈ। ਬਟਨਾਂ ਦੀ ਥਾਂ ਇਹ ਬਕਸੂਏ ਅਤੇ ਜਿੱਪਰ ਦੀ ਥਾਂ ਇਹ ਵੈਲਕਰੋ ਵਰਤਦੇ ਹਨ। ਘਰਾਂ ਵਿਚ ਟੀ. ਵੀ. ਅਤੇ ਟੈਲੀਫੋਨ ਨਹੀਂ ਹੁੰਦੇ। ਇਨ੍ਹਾਂ ਦਾ ਮੰਨਣਾ ਹੈ ਕਿ ਟੀ. ਵੀ. ‘ਤੇ ਚਲਦੇ ਸ਼ੋਅ ਅਤੇ ਖਬਰਾਂ ਅਮਨ ਪਸੰਦ ਜ਼ਿੰਦਗੀ ਵਿਚ ਖਲਲ ਪਾਉਂਦੀਆਂ ਹਨ। ਮਰਦ ਆਮ ਤੌਰ ‘ਤੇ ਪੱਕੇ ਰੰਗ ਦੀ ਕਮੀਜ਼ ਤੇ ਪੈਂਟ ਅਤੇ ਸਿਰਾਂ ‘ਤੇ ਕਾਲਾ ਹੈਟ ਪਾਉਂਦੇ ਹਨ। ਇਸੇ ਤਰ੍ਹਾਂ ਔਰਤਾਂ ਘਰ ਸੀਤੀਆਂ ਲੰਮੀਆਂ ਫਰਾਕ-ਨੁਮਾ ਡਰੈਸਾਂ ਅਤੇ ਸਿਰਾਂ ‘ਤੇ ਚਿੱਟੇ ਜਾਲੀਦਾਰ ਕੱਪੜੇ ਦੇ ਸਕਾਰਫ ਪਹਿਨਦੀਆਂ ਹਨ। ਇਨ੍ਹਾਂ ਦੀਆਂ ਡਰੈਸਾਂ ਦੇ ਰੰਗ ਵੀ ਪਲੇਨ ਹੁੰਦੇ ਹਨ ਪਰ ਕੁਝ ਮੈਨੋਨਾਈਟ ਔਰਤਾਂ ਫੁੱਲਾਂ ਵਾਲੀਆਂ ਡਰੈਸਾਂ ਵੀ ਪਾਉਣ ਲੱਗੀਆਂ ਹਨ। ਮਰਦ ਲੰਮੀ ਅਧ-ਕੱਟੀ ਦਾੜ੍ਹੀ ਰੱਖਦੇ ਹਨ ਪਰ ਮੁੱਛਾਂ ਸਫਾ-ਚੱਟ ਹੁੰਦੀਆਂ ਹਨ। ਦੱਸਦੇ ਹਨ ਕਿ ਚਾਰ ਸਦੀਆਂ ਪਹਿਲਾਂ ਸਿਰਫ ਸਿਪਾਹੀ ਹੀ ਲੰਮੀਆਂ-ਲੰਮੀਆਂ ਮੁੱਛਾਂ ਅਤੇ ਕੱਟੀ ਹੋਈ ਦਾੜ੍ਹੀ ਰੱਖਦੇ ਸਨ। ਫੌਜੀ ਧੱਕੇਸ਼ਾਹੀ ਵੀ ਕਰਦੇ ਸਨ। ਸੋ, ਇਨ੍ਹਾਂ ਰੋਸ ਵਜੋਂ ਦਾੜ੍ਹੀ ਵਧਾਉਣੀ ਅਤੇ ਮੁੱਛਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ।
ਮੈਨੋਨਾਈਟ ਆਮਿਸ਼ਾਂ ਨੇ ਹੁਣ ਆਪਣੇ ਛੋਟੇ-ਛੋਟੇ ਕਾਰੋਬਾਰ ਵੀ ਖੋਲ੍ਹ ਲਏ ਹਨ। ਕਿਸੇ ਸਮੇਂ 80 ਫੀਸਦੀ ਲੋਕ ਖੇਤੀ ‘ਤੇ ਨਿਰਭਰ ਹੁੰਦੇ ਸਨ, ਪਰ ਹੁਣ ਇਹ ਗਿਣਤੀ ਕਰੀਬ 20 ਪ੍ਰਤੀਸ਼ਤ ਹੀ ਰਹਿ ਗਈ ਹੈ। ਇਸ ਦਾ ਕਾਰਨ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਨਵੇਂ ਕਾਨੂੰਨ ਵੀ ਦੱਸੇ ਜਾਂਦੇ ਹਨ। ਇਨ੍ਹਾਂ ਦੇ ਬੱਚੇ ਵੀ ਹੁਣ ਕੱਟੜ ਧਾਰਮਿਕ ਬੰਦਿਸ਼ਾਂ ਤੋਂ ਤੰਗ ਆ ਚੁਕੇ ਹਨ। ਹੱਥੀਂ ਬਣਾਇਆ ਫਰਨੀਚਰ, ਰਜ਼ਾਈਆਂ ਅਤੇ ਸਜਾਵਟ ਦੀਆਂ ਹੋਰ ਵਸਤਾਂ ਬਣਾ ਕੇ ਵੇਚਦੇ ਹਨ। ਕੁਝ ਲੋਕਾਂ ਨੇ ਬਾਹਰੋਂ ਆਉਣ ਵਾਲੇ ਸੈਲਾਨੀਆਂ ਲਈ ‘ਬੱਘੀ-ਰਾਈਡ’ ਵੀ ਖੋਲ੍ਹ ਲਈਆਂ ਹਨ। ਇਨ੍ਹਾਂ ਵਿਚ ਹੁਣ ਕਈ ਗੈਰ-ਆਮਿਸ਼ ਲੋਕ ਵੀ ਸ਼ਾਮਲ ਹੋ ਗਏ ਹਨ ਪਰ ਉਹ ਕਦੇ-ਕਦਾਈ ਆਮਿਸ਼ ਜ਼ਰੂਰ ਰਹੇ ਹਨ ਅਤੇ ਇਨ੍ਹਾਂ ਦੀ ਬੋਲੀ ‘ਪੈਨਸਿਲਵੇਨੀਆ ਡੱਚ’ ਤੇ ਇਨ੍ਹਾਂ ਦਾ ਇਤਿਹਾਸ ਜਾਣਦੇ ਹਨ। ਉਹ ਇਕ ਟੂਰ-ਗਾਈਡ ਦਾ ਕੰਮ ਕਰਦੇ ਹਨ।
ਇਕ ਅੰਦਾਜ਼ੇ ਮੁਤਾਬਕ ਹਰ ਸਾਲ ਤੀਹ ਲੱਖ ਸੈਨਾਨੀ ਇਥੇ ਆਉਂਦੇ ਹਨ। ਇਕ ਪੁਰਾਣੇ ਆਮਿਸ਼ ਘਰ ਵਿਚ ‘ਆਮਿਸ਼ ਵਿਲੇਜ’ ਵੀ ਬਣਿਆ ਹੋਇਆ ਹੈ। ਕੋਈ ਪੰਜ ਕੁ ਡਾਲਰ ਦੀ ਟਿਕਟ ਲੈ ਕੇ ਗਾਈਡ ਤੁਹਾਨੂੰ 45 ਕੁ ਮਿੰਟ ਦਾ ਟੂਰ ਦਿੰਦਾ ਹੈ। ਘਰ ਅੰਦਰ ਇਨ੍ਹਾਂ ਦੀ ਹਰ ਤਰ੍ਹਾਂ ਦੀ ਵਰਤੋਂ ਵਾਲੀ ਚੀਜ਼ ਸਾਂਭੀ ਹੋਈ ਹੈ। ਘਰ ਦੇ ਪਿਛਵਾੜੇ ਵਿਚ ਫੁੱਲ-ਬੂਟੇ, ਬੱਕਰੀਆਂ, ਘੋੜੇ, ਮੋਰ, ਸੂਰ, ਕੁੱਕੜ ਆਦਿ ਵੀ ਪਾਲੇ ਹੋਏ ਹਨ। ਪੁਰਾਣੇ ਹਲ-ਪੰਜਾਲੀਆਂ, ਅਹਿਰਨਾਂ ਤੇ ਖੇਤੀਬਾੜੀ ਦੇ ਹੋਰ ਸੰਦ ਵੀ ਰੱਖੇ ਮਿਲਦੇ ਹਨ।
ਇਨ੍ਹਾਂ ਦੇ ਸਕੂਲਾਂ ਨੂੰ ਇਕ ਕਮਰਾ ਸਕੂਲ ਕਿਹਾ ਜਾਂਦਾ ਹੈ, ਜਿਥੇ ਕੋਈ 30-35 ਤਕ ਬੱਚਿਆਂ ਦੇ ਬੈਠਣ ਦਾ ਪ੍ਰਬੰਧ ਡੈਸਕ ਲਾ ਕੇ ਕੀਤਾ ਜਾਂਦਾ ਹੈ। ਪਹਿਲੀ ਤੋਂ ਅੱਠਵੀਂ ਤੱਕ ਦੀ ਪੜ੍ਹਾਈ ਹੁੰਦੀ ਹੈ। ਉਮਰ 6 ਤੋਂ 14 ਸਾਲ ਦੀ ਹੈ। ਮੁੰਡੇ-ਕੁੜੀਆਂ ਇਕੱਠੇ ਪੜ੍ਹਦੇ ਹਨ। ਛੋਟੇ ਬੱਚਿਆਂ ਨੂੰ ਮੋਹਰਲੀਆਂ ਕਤਾਰਾਂ ਵਿਚ ਬਿਠਾਇਆ ਜਾਂਦਾ ਹੈ। ਇਕੋ-ਇਕ ਅਧਿਆਪਕ ਆਮਿਸ਼ ਲੜਕੀ ਹੁੰਦੀ ਹੈ। ਵੱਡੇ ਬੱਚੇ ਛੋਟਿਆਂ ਨੂੰ ਪੜ੍ਹਨ ਲਿਖਣ ਵਿਚ ਮਦਦ ਕਰਦੇ ਹਨ, ਪਰ ਇਥੇ ਸਾਇੰਸ ਨਹੀਂ ਪੜ੍ਹਾਈ ਜਾਂਦੀ। ਇਹ ਇਨ੍ਹਾਂ ਦੇ ਧਰਮ ਦੇ ਖਿਲਾਫ ਹੈ। ਸਰਕਾਰ ਦੇ ਨਿਯਮਾਂ ਅਨੁਸਾਰ ਪੜ੍ਹਾਈ ਸੌਲਾਂ ਸਾਲ ਤੱਕ ਜ਼ਰੂਰੀ ਹੈ, ਭਾਵ ਹਾਈ ਸਕੂਲ ਤੱਕ। ਸੋ, ਇਨ੍ਹਾਂ ਨੇ ਸਰਕਾਰ ਨਾਲ ਸਮਝੌਤਾ ਕੀਤਾ ਹੋਇਆ ਹੈ। ਚੌਦਾਂ ਸਾਲ ਪਿਛੋਂ ਬੱਚੇ ਸਿਰਫ ਇਕ ਐਤਵਾਰ ਸਕੂਲ ਲਾਉਂਦੇ ਹਨ ਅਤੇ ਬਾਕੀ ਦਿਨ ਘਰੋਂ ਡਾਇਰੀ ਤਿਆਰ ਕਰਦੇ ਹਨ, ਜੋ ਸਰਕਾਰੀ ਨੁਮਾਇੰਦੇ ਦੀ ਹਾਜ਼ਰੀ ਵਿਚ ਪ੍ਰਵਾਨ ਕੀਤੀ ਜਾਂਦੀ ਹੈ।
3 ਅਕਤੂਬਰ 2006 ਨੂੰ ਇਕ ਬੜੀ ਹੀ ਦੁਖਾਂਤਕ ਘਟਨਾ ਵਾਪਰੀ। ਅਮਨ ਦੇ ਇਨ੍ਹਾਂ ਆਸ਼ਿਕਾਂ ਦੇ ਸਿਰ ‘ਤੇ ਅਸਮਾਨੀ ਬਿਜਲੀ ਵਾਂਗ ਕਹਿਰ ਟੁੱਟਿਆ। ਅਸੀਂ ਵੀ ਉਨ੍ਹੀਂ ਦਿਨੀਂ ਕੰਮਕਾਰ ਲਈ ਲੈਨਕੈਸਟਰ ਹੀ ਸਾਂ। ਸੜਕਾਂ ‘ਤੇ ਪੁਲਿਸ ਦੀਆਂ ਕਾਰਾਂ ਤੇ ਐਂਬੂਲੈਂਸਾਂ ਦੇ ਸਾਇਰਨ ਲਗਾਤਾਰ ਵਜਣ ਲੱਗੇ। ਲੋਕਲ ਅਤੇ ਨੈਸ਼ਨਲ ਮੀਡੀਆ ਦੀਆਂ ਗੱਡੀਆਂ ਕੋਈ ਵੱਡੀ ਖਬਰ ਫਰੋਲਣ ਲਈ ਤਰਲੋਮੱਛੀ ਹੋ ਰਹੀਆਂ ਸਨ। ਖੇਤਾਂ ਵਿਚ ਚੁਗਦੇ ਜਾਨਵਰ ਅੜਿੰਗੇ। ਕੁੱਕੜ ਦਿਨ ਦਿਹਾੜੇ ਬਾਗਾਂ ਦੇਣ ਲੱਗੇ। ਇਕ ਆਮਿਸ਼ ਸਕੂਲ ਦਾ ਆਲਾ-ਦੁਆਲਾ ਲੋਕਲ ਅਤੇ ਸਟੇਟ ਪੁਲਿਸ ਨੇ ਸੀਲ ਕਰ ਦਿੱਤਾ। ਖਬਰ ਸਾਨੂੰ ਇਕ ਸਟੇਟ ਟਰੁਪ ਨੇ ਦਿੱਤੀ, ਪਰ ਵਿਸਥਾਰ ਉਸ ਕੋਲ ਵੀ ਨਹੀਂ। ਉਸ ਨੇ ਪਾਣੀ ਦੀ ਬੋਤਲ ਖਰੀਦੀ ਅਤੇ ਚਲਾ ਗਿਆ। ਹੋਰ ਲੋਕਾਂ ਵਾਂਗ ਅਸੀਂ ਵੀ ਗੁੰਮ-ਸੁੰਮ ਸਾਂ।
ਸ਼ਾਮ ਤਾਈਂ ਪਤਾ ਲੱਗਾ ਕਿ 32 ਸਾਲਾ ਚਾਰਲਸ ਕਾਰਲ ਰੋਬਰਟਸ ਚੌਥੇ ਨੇ ਆਮਿਸ਼ ਕੰਟਰੀ ਦੇ ਨਿੱਕਲਜ਼ ਮਾਈਨਜ਼ ਸਕੂਲ ਵਿਚ ਗੋਲੀ ਚਲਾ ਕੇ ਫਿਰ ਖੁਦਕੁਸ਼ੀ ਕਰ ਲਈ। ਨੈਸ਼ਨਲ ਮੀਡੀਆ ਦੇ ਰਿਪੋਰਟਰ ਅੰਦਰ ਤੱਕ ਜਾਣ ਲਈ ਹਰ ਹਰਬਾ ਵਰਤ ਰਹੇ ਸਨ, ਪਰ ਆਮਿਸ਼ਾਂ ਦੀ ਧਾਰਮਿਕ ਆਸਥਾ ਕਰਕੇ ਉਨ੍ਹਾਂ ਨੂੰ ਦੂਰ, ਇਕ ਵਿੱਥ ‘ਤੇ ਹੀ ਰੋਕਿਆ ਹੋਇਆ ਸੀ। ਇਕ ਨਾਮੀ ਟੀ. ਵੀ. ਦੀ ਪੱਤਰਕਾਰ ਨੇ ਤਾਂ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ, ਪਰ ਆਮਿਸ਼ਾਂ ਨੇ ਠੁਕਰਾ ਦਿੱਤੀ।
ਦੱਸਦੇ ਨੇ ਕਿ ਚਾਰਲਸ ਕਈ ਦਿਨਾਂ ਤੋਂ ਇਸ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ। ਉਹ ਖੁਦ ਬਾਲ ਬੱਚਿਆਂ ਵਾਲਾ ਸੀ। ਉਸ ਨੇ ਆਪਣੀ ਪਤਨੀ ਤੋਂ ਵੀ ਸਭ ਕੁਝ ਲੁਕਾ ਕੇ ਰੱਖਿਆ। ਘਟਨਾ ਵਾਲੇ ਦਿਨ ਉਹ ਆਪਣਾ ਟਰੱਕ ਲੈ ਕੇ ਸਕੂਲ ‘ਚ ਦਾਖਲ ਹੋਇਆ। ਉਸ ਨੇ ਵੱਡੇ ਡੱਫਲ ਬੇਗ ਵਿਚ ਹਥਿਆਰ ਅਤੇ ਬਰੂਦ ਲੁਕੋਇਆ ਹੋਇਆ ਸੀ। ਬੈਗ ਲੈ ਕੇ ਉਹ ਅੰਦਰ ਗਿਆ ਅਤੇ ਬੱਚਿਆਂ ਨੂੰ ਬਾਹਰ ਜਾਣ ਦਾ ਹੁਕਮ ਦੇ ਕੇ ਦਸ ਕੁੜੀਆਂ ਨੂੰ ਬੰਦੀ ਬਣਾ ਲਿਆ, ਜਿਨ੍ਹਾਂ ਦੀ ਉਮਰ ਛੇ ਤੋਂ ਤੇਰਾਂ ਸਾਲ ਤੱਕ ਸੀ। ਉਸ ਦੇ ਇਸ ਹਮਲੇ ਵਿਚ ਇਨ੍ਹਾਂ ਕੁੜੀਆਂ ਵਿਚੋਂ ਪੰਜ ਥਾਂਏਂ ਮਰ ਗਈਆਂ ਅਤੇ ਪੰਜ ਗੰਭੀਰ ਜ਼ਖਮੀ ਹੋ ਗਈਆਂ। ਪੁਲਿਸ ਹੈਲੀਕਾਪਟਰ ਰਾਹੀਂ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਈ। ਅਮਨ ਦੀਆਂ ਘੁੱਗੀਆਂ ਵਰਗੀਆਂ ਕੁਰਲਾਉਂਦੀਆਂ ਕੁੜੀਆਂ ਪਲਾਂ ਵਿਚ ਹੀ ਦਮ ਤੋੜ ਗਈਆਂ।
ਅਮਨ-ਅਮਾਨ ਨਾਲ ਰਹਿੰਦੇ ਲੋਕਾਂ ਦੀ ਧਰਤੀ ਲਹੂ-ਲੁਹਾਣ ਹੋ ਗਈ। ਲੋਕਾਂ ਦੇ ਘਰਾਂ ‘ਚੋਂ ਦੁੱਧ ਇਕੱਠਾ ਕਰਨਾ ਵਾਲਾ ਇਹ ਮਿਲਕ ਟਰੱਕ ਡਰਾਈਵਰ ਸਕੂਲ ਦੇ ਕਮਰੇ ਨੂੰ ਲਹੂ ਦੇ ਛੱਪੜ ਵਿਚ ਬਦਲ ਦਿੰਦਾ ਹੈ। ਉਹ ਪੂਰੀ ਤਿਆਰੀ ਵਿਚ ਆਇਆ ਸੀ। ਦਸਾਂ ਕੁੜੀਆਂ ਨੂੰ ਚਾਕ ਬੋਰਡ ਲਾਗੇ ਖੜ੍ਹਾ ਕੀਤਾ ਤੇ ਸਕੂਲ ਡੋਰ ਨੂੰ ਪਲਾਈਵੁੱਡ ਨਾਲ ਬੰਦ ਕੀਤਾ। ਇਕ ਗਰਭਵਤੀ ਔਰਤ ਅਤੇ ਉਸ ਦੇ ਦੋ ਨਿੱਕੇ ਬੱਚਿਆਂ ਨੂੰ ਨਿਕਲ ਜਾਣ ਲਈ ਕਿਹਾ। ਇਹ ਕੋਈ ਸਵੇਰੇ ਨੌਂ ਵੱਜ ਕੇ ਪੰਜਾਹ ਮਿੰਟ ਦੀ ਗੱਲ ਹੈ। ਬਾਹਰ ਨਿਕਲੇ ਲੋਕ ਪੁਲਿਸ ਨੂੰ ਫੋਨ ਕਰਨ ਲੱਗੇ। ਦਸ ਵਜ ਕੇ ਤੀਹ ਮਿੰਟ ‘ਤੇ ਪੁਲਿਸ ਪਹੁੰਚ ਗਈ। ਉਹ ਸਪੀਕਰ ਰਾਹੀਂ ਉਸ ਨਾਲ ਗੱਲਬਾਤ ਕਰਦੇ, ਪਰ ਇਸ ਤੋਂ ਪਹਿਲਾਂ ਹੀ ਇਹ ਦੁਖਾਂਤ ਵਾਪਰ ਚੁਕਾ ਸੀ। ਆਪਣੇ ਖੁਦਕੁਸ਼ੀ ਨੋਟ ਵਿਚ ਉਸ ਨੇ ਲਿਖਿਆ, “ਉਹ ਰੱਬ ਨਾਲ ਨਾਰਾਜ਼ ਹੈ, ਕਿਉਂਕਿ ਉਸ ਨੇ ਉਸ ਦੀ ਨਾਬਾਲਗ ਕੁੜੀ ਉਸ ਕੋਲੋਂ ਖੋਹ ਲਈ ਸੀ।”
ਬਾਅਦ ਦੀ ਛਾਣਬੀਣ ਤੋਂ ਪਤਾ ਲੱਗਾ ਕਿ ਉਹ ਬਾਰਾਂ ਸਾਲ ਦੀ ਉਮਰ ਵਿਚ ਰਿਸ਼ਤੇਦਾਰਾਂ ਦੀਆਂ ਦੋ ਕੁੜੀਆਂ ਨਾਲ ਬਦਫੈਲੀ ਕਰ ਚੁਕਾ ਸੀ ਅਤੇ ਹੁਣ ਵੀ ਉਨ੍ਹਾਂ ਨੂੰ ਸੁਪਨੇ ‘ਚ ਅਜਿਹਾ ਕਰਨ ਲਈ ਉਕਸਾਉਂਦਾ ਸੀ। ਉਸ ਕੋਲੋਂ ਮਿਲੇ ਹੋਰ ਸਮਾਨ ਤੋਂ ਵੀ ਪਤਾ ਲੱਗਾ ਕਿ ਉਸ ਦਿਨ ਵੀ ਅਜਿਹਾ ਕਰਨਾ ਚਾਹੁੰਦਾ ਸੀ।
12 ਅਕਤੂਬਰ 2006 ਨੂੰ ਉਸ ਸਕੂਲ ਨੂੰ ਮਲਬੇ ਵਿਚ ਬਦਲ ਦਿੱਤਾ ਗਿਆ। ਉਹ ਨਹੀਂ ਚਾਹੁੰਦੇ ਸਨ ਕਿ ਉਹ ਥਾਂ ਉਨ੍ਹਾਂ ਨੂੰ ਮੁੜ-ਮੁੜ ਚੇਤੇ ਆਵੇ। ਜਹਾਨੋਂ ਤੁਰ ਗਈਆਂ ਬੱਚੀਆਂ- ਨੇਓਮੀ (7 ਸਾਲ), ਐਨਾ (13), ਮੈਰੀਅਨ (12), ਲੀਨਾ (7), ਮੈਰੀ (8) ਸਨ। ਜ਼ਖਮੀਆਂ ਵਿਚ ਰੋਜ਼ੈਨਾ (6), ਰੇਚਲ (8), ਬਾਰਬੀ (10), ਸਾਰਾਹ (12) ਅਤੇ ਐਸਥਰ ਕਿੰਗ (13) ਸ਼ਾਮਲ ਸਨ।
ਬੱਚਿਆਂ ਲਈ ਥੋੜ੍ਹਾ ਹਟਵਾਂ ਨਵਾਂ ਸਕੂਲ ਬਣਾ ਦਿੱਤਾ ਗਿਆ। ਆਮਿਸ਼ ਲੋਕਾਂ ਦੇ ਮੁਖੀਆਂ ਨੇ ਕਾਤਲ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟਾਈ। ਉਸ ਦੀ ਪਤਨੀ ਨੂੰ ਜਦ ਉਹ ਕਹਿੰਦੇ ਹਨ ਕਿ “ਅਸੀਂ ਤੇਰੇ ਦੁੱਖ ਵਿਚ ਸ਼ਰੀਕ ਹਾਂ” ਤਾਂ ਉਹ ਹੈਰਾਨ ਹੋਈ ਉਨ੍ਹਾਂ ਵੱਲ ਦੇਖਦੀ ਹੈ। ਉਹ ਕਹਿੰਦੇ ਹਨ, “ਸਾਡੇ ਵਾਂਗ ਤੂੰ ਵੀ ਤਾਂ ਆਪਣਾ ਪਤੀ ਗੁਆ ਲਿਆ ਹੈ। ਤੇਰੇ ਬੱਚਿਆਂ ਨੇ ਆਪਣਾ ਬਾਪ ਗੁਆ ਲਿਆ ਹੈ।” ਉਹ ਧਾਹਾਂ ਮਾਰਦੀ ਹੈ। ਅਮਨ ਪਸੰਦ ਆਮਿਸ਼ਾਂ ਦੇ ਗਲ ਲੱਗ ਡੁਸਕਦੀ ਹੈ। ਪਿਛੋਂ ਇਸ ਘਟਨਾ ਨੂੰ ਆਧਾਰ ਬਣਾ ਕੇ ਕਈ ਫਿਲਮਾਂ ਬਣਾਈਆਂ ਗਈਆਂ।