ਹਿੰਦ-ਪਾਕਿ ਨੇੜਤਾ ਲਈ ਫ਼ੌਜ ਦੀ ਰਜ਼ਾਮੰਦੀ ਜ਼ਰੂਰੀ!

ਵਾਸ਼ਿੰਗਟਨ: ਮੀਆਂ ਨਵਾਜ਼ ਸ਼ਰੀਫ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਮੁਲਕ ਦੇ ਭਾਰਤ ਨਾਲ ਰਿਸ਼ਤੇ ਗੂੜੇ ਹੋਣ ਦੇ ਭਾਵੇਂ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਵਿਚ ਇਸ ਪਹਿਲ ਲਈ ਪਾਕਿ ਦੀ ਤਾਕਤਵਰ ਫ਼ੌਜ ਦੀ ਸਹਿਮਤੀ ਜ਼ਰੂਰੀ ਹੈ। ਇਹ ਗੱਲ ਅਮਰੀਕਾ ਦੇ ਸਾਬਕਾ ਸਫ਼ੀਰ ਤੇ ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਰਹਿ ਚੁੱਕੇ ਕੈਮਰੌਨ ਮੁੰਟੇਰ ਨੇ ਕਹੀ ਹੈ।
ਭਾਰਤ ਤੇ ਪਾਕਿ ਸਬੰਧਾਂ ਬਾਰੇ ਲਾਹੌਰ ਤੋਂ ਆ ਰਹੀਆਂ ਖ਼ੁਸ਼ਖ਼ਬਰੀਆਂ ਬਾਰੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸ੍ਰੀ ਸ਼ਰੀਫ ਫ਼ੌਜ ਨਾਲ ਕਿੰਨੇ ਕੁ ਵਧੀਆ ਸਬੰਧ ਬਣਾਉਣ ਵਿਚ ਸਫ਼ਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਖਿਆਲ ਵਿਚ ਬਹੁਤੇ ਭਾਰਤੀ, ਇਤਿਹਾਸਕ ਕਾਰਨਾਂ ਕਰਕੇ ਪਾਕਿਸਤਾਨ ਫ਼ੌਜ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਦੇਖਦੇ ਹਨ। ਜੇਕਰ ਪਾਕਿਸਤਾਨੀ ਫ਼ੌਜ ਸ੍ਰੀ ਸ਼ਰੀਫ ਨਾਲ ਮਿਲ ਕੇ ਕੰਮ ਕਰਦੀ ਹੈ ਤਾਂ ਇਹ ਵਧੀਆ ਕਦਮ ਹੋਵੇਗਾ ਤੇ ਇਸ ਨਾਲ ਅਜਿਹੇ ਖ਼ਦਸ਼ੇ ਦੂਰ ਕੀਤੇ ਜਾ ਸਕਦੇ ਹਨ।
ਸ੍ਰੀ ਮੁੰਟੇਰ, ਵਾਸ਼ਿੰਗਟਨ ਆਧਾਰਤ ਅਦਾਰੇ ‘ਕੌਂਸਲ ਫੌਰਨ ਰਿਲੇਸ਼ਨਜ਼’ ਵੱਲੋਂ ਕਰਵਾਈ ਕਾਨਫਰੰਸ ਕਾਲ ਦੌਰਾਨ ਸਵਾਲਾਂ ਦੇ ਜਵਾਬ ਦੇ ਰਹੇ ਸਨ। ਸ੍ਰੀ ਮੁੰਟੇਰ ਅਕਤੂਬਰ 2010 ਤੋਂ ਜੁਲਾਈ 2012 ਦੌਰਾਨ ਪਾਕਿਸਤਾਨ ਵਿਚ ਰਾਜਦੂਤ ਸਨ। ਜਦੋਂ ਅਮਰੀਕਾ ਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਝਟਕੇ ਦੇਣ ਵਾਲੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ ਅਮਰੀਕਾ ਵੱਲੋਂ ਉਸਾਮਾ ਬਿਨ ਲਾਦਿਨ ਨੂੰ ਮਾਰਿਆ ਜਾਣਾ ਤੇ ਅਮਰੀਕੀ ਫ਼ੌਜਾਂ ਵੱਲੋਂ ਪਾਕਿਸਤਾਨੀ ਫ਼ੌਜਾਂ ਉੱਤੇ ਬੰਬਾਰੀ ਸ਼ਾਮਲ ਹੈ, ਜਿਸ ਵਿਚ 26 ਪਾਕਿਸਤਾਨੀ ਫ਼ੌਜੀ ਮਾਰੇ ਗਏ ਸਨ।
__________________________________
ਨਵਾਜ਼ ਸ਼ਰੀਫ ਵੱਲੋਂ ਜਨਰਲ ਕਿਆਨੀ ਨਾਲ ਵਿਚਾਰਾਂ
ਲਾਹੌਰ: ਪਾਕਿਸਤਾਨ ਵਿਚ ਹਾਲ ਹੀ ਵਿਚ ਹੋਈਆਂ ਆਮ ਚੋਣਾਂ ਪਿੱਛੋਂ ਮੁਲਕ ਦੇ ਨਾਮਜ਼ਦ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਫੌਜ ਦੇ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਨੇ ਮੁਲਾਕਾਤ ਕਰਕੇ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਦਿੱਤੀ। ਇਸ ਮੀਟਿੰਗ ਦਾ ਸਮਾਂ ਜਨਰਲ ਕਿਆਨੀ ਨੇ ਮੰਗਿਆ ਸੀ। ਮੁਲਕ ਵਿਚ 11 ਮਈ ਨੂੰ ਹੋਈਆਂ ਆਮ ਚੋਣਾਂ ਵਿਚ ਸ੍ਰੀ ਸ਼ਰੀਫ ਦੀ ਪੀਐਮਐਲ-ਐਨ ਦੇ ਜੇਤੂ ਰਹਿਣ ਪਿੱਛੋਂ ਇਹ ਦੋਵਾਂ ਦੀ ਪਹਿਲੀ ਮੀਟਿੰਗ ਸੀ।
ਸੂਤਰਾਂ ਮੁਤਾਬਕ ਉਨ੍ਹਾਂ ਨੇ ਸੁਰੱਖਿਆ ਸਲਾਹ ਤੋਂ ਇਲਾਵਾ ਖਿੱਤੇ ਦੀ ਸਥਿਤੀ ਤੇ ਦਹਿਸ਼ਤਗਰਦੀ ਖਿਲਾਫ਼ ਜੰਗ ਬਾਰੇ ਵੀ ਵਿਚਾਰਾਂ ਕੀਤੀਆਂ ਤੇ ਜਨਰਲ ਕਿਆਨੀ ਦੇ ਮੀਆਂ ਸ਼ਰੀਫ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ। ਚੇਤੇ ਰਹੇ ਕਿ ਸ੍ਰੀ ਸ਼ਰੀਫ਼ ਦੀ ਪਾਰਟੀ ਪੰਜਾਬ ਤੇ ਬਲੋਚਿਸਤਾਨ ਵਿਚ ਸਰਕਾਰਾਂ ਬਣਾ ਰਹੀ ਹੈ। ਪਾਰਟੀ ਨੇ ਕੌਮੀ ਅਸੈਂਬਲੀ ਦੀਆਂ ਕੁੱਲ 272 ਸੀਟਾਂ ਵਿਚੋਂ 124 ਉਤੇ ਜਿੱਤ ਹਾਸਲ ਕੀਤੀ ਹੈ ਤੇ ਤਕਰੀਬਨ 20 ਜੇਤੂ ਜਾਂ ਤਾਂ ਪਾਰਟੀ ਵਿਚ ਸ਼ਾਮਲ ਹੋ ਗਏ ਹਨ ਜਾਂ ਫਿਰ ਹਮਾਇਤ ਕਰ ਰਹੇ ਹਨ।
ਪਾਕਿਸਤਾਨ ਦੇ ਨਾਮਜ਼ਦ ਪ੍ਰਧਾਨ ਮੰਤਰੀ ਮੀਆ ਨਵਾਜ਼ ਸ਼ਰੀਫ ਨੇ ਜਾਪਾਨੀ ਰਾਜਦੂਤ ਨਾਲ ਆਪਣੀ ਇਕ ਮੀਟਿੰਗ ਟਾਲ ਦਿੱਤੀ। ਉਨ੍ਹਾਂ ਦੀ ਪਾਰਟੀ ਪੀਐਮਐਲ ਐਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸ੍ਰੀ ਸ਼ਰੀਫ ਆਪਣੀ ਮਸਰੂਫੀਅਤ ਵਧ ਜਾਣ ਕਾਰਨ ਹੁਣ ਚੋਣਵੀਆਂ ਵਿਦੇਸ਼ੀ ਹਸਤੀਆਂ ਨੂੰ ਹੀ ਮਿਲਣਗੇ। ਜਾਪਾਨ ਦੇ ਪਾਕਿਸਤਾਨ ਵਿਚ ਰਾਜਦੂਤ ਹੀਰੋਸ਼ੀ ਓਏ ਹਾਲੀਆ ਚੋਣਾਂ ਵਿਚ ਜਿੱਤ ਦੀ ਮੁਬਾਰਕਬਾਦ ਦੇਣ ਲਈ ਸ੍ਰੀ ਸ਼ਰੀਫ ਦੀ ਇਥੇ ਲਾਹੌਰ ਵਿਚ ਰਾਏਵਿੰਡ ਰਿਹਾਇਸ਼ਗਾਹ ‘ਤੇ ਆਏ ਸਨ।
___________________________________
ਪਾਕਿਸਤਾਨ ਚੋਣਾਂ ਦੌਰਾਨ 150 ਵਿਚੋਂ ਸਿਰਫ਼ ਛੇ ਔਰਤਾਂ ਜਿੱਤੀਆਂ
ਇਸਲਾਮਾਬਾਦ: ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਜੋਂ ਖੜ੍ਹੀਆਂ 150 ਔਰਤਾਂ ਵਿਚੋਂ ਸਿਰਫ ਛੇ ਹੀ ਚੋਣ ਜਿੱਤੀਆਂ ਹਨ। ਇਸ ਤੋਂ ਪਹਿਲਾਂ ਕੌਮੀ ਅਸੈਂਬਲੀ ਵਿਚ ਔਰਤਾਂ ਦੀ ਗਿਣਤੀ ਇਸ ਤੋਂ ਤਿੰਨ ਗੁਣਾ ਸੀ। ਕੌਮੀ ਅਸੈਂਬਲੀ ਦੀਆਂ 272 ਸੀਟਾਂ ਲਈ 11 ਮਈ ਨੂੰ ਚੋਣਾਂ ਹੋਈਆਂ ਸਨ। ਔਰਤਾਂ ਲਈ ਰਾਖਵੀਆਂ 60 ਸੀਟਾਂ ਤੇ ਗ਼ੈਰ-ਮੁਸਲਮਾਨਾਂ ਲਈ ਰਾਖਵੀਆਂ 10 ਸੀਟਾਂ ਹੁਣ ਇਨ੍ਹਾਂ ਚੋਣਾਂ ਵਿਚ ਕਾਰਗੁਜ਼ਾਰੀ ਦੇ ਆਧਾਰ ‘ਤੇ ਸਿਆਸੀ ਪਾਰਟੀਆਂ ਨੂੰ ਅਲਾਟ ਕੀਤੀਆਂ ਜਾਣਗੀਆਂ।
ਜਿੱਤੀਆਂ ਛੇ ਔਰਤਾਂ ਵਿਚ ਸੁਮਾਇਰਾ ਮਲਿਕ, ਸਾਇਰਾ ਅਫਜ਼ਲ ਤਰਾਰ, ਗ਼ੁਲਾਮ ਬੀਬੀ ਭਰਵਾਨਾ (ਪੀæਐਮæਐਲ-ਐਨ) ਤੇ ਫਰਿਅਲ ਤਾਲਪੁਰ, ਅਜ਼ਰਾ ਫਾਜ਼ਲ ਪੇਛੁਹੋ ਤੇ ਫਹਿਮੀਦਾ ਮਿਰਜ਼ਾ (ਪੀæਪੀæਪੀ) ਹਨ। ਇਨ੍ਹਾਂ ਵਿਚੋਂ ਕੋਈ ਵੀ ਔਰਤ ਨਵੀਂ ਨਹੀਂ ਹੈ। ਫਹਿਮੀਦਾ ਮਿਰਜ਼ਾ ਪਿਛਲੀ ਅਸੈਂਬਲੀ ਵਿਚ ਸਪੀਕਰ ਸੀ ਤੇ ਤਾਲਪੁਰ ਤੇ ਅਜ਼ਰਾ ਫਾਜ਼ਲ, ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੀਆਂ ਭੈਣਾਂ ਹਨ।
ਪੀਐਮਐਲ-ਐਨ 124 ਸੀਟਾਂ ਲੈ ਕੇ ਇਕੋ ਇਕ ਵੱਡੀ ਜੇਤੂ ਪਾਰਟੀ ਵਜੋਂ ਸਾਹਮਣੇ ਆਈ ਹੈ। ਬਲੋਚਿਸਤਾਨ ਤੇ ਖ਼ੈਬਰ ਪਖ਼ਤੂਨਖ਼ਵਾ ਸੂਬਿਆਂ ਵਿਚੋਂ ਕੋਈ ਔਰਤ ਚੋਣ ਨਹੀਂ ਜਿੱਤੀ। ਪੀਐਮਐਲ-ਐਨ ਦੀਆਂ ਚੋਣ ਜਿੱਤਣ ਵਾਲੀਆਂ ਔਰਤਾਂ ਪੰਜਾਬ ਤੋਂ ਤੇ ਪੀਪੀਪੀ ਦੀਆਂ ਜੇਤੂ ਔਰਤਾਂ ਸਿੰਧ ਸੂਬੇ ਤੋਂ ਹਨ।
ਚਾਰ ਜੇਤੂ ਔਰਤਾਂ ਨੇ ਤੀਜੀ-ਤੀਜੀ ਜਿੱਤ ਹਾਸਲ ਕੀਤੀ ਹੈ। ਤਾਲਪੁਰ ਸਭ ਤੋਂ ਵੱਡੇ ਫਰਕ 64,438 ਵੋਟਾਂ ਤੇ ਭਰਵਾਨਾ ਸਭ ਤੋਂ ਘੱਟ ਫ਼ਰਕ 18,152 ਵੋਟਾਂ ਨਾਲ ਜੇਤੂ ਰਹੀ ਹੈ। ਚਾਰ ਸੂਬਾਈ ਅਸੈਂਬਲੀਆਂ ਵਿਚੋਂ ਜਿੱਤੀਆਂ ਔਰਤਾਂ ਦੀ ਗਿਣਤੀ 2008 ਵਾਲੀ ਹੈ। ਸੂਬਾਈ ਅਸੈਂਬਲੀਆਂ ਦੇ 213 ਹਲਕਿਆਂ ਤੋਂ 313 ਔਰਤਾਂ ਨੇ ਚੋਣ ਲੜੀ ਸੀ ਤੇ ਸਿਰਫ 10 ਜੇਤੂ ਰਹੀਆਂ ਹਨ। ਇਨ੍ਹਾਂ ਵਿਚੋਂ ਅੱਠ ਪੰਜਾਬ ਤੇ ਇਕ-ਇਕ ਸਿੰਧ ਤੇ ਬਲੋਚਿਸਤਾਨ ਤੋਂ ਹੈ। ਖ਼ੈਬਰ ਪਖ਼ੂਤਨਖ਼ਵਾ ਅਸੈਂਬਲੀ ਤੋਂ ਕੋਈ ਔਰਤ ਚੋਣ ਨਹੀਂ ਜਿੱਤੀ।

Be the first to comment

Leave a Reply

Your email address will not be published.