ਅਮਰੀਕਾ ਵੱਸਦੀ ਲੇਖਿਕਾ ਦਵਿੰਦਰ ਕੌਰ ਗੁਰਾਇਆ ਦੀ ਕਹਾਣੀ ‘ਆਪਣੇ ਪਲ’ ਰੁਟੀਨ ਵਿਚ ਬੱਝੇ ਮਨੁੱਖੀ ਮਨ ਅੰਦਰ ਉਠਦੀਆਂ ਉਡਾਰੀਆਂ ਦੀ ਬਾਤ ਪਾਉਂਦੀ ਹੈ। ਇਹ ਅਸਲ ਵਿਚ ਆਪਣੇ ਨਾਲ ਸਾਂਝੇ ਕੀਤੇ ਆਪਣੇ ਪਲਾਂ ਦੀ ਦਾਸਤਾਨ ਹੈ, ਜਿਨ੍ਹਾਂ ਵਲ ਅੰਤਾਂ ਦੇ ਰੁਝੇ ਮਨੁੱਖ ਦਾ ਕਦੀ ਧਿਆਨ ਹੀ ਨਹੀਂ ਜਾਂਦਾ। ਇਹ ਉਹ ਪਲ ਹੁੰਦੇ ਹਨ, ਜਿਥੇ ਦਿਲ ਆਪਣੀ ਮਰਜ਼ੀ ਕਰਦਾ ਹੈ ਅਤੇ ਆਪਣੇ ਆਪ ਤੋਂ ਬਗਾਵਤ ਲਈ ਰਾਹ ਖੋਲ੍ਹਦਾ ਹੈ।
-ਸੰਪਾਦਕ
ਦਵਿੰਦਰ ਕੌਰ ਗੁਰਾਇਆ
ਸਵੇਰੇ ਪੰਜ ਵਜੇ ਦਾ ਅਲਾਰਮ ਲਾ ਕੇ ਸੁੱਤੀ ਸਾਂ, ਵੱਜਿਆ ਤਾਂ ਹੱਥ ਮਾਰ ਕੇ ਬੰਦ ਕਰ ਦਿੱਤਾ। ਅੱਜ ਕੰਮ ‘ਤੇ ਜਾਣ ਨੂੰ ਦਿਲ ਨਹੀਂ ਸੀ ਕਰਦਾ। ਸੋਚਿਆ, ਚਲੋ ਕਾਲਆਊਟ ਕਰ ਦਿੰਦੀ ਹਾਂ। ਫੋਨ ਕਰਕੇ ਆਖ ਦਿੱਤਾ ਕਿ ਬਿਮਾਰ ਹਾਂ (ਆਈ ਐਮ ਸਿੱਕ)। ਲਾਗੇ ਪਿਆ ਪਤੀ ਉਸਲਵੱਟੇ ਲੈ ਰਿਹਾ ਸੀ। ਉਸ ਨੇ ਹੌਲੀ ਜਿਹੀ ਕੁਝ ਕਿਹਾ, ਚੰਗੀ ਤਰ੍ਹਾਂ ਸਮਝ ਨਹੀਂ ਆਇਆ ਪਰ ਜ਼ਰੂਰ ਕਿਹਾ ਹੋਵੇਗਾ, “ਅੱਧੀ ਰਾਤ ਤੱਕ ਟੀ. ਵੀ. ਦੇਖਦੀ ਰਹਿੰਦੀ ਏਂ, ਸਵੇਰੇ ਉਠਿਆ ਨਹੀਂ ਜਾਂਦਾ ਤਾਂ ਬਿਮਾਰ ਆਂ।”
ਫਿਰ ਉਹ ਬਾਥਰੂਮ ਚਲਾ ਗਿਆ। ਮੈਂ ਘੇਸ ਮਾਰ ਕੇ ਪਈ ਰਹੀ। ਉਠ ਪੈਂਦੀ ਤਾਂ ਸੁਣਨਾ ਪੈਂਦਾ, “ਨੌਕਰੀਆਂ ਐਵੇਂ ਨਹੀਂ ਮਿਲ ਜਾਂਦੀਆਂ। ਮੇਰਾ ਕੰਮ ਵੀ ਮੰਦਾ ਚੱਲ ਰਿਹੈ।” ਜਦੋਂ ਉਹ ਤਿਆਰ ਹੋ ਰਿਹਾ ਸੀ, ਮੈਂ ਬਿਮਾਰਾਂ ਵਾਂਗ ਹੂੰਅ-ਹੂੰਅ ਕਰ ਰਹੀ ਸਾਂ। ਸੋਚ ਰਹੀ ਸਾਂ, ਸ਼ਾਇਦ ਚਾਹ ਬਣਾ ਕੇ ਦੇ ਜਾਵੇ ਤੇ ਆਖੇ, “ਕੁਝ ਖਾ ਕੇ ਦੁਆਈ ਲੈ ਲਈਂ।” ਪਰ ਉਹ ਕੁਝ ਨਾ ਬੋਲਿਆ, ਫਿਰ ਪੌੜੀਆਂ ਉਤਰਦੇ ਨੂੰ ਮੈਂ ਹੀ ਆਖ ਦਿੱਤਾ ਕਿ ਮੇਰਾ ਪੈਕ ਕੀਤਾ ਲੰਚ ਲੈ ਜਾਵੇ।
ਜਦੋਂ ਬਾਹਰ ਦਾ ਦਰਵਾਜਾ ਖੁੱਲ੍ਹ ਕੇ ਬੰਦ ਹੋਇਆ, ਮੈਂ ਲੰਮਾ ਸਾਹ ਲੈ ਕੇ ਨਿਡਰ ਹੋ ਕੇ ਪੈ ਗਈ। ਕਿੰਨਾ ਸੁਖ ਹੈ। ਕਿਸੇ ਦੀ ਚਾਹ ਰੋਟੀ ਦਾ ਕੋਈ ਰੌਲਾ ਨਹੀਂ। ਸਭ ਆਪਣਾ ਕੰਮ ਆਪ ਹੀ ਕਰ ਲੈਂਦੇ ਨੇ। ਫਿਰ ਰੌਲੇ ਤੋਂ ਯਾਦ ਆਇਆ, ਇਸੇ ਵੇਲੇ ਤਾਂ ਹਵੇਲੀ ‘ਚੋਂ ਬਲਦਾਂ ਦੀਆਂ ਟੱਲੀਆਂ ਦੀ ਅਵਾਜ਼ ਆਉਂਦੀ ਹੁੰਦੀ ਸੀ। ਕੋਈ ਹੰਢਾਲੀ ਕਰਦਾ, ਕੋਈ ਚਾਹ ਬਣਾਉਂਦਾ ਅਤੇ ਕੋਈ ਵਾਹਿਗੁਰੂ-ਵਾਹਿਗੁਰੂ ਕਰਦਾ ਗੁਰੂਆਂ ਦੀ ਤਸਵੀਰ ਅੱਗੇ ਹੱਥ ਜੋੜ ਕੇ ਅਰਦਾਸ ਕਰਦਾ।
ਫੋਨ ‘ਤੇ ਕੋਈ ਮੈਸੇਜ ਆਇਆ, ਦੇਖਿਆ, ਇੰਡੀਆ ਤੋਂ ਕਿਸੇ ਨੇ ਪਾਰਟੀ ਦੀ ਵੀਡੀਓ ਪਾਈ ਸੀ। ਪਤਾ ਨਹੀਂ ਲੋਕਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਰਿਹਾ। ਗਹਿਣੇ ਤੇ ਸੂਟ ਪਾ-ਪਾ ਕੇ ਸ਼ੋਅ ਕਰਦੇ ਰਹਿੰਦੇ ਨੇ। ਮਾਂ ਵੀ ਦੱਸਦੀ ਸੀ, ਰਹਿ ਕੇ ਜੁ ਆਈ ਹੈ ਦੋ ਮਹੀਨੇ। ਆਖਦੀ ਸੀ, ਇੰਡੀਆ ਵੀ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਕੋਈ ਜਿੰਨਾ ਮਰਜ਼ੀ ਵਧੀਆ ਕੱਪੜਾ ਪਾ ਲਵੇ, ਕੋਈ ਪ੍ਰਵਾਹ ਨਹੀਂ ਕਰਦਾ। ਪਹਿਲਾਂ ਤਾਂ ਹੱਥ ਲਾ-ਲਾ ਦੇਖਦੇ ਹੁੰਦੇ ਸੀ!
ਮਾਂ ਅੱਜ ਅਮਰੀਕਾ ਦੀ ਜ਼ਿੰਦਗੀ ਦੇ ਰੰਗ ਮਾਣ ਰਹੀ ਹੈ। ਜੋ ਨੂੰਹਾਂ-ਧੀਆਂ ਕਦੀ ਸਿਰ ‘ਤੇ ਚੁੰਨੀ ਲੈ ਕੇ ਬਾਹਰ ਨਹੀਂ ਸਨ ਨਿਕਲਦੀਆਂ, ਹੁਣ ਸ਼ਾਰਟ-ਪੈਂਟਾਂ ‘ਤੇ ਗਿਠ-ਗਿਠ ਟੌਪ ਪਾ ਕੇ ਘੁੰਮਦੀਆ ਨੇ। ਮਾਂ ਦੇਖ ਕੇ ਮਨ ਹੀ ਮਨ ਗਿਲਾ ਕਰਦੀ ਹੈ, ਪਰ ਉਨ੍ਹਾਂ ਨੂੰ ਮੂੰਹੋਂ ਕੁਝ ਨਹੀਂ ਆਖਦੀ।…ਲੈ ਮੈਂ ਵੀ ਕਿਹੜੀਆਂ ਗੱਲਾਂ ਮਗਰ ਪੈ ਗਈ! ਫਿਰ ਮੈਂ ਉਠ ਕੇ ਕਮਰੇ ਦਾ ਪਰਦਾ ਹਟਾ ਕੇ ਦੇਖਿਆ। ਪਾਰਕਿੰਗ ਲਾਟ ਵਿਚ ਦੋ ਗੱਡੀਆਂ ਰਹਿ ਗਈਆਂ ਸਨ। ਇਕ ਮੇਰੀ ਤੇ ਇਕ ਹੋਰ, ਸ਼ਾਇਦ ਕਿਸੇ ਹੋਰ ਨੇ ਵੀ ਕਾਲਆਊਟ ਕਰ ਦਿੱਤਾ ਹੋਵੇ। ਨਹੀਂ, ਹੋ ਸਕਦਾ, ਉਸ ਦਾ ਅੱਜ ਡੇ ਔਫ ਹੋਵੇ।
ਫਿਰ ਬਕਵਾਸ ਸੋਚਣ ਲੱਗ ਪਈ ਹਾਂ। ਬਾਥਰੂਮ ਜਾ ਕੇ ਬਰੱਸ਼ ਕੀਤਾ, ਹੇਠਾਂ ਆ ਕੇ ਚਾਹ ਬਣਾਈ, ਟੀ. ਵੀ. ਆਨ ਕਰਕੇ ਗੁਰਬਾਣੀ ਲਾਈ ਤਾਂ ਪਿੰਡ ਵਾਲਾ ਗੁਰਦੁਆਰਾ ਯਾਦ ਆ ਗਿਆ। ਜਦੋਂ ਸਵੇਰੇ ਗੁਰਦੁਆਰੇ ਤੋਂ ਅਵਾਜ਼ ਆਉਂਦੀ ਤਾਂ ਝੱਟ ਆਖ ਦੇਣਾ, “ਅੱਜ ਚਾਚਾ ਪਾਠ ਕਰਦਾ ਏ।” ਜਾਂ ਪਿੰਡ ਦੇ ਕਿਸੇ ਬੰਦੇ ਦੀ ਅਵਾਜ਼ ਪਛਾਣ ਕੇ ਉਸ ਦਾ ਨਾਂ ਲੈਣਾ। ਕਿੰਨੀ ਸੰਤੁਸ਼ਟੀ ਸੀ ਉਸ ਜ਼ਿੰਦਗੀ ਵਿਚ, ਹਰ ਚਿਹਰਾ ਸਰਬੱਤ ਦਾ ਭਲਾ ਮੰਗਣ ਵਾਲਾ ਲੱਗਦਾ ਸੀ। ਇਥੇ ਇਨਸਾਨ ਡਾਲਰਾਂ ਦੀ ਦੌੜ ‘ਚ ਅੰਨ੍ਹਾ ਹੋ ਗਿਆ ਏ। ਹੋਰਾਂ ਦਾ ਤਾਂ ਕੀ, ਆਪਣੇ ਆਪ ਦਾ ਭਲਾ ਵੀ ਨਹੀਂ ਮੰਗਦਾ। ਮਸ਼ੀਨ ਬਣ ਗਿਆ ਏ।
ਨੌਂ ਵਜ ਗਏ ਹਨ। ਥੋੜ੍ਹੀ ਭੁੱਖ ਮਹਿਸੂਸ ਹੋਈ ਹੈ। ਦੇਖਿਆ, ਪੈਕ ਕੀਤੀ ਰੋਟੀ ਉਸੇ ਤਰ੍ਹਾਂ ਪਈ ਸੀ। ਮਨ ‘ਚ ਕ੍ਰੋਧ ਆਇਆ। ਬੜਾ ਖੜੂਸ ਬੰਦਾ ਏ। ਇਕ ਦਿਨ ਕੰਮ ‘ਤੇ ਨਹੀਂ ਗਈ ਤਾਂ ਤਾਪ ਚੜ੍ਹ ਗਿਆ। ਫਿਰ ਰੋਟੀ ਗਰਮ ਕਰਕੇ ਖਾਂਦਿਆਂ ਸੋਚਿਆ, ਨਹੀਂ ਲੈ ਕੇ ਗਿਆ ਤਾਂ ਨਾ ਸਹੀ, ਮੈਨੂੰ ਪਕਾਉਣੀ ਨਹੀਂ ਪਈ। ਫਿਰ ਮਾਂ ਦੇ ਮੱਖਣ ‘ਚ ਗੁੰਨ੍ਹ-ਗੁੰਨ੍ਹ ਪਕਾਏ ਪਰੌਂਠੇ ਯਾਦ ਆ ਗਏ। ਉਹ ਸਮਾਂ ਬੜਾ ਚੰਗਾ ਸੀ, ਹੁਣ ਤਾਂ ਉਥੇ ਵੀ ਬੜਾ ਕੁਝ ਬਦਲ ਗਿਆ ਹੈ। ਮਾਂਵਾਂ ਨੌਕਰੀਆਂ ਕਰਦੀਆਂ ਨੇ ਤੇ ਰੋਟੀਆਂ ਨੌਕਰ ਪਕਾਉਂਦੇ ਨੇ। ਮਾਂ ਆਖਦੀ ਹੁੰਦੀ ਆ, “ਅੱਜ ਕੱਲ੍ਹ ਬੱਚਿਆਂ ਦਾ ਮਾਂਵਾਂ ਨਾਲ ਪਹਿਲਾਂ ਜਿਹਾ ਪਿਆਰ ਨਹੀਂ ਰਿਹਾ। ਰਹੂ ਵੀ ਕਿੱਦਾਂ? ਉਨ੍ਹਾਂ ਪਰੋਸਿਆ ਹੀ ਨਹੀਂ ਹੁੰਦਾ।”
ਕੁਝ ਚਿਰ ਟੀ. ਵੀ. ਦੇਖਿਆ, ਫਿਰ ਬਾਹਰ ਡੈਕ ‘ਤੇ ਜਾ ਕੇ ਅਖਬਾਰ ਪੜ੍ਹੀ। ਦਿਲ ਕੀਤਾ, ਕੈਨੇਡਾ ਰਹਿੰਦੀ ਸਹੇਲੀ ਨੂੰ ਫੋਨ ਕਰਾਂ। ਫੋਨ ਲਾ ਲਿਆ। “ਚੰਗਾ ਹੋਇਆ ਤੂੰ ਫੋਨ ਕਰ ਲਿਆ, ਮੈਂ ਬੜੀ ਪ੍ਰੇਸ਼ਾਨ ਹਾਂ, ਤੈਨੂੰ ਕੀ ਦੱਸਾਂ! ਮੁੰਡਾ ਹੱਥੋਂ ਨਿਕਲ ਗਿਆ ਏ।”
“ਕੀ ਹੋਇਆ, ਪੜ੍ਹਦਾ ਨਹੀਂ?” ਮੈਂ ਪੁੱਛਿਆ।
“ਪੜ੍ਹਨ ਨੂੰ ਮਾਰ ਗੋਲੀ, ਉਹ ਤਾਂ ਆਪਣੇ ਕਮਰੇ ਵਿਚ ਵੜਨ ਨਹੀਂ ਦਿੰਦਾ। ਕਮਰਾ ਉਸ ਨੇ ਰਸੋਈ ਬਣਾ ਰੱਖਿਆ ਏ। ਫਰੋਜ਼ਨ ਫੂਡ ਦੇ ਪੈਕਟ, ਕਾਫੀ ਵਾਲੇ ਕੱਪ ਤੇ ਕੱਪੜੇ-ਸਭ ਫਲੋਰ ‘ਤੇ ਖਿਲਾਰੀ ਰੱਖਦਾ ਏ। ਜੇ ਆਖਾਂ ਤਾਂ ਅੱਗੋਂ ਬੋਲਦਾ, ਮੇਰੇ ਕਮਰੇ ਦੀ ਕਿਸੇ ਚੀਜ਼ ਨੂੰ ਹੱਥ ਨਾ ਲਾਇਓ ਤੁਸੀਂ।”
“ਇਹ ਉਮਰ ਹੀ ਐਸੀ ਹੁੰਦੀ ਹੈ, ਤੂੰ ਜ਼ਰਾ ਫਰੈਂਡਲੀ ਰਹਿ ਉਸ ਨਾਲ।”
“ਲੈ…ਤੂੰ ਵੀ ਹੱਦ ਕਰਦੀ ਏਂ; ਅਖੇ, ਫਰੈਂਡਲੀ ਰਹੋ! ਪਰ ਬੱਚਿਆਂ ਦਾ ਕੋਈ ਫਰਜ਼ ਨਹੀਂ ਬਣਦਾ ਉਹ ਸਾਡੀ ਇੱਜਤ ਕਰਨ?”
“ਬਣਦਾ ਹੈ ਪਰ ਅਸੀਂ ਆਪ ਹੀ ਉਨ੍ਹਾਂ ਨੂੰ ਮਲਟੀਨੇਸ਼ਨ ਵਿਚ ਲਿਆ ਸੁੱਟਿਆ ਹੈ। ਉਹ ਸਾਥੋਂ ਘੱਟ ਅਤੇ ਬਾਹਰੋਂ ਵੱਧ ਸਿੱਖ ਰਹੇ ਨੇ।”
“ਸੱਚ ਆਖਦੀ ਏਂ, ਪਰ ਇਥੇ ਕੀ ਖੱਟਿਆ ਬਾਹਰ ਆ ਕੇ? ਸਭ ਕੁਝ ਛੱਡ ਕੇ ਜਿਨ੍ਹਾਂ ਦੇ ਭਵਿਖ ਲਈ ਆਏ ਸਾਂ, ਉਹ ਵੀ ਆਪਣੇ ਨਹੀਂ ਰਹੇ।”
ਮੇਰੀ ਸਹੇਲੀ ਨੂੰ ਲੱਗ ਰਿਹਾ ਸੀ ਕਿ ਸਿਰਫ ਉਸ ਦਾ ਮੁੰਡਾ ਹੀ ਆਗਿਆਕਾਰ ਨਹੀਂ, ਬਾਕੀ ਸਭ ਮਾਂ-ਬਾਪ ਦੇ ਸਰਵਣ ਪੁੱਤ ਨੇ, ਪਰ ਇਹ ਹਰ ਘਰ ਦੀ ਕਹਾਣੀ ਹੈ ਇਥੇ।
“ਬੋਲਦੀ ਕਿਉਂ ਨਹੀਂ?” ਉਸ ਨੇ ਸਵਾਲ ਕੀਤਾ।
“ਹਾਂ ਕਰ ਗੱਲ, ਸੁਣ ਰਹੀ ਹਾਂ।”
“ਅੜੀਏ ਬੜਾ ਡਰ ਲੱਗਦਾ ਏ, ਕੋਈ ਸ਼ਰਮ ਹਯਾ ਨਹੀਂ ਰਹੀ। ਕੋਈ ਨਾ ਕੋਈ ਕੁੜੀ ਆਈ ਰਹਿੰਦੀ ਏ। ਪੁੱਛਾਂ ਤਾਂ ਆਖਦਾ, ਮੇਰੀ ਦੋਸਤ ਹੈ। ਚਲੋ ਹੋਏਗੀ, ਪਰ ਕੋਈ ਮਰਿਆਦਾ ਵੀ ਹੁੰਦੀ ਹੈ। ਅਸੀਂ ਵੀ ਜਵਾਨ ਹੋਈਆਂ ਸਾਂ। ਡਰਦੇ ਕਦੀ ਕਿਸੇ ਦਾ ਨਾਂ ਤੱਕ ਨਹੀਂ ਸੀ ਲਿਆ।”
“ਡਰਪੋਕ ਸਾਂ, ਲੈ ਲੈਂਦੀਆਂ ਤਾਂ ਕਿਸੇ ਕਾਲਜ ‘ਚ ਪ੍ਰੋਫੈਸਰ ਹੁੰਦੀਆਂ, ਬਾਹਰ ਆ ਕੇ ਦਿਹਾੜੀਦਾਰ ਨਾ ਬਣਦੀਆਂ।” ਮੇਰੀ ਗੱਲ ਸੁਣ ਕੇ ਉਹ ਉਚੀ ਸਾਰੀ ਹੱਸ ਪਈ।
ਫਿਰ ਮੈਂ ਰਸੋਈ ਵਿਚ ਆ ਕੇ ਚਾਹ ਬਣਾਈ। ਸਿਰ ਦੁਖਣ ਲਗ ਪਿਆ ਸੀ। ਫਿਰ ਕੱਪੜੇ ਧੋਣ ਲਈ ਬੇਸਮੈਂਟ ‘ਚ ਗਈ। ਬੇਸਮੈਂਟ ਵਿਚ ਗੋਰੀ ਕੁੜੀ ਕਿਰਾਏਦਾਰ ਸੀ। ਉਸ ਨੇ ਪਹਿਲਾਂ ਵੀ ਸਾਰੇ ਕੱਪੜੇ ਫਲੋਰ ‘ਤੇ ਖਿਲਾਰੇ ਹੁੰਦੇ ਸਨ, ਪਰ ਮੈਂ ਕਦੀ ਕੁਝ ਨਹੀਂ ਸੀ ਕਿਹਾ। ਅੱਜ ਗੁੱਸਾ ਆ ਗਿਆ ਤੇ ਆਖ ਦਿੱਤਾ ਕਿ ਉਹ ਕੱਪੜੇ ਫਲੋਰ ‘ਤੇ ਕਿਉਂ ਸੁੱਟਦੀ ਹੈ?
“ਇਟ’ਜ਼ ਮਾਈ ਲਾਈਫ ਐਂਡ ਮਾਈ ਸਟਾਈਲ।” ਉਸ ਨੇ ਇਸ ਤਰ੍ਹਾਂ ਜਵਾਬ ਦਿੱਤਾ, ਜਿਵੇਂ ਮੈਂ ਉਸ ਦੇ ਸਭਿਆਚਾਰ ਨੂੰ ਗਾਲ੍ਹ ਕੱਢੀ ਹੋਵੇ। ਉਸ ਦੇ ਬਾਥਰੂਮ ਵਿਚ ਚਾਰ ਪੰਜ ਤੋਲੀਏ ਫਲੋਰ ‘ਤੇ ਪਏ ਸਨ, ਮੈਂ ਮਨ ਵਿਚ ਆਖਿਆ, ‘ਕੁੱਤਿਆਂ ਬਿੱਲੀਆਂ ਜਿਹੀ ਜ਼ਿੰਦਗੀ ਜਿਉਣੀ ਸਟਾਈਲ ਹੈ!Ḕ
ਮੈਂ ਕਿਤਾਬ ਲੈ ਕੇ ਪੜ੍ਹਨ ਬੈਠ ਗਈ ਹਾਂ। ਕੁਝ ਚੰਗਾ ਪੜ੍ਹ ਕੇ ਮਨ ਟਿਕਾਣੇ ਕਰਨਾ ਚਾਹੁੰਦੀ ਸਾਂ। ਪੜ੍ਹਦਿਆਂ ਯਾਦ ਆਇਆ, ਪੁਰਾਣੇ ਘਰ ਵਿਚ ਕੰਧ ‘ਚ ਆਲਾ ਹੁੰਦਾ ਸੀ। ਉਸ ਆਲੇ ਵਿਚ ਮੈਂ ਸਭ ਤੋਂ ਵੱਡੀ ਗੁੱਡੀ ਰੱਖਦੀ ਹੁੰਦੀ ਸਾਂ। ਇਹ ਗੁੱਡੀ ਮਾਂ ਨੇ ਟਾਕੀਆਂ ਨਾਲ ਬਣਾਈ ਸੀ ਅਤੇ ਸੂਟ ਸੀਂਅ ਕੇ ਪਾਇਆ ਹੋਇਆ ਸੀ। ਇਸੇ ਆਲੇ ਵਿਚ ਬਹੁਤ ਪੁਰਾਣੀਆਂ ਕਿਤਾਬਾਂ ਸਨ, ਜਿਨ੍ਹਾਂ ਨੂੰ ਪਿਤਾ ਜੀ ਹੇਕਾਂ ਲਾ ਕੇ ਪੜ੍ਹਦੇ ਹੁੰਦੇ ਸਨ। ਉਹ ਇਨ੍ਹਾਂ ਨੂੰ ਕਿੱਸੇ ਆਖਦੇ। ਦਿਆ ਸਿੰਘ, ਹੀਰ ਰਾਂਝਾ, ਪੂਰਨ ਭਗਤ ਤੇ ਜ਼ਿੰਦਗੀ ਬਿਲਾਸ ਦੇ ਕਿੱਸੇ! ਇਥੇ ਅਮਰੀਕਾ ਵਿਚ ਕਿਸੇ ਵਿਰਲੇ ਘਰ ਵਿਚ ਕਿਤਾਬਾਂ ਦੇਖਣ ਨੂੰ ਮਿਲਦੀਆਂ ਹਨ। ਸਭ ਕੁਝ ਕੰਪਿਊਟਰ ਅਤੇ ਫੋਨਾਂ ਵਿਚ ਹੈ। ਅੱਜ ਕੱਲ੍ਹ ਲੋਕ ਪਾਠ ਵੀ ਫੋਨਾਂ ਤੋਂ ਕਰਦੇ ਹਨ।
ਉਪਰ ਜਾ ਕੇ ਸ਼ਾਵਰ ਲਿਆ। ਦਿਲ ਕਰਦਾ ਸੀ, ਤਿਆਰ ਹੋ ਕੇ ਕਿਤੇ ਬਾਹਰ ਜਾਵਾਂ। ਚਲੋ ਭੈਣ ਦੇ ਘਰ ਜਾਂਦੀ ਹਾਂ। ਉਸ ਦੀ ਨਵੀਂ-ਨਵੀਂ ਨੂੰਹ ਆਈ ਹੈ, ਇਸ ਲਈ ਚੰਗੀ ਡਰੈਸ ਪਾ ਲਈ। ਨਾਲ ਮਿਲਦੀ ਜੁੱਤੀ ਦੇਖਦਿਆਂ ਸੋਚ ਇਕਦਮ ਉਡਾਰੀ ਮਾਰ ਕੇ ਪਿੰਡ ਚਲੀ ਗਈ। ਪਿਤਾ ਜੀ ਦੀ ਮੋਟੀ ਖੱਲ ਦੀ ਫਟੀ ਪੁਰਾਣੀ ਲਿੱਬੜੀ ਜੁੱਤੀ ਸਾਹਮਣੇ ਆ ਗਈ। ਇਹ ਜੁੱਤੀ ਮੈਨੂੰ ਕਦੀ ਵੀ ਚੰਗੀ ਨਾ ਲਗਦੀ। ਮੈਂ ਇਸ ਨੂੰ ਦਾਣਿਆਂ ਵਾਲੀ ਕੋਠੀ ਦੀ ਨੁੱਕਰ ਵਿਚ ਲੁਕਾ ਦਿੰਦੀ ਸਾਂ। ਜਦੋਂ ਪਿਤਾ ਜੀ ਨੂੰ ਲੱਭਦੀ ਨਾ ਤਾਂ ਉਹ ਨੰਗੇ ਪੈਰੀਂ ਬਾਹਰ ਨੂੰ ਤੁਰ ਪੈਂਦੇ। ਫਿਰ ਮੈਂ ਅਵਾਜ਼ ਮਾਰ ਕੇ ਆਖਦੀ, “ਆਹ ਲਵੋ ਜੁੱਤੀ, ਇਹ ਵੀ ਕੋਈ ਪਾਉਣ ਵਾਲੀ ਜੁੱਤੀ ਹੈ?” ਪਿਤਾ ਜੀ ਝਾੜ ਕੇ ਪੈਰੀਂ ਪਾਉਂਦੇ ਮੁਸਕਰਾ ਕੇ ਆਖਦੇ, “ਕਮਲੀ ਧੀ! ਭਲਾ ਹੋਰ ਜੱਟਾਂ ਦੀਆਂ ਜੁੱਤੀਆਂ ਕਿਹੋ ਜਿਹੀਆਂ ਹੁੰਦੀਆਂ ਨੇ?”
ਯਾਦਾਂ ‘ਚ ਉਲਝੀ ਨੇ ਦਰਵਾਜਾ ਜ਼ੋਰ ਨਾਲ ਬੰਦ ਕੀਤਾ ਤਾਂ ਲੱਗਾ, ਘਰ ਦੀਆਂ ਸਾਰੀਆਂ ਕੰਧਾਂ ਹਿੱਲ ਗਈਆਂ ਨੇ। ਫਿਰ ਮੂੰਹ ‘ਚ ਹੀ ਬੁੜ-ਬੜਾਈ, ‘ਹੱਦ ਹੋ ਗਈ, ਕੋਈ ਹੋਰ ਇੱਦਾਂ ਬੰਦ ਕਰੇ ਤਾਂ ਮੈਂ ਮਗਰ ਪੈ ਜਾਂਦੀ ਹਾਂ!’ ਚਲੋ ਕਿਹੜਾ ਕਿਸੇ ਨੂੰ ਪਤਾ ਲੱਗਾ, ਘਰ ਕੋਈ ਨਹੀਂ ਹੈਗਾ।…ਘਰ ਤੋਂ ਯਾਦ ਆਇਆ, ਇਹ ਵੀ ਕਾਹਦੇ ਘਰ ਨੇ? ਲੱਕੜ ਦੇ ਡੱਬੇ ਨੇ ਬੱਸ! ਸਾਹ ਲਿਆਂ ਵੀ ਹਿੱਲ ਜਾਂਦੇ ਨੇ। ਘਰਾਂ ਨਾਲ ਕਿਸੇ ਦਾ ਲਗਾਅ ਵੀ ਕੋਈ ਖਾਸ ਨਹੀਂ ਹੁੰਦਾ। ਜਦੋਂ ਕੀਮਤਾਂ ਵਧ ਜਾਣ, ਲੋਕ ਵੇਚ ਕੇ ਸਸਤੀ ਥਾਂ ਖਰੀਦ ਲੈਂਦੇ ਨੇ। ਇਹ ਕਿਹੜਾ ਜੱਦੀ-ਪੁਸ਼ਤੀ ਘਰ ਹੁੰਦੇ ਨੇ। ਖੌਰੇ ਕਿੰਨੇ ਲੋਕ ਇਕ ਘਰ ‘ਚ ਰਹਿ ਕੇ ਗਏ ਹੁੰਦੇ ਨੇ। ਹੁਣ ਤਾਂ ਪਿੰਡ ਵੀ ਘਰ ਨਹੀਂ ਰਹੇ, ਕੋਠੀਆਂ ਬਣ ਗਈਆਂ ਨੇ। ਹੱਥਾਂ ਨਾਲ ਗੋਅ-ਗੋਅ ਲਾਈ ਮਿੱਟੀ ਦੀ ਮਹਿਕ ਸੀਮਿੰਟ ਨੇ ਖਾ ਲਈ ਹੈ। ਸਾਹ ਲੈਂਦਾ, ਦੁੱਖ-ਸੁੱਖ ਵੰਡਦਾ ਕੱਚਾ ਪਿੰਡ ਪੱਥਰ ਦੀਆਂ ਨੀਂਹਾਂ ਹੇਠ ਆ ਕੇ ਦਮ ਤੋੜ ਗਿਆ ਏ।
ਫਿਰ ਮੈਂ ਗੱਡੀ ਵਿਚ ਬੈਠ ਕੇ ਆਲੇ-ਦੁਆਲੇ ਦੇਖਿਆ। ਮੇਰੀ ਗੁਆਂਢਣ ਡਾਲੀਆ ਹੱਥ ਵਿਚ ਫੁੱਲਾਂ ਦਾ ਗੁਲਦਸਤਾ ਫੜੀ ਘਰੋਂ ਬਾਹਰ ਨਿਕਲੀ। ਸ਼ਾਇਦ ਕਿਸੇ ਦੇ ਜਨਮ ਦਿਨ ‘ਤੇ ਜਾ ਰਹੀ ਹੋਵੇ। ਉਸ ਨੇ ਹੱਥ ਹਲਾਇਆ ਤੇ ਮੈਂ ਵੀ ਉਸੇ ਤਰ੍ਹਾਂ ਜਵਾਬ ਦੇ ਦਿੱਤਾ। ਇਥੇ ਲੋਕ ਫੁੱਲਾਂ ਬੂਟਿਆਂ ਨੂੰ ਬੜਾ ਪਿਆਰ ਕਰਦੇ ਨੇ। ਇਕ ਦਰਖਤ ਕੱਟਿਆ ਜਾਵੇ ਤਾਂ ਦੂਜਾ ਲਾ ਦਿੱਤਾ ਜਾਂਦਾ ਏ। ਸਾਡੇ ਦੇਸ਼ ਵਿਚ ਤਾਂ ਫਸਲਾਂ ਦੀ ਥਾਂ ਬਿਲਡਿੰਗਾਂ ਉਗ ਆਈਆਂ ਨੇ। ਹਰੇ ਇਨਕਲਾਬ ਨੇ ਕਿਰਸਾਨੀ ਦੇ ਹੱਥ ਰੋਟੀਆਂ ਵਾਲਾ ਝੋਲਾ ਫੜਾ ਕੇ ਉਹਨੂੰ ਸ਼ਹਿਰ ਵੱਲ ਤੋਰ ਦਿੱਤਾ ਹੈ।
ਗੱਡੀ ਤੋਰਨ ਲੱਗੀ ਤਾਂ ਦੇਖਿਆ, ਲੋਕ ਕੰਮ ਤੋਂ ਵਾਪਸ ਆ ਰਹੇ ਸਨ। ਸੋਚਿਆ, ਨਹੀਂ ਜਾਂਦੀ, ਪਤੀ ਜੀ ਪਿਛੋਂ ਆ ਗਏ ਤਾਂ ਆਖਣਗੇ, Ḕਆਂਢ-ਗੁਆਂਢ ਸੈਰਾਂ ਕਰਨ ਵੇਲੇ ਕੋਈ ਬਿਮਾਰੀ ਨਹੀਂ ਹੁੰਦੀ!Ḕ ਅੰਦਰ ਆ ਕੇ ਗੁਰਬਾਣੀ ਲਾ ਲਈ ਤੇ ਕੰਬਲ ਦੀ ਬੁੱਕਲ ਮਾਰ ਕੇ ਇਸ ਤਰ੍ਹਾਂ ਬੈਠ ਗਈ, ਜਿਵੇਂ ਪਹਿਲਾਂ ਤੋਂ ਥੋੜ੍ਹਾ ਠੀਕ ਮਹਿਸੂਸ ਕਰਦੀ ਹੋਵਾਂ।
ਰਾਤ ਦੀ ਰੋਟੀ ਦਾ ਵੇਲਾ ਹੋ ਗਿਆ। ਉਡੀਕ ਰਹੀ ਸਾਂ, ਪਤੀ ਆ ਜਾਵੇ, ਫਿਰ ਰਸੋਈ ਵਿਚ ਜਾਵਾਂਗੀ। ਦੇਖਦੀ ਹਾਂ, ਭਲਾ ਆਖਦਾ ਏ, ‘ਰਹਿਣ ਦੇ, ਅੱਜ ਬਾਹਰੋਂ ਆਰਡਰ ਕਰ ਲੈਂਦੇ ਹਾਂ।’
ਕਾਫੀ ਹਨੇਰਾ ਹੋ ਗਿਆ। ਅੱਜ ਸਾਰਾ ਦਿਨ ਕੋਈ ਫੋਨ ਵੀ ਨਹੀਂ ਆਇਆ। ਇਕ ਵਾਰ ਤਾਂ ਕਰਨਾ ਚਾਹੀਦਾ ਸੀ। ਚਲੋ ਨਹੀਂ ਤਾਂ ਨਾ ਸਹੀ! ਮੈਂ ਵੀ ਕਿਹੜਾ ਕੀਤਾ ਏ!!
ਬੇਚੈਨੀ ਜਿਹੀ ਮਹਿਸੂਸ ਹੋਈ। ਇਕਦਮ ਉਠ ਕੇ ਰੋਟੀ ਪਕਾਉਣ ਲੱਗ ਪਈ। ਰੱਜ ਕੇ ਖਾਧੀ। ਮਨ ਹਲਕਾ-ਫੁਲਕਾ ਹੋ ਗਿਆ। ਕੰਬਲ ਪਰ੍ਹੇ ਕਰਕੇ ਰੱਖ ਦਿੱਤਾ। ਮੇਰਾ ਕੰਮ ਮੇਰਾ ਮਨ, ਗੁਲਾਮ ਥੋੜ੍ਹਾ ਹਾਂ ਕਿਸੇ ਦੀ? ਅਚਾਨਕ ਦਰਵਾਜਾ ਖੁੱਲ੍ਹਾ, ਪਤੀ ਅੰਦਰ ਦਾਖਲ ਹੋਇਆ ਤੇ ਸਿੱਧਾ ਉਪਰ ਚਲਾ ਗਿਆ। ਉਹ ਬੋਲਿਆ ਨਹੀਂ, ਮੈਂ ਵੀ ਕੋਈ ਧਿਆਨ ਨਾ ਦਿੱਤਾ। ਫਿਰ ਹੇਠਾਂ ਆ ਕੇ ਰਸੋਈ ਵਿਚ ਗਿਆ, ਰੋਟੀ ਬਣੀ ਦੇਖ ਕੇ ਆਖਣ ਲੱਗਾ, “ਰੋਟੀ ਕਾਹਨੂੰ ਪਕਾਉਣੀ ਸੀ, ਰਹਿਣ ਦਿੰਦੇ।”
ਮੈਂ ਚੁੱਪ ਰਹੀ। ਉਹ ਰੋਟੀ ਪਾ ਕੇ ਮੇਰੇ ਲਾਗੇ ਆ ਬੈਠਾ। “ਹੁਣ ਕਿੱਦਾਂ ਹੈ ਤਬੀਅਤ?” ਉਸ ਨੇ ਰੋਟੀ ਦੀ ਬੁਰਕੀ ਤੋੜਦਿਆਂ ਪੁੱਛਿਆ।
“ਚੰਗੀ ਭਲੀ ਆਂ, ਕੀ ਹੋਇਆ ਤਬੀਅਤ ਨੂੰ?”
“ਬੋਲਦੀ ਕਿੱਦਾਂ ਏਂ?” ਉਸ ਨੇ ਹੌਲੀ ਜਿਹੀ ਆਖਦਿਆਂ ਮੇਰੇ ਵੱਲ ਦੇਖਿਆ।
“ਜਿੱਦਾਂ ਮੇਰੀ ਮਰਜ਼ੀ!”
“ਮਰਜ਼ੀ ਸਹੀ, ਪਰ ਲੜਨ ਨੂੰ ਕਿਉਂ ਪੈਂਦੀ ਏਂ?”
“ਮੇਰੀ ਤੁਹਾਡੇ ਨਾਲ ਕੋਈ ਲੜਾਈ ਨਹੀਂ!”
“ਅੱਛਾ ਹੋਰ ਕਿਸ ਨਾਲ ਏ?”
“ਆਪਣੇ ਆਪ ਨਾਲ!”
“ਜਾਹ ਬਾਬਾ! ਤੂੰ ਵੀ ਅਜੀਬ ਔਰਤ ਏਂ। ਆਪਣੇ ਆਪ ਨਾਲ ਲੜਨ ਲਈ ਛੁੱਟੀ ਕਰ ਲੈਂਦੀ ਏਂ!” ਫਿਰ ਉਹਨੇ ਹੱਸ ਕੇ ਮੈਨੂੰ ਆਪਣੇ ਮੋਢੇ ਨਾਲ ਘੁੱਟ ਲਿਆ।