ਤੀਰਥਿ ਨਾਵਾ ਜੇ ਤਿਸੁ ਭਾਵਾ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰੂ ਨਾਨਕ ਦੇਵ ਜੀ ਨੇ ‘ਹਉਮੈ’ ਨੂੰ ਇਕ ਤਕਨੀਕੀ ਸ਼ਬਦ ਵਜੋਂ ਵਰਤਿਆ ਹੈ, ਜਿਸ ਦਾ ਅਰਥ ਹੈ-ਆਪਣੇ ਅੰਦਰੋਂ ਭਾਵ ਆਪਣੇ ਅੰਦਰੂਨੀ ਅਨੁਭਵ (ਸੁਬਜeਚਟਵਿe ੋਬਸeਰਵਅਟਿਨ) ਨਾਲ ਵੇਖ ਕੇ ਆਪਣੇ ਕੋਲੋਂ ਹੀ ਕੁਝ ਕਹਿਣਾ, ਸਮਝਣਾ, ਦੱਸਣਾ ਜਾਂ ਬਿਆਨ ਕਰਨਾ। ਇਸੇ ਤਰ੍ਹਾਂ ਦਾ ਦੂਜਾ ਸ਼ਬਦ ‘ਨਦਰਿ’ ਹੈ, ਜਿਸ ਦਾ ਅਰਥ ਹੈ-ਦੇਖਣਾ, ਤੱਕਣਾ ਭਾਵ ਤਰਕ ਵਿਵੇਕ ਨਾਲ ਨੀਝਣਾ (ੋਬਜeਚਟਵਿe ੋਬਸeਰਵਅਟਿਨ) ਜਾਂ ਸਮਝਣਾ। ਇਹ ਦੋਵੇਂ ਸ਼ਬਦ ਨਾ ਸਿਰਫ ਆਧੁਨਿਕ ਪੰਜਾਬੀ ਵਿਗਿਆਨਕ ਸ਼ਬਦਾਵਲੀ ਨੂੰ ਉਨ੍ਹਾਂ ਦੀ ਅਦੁੱਤੀ ਦੇਣ ਹਨ, ਸਗੋਂ ਗੁਰਬਾਣੀ ਨੂੰ ਸਮਝਣ ਦਾ ਇਕ ਵੱਡਾ ਸਾਧਨ ਵੀ ਹਨ।
ਪਰ ਸਭ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਇਨ੍ਹਾਂ ਦਾ ਰੂੜੀਵਾਦੀ ਭਾਵ ਗਲਤ ਅਰਥ ਕਰਦੇ ਹਨ।

ਉਨ੍ਹਾਂ ਅਨੁਸਾਰ ਹਉਮੈ ਦਾ ਅਰਥ ਹੰਕਾਰ ਜਾਂ ਘੁਮੰਡ ਹੈ, ਪਰ ਜਪੁਜੀ ਦੀ ਦੂਜੀ ਪਉੜੀ ਦੇ ਅੰਤ ਵਿਚ, ਜਿੱਥੇ ਗੁਰੂ ਸਾਹਿਬ ਨੇ ਇਸ ਸ਼ਬਦ ਨੂੰ ਪਹਿਲੀ ਵਾਰ ਵਰਤਿਆ ਹੈ, ਘੁਮੰਡ ਜਾਂ ਹੰਕਾਰ ਦੇ ਅਰਥਾਂ ਵਿਚ ਕੋਈ ਮਤਲਬ ਹੀ ਨਹੀਂ ਨਿਕਲਦਾ। ਵਿਦਵਾਨ ਧੱਕੇ ਨਾਲ ਇਹੀ ਅਰਥ ਕਰਦੇ ਆ ਰਹੇ ਹਨ। ਜੇ ਕਾਰਨ ਪੁੱਛੋ ਤਾਂ ਕਹਿੰਦੇ ਹਨ ਕਿ ਫਲਾਣੇ ਫਲਾਣੇ ਨੇ ਵੀ ਇਹੀ ਅਰਥ ਕੀਤੇ ਹਨ; ਪਰ ਕਿਸੇ ਦੀ ਕੀਤੀ ਗਲਤੀ ਦੁਹਰਾਉਣਾ ਤਾਂ ਦੂਹਰੀ ਗਲਤੀ ਹੈ।
ਇਸੇ ਤਰ੍ਹਾਂ ਉਹ ਨਦਰਿ ਦਾ ਅਰਥ ‘ਪਰਮਾਤਮਾ ਦੀ ਮਿਹਰ ਭਰੀ ਨਜ਼ਰ’ ਜਾਂ ‘ਕਿਰਪਾਲੂ ਦ੍ਰਿਸ਼ਟੀ’ ਕਰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਪਰਮ-ਸਤਿ, ਜਿਸ ਨੂੰ ਉਹ ਪਰਮਾਤਮਾ ਕਹਿੰਦੇ ਹਨ, ਨੂੰ ਗੁਰੂ ਸਾਹਿਬ ਨੇ ਅਜੂਨੀ ਕਿਹਾ ਹੈ। ਉਹ ਜੀਵਾਂ ਵਾਂਗੂੰ ਜਾਨਦਾਰ ਨਹੀਂ ਹੈ, ਭਾਵ ਨਾ ਉਸ ਕੋਲ ਦੇਖਣ ਲਈ ਕੋਈ ਨਜ਼ਰ ਹੈ, ਨਾ ਅਰਦਾਸ ਸੁਣਨ ਲਈ ਕੰਨ। ਉਹ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦਾ ਨਦਰਿ ਭਾਵ ਸਵੱਲੀ ਨਜ਼ਰ ਵਾਲਾ ਅਰਥ ਗੁਰੂ ਸਾਹਿਬ ਦੇ ‘ਨਿਰਵੈਰ’ ਦੇ ਸੰਕਲਪ ਦੇ ਉਲਟ ਹੈ।
ਨਿਰਵੈਰਤਾ ਸਿਰਫ ਇਕਸਾਰਤਾ ਦੇ ਨਿਯਮ ਅਨੁਸਾਰ ਵਰਤਾਈ ਜਾ ਸਕਦੀ ਹੈ, ਬਖਸ਼ੀਸ਼ੀ ਛੋਟਾਂ ਨਾਲ ਨਹੀਂ। ਇਕਨਾਂ ਵੱਲ ਸਵੱਲੀ ਨਜ਼ਰ ਦਾ ਹੋਣਾ ਦੂਜਿਆਂ ਵੱਲ ਕਵੱਲੀ ਨਜ਼ਰ ਦੇ ਸਮਾਨ ਹੈ। ਇਸ ਲਈ ਅਜਿਹੇ ਅਰਥ ਨਾਲ ਪੱਖਪਾਤ ਪੈਦਾ ਹੁੰਦਾ ਹੈ ਤੇ ਇਹ ਸਮਾਨਤਾ ਦੀ ਥਾਂ ਮਤਰੇਈ ਮਾਂ ਜਿਹੇ ਸਲੂਕ ਦੀ ਪ੍ਰੋੜਤਾ ਕਰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸਿੱਖ ਵਿਦਵਾਨ ਤੇ ਪੁਜਾਰੀ ਵਰਗ ਫਿਰ ਵੀ ਗੁਰੂ ਸਾਹਿਬ ਦੀ ਮੁਢਲੀ ਸਿੱਖਿਆ ਦੇ ਉਲਟ ਹੀ ਚਲੀ ਜਾਂਦੇ ਹਨ। ਸ਼ਾਇਦ ਸੱਚ ਤੋਂ ਅੱਖਾਂ ਮੀਚਣ ਵਿਚ ਉਨ੍ਹਾਂ ਦਾ ਕੋਈ ਹਿੱਤ ਹੋਵੇ ਜਾਂ ਕੋਈ ਹੋਰ ਮਜਬੂਰੀ, ਇਹ ਉਹੀ ਜਾਣਦੇ ਹਨ।
ਅਜਿਹੇ ਅਰਥ ਗੁਰਬਾਣੀ ਬਾਰੇ ਕਈ ਗਲਤ ਸੰਕੇਤ ਛੱਡਦੇ ਹਨ। ਪਹਿਲਾ ਇਹ ਕਿ ਅਜਿਹੀ ਵਿਆਖਿਆ ਅਨੁਸਾਰ ਸਿੱਖ ਸ਼ਰਧਾਲੂ ਕੁਦਰਤ ਦੇ ਨਿਯਮ (ਹੁਕਮ) ਦੇ ਸੰਕਲਪ ਤੋਂ ਨਿੱਖੜ ਕੇ ਮਿਹਰ ਭਰੀ ਨਜ਼ਰ ਲਈ ਤਰਲੇ ਕਰਦੇ ਪੂਜਾ ਪਾਠ ਤੇ ਪ੍ਰਾਰਥਨਾ ਜਿਹੇ ‘ਸੇਵਕ ਸੁਰਤੀ’ ਵਾਲੇ ਕਾਰਜਾਂ ਵਲ ਝੁਕ ਜਾਂਦੇ ਹਨ। ਇਸ ਨਾਲ ਗੁਰੂ ਸਾਹਿਬ ਦੇ ਸਿੱਖਾਂ ਦਾ ਕਿਰਦਾਰ ਨਿਰਭਉ ਤੇ ਨਿਰਵੈਰ ਦੇ ਪ੍ਰਤਿਭਾਸ਼ਾਲੀ ਗੁਣਾਂ ਉਤੇ ਉਸਰਨ ਦੀ ਥਾਂ ਚਾਕਰ ਬੁੱਧੀ ਦੀ ਬੁਨਿਆਦ ‘ਤੇ ਉਸਰਦਾ ਹੈ। ਦੂਜੇ ਉਹ ਵਿਗਿਆਨ ਭਾਵ ਪ੍ਰਗਤੀ ਤੋਂ ਦੂਰ ਤੇ ਸੰਪਰਦਾਇਕਤਾ ਦੇ ਨੇੜੇ ਚਲੇ ਜਾਂਦੇ ਹਨ।
ਸੰਪਰਦਾਇਕਤਾ ਗੁਰ-ਸਿੱਖੀ ਦੇ ਉਲਟ ਹੈ ਤੇ ਗੁਰੂ ਸਾਹਿਬ ਦੇ ਦੱਸੇ ‘ਸਭਨਾ ਜੀਆ ਕਾ ਇਕੁ ਦਾਤਾ’ ਦੇ ਸਿਧਾਂਤ ਦੀ ਉਲੰਘਣਾ ਕਰਦਾ ਹੈ। ਤੀਜੇ ਇਹ ਕਿ ਅਜਿਹੀ ਅਣਉਚਿਤ ਵਿਆਖਿਆ ਕਾਰਨ ਥੋੜੀ ਬਹੁਤ ਵਿਗਿਆਨਕ ਸਮਝ ਵਾਲੇ ਅਜੋਕੇ ਵਿਦਵਾਨ ਵੀ ਆਪਣੀ ਨਿਰਪੱਖ ‘ਨਦਰਿ’ ਖੋ ਬੈਠਦੇ ਹਨ। ਉਹ ਬਿਨਾ ਸੋਚੇ ਸਮਝੇ ਕਹਿਣ ਲਗਦੇ ਹਨ ਕਿ ਗੁਰੂ ਸਾਹਿਬ ਤਰਕਸ਼ੀਲ ਨਹੀਂ ਸਗੋਂ ਪ੍ਰਭੂ ਭਗਤ ਸਨ। ਉਨ੍ਹਾਂ ਦੀ ਮੰਨੋ ਤਾਂ ਗੁਰੂ ਸਾਹਿਬ ਦਾ ਤਰਕ ਵਿਵੇਕ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਸੀ। ਇਸ ਦੇ ਪ੍ਰਭਾਵ ਹੇਠ ਕਈ ਵਿਦਵਾਨ ਬਿਨਾ ਪੜ੍ਹੇ ਸਮਝੇ ‘ਹਉਮੈ’ ਵਿਚ ਉਲਾਰ ਹੋ ਜਾਂਦੇ ਹਨ ਅਤੇ ਕਈਆਂ ਦੇ ਬਾਣੀ ਤੇ ਵਿਗਿਆਨ ਬਾਰੇ ਸੰਕਲਪ ਹੀ ਉਲਟ ਪੁਲਟ ਹੋ ਜਾਂਦੇ ਹਨ। ਉਨ੍ਹਾਂ ਅਨੁਸਾਰ ਗੁਰੂ ਨਾਨਕ ਨੂੰ ਅਧਿਆਤਮਵਾਦੀ ਕਹਿਣ ਵਾਲੇ ਨਿੰਦਨੀ ਹਨ, ਕਿਉਂਕਿ ਇਸ ਮਾਨਤਾ ਦਾ ਲਾਭ ਡੇਰੇਦਾਰ ਸਾਧ ਉਠਾਉਂਦੇ ਹਨ। ਦੂਜੇ ਪਾਸੇ ਉਹ ਗੁਰੂ ਸਾਹਿਬ ਨੂੰ ਵਿਗਿਆਨੀ ਦੱਸਣ ਵਾਲੇ ਵੀ ਨਿਖੇਧੀ ਦੇ ਪਾਤਰ ਹਨ, ਕਿਉਂਕਿ ਉਨ੍ਹਾਂ ਦੇ ਇਸ ਤਰ੍ਹਾਂ ਕਹਿਣ ਦਾ ਫਾਇਦਾ ਡੇਰੇਦਾਰ ਸਾਧ ਚੁੱਕਦੇ ਹਨ! ਸ਼ਾਇਦ ਉਨ੍ਹਾਂ ਦੀ ਵੱਡੀ ਸਮੱਸਿਆ ਡੇਰੇਦਾਰ ਸਾਧ ਸੰਤ ਹੀ ਹਨ। ਜੇ ਡੇਰਿਆਂ ਤੋਂ ਬਾਹਰ ਬੈਠੇ ਪੁਜਾਰੀ ਤੇ ਪ੍ਰਚਾਰਕ ਕੋਈ ਲਾਭ ਉਠਾਉਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਜਾਪਦਾ! ਅਜਿਹੀ ਮਾਨਸਿਕਤਾ ਵਿਚੋਂ ਵਿਵੇਕ ਤੇ ਬੌਧਿਕਤਾ ਤੋਂ ਬਿਨਾ ਹੋਰ ਸਭ ਕੁਝ ਝਲਕਦਾ ਹੈ।
ਵਿਦਵਾਨ ਭਾਵੇਂ ਕੁਝ ਵੀ ਕਹਿਣ, ਪਰ ਜਪੁਜੀ ਦੀਆਂ ਸਭ ਕੜੀਆਂ ਆਪਸ ਵਿਚ ਇੰਨੇ ਚੰਗੇ ਤਰੀਕੇ ਨਾਲ ਜੁੜੀਆਂ ਹੋਈਆਂ ਹਨ ਕਿ ਉਨ੍ਹਾਂ ਦੇ ਤਰਕਪੂਰਣ ਵਿਚਾਰਾਂ ਨੂੰ ਸਮਝਣ ਵਿਚ ਕਿਸੇ ਨੂੰ ਕੋਈ ਕਠਿਨਾਈ ਨਹੀਂ ਹੋ ਸਕਦੀ। ਸਭ ਪਉੜੀਆਂ ਵਿਚੋਂ ਗੁਰੂ ਸਾਹਿਬ ਦੀ ਵਿਗਿਆਨਕ ਸੋਚ ਤੇ ਤਰਕ ਵਿਵੇਕ ਆਪ ਮੁਹਾਰੇ ਉਭਰ ਕੇ ਸਾਹਮਣੇ ਆਉਂਦੇ ਹਨ। ਇਹ ਤੱਥ ਛੇਵੀਂ ਪਉੜੀ ਦੇ ਅਧਿਐਨ ਤੋਂ ਭਲੀ ਭਾਂਤ ਪਤਾ ਲਗਦੇ ਹਨ,
ਤੀਰਥਿ ਨਾਵਾ ਜੇ ਤਿਸੁ ਭਾਵਾ
ਵਿਣੁ ਭਾਣੇ ਕਿ ਨਾਇ ਕਰੀ॥
ਜੇਤੀ ਸਿਰਠਿ ਉਪਾਈ ਵੇਖਾ
ਵਿਣੁ ਕਰਮਾ ਕਿ ਮਿਲੈ ਲਈ॥
ਮਤਿ ਵਿਚਿ ਰਤਨ ਜਵਾਹਰ ਮਾਣਿਕ
ਜੇ ਇਕ ਗੁਰ ਕੀ ਸਿਖ ਸੁਣੀ॥
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ
ਸੋ ਮੈ ਵਿਸਰਿ ਨ ਜਾਈ॥੬॥
ਇਹ ਪਉੜੀ ਪੰਜ ਸਤਰਾਂ ਦੀ ਹੈ ਤੇ ਇਹ ਜਪੁਜੀ ਦੀਆਂ ਛੋਟੀਆਂ ਪਉੜੀਆਂ ਵਿਚੋਂ ਇਕ ਹੈ। ਇਸ ਪਿੱਛੇ ਸ਼ਨਾਖਤੀ ਸ਼ਬਦ ‘ਨਾਨਕ’ ਨਹੀਂ ਲੱਗਾ ਹੋਇਆ, ਇਸ ਲਈ ਇਹ ਵਿਸ਼ੇਸ਼ ਘਾੜ੍ਹਤ ਵਾਲੀ ਰਚਨਾ ਹੈ। ਇਹ ਆਪਣੇ ਤੋਂ ਪਹਿਲੀਆਂ ਪਉੜੀਆਂ ਦੀ ਰੌਂਅ ਵਿਚ ਹੀ ਚਲਦੀ ਹੈ। ਇਸ ਤੋਂ ਪਹਿਲੀ ਪਉੜੀ ਵਿਚ ਗੁਰੂ ਸਾਹਿਬ ਨੇ ਕੁਦਰਤ ਅਤੇ ਕੁਦਰਤ ਦੇ ਨਿਯਮ ਪਛਾਣਨ ਦੀ ਸਿੱਖਿਆ ਦਿੱਤੀ ਸੀ। ਉਨ੍ਹਾਂ ਨੇ ਫੁਰਮਾਇਆ ਸੀ ਕਿ ਕੁਦਰਤੀ ਨਿਯਮ ਤਿਆਗ ਕੇ ਕਲਪਿਤ ਦੇਵੀ ਦੇਵਤਿਆਂ ਨੂੰ ਖੁਸ਼ ਕਰਨਾ ਤੇ ਉਨ੍ਹਾਂ ਕੋਲੋਂ ਦਾਤਾਂ ਮੰਗਣਾ ਇਕ ਗੁਮਰਾਹ ਕਰਨ ਵਾਲਾ ਭਾਵ ਪਖੰਡਮਈ ਕਾਰਜ ਹੈ। ਪਖੰਡਾਂ ਦੀ ਨਿਖੇਧੀ ਦੀ ਗੱਲ ਨੂੰ ਅੱਗੇ ਤੋਰਦਿਆਂ ਇਸ ਪਉੜੀ ਵਿਚ ਉਨ੍ਹਾਂ ਨੇ ਤੀਰਥ ਨਹਾਉਣ ਦੀ ਪ੍ਰਥਾ ਨੂੰ ਬੇਅਰਥ ਤੇ ਬੇਬੁਨਿਆਦ ਦੱਸਿਆ ਹੈ। ਇਸ ਪਉੜੀ ਵਿਚ ਗੁਰੂ ਸਾਹਿਬ ਲਿਖਦੇ ਹਨ, ‘ਮੈਂ ਤੀਰਥ ਨਹਾਉਣ ਤਾਂ ਜਾਵਾਂ ਜੇ ਉਥੇ ਸ੍ਰਿਸ਼ਟੀ ਦੇ ਕਾਰਕ ਨੂੰ ਲੱਭ ਸਕਾਂ। ਬਿਨਾ ਖੋਜਿਆਂ ਤੀਰਥ ਇਸ਼ਨਾਨ ਦਾ ਕੀ ਫਾਇਦਾ?’ ਉਹ ਕਹਿੰਦੇ ਹਨ ਕਿ ਉਹ ਤੀਰਥ ਨਹਾਉਣ ਕਿਉਂ ਜਾਣ, ਜਦੋਂ ਕਿ ਇਸ ਕਾਰਜ ਦਾ ਉਨ੍ਹਾਂ ਦੇ ਉਦੇਸ਼ ਨਾਲ ਕੋਈ ਸਬੰਧ ਹੀ ਨਹੀਂ।
ਗੁਰੂ ਸਾਹਿਬ ਪਰਮ ਸਤਿ ਦੀ ਖੋਜ ਨੂੰ ਪ੍ਰਣਾਏ ਹਨ ਤੇ ਤੀਰਥ ਇਸ਼ਨਾਨ ਨੂੰ ਇਸ ਉਦੇਸ਼ ਨਾਲ ਜੋੜ ਕੇ ਦੇਖਦੇ ਹਨ। ਉਹ ਇਸ ਸਿੱਟੇ ‘ਤੇ ਪੁੱਜਦੇ ਹਨ ਕਿ ਤੀਰਥ ਇਸ਼ਨਾਨ ਸੱਚ ਦੀ ਖੋਜ ਲਈ ਯੋਗ ਕਾਰਕ ਨਹੀਂ ਹੈ। ਕਾਰਜ ਅਨੁਕੂਲ ਨਾ ਹੋਣ ਕਰਕੇ ਉਹ ਇਸ ਪ੍ਰਥਾ ਨੂੰ ਨਕਾਰਦੇ ਹਨ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਵੇਲਿਆਂ ਦੇ ਨਾਥ ਜੋਗੀ ਤੇ ਬ੍ਰਾਹਮਣ ਪੁਜਾਰੀ ਤੀਰਥ ਇਸ਼ਨਾਨ ਨੂੰ ਰੱਬ ਪ੍ਰਾਪਤੀ ਦਾ ਇਕ ਵੱਡਾ ਸਾਧਨ ਮੰਨਦੇ ਸਨ ਤੇ ਲੋਕਾਂ ਨੂੰ ਗਲਤ ਰਾਹ ‘ਤੇ ਪਾਉਂਦੇ ਸਨ। ਗੁਰੂ ਸਾਹਿਬ ਨੇ ਇਸ ਮਨੌਤ ਦਾ ਖੁਲ੍ਹੇ ਤੌਰ ‘ਤੇ ਖੰਡਨ ਕੀਤਾ।
ਇੱਥੇ ਰੁਕ ਕੇ ਉਨ੍ਹਾਂ ਸਾਰੇ ਸਿੱਖ ਵਿਦਵਾਨਾਂ ਤੇ ਵਿਗਿਆਨੀਆਂ ਕੋਲੋਂ ਇਹ ਗੱਲ ਪੁੱਛਣੀ ਬਣਦੀ ਹੈ ਕਿ ਜੇ ਗੁਰੂ ਸਾਹਿਬ ਇਕ ਅਧਿਆਤਮਕ ਚਿੰਤਕ ਹੁੰਦੇ ਭਾਵ ਵਿਵੇਕ ਗਿਆਨ ਤੋਂ ਦੂਰ ਹੁੰਦੇ, ਤਾਂ ਉਹ ਵੀ ਦੂਜੇ ਅਧਿਆਤਮਵਾਦੀਆਂ ਵਾਂਗ ਹੀ ਇਹ ਮੰਨ ਲੈਂਦੇ ਕਿ ਤੀਰਥ ਨਹਾਉਣ ਦੇ ਬਹੁਤ ਲਾਭ ਹਨ ਤੇ ਤੀਰਥ ਇਸ਼ਨਾਨ ਨਾਲ ਰੱਬ ਮਿਲਦਾ ਹੈ। ਫਿਰ ਅਜਿਹਾ ਕਿਹੜਾ ਅਧਿਆਤਮਵਾਦੀ ਵਿਚਾਰ ਹੈ, ਜੋ ਉਨ੍ਹਾਂ ਨੂੰ ਇਹ ਮੰਨਣ ਤੋਂ ਰੋਕ ਸਕਦਾ ਸੀ? ਜੇ ਅਜਿਹਾ ਕੋਈ ਕਾਰਨ ਨਹੀਂ ਸੀ, ਫਿਰ ਉਹ ਅਧਿਆਤਮਵਾਦੀ ਕਿਵੇਂ ਹੋਏ? ਇਹ ਉਨ੍ਹਾਂ ਦੀ ਵਿਗਿਆਨਕ ਸੋਚ ਸੀ, ਜੋ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਪਖੰਡਾਂ ਦੀ ਨਿਖੇਧੀ ਕਰਨ ਲਈ ਪ੍ਰੇਰਦੀ ਸੀ। ਕਈ ਸਿਰੜੀ ਵਿਗਿਆਨੀ ਫਿਰ ਵੀ ਕਹਿਣਗੇ ਕਿ ਉਹ ਵਿਗਿਆਨਕ ਸੋਚ ਦੇ ਧਾਰਨੀ ਤਾਂ ਸਨ, ਪਰ ਵਿਗਿਆਨੀ ਨਹੀਂ ਸਨ। ਅਜਿਹੇ ਗਿਆਨੀਆਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਕਾਰਨ ਤੇ ਪ੍ਰਭਾਵ ਉਚ ਵਿਗਿਆਨ ਦੀਆਂ ਦਵੰਧਾਤਮਕ ਸ਼੍ਰੇਣੀਆਂ (ਦਅਿਲeਚਟਚਿਅਲ ਚਅਟeਗੋਰਇਸ) ਦਾ ਸਭ ਤੋਂ ਅਹਿਮ ਜੋਟਾ ਹਨ। ਇਸ ਨੂੰ ਸਿਰਫ ਵਿਗਿਆਨੀ ਹੀ ਸਮਝ ਸਕਦੇ ਹਨ। ਅਧਿਆਤਮਵਾਦੀ ਤਾਂ ਹਰ ਸਿੱਟੇ ਦਾ ਕਾਰਕ ਰੱਬ ਨੂੰ ਮੰਨਦੇ ਹਨ ਤੇ ਕਿਸੇ ਹੋਰ ਕਾਰਨ ਵਲ ਵੇਖਦੇ ਹੀ ਨਹੀਂ। ਜੇ ਗੁਰੂ ਸਾਹਿਬ ਨੇ ਤੀਰਥ ਇਸ਼ਨਾਨ ਨੂੰ ਇਕ ਕਾਰਕ ਵਜੋਂ ਇਸ ਕਰ ਕੇ ਰੱਦ ਕਰ ਦਿੱਤਾ ਕਿ ਇਸ ਦਾ ਸਿੱਟਾ ਪਰਮ ਸਤਿ ਦੀ ਭਾਲ ਦੇ ਅਨੁਕੂਲ ਨਹੀਂ ਤਾਂ ਉਹ ਵਿਗਿਆਨੀ ਕਿਵੇਂ ਨਾ ਹੋਏ? ਜੇ ਉਹ ਕਹਿੰਦੇ ਹਨ ਕਿ ਤੀਰਥ ਇਸ਼ਨਾਨ ਦਾ ਸੱਚ ਦੀ ਖੋਜ ਨਾਲ ਕੋਈ ਸਬੰਧ ਨਹੀਂ ਹੈ ਤਾਂ ਉਹ ਵਿਗਿਆਨੀ ਹੀ ਮੰਨੇ ਜਾਣਗੇ, ਕਿਉਂਕਿ ਉਹ ਕਾਰਨ ਅਤੇ ਸਿੱਟੇ ਦੀ ਪਰਸਪਰਤਾ ਦਾ ਵਿਸੇ.ਸ਼ ਧਿਆਨ ਰੱਖਦੇ ਸਨ।
ਇਹ ਸਭ ਸਮਝਦਿਆਂ ਵੀ ਸਭ ਸਿੱਖ ਵਿਦਵਾਨ ਤੇ ਪੁਜਾਰੀ ਰਵਾਇਤੀ ਸਤਿਕਾਰ ਵਜੋਂ ਸਿੱਖ ਤੀਰਥਾਂ ਨੂੰ ਗੁਰੂ ਸਾਹਿਬ ਦੀ ਤੀਰਥ-ਨਿਖੇਧੀ ਸਿੱਖਿਆ ਤੋਂ ਬਾਹਰ ਰੱਖਦੇ ਹਨ। ਇਹ ਮਨਮੱਤ (ਹਉਮੈ) ਹੈ, ਕਿਉਂਕਿ ਕੁਦਰਤ ਦਾ ਹੁਕਮ ਕਿਸੇ ਦੀਆਂ ਭਾਵਨਾਵਾਂ ਅਨੁਸਾਰ ਨਹੀਂ ਚਲਦਾ। ਕੁਦਰਤ ਦਾ ਹੁਕਮ ਨਿਰਵੈਰ ਹੈ, ਭਾਵ ਇਹ ਸਭ ਲਈ ਬਰਾਬਰ ਹੈ, ਇਸ ਲਈ ਇਹ ਇਕ ਤੀਰਥ ਇਸ਼ਨਾਨ ਤੇ ਦੂਜੇ ਤੀਰਥ ਇਸ਼ਨਾਨ ਵਿਚ ਵਿਤਕਰਾ ਨਹੀਂ ਕਰਦਾ। ਗੁਰੂ ਸਾਹਿਬ ਅਨੁਸਾਰ ਤੀਰਥ ਇਸ਼ਨਾਨ ਕਿਤੇ ਵੀ ਹੋਵੇ, ਸੱਚ ਦੀ ਖੋਜ ਲਈ ਯੋਗ ਕਾਰਜ ਨਹੀਂ ਹੈ।
ਕਾਰਕ ਤੇ ਸਿੱਟੇ ਦਾ ਸਬੰਧ ਸਥਾਪਤ ਕਰਨਾ ਗੁਰੂ ਸਾਹਿਬ ਦੇ ਵਿਗਿਆਨਕ ਦ੍ਰਿਸ਼ਟੀਕੋਣ ਦਾ ਇਕ ਪਹਿਲੂ ਹੈ। ਇਸ ਦਾ ਦੂਜਾ ਪਹਿਲੂ ਇਸ ਪਉੜੀ ਦੀ ਦੂਜੀ ਪੰਕਤੀ ਵਿਚ ਦਰਜ ਹੈ। ਇਸ ਪੰਕਤੀ ਵਿਚ ਉਹ ਲਿਖਦੇ ਹਨ, ‘ਜਿੰਨੀ ਸ੍ਰਿਸ਼ਟੀ ਉਪਜੀ ਹੋਈ ਹੈ, ਉਸ ਨੂੰ ਵੇਖ ਲਵੋ, ਬਿਨਾ ਕਰਮਾਂ ਤੋਂ ਕੀ ਮਿਲਦਾ ਹੈ ਤੇ ਕੀ ਲੈ ਸਕੀਦਾ ਹੈ।’ ਗੁਰੂ ਸਾਹਿਬ ਦੇ ਸਿੱਖੀ ਸਿਧਾਂਤ ਵਿਚ ਕਰਮ ਦਾ ਅਰਥ ਉਹ ਯੋਗ ਕੰਮ ਹੈ, ਜੋ ਇਕ ਖਾਸ ਸਿੱਟਾ ਪ੍ਰਾਪਤ ਕਰਨ ਲਈ ਢੁਕਵਾਂ ਹੈ। ਉਨ੍ਹਾਂ ਅਨੁਸਾਰ ਭਾਵੇਂ ਸੰਸਾਰ ਦਾ ਚੱਪਾ ਚੱਪਾ ਵੇਖ ਲਵੋ, ਕਿਤੇ ਵੀ ਢੁਕਵੇਂ ਕੰਮ ਤੋਂ ਬਿਨਾ ਲੋੜੀਂਦਾ ਸਿੱਟਾ ਪ੍ਰਾਪਤ ਨਹੀਂ ਹੁੰਦਾ। ਉਨ੍ਹਾਂ ਨੇ ਕਿਸੇ ਧਾਰਮਿਕ ਲਿਖਤ ਨੂੰ ਪੜ੍ਹ ਕੇ ਜਾਂ ਰੱਬ ਦਾ ਹਵਾਲਾ ਦੇ ਕੇ ਅਜਿਹਾ ਨਹੀਂ ਕਿਹਾ। ਨਾ ਹੀ ਉਨ੍ਹਾਂ ਨੇ ਇਹ ਗੱਲ ਕਿਸੇ ਅੰਤਰ ਅਨੁਭਵ ਜਾਂ ਅਧਿਆਤਮਕ ਗਿਆਨ ਦੇ ਬਲਬੂਤੇ ਕਹੀ ਹੈ। ਉਹ ਇੱਦਾਂ ਕਹਿ ਸਕਦੇ ਸਨ, ਪਰ ਇਸ ਤਰ੍ਹਾਂ ਕਰਨ ਨਾਲ ਅਧਿਆਤਮਕ ਚਿੰਤਕ ਅਖਵਾਉਂਦੇ। ਉਨ੍ਹਾਂ ਨੇ ਪੂਰੇ ਸੰਸਾਰ ਨੂੰ ਦੇਖਣ-ਪਰਖਣ ਪਿਛੋਂ ਇਹ ਗੱਲ ਕਹੀ ਹੈ।
ਆਧੁਨਿਕ ਵਿਗਿਆਨ ਦੇ ਵਿਧੀ-ਵਿਧਾਨ ਵਿਚ ਇਸ ਨੂੰ ਅਨੁਭਵੀ ਪਹੁੰਚ (eਮਪਰਿਚਿਅਲ ਅਪਪਰੋਅਚਹ) ਕਹਿੰਦੇ ਹਨ। ਅਨੁਭਵੀ ਪਹੁੰਚ ਵਿਚ ਯਥਾਰਥਕ ਜਾਣਕਾਰੀ ਲਈ ਯਥਾਰਥ ਤੋਂ ਅੰਕੜੇ ਇੱਕਠਾ ਕਰਨ ਨੂੰ ਸਿੱਧਾ ਨਿਰੀਖਣ ਕਹਿੰਦੇ ਹਨ। ਸਿੱਧਾ ਨਿਰੀਖਣ ਖੋਜ ਦਾ ਸਭ ਤੋਂ ਵਿਸ਼ਵਾਸਯੋਗ ਢੰਗ ਮੰਨਿਆ ਗਿਆ ਹੈ। ਇਸ ਲਈ ਗੁਰੂ ਸਾਹਿਬ ਨੇ ਆਪਣੇ ਕਰਮ ਅਤੇ ਪ੍ਰਭਾਵ ਦੇ ਸਿਧਾਂਤ ਨੂੰ ਕਿਸੇ ਅਧਿਆਤਮਕ ਢੰਗ ਨਾਲ ਨਹੀਂ, ਸਗੋਂ ਵਿਗਿਆਨ ਦੇ ਸਭ ਤੋਂ ਭਰੋਸੇਯੋਗ ਢੰਗ ਨਾਲ ਅਜ਼ਮਾ ਕੇ ਸਥਾਪਤ ਕੀਤਾ ਹੈ। ਉਨ੍ਹਾਂ ਨੇ 15ਵੀਂ ਸਦੀ ਵਿਚ ਉਹ ਕੰਮ ਕਰ ਵਿਖਾਇਆ ਹੈ, ਜੋ ਆਧੁਨਿਕ ਵਿਗਿਆਨੀ ਅੱਜ ਕਰ ਰਹੇ ਹਨ। ਕਈ ਵਿਦਵਾਨ ਕਹਿਣਗੇ ਕਿ ਇਹ ਇਕ ਅਤਿ-ਕਥਨੀ ਹੈ, ਜੋ ਮੱਲੋ-ਮੱਲੀ ਗੁਰੂ ਸਾਹਿਬ ਦੇ ਗਲ ਕ੍ਰਿਸ਼ਮਈ ਵਿਗਿਆਨਕਤਾ ਮੜ੍ਹ ਰਹੀ ਹੈ; ਪਰ ਇੱਦਾਂ ਕਹਿ ਕੇ ਉਹ ਕੁਝ ਵਧੇਰੇ ਹੀ ਸਿਆਣੇ ਬਣਨ ਦੀ ਕੋਸ਼ਿਸ ਕਰ ਰਹੇ ਹੋਣਗੇ, ਕਿਉਂਕਿ ਗੁਰੂ ਸਾਹਿਬ ਤਾਂ ਕਿਸੇ ਕਿਸਮ ਦਾ ਭਰਮ ਭੁਲੇਖਾ ਪਾਲਦੇ ਹੀ ਨਹੀਂ ਸਨ। ਉਹ ਤਾਂ ਹਮੇਸ਼ਾ ਅਨੁਭਵ-ਪ੍ਰੇਰਿਤ ਤੀਬਰ ਆਮ-ਸਮਝ (ਅਚੁਟe ਚੋਮਮੋਨ-ਸeਨਸe ਗੁਦਿeਦ ਬੇ eਣਪeਰਇਨਚe) ਦੇ ਧਾਰਨੀ ਰਹੇ ਹਨ।
ਇਸ ਪਉੜੀ ਦੀਆਂ ਉਪਰੋਕਤ ਦੋਹਾਂ ਤੁਕਾਂ ਨੂੰ ਸਾਂਝਾ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਵਿਗਿਆਨਕ ਵਿਧੀ ਦੇ ਸਿੱਧੇ ਨਿਰੀਖਣ ਨੂੰ ਭਰੋਸੇਯੋਗਤਾ ਪੱਖੋਂ ਸਰਬ ਉਤਮ ਮੰਨਦੇ ਸਨ। ਉਹ ਕਹਿੰਦੇ ਹਨ ਕਿ ਸੰਸਾਰ ਵਿਚ ਭਾਵੇਂ ਕਿਤੇ ਵੀ ਜਾ ਕੇ ਵੇਖ ਲਵੋ, ਜਾਂ ਉਨ੍ਹਾਂ ਨੇ ਸੰਸਾਰ ਵਿਚ ਥਾਂ ਥਾਂ ਜਾ ਕੇ ਵੇਖਿਆ ਹੈ, ਹਰ ਥਾਂ ਕਿਸੇ ਫਲ ਨੂੰ ਪ੍ਰਾਪਤ ਕਰਨ ਲਈ ਯੋਗ ਕਰਮ ਭਾਵ ਢੁਕਵੇਂ ਕਾਰਜ ਦੀ ਲੋੜ ਹੁੰਦੀ ਹੈ। ਲਿਖਣ ਲਈ ਕਲਮ ਚਲਾਉਣੀ, ਲੱਕੜ ਵੱਢਣ ਲਈ ਕੁਹਾੜੀ ਚਲਾਉਣੀ ਤੇ ਮਿੱਟੀ ਪੁੱਟਣ ਲਈ ਕਹੀ ਚਲਾਉਣੀ ਯੋਗ ਕਾਰਜ ਭਾਵ ਕਰਮ ਹਨ। ਪਰ ਲੱਕੜ ਵੱਢਣ ਲਈ ਜੀਭ ਚਲਾਉਣੀ, ਮਿੱਟੀ ਪੁੱਟਣ ਲਈ ਤਲਵਾਰ ਚਲਾਉਣੀ ਤੇ ਲਿਖਣ ਲਈ ਡਾਂਗ ਚਲਾਉਣੀ ਕਰਮ ਭਾਵ ਯੋਗ ਕਾਰਜ ਨਹੀਂ ਹਨ। ਦੁਨੀਆਂ ਵਿਚ ਭਾਵੇਂ ਕਿਤੇ ਵੀ ਜਾ ਕੇ ਵੇਖ ਲਵੋ ਖਾਸ ਉਦੇਸ਼ਾਂ ਲਈ ਖਾਸ ਕੰਮ ਵਿਸ਼ੇਸ਼ ਕਰਮ ਹੀ ਕਾਮਯਾਬ ਸਿੱਧ ਹੋਣਗੇ। ਇਸ ਲਈ ਤੀਰਥ ਨਹਾਉਣਾ ਸੱਚ ਦੀ ਖੋਜ ਲਈ ਕਰਮ ਨਹੀਂ ਹੈ, ਅਰਥਾਤ ਯੋਗ ਕਾਰਜ ਨਹੀਂ ਹੈ।
ਇੰਨਾ ਦੱਸ ਕੇ ਗੁਰੂ ਸਾਹਿਬ ਕਹਿੰਦੇ ਹਨ, ‘ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥’ ਅਰਥਾਤ ਜੇ ਇਸ ਨੁਕਤੇ ਦੀ ਗੱਲ ਨੂੰ ਭਾਵ ਗੁਰ ਨੂੰ ਪੱਲੇ ਬੰਨ ਲਿਆ ਜਾਵੇ ਤਾਂ ਅਕਲ ਵਿਚ ਰਤਨ ਜਵਾਹਰ ਮਾਣਿਕ ਆਦਿ ਕੀਮਤੀ ਪੱਥਰ ਜੜੇ ਜਾਣਗੇ, ਭਾਵ ਇਸ ਗੁਰ ਨੂੰ ਸਮਝਣ ਨਾਲ ਸਮਝਦਾਰੀ ਵਿਚ ਹੀਰੇ ਜਵਾਹਰਾਤਾਂ ਜਿਹੀ ਵਡਮੁੱਲਤਾ ਆ ਜਾਵੇਗੀ। ਇਹ ਇਕ ਬੁਨਿਆਦੀ ਗੁਰ ਦੀ ਗੱਲ ਹੈ ਕਿ ਖਾਸ ਕਾਰਕ ਖਾਸ ਨਤੀਜਿਆਂ ਨਾਲ ਜੁੜੇ ਹੁੰਦੇ ਹਨ। ਇਕ ਕਾਰਕ ਨੇ ਜੋ ਨਤੀਜਾ ਦੇਣਾ ਹੈ, ਉਹ ਓਹੀ ਦੇਵੇਗਾ, ਦੂਜਾ ਨਹੀਂ। ਕਾਰ ਇੰਜਣ ਦੀ ਰੇਸ ਦਬਾਉਣ ਨਾਲ ਹੀ ਦੌੜੇਗੀ, ਬਰੇਕ ਨੂੰ ਦੱਬਣ ਨਾਲ ਨਹੀਂ। ਕਾਰਜ ਤੇ ਸਿੱਟੇ ਵਿਚਾਲੇ ਇਸ ਸਬੰਧ ਨੂੰ ਜੇ ਕੋਈ ਸੋਚ ਵਿਚ ਬਿਠਾ ਲਵੇ ਤਾਂ ਉਸ ਦੀ ਸਮਝ ਕੀਮਤੀ ਬਣ ਜਾਵੇਗੀ। ਗੁਰੂ ਸਾਹਿਬ ਕਹਿੰਦੇ ਹਨ ਕਿ ਉਨ੍ਹਾਂ ਨੇ ਇਹ ਗੁਰ ਸਾਰੀ ਦੁਨੀਆਂ ਨੂੰ ਦੇਖ ਪਰਖ ਕੇ ਅਜ਼ਮਾਇਆ ਹੈ, ਭਾਵ ਇਹ ਵਿਸ਼ਵ-ਵਿਆਪੀ ਨਿਯਮ ਹੈ।
ਇਸ ਗੁਰ ਨੂੰ ਜੀਵਾਂ ‘ਤੇ ਲਾਗੂ ਕਰਦਿਆਂ ਗੁਰੂ ਸਾਹਿਬ ਫਿਰ ਇਸ ਸਿੱਟੇ ‘ਤੇ ਪਹੁੰਚਦੇ ਹਨ ਕਿ ਸਭ ਜੀਵਾਂ ਦਾ ਇਕੋ ਦਾਤਾ ਹੈ। ਉਨ੍ਹਾਂ ਅਨੁਸਾਰ ਜੇ ਇਕ ਕਾਰਕ ਦੇ ਇਕੋ ਤਰ੍ਹਾਂ ਦੇ ਬਹੁਤ ਸਾਰੇ ਸਿੱਟੇ ਨਿਕਲਦੇ ਹੋਣ ਤਾਂ ਉਨ੍ਹਾਂ ਸਭ ਦਾ ਯੋਗ ਕਾਰਕ ਇਕੋ ਹੋਵੇਗਾ। ਜੇ ਇਕ ਬਾਰੂਦੀ ਵਿਸਫੋਟ ਵਿਚੋਂ ਹਜ਼ਾਰਾਂ ਚੰਗਿਆੜੇ ਨਿਕਲਦੇ ਹਨ ਤਾਂ ਇਨ੍ਹਾਂ ਹਜ਼ਾਰਾਂ ਦਾ ਕਾਰਕ ਇਕ ਵਿਸਫੋਟ ਹੈ। ਇਸੇ ਤਰ੍ਹਾਂ ਸੰਸਾਰ ਦੇ ਸਭ ਪ੍ਰਾਣੀ ਇਕੋ ਕਾਰਕ ਤੋਂ ਉਪਜੇ ਹਨ। ਸਭ ਜੀਵਾਂ ਦੇ ਜੀਵਨ ਤੇ ਗੁਣ ਇਕੋ ਜਿਹੇ ਹਨ ਭਾਵ ਸਾਰੇ ਜੰਮਦੇ ਹਨ, ਮਰਦੇ ਹਨ, ਭੋਜਨ ਖਾਂਦੇ ਹਨ, ਸਾਹ ਲੈਂਦੇ ਹਨ, ਤੇ ਸਭ ਦੇ ਮੁੱਖ ਗੁਣ ਤੇ ਲੋੜਾਂ ਇਕੋ ਜਿਹੀਆਂ ਹਨ। ਇਸ ਲਈ ਇਹ ਸਾਰੇ ਇਕੋ ਕਾਰਕ ਤੋਂ ਉਪਜੇ ਸਿੱਟੇ ਹਨ। ਇਸ ਲਈ ਇਨ੍ਹਾਂ ਸਭ ਦਾ ਇਕੋ ਸੋਮਾ ਭਾਵ ਕਾਰਕ ਹੈ ਤੇ ਇਕੋ ਦਾਤਾ ਹੈ, ਜੋ ਉਨ੍ਹਾਂ ਦੀਆਂ ਸਭ ਜੀਵਨ ਲੋੜਾਂ ਪੂਰੀਆਂ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਕੋਈ ਭੁਲਾ ਦੇਣ ਵਾਲਾ ਨਿਯਮ ਨਹੀਂ ਹੈ, ਇਸ ਲਈ ਇਸ ਨੂੰ ਪੱਕਾ ਯਾਦ ਕਰ ਲਿਆ ਜਾਵੇ। ਇਹੀ ਸਿੱਟਾ ਉਨ੍ਹਾਂ ਨੇ ਪਿਛਲੀ ਪਉੜੀ ਵਿਚ ਕੱਢਿਆ ਸੀ।
ਅੰਤ ਵਿਚ ਇਸ ਪਉੜੀ ਦੇ ਅਧਿਐਨ ਤੋਂ ਦੋ ਅਹਿਮ ਗੱਲਾਂ ਸਪਸ਼ਟ ਹੋ ਕੇ ਸਾਹਮਣੇ ਆਉਂਦੀਆਂ ਹਨ। ਪਹਿਲੀ ਇਹ ਕਿ ਗੁਰੂ ਨਾਨਕ ਨੇ ਕਰਮ ਤੇ ਫਲ ਦੇ ਸਿਧਾਂਤ ਨੂੰ ਨਵੀਂ ਸੇਧ ਦਿੱਤੀ ਹੈ। ਗੀਤਾ ਆਦਿ ਹਿੰਦੂ ਧਾਰਮਿਕ ਗ੍ਰੰਥਾਂ ਵਿਚ ਇਸ ਸਿਧਾਂਤ ਨੂੰ ਅਧਿਆਤਮਕ ਰੂਪ ਵਿਚ ਵਰਤਿਆ ਗਿਆ ਸੀ, ਜਿਸ ‘ਤੇ ਸਾਰਾ ਬ੍ਰਾਹਮਣਵਾਦੀ ਢਾਂਚਾ ਟਿਕਿਆ ਹੋਇਆ ਹੈ। ਇਸ ਅਨੁਸਾਰ ਇਸ ਅਸਥਿਰ ਤੇ ਵਿਨਾਸ਼ਮਈ ਸੰਸਾਰ ਵਿਚ ਕੀਤੇ ਕਰਮਾਂ ਦਾ ਫਲ ਵਿਅਕਤੀ ਨੂੰ ਅਗਲੇ ਜਨਮ ਵਿਚ ਮਿਲਦਾ ਹੈ। ਕਰਮ ਚੰਗੇ ਤੇ ਬੁਰੇ ਦੋ ਤਰ੍ਹਾਂ ਦੇ ਹੁੰਦੇ ਹਨ। ਚੰਗੇ ਕਰਮਾਂ ਦਾ ਫਲ ਚੰਗਾ ਤੇ ਮਾੜਿਆਂ ਦਾ ਫਲ ਮਾੜਾ ਮਿਲਦਾ ਹੈ। ਅੱਗੇ ਚੰਗਾ ਲਾਹਾ ਲੈਣ ਲਈ ਮਨੁੱਖ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ।
ਇਸ ਦੇ ਉਲਟ ਗੁਰੂ ਸਾਹਿਬ ਨੇ ਫਲ ਨੂੰ ਸਿਰਫ ਕੰਮ ਨਾਲ ਜੋੜਿਆ ਤੇ ਕਰਮ-ਫਲ ਦੇ ਸਬੰਧ ਨੂੰ ਇਸ ਯਥਾਰਥਕ ਜੀਵਨ ਦੇ ਸੰਦਰਭ ਵਿਚ ਵੇਖਿਆ। ਉਨ੍ਹਾਂ ਲਈ ਫਲ ਸਿਰਫ ਸਮੂਹਿਕ ਕਰਮਾਂ ਦਾ ਨਹੀਂ, ਸਗੋਂ ਹਰ ਕਰਮ ਦਾ ਆਪਣਾ ਵੀ ਹੁੰਦਾ ਹੈ ਤੇ ਇਹ ਨਾਲ ਦੀ ਨਾਲ ਮਿਲਦਾ ਹੈ। ਹਰ ਕੰਮ ਕਿਸੇ ਖਾਸ ਫਲ ਦੇ ਹੀ ਯੋਗ ਹੁੰਦਾ ਹੈ, ਇਸ ਲਈ ਕਰਮ ਦੀ ਚੋਣ ਚਾਹੇ ਗਏ ਫਲ ਮੁਤਾਬਿਕ ਹੋਣੀ ਚਾਹੀਦੀ ਹੈ। ਜੇ ਕੰਮ ਫਲ ਅਨੁਸਾਰ ਢੁਕਵਾਂ ਨਾ ਹੋਵੇ ਤਾਂ ਇਹ ਉਹ ਫਲ ਨਹੀਂ ਦਿੰਦਾ। ਕੰਮ ਚੰਗੇ ਮਾੜੇ ਨਹੀਂ ਹੁੰਦੇ, ਸਗੋਂ ਯੋਗ ਤੇ ਅਯੋਗ ਭਾਵ ਸਹੀ ਤੇ ਗਲਤ ਹੁੰਦੇ ਹਨ। ਉਨ੍ਹਾਂ ਅਨੁਸਾਰ ਯੋਗ ਕੰਮ ਨੂੰ ਹੀ ਕਰਮ ਕਹਿੰਦੇ ਹਨ।
ਗੁਰੂ ਸਾਹਿਬ ਨੇ ਕਰਮ ਸਿਧਾਂਤ ਨੂੰ ਸੋਧ ਕੇ ਯਥਾਰਥ ਤੇ ਲਾਗੂ ਹੋਣ ਕਾਬਲ ਬਣਾ ਦਿੱਤਾ। ਇਹ ਰੂਪ ਦੇ ਕੇ ਉਨ੍ਹਾਂ ਨੇ ਇਸ ਸਿਧਾਂਤ ਨੂੰ ਇਕ ਵਿਗਿਆਨਕ ਸੇਧ ਦਿੱਤੀ। ਉਨ੍ਹਾਂ ਤੋਂ 150 ਵਰ੍ਹੇ ਪਿਛੋਂ ਪ੍ਰਸਿੱਧ ਵਿਗਿਆਨੀ ਆਈਜ਼ਿਕ ਨਿਊਟਨ ਨੇ ਗਤੀ ਦੇ ਤਿੰਨ ਮਸ਼ਹੂਰ ਨਿਯਮ (ਂeੱਟੋਨ’ਸ .ਅੱਸ ਾ ੰੋਟਿਨ) ਦਿੱਤੇ, ਜੋ ਕਰਮ ਤੇ ਫਲ ਦੇ ਇਸ ਸਬੰਧ ‘ਤੇ ਹੀ ਆਧਾਰਤ ਸਨ। ਇਹ ਤਿੰਨੇ ਨਿਯਮ ਆਧੁਨਿਕ ਵਿਗਿਆਨ ਦੇ ਥੰਮ ਮੰਨੇ ਜਾਂਦੇ ਹਨ।
ਦੂਜੀ ਵੱਡੀ ਗੱਲ ਇਹ ਕਿ ਗੁਰੂ ਸਾਹਿਬ ਨੇ ਕਰਮ ਸਿਧਾਂਤ ਨੂੰ ਅਧਿਆਤਮਵਾਦ ਤੋਂ ਮੁਕਤ ਕਰ ਦਿੱਤਾ, ਜਿਸ ਨਾਲ ਇਹ ਦੁਨਿਆਵੀ ਲੋਕਾਂ ਭਾਵ ਵਿਗਿਆਨੀਆਂ ਦੇ ਕੰਮ ਦੀ ਗੱਲ ਬਣ ਗਿਆ। ਜਿਵੇਂ ਅਣ-ਸੋਧੀ (ੁਨ-ਮੋਦੁਲਅਟeਦ) ਰੇਡੀਓ ਤਰੰਗਾਂ ਦਾ ਡਾਈਓਡ ਰਾਹੀਂ ਇਕ ਪਾਸਾ ਕੱਟ ਕੇ ਵਿਗਿਆਨੀ ਇਨ੍ਹਾਂ ਨੂੰ ਸੁਣਨਯੋਗ ਬਣਾ ਲੈਂਦੇ ਹਨ, ਉਵੇਂ ਹੀ ਗੁਰੂ ਸਾਹਿਬ ਨੇ ਕਰਮ ਸਿਧਾਂਤ ਦਾ ਅਧਿਆਤਮੀ ਪਾਸਾ ਹਟਾ ਕੇ ਇਸ ਨੂੰ ਸਮਝ ਆਉਣ ਯੋਗ ਬਣਾ ਦਿੱਤਾ। ਉਨ੍ਹਾਂ ਨੇ ਖੋਜ ਨਾਲ ਜੋੜ ਕੇ ਇਸ ਨੂੰ ਵਿਗਿਆਨਕ ਵਿਧੀ ਦਾ ਇਕ ਉਪਯੋਗੀ ਔਜ਼ਾਰ ਬਣਾ ਦਿੱਤਾ। ਇਹੀ ਨਹੀਂ, ‘ਜੇਤੀ ਸਿਰਠਿ ਉਪਾਈ ਵੇਖਾ’ ਕਹਿ ਕੇ ਉਨ੍ਹਾਂ ਨੇ ਇਸ ਸਿਧਾਂਤ ਨਾਲ ਜੁੜੇ ਤੱਥਾਂ ਨੂੰ ਸਿੱਧੇ ਨਿਰੀਖਣ ਰਾਹੀਂ ਸੰਸਾਰ ਦੇ ਮਾਯਾਵੀ ਯਥਾਰਥ ਵਿਚੋਂ ਹੀ ਇਕੱਤਰ ਕਰਨ ਦਾ ਸੁਝਾਅ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸਿਧਾਂਤ ਨੂੰ ਪ੍ਰਗਤੀਵਾਦੀ ਢੰਗ ਨਾਲ ਮਾਨਵਤਾ ਦੀ ਏਕਤਾ ਦੇ ਹੱਕ ਵਿਚ ਲਾਗੂ ਕੀਤਾ, ਜਿਸ ਪਹਿਲ ਦੀ ਪ੍ਰੋੜ੍ਹਤਾ ਵਿਗਿਆਨ ਅੰਤ ਤੀਕ ਕਰਦਾ ਰਹੇਗਾ।
ਜੋ ਵਿਦਵਾਨ ਕਹਿੰਦੇ ਹਨ ਕਿ ਗੁਰੂ ਨਾਨਕ ਨੂੰ ਖਿੱਚ ਧੂਹ ਕੇ ਵਿਗਿਆਨ ਨਾਲ ਜੋੜਿਆ ਜਾ ਰਿਹਾ ਹੈ, ਉਨ੍ਹਾਂ ਦੀ ਤਸੱਲੀ ਲਈ ਇਹ ਛੋਟੀ ਜਿਹੀ ਪਉੜੀ ਬਹੁਤ ਵੱਡਾ ਹੱਲ ਪੇਸ਼ ਕਰਦੀ ਹੈ। ਵੈਸੇ ਤਾਂ ਮੂਲਮੰਤਰ ਵਿਚ ੴ ਪੜ੍ਹ ਕੇ ਹੀ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਸ਼ੁਰੂ ਤੋਂ ਹੀ ਅਧਿਆਤਮਵਾਦ ਤੋਂ ਵੱਖ ਹੋ ਗਏ ਸਨ। ਪਰ ਸਤਿ ਨਾਮੁ, ਸਚਿਆਰਾ, ਗੁਰਪ੍ਰਸਾਦਿ, ਸਚੁ, ਹੁਕਮ, ਬੁਝੈ ਜਿਹੇ ਸ਼ਬਦ ਉਪਰੋਥਲੀ ਅੱਖਾਂ ਅੱਗੋਂ ਨਿਕਲਣ ਪਿਛੋਂ ਤਾਂ ਕੋਈ ਸ਼ੱਕ ਬਾਕੀ ਰਹਿਣਾ ਹੀ ਨਹੀਂ ਚਾਹੀਦਾ। ਜਿਨ੍ਹਾਂ ਦੀ ਮੱਤ ਉਤੇ ਦੁਵਿਧਾ ਦੀ ਮੋਟੀ ਪਰਤ ਚੜ੍ਹੀ ਹੋਈ ਹੋਵੇ, ਉਹ ਜਰੂਰ ਸੋਚਣ ਕਿ ਗੁਰੂ ਸਾਹਿਬ ਦੇ ਪ੍ਰਗਟ ਹੋਣ ਨਾਲ ਜੋ ਚਾਨਣ ਹੋਇਆ ਸੀ, ਉਹ ਅੰਧ-ਵਿਸ਼ਵਾਸ ਦਾ ਸੀ ਜਾਂ ਤਰਕ ਵਿਵੇਕ ਤੇ ਵਿਗਿਆਨ ਦਾ? ਜੇ ਉਹ ਹਾਲੇ ਵੀ ‘ਮੈਂ ਨਾ ਮਾਨੂੰ’ ਦੀ ਰਟ ਵਿਚ ਲੱਗੇ ਹੋਣ ਤਾਂ ਉਹ ਪੜ੍ਹਨ ਤੇ ਦੇਖਣ ਕਿ ਗੁਰੂ ਸਾਹਿਬ ਅੱਗੇ ਹੋਰ ਕੀ ਲਿਖਦੇ ਹਨ!