ਅਮਰਦੀਪ ਸਿੰਘ ਅਮਰ
ਫੋਨ: 317-518-8216
ਕਾਲਜ ਦੇ ਦਿਨਾਂ ਦੀ ਗੱਲ ਹੈ। ਮੇਰੇ ਇਕ ਸਹਿਪਾਠੀ ਮਿੱਤਰ ਨੇ ਕਾਲਜ ਦੇ ਨੋਟਿਸ ਬੋਰਡ ‘ਤੇ ਲਿਖ ਦਿੱਤਾ, “ਕਾਸ਼! ਦੁਨੀਆਂ ਅੰਦਰ ਕੋਈ ਧਰਮ ਨਾ ਹੁੰਦਾ!” ਉਸ ਤੋਂ ਅਗਲੇ ਦਿਨ ਉਸ ਦੀ ਲਿਖੀ ਇਸ ਇਬਾਰਤ ਦੇ ਜਵਾਬ ਵਿਚ ਉਸੇ ਨੋਟਿਸ ਬੋਰਡ ‘ਤੇ ਮੈਂ ਆਪਣੇ ਵਿਚਾਰ ਇਬਾਰਤ ਦੇ ਰੂਪ ਵਿਚ ਲਿਖ ਦਿੱਤੇ, “ਕਾਸ਼! ਸਾਰੇ ਲੋਕ ਧਰਮ ਦੇ ਸਹੀ ਅਰਥ ਸਮਝ ਸਕਦੇ ਹੁੰਦੇ।” ਉਸੇ ਦਿਨ ਵਿਹਲੇ ਪੀਰੀਅਡ ਸਮੇਂ ਉਹ ਸਹਿਪਾਠੀ ਮਿੱਤਰ ਮਿਲਿਆ ਅਤੇ ਹੱਥ ਮਿਲਾਉਂਦਿਆਂ ਕਹਿਣ ਲੱਗਾ, “ਸਾਥੀ, ਤੇਰੀ ਗੱਲ ਵਜ਼ਨਦਾਰ ਹੈ।” ਮੈਂ ਮੁਸਕਰਾਉਂਦਿਆਂ ਉਸ ਦਾ ਧੰਨਵਾਦ ਕੀਤਾ।
ਜਿਨ੍ਹਾਂ ਦਿਨਾਂ ਦੀ ਇਹ ਘਟਨਾ ਹੈ, ਉਨ੍ਹੀਂ ਦਿਨੀਂ ਮੇਰੀ ਉਮਰ 18-20 ਸਾਲ ਹੋਵੇਗੀ। ਅੱਜ ਮੈਂ ਚਾਲੀ ਤੋਂ ਦੋ ਵਰ੍ਹੇ ਵੱਧ ਜੀਵਨ ਜੀਅ ਚੁਕਾ ਹਾਂ। ਉਮਰ ਦੇ ਇਸ ਮੋੜ ‘ਤੇ ਪਹੁੰਚ ਕੇ ਮੈਨੂੰ ਆਪਣੇ ਉਸ ਮਿੱਤਰ ਦੇ ਲਿਖੇ ਸ਼ਬਦ ਮੇਰੀ ਗੱਲ ਨਾਲੋਂ ਵੱਧ ਵਜ਼ਨਦਾਰ ਅਤੇ ਸਾਰਥਕ ਮਹਿਸੂਸ ਹੋ ਰਹੇ ਹਨ। ਇਹ ਲਿਖਤ ਲਿਖਣ ਸਮੇਂ ਭਾਰਤ ਦੀ ਰਾਜਧਾਨੀ ਦਿੱਲੀ ਵਿਚੋਂ ਮਨਹੂਸ ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਹਨ ਕਿ ਇਕ ਬਹੁਗਿਣਤੀ ਧਰਮ ਨੂੰ ਮੰਨਣ ਵਾਲੇ ਲੋਕ ਦੂਸਰੇ ਘੱਟਗਿਣਤੀ ਲੋਕਾਂ ਦੀ ਜਾਨ-ਮਾਲ ਦਾ ਨੁਕਸਾਨ ਕਰ ਰਹੇ ਹਨ। ਲੂਹੇ, ਮਾਰੇ, ਕੋਹੇ ਜਾਣ ਵਾਲੇ ਲੋਕਾਂ ਦਾ ਕਸੂਰ ਸਿਰਫ ਇਹੋ ਹੈ ਕਿ ਉਹ ਬਹੁਗਿਣਤੀ ਲੋਕਾਂ ਦੇ ਧਰਮ ਜਾਂ ਮਜ਼੍ਹਬ ਦੀ ਥਾਂਵੇਂ ਕਿਸੇ ਹੋਰ ਧਰਮ, ਮਜ਼੍ਹਬ ਜਾਂ ਰੀਤੀ ਰਿਵਾਜ਼ ਵਿਚ ਯਕੀਨ ਰੱਖਦੇ ਹਨ।
ਜਿਸ ਵਕਤ ਤੁਸੀਂ ਜਵਾਨ ਹੁੰਦੇ ਹੋ, ਤੁਸੀਂ ਖੜਕੇ-ਦੜਕੇ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ, ਪਰ ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਉਮਰਾਂ ਬੀਤ ਜਾਣ ‘ਤੇ ਵੀ ਤੁਹਾਡੀਆਂ ਸੁੱਤੀਆਂ ਜਾਗਦੀਆਂ ਯਾਦਾਂ ਦਾ ਖਹਿੜਾ ਨਹੀਂ ਛੱਡਦੀਆਂ।
1990-91 ਦੇ ਦਿਨਾਂ ਵਿਚ ਮੇਰੇ ਪਿੰਡਾਂ ਦੇ ਨਜ਼ਦੀਕ ਇਕ ਵੱਡੀ ਦਰਦਨਾਕ ਘਟਨਾ ਵਾਪਰੀ। ਜਗਰਾਉਂ ਨੇੜਲੇ ਪਿੰਡ ਸੋਹੀਆਂ ਦੇ ਰੇਲਵੇ ਫਾਟਕਾਂ ਕੋਲ ਲੁਧਿਆਣੇ ਤੋਂ ਮੋਗੇ ਜਾਣ ਵਾਲੀ ਲੋਕਲ ਟਰੇਨ ਨੂੰ ਚੇਨ ਖਿੱਚ ਕੇ ਰੋਕ ਲਿਆ ਗਿਆ। ਸਿੱਖ ਅਤੇ ਹਿੰਦੂ ਯਾਤਰੀਆਂ ਨੂੰ ਵੱਖਰੇ ਕਰਕੇ ਅੰਨ੍ਹੇਵਾਹ ਗੋਲੀ ਚਲਾਈ ਗਈ। ਸਿੱਟੇ ਵਜੋਂ ਸੱਤਰ ਦੇ ਕਰੀਬ ਇਨਸਾਨੀ ਜ਼ਿੰਦਗੀਆਂ ਕੁਝ ਪਲਾਂ ਵਿਚ ਹੀ ਲਾਸ਼ਾਂ ਵਿਚ ਬਦਲ ਕੇ ਧਰਤੀ ਉਤੇ ਡਿੱਗ ਪਈਆਂ। ਮਾਰੇ ਗਏ ਲੋਕਾਂ ਵਿਚ ਬਹੁਤੀ ਗਿਣਤੀ ਗਰੀਬ ਮਜ਼ਦੂਰ ਵਰਗ ਦੇ ਉਨ੍ਹਾਂ ਲੋਕਾਂ ਦੀ ਸੀ, ਜੋ ਲੁਧਿਆਣੇ ਦੀ ਹੌਜ਼ਰੀ ਅਤੇ ਹੋਰ ਫੈਕਟਰੀਆਂ ਵਿਚ ਕੰਮ ਕਰਕੇ ਆਪਣਾ ਅਤੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਸਨ। ਜਗਰਾਉਂ ਤੋਂ ਲੁਧਿਆਣੇ ਦਾ ਰੋਜ਼ਾਨਾ ਬੱਸ ਦਾ ਕਿਰਾਇਆ ਉਨ੍ਹਾਂ ਨੂੰ ਮਹਿੰਗਾ ਪੈਂਦਾ ਸੀ ਅਤੇ ਰੇਲਵੇ ਮਹਿਕਮਾ ਉਨ੍ਹਾਂ ਨੂੰ ਅੱਧੇ ਖਰਚੇ ‘ਤੇ ਪਾਸ ਮੁਹੱਈਆ ਕਰ ਦਿੰਦਾ ਸੀ। ਇਸੇ ਕਰਕੇ ਉਹ ਲੋਕ ਬੱਸਾਂ ਦੀ ਥਾਂ ਰੇਲ ਦੇ ਸਫਰ ਨੂੰ ਤਰਜੀਹ ਦਿੰਦੇ ਸਨ। ਜਗਰਾਉਂ ਸ਼ਹਿਰ ਦੇ ਹਰ ਗਲੀ-ਮੁਹੱਲੇ ਵਿਚ ਮਾਤਮ ਦੀ ਸਫ ਵਿਛ ਗਈ। ਸ਼ਹਿਰ ਦੇ ਨਾਲ ਲੱਗਦੇ ਪਿੰਡ ਵੀ ਆਪੋ-ਆਪਣੇ ਥਾਂ ਉਦਾਸ ਸਨ।
ਕੁਝ ਕੁ ਦਿਨਾਂ ਬਾਅਦ ਸਕੂਟਰੀ ‘ਤੇ ਸਾਡੇ ਪਿੰਡ ਕੱਪੜੇ ਦੀ ਫੇਰੀ ਲਾਉਣ ਆਉਂਦਾ ਬਜਾਜ ਸੋਹਣ ਲਾਲ ਡਰਦਾ-ਡਰਦਾ ਪਿੰਡ ਆਇਆ ਅਤੇ ਉਸ ਨੇ ਝਿਜਕਦਿਆਂ-ਝਿਜਕਦਿਆਂ ਪੁੱਛਿਆ, “ਖਾਲਸਾ ਜੀ, ਆਹ ਜਿਹੜਾ ਸੋਹੀਆਂ ‘ਚ ਰੇਲ ਕਾਂਡ ਹੋਇਆ…?” ਉਹ ਕੰਬਦੇ ਹੱਥਾਂ ਵਿਚ ਫੜਿਆ ਚਾਹ ਦਾ ਗਿਲਾਸ ਮਸਾਂ-ਮਸਾਂ ਡੁੱਲ੍ਹਣੋਂ ਬਚਾ ਰਿਹਾ ਸੀ।
“ਨਹੀਂ ਤਾਇਆ ਆਪਣੇ ਸਿੰਘ ਇਹੋ ਜਿਹਾ ਕੰਮ ਨਹੀਂ ਕਰਦੇ।” ਮੈਨੂੰ ਯਕੀਨ ਸੀ ਕਿ ਸੋਹੀਆਂ ਵਾਲਾ ਕਾਂਡ ਸਿੱਖ ਖਾੜਕੂਆਂ ਦਾ ਨਹੀਂ ਹੋ ਸਕਦਾ ਸਗੋਂ ਖਾੜਕੂਆਂ ਨੂੰ ਬਦਨਾਮ ਕਰਨ ਲਈ ਸਰਕਾਰੀ ਏਜੰਸੀਆਂ ਦੀ ਚਾਲ ਹੈ।
ਸੋਹਣ ਨੇ ਮੇਰੀ ਗੱਲ ਉਤੇ ਯਕੀਨ ਕਰ ਲਿਆ, ਪਰ ਕੁਝ ਸਾਲਾਂ ਬਾਅਦ ਮੇਰੇ ਲਾਗਲੇ ਪਿੰਡ ਦੇ ਇਕ ਮਿੱਤਰ ਨੇ ਮੈਨੂੰ ਜੋ ਦੱਸਿਆ, ਉਹ ਮੇਰੇ ਲਈ ਅੱਜ ਤੱਕ ਅਸਹਿ ਹੈ। ਮੇਰਾ ਇਹ ਮਿੱਤਰ ਉਨ੍ਹੀਂ ਦਿਨੀਂ ਜਗਰਾਉਂ ਇਲਾਕੇ ਵਿਚ ਸਰਗਰਮ ਇਕ ਖਾੜਕੂ ਜਥੇਬੰਦੀ ਦਾ ਮੈਂਬਰ ਸੀ ਅਤੇ ਬਾਅਦ ਵਿਚ ਆਤਮ-ਸਮਰਪਣ ਕਰਕੇ ਘਰ ਬੈਠ ਗਿਆ ਸੀ। ਉਸ ਨੇ ਦੱਸਿਆ ਸੀ ਕਿ ਸੋਹੀਆਂ ਵਾਲੀ ਕਾਰਵਾਈ ਉਨ੍ਹਾਂ ਦੀ ਜਥੇਬੰਦੀ ਨੇ ਹੀ ਕੀਤੀ ਸੀ ਅਤੇ ਉਹ ਵੀ ਉਸ ਗਰੁੱਪ ਵਿਚ ਸ਼ਾਮਲ ਸੀ, ਜਿਸ ਨੇ ਇਹ ਕਾਰਵਾਈ ਨੇਪਰੇ ਚਾੜ੍ਹੀ ਸੀ। ਉਸ ਦੇ ਦੱਸਣ ਮੁਤਾਬਕ ਉਸ ਰਾਤ ਅੰਨ੍ਹੇਵਾਹ ਹੁੰਦੀ ਫਾਇਰਿੰਗ ਵਿਚ ਹਿੰਦੂ ਲੱਗਦੇ ਲੋਕ ਜਾਨ ਬਚਾਉਣ ਲਈ ਹਫੜਾ-ਦਫੜੀ ਵਿਚ ਭੱਜ ਰਹੇ ਸਨ। ਸਾਡਾ ਟੋਲਾ ਇਕ ਡੱਬੇ ਤੋਂ ਦੂਜੇ ਡੱਬੇ ਵਿਚ ਜਾ ਕੇ ਗੋਲੀਆਂ ਦਾ ਮੀਂਹ ਵਰ੍ਹਾ ਰਿਹਾ ਸੀ, ਪਰ ਮੈਂ ਆਪਣੀ ਗੰਨ ਵਿਚੋਂ ਕੋਈ ਫਾਇਰ ਨਹੀਂ ਕੀਤਾ ਸਗੋਂ ਦੋ-ਚਾਰ ਲੋਕਾਂ ਨੂੰ ਹਨੇਰੇ ਵਿਚ ਭੱਜਣ ਦਿੱਤਾ। ਮੇਰਾ ਕਮਾਂਡਰ ਇਹ ਸਭ ਦੇਖ ਕੇ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, “ਸਿੰਘਾ, ਤੇਰੀ ਗੰਨ ਵਿਚੋਂ ਕੋਈ ਫਾਇਰ ਨਹੀਂ ਨਿਕਲਿਆ ਲੱਗਦਾ।”
ਮੈਂ ਕਿਹਾ, “ਭਾਅ ਜੀ, ਮੈਥੋਂ ਇਹ ਸਭ ਨਹੀਂ ਹੋਣਾ…ਤੁਸੀਂ ਜਥੇਬੰਦੀ ਦਾ ਹਥਿਆਰ ਵਾਪਸ ਲੈ ਲਵੋ।” ਇਹ ਕਹਿ ਕੇ ਮੈਂ ਆਪਣੀ ਅਸਾਲਟ ਕਮਾਂਡਰ ਨੂੰ ਫੜਾ ਦਿੱਤੀ ਅਤੇ ਉਥੋਂ ਹੀ ਹਨੇਰੇ ਵਿਚ ਖਿਸਕ ਕੇ ਹਜ਼ੂਰ ਸਾਹਿਬ ਪਹੁੰਚ ਗਿਆ ਤੇ ਬਾਅਦ ਵਿਚ ਪੇਸ਼ ਹੋ ਗਿਆ।
ਇਸ ਕਾਂਡ ਦੀ ਅਸਲੀਅਤ ਪਤਾ ਲੱਗਣ ਤੋਂ ਅੱਜ ਤੱਕ ਮੇਰੇ ਜ਼ਿਹਨ ਵਿਚ ਇਹ ਸਵਾਲ ਘੁੰਮਣ-ਘੇਰੀਆਂ ਕੱਢਦਾ ਰਹਿੰਦਾ ਹੈ ਕਿ ਮਾਰੇ ਜਾਣ ਵਾਲੇ ਗਰੀਬਾਂ ਦਾ ਕੀ ਕਸੂਰ ਸੀ? ਕੀ ਵੱਖਰੇ ਧਰਮ, ਵੱਖਰੀ ਮਰਿਆਦਾ ਜਾਂ ਵੱਖਰੇ ਫਿਰਕੇ ਨਾਲ ਸਬੰਧਤ ਲੋਕਾਂ ਨੂੰ ਜੀਣ ਦਾ ਹੱਕ ਨਹੀਂ?
ਅੱਜ ਜਦੋਂ ਦਿੱਲੀ ਤੋਂ ਫੇਰ ਉਹੀ ਮਨਹੂਸ ਖਬਰਾਂ ਆ ਰਹੀਆਂ ਹਨ ਤਾਂ ਕਈ ਮਿੱਤਰਾਂ ਦੇ ਸੁਨੇਹੇ ਮਿਲੇ ਕਿ ਉਨ੍ਹਾਂ ਨੂੰ ਨਵੰਬਰ 1984 ਦਾ ਸਿੱਖ ਕਤਲੇਆਮ ਯਾਦ ਆ ਰਿਹਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਵੀ ਨਵੰਬਰ 1984 ਦੀਆਂ ਘਟਨਾਵਾਂ ਫਿਰ ਤੰਗ ਕਰ ਰਹੀਆਂ ਹਨ, ਪਰ ਨਾਲੋ-ਨਾਲ 1947 ਵੀ ਯਾਦ ਆ ਰਿਹਾ ਹੈ, ਜਿਸ ਵਿਚ ਸਿਰਫ ਧਾਰਮਿਕ ਜਨੂਨ ਕਰਕੇ ਪੰਜ ਲੱਖ ਤੋਂ ਵੱਧ ਇਨਸਾਨੀ ਜ਼ਿੰਦਗੀਆਂ ਮੌਤ ਦੇ ਮੂੰਹ ਜਾ ਪਈਆਂ। ਲੱਖਾਂ ਲੋਕ ਘਰੋਂ ਬੇਘਰ ਹੋਏ, ਬਹੂ-ਬੇਟੀਆਂ ਬੇਪਤ ਕੀਤੀਆਂ ਗਈਆਂ।
ਬਿਨਾ ਸ਼ੱਕ ‘ਧਰਮ’ ਦੀ ਸੰਸਥਾ ਦੀ ਮਨੁੱਖਤਾ ਨੂੰ ਮਾਨਵ ਵਿਕਾਸ ਦੇ ਮੁੱਢਲੇ ਦੌਰ ਵਿਚ ਬਹੁਤ ਵੱਡੀ ਦੇਣ ਹੈ। ਧਰਮ ਮਨੁੱਖ ਨੂੰ ਹੌਸਲਾ, ਸਦਾਚਾਰ, ਸੰਜਮ ਆਦਿ ਗੁਣਾਂ ਦੇ ਧਾਰਨੀ ਹੋਣ ਦੀ ਪ੍ਰੇਰਨਾ ਵੀ ਦਿੰਦਾ ਹੈ, ਪਰ ਇਹ ਵੀ ਕੌੜੀ ਸੱਚਾਈ ਹੈ ਕਿ ਮਜ਼੍ਹਬ ਜਾਂ ਧਰਮ ਦੇ ਨਾਂ ਉਤੇ ਮਨੁੱਖਤਾ ਦਾ ਜਿੰਨਾ ਲਹੂ ਡੁੱਲ੍ਹਿਆ, ਓਨਾ ਕਿਸੇ ਹੋਰ ਕਾਰਨ ਕਰਕੇ ਕਦੇ ਵੀ ਨਹੀਂ ਡੁੱਲ੍ਹਿਆ। ਪੁਰਾਣੇ ਧਰਮ ਗ੍ਰੰਥਾਂ/ਸ਼ਾਸਤਰਾਂ ਵਿਚ ਧਰਮ ਨੂੰ ਦਯਾ ਰੂਪੀ ਗਊ ਦੇ ਪੁੱਤਰ ਧਾਉਲ ਵਜੋਂ ਚਿਤਰਿਆ ਗਿਆ ਹੈ, ਪਰ ਮੈਨੂੰ ਲਗਦਾ ਹੈ ਕਿ ਜਦ ਕਦੇ ਇਸ ਧਾਉਲੇ ਬਲਦ ਦੀ ਪਿੱਠ ‘ਤੇ ਸਿਆਸਤ ਬਘਿਆੜੀ ਆਪਣੇ ਕਾਠੀ ਪਾ ਲੈਂਦੀ ਹੈ ਤਾਂ ਇਹਦੇ ਸਿੰਗ ਉਗ ਆਉਂਦੇ ਹਨ ਅਤੇ ਇਹ ਮਾਰਨ-ਖੰਡੇ ਸਾਨ੍ਹ ਵਿਚ ਤਬਦੀਲ ਹੋ ਜਾਂਦਾ ਹੈ, ਜਿਸ ਦਾ ਖਮਿਆਜ਼ਾ ਬੇਕਸੂਰ ਮਨੁੱਖਤਾ ਨੂੰ ਭੁਗਤਣਾ ਪੈਂਦਾ ਹੈ।
ਅੱਜ ਦਾ ਮਨੁੱਖ ਕਦੇ ਚੰਦਰਮਾ, ਕਦੇ ਮੰਗਲ ਗ੍ਰਹਿ ਉਤੇ ਆਪਣੇ ਕਦਮ ਰੱਖਣ ਦੀਆਂ ਫੜ੍ਹਾਂ ਮਾਰਦਾ ਥੱਕਦਾ ਨਹੀਂ, ਪਰ ਅਫਸੋਸ ਕਿ ਆਪਣੇ ਮਨ ਵਿਚੋਂ ਸੰਪਰਦਾਇਕਤਾ ਦੇ ਜਰਾਸੀਮ ਮਾਰਨ ਵਿਚ ਅਸਫਲ ਰਿਹਾ ਹੈ। ਹਾਈਟੈਕ ਵਿਗਿਆਨ ਦੇ ਯੁੱਗ ਵਿਚ ਅੱਜ ਵੀ ਜਦ ਕਦੇ ਮੱਧਕਾਲੀ ਯੁੱਗ ਵਾਲੀਆਂ ਘਟਨਾਵਾਂ ਦੇਖਦਾ ਹਾਂ ਤਾਂ ਸੱਚਮੁੱਚ ਲਗਦਾ ਹੈ ਕਿ ਮੇਰੇ ਉਸ ਸਹਿਪਾਠੀ ਮਿੱਤਰ ਦੀ ਕਾਲਜ ਦੇ ਨੋਟਿਸ ਬੋਰਡ ‘ਤੇ ਲਿਖੀ ਇਬਾਰਤ ਮੇਰੀ ਗੱਲ ਨਾਲੋਂ ਵੱਧ ਮਤਲਬ ਰੱਖਦੀ ਹੈ, “ਕਾਸ਼! ਦੁਨੀਆਂ ਅੰਦਰ ਕੋਈ ਧਰਮ ਨਾ ਹੁੰਦਾ!”