ਜੋ ਬਾਗ ਬਹਾਰ ਮੇਂ ਉਜੜੇ…

ਹਿੰਦੀ ਫਿਲਮ ‘ਅਮਰ ਪ੍ਰੇਮ’ ਦਾ ਇੱਕ ਗੀਤ ਸ਼ਾਇਰ ਨੇ ਬਹੁਤ ਕਮਾਲ ਦਾ ਲਿਖਿਆ ਹੈ, ਜਿਸ ‘ਚ ਬੰਦੇ ਦੇ ਜੀਵਨ ਵਿਚ ਆਉਣ ਵਾਲੀਆਂ ਅਣਕਿਆਸੀਆਂ ਬਦਨਸੀਬੀਆਂ ਨੂੰ ਬੜੇ ਦਰਦ ਭਰੇ ਅੰਦਾਜ਼ ‘ਚ ਬਿਆਨਿਆ ਗਿਆ ਹੈ। ਇਸ ਗੀਤ ਦਾ ‘ਕੰਟੈਂਟ’ ਅਤੇ ਸੰਗੀਤਕ ਸ਼ਬਦਾਵਲੀ ਦਿਲ ਨੂੰ ਟੁੰਬਣ ਵਾਲੇ ਹਨ। ਕੁਝ ਸਤਰਾਂ ਇਸ ਤਰ੍ਹਾਂ ਹਨ,

ਤੂਫਾਂ ਜੋ ਨਾਵ ਡੁਬੋਏ
ਤੋ ਮਾਝੀ ਪਾਰ ਲਗਾਏ,
ਮਾਝੀ ਜੋ ਨਾਵ ਡੁਬੋਏ
ਉਸੇ ਕੌਨ ਬਚਾਏ?
ਪਤਝੜ ਜੋ ਬਾਗ ਉਜਾੜੇ,
ਵੋ ਬਾਗ ਬਹਾਰ ਖਿਲਾਏ,
ਜੋ ਬਾਗ ਬਹਾਰ ਮੇਂ ਉਜੜੇ,
ਉਸੇ ਕੌਨ ਖਿਲਾਏ?’
ਫਿਲਮ ਵਿਚ ਇਹ ਗੀਤ ਨਾਇਕ ਦੀ ਜ਼ਿੰਦਗੀ ਦਾ ਦਰਦ ਬਿਆਨਦਾ ਹੈ, ਪਰ ਕਈ ਕੌਮਾਂ ਦੀ ਹੋਣੀ ਵਿਚ ਵੀ ਇਹੋ ਜਿਹਾ ਵਰਤਾਰਾ ਨਜ਼ਰੀਂ ਪੈਂਦਾ ਹੈ।
ਪਿੱਛੇ ਜਿਹੇ ਅਮਰੀਕਾ ਤੋਂ ਛਪਦੇ ‘ਪੰਜਾਬ ਟਾਈਮਜ਼’ ਦੇ ਕੁਝ ਲੇਖ ਪੜ੍ਹਨ ਦਾ ਮੌਕਾ ਮਿਲਿਆ, ਜੋ ਪੜ੍ਹ ਕੇ ਸਿੱਖ ਕੌਮ ‘ਚ ਹੋ ਰਹੀ ਚਿੰਤਾਜਨਕ ਉਥਲ ਪੁਥਲ ਦਾ ਇੱਕ ਵਾਰ ਫਿਰ ਤੋਂ ਅਹਿਸਾਸ ਹੋਇਆ ਹੈ। ਤਜਰਬਾ ਬਿਆਨ ਕਰਦਾ ਹਾਂ। ਕੋਈ 50-60 ਵਰ੍ਹੇ ਪਹਿਲਾਂ ਯੂ. ਪੀ. ‘ਚ ਪੜ੍ਹਦਿਆਂ ਆਪਣੀ ਕਲਾਸ ਵਿਚ ਮੈਂ ਇਕੱਲਾ ਸਰਦਾਰ ਹੁੰਦਾ ਸਾਂ। ਬਹੁਗਿਣਤੀ ਹਿੰਦੂਆਂ ਵਿਚ ਸਿੱਖ ਕੌਮ ਪ੍ਰਤੀ ਆਦਰ ਸਤਿਕਾਰ ਦੀ ਭਾਵਨਾ ਨਾਲ ਲਬਰੇਜ਼ ਮੈਂ ਆਪਣੇ ਸਿੱਖ ਹੋਣ ‘ਤੇ ਬੜਾ ਫਖਰ ਮਹਿਸੂਸ ਕਰਦਾ ਸਾਂ। ਅੱਜ ਅੱਧੀ ਸਦੀ ਬਾਅਦ ਜੇ ਇਸ ਫਖਰ ਨੂੰ ਵੱਡੀ ਢਾਹ ਲੱਗ ਗਈ ਦੇਖਦਾ ਹਾਂ ਤਾਂ ਬੜਾ ਦੁੱਖ ਹੁੰਦਾ ਹੈ।
ਇਨ੍ਹਾਂ 50-60 ਸਾਲਾਂ ਦੌਰਾਨ ਜੋ ਵਾਪਰਿਆ, ਪੰਜਾਬ ਤੋਂ ਬਾਹਰ ਰਹਿ ਕੇ ਉਸ ਨੂੰ ਬੜਾ ਨਜ਼ਦੀਕ ਹੋ ਕੇ ਦੇਖਿਆ, ਸਮਝਿਆ ਹੈ। ਸਭ ਤੋਂ ਵੱਡਾ ਦੁੱਖ ਇਹ ਹੈ ਕਿ ਕੌਮ ‘ਚ ਆਏ ਇਸ ਨਿਘਾਰ ਦਾ ਸਾਰਾ ਦੋਸ਼ ਹਿੰਦੂ ਹਕੂਮਤ ਸਿਰ ਮੜ੍ਹ ਸੁਰਖਰੂ ਹੋਣ ਦਾ ਯਤਨ ਕੀਤਾ ਜਾਂਦਾ ਹੈ। ਇਸ ਤੋਂ ਵੀ ਵੱਡਾ ਦੁੱਖ ਉਦੋਂ ਹੁੰਦਾ ਹੈ, ਜਦੋਂ ਇਸ ਰੁਝਾਨ ਵਿਚ ਚੰਗੇ ਪੜ੍ਹੇ-ਲਿਖੇ ਬੁੱਧੀਜੀਵੀ ਵੀ ਸ਼ਾਮਲ ਹੋਏ ਨਜ਼ਰੀਂ ਪੈਂਦੇ ਹਨ। ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਖੇਚਲ ਕਰਨਾ ਤਾਂ ਇਨ੍ਹਾਂ ਦੀ ਫਿਤਰਤ ‘ਚ ਸ਼ਾਮਲ ਹੀ ਨਹੀਂ। ਜੋ ਕੁਝ ਵੀ ਮਾੜਾ ਵਾਪਰਿਆ, ਸਭ ਹਿੰਦੂ ਹਕੂਮਤ ਮੱਥੇ ਅਤੇ ਜੋ ਚੰਗਾ ਹੋਇਆ, ਉਹ ਅਸੀਂ ਕੀਤਾ। ਕੌਣ ਸਮਝਾਏ ਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਰਹੀ ਹੈ। ਜਾਪਦਾ ਹੈ, ਜਮਾਤੀ ਪੱਖਪਾਤ ਸਵੈ-ਪੜਚੋਲ ਦੀ ਇਜਾਜ਼ਤ ਵੀ ਨਹੀਂ ਦਿੰਦਾ।
‘ਪੰਜਾਬ ਟਾਈਮਜ਼’ ਦਾ ਧੰਨਵਾਦ ਕਰਨਾ ਬਣਦਾ ਹੈ, ਜੋ ਦੋਹਾਂ ਧਿਰਾਂ ਨੂੰ ਪਲੈਟਫਾਰਮ ਮੁਹੱਈਆ ਕਰਦਾ ਹੈ, ਨਹੀਂ ਤਾਂ ਬਹੁਤਾ ਪੰਜਾਬੀ ਮੀਡੀਆ ਬਲਦੀ ‘ਤੇ ਤੇਲ ਪਾਉਣ ‘ਚ ਕੋਈ ਕਸਰ ਨਹੀਂ ਛੱਡਦਾ। ਇੱਥੋਂ ਦੇ ਇੱਕ ਅਖਬਾਰ ਦੇ ਸੰਪਾਦਕੀ ‘ਚ ਲਿਖਿਆ ਗਿਆ ਕਿ ਦਿੱਲੀ ਯੂਨੀਵਰਸਿਟੀ ਵਿਖੇ ‘ਹਿੰਦੂ ਗੁੰਡਿਆਂ’ ਨੇ ਵਿਦਿਆਰਥੀਆਂ ‘ਤੇ ਹਮਲੇ ਕੀਤੇ। ਸਵਾਲ ਹੈ, ਕੈਨੇਡੀਅਨ ਸੇਫਟੀ ਰਿਪੋਰਟ ਵਿਚ Ḕਸਿੱਖ ਖਾਲਿਸਤਾਨੀ ਅਤਿਵਾਦḔ ਦੇ ਜ਼ਿਕਰ ਵਿਚੋਂ ḔਸਿੱਖḔ ਲਫਜ਼ ਕਢਾ ਕੇ ਦਮ ਲਿਆ ਗਿਆ, ਕੀ ਇਹ ਦੋਹਰੀ ਮਾਨਸਿਕਤਾ ਨਹੀਂ?
‘ਪੰਜਾਬ ਟਾਈਮਜ਼’ ਦੇ 22 ਫਰਵਰੀ ਦੇ ਅੰਕ ਵਿਚ ਗੁਰਬਚਨ ਸਿੰਘ ਨੇ ਆਪਣੇ ਲੇਖ ਵਿਚ ਜਸਵੰਤ ਸਿੰਘ ਕੰਵਲ ਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਆਖਰੀ ਮੁਲਾਕਾਤ ਬਾਰੇ ਲਿਖਿਆ ਹੈ। ਸ਼ ਕੰਵਲ ਨੇ ਸੰਤ ਭਿੰਡਰਾਂਵਾਲਿਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਬਾਹਰ ਆਉਣ ਦੀ ਸਲਾਹ ਦਿੱਤੀ ਸੀ ਤਾਂ ਜੋ ਜਾਨ-ਮਾਲ ਦਾ ਘਾਣ ਟਾਲਿਆ ਜਾ ਸਕੇ, ਪਰ ਉਹ ਨਹੀਂ ਮੰਨੇ। ਲੇਖਕ ਨੇ ਧਰਮ ਯੁੱਧ ਦੀ ਵਕਾਲਤ ਕੀਤੀ ਹੈ, ਪਰ ਕੀ ਉਹ ਇਸ ਗੱਲ ਦਾ ਜੁਆਬ ਦੇਣਗੇ ਕਿ ਇਸ ਹਿੰਸਕ ਦੌਰ ਨਾਲ ਅਸਹਿਮਤੀ ਰੱਖਣ ਵਾਲਿਆਂ ਦਾ ਕਤਲ ਕਰ ਕੇ ਨੌਜਵਾਨਾਂ ਦਾ ਦਰਬਾਰ ਸਾਹਿਬ ਅੰਦਰ ਜਾ ਛੁਪਣਾ ਕਿੱਥੋਂ ਤੱਕ ਜਾਇਜ਼ ਸੀ? ਹਾਲਾਤ ਇਹੋ ਜਿਹੇ ਬਣ ਗਏ ਸਨ ਕਿ ਇਸ ਸੰਘਰਸ਼ ਨੂੰ ਮੁਲਤਵੀ ਕਰ ਦੇਣਾ ਬਣਦਾ ਸੀ। ਇਸ ਨਾਲ ਹਜਾਰਾਂ ਜਾਨਾਂ ਦਾ ਘਾਣ ਟਾਲਿਆ ਜਾ ਸਕਦਾ ਸੀ।
ਪੱਤਰਕਾਰ ਕੁਲਦੀਪ ਨੱਈਅਰ ਲੰਮਾ ਸਮਾਂ ਪੰਜਾਬ ਅਤੇ ਪੰਜਾਬੀਅਤ ਨਾਲ ਖੜ੍ਹਿਆ, ਜਿਸ ਲਈ ਉਸ ਦਾ ਸ਼੍ਰੋਮਣੀ ਕਮੇਟੀ ਨੇ ਸਨਮਾਨ ਕੀਤਾ ਸੀ, ਪਰ ਜਦ ਉਸ ਨੇ ਇਸ ਧਰਮ ਯੁੱਧ ਦੇ ਹਿੰਸਕ ਦੌਰ ਦੀ ਆਲੋਚਨਾ ਕੀਤੀ ਤਾਂ ਉਹ ਸਨਮਾਨ ਵਾਪਸ ਲੈ ਲਿਆ ਗਿਆ। ਇਹ ਮਿਆਰ ਹੈ, ਸਾਡੀ ਲੀਡਰਸ਼ਿਪ ਦਾ! ਪੰਜਾਬ ਦੀ ਹਰ ਸਮੱਸਿਆ ਨੂੰ ਸਿੱਖ ਸਮੱਸਿਆ ਬਣਾ ਕੇ ਪੇਸ਼ ਕੀਤਾ ਜਾਣ ਲੱਗਾ, ਜਿਸ ਦਾ ਫਾਇਦਾ ਵੱਖਵਾਦ ਲਹਿਰ ਨੇ ਲਿਆ। ਸੰਤ ਲੌਂਗੋਵਾਲ ਨੇ ਗੱਲਬਾਤ ਰਾਹੀਂ ਪੰਜਾਬ ਲਈ ਕੁਝ ਹਾਸਲ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਨੂੰ ਪਾਰ ਬੁਲਾ ਰਸਤੇ ‘ਚੋਂ ਹਟਾ ਦਿੱਤਾ ਗਿਆ। ਬੇਲੋੜੇ ਜੋਸ਼ ਵਿਚ ਹੋਸ਼ ਗੁਆ ਕੇ ਟਕਰਾਓ ਖੁਦਕੁਸ਼ੀ ਤੁਲ ਸਮਝਿਆ ਜਾਵੇਗਾ। ਅਗਲੀਆਂ ਪੀੜ੍ਹੀਆਂ ਨੂੰ ਇਸ ‘ਮਰ ਜਾਂਗੇ, ਮਾਰ ਦਿਆਂਗੇ’ ਵਾਲਾ ਵਤੀਰਾ ਛੱਡ ਕੇ ਚੰਗੇ ਜੀਵਨ ਵੱਲ ਕਦਮ ਵਧਾਉਣਾ ਅੱਜ ਸਮੇਂ ਦੀ ਵੱਡੀ ਲੋੜ ਹੈ।
ਲਾਦੇਨ ਦਾ ਪੁੱਤਰ ਬਦਲੇ ਦੀ ਭਾਵਨਾ ਨਾਲ ਅਤਿਵਾਦੀ ਬਣਿਆ ਤੇ ਸੁਣਿਆ ਮਾਰਿਆ ਗਿਆ ਹੈ। ਅਫਜ਼ਲ ਗੁਰੂ ਨੂੰ ਫਾਂਸੀ ਹੋਣ ਪਿਛੋਂ ਉਸ ਦੇ ਪੁੱਤਰ ਨੂੰ ਅਤਿਵਾਦੀ ਗਿਰੋਹਾਂ ਨੇ ਬਦਲੇ ਲਈ ਪ੍ਰੇਰਿਆ, ਪਰ ਉਹ ਆਪਣੀ ਮਾਂ ਦੇ ਆਖੇ ਲੱਗ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਹੈ ਤੇ ਡਾਕਟਰ ਬਣ ਚੰਗਾ ਜੀਵਨ ਬਤੀਤ ਕਰੇਗਾ। ਕਾਸ਼! ਪੰਜਾਬ ਦੀਆਂ ਮਾਂਵਾਂ ਨੇ ਵੀ ਨੌਜਵਾਨਾਂ ਨੂੰ ਅਜਿਹਾ ਮੋੜਾ ਦਿੱਤਾ ਹੁੰਦਾ। ਦੁਨੀਆਂ ਤੇਜੀ ਨਾਲ ਬਦਲ ਰਹੀ ਹੈ, ਜਿਸ ਵਿਚ ਧਾਰਮਿਕ ਕੱਟੜਤਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਕੁਦਰਤ ਨੇ ਜ਼ਿੰਦਗੀ ਨੂੰ ਇੱਕ ਖੁਬਸੂਰਤ ਬਾਗ ਵਾਂਗ ਸਾਜਿਆ ਹੈ, ਜਿਸ ਨੂੰ ਉਜੜਨ ਤੋਂ ਬਚਾਉਣਾ ਹੀ ਸਾਡੀ ਪਹਿਲ ਹੋਣੀ ਚਾਹੀਦੀ ਹੈ। ਸਿੱਖ ਧਰਮ ‘ਚ ‘ਸਰਬੱਤ ਦੇ ਭਲੇ’ ਦਾ ਸੰਦੇਸ਼ ਤਾਂ ਇਹੀ ਕਹਿੰਦਾ ਹੈ।
-ਹਰਜੀਤ ਦਿਓਲ
ਬਰੈਂਪਟਨ, ਕੈਨੇਡਾ।