ਗੁਰਦੁਆਰਾ ਸੁਧਾਰ ਲਹਿਰ-2

ਅਮਰਜੀਤ ਸਿੰਘ ਗਰੇਵਾਲ
ਇਕੀਵੀਂ ਸਦੀ ਦੀਆਂ ਚੁਣੌਤੀਆਂ ਦੇ ਸਨਮੁਖ, ਪਾਰ-ਰਾਸ਼ਟਰੀ ਸਿੱਖ ਭਾਈਚਾਰੇ ਨੇ ‘ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ’ ਦੇ ਕਰਤਾਰੀ ਸਿਧਾਂਤ ਨੂੰ ‘ਸਰਬੱਤ ਦੇ ਭਲੇ ਲਈ’ ਕਿਵੇਂ ਅਮਲ ਵਿਚ ਲਿਆਉਣਾ ਹੈ, ਇਸੇ ਨੂੰ ਅਸੀਂ ਗੁਰਦੁਆਰਾ ਸੁਧਾਰ ਲਹਿਰ-2 ਦਾ ਨਾਂ ਦਿੱਤਾ ਹੈ।

ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਇਕੀਵੀਂ ਸਦੀ ਵਿਚ ਮਾਨਵ ਜਾਤੀ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਕਰਾਂਗੇ। ਫੇਰ ਇਹ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਵਿਵਸਥਾ ਅੰਦਰ ਇਨ੍ਹਾਂ ਚੁਣੌਤੀਆਂ ਦਾ ਹੱਲ ਕਿਉਂ ਨਹੀਂ ਨਿਕਲ ਰਿਹਾ? ਸੰਕਟ ਹੋਰ ਡੂੰਘਾ ਕਿਉਂ ਹੋ ਰਿਹਾ ਹੈ? ਇਹ ਵੀ ਦੇਖਾਂਗੇ ਕਿ ਇਹ ਸੰਕਟ ਕੋਈ ਏਨੇ ਨਵੇਂ ਵੀ ਨਹੀਂ ਹਨ, ਗੁਰੂ ਨਾਨਕ ਬਾਣੀ ਦੇ ਮੁਖ ਸਰੋਕਾਰ ਹਨ। ਇਨ੍ਹਾਂ ਦੇ ਹੱਲ ਲਈ ਗੁਰੂ ਨਾਨਕ ਦੇਵ ਜੀ ਨੇ ਜੋ ‘ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ’ ਦਾ ਸਿਧਾਂਤ ਦਿੱਤਾ ਸੀ, ਉਹ ਅੱਜ ਵੀ ਓਨਾ ਹੀ ਸਾਰਥਕ ਹੈ, ਜਿੰਨਾ ਉਸ ਵੇਲੇ ਸੀ, ਜਦੋਂ ਗੁਰੂ ਨਾਨਕ ਦੇਵ ਨੇ ਇਸ ਨੂੰ ਕਰਤਾਰਪੁਰ ਵਿਖੇ ਅਮਲ ਵਿਚ ਲਿਆਂਦਾ ਸੀ।
ਇਹ ਦੇਖਣਾ ਵੀ ਜ਼ਰੂਰੀ ਹੈ ਕਿ ਸਿੱਖ ਪੰਥ ਨੇ ਇਸ ਕਰਤਾਰੀ ਸਿਧਾਂਤ ਨੂੰ ਸਿੱਖ ਪਰੰਪਰਾਵਾਂ ਅਤੇ ਸੰਸਥਾਵਾਂ ਵਿਚ ਕਿਵੇਂ ਬਦਲਿਆ। ਕਿਵੇਂ ਗੁਰਦੁਆਰਾ ਸੁਧਾਰ ਲਹਿਰ ਜਿਹੀਆਂ ਲਹਿਰਾਂ ਰਾਹੀਂ ਇਨ੍ਹਾਂ ਸੰਸਥਾਵਾਂ ਉਤੇ ਕਾਬਜ਼ ਹੋਏ ਨਿੱਜੀ ਹਿੱਤਾਂ ਤੋਂ ਆਜ਼ਾਦ ਕਰਵਾ ਕੇ ਬਦਲੀਆਂ ਸਥਿਤੀਆਂ ਮੁਤਾਬਕ ਪੁਨਰ-ਨਿਰਮਿਤ ਵੀ ਕੀਤਾ। ਹੁਣ ਮੁੜ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਸਿਆਸੀ ਕੰਟਰੋਲ ਤੋਂ ਆਜ਼ਾਦ ਕਰਵਾ ਕੇ ਇਕੀਵੀਂ ਸਦੀ ਦੀਆਂ ਨਵੀਆਂ ਚੁਣੌਤੀਆਂ ਦੇ ਸਨਮੁਖ ਇਨ੍ਹਾਂ ਦੀ ਸਾਰਥਕਤਾ ਨੂੰ ਮੁੜ ਤੋਂ ਪੁਨਰ-ਸਥਾਪਿਤ ਕੀਤਾ ਜਾਵੇ।
ਮਾਨਵ ਜਾਤੀ ਮੁੱਖ ਤੌਰ ‘ਤੇ ਪੰਜ ਕਿਸਮ ਦੇ ਖਤਰਿਆਂ ਦਾ ਸਾਹਮਣਾ ਕਰ ਰਹੀ ਹੈ। ਪਹਿਲਾ ਹੈ, ਵਾਤਾਵਰਨ ਦੀ ਬਰਬਾਦੀ। ਮਨੁੱਖ ਨੇ ਆਪਣੀ ਹਵਸ ਪੂਰਤੀ ਲਈ ਕੁਦਰਤੀ ਸੋਮਿਆਂ ਦੇ ਵਿਨਾਸ਼ ਦੇ ਨਾਲ ਸਿਰਫ ਧਰਤੀ, ਪਾਣੀ, ਹਵਾ, ਅਕਾਸ਼ ਤੇ ਸਰੀਰਾਂ ਨੂੰ ਹੀ ਜ਼ਹਿਰਾਂ ਨਾਲ ਨਹੀਂ ਭਰਿਆ, ਸਗੋਂ ਆਪਣੀਆਂ ਕਦਰਾਂ ਕੀਮਤਾਂ, ਜੀਵਨ ਮੁੱਲਾਂ, ਪਰੰਪਰਾਵਾਂ ਅਤੇ ਸੰਸਥਾਵਾਂ ਨੂੰ ਵੀ ਇਸ ਕਦਰ ਦੂਸ਼ਿਤ ਕਰ ਲਿਆ ਹੈ ਕਿ ਉਸ ਦੀ ਹੋਂਦ ਹੀ ਮਸਲਾ ਬਣ ਕੇ ਰਹਿ ਗਈ ਹੈ।
ਦੂਜਾ ਹੈ, ਸਵੈਚਾਲਨ/ਮਸ਼ੀਨੀ/ਮਸਨੂਈ ਲਿਆਕਤ ਦਾ ਖਤਰਾ ਜੋ ਸਾਥੋਂ ਰੁਜ਼ਗਾਰ/ਕਿਰਤ ਖੋਹ ਰਿਹਾ ਹੈ। ਪਹਿਲਾਂ ਮਸ਼ੀਨ ਨੇ ਸਾਡੀ ਜਿਸਮਾਨੀ ਕਿਰਤ/ਮੁਸ਼ੱਕਤ (ਲੇਬਰ) ਨੂੰ ਬਦਲਿਆ। ਹੁਣ ਸਾਡੀ ਦਿਮਾਗੀ ਮੁਸ਼ੱਕਤ (ਲਿਆਕਤ) ਵੀ ਵੇਲਾ ਵਿਹਾ ਚੁੱਕੀ ਬਣ ਰਹੀ ਹੈ। ਲੋਕ ਉਸ ਵਿਲੱਖਣਤਾ/ਅਸਾਧਾਰਨਤਾ ਦੀਆਂ ਗੱਲਾਂ ਕਰ ਰਹੇ ਹਨ, ਜਦੋਂ ਮਸ਼ੀਨੀ ਲਿਆਕਤ ਮਨੁੱਖੀ ਲਿਆਕਤ ਨੂੰ ਪਾਰ ਕਰ ਜਾਵੇਗੀ। ਤੀਜਾ ਹੈ, ਵਧ ਰਹੀ ਨਾਬਰਾਬਰੀ। ਇਹ ਖਤਰਾ ਏਨਾ ਭਿਆਨਕ ਹੈ ਕਿ ਮਾਨਵ ਜਾਤੀ ਹੁਣ ਜਾਤੀ ਅਤੇ ਜਮਾਤੀ ਵਖਰੇਵਿਆਂ ਤੋਂ ਵੀ ਪਾਰ ਸਾਰਥਕਤਾ ਅਤੇ ਅਸਾਰਥਕਤਾ ਦੀਆਂ ਦੋ ਨਸਲਾਂ ਵਿਚ ਵੰਡ ਹੁੰਦੀ ਜਾ ਰਹੀ ਹੈ।
ਉਦਾਰਵਾਦ ਦੇ ਪ੍ਰਭਾਵ ਅਧੀਨ ਵਿਅਕਤੀਵਾਦੀ ਹਵਸ ਅਤੇ ਮੁਕਾਬਲੇ ਦੀ ਭਾਵਨਾ ਵਧਣ ਨਾਲ ਸਾਡੀਆਂ ਭਾਈਚਾਰਕ ਕਦਰਾਂ ਕੀਮਤਾਂ ਅਤੇ ਨੈਤਿਕ ਮੁੱਲਾਂ ਦੇ ਵੀ ਕੋਈ ਅਰਥ ਨਹੀਂ ਰਹਿ ਗਏ। ਸ਼ਾਇਦ ਇਸੇ ਕਰਕੇ ਅਸਹਿਣਸ਼ੀਲਤਾ ਦਾ ਪੰਜਵਾਂ ਮਸਲਾ ਵੀ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਐਟਮੀ ਜੰਗ ਦਾ ਖਤਰਾ, ਵਾਤਾਵਰਨ ਤਬਦੀਲੀ, ਨਾਬਰਾਬਰੀ, ਅਤਿਵਾਦ ਅਤੇ ਬੇਰੁਜ਼ਗਾਰੀ ਜਿਹੇ ਦੁਨੀਆਂ ਦੇ ਸਰਬਸਾਂਝੇ ਮਸਲਿਆਂ ਤੋਂ ਧਿਆਨ ਹਟਾ ਕੇ ਅਸੀਂ ਕੌਮਵਾਦ ਦੀ ਦਲਦਲ ਵਿਚ ਫਸ ਰਹੇ ਹਾਂ।
ਵਿਸ਼ਵ ਸ਼ਾਂਤੀ, ਵਾਤਾਵਰਨ, ਕਿਰਤ, ਬਰਾਬਰੀ, ਨੈਤਿਕਤਾ ਅਤੇ ਸਹਿਣਸ਼ੀਲਤਾ-ਇਹ ਕੋਈ ਅੱਜ ਦੇ ਮਸਲੇ ਨਹੀਂ; ਗੁਰੂ ਨਾਨਕ ਬਾਣੀ ਦੇ ਮੁਖ ਸਰੋਕਾਰ ਹਨ। ਵਾਤਾਵਰਨ ਆਪਣੇ ਆਪ ਵਿਚ ਕੋਈ ਮਸਲਾ ਨਹੀਂ, ਪੂੰਜੀਵਾਦੀ ਪੈਦਾਵਾਰ ਅਤੇ ਖਪਤ ਨਾਲ ਜੁੜਿਆ ਹੋਇਆ ਮਸਲਾ ਹੈ। ਬਰਾਬਰੀ, ਸਹਿਣਸ਼ੀਲਤਾ ਅਤੇ ਨੈਤਿਕਤਾ ‘ਵੰਡ ਕੇ ਛਕਣ ਦੀ ਭਾਵਨਾ’ ਰਾਹੀਂ ਹੱਲ ਹੋਣ ਵਾਲੇ ਮਸਲੇ ਹਨ। ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਜਿਸ ਸਮਝ ਅਤੇ ਜੋਸ਼-ਜਜ਼ਬੇ ਦੀ ਲੋੜ ਹੈ, ਉਹ ਨਾਮ ਜਪਣ ਰਾਹੀਂ ਜੀਵਨ-ਹੋਂਦ ਦੇ ਅਰਥਾਂ ਨੂੰ ਸਮਝਣ ਤੋਂ ਬਿਨਾ ਪ੍ਰਾਪਤ ਨਹੀਂ ਹੋ ਸਕਦੀ। ਤਕਨਾਲੋਜੀ ਮਨੁੱਖ ਨੂੰ ਕਿਹੜੇ ਉਚੇਰੇ ਕੰਮਾਂ ਲਈ ਜਿਸਮਾਨੀ ਅਤੇ ਦਿਮਾਗੀ ਮੁਸ਼ੱਕਤ/ਕਿਰਤ ਤੋਂ ਵਿਹਲੇ ਕਰਵਾ ਰਹੀ ਹੈ, ਇਸ ਦੀ ਸਮਝ ਵੀ ਜੀਵਨ-ਹੋਂਦ ਦੇ ਇਨ੍ਹਾਂ ਅਰਥਾਂ ਵਿਚੋਂ ਹੀ ਪੈਣੀ ਹੈ।
ਕਿਰਤ ਕਰਨ ਨੂੰ ਹੱਕ ਹਲਾਲ ਦੀ ਕਮਾਈ, ਨਾਮ ਜਪਣ ਨੂੰ ਪਾਠ ਪੂਜਾ ਅਤੇ ਵੰਡ ਕੇ ਛਕਣ ਨੂੰ ਲੰਗਰਾਂ, ਛਬੀਲਾਂ ਜਾਂ ਪੁੰਨ ਦਾਨ ਦੀ ਪ੍ਰਥਾ ਤੱਕ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਅਸੂਲਾਂ ਨੂੰ ਵੱਖ-ਵੱਖ ਕਰਕੇ ਨਹੀਂ, ਇਕ ਦੂਜੇ ਨਾਲ ਗੂੜ੍ਹੇ ਸਬੰਧਾਂ ਵਿਚ ਬੱਝੀ ਯੁਗ ਪਲਟਾਊ ਨੀਤੀ ਦੇ ਰੂਪ ਵਿਚ ਸਮਝਣ ਦੀ ਲੋੜ ਹੈ।
ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀ ਇਸ ਯੁਗ ਪਲਟਾਊ ਕਰਤਾਰਪੁਰੀ ਨੀਤੀ ਨੂੰ ਅਮਲ ਵਿਚ ਲਿਆਉਣ ਲਈ ਗੁਰੂ ਨਾਨਕ ਨੇ ਖੁਦ ਹੀ ਤਿੰਨ ਸੰਸਥਾਵਾਂ ਦਾ ਨਿਰਮਾਣ ਕੀਤਾ। ਪਹਿਲੀ, ਗੁਰਿਆਈ ਜੋ ਹੌਲੀ-ਹੌਲੀ ਵਿਅਕਤੀ ਗੁਰੂ ਤੋਂ ਸ਼ਬਦ ਗੁਰੂ ਤੱਕ ਵਿਕਾਸ ਕਰਦੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਪ੍ਰਗਟ ਹੋਈ। ਇਹ ਸੁਤੰਤਰ ਸ਼ਕਤੀ ਤੋਂ ਪ੍ਰਵਚਨ/ਵਾਰਤਾਲਾਪ (ਡਿਸਕੋਰਸ) ਤੱਕ ਦੀ ਯਾਤਰਾ, ਬਿਨਾ ਸ਼ੱਕ ਇਕ ਕ੍ਰਾਂਤੀਕਾਰੀ ਅਮਲ ਸੀ। ਦੂਜੀ, ਗੁਰ-ਸੰਗਤ ਜੋ ਨੈਤਿਕ-ਰਾਜਨੀਤਕ ਭਾਈਚਾਰੇ ਦੇ ਰੂਪ ਵਿਚ ਸਿੱਖ ਪੰਥ ਤੱਕ ਦਾ ਸਫਰ ਤੈਅ ਕਰਦੀ ਹੈ, ਨੂੰ ਵੀ ਬਦਲਦੇ ਹਾਲਾਤ ਮੁਤਾਬਕ ਗੁਰ-ਸ਼ਬਦ ਦੀ ਵਿਆਖਿਆ ਦਾ ਹੱਕ ਦੇ ਕੇ, ਗੁਰੂ ਦਾ ਹੀ ਰੁਤਬਾ ਦੇ ਦਿੱਤਾ। ਗੁਰੂ ਗ੍ਰੰਥ ਅਤੇ ਗੁਰੂ ਪੰਥ ਪਿਛੋਂ ਤੀਜੀ ਸੰਸਥਾ ਹੈ-ਧਰਮਸਾਲ, ਜੋ ਸਮਾਂ ਪਾ ਕੇ ਗੁਰਦੁਆਰੇ ਵਿਚ ਰੂਪਾਂਤ੍ਰਿਤ ਹੋ ਜਾਂਦੀ ਹੈ। ਵਿਸ਼ਵ ਭਰ ਵਿਚ ਫੈਲੇ ਸਿੱਖ/ਨਾਨਕ ਨਾਮ ਲੇਵਾ ਭਾਈਚਾਰੇ ਨੇ ਆਪਣੀਆਂ ਪੰਥਕ (ਗੁਰੂ ਪ੍ਰਤੀ ਸਮਰਪਿਤ ਸਹਿਯੋਗੀ ਕੋਸ਼ਿਸ਼ਾਂ) ਰਾਹੀਂ ਗੁਰਦੁਆਰਿਆਂ ਅਤੇ ਉਨ੍ਹਾਂ ਨਾਲ ਜੁੜੀ ਨਾਨਕ ਨਾਮ ਲੇਵਾ ਸੰਗਤ ਦਾ ਇਕ ਅਜਿਹਾ ਸੰਸਾਰ-ਵਿਆਪੀ ਨੈਟਵਰਕ ਖੜ੍ਹਾ ਕਰ ਦਿੱਤਾ ਹੈ, ਜਿਸ ਨੂੰ ਜੇ ਸਿਆਸੀ ਧਿਰਾਂ ਦੇ ਨਿੱਜੀ ਹਿੱਤਾਂ ਤੋਂ ਮੁਕਤ ਕਰਵਾ ਲਿਆ ਜਾਵੇ, ਤਾਂ ਇਕ ਯੁਗ ਪਲਟਾਊ ਕਰਤਾਰੀ ਸ਼ਕਤੀ ਦਾ ਰੁਤਬਾ ਪ੍ਰਾਪਤ ਕਰਨ ਦੀ ਸਮਰੱਥਾ ਰੱਖਦਾ ਹੈ।
ਸਮਝਣ ਦੀ ਗੱਲ ਹੈ ਕਿ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿਚ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀ ਵਿਆਖਿਆ ਮੁੜ ਬਰਾਬਰੀ ‘ਤੇ ਆਧਾਰਿਤ, ਆਪਸੀ ਸਹਿਯੋਗ ਰਾਹੀਂ, ਸਿੱਖ ਸਮਾਜ, ਸਿੱਖ ਪਛਾਣ, ਸਿੱਖ ਪਰੰਪਰਾਵਾਂ, ਸਿੱਖ ਸੰਸਥਾਵਾਂ ਅਤੇ ਸਿੱਖ ਸ਼ਕਤੀ ਦੀ ਸਿਰਜਣਾ ਕਰਦੀ ਹੈ, ਜਿਸ ਨੂੰ ਕਿਸੇ ਵੇਲੇ ਪੁਜਾਰੀ ਜਮਾਤ ਅਤੇ ਮੌਜੂਦਾ ਸਮਿਆਂ ਵਿਚ ਸਿਆਸੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਕਬਜ਼ੇ ਰਾਹੀਂ ਆਪਣੇ ਆਰਥਕ ਅਤੇ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ (ਸਿਆਸੀ ਜਮਾਤ ਤੋਂ ਮੇਰਾ ਭਾਵ ਕੋਈ ਸਿਆਸੀ ਪਾਰਟੀ ਨਹੀਂ ਹੈ ਕਿ ਇਕ ਸਿਆਸੀ ਪਾਰਟੀ ਨੂੰ ਲਾਹ ਕੇ ਕਿਸੇ ਦੂਜੀ ਨੂੰ ਬਿਠਾ ਲਿਆ ਜਾਵੇ)।
ਹੁਣ ਸੁਆਲ ਹੈ ਕਿ ਸਿੱਖ ਸੰਗਤ ਵਲੋਂ ਪੈਦਾ ਕੀਤੀ ਜਾ ਰਹੀ ਇਸ ਸਮਾਜਕ ਪੂੰਜੀ ਦੀ ਦੁਰਵਰਤੋਂ ਨੂੰ ਕਿਵੇਂ ਬੰਦ ਕੀਤਾ ਜਾਵੇ ਤਾਂ ਜੋ ਸਿੱਖ ਸੰਗਤ ਆਪਣੇ ਵਸੀਲਿਆਂ, ਆਪਣੀ ਸਿਰਜਣਾਤਮਕਤਾ ਅਤੇ ਆਪਣੀਆਂ ਸਹਿਯੋਗੀ ਸਰਗਰਮੀਆਂ ਨੂੰ ਸਿੱਖ ਸਮਾਜ ਦੇ ਉਤਪਾਦਨ ਲਈ ਬਿਨਾ ਕਿਸੇ ਬਾਹਰੀ (ਸਿਆਸੀ) ਦਖਲ ਦੇ ਆਪਣੇ ਆਪ ਜਥੇਬੰਦ ਕਰ ਸਕੇ।
ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਗੁਰਦੁਆਰਿਆਂ ਨਾਲ ਜੁੜੀ ਸਿੱਖ ਸੰਗਤ ਅਤੇ ਉਸ ਦੀਆਂ ਪਰੰਪਰਾਵਾਂ ਕੋਈ ਸਮਰੂਪ/ਇਕਸਾਰ ਸਮੂਹ ਨਹੀਂ ਹਨ। ਵਿਸ਼ਵ ਭਰ ਵਿਚ ਫੈਲੇ ਗੁਰਦੁਆਰੇ ਅਤੇ ਉਨ੍ਹਾਂ ਦੀ ਸਿੱਖ ਸੰਗਤ ਸਿੱਖ ਸਮੂਹ ਦੇ ਸੰਸਾਰ-ਵਿਆਪੀ ਨੈਟਵਰਕ ਦੇ ਕੇਂਦਰ ਹਨ।
ਪਰ ਪੰਜਾਬੀ ਸੂਬੇ ਦੀਆਂ ਸਿਆਸੀ ਧਿਰਾਂ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਹੋ ਕੇ ਸਿਰਫ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ‘ਤੇ ਹੀ ਕਾਬਜ਼ ਨਹੀਂ ਹੁੰਦੀਆਂ, ਸਗੋਂ ਦੁਨੀਆਂ ਭਰ ਵਿਚ ਫੈਲੇ ਪਾਰ-ਰਾਸ਼ਟਰੀ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀਆਂ ਅਕਾਲ ਤਖਤ ਜਿਹੀਆਂ ਸਰਬ ਉਚ ਸੰਸਥਾਵਾਂ ਨੂੰ ਵੀ ਆਪਣੇ ਕੰਟਰੋਲ ਹੇਠ ਲੈ ਆਉਂਦੀਆਂ ਹਨ। ਅਕਾਲ ਤਖਤ ਸਿਰਫ ਪੰਜਾਬ ਦਾ ਭਲਾ ਚਾਹੁਣ ਵਾਲੇ ਪੰਜਾਬੀ ਸਿੱਖਾਂ ਦੀ ਹੀ ਨਹੀਂ, ਸਰਬੱਤ ਦਾ ਭਲਾ ਚਾਹੁਣ ਵਾਲੇ ਦੁਨੀਆਂ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ। ਕੈਨੇਡਾ, ਅਮਰੀਕਾ, ਆਸਟਰੇਲੀਆ, ਇੰਗਲੈਂਡ, ਯੂਰਪ, ਅਫਰੀਕਾ, ਥਾਈਲੈਂਡ ਆਦਿ ਅਨੇਕਾਂ ਮੁਲਕਾਂ ਅਤੇ ਬੰਗਾਲ, ਅਸਾਮ, ਮਹਾਰਾਸ਼ਟਰ ਆਦਿ ਸੂਬਿਆਂ ਦੇ ਵੱਖ ਵੱਖ ਸਿਆਸੀ ਭਾਈਚਾਰਿਆਂ ਵਿਚ ਰਹਿੰਦੇ ਸਿੱਖ ਸਮੂਹ ਨੂੰ ਇਕਸਾਰ/ਸਮਰੂਪ ਕਰਕੇ ਉਸ ‘ਤੇ ਇਕ ਸੂਬੇ ਦੀ ਸਿਆਸੀ ਸਰਦਾਰੀ ਨੂੰ ਸਥਾਪਤ ਕਰਨਾ ਭਲਾ ਕਿੰਨਾ ਕੁ ਜਾਇਜ਼ ਹੈ? ਨਤੀਜੇ ਵਜੋਂ ਸਰਬੱਤ ਦੇ ਭਲੇ ਲਈ ਪ੍ਰਤੀਬੱਧ ਅਤੀ ਆਧੁਨਿਕ/ਉਤਰਾਧੁਨਿਕ ਵਿਸ਼ਵ ਸਿੱਖ ਭਾਈਚਾਰਾ ਆਪਣੀ ਸਾਰੀ ਰੇਂਜ ਅਤੇ ਸਿਰਜਣਾਤਮਕ ਸ਼ਕਤੀ ਗੁਆ ਕੇ ਉਸ ਜਗੀਰੂ ਕਿਸਮ ਦੀ ਸਿਆਸੀ ਜਮਾਤ ਦੇ ਨਿੱਜੀ ਹਿੱਤਾਂ ਦੀ ਬਲੀ ਚੜ੍ਹ ਜਾਂਦਾ ਹੈ। ਗੁਰੂ ਗ੍ਰੰਥ, ਗੁਰੂ ਪੰਥ, ਸਿੱਖ ਇਤਿਹਾਸ, ਸਿੱਖ ਪਰੰਪਰਾਵਾਂ, ਸਿੱਖ ਸੰਸਥਾਵਾਂ, ਸਿੱਖ ਇਤਿਹਾਸ ਅਤੇ ਸਿੱਖ ਪਛਾਣ-ਗੱਲ ਕੀ, ਸਮੁੱਚੀ ਸਿੱਖ ਸ਼ਕਤੀ ਉਸੇ ਇਕ ਸਿਆਸੀ ਜਮਾਤ/ਜਾਤ ਦੀ ਸੇਵਾ ਵਿਚ ਲੱਗ ਜਾਂਦੇ ਹਨ। ਇਸ ਤੋਂ ਵੱਧ ਤਰਸਯੋਗ ਸਥਿਤੀ ਭਲਾ ਹੋਰ ਕੀ ਹੋ ਸਕਦੀ ਹੈ?
ਸਿਰਫ ਸਿੱਖ ਸਮਾਜ ਨਹੀਂ, ਸਾਰੀ ਦੁਨੀਆਂ ਹੀ ਇਸ ਕਿਸਮ ਦੇ ਹਾਲਾਤ ਵਿਚੋਂ ਦੀ ਗੁਜ਼ਰ ਰਹੀ ਹੈ। ਅਮਰੀਕਾ ਟਰੰਪ ਦੇ, ਚੀਨ ਸ਼ੀ ਦੇ, ਰੂਸ ਪੂਤਿਨ ਦੇ, ਭਾਰਤ ਮੋਦੀ ਦੇ-ਗੱਲ ਕੀ, ਸਮੁੱਚੀ ਦੁਨੀਆਂ ਹੀ ਮਾਨਵ ਜਾਤੀ ਦੀ ਹੋਂਦ ਲਈ ਖਤਰਾ ਬਣ ਚੁਕੇ ਸੰਕਟਾਂ ਵਲੋਂ ਮੂੰਹ ਮੋੜ ਕੇ ਆਪੋ ਆਪਣੇ ਆਰਥਕ, ਸਿਆਸੀ ਅਤੇ ਸਭਿਆਚਾਰਕ ਰਾਸ਼ਟਰਵਾਦਾਂ ਦੀ ਸੇਵਾ ਵਿਚ ਲੱਗੀ ਹੋਈ ਹੈ।
ਇਕੀਵੀਂ ਸਦੀ ਵਿਚ ਰਾਸ਼ਟਰਵਾਦ ਦੀ ਉਹੋ ਸਥਿਤੀ ਹੈ, ਜੋ ਵੀਹਵੀਂ ਸਦੀ ਵਿਚ ਕਬੀਲਿਆਂ ਦੀ ਹੁੰਦੀ ਸੀ। ਮਾਨਵ ਜਾਤੀ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਇਹ ਸਹੀ ਚੌਖਟਾ ਨਹੀਂ ਹੈ। ਅੱਜ ਅਸੀਂ ਸੰਸਾਰ ਵਾਤਾਵਰਨ, ਸੰਸਾਰ ਅਰਥਚਾਰੇ ਅਤੇ ਸੰਸਾਰ ਸਾਇੰਸ ਤਕਨਾਲੋਜੀ ਦੇ ਉਸ ਯੁਗ ਵਿਚ ਰਹਿ ਰਹੇ ਹਾਂ, ਜੋ ਰਾਸ਼ਟਰਵਾਦ ਦੀ ਦਲਦਲ ਵਿਚ ਡੁਬਦਾ ਜਾ ਰਿਹਾ ਹੈ। ਦੋ ਰਸਤੇ ਹਨ: ਜਾਂ ਤਾਂ ਅਸੀਂ ਆਪਣੇ ਵਾਤਾਵਰਨ, ਅਰਥਚਾਰੇ ਅਤੇ ਸਾਇੰਸ ਤਕਨਾਲੋਜੀ ਨੂੰ ਡੀ-ਗਲੋਬਲਾਈਜ਼ ਕਰ ਲਈਏ। ਜੇ ਅਜਿਹਾ ਸੰਭਵ ਨਹੀਂ ਤਾਂ ਫਿਰ ਇਕੋ ਰਸਤਾ ਬਚ ਜਾਂਦਾ ਹੈ ਕਿ ਅਸੀਂ ਆਪਣੀ ਸਿਆਸਤ ਨੂੰ ਹੀ ਸੰਸਾਰ-ਵਿਆਪੀ ਕਰ ਲਈਏ। ਜੇ ਗਲੋਬਲ ਸਿਆਸਤ ਦਾ ਅਰਥ ਗਲੋਬਲ ਸਰਕਾਰ ਨਹੀਂ ਹੈ, ਤਾਂ ਫੇਰ ਕੌਮੀ ਸਰਕਾਰਾਂ ਨੂੰ ਬਿਨਾ ਕਿਸੇ ਇਕ, ਦੋ ਜਾਂ ਤਿੰਨ ਧਿਰਾਂ ਦੀ ਸਰਦਾਰੀ ਦੇ, ਕਿਵੇਂ ਵਿਸ਼ਵੀਕਰਣ ਕੀਤਾ ਜਾਵੇ? ਇਹ ਸਾਡੇ ਸਮਿਆਂ ਦਾ ਵੱਡਾ ਸੁਆਲ ਹੈ।
ਅਸੀਂ ਦੇਖਿਆ ਕਿ ਅੱਜ ਵਿਸ਼ਵ ਉਸੇ ਸੰਕਟ ਵਿਚੋਂ ਲੰਘ ਰਿਹਾ ਹੈ, ਜਿਸ ਵਿਚ ਸਿੱਖ ਸਮਾਜ ਚਿਰਾਂ ਤੋਂ ਫਸਿਆ ਹੋਇਆ ਹੈ। ਜੇ ਅਸੀਂ ਸਿੱਖ ਸੰਕਟ ਦਾ ਹੱਲ ਲੱਭ ਲਈਏ ਤਾਂ ਵਿਸ਼ਵ ਸੰਕਟ ਦਾ ਹੱਲ ਵੀ ਮਿਲ ਜਾਵੇਗਾ। ਸਿੱਖ ਸਮਾਜ ਵਿਸ਼ਵ ਸੰਕਟ ਦੇ ਹੱਲ ਦੀ ਪ੍ਰਯੋਗਸ਼ਾਲਾ ਬਣ ਗਈ ਹੈ।
ਸਿੱਖ ਸਮਾਜ ਨੂੰ ਅਸੀਂ ਗੁਰਦੁਆਰਿਆਂ ਦੀ ਵਿਕੇਂਦਰਤ, ਖੁੱਲ੍ਹੇ, ਵੇਗਮਾਨ/ਸ਼ਕਤੀਮਾਨ ਅਤੇ ਸਭ ਨੂੰ ਕਲਾਵੇ ਵਿਚ ਲੈਂਦੀ ਨੈਟਵਰਕਿੰਗ ਦੇ ਰੂਪ ਵਿਚ ਦੇਖ ਸਕਦੇ ਹਾਂ ਪਰ ਇਸ ਖਾਤਿਰ ਗੁਰਦੁਆਰੇ ਨੂੰ ਸੰਸਥਾ ਦੇ ਰੂਪ ਵਿਚ ਨਹੀਂ, ਈਕੋ ਸਿਸਟਮ ਦੇ ਰੂਪ ਵਿਚ ਸਮਝਣਾ ਹੋਵੇਗਾ, ਜਿਥੇ ਗੁਰਦੁਆਰਾ ਅਤੇ ਉਸ ਨਾਲ ਜੁੜੀ ਸਿੱਖ ਸੰਗਤ ਤੇ ਉਸ ਦੀਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀਆਂ ਪਰੰਪਰਾਵਾਂ ਉਸ ਈਕੋ-ਸਿਸਟਮ ਦਾ ਨਿਰਮਾਣ ਕਰਦੀਆਂ ਹਨ। ਬਹੁ ਸਭਿਆਚਾਰਕ ਖਿੱਤਿਆਂ (ਪੱਤੀਆਂ, ਮੁਹੱਲਿਆਂ, ਭਾਈਚਾਰਿਆਂ, ਸੰਪਰਦਾਵਾਂ, ਪਿੰਡਾਂ, ਸਥਾਨਕ ਸਰਕਾਰਾਂ, ਖਿੱਤਿਆਂ, ਕੌਮੀ ਰਾਜਾਂ ਆਦਿ) ਵਿਚ ਸੰਗਠਿਤ ਇਨ੍ਹਾਂ ਗੁਰਦੁਆਰਿਆਂ (ਈਕੋ ਸਿਸਟਮਜ਼) ਦੀ ਗਲੋਬਲ (ਪਾਰ-ਰਾਸ਼ਟਰੀ) ਨੈਟਵਰਕਿੰਗ ਹੀ ਸਿੱਖ ਸਮਾਜ/ਸਿੱਖ ਪੰਥ ਦਾ ਨਿਰਮਾਣ ਕਰਦੀ ਹੈ। ਇਸ ਤਰ੍ਹਾਂ ਸਿੱਖ ਸਮਾਜ/ਸਿੱਖ ਪੰਥ ਦੇ ਨਿਰਮਾਣ ਵਿਚ ਕੌਮੀ ਰਾਜ ਅਤੇ ਵਿਸ਼ਵੀਕਰਣ ਪ੍ਰਤਿਯੋਗੀ ਨਹੀਂ, ਸਹਿਯੋਗੀ ਰੋਲ ਅਦਾ ਕਰਦੇ ਹਨ। ਜਦੋਂ ਇਸ ਗੱਲ ਨੂੰ ਥੋੜ੍ਹਾ ਵਿਸਤਾਰ ਦੇ ਕੇ ਦੇਖਦੇ ਹਾਂ ਤਾਂ ਸਮਝ ਪੈਂਦੀ ਹੈ ਕਿ ਵਿਸ਼ਵੀਕਰਣ, ਭਾਵ ਵਿਸ਼ਵ-ਸੱਤਾ ਅਤੇ ਕੌਮੀ-ਰਾਜਾਂ ਨੂੰ ਇਕ ਦੂਜੇ ਦੇ ਵਿਰੋਧ ਵਿਚ ਖੜ੍ਹੇ ਕਰ ਕੇ ਦੇਖਣਾ ਹੀ ਗਲਤ ਹੈ।
ਪਾਰ-ਰਾਸ਼ਟਰੀ ਕਾਰੋਬਾਰੀ ਕਾਰਪੋਰੇਸ਼ਨਾਂ ਪਿਛੋਂ ਪਾਰ-ਰਾਸ਼ਟਰੀ ਭਾਈਚਾਰਿਆਂ ਦੀ ਵਿਕੇਂਦਰਤ, ਵੇਗਮਾਨ ਅਤੇ ਸਭ ਨੂੰ ਕਲਾਵੇ ਵਿਚ ਲੈਂਦੀ ਨੈਟਵਰਕਿੰਗ (ਈਵੋਲਵਿੰਗ ਗਲੋਬਲ ਨੈਟਵਰਕਿੰਗ) ਨੂੰ ਵਿਸ਼ਵੀਕਰਣ ਦੇ ਅਗਲੇ ਪੜਾਅ ਵਜੋਂ ਦੇਖਣ ਦੀ ਲੋੜ ਹੈ। ਸਿੱਖ ਸਮਾਜ ਜੇ ਪਹਿਲਾ ਨਹੀਂ, ਤਾਂ ਸ਼ਾਇਦ ਉਨ੍ਹਾਂ ਮੋਢੀ ਭਾਈਚਾਰਿਆਂ ਵਿਚੋਂ ਇਕ ਜ਼ਰੂਰ ਹੈ, ਜੋ ਵਿਸ਼ਵੀਕਰਣ ਦੇ ਮਾਰਗ ‘ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਗੁਰਦੁਆਰਾ ਵਿਸ਼ਵੀਕਰਨ ਦਾ ਮੁਢਲਾ ਯੂਨਿਟ ਹੈ। ਇਨ੍ਹਾਂ ਗੁਰਦੁਆਰਿਆਂ (ਯੂਨਿਟਾਂ/ਕੇਂਦਰਾਂ) ਦੀ ਵਿਕੇਂਦਰਤ, ਵੇਗਮਾਨ ਅਤੇ ਸਭ ਨੂੰ ਕਲਾਵੇ ਵਿਚ ਲੈਂਦੀ ਨੈਟਵਰਕਿੰਗ ਹੀ ਸਿੱਖ ਪੰਥ ਦਾ ਨਿਰਮਾਣ ਕਰਦੀ ਹੈ। ਕਿਸੇ ਸਿਆਸੀ ਸੰਸਥਾ ਵਲੋਂ ਸਥਾਪਤ ਕੀਤੀ ਕਿਸੇ ਕਮੇਟੀ ਨੂੰ ਪੰਥਕ ਪ੍ਰਤੀਨਿਧਤਾ ਦਾ ਹੱਕ ਨਹੀਂ ਮੰਨਿਆ ਜਾ ਸਕਦਾ ਹੈ। ਸਿੱਖ ਪੰਥ ਜੇ ਗੁਰੂ ਦਾ ਰੁਤਬਾ ਰੱਖਦਾ ਹੈ, ਤਾਂ ਫਿਰ ਉਸ ਨੂੰ ਕੋਈ ਸੌੜੇ ਹਿੱਤਾਂ ਵਾਲੀ ਸਿਆਸੀ ਧਿਰ, ਕੋਈ ਸਿਆਸੀ ਪਾਰਟੀ ਜਾਂ ਕੋਈ ਆਗੂ ਕਿਵੇਂ ਪ੍ਰਤੀਨਿਧਤਾ ਕਰ ਸਕਦੇ ਹਨ?
ਜੇ ਗਲੋਬਲ ਸਿਆਸਤ ਦਾ ਅਰਥ ਗਲੋਬਲ ਸਰਕਾਰ ਨਹੀਂ ਹੈ, ਤਾਂ ਫਿਰ ਕੌਮੀ ਸਰਕਾਰਾਂ ਦਾ ਬਿਨਾ ਕਿਸੇ ਇਕ, ਦੋ ਜਾਂ ਤਿੰਨ ਧਿਰਾਂ ਦੀ ਸਰਦਾਰੀ ਦੇ, ਕਿਵੇਂ ਵਿਸ਼ਵੀਕਰਣ ਕੀਤਾ ਜਾਵੇ? ਜੁਆਬ ਹੈ, ਜਿਵੇਂ ਸਿੱਖ ਸਮਾਜ ਦੇ ਸੰਦਰਭ ਵਿਚ ਗੁਰਦੁਆਰੇ ਵਿਸ਼ਵੀਕਰਣ ਦੇ ਅਮਲ ਨੂੰ ਅੱਗੇ ਵਧਾ ਰਹੇ ਹਨ। ਸਿੱਖ ਭਾਈਚਾਰਾ, ਇਕ ਪਾਸੇ ਤਾਂ ਬਿਨਾ ਕਿਸੇ ਸੰਕੋਚ ਦੇ ਮਾਤ ਭੂਮੀ ਅਤੇ ਕਰਮ ਭੂਮੀ-ਦੋਹਾਂ ਦੀ ਸਿਆਸਤ ਵਿਚ ਬਰਾਬਰ ਭਾਈਵਾਲੀ ਕਰ ਰਿਹਾ ਹੈ, ਦੂਜੇ ਪਾਸੇ ਵਿਸ਼ਵ ਸ਼ਾਂਤੀ, ਵਿਸ਼ਵ ਵਾਤਾਵਰਨ, ਵਿਸ਼ਵ ਅਰਥਚਾਰੇ ਅਤੇ ਵਿਸ਼ਵ ਸਾਇੰਸ ਨੂੰ ਅੱਗੇ ਵਧਾਉਣ ਲਈ ਸੰਸਾਰ ਸਿਆਸਤ ਲਈ ਰਾਹ ਪੱਧਰਾ ਕਰਨ ਲਈ ਮੁਢਲਾ ਰੋਲ ਵੀ ਨਿਭਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ Ḕਈਕੋ ਸਿੱਖḔ ਅਤੇ Ḕਸਿੱਖ ਏਡḔ ਜਿਹੀਆਂ ਸੰਸਥਾਵਾਂ ਦੇ ਨਿਰਮਾਣ ਰਾਹੀਂ ਹਾਲੇ ਉਸ ਨੇ ਸਿਰਫ ਮੁਢਲੇ ਕਦਮ ਹੀ ਚੁੱਕੇ ਹਨ, ਪਰ ਅਸੀਂ ਜਾਣਦੇ ਹਾਂ ਕਿ ਗੁਰੂ ਨਾਨਕ ਦੇ ਲੰਗਰ, ਸੇਵਾ, ਸੰਗਤ ਅਤੇ ਪੰਗਤ ਦੇ ਵੰਡ ਛਕੋ ਵਾਲੇ ਸਿਧਾਂਤ ਪਾਰ-ਰਾਸ਼ਟਰੀ ਸਿੱਖ ਸਮਾਜ ਨੂੰ ਇਸ ਦਿਸ਼ਾ ਵਿਚ ਵੀ ਤੋਰ ਲੈਣਗੇ।
ਇਹ ਸਭ ਕੁਝ ਉਦੋਂ ਹੀ ਸੰਭਵ ਹੋ ਸਕੇਗਾ, ਜਦੋਂ ਗੁਰਦੁਆਰਾ ਸੁਧਾਰ ਲਹਿਰ-2 ਦੇ ਨਿਰਮਾਣ ਰਾਹੀਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਿਆਸੀ ਜਮਾਤਾਂ ਦੇ ਨਿਜੀ ਹਿੱਤਾਂ ਤੋਂ ਮੁਕਤ ਕਰਵਾ ਲਵਾਂਗੇ। ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਤਾਂ ਅਕਾਲ ਤਖਤ ਨੂੰ ਗੁਰਦੁਆਰਾ ਕਮੇਟੀ ਅਤੇ ਗੁਰਦੁਆਰਾ ਕਮੇਟੀਆਂ ਨੂੰ ਸਿਆਸੀ ਧਿਰਾਂ ਤੋਂ ਮੁਕਤ ਕਰਵਾਉਣਾ ਹੋਵੇਗਾ। ਨਾਲ ਹੀ ਬਰਾਬਰੀ, ਆਜ਼ਾਦੀ, ਜਮਹੂਰੀਅਤ ਅਤੇ ਸਰਬੱਤ ਦੇ ਭਲੇ ‘ਤੇ ਟਿਕੀ ਗੁਰਦੁਆਰਿਆ ਦੀ ਵਿਕੇਂਦਰਤ, ਵੇਗਮਾਨ, ਖੁੱਲ੍ਹੀ ਅਤੇ ਸਭ ਨੂੰ ਕਲਾਵੇ ਵਿਚ ਲੈਂਦੀ ਨੈਟਵਰਕਿੰਗ ਰਾਹੀਂ ਫੈਸਲੇ ਕਰਨ, ਮਿਲ ਬੈਠ ਵਿਚਾਰਾਂ ਕਰਨ, ਸਮੱਸਿਆਵਾਂ ਦੇ ਹੱਲ ਕੱਢਣ, ਸਿੱਖਿਆ ਅਤੇ ਅਰਥ ਨਿਰਮਾਣ ਦੇ ਨਵੇਂ ਰਾਹ ਵੀ ਖੋਲ੍ਹਣੇ ਹੋਣਗੇ। ਜੇ ਅਸੀਂ ਆਪਣੇ ਸਿੱਖ ਭਵਿਖ ਨੂੰ ਸੁਰੱਖਿਅਤ ਦੇਖਣਾ ਚਾਹੁੰਦੇ ਹਾਂ ਤਾਂ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਰਾਹ ਹੀ ਨਹੀਂ। ਖੈਰ, ਇਹ ਸਾਰੇ ਖੁੱਲ੍ਹੇ ਅਤੇ ਲਗਾਤਾਰ ਚੱਲਦੇ ਅਮਲ ਹਨ, ਚੱਲਦੇ ਰਹਿਣਗੇ। ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਲੋੜ ਹੈ ਕਿ ਅਸੀਂ ਇਸ ਕਾਰਜ ਨੂੰ ਅਰੰਭ ਕਰਨ ਲਈ ਗੁਰਦੁਆਰਾ ਸੁਧਾਰ ਲਹਿਰ-2 ਦੇ ਨਿਰਮਾਣ ਦੀ ਰੂਪ ਰੇਖਾ ਤਿਆਰ ਕਰਨ ਲਈ ਆਪੋ-ਆਪਣਾ ਯੋਗਦਾਨ ਪਾਈਏ।